Tuesday, November 6, 2012

ਮਨੁੱਖੀ ਸਿਹਤ ਅਤੇ ਸਮਾਜਵਾਦ: ਹਸਪਤਾਲ ਵਿੱਚ ਮਾਨਵੀ ਰਿਸ਼ਤੇ


ਮਨੁੱਖੀ ਸਿਹਤ ਅਤੇ ਸਮਾਜਵਾਦ:
ਹਸਪਤਾਲ ਵਿੱਚ ਮਾਨਵੀ ਰਿਸ਼ਤੇ
(ਸਾਬਕਾ ਸਮਾਜਵਾਦੀ ਚੀਨ ਦਾ ਤਜਰਬਾ)
ਕਈ ਵਾਰ ਇਹ ਕਿਹਾ ਜਾਂਦਾ ਹੈ ਕਿ, ਕਮਿਊਨਿਸਟ ਸੋਚ-ਵਿਵਸਥਾ ਅਰਥ ਸਾਸ਼ਤਰ ਅਤੇ ਪੈਦਾਵਾਰੀ ਵਿਉਂਤ ਸਕੀਮਾਂ ਜਿਹੇ ਪਦਾਰਥਕ ਮਾਮਲਿਆਂ 'ਚ ਹੱਦੋਂ ਵੱਧ ਖੱਚਤ ਹੁੰਦੀ ਹੈ ਅਤੇ ਕਿ ਮਾਨਵੀ ਰਿਸ਼ਤਿਆਂ ਨੂੰ ਇਹ ਘੱਟ ਹੀ ਗੌਲਦੀ ਹੈ। ਮਾਨਵੀ ਰਿਸ਼ਤਿਆਂ ਦੀ ਕਾਇਆ-ਕਲਪ ਕਮਿਊਨਿਜ਼ਮ ਨੇ ਕਰਨੀ ਹੈ। ਅਜਿਹਾ ਕਰਨ ਲਈ ਇਸ ਨੂੰ ਸਭ ਤੋਂ ਪਹਿਲਾਂ ਸਮਾਜ ਦੇ ਆਰਥਕ ਢਾਂਚੇ 'ਚ ਇਨਕਲਾਬੀ ਤਬਦੀਲੀ ਲਿਆਉਣੀ ਪੈਣੀ ਹੈ। ਮੈਂ ਸਮਝਦਾ ਹਾਂ ਕਿ ਚੀਨ ਨੇ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਮਾਨਵੀ ਰਿਸ਼ਤਿਆਂ ਦੀ ਕਾਇਆਕਲਪ ਕਰਨ 'ਚ ਵਧੇਰੇ ਵਿਕਾਸ ਕੀਤਾ ਹੈ। ਹਸਪਤਾਲਾਂ 'ਚ ਜਿਹੋ ਜਿਹੇ ਰਿਸ਼ਤੇ ਵਿਕਸਤ ਹੋ ਰਹੇ ਹਨ, ਉਹ ਤਬਦੀਲੀ ਦੀ ਦਿਸ਼ਾ ਨੂੰ ਦਰਸਾਉਂਦੇ ਹਨ।
ਚੀਨ ਵਿਚ ਮਰੀਜਾਂ ਤੇ ਡਾਕਟਰਾਂ ਵਿਚਕਾਰ ਰਿਸ਼ਤੇ ਬਰਾਬਰਤਾ ਅਤੇ ਆਪਸੀ ਸਤਿਕਾਰ 'ਤੇ ਟਿਕੇ ਹੋਏ ਹਨ। ਜਦ ਕਿ ਦੋਵੇਂ ਹੀ ਸਮਾਜਵਾਦ ਦੀ ਉਸਾਰੀ ਵਿਚ ਹਿੱਸਾ ਪਾ ਰਹੇ ਹਨ, ਉਹਨ੍ਹਾਂ ਦੇ ਅਲੱਗ-ਅਲੱਗ ਯੋਗਦਾਨ ਇੱਕ ਸਾਂਝੇ ਉਦੇਸ਼ ਲਈ ਮਿਹਨਤ ਦੀ ਵੰਡ ਦੇ ਪ੍ਰਤੀਕ ਬਣਦੇ ਹਨ। ਉਥੇ ਡਾਕਟਰ ਵੱਲੋਂ ਖੁਦ ਨੂੰ Àੁੱਤਮ ਸਮਝਣ ਅਤੇ ਕ੍ਰਿਪਾਲੂ ਤੌਰ ਤਰੀਕਿਆਂ ਲਈ ਕੋਈ ਥਾਂ ਨਹੀਂ ਹੈ। ਅਤੇ ਨਾ ਹੀ ਬੇਲਾਗਤਾ, ਝੂਠੀ ਖੁਲ੍ਹਦਿਲੀ ਵਰਗੇ ਕਿਸੇ ਢੰਗ ਤਰੀਕੇ ਲਈ ਹੀ ਕੋਈ ਥਾਂ ਹੈ, ਜੋ ਅਕਸਰ ਮਰੀਜਾਂ ਪ੍ਰਤੀ ਚੰਗੇ ਸਲੀਕੇ ਦਾ ਦੰਭ ਹੀ ਹੁੰਦਾ ਹੈ। 
ਡਾਕਟਰ ਦਾ ਕੰਮ ਬਿਨਾਂ ਕਿਸੇ ਰੱਖ-ਰਖਾ ਦੇ ਆਪਣੇ ਮਰੀਜਾਂ ਦੀ ਸੇਵਾ ਕਰਨਾ ਹੈ। ਕੁੱਲ ਦੁਨੀਆਂ ਦੇ ਮਰੀਜਾਂ ਵਾਂਗ ਚੀਨ ਦੇ ਮਰੀਜ ਵੀ ਚਾਹੁੰਦੇ ਹਨ ਕਿ ਉਹਨ੍ਹਾਂ ਨੂੰ ਗੱਲਾਂ ਸਪੱਸ਼ਟ ਦੱਸੀਆਂ ਜਾਣ। ਉਹ ਜਾਨਣਾ ਚਾਹੁੰਦੇ ਹਨ ਕਿ ਉਹਨ੍ਹਾਂ ਨੂੰ ਕਿਹੜਾ ਰੋਗ ਲੱਗਿਆ ਹੋਇਆ ਹੈ, ਇਸ ਨੂੰ ਠੀਕ ਹੋਣ ਲਈ ਕਿੰਨਾ ਸਮਾਂ ਲੱਗੇਗਾ ਅਤੇ ਉਨ੍ਹਾਂ ਦਾ ਕੀ ਇਲਾਜ ਹੋ ਰਿਹਾ ਹੈ। ਇਹ ਡਾਕਟਰ ਦੀ ਡਿਊਟੀ ਵਿਚ ਸ਼ਾਮਲ ਹੈ ਕਿ ਉਹ ਪੂਰੀ ਵਿਆਖਿਆ ਕਰੇ, ਸਿਰਫ ਪੁੱਛਣ ਤੇ ਹੀ ਨਹੀਂ, ਸਗੋਂ ਅਜਿਹੀ ਜਾਣਕਾਰੀ ਬਗੈਰ ਪੁੱਛਿਆਂ ਆਪਣੇ ਆਪ ਹੀ ਦੇਵੇ। ਇਸ 'ਤੇ ਸਮਾਂ ਤਾਂ ਲਗਦਾ ਹੈ, ਪਰ ਇਸ ਤਰ੍ਹਾਂ ਦੀਆਂ ਵਿਆਖਿਆਵਾਂ ਵਿਚ ਖਰਚਿਆ ਸਮਾਂ ਚੰਗਾ ਹੁੰਦਾ ਹੈ, ਕਿਉਂਕਿ ਵਿਸ਼ਵਾਸ਼ ਅਤੇ ਭਰੋਸੇ ਦੇ ਸਥਾਪਤ ਹੋਏ ਸੰਬੰਧਾਂ ਦਾ ਮਰੀਜ ਦੇ ਰਾਜੀ ਹੋਣ 'ਚ ਮਹੱਤਵਪੂਰਨ ਰੋਲ ਹੁੰਦਾ ਹੈ। 
ਵਾਰਡਾਂ 'ਚ ਸਿੱਧਾ ਸਾਦਾ ਪਰਿਵਾਰਕ ਮਾਹੌਲ ਹੁੰਦਾ ਹੈ, ਜੋ ਇੰਗਲੈਂਡ ਨਾਲੋਂ, ਜਿਸ ਦਾ ਮੈਨੂੰ ਸੁਭਾਅ ਪਿਆ ਹੋਇਆ ਸੀ, ਬਹੁਤ ਵੱਖਰਾ ਹੈ ਅਤੇ ਜਿਸ ਕਰਕੇ ਪਹਿਲਾਂ ਪਹਿਲਾਂ ਮੈਨੂੰ ਪ੍ਰੇਸ਼ਾਨੀ ਹੋਈ। ਹੁਣ ਮੈਂ ਇਸ ਨਾਲ ਰਚ-ਮਿਚ ਗਿਆ ਹਾਂ। ਮੈਨੂੰ ਇਹ ਸੁਭਾਵਕ ਅਤੇ ਫਾਇਦੇਮੰਦ ਲੱਗਣ ਲੱਗ ਪਿਆ ਹੈ।
ਮਰੀਜ਼ਾਂ ਦੇ ਵੱਖ ਵੱਖ ਵਿਸ਼ੇਸ਼ ਗਰੁੱਪਾਂ ਪ੍ਰਤੀ ਆਪਣੀਆਂ ਰੋਜ-ਦਿਹਾੜੀ ਦੀਆਂ ਡਿਊਟੀਆਂ ਨਿਭਾਉਂਦੇ ਡਾਕਟਰ, ਨਰਸਾਂ ਅਤੇ ਅਰਦਲੀਆਂ ਦੀਆਂ ਟੀਮਾਂ ਨੂੰ ਆਪਣੇ ਮੱਤ ਅਤੇ ਸੁਝਾਅ ਦੇਣ ਲਈ ਮਰੀਜ ਅਕਸਰ ਆਪਣੇ ਪ੍ਰਤੀਨਿਧ ਥਾਪਦੇ ਹਨ। ਦਿਨ ਭਰ ਦੇ ਕੰਮਾਂ ਦੀ ਵਿਉਂਤ-ਸਕੀਮ ਬਣਾਉਣ ਲਈ ਇਹ ਟੀਮਾਂ ਰੋਜਾਨਾਂ ਜੁੜਦੀਆਂ ਹਨ। ਤੁਰ-ਫਿਰ ਸਕਣ ਵਾਲੇ ਮਰੀਜ ਵਾਰਡ ਦੇ ਕੰਮਾਂ ਵਿੱਚ ਸਰਗਰਮ ਹਿੱਸਾ ਪਾਉਂਦੇ ਹਨ। ਉਹ ਆਪਣਾ ਖਾਣਾ ਵਾਰਡ ਦੇ ਭੋਜਨ ਹਾਲ ਵਿੱਚ ਖਾਂਦੇ ਹਨ। ਉਹਨਾਂ ਵਿਚੋਂ ਬਹੁਤੇ ਉਹਨਾਂ ਮਰੀਜਾਂ ਦੀ ਮਦਦ ਕਰਦੇ ਹਨ ਜੋ ਤੁਰ-ਫਿਰ ਨਹੀਂ   ਸਕਦੇ। ਉਹਨਾਂ ਨੂੰ ਅਖਬਾਰ ਪੜ੍ਹਕੇ ਸੁਣਾਉਂਦੇ ਹਨ, ਉਹਨਾਂ ਨਾਲ ਮੇਲ ਮਿਲਾਪ ਰਖਦੇ ਹਨ ਅਤੇ ਉਨ੍ਹਾਂ ਦੀਆਂ ਸਿਹਤ ਅਤੇ ਸਮਾਜਿਕ ਸਮੱਸਿਆਵਾਂ ਤੋਂ ਜਾਣੂੰ ਹੋ ਜਾਂਦੇ ਹਨ। ਮੈਂ ਹਰ ਰੋਜ ਇਕ ਵੱਖਰੇ ਵਾਰਡ ਦਾ ਦੌਰਾ ਕਰਦਾ ਹਾਂ ਅਤੇ ਉਦੋਂ ਮੈਂ ਆਮ ਤੌਰ 'ਤੇ ਮਰੀਜਾਂ ਦਾ ਇੱਕ ਗੁਫਲਾ ਇਕੱਠਾ ਕਰ ਲੈਂਦਾ ਹਾਂ ਜੋ ਮੇਰੇ ਨਾਲ ਚਲਦਾ ਹੈ। ਉਹ ਦੇਖਦੇ ਹਨ, ਸੁਣਦੇ ਹਨ ਅਤੇ ਆਮ ਤੌਰ 'ਤੇ ਖੁਦ-ਬ-ਖੁਦ ਜਾਣਕਾਰੀ ਦਿੰਦੇ ਹਨ। ਪਹਿਲਾਂ ਪਹਿਲ ਮੈਂ ਸੋਚਿਆ ਇਹ ਮਰੀਜ ਦੇ ਨਿੱਜੀ ਮਾਮਲਿਆਂ 'ਚ ਦਖਲਅੰਦਾਜੀ ਹੈ ਪਰ ਬਾਅਦ 'ਚ ਮੈਨੂੰ ਮਾਲੂਮ ਹੋਇਆ ਕਿ ਉਹ ਕਿਸੇ ਤਮਾਸ਼ੇ 'ਚੋਂ ਨਹੀਂ ਸਗੋਂ ਉਹ ਆਪਣੇ ਸਾਥੀ ਮਰੀਜਾਂ ਬਾਰੇ ਖਰੇ ਸਰੋਕਾਰ 'ਚੋਂ ਮੇਰਾ ਸਾਥ ਦਿੰਦੇ ਹਨ ਅਤੇ ਪ੍ਰਸਥਿਤੀ ਦੀ ਪੂਰੀ ਥਾਹ ਪਾਉਣ 'ਚ ਮੇਰੀ ਮੱਦਦ ਕਰਦੇ ਹਨ। ਨਿੱਜਤਵ ਦੇ ਮਾਪ ਦੰਡ ਵੱਖ ਵੱਖ ਦੇਸ਼ਾਂ ਅਤੇ ਵੱਖ ਵੱਖ ਸਮਾਜਕ ਪ੍ਰਬੰਧਾਂ ਅੰਦਰ ਵੱਖੋ ਵੱਖਰੇ ਹੁੰਦੇ ਹਨ। ਕਿਸੇ ਥਾਂ ਔਰਤ ਦੀ ਉਮਰ ਅਤੇ ਆਦਮੀ ਦੀ ਆਮਦਨ ਸਿਰੇ ਦੇ ਗੁਪਤ ਮਾਮਲੇ ਹੋ ਸਕਦੇ ਹਨ ਪਰ ਸਮਾਜਵਾਦੀ ਚੀਨ ਅੰਦਰ ਅਜਿਹੀਆਂ ਮਾਮੂਲੀ ਗੱਲਾਂ 'ਚ ਲੁੱਕ ਲਕੋ ਨਹੀਂ ਰੱਖਿਆ ਜਾਂਦਾ।
ਬੱਚਿਆਂ ਦੇ ਵਾਰਡ ਵਿੱਚ ਬੱਚੇ ਡਾਕਟਰੀ ਦੇਖ ਭਾਲ 'ਚ ਮਹੱਤਵਪੂਰਨ ਸਹਿਯੋਗੀ ਹੁੰਦੇ ਹਨ। ਹਰੇਕ ਵਾਰਡ ਵਿਚ ਘੱਟੋ ਘੱਟ ਇੱਕ ਅਜਿਹਾ ਹੋਣਹਾਰ ਬੱਚਾ ਜਰੂਰ ਹੈ ਜੋ ਦੂਸਰਿਆਂ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ ਅਤੇ ਅਜਿਹੇ ਭੇਦ ਖੋਲ੍ਹ ਸਕਦਾ ਹੈ ਜਿਹੜੇ ਡਾਕਟਰਾਂ ਨੂੰ ਚਕਰਾ ਦਿੰਦੇ ਹਨ। ਮੈਂ ਇੱਕ ਛੋਟੀ ਜਿਹੀ ਲੜਕੀ ਦੀ ਚੁੱਪ ਤੋਂ ਪ੍ਰੇਸ਼ਾਨ ਸਾਂ, ਜਿਸ ਦੇ ਜਲਣ ਕਾਰਨ ਬਹੁਤ ਗੰਭੀਰ ਜਖ਼ਮ ਹੋ ਗਏ ਸਨ ਅਤੇ ਜਿਹੜੀ ਕਈ ਮਹੀਨਿਆਂ ਤੋਂ ਇੱਕ ਵੀ ਲਫਜ ਵੀ ਮੂਹੋਂ ਕੱਢਣ ਤੋਂ ਪੂਰੀ ਤਰ੍ਹਾਂ ਇਨਕਾਰੀ ਸੀ । ਇੱਕ ਹੋਰ ਬੱਚੇ ਨੇ ਮੈਨੂੰ ਇਸ ਬਾਰੇ ਇਉਂ ਸਮਝਾਇਆ ਜਿਵੇਂ ਵੱਡਿਆਂ ਨੂੰ ਸਮਝ ਪਈ ਹੁੰਦੀ ਹੈ। ਉਸ ਨੇ ਕਿਹਾ,''ਤੁਸੀਂ ਦੇਖੋ, ਜਦੋਂ ਉਹ ਜਲ ਗਈ ਸੀ ਤਾਂ ਉਹ ਬਹੁਤ ਡਰ ਗਈ, ਉਸ ਨੂੰ ਲੱਗਾ ਕਿ ਉਹ ਮਰ ਰਹੀ ਹੈ। ਉਸ ਦੀ ਮਾਂ ਅਤੇ ਛੋਟਾ ਭਰਾ ਦੋਵੇਂ ਇਸ ਅੱਗ ਨੇ ਨਿਗਲ ਲਏ। ਹੁਣ ਉਹ ਇਸ ਨੂੰ ਯਾਦ ਨਹੀਂ ਕਰਨਾ ਚਾਹੁੰਦੀ। ਜੇ ਕਰ ਤੁਸੀਂ ਉਸ ਨੂੰ ਸੁਆਲ ਪੁੱਛੋਂ ਅਤੇ ਉਹ ਜੁਆਬ ਦੇਵੇ ਤਾਂ ਉਸ ਨੂੰ ਉਸ (ਘਟਨਾ) ਦੀ ਯਾਦ ਆਵੇਗੀ ਅਤੇ ਉਹ ਬਹੁਤ ਉਦਾਸ ਹੋ ਜਾਵੇਗੀ। ਪਹਿਲੋਂ ਪਹਿਲ ਉਹ ਮੇਰੇ ਨਾਲ ਵੀ ਗੱਲ ਨਹੀਂ ਸੀ ਕਰਦੀ ਪਰ ਹੁਣ ਅਸੀਂ ਦੋਸਤ ਹਾਂ ਅਤੇ ਉਸ ਨੂੰ ਇਹ ਪਤਾ ਹੈ ਕਿ ਮੈਂ ਉਸ ਨੂੰ ਅੱਗ ਬਾਰੇ ਕੁੱਝ ਨਹੀਂ ਪੁੱਛਾਂਗਾ। ਜਲਦੀ ਹੀ ਉਹ ਤੁਹਾਡੇ ਨਾਲ ਵੀ ਬੋਲਚਾਲ ਸ਼ੁਰੂ ਕਰ ਦੇਵੇਗੀ।'' ਅਤੇ ਉਸ ਨੇ ਅਜਿਹਾ ਹੀ ਕੀਤਾ। 
ਸਿਰਫ ਮਰੀਜ ਹੀ ਨਹੀਂ, ਉਹਨਾਂ ਦੇ ਦੋਸਤ ਰਿਸ਼ਤੇਦਾਰ ਤੇ ਸਹਿਕਰਮੀ ਵੀ ਇਹ ਯਕੀਨੀ ਕਰਨ ਦੀ ਜੁੰਮੇਵਾਰੀ ਮਹਿਸੂਸ ਕਰਦੇ ਹਨ ਕਿ ਸਭ ਕੁੱਝ ਮਰੀਜ ਦੇ ਹਿੱਤ ਵਿੱਚ ਕੀਤਾ ਜਾ ਰਿਹਾ ਹੈ। ਕਾਮੇ, ਜਿਨ੍ਹਾਂ ਨੂੰ ਕਾਰਖਾਨਿਆਂ 'ਚ ਸੱਟਾਂ ਫੇਟਾਂ ਲੱਗ ਜਾਂਦੀਆਂ ਹਨ, ਸਹਿਕਰਮੀਆਂ ਜਾਂ ਪ੍ਰਬੰਧਕਾਂ ਵੱਲੋਂ ਫੈਕਟਰੀ ਤੋਂ ਹਸਪਤਾਲ ਲਿਆਇਆ ਜਾਂਦਾ ਹੈ ਅਤੇ ਜੇ ਸੱਟ ਗੰਭੀਰ ਹੋਵੇ ਤਾਂ ਉਹ ਉਨ੍ਹਾਂ ਚਿਰ ਹਸਪਤਾਲ 'ਚ ਰਹਿੰਦੇ ਹਨ ਜਿੰਨਾ ਚਿਰ ਮਾਮਲਾ ਕਿਸੇ ਸਿਰੇ ਨਾ ਲੱਗ ਜਾਵੇ। ਸੰਭਵ ਹੋਵੇ ਤਾਂ ਆਉਣ ਵਾਲੇ ਅਜਿਹੇ ਵਿਅਕਤੀਆਂ ਲਈ ਅਸੀਂ ਮੰਜੇ ਬਿਸਤਰੇ ਦਾ ਪ੍ਰਬੰਧ ਕਰਦੇ ਹਾਂ, ਨਹੀਂ ਤਾਂ ਉਹ ਨੇੜੇ ਦੀ ਸਰਾਂ ਵਿੱਚ ਠਹਿਰ ਲੈਂਦੇ ਹਨ ਅਤੇ ਦਿਨ ਦਾ ਵਧੇਰੇ ਸਮਾਂ ਮਰੀਜ ਦੇ ਕੋਲ ਹੀ ਬਿਤਾÀੁਂਦੇ ਹਨ। ਛੋਟੇ ਬੱਚਿਆਂ ਦੀਆਂ ਮਾਵਾਂ ਆਮ ਤੌਰ 'ਤੇ ਹਸਪਤਾਲ ਵਿੱਚ ਹੀ ਰਹਿੰਦੀਆਂ ਹਨ ਅਤੇ ਇਲਾਜ ਵਿਚ ਉਨ੍ਹਾਂ ਦਾ ਬਦਲ ਨਹੀਂ ਹੋ ਸਕਦਾ। 
ਗਲਤੀਆਂ ਪ੍ਰਤੀ ਕਿਸੇ ਡਾਕਟਰ ਦਾ ਰਵੱਈਅਆ ਡਾਕਟਰ ਮਰੀਜ ਸੰਬੰਧਾਂ 'ਤੇ ਬਹੁਤ ਜਿਆਦਾ ਅਸਰ ਪਾਉਂਦਾ ਹੈ। ਚੀਨ ਵਿੱਚ ਡਾਕਟਰੀ ਗਲਤੀਆਂ ਪ੍ਰਤੀ ਰਵੱਈਏ ਨੂੰ ਇਉਂ ਲਿਆ ਜਾਂਦਾ ਹੈ.-
ਗਲਤੀਆਂ ਤੋਂ ਬਚੋ।
ਗਲਤੀਆਂ ਨੂੰ ਪ੍ਰਵਾਨ ਕਰੋ।
ਗਲਤੀਆਂ ਤੋਂ ਸਿੱਖੋ।
ਗਲਤੀਆਂ ਤੋਂ ਬਚਣ ਲਈ ਡਾਕਟਰਾਂ, ਨਰਸਾਂ, ਅਰਦਲੀਆਂ ਦੇ ਗਰੁੱਪਾਂ ਅਤੇ ਮਰੀਜਾਂ ਦੇ ਪ੍ਰਤੀਨਿਧਾਂ ਦੀਆਂ ਰੋਜ਼ਾਨਾ ਮੀਟਿੰਗਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਪੂਰੇ ਦਿਨ ਦੇ ਕੰਮ ਨੂੰ ਵਿਉਂਤਿਆ ਜਾਂਦਾ ਹੈ ਅਤੇ ਸਿੱਧ-ਮ-ਸਿੱਧੀ ਜਿੰਮੇਵਾਰੀ ਨਿਸਚਿਤ ਕੀਤੀ ਜਾਂਦੀ ਹੈ। ਵਾਰਡ ਵਿੱਚ ਸਾਰੇ ਡਾਕਟਰ ਅਤੇ ਨਰਸਾਂ ਵੱਡੇ ਅਪ੍ਰੇਸ਼ਨਾਂ ਦੇ ਕੇਸਾਂ ਬਾਰੇ ਬਹਿਸ ਵਿਚਾਰ ਕਰਦੇ ਹਨ। ਅਪ੍ਰੇਸ਼ਨ ਦੇ ਕਾਰਨਾਂÎ ਬਾਰੇ, ਸੰਭਾਵਤ ਨਤੀਜੇ ਬਾਰੇ, ਅਪਣਾਏੇ ਜਾਣ ਵਾਲੇ ਢੰਗ ਤਰੀਕੇ ਬਾਰੇ, ਅਪ੍ਰੇਸ਼ਨ ਦੌਰਾਨ ਅਤੇ ਮਗਰੋਂ ਪੇਸ਼ ਆ ਸਕਦੀਆਂ  ਮੁਸ਼ਕਲਾਂ ਬਾਰੇ ਅਤੇ ਅਪ੍ਰੇਸ਼ਨ ਤੋਂ ਬਾਅਦ ਧਿਆਨ ਰੱਖਣ ਯੋਗ ਗੱੱੱੱੱੱੱਲਾਂ ਬਾਰੇ ਰਾਇਆਂ ਸਾਂਝੀਆਂ ਕਰਦੇ ਹਨ। ਅੰਤਮ ਜਿੰਮੇਵਾਰੀ ਕੇਸ ਨਾਲ ਸੰਬੰਧਤ ਇੰਚਾਰਜ ਡਾਕਟਰ ਦੀ ਹੁੰਦੀ ਹੈ, ਪਰ ਦੂਜਿਆਂ ਨੂੰ, ਭਾਵੇਂ ਕੋਈ ਸੀਨੀਅਰ ਹੈ ਜਾਂ ਜੂਨੀਅਰ, ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੁੰਦੀ ਹੈ। ਇਹ ਬਹਿਸ ਵਿਚਾਰਾਂ ਯਕੀਨੀ ਕਰਦੀਆਂ ਹਨ ਕਿ ਅਪ੍ਰੇਸ਼ਨਾਂ ਲਈ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਅਪ੍ਰੇਸ਼ਨ ਤੋਂ ਮਗਰੋਂ ਮਰੀਜ ਦੀ ਦੇਖਭਾਲ ਲਈ ਚੰਗੀ ਗੁੰਦਵੀਂ ਟੀਮ ਦਾ ਪ੍ਰਬੰਧ ਹੈ।
ਜੇ ਕੁੱਝ ਗਲਤ ਹੁੰਦਾ ਵੀ ਹੈ ਤਾਂ ਸਰਜਨ ਦਾ ਇਹ ਫਰਜ ਹੈ ਕਿ ਇਸ ਨੂੰ ਖੁਲ੍ਹੇ ਦਿਲ ਨਾਲ ਪ੍ਰਵਾਨ ਕਰੇ ਅਤੇ ਮਰੀਜ ਤੋਂ ਜਰਾ ਵੀ ਨਾਂ ਛੁਪਾਵੇ। ਇਲਾਜ ਵਿੱਚ ਕਿਸੇ ਗਲਤੀ ਸੰਬੰਧੀ ਮਰੀਜ ਨੂੰ ਧੋਖਾ ਦੇਣਾ (ਇਸ ਲਈ) ਆਪਣੇ ਉਚੇਚੇ ਰੁਤਬੇ ਦੀ ਵਰਤੋਂ ਕਰਨਾ ਇਕ ਡਾਕਟਰ ਲਈ ਸ਼ਰਮਨਾਕ ਅਤੇ ਵਿਸ਼ਵਾਸ਼ਘਾਤ ਸਮਝਿਆ ਜਾਵੇਗਾ ਅਤੇ ਇਹ ਹੋਰ ਵੀ ਬੁਰਾ ਹੋਵੇਗਾ ਜੇ ਕਰ ਉਹ(ਅਜਿਹੇ) ਮਾਮਲਿਆਂ 'ਤੇ ਪਰਦਾਪੋਸ਼ੀ ਕਰਨ ਲਈ ਹੋਰਨਾਂ ਡਾਕਟਰਾਂ ਨੂੰ ਆਪਣੇ ਨਾਲ ਜੋੜਦਾ ਹੈ। ਗਲਤੀਆਂ ਤੋਂ ਸਿੱਖਣ ਦੇ ਅਸੂਲ ਦੀਆਂ ਚੀਨੀ ਕਮਿਊਨਿਸਟ ਪਾਰਟੀ ਦੇ ਕੰਮਾਂ ਕਾਰਾਂ ਵਿੱਚ ਡੂੰਘੀਆਂ ਜੜ੍ਹਾਂ ਲੱਗੀਆਂ ਹੋਈਆਂ ਹਨ। ''ਗਲਤੀਆਂ ਅਤੇ ਪਛਾੜਾਂ ਤੋਂ ਸਿੱਖਣ ਕਰਕੇ ਅਸੀਂ ਵੱਧ ਸਿਆਣੇ ਹੋਏ ਹਾਂ ਅਤੇ ਆਪਣੇ ਮਸਲੇ ਹੱਲ ਕਰਨ ਦੇ ਵੱਧ ਯੋਗ ਹੋਏ ਹਾਂ। ਕਿਸੇ ਵੀ ਪਾਰਟੀ ਜਾਂ ਵਿਅਕਤੀ ਲਈ ਗਲਤੀਆਂ ਤੋਂ ਬਚਣਾ ਮੁਸ਼ਕਲ ਹੁੰਦਾ ਹੈ ਪਰ ਸਾਨੂੰ ਇਹ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਹਨ। ਇੱਕ ਵਾਰ ਜੇ ਗਲਤੀ ਹੋ ਜਾਵੇ ਸਾਨੂੰ ਇਹ ਦਰੁਸਤ ਕਰਨੀ ਚਾਹੀਦੀ ਹੈ ਅਤੇ ਜਿਨੀ ਛੇਤੀ ਤੇ ਮੁਕੰਮਲ ਰੂਪ 'ਚ ਇਹ ਹੋ ਜਾਵੇ, ਉਤਨਾ ਹੀ ਚੰਗਾ ਹੈ''। (ਮਾਓ ਜੇ ਤੁੰਗ -ਲੋਕਾਂ ਦੀ ਜਮਹੂਰੀ ਡਿਕਟੇਟਰਸ਼ਿਪ ਬਾਰੇ ਚੋਣਵੀਆਂ ਰਚਨਾਵਾਂ ਗਰੰਥ 4 ਪੰਨਾ 422)। ਇਸ ਲਈ ਇਲਾਜ ਦੌਰਾਨ ਵਾਪਰੀ ਕਿਸੇ ਵੀ ਦੁਰਘਟਨਾ ਉਪਰ ਚਰਚਾ ਕੀਤੀ ਜਾਂਦੀ, ਉਹਨਾਂ ਵੱਲੋਂ ਜੋ ਸਿੱਧੇ ਤੌਰ 'ਤੇ ਇਸ ਨਾਲ ਜੁੜੇ ਹੋਏ ਸਨ ਅਤੇ ਹੋਰਾਂ ਵੱਲੋਂ ਵੀ, ਜਿਨ੍ਹਾਂ ਨੂੰ ਭਵਿੱਖ 'ਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੰਮੇਵਾਰੀ ਦੀ ਸਹੀ ਪੈੜ ਕੱਢੀ ਜਾਂਦੀ ਹੈ, ਦੋਸ਼ ਲਾਉਣ ਲਈ ਨਹੀਂ, ਸਗੋਂ ਢੁਕਵੇਂ ਸਬਕ ਕੱਢਣ ਲਈ ਅਤੇ ਦੁਹਰਾਅ ਤੋਂ ਬਚਣ ਲਈ। ਬਹੁਤ ਵਾਰੀ ਉਪਰੋਂ ਦੇਖਣ ਨੂੰ ਨਿਰੋਲ ਤਕਨੀਕੀ ਕਿਸਮ ਦੀ ਗਲਤੀ ਪਿੱਛੇ ਰਵੱਈਏ ਦੀਆਂ ਖਾਮੀਆਂ ਹੁੰਦੀਆਂ ਹਨ, ਜਿਵੇਂ ਜਿੰਮੇਵਾਰੀ ਦੀ ਘਾਟ, ਘੁਮੰਡ, ਸਵੈ-ਸੰਤੁਸ਼ਟੀ ਜਾਂ ਦੂਜਿਆਂ ਦੀਆਂ ਰਾਇਆਂ ਨੂੰ ਨਜ਼ਰਅੰਦਾਜ਼ ਕਰਨਾ। ਅਜਿਹੇ ਗਲਤ ਵਿਹਾਰਾਂ ਦੀ ਗੁੱਥੀ ਖੁੱਲ੍ਹਣ ਨਾਲ ਸਭਨਾਂ ਨੂੰ ਸਬਕ ਮਿਲਦੇ ਹਨ। 
ਸ਼ਿਕਾਇਤਾਂ - 'ਜੇ ਕਰ ਦੋਸ਼ ਗਲਤ ਵੀ ਹੋਵੇ, ਦੋਸ਼  ਲਾਉਣ ਵਾਲੇ ਦੀ ਨਿੰਦਿਆ ਨਾ ਕਰੋ'।
ਸ਼ਿਕਾਇਤਾਂ ਪ੍ਰਤੀ ਰਵੱਈਆ ਇਉਂ ਹੁੰਦਾ ਹੈ ਕਿ ਜੇ ਕਰ ਇਹ ਸਹੀ ਹੋਣ ਤਾਂ ਇਹਨਾਂ ਤੋਂ ਸਿੱਖਣਾ ਅਤੇ ਸੁਧਾਰ ਕਰਨਾ ਚਾਹੀਦਾ ਹੈ। ਜੇ ਕਰ ਇਹ ਸਹੀ ਨਾ ਹੋਣ ਤਾਂ ਇਸ ਬਾਰੇ ਮਰੀਜ਼ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਗੋਂ ਇਸ ਨੂੰ ਚਿਤਾਵਨੀ ਸਮਝਣਾ ਚਾਹੀਦਾ ਹੈ ਕਿ ਕਿਤੇ ਅਗਾਂਹ ਨੂੰ ਇਹ ਸਹੀ ਨਾ ਹੋ ਜਾਣ। ਇਸ ਲਈ ਮਰੀਜਾਂ ਦੀਆਂ ਸ਼ਕਾਇਤਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ, ਭਾਵੇਂ ਇਹ ਸਿੱਧੀਆਂ ਡਾਕਟਰ ਕੋਲ ਕੀਤੀਆਂ ਹੋਣ ਜਾਂ ਹਰੇਕ ਵਾਰਡ ਅਤੇ ਵਿਭਾਗ ਵਿੱਚ ਰੱਖੀਆਂ ''ਸੁਝਾਅ ਕਾਪੀਆਂ'' ਵਿੱਚ ਲਿਖੀਆਂ ਗਈਆਂ ਹੋਣ। ਸ਼ਕਾਇਤੀ ਚਿੱਠੀਆਂ ਇੱਕ ਵਿਸ਼ੇਸ਼ ਦਫਤਰ ਵਿਚ ਪਹੁੰਚਦੀਆਂ ਹਨ ਜੋ ਕੁੱਝ ਕੁ ਦਾ ਨਿਪਟਾਰਾ ਸਿੱਧਾ ਆਪ ਹੀ ਕਰਦਾ ਹੈ ਅਤੇ ਬਾਕੀ ਸੰਬੰਧਤ ਵਿਅਕਤੀ ਨੂੰ ਪਹੁੰਚਾ ਦਿੱਤੀਆਂ ਜਾਂਦੀਆਂ ਹਨ। ਕਈ ਵਾਰੀ ਸ਼ਕਾਇਤਾਂ ਅਖਬਾਰਾਂ 'ਚ ਕੀਤੀਆਂ ਜਾਂਦੀਆਂ ਹਨ, ਜੋ ਉਹਨਾਂ ਨੂੰ ਸਬੰਧਤ ਹਸਪਤਾਲ ਵਿੱਚ ਪਹੁੰਚਾ ਦਿੰਦੇ ਹਨ ਜਾਂ, ਜੇ ਉਨ੍ਹਾਂ ਦਾ ਵਡੇਰਾ ਮਹੱਤਵ ਹੋਵੇ, ਤਾਂ ਛਾਪ ਦਿੱਤੀਆਂ ਜਾਂਦੀਆਂ ਹਨ।
ਮੁਕੱਦਮੇਬਾਜੀ ਦਾ ਰਾਹ ਬਹੁਤ ਘੱਟ ਹੀ ਫੜਿਆ ਜਾਂਦਾ ਹੈ, ਭਾਵੇਂ ਇਸ 'ਤੇ ਕੋਈ ਫੀਸ ਨਹੀਂ ਲਗਦੀ। ਉਸ ਹਾਲਤ ਵਿਚ ਇਹ ਗੈਰ-ਜਰੂਰੀ ਹੋ ਜਾਂਦਾ ਹੈ ਜਦ ਡਾਕਟਰ ਅਤੇ ਮਰੀਜ਼ ਦਰਮਿਆਨ ਵਿਰੋਧੀ ਸਰੋਕਾਰ ਘਟਾ ਕੇ ਨਾਂ ਮਾਤਰ ਕਰ ਦਿੱਤੇ ਗਏ ਹੋਣ, ਜਦ ਮਰੀਜਾਂ ਦੀ ਹਾਰਦਿਕ ਸੇਵਾ 'ਤੇ ਨਿਸ਼ਾਨਾ ਵਿੰਨ੍ਹਿਆ ਹੋਵੇ, ਜਦ ਗਲਤੀ ਤੋਂ ਬਚਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੋਵੇ ਅਤੇ ਜਿੱਥੇ ਗਲਤੀਆਂ ਖੁੱਲ੍ਹੇਆਮ ਪ੍ਰਵਾਨ ਕੀਤੀਆਂ ਜਾਂਦੀਆਂ ਅਤੇ ਦਰੁਸਤ ਕੀਤੀਆਂ ਜਾਂਦੀਆਂ ਹੋਣ। ਲਾਪਰਵਾਹੀ ਕਰਕੇ ਮਰੀਜ ਦੇ ਨੁਕਸਾਨ ਦੀ ਜੁੰਮੇਵਰੀ ਹਸਪਤਾਲ ਆਪਣੇ ਸਿਰ ਲੈਂਦੇ ਹਨ। ਇਸ ਲਈ ਕਾਨੂੰਨੀ ਕਾਰਵਾਈ ਵਿੱਚ ਪੈਣ ਦੀ ਲੋੜ ਨਹੀਂ ਰਹਿੰਦੀ। 
('ਅਵੇ ਵਿੱਦ ਆਲ ਪੈਸਟਸ' 'ਚੋਂ ਅਨੁਵਾਦ)

No comments:

Post a Comment