Tuesday, November 6, 2012

ਬਰਤਾਨਵੀ ਸਰਕਾਰ ਵੱਲੋਂ ਨਰਿੰਦਰ ਮੋਦੀ ਦਾ ਬਾਈਕਾਟ ਸਮਾਪਤ

ਮੁਨਾਫਾ ਪਰਮੋ-ਧਰਮ!
ਬਰਤਾਨਵੀ ਸਰਕਾਰ ਵੱਲੋਂ ਨਰਿੰਦਰ ਮੋਦੀ ਦਾ ਬਾਈਕਾਟ ਸਮਾਪਤ
ਪੂਰੇ ਇੱਕ ਦਹਾਕੇ ਬਾਅਦ ਬਰਤਾਨਵੀ ਹਕੂਮਤ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਬਾਈਕਾਟ ਸਮਾਪਤ ਕਰ ਦਿੱਤਾ ਹੈ। ਬਰਤਾਨਵੀ ਬਦੇਸ਼ ਦਫਤਰ ਮੰਤਰੀ ਹਿਊਮੋ ਸਵਾਇਰ ਦੇ ਕਹਿਣ 'ਤੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨਰ ਜੇਮਜ਼ ਬੀਵਨ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਹਿਊਮੋ ਸਵਾਇਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ, ''ਮੈਂ ਨਵੀਂ ਦਿੱਲੀ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਜਰਾਤ ਜਾਣ ਅਤੇ ਮੁੱਖ ਮੰਤਰੀ ਅਤੇ ਹੋਰ ਸੀਨੀਅਰ ਹਸਤੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਇਸ ਨਾਲ ਸਾਨੂੰ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਦੀ ਲੰਮੀ ਲੜੀ ਬਾਰੇ ਵਿਚਾਰ-ਵਟਾਂਦਰੇ ਦਾ ਮੌਕਾ ਮਿਲੇਗਾ, ਅਸੀਂ ਹੋਰ ਨੇੜਲੇ ਸਹਿਯੋਗ ਦੀਆਂ ਗੁੰਜਾਇਸ਼ਾਂ ਫਰੋਲ ਸਕਾਂਗੇ, ਜੋ ਭਾਰਤ ਨਾਲ ਦੁਵੱਲੇ ਸਬੰਧ ਹੋਰ ਬੇਹਤਰ ਬਣਾਉਣ ਦੀ ਬਰਤਾਨਵੀ ਸਰਕਾਰ ਦੀ ਨੀਤੀ ਦੇ ਅਨੁਕੂਲ ਹੀ ਹੈ। 
ਬਰਤਾਨਵੀ ਸਰਕਾਰ ਅਤੇ ਯੂਰਪੀਨ ਯੂਨੀਅਨ ਵੱਲੋਂ ਸੰਨ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਮ ਜਨਤਾ ਦੇ ਫਿਰਕੂ ਕਤਲੇਆਮ ਤੋਂ ਪਿੱਛੋਂ ਨਰਿੰਦਰ ਮੋਦੀ ਦੇ ਬਾਈਕਾਟ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਇਸ ਬਿਨਾਅ 'ਤੇ ਕੀਤਾ ਗਿਆ ਸੀ ਕਿ ਗੁਜਰਾਤ ਵਿੱਚ ''ਮਨੁੱਖੀ ਹੱਕਾਂ'' ਦਾ ਭਾਰੀ ਘਾਣ ਹੋਇਆ ਹੈ। ''ਮਨੁੱਖੀ ਹੱਕਾਂ'' ਦੇ ਨਕਾਬ ਪਹਿਨ ਕੇ ਰੱਖਣ ਦੀ ਆਮ ਲੋੜ ਤੋਂ ਇਲਾਵਾ ਪੱਛਮੀ ਸਾਮਰਾਜੀਆਂ ਦੇ ਇਸ ਰੁਖ ਦੇ ਦੋ ਵਿਸ਼ੇਸ਼ ਕਾਰਨ ਸਨ। ਇੱਕ ਇਹ ਕਿ ਗੁਜਰਾਤ ਕਤਲੇਆਮ ਦੌਰਾਨ ਕੁਝ ਬਰਤਾਨਵੀ ਨਾਗਰਿਕ ਵੀ ਮਾਰੇ ਗਏ ਸਨ, ਜਿਸਨੇ ਪੱਛਮੀ ਮੁਲਕਾਂ ਵਿੱਚ ਮੋਦੀ ਖਿਲਾਫ ਰੋਸ ਪੈਦਾ ਕਰ ਦਿੱਤਾ ਸੀ। ਦੂਜਾ ਇਹ ਕਿ ਇੱਕ ਹੱਦ ਤੋਂ ਅੱਗੇ ਫਿਰਕੂ ਬਦਅਮਨੀ ਦੀ ਹਾਲਤ ਸਨਅੱਤੀ ਅਤੇ ਵਪਾਰਕ ਸਰਗਰਮੀਆਂ ਵਿੱਚ ਵਿਘਨ ਪਾਉਣ ਦੀ ਵਜ੍ਹਾ ਬਣਦੀ ਸੀ ਅਤੇ ਮੁਨਾਫਿਆਂ ਨੂੰ ਫੇਟ ਮਾਰਦੀ ਸੀ। ਇਸ ਵਜ੍ਹਾ ਕਰਕੇ ਚਾਹੇ ਮੋਦੀ ਦੇ ਬਾਈਕਾਟ ਦੇ ਐਲਾਨ ਹੋਏ ਅਤੇ ਉਸਨੂੰ ਪੱਛਮੀ ਦੇਸ਼ਾਂ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ, ਪਰ ਆਪਣੇ ਸਰਮਾਏ ਦੀ ਦਿਲਕਸ਼ ਸ਼ਿਕਾਰਗਾਹ ਦੇ ਤੌਰ 'ਤੇ ਪੱਛਮੀ ਸਾਮਰਾਜੀਆਂ ਲਈ ਗੁਜਰਾਤ ਦਾ ਮਹੱਤਵ ਬਣਿਆ ਰਿਹਾ। ਮੋਦੀ ਤੋਂ ਦੂਰੀ ਦਾ ਵਿਖਾਵਾ ਕਾਇਮ ਰੱਖਦਿਆਂ ਅਫਸਰਸ਼ਾਹੀ ਨਾਲ ਲਿੰਕ ਬਣਾ ਕੇ ਰੱਖੇ ਗਏ ਅਤੇ ਗੁਜਰਾਤ ਵਿੱਚ ਸਾਮਰਾਜੀ ਪੂੰਜੀ ਦਾ ਦਾਖਲਾ ਜਾਰੀ ਰਿਹਾ। 
ਸੰਸਾਰੀਕਰਨ ਅਤੇ ਨਵੀਆਂ ਆਰਥਿਕ ਨੀਤੀਆਂ ਦੇ ਦੌਰ ਵਿੱਚ ਮਾਲੀ ਵਸੀਲਿਆਂ ਅਤੇ ਵਿਉਂਤਬੰਦੀ 'ਤੇ ਕੇਂਦਰੀ ਸਰਕਾਰ ਦੀ ਪਕੜ ਉਂਝ ਹੀ ਢਿੱਲੀ ਪੈਂਦੀ ਜਾ ਰਹੀ ਹੈ। ਸਾਮਰਾਜੀ ਸੰਸਥਾਵਾਂ ਵੱਲੋਂ ਸੂਬਾਈ ਹਕੂਮਤਾਂ ਨਾਲ ਸਿੱਧੇ ਰਾਬਤੇ ਦਾ ਮਹੱਤਵ ਵਧਿਆ ਹੋਇਆ ਹੈ। ਮੁੱਖ ਮੰਤਰੀਆਂ ਵਿੱਚ ਬਦੇਸ਼ੀ ਪੂੰਜੀ ਖਿੱਚਣ ਲਈ ਮੁਕਾਬਲੇ ਦੀ ਦੌੜ ਲੱਗੀ ਹੋਈ ਹੈ। ਮੁੱਖ ਮੰਤਰੀਆਂ ਦੇ ਬਦੇਸ਼ ਦੌਰਿਆਂ ਅਤੇ ਬਦੇਸ਼ੀ ਡੈਲੀਗੇਸ਼ਨਾਂ ਦੇ ਸੂਬਿਆਂ ਵਿੱਚ ਦੌਰਿਆਂ ਵਿੱਚ ਤੇਜ਼ੀ ਆਈ ਹੋਈ ਹੈ। 
ਇਹਨਾਂ ਹਾਲਤਾਂ ਵਿੱਚ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਸਾਮਰਾਜੀਆਂ ਦਾ ਵਫ਼ਾਦਾਰ ਅਤੇ ਭਰੋਸੇਯੋਗ ਦਲਾਲ ਸਾਬਤ ਕੀਤਾ ਹੈ। ਉਹ ਬਦੇਸ਼ੀ ਸਰਮਾਏ ਲਈ ਖੁੱਲ੍ਹਾਂ ਬਖਸ਼ਣ ਦੀ ਦੌੜ ਵਿੱਚ ਕਹਿੰਦੇ ਕਹਾਉਂਦੇ ਮੋਹਰੀਆਂ ਵਿੱਚੋਂ ਇੱਕ ਬਣ ਕੇ ਉੱਭਰਿਆ ਹੈ। ਉਸਨੇ ਇਹ ਸਾਬਤ ਕਰਨ ਲਈ ਜ਼ੋਰ ਮਾਰਿਆ ਹੈ ਕਿ ਫਿਰਕੂ ਸਿਆਸਤ ਰਾਹੀਂ ਰਾਜ-ਭਾਗ 'ਤੇ ਜਕੜ ਪੱਕੀ ਕਰਨ ਦਾ ਮੰਤਵ ਹਾਸਲ ਕਰ ਲੈਣ ਪਿੱਛੋਂ, ਉਸਦੀ ਹਕੂਮਤ ਹੇਠ ''ਸਨਅਤੀ ਅਮਨ'' ਸੁਰੱਖਿਅਤ ਹੈ ਅਤੇ ਬਦੇਸ਼ੀ ਪੂੰਜੀਪਤੀ ਬੇਫਿਕਰ ਹੋ ਕੇ ਗੁਜਰਾਤ ਵਿੱਚ ਪੂੰਜੀ ਲਾ ਸਕਦੇ ਹਨ। 
ਇਸੇ ਦੌਰਾਨ ਮੋਦੀ ਨੇ ਆਪਣਾ ਮੁਸਲਮ ਵਿਰੋਧੀ ਅਕਸ ਮੱਧਮ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਜਿਹਾ ਬਦੇਸ਼ੀ ਸਾਮਰਾਜੀਆਂ ਦੀਆਂ ਸੈਨਤਾਂ ਅਤੇ ਦਬਾਅ ਦੇ ਮੱਦੇਨਜ਼ਰ ਕੀਤਾ ਗਿਆ ਹੈ। 
ਇਨ੍ਹਾਂ ਹਾਲਤਾਂ ਵਿੱਚ ਅਖੀਰ ਪੱਛਮੀ ਸਾਮਰਾਜੀਆਂ ਨੇ ਨਰਿੰਦਰ ਮੋਦੀ ਦੇ ਲਹੂ ਲਿੱਬੜੇ ਮੱਥੇ ਨੂੰ, ਵਿਕਾਸ ਦੀ ਸੂਹੀ ਲਾਲੀ ਵਜੋਂ ਕਬੂਲ ਕਰ ਲਿਆ ਹੈ। ਬਰਤਾਨਵੀ ਸਾਮਰਾਜੀਆਂ  ਵੱਲੋਂ ਮੋਦੀ ਨੂੰ ਚਰਨੀਂ ਲਾਉਣ ਦਾ ਫੈਸਲਾ ਇਸੇ ਰੁਖ ਦਾ ਉੱਘੜਵਾਂ ਇਜ਼ਹਾਰ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਸਾਮਰਾਜੀ ਤਾਕਤਾਂ ਸੰਸਾਰ ਭਰ ਵਿੱਚ ਲੋੜ ਅਤੇ ਸਹੂਲਤ ਅਨੁਸਾਰ ਤਾਨਾਸ਼ਾਹਾਂ, ਮੂਲਵਾਦੀਆਂ ਅਤੇ ਫਿਰਕੂ ਹਿੰਸਾ ਦੇ ਵਣਜਾਰਿਆਂ ਦੀਆਂ ਸੇਵਾਵਾਂ ਹਾਸਲ ਕਰਦੀਆਂ ਅਤੇ ਪਿੱਠ ਠੋਕਦੀਆਂ ਆਈਆਂ ਹਨ। ਲੋੜ ਅਨੁਸਾਰ ਉਹਨਾਂ ਨੂੰ ਦੁਰਕਾਰਦੀਆਂ, ਫਿਟਕਾਰਦੀਆਂ ਅਤੇ ਗੱਦੀਆਂ ਤੋਂ ਲਾਂਭੇ ਕਰਦੀਆਂ ਆਈਆਂ ਹਨ। ਪਰ ਸਭਨਾਂ ਹਾਲਤਾਂ ਵਿੱਚ ਸਾਮਰਾਜੀ ਮੁਨਾਫਿਆਂ ਦੇ ਹਿੱਤ ਉਹਨਾਂ ਦਾ ਸ਼੍ਰੋਮਣੀ ਸਰੋਕਾਰ ਰਹੇ ਹਨ। ਇਹ ਸ਼੍ਰੋਮਣੀ ਸਰੋਕਾਰ ਹੀ ਹੁਣ ਨਰਿੰਦਰ ਮੋਦੀ ਨਾਲ ''ਨਿੱਘੇ ਸਬੰਧ''  ਬਣਾਉਣ ਦੇ ਤਾਜ਼ਾ ਪੈਂਤੜੇ ਦੀ ਵਜ੍ਹਾ ਬਣਿਆ ਹੈ। 
ਨਰਿੰਦਰ ਮੋਦੀ ਕੱਛਾਂ ਵਜਾ ਰਿਹਾ ਹੈ। ਉਸਨੇ ਇਹ ਕਹਿ ਕੇ ਬਰਤਾਨਵੀ ਹਕੂਮਤ ਦੇ ਕਦਮ ਦਾ ਸਵਾਗਤ ਕੀਤਾ ਹੈ, ''ਦੇਰ ਆਏ, ਦਰੁਸਤ ਆਏ!'' -੦-

No comments:

Post a Comment