Tuesday, September 20, 2022

ਉਨ੍ਹਾਂ ਲਈ ਸਦੀਵੀ ਹਊਆ ਸੀ ਸ਼ਹੀਦ ਭਗਤ ਸਿੰਘ



ਉਨ੍ਹਾਂ ਲਈ ਸਦੀਵੀ ਹਊਆ ਸੀ ਸ਼ਹੀਦ ਭਗਤ ਸਿੰਘ


 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ। ਇਸ ਬੰਬ ਦਾ ਧਮਾਕਾ ਸਮੁੱਚੇ ਭਾਰਤ ਅੰਦਰ ਹੀ ਗੂੰਜ ਉੱਠਿਆ। ਇਹ ਬੰਬ ਕਿਸੇ ਦੀ ਜਾਨ ਲੈਣ ਵਾਸਤੇ ਨਹੀਂ ਸੀ ਸੁੱਟਿਆ ਗਿਆ। ਇੱਥੋਂ ਤੱਕ ਕਿ ਇਸ ਬੰਬ ਦਾ ਨਿਸ਼ਾਨਾ ਲਾਰਡ ਸਾਈਮਨ ਨੂੰ ਵੀ ਨਹੀਂ ਬਣਾਇਆ ਗਿਆ, ਜਿਹੜਾ ਕਿ ਅਸੈਂਬਲੀ ਵਿੱਚ ਨੇੜੇ ਹੀ ਬੈਠਾ ਸੀ।  ਇਸ ਬੰਬ ਦਾ ਮਨੋਰਥ ਤਾਂ ਅੰਗਰੇਜ਼ ਸਰਕਾਰ ਵੱਲੋਂ ਪਾਸ ਕਰਵਾਏ ਜਾ ਰਹੇ ਫਾਸ਼ੀ ਅਤੇ ਜਾਬਰ ਟਰੇਡ ਡਿਸਪਿਊਟ ਬਿੱਲ ਅਤੇ ਇਸ ਖਿਲਾਫ਼ ਭਾਰਤ ਦੇ ਲੱਖਾਂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਵੱਲੋਂ  ਉਠਾਈ ਜਾ ਰਹੀ ਰੋਹ ਭਰੀ ਆਵਾਜ਼ ਨੂੰ ਅਣਸੁਣਿਆ ਅਤੇ ਅਣਗੌਲਿਆ ਕਰ ਦਿੱਤੇ ਜਾਣ ਪ੍ਰਤੀ ਰੋਸ ਪ੍ਰਗਟ ਕਰਨਾ ਸੀ। ਭਗਤ ਸਿੰਘ ਹੁਰਾਂ ਨੇ ਜਿਹੜਾ ਪਰਚਾ ਇਸ ਬੰਬ ਦੇ ਨਾਲ ਹੀ ਅਸੈਂਬਲੀ ਵਿੱਚ ਸੁੱਟਿਆ ਸੀ, ਉਸ ਵਿੱਚ ਇਸ ਦਾ ਮਨੋਰਥ ਸਾਫ਼ ਅਤੇ ਸਪਸ਼ਟ ਬਿਆਨ ਕੀਤਾ ਸੀ ਕਿ “ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ ।’’


 ਭਗਤ ਸਿੰਘ ਹੁਰਾਂ ਦੀ ਇਸ ਕਾਰਵਾਈ ਨੇ , ਕਰੋੜਾਂ ਭਾਰਤੀ ਲੋਕਾਂ ਦੇ ਸੀਨਿਆਂ ਅੰਦਰ ਧੁਖਦੀ ਗੁਲਾਮੀ ਪ੍ਰਤੀ ਨਫ਼ਰਤ ਨੂੰ ਪਲੀਤਾ ਲਾ ਦਿੱਤਾ। ਉਨ੍ਹਾਂ ਨੂੰ ਦੇਸ਼ ਭਗਤੀ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਸਰਸ਼ਾਰ ਕਰ ਦਿੱਤਾ। ਗਾਂਧੀ ਦੇ ਅਹਿੰਸਾਵਾਦ ਦੇ ਭਰਮਾਊ ਮਖੌਟੇ ਨੂੰ ਤਾਰ ਤਾਰ ਕਰ ਕੇ , ਇਸ ਦਾ ਨਿਪੁੰਸਕ ਅਤੇ ਸਮਝੌਤਾਵਾਦੀ ਖਾਸਾ ਉਜਾਗਰ ਕਰ ਦਿੱਤਾ। ਕਰੋੜਾਂ ਭਾਰਤੀ ਲੋਕਾਂ ਦੇ ਹਿਰਦਿਆਂ ਅੰਦਰ “ਭਾਰਤ ਮਾਤਾ ਦੀ ਜੈ’’ ਦੇ ਨਾਲ  “ਇਨਕਲਾਬ ਜ਼ਿੰਦਾਬਾਦ’’ ਦਾ ਸੁਰਮੇਲ ਕਰਦਿਆਂ, ਕੌਮੀ ਭਾਵਨਾ ਨੂੰ ਇਨਕਲਾਬੀ ਰੰਗਣਾਂ ਨਾਲ ਗੜੁੱਚ ਕਰ ਦਿੱਤਾ।


ਭਾਰਤ ਦੇ ਸਿਆਸੀ ਦਿ੍ਰਸ਼  ’ਤੇ , ਭਗਤ ਸਿੰਘ, ਅਸਮਾਨੀ ਬਿਜਲੀ ਦੇ ਡਿੱਗਣ ਵਾਂਗ ਗਰਜਿਆ। ਉਸ ਦੇ ਇਨਕਲਾਬੀ ਵਿਚਾਰਾਂ ਦੇ ਚਾਨਣ ਨਾਲ ਭਾਰਤ ਦਾ ਆਕਾਸ਼ ਭਰ ਗਿਆ।  ਗਾਂਧੀ ਦੇ ਅਹਿੰਸਾਵਾਦ ਅਤੇ ਸੁਧਾਰਵਾਦ ਦੀ ਧੁੰਦ ਛਟਣੀ ਸ਼ੁਰੂ ਹੋਈ। ਕਾਂਗਰਸ ਦੇ ਇਤਿਹਾਸਕਾਰ ਸੀਤਾ ਰਮੱਈਆ ਨੇ ਖੁਦ ਕਬੂਲਿਆ ਹੈ ਕਿ ਭਗਤ ਸਿੰਘ ਦਾ ਨਾਂ “ਗਾਂਧੀ ਜਿੰਨਾਂ ਹੀ ਮਕਬੂਲ ਹੋ ਗਿਆ ਸੀ। ’’ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ , ਇੰਟੈਲੀਜੈਂਸ ਬਿਊਰੋ ਨੇ ਆਪਣੀਆਂ ਰਿਪੋਰਟਾਂ ਵਿੱਚ ਦਰਜ ਕੀਤਾ ਕਿ ਭਗਤ ਸਿੰਘ “ਗਾਂਧੀ ਨੂੰ ਉਸ ਸਮੇਂ ਦੀ ਸਭ ਤੋਂ ਉੱਭਰਵੀਂ ਸਿਆਸੀ ਸਖਸ਼ੀਅਤ ਵਜੋਂ ਪਿੱਛੇ ਛੱਡਣ ਵਿੱਚ ਕਾਮਯਾਬ ਹੋ ਗਿਆ ਸੀ ।’’      


ਇਹੀ ਕਾਰਨ ਸੀ ਕਿ ਭਗਤ ਸਿੰਘ ਨਾ ਸਿਰਫ਼ ਅੰਗਰੇਜ਼ ਸਾਮਰਾਜੀਆਂ ਲਈ ਅੱਖ ਦਾ ਰੋੜ ਬਣ ਗਿਆ ਸੀ, ਸਗੋਂ ਦਲਾਲ ਸਰਮਾਏਦਾਰੀ ਦੇ ਨੁਮਾਇੰਦੇ ਗਾਂਧੀ ਲਈ ਵੀ ਇੱਕ ਖ਼ਤਰਾ ਤੇ ਹਊਆ ਬਣ ਕੇ ਉੱਭਰਿਆ ਸੀ। ਸੋ ਅੰਗਰੇਜ਼ ਸਾਮਰਾਜੀਏ ਅਤੇ ਗਾਂਧੀ, ਭਗਤ ਸਿੰਘ ਦੇ ਰੂਪ ਵਿੱਚ ਉੱਠ ਰਹੀ ਇਨਕਲਾਬੀ ਚੁਣੌਤੀ ਨੂੰ ਖਤਮ ਕਰਨ ਲਈ ਇੱਕ ਦੂਜੇ ਦੇ ਸਹਿਯੋਗੀ ਬਣੇ। ਅਸੈਂਬਲੀ ਬੰਬ ਕਾਂਡ ਤੋਂ ਤੁਰੰਤ ਬਾਅਦ ਹੀ, ਇਹ ਜਾਣਦਿਆਂ ਹੋਇਆਂ ਵੀ ਕਿ ਇਸ ਬੰਬ ਦਾ ਮਨੋਰਥ ਕਿਸੇ ਦਾ ਜਾਨੀ ਨੁਕਸਾਨ ਕਰਨਾ ਨਹੀਂ ਸੀ, ਅਤੇ ਹਕੀਕਤ ਵਿੱਚ ਕਿਸੇ ਅਸੈਂਬਲੀ ਮੈਂਬਰ ਦੇ ਝਰੀਟ ਤੱਕ ਆਈ ਵੀ ਨਹੀਂ ਸੀ ਤਾਂ ਵੀ ਗਾਂਧੀ ਨੇ ਉਨ੍ਹਾਂ ਨੂੰ ਕਾਤਲ ਦਾ  ਲਕਬ ਦੇ ਕੇ ਕਿਹਾ ਕਿ “ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਾਤਲਾਂ ਨੂੰ ਆਪਣੇ ਗੁਨਾਹਾਂ ਦੇ ਬਦਲੇ ਵੱਡੀ ਤੋਂ ਵੱਡੀ ਸਜ਼ਾ  ਭੁਗਤਣੀ ਪਵੇਗੀ।’’


ਗਾਂਧੀ ਆਪ ਅਕਸਰ ਹੀ ਭੁੱਖ ਹੜਤਾਲਾਂ ਦੇ ਡਰਾਮੇ ਰਚਦਾ ਰਹਿੰਦਾ ਸੀ। ਪਰ ਜਦ ਜੇਲ੍ਹ ਅੰਦਰ ਸਿਆਸੀ ਕੈਦੀਆਂ ਦੀਆਂ ਮੰਗਾਂ ਉਭਾਰਦੇ ਹੋਏ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਕੇ, ਅੰਗਰੇਜ਼ ਅਧਿਕਾਰੀਆਂ ਵੱਲੋਂ ਜਬਰੀ ਖੁਰਾਕ ਦੇ ਸਭ ਹੱਥ-ਕੰਡਿਆਂ ਨੂੰ ਫੇਲ੍ਹ ਕਰਕੇ, ਇਸ ਮਾਮਲੇ ਵਿੱਚ ਹੀ, ਲਾਸਾਨੀ ਆਪਾਵਾਰੂ ਭਾਵਨਾ ਦਾ ਪ੍ਰਗਟਾਵਾ ਕੀਤਾ ਤਾਂ ਸਮੁੱਚੇ ਭਾਰਤ ਅੰਦਰ ਹੀ ਇਨ੍ਹਾਂ ਨੌਜਵਾਨਾਂ ਪ੍ਰਤੀ ਹਮਦਰਦੀ ਦੀ ਭਾਵਨਾ ਦਾ ਹੜ੍ਹ ਆ ਗਿਆ। ਅੰਗਰੇਜ਼ ਅਧਿਕਾਰੀਆਂ ਦੇ ਤਸੀਹਿਆਂ ਸਨਮੁੱਖ ਦਿ੍ਰੜ੍ਹਤਾ, ਸਾਬਤ ਕਦਮੀ ਅਤੇ ਇਨਕਲਾਬੀ ਭਾਵਨਾ ਦਾ ਇੱਕ ਨਵਾਂ ਮੀਲ-ਪੱਥਰ ਸਥਾਪਿਤ ਕਰਦਿਆਂ ਜਤਿੰਦਰ ਨਾਥ ਦਾਸ, 64 ਦਿਨਾਂ ਦੀ ਲੰਮੀ ਤੇ ਲਗਾਤਾਰ ਭੁੱਖ ਹੜਤਾਲ ਉਪਰੰਤ  13 ਸਤੰਬਰ 1929 ਨੂੰ ਸ਼ਹੀਦੀ ਪਾ ਗਿਆ। ਇਸ ਨੇ ਸਮੁੱਚੇ ਭਾਰਤ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ । ਮੁਲਕ ਦੇ ਹਰ ਕੋਨੇ ਅੰਦਰ ਰੋਸ-ਵਿਖਾਵੇ ਹੋਣ ਲੱਗੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ । ਕਲਕੱਤੇ ਅੰਦਰ ਪੰਜ ਲੱਖ ਲੋਕਾਂ ਨੇ ਰੋਸ ਮਾਰਚ ਕੀਤਾ। ਉਸ ਸਮੇਂ ਦੇ ਸਿਆਸੀ ਮਾਹੌਲ ਅੰਦਰ ਏਡਾ ਜਨਤਕ ਵਿਖਾਵਾ, ਆਪਣੇ ਆਪ ਵਿੱਚ ਹੀ ਇੱਕ ਵਿਲੱਖਣ ਗੱਲ ਸੀ। ਭੁੱਖ ਹੜਤਾਲ ਨੂੰ ਵੀ ਜੱਦੋਜਹਿਦ ਦੇ ਇੱਕ ਹਥਿਆਰ ਵਜੋਂ ਵਰਤਣ ਅਤੇ ਇਸ ਰਾਹੀਂ ਗਾਂਧੀ ਦੀ ਵਿਖਾਵੇਬਾਜ਼ੀ ਦੀ ਥਾਂ ਆਪਣੀ ਆਪਾਵਾਰੂ ਭਾਵਨਾ ਦਾ ਪੁਰਜ਼ੋਰ ਪ੍ਰਗਟਾਵਾ ਕਰਨ ਦੇ ਨਤੀਜੇ ਵਜੋਂ , ਇਸ ਮਾਮਲੇ ਅੰਦਰ ਵੀ ਭਗਤ ਸਿੰਘ ਹੋਰੀਂ, ਗਾਂਧੀ ਦੀ ਫੂਕ ਕੱਢਣ ਵਿੱਚ ਕਾਮਯਾਬ ਰਹੇ। ਇਸ ਕਰਕੇ, ਜਦ ਸਾਰਾ ਮੁਲਕ ਭਗਤ ਸਿੰਘ ਹੁਰਾਂ ਪ੍ਰਤੀ ਹਮਦਰਦੀ ਅਤੇ ਹਮਾਇਤ ’ਤੇ  ਖੜ੍ਹਾ ਸੀ ਤਾਂ ਇਹ ਗਾਂਧੀ ਸੀ, ਜਿਹੜਾ ਸੜਿਆ-ਭੁੱਜਿਆ ਬੈਠਾ ਸੀ।  ਭਗਤ ਸਿੰਘ ਹੋਰਾਂ ਵੱਲੋਂ ਸਿਆਸੀ ਕੈਦੀਆਂ ਦੇ ਮਸਲਿਆਂ ’ਤੇ ਵਿੱਢੇ ਇਸ ਸ਼ਾਂਤੀਪੂਰਨ ਸੰਘਰਸ਼ ਪ੍ਰਤੀ ਵੀ, ਹਮਦਰਦੀ ਜਾਂ ਹਮਾਇਤ ਦੇ ਬੋਲ ਉਸ ਦੇ ਮੂੰਹੋਂ ਨਹੀਂ ਨਿੱਕਲੇ।  ਉਸ ਨੇ ਇਸ ਸਭ ਕਾਸੇ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਿਆ। ਉਸ ਨੇ ਖੁਦ ਕਬੂਲਿਆ ਹੈ ਕਿ  “ਇਹ ਇੱਕ ਗੈਰ ਪ੍ਰਸੰਗਕ ਕਾਰਗੁਜ਼ਾਰੀ ਸੀ’’ ਅਤੇ “ਜਤਿੰਦਰ ਨਾਥ ਦਾਸ ਦੀ ਸਵੈ-ਕੁਰਬਾਨੀ ’ਤੇ  ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ, ਕਿਉਂਕਿ ਮੈਂ ਮਹਿਸੂਸ ਕਰਦਾ ਸੀ ਕਿ ਮੇਰੇ ਵੱਲੋਂ ਇਸ ਬਾਰੇ ਲਿਖਣ ਨਾਲ ਮੁਲਕ ਦੇ ਕਾਜ ਦੇ ਫ਼ਾਇਦੇ ਨਾਲੋਂ ਵੱਧ ਨੁਕਸਾਨ ਹੋਵੇਗਾ।’’ 




ਨਹਿਰੂ ਦੀ ਭੂਮਿਕਾ ਵੀ ਗਾਂਧੀ ਨਾਲੋਂ ਕੋਈ ਵੱਖਰੀ ਨਹੀਂ ਸੀ। ਉਸ ਸਮੇਂ ਕਾਂਗਰਸ ਦੇ ਬੁਲਿਟਨ ਅੰਦਰ ਭਗਤ ਸਿੰਘ ਅਤੇ ਸਾਥੀਆਂ ਦੇ ਬਿਆਨ ਦੇ ਕੁਝ ਅੰਸ਼ ਛਾਪੇ ਗਏ ਸਨ। ਇਸ ਬਾਰੇ ਗਾਂਧੀ ਨੇ ਨਹਿਰੂ ਤੋਂ ਪੁੱਛ-ਪੜਤਾਲ ਕੀਤੀ ਤਾਂ ਨਹਿਰੂ ਨੇ ਕਿਹਾ ,“ਮੈਂ ਤਾਂ ਆਪ ਦੋ-ਚਿੱਤੀ ’ਚ ਸੀ, ਮੇਰਾ ਵਿਚਾਰ ਤਾਂ ਇਸ ਨੂੰ ਛੱਡਣ ਦਾ ਸੀ, ਪਰ ਜਦੋਂ ਮੈਂ ਵੇਖਿਆ ਕਿ ਕਾਂਗਰਸ ਦੀਆਂ ਸਫ਼ਾਂ ਅੰਦਰ ਇਸ ਬਿਆਨ ਬਾਰੇ ਵਿਆਪਕ ਪ੍ਰਸ਼ੰਸਾ ਮੌਜੂਦ ਹੈ ਤਾਂ ਮੈਂ ਇਸ ਦੇ ਅੰਸ਼ ਛਾਪਣ ਦਾ ਫੈਸਲਾ ਕਰ ਲਿਆ ।’’ ਭਗਤ ਸਿੰਘ ਹੋਰਾਂ ਦੀ ਭੁੱਖ ਹੜਤਾਲ ਨਾਲ ਵੀ ਨਹਿਰੂ ਅਸਹਿਮਤ ਸੀ। ਉਸ ਨੇ ਖੁਦ ਕਿਹਾ ਕਿ “ਜਿਹੜੇ ਵੀ ਨੌਜਵਾਨ ਇਸ ਵਿਸ਼ੇ ’ਤੇ  ਮੇਰੇ ਨਾਲ ਗੱਲ ਕਰਨ ਆਏ ਮੈਂ ਉਨ੍ਹਾਂ ਨੂੰ ਇਹ ਗੱਲ ਕਹੀ ਹੈ, ਪਰ ਮੈਂ ਇਹ ਯੋਗ ਨਹੀਂ ਸਮਝਿਆ ਕਿ ਇਹ ਭੁੱਖ ਹੜਤਾਲ ਦੀ ਜਨਤਕ ਤੌਰ ’ਤੇ  ਨਿਖੇਧੀ ਕੀਤੀ ਜਾਵੇ।’’ 


ਹਕੀਕਤ ਵਿਚ ਜਨਤਕ ਤੌਰ ’ਤੇ  ਨਿਖੇਧੀ ਨਾ ਕਰਕੇ ਨਹਿਰੂ ਭਗਤ ਸਿੰਘ ਹੋਰਾਂ ਦੇ ਪੱਖ ਵਿੱਚ  ਨਹੀਂ ਸੀ ਭੁਗਤ ਰਿਹਾ, ਆਪਣੇ ਸਿਆਸੀ ਬਿੰਬ ਨੂੰ ਬਚਾ ਕੇ ਰੱਖਣ ਦੇ ਹੀ ਯਤਨ ਕਰ ਰਿਹਾ ਸੀ। ਭਗਤ ਸਿੰਘ ਦੇ ਸਮਾਜਵਾਦ ਬਾਰੇ ਸਾਫ਼ ਸਪਸ਼ਟ ਵਿਚਾਰ, ਧੜੱਲੇਦਾਰ ਲੇਖਣੀ ਅਤੇ ਇਨ੍ਹਾਂ ਵਿਚੋਂ ਝਲਕਦੀ ਦਿ੍ਰੜ੍ਹ ਨਿਹਚਾ ਨੇ, ਕਾਂਗਰਸ ਅੰਦਰਲੇ ਸਮਾਜਵਾਦੀ  ਝੁਕਾ ਵਾਲੇ ਨੌਜਵਾਨਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਉਂ ਨਹਿਰੂ ਦੇ ਪੈਰਾਂ ਹੇਠੋਂ ਵੀ ਜ਼ਮੀਨ ਪੋਲੀ ਹੋਣੀ ਸ਼ੁਰੂ ਹੋ ਗਈ।


ਸੋ, ਸਥਿਤੀ ਅਜਿਹੀ ਬਣ ਰਹੀ ਸੀ ਜਿਸ ਅੰਦਰ ਭਗਤ ਸਿੰਘ ਅਤੇ ਉਸ ਦੇ ਵਿਚਾਰਾਂ ਦਾ ਗਲਾ ਘੁੱਟਣਾ, ਅੰਗਰੇਜ਼ ਸਾਮਰਾਜੀਆਂ ਅਤੇ ਦਲਾਲਾਂ ਦੇ ਨੁਮਾਇੰਦੇ, ਗਾਂਧੀ-ਨਹਿਰੂ  ਹੋਰਾਂ ਦਾ ਸਾਂਝਾ ਹਿੱਤ ਬਣ ਗਿਆ ਸੀ। ਭਾਵੇਂ ਕਿ ਕਾਂਗਰਸੀ ਪ੍ਰਚਾਰਕਾਂ ਨੇ, ਕਾਂਗਰਸ ਦੇ ਮੱਥੇ ਲੱਗੇ ਇਸ ਕਲੰਕ ਦੇ ਟੀਕੇ ਨੂੰ ਸੰਧੂਰੀ ਰੰਗ ਦੇਣ ਲਈ, ਅਨੇਕਾਂ ਭਰਮਾਊ ਯਤਨ ਕੀਤੇ ਹਨ, ਪਰ ਮੂੰਹ ਬੋਲਦੀਆਂ ਹਕੀਕਤਾਂ ਤੇ ਤੱਥਾਂ ਸਨਮੁੱਖ ਇਹ ਵਾਰ ਵਾਰ ਅਸਫਲ ਹੋਏ ਹਨ। ਕਾਂਗਰਸੀ ਇਤਿਹਾਸਕਾਰ ਸੀਤਾ ਰਮੱਈਆ ਲਿਖਦਾ ਹੈ ਕਿ “ਗਾਂਧੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇਨ੍ਹਾਂ ਨੌਜਵਾਨਾਂ ਦੀ ਸਜ਼ਾ ਰੱਦ ਕਰਵਾਉਣ ਵਿਚ ਅਸਫਲ ਰਿਹਾ।’’ ਇਸੇ ਲਹਿਜ਼ੇ ਵਿੱਚ ਨਹਿਰੂ ਬੋਲਦਾ ਹੈ,“ਭਗਤ ਸਿੰਘ ਦੀ ਮੌਤ ਦੀ ਸਜ਼ਾ ਰੱਦ ਕਰਵਾਉਣ ਬਾਰੇ ਗਾਂਧੀ ਵੱਲੋਂ ਕੀਤੀ ਗਈ ਜ਼ੋਰਦਾਰ ਵਕਾਲਤ ਨਾਲ ਸਰਕਾਰ ਸਹਿਮਤ ਨਹੀਂ ਹੋਈ। ਉਸ ਦੀ ਦਰਿਆਫਤ ਅਸਫ਼ਲ ਗਈ।’’ 


 ਜਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ, ਉਸ ਸਮੇਂ ਗਾਂਧੀ-ਇਰਵਿਨ ਵਾਰਤਾਲਾਪ ਚੱਲ ਰਹੀ ਸੀ। ਇਸ ਸਬੰਧੀ ਖ਼ੁਦ ਇਰਵਿਨ ਲਿਖਦਾ ਹੈ ਕਿ 18 ਫਰਵਰੀ 1931 ਨੂੰ ਗਾਂਧੀ ਨੇ ਸਰਸਰੀ ਜਿਹੇ ਢੰਗ ਨਾਲ ਭਗਤ ਸਿੰਘ ਦਾ ਜ਼ਿਕਰ ਕੀਤਾ ਅਤੇ ਉਸ ਨੇ ਸਜ਼ਾ ਨੂੰ ਰੱਦ ਕਰਨ ਦੀ  ਗੱਲ ਨਹੀਂ ਕੀਤੀ। ਉਸ ਨੇ ਮੌਜੂਦਾ ਹਾਲਤਾਂ ਵਿੱਚ ਇਸ ਨੂੰ(ਫਾਂਸੀ ਲਾਏ ਜਾਣ ਨੂੰ ) ਮੁਲਤਵੀ ਕਰਨ ਲਈ ਜ਼ਰੂਰ ਆਖਿਆ।’’ ਇਰਵਿਨ ਦੇ ਇਸ ਬਿਆਨ ਦੀ ਗਵਾਹੀ ਤਾਂ ਖੁਦ ਗਾਂਧੀ ਹੀ ਭਰ ਦਿੰਦਾ ਹੈ। ਇਸ ਮੀਟਿੰਗ ਦਾ ਜ਼ਿਕਰ ਕਰਦਿਆਂ ਉਹ ਬਿਆਨ ਕਰਦਾ ਹੈ ਕਿ ਤੀਜੀ ਹਲਕੀ-ਫੁਲਕੀ ਗੱਲ ਇਹ ਸੀ, ਜਿਸ ਤੋਂ ਉਸ ਨੇ ਅਤੇ ਇਰਵਿਨ ਨੇ ਖ਼ੂਬ ਸੁਆਦ ਲਿਆ। ਇਹ ਭਗਤ ਸਿੰਘ ਬਾਰੇ ਸੀ। “ਮੈਂ ਉਸ ਨੂੰ ਦੱਸਿਆ ਕਿ ਸਾਡੀ ਵਾਰਤਾਲਾਪ ਨਾਲ ਇਸ ਗੱਲ ਦਾ ਕੋਈ ਸਬੰਧ ਨਹੀਂ ਹੈ ਅਤੇ ਮੇਰੇ ਵੱਲੋਂ ਇਸ ਦਾ ਜ਼ਿਕਰ ਕਰਨਾ ਵੀ ਉੱਕਾ ਹੀ ਗੈਰ-ਵਾਜਬ ਹੋਵੇਗਾ। ਪਰ ਜੇ ਤੁਸੀਂ ਮੌਜੂਦਾ ਮਾਹੌਲ ਨੂੰ ਹੋਰ ਵਧੇਰੇ ਸਾਜ਼ਗਾਰ ਬਣਾਉਣਾ ਚਾਹੁੰਦੇ ਹੋ, ਤਾਂ ਤਹਾਨੂੰ ਭਗਤ ਸਿੰਘ ਦੀ ਫਾਂਸੀ ਪਿੱਛੇ ਪਾ ਦੇਣੀ ਚਾਹੀਦੀ ਹੈ।’’ ਇਨ੍ਹਾਂ ਰਿਪੋਰਟਾਂ ਅੰਦਰ ਗਾਂਧੀ ਨੇ ਕਬੂਲ ਕੀਤਾ ਕਿ ਉਹ ਸਜ਼ਾ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ ਤਾਂ ਕਿ ਮੁਲਕ ਅੰਦਰ ਗੈਰ-ਲੋੜੀਂਦੀ ਉਥਲ-ਪੁਥਲ ਨਾ ਪੈਦਾ ਹੋਵੇ।


19 ਮਾਰਚ ਨੂੰ ਗਾਂਧੀ ਨੇ ਇਰਵਿਨ ਤੋਂ ਇਲਾਵਾ ਗ੍ਰਹਿ ਸਕੱਤਰ ਐਮਰਸਨ ਨਾਲ ਵੀ ਮੀਟਿੰਗ ਕੀਤੀ। ਐਮਰਸਨ ਲਿਖਦਾ ਹੈ  “ਗਾਂਧੀ ਦਾ ਇਸ ਗੱਲ ਨਾਲ ਮੈਨੂੰ ਕੋਈ ਵਿਸ਼ੇਸ਼ ਸਰੋਕਾਰ ਨਹੀਂ ਲੱਗਿਆ।’’ ਗਾਂਧੀ ਨੇ ਸਗੋਂ ਫਾਂਸੀ ਤੋਂ ਬਾਅਦ ਪੈਦਾ ਹੋਣ ਵਾਲੀ ਬਦਅਮਨੀ ਵਾਲੀ ਸਥਿਤੀ ਸੰਬੰਧੀ ਐਮਰਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਦੋਂ ਐਮਰਸਨ ਨੇ ਇਸ ਗੱਲ ਵੱਲ ਧਿਆਨ ਦੁਆਇਆ ਕਿ ਅਗਲੇ ਦਿਨ ਹੀ ਸੁਭਾਸ਼ ਬੋਸ ਦੀ ਅਗਵਾਈ ਹੇਠ ਦਿੱਲੀ ਵਿਚ ਹੀ ਕਾਂਗਰਸੀਆਂ ਦੀ ਇੱਕ ਮੀਟਿੰਗ ਹੋ ਰਹੀ ਹੈ ਤਾਂ ਮਹਾਤਮਾ ਨੇ ਕਿਹਾ, “ਮੈਂ ਸਾਰੀ ਸੰਭਵ ਉਪਾਅ ਪਹਿਲਾਂ ਹੀ ਕਰ ਲਏ ਹਨ। ਮੇਰਾ ਸੁਝਾਅ ਹੈ ਕਿ ਉੱਥੇ ਨਾ ਤਾਂ ਜ਼ਿਆਦਾ ਪੁਲੀਸ ਤਾਕਤ ਦਾ ਮੁਜ਼ਾਹਰਾ ਕੀਤਾ ਜਾਵੇ ਅਤੇ ਨਾ ਹੀ ਮੀਟਿੰਗ ਵਿੱਚ ਦਖ਼ਲਅੰਦਾਜ਼ੀ ਕੀਤੀ ਜਾਵੇ। ਬਿਨਾਂ ਸ਼ੱਕ, ਲੋਕਾਂ ਵਿਚ ਔਖ ਮੌਜੂਦ ਹੈ। ਪਰ ਬਿਹਤਰ ਇਹੀ ਹੋਵੇਗਾ ਕਿ ਜੇ ਇਹ ਮੀਟਿੰਗ ਵਗੈਰਾ ਰਾਹੀਂ ਹੀ ਖਾਰਜ ਹੋ ਜਾਵੇ।’’


  ਇਉਂ ਗਾਂਧੀ ਨੇ ਵੀ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਵਿਚਾਰਾਂ ਦਾ ਗਲਾ ਘੁੱਟਣ ਵਿੱਚ ਅੰਗਰੇਜ਼ ਸਾਮਰਾਜੀਆਂ ਦੀ ਕੋਸ਼ਿਸ਼ ਵਿੱਚ ਆਪਣਾ ਯੋਗਦਾਨ ਪਾਇਆ। ਅੰਗਰੇਜ਼ ਅਤੇ ਗਾਂਧੀ ਦੋਵੇਂ ਹੀ ਸੋਚਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਲਾ ਕੇ ਉਹ ਇਸ ਹਊਏ ਤੋਂ ਨਿਜ਼ਾਤ ਪਾ ਲੈਣਗੇ। ਪਰ ਭਗਤ ਸਿੰਘ ਫਾਂਸੀ ਦੇ ਰੱਸੇ ਨੂੰ ਚੁੰਮਕੇ, ਲੋਕਾਂ ਦੇ ਸੀਨਿਆਂ ਵਿੱਚ ਡੂੰਘਾ ਉੱਤਰ ਗਿਆ। ਭਗਤ ਸਿੰਘ ਉਨ੍ਹਾਂ ਦਾ ਇੱਕ ਅਮਰ ਨਾਇਕ ਬਣ ਗਿਆ।


ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ, ਅੰਗਰੇਜ਼ ਸਰਕਾਰ ਦੇ ਅਮਨ ਕਾਨੂੰਨ ਕਾਇਮ ਰੱਖਣ ਦੇ ਕੀਤੇ ਸਾਰੇ ਇੰਤਜ਼ਾਮਾਂ ਅਤੇ ਮਹਾਤਮਾ ਗਾਂਧੀ ਵੱਲੋਂ ਲੋਕਾਂ ਦੀ ਔਖ ਅਤੇ ਗੁੱਸੇ ਨੂੰ ਰਸਮੀ ਬੁੜਬੁੜ ਰਾਹੀਂ ਖਾਰਜ ਕਰਨ ਦੇ  ਸਭ ਯਤਨਾਂ ਦੇ ਬਾਵਜੂਦ ਵੀ,  ਲੋਕਾਂ ਦਾ ਗੁੱਸਾ ਠੱਲ੍ਹਿਆ ਨਹੀਂ ਗਿਆ। ਮੁਲਕ ਭਰ ਅੰਦਰ ਹੀ ਥਾਂ ਥਾਂ ਲੋਕਾਂ ਨੇ ਖਾੜਕੂ ਵਿਰੋਧ ਪ੍ਰਦਰਸ਼ਨ ਕੀਤੇ। ਪੁਲਸ ਨਾਲ ਟੱਕਰਾਂ ਲਈਆਂ। ਗਾਂਧੀ ਦਾ ਇੱਕ ਚੇਲਾ ਅਤੇ ਆਜ਼ਾਦੀ ਦਾ ਇਤਿਹਾਸਕਾਰ ਤੇਂਦੁਲਕਰ ਲਿਖਦਾ ਹੈ, ਕਿ  ਫਾਂਸੀ ਤੋਂ ਤੁਰੰਤ ਬਾਅਦ “ਸਮੁੱਚਾ ਭਾਰਤ ਹੀ ਭਗਤ ਸਿੰਘ  ਜ਼ਿੰਦਾਬਾਦ’’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। 24 ਮਾਰਚ 1931 ਨੂੰ ਸ਼ੋਕ ਦਿਹਾੜੇ ਵਜੋਂ ਮਨਾਇਆ ਗਿਆ। ਲਾਹੌਰ ਵਿੱਚ ਤਾਂ ਅਧਿਕਾਰੀਆਂ ਨੇ ਯੂਰਪੀਅਨ ਔਰਤਾਂ ਨੂੰ ਦਸ ਦਿਨਾਂ ਤੱਕ ਘਰਾਂ ਵਿਚੋਂ ਬਾਹਰ ਨਾ ਨਿਕਲਣ ਲਈ ਖ਼ਬਰਦਾਰ ਕਰ ਦਿੱਤਾ ਸੀ। ਬੰਬਈ ਅਤੇ  ਮਦਰਾਸ ਅੰਦਰ ਗੁੱਸੇ ਵਿੱਚ ਭਰੇ ਲੋਕਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤੇ। ਕਲਕੱਤੇ ਅੰਦਰ ਹਥਿਆਰਬੰਦ ਗਸ਼ਤੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ। ਮੁਜ਼ਾਹਰਾਕਾਰੀਆਂ ਨੇ ਅਨੇਕਾਂ ਥਾਵਾਂ ’ਤੇ ਪੁਲੀਸ ਨਾਲ ਝੜੱਪਾਂ ਲਈਆਂ ਇਨ੍ਹਾਂ ਝੜਪਾਂ ਅੰਦਰ 141 ਵਿਅਕਤੀ ਮਾਰੇ ਗਏ ਅਤੇ 586 ਜ਼ਖਮੀ ਹੋਏ। ‘‘ ਇਉਂ ਲਗਭਗ ਦੋ ਹਫਤੇ ਸਮੁੱਚਾ ਭਾਰਤ ਭਗਤ ਸਿੰਘ ਨੂੰ ਫਾਂਸੀ ਖ਼ਿਲਾਫ਼ ਗੁੱਸੇ ਅਤੇ ਸ਼ੋਕ ਵਿੱਚ ਗ੍ਰਸਤ ਰਿਹਾ। ਕਾਂਗਰਸ ਦੇ ਕਰਾਚੀ ਸੈਸ਼ਨ ਦੌਰਾਨ ਦੋ ਲੱਖ ਲੋਕਾਂ ਨੇ ਰੋਸ ਜਲੂਸ ਕੱਢਿਆ। “ਗਾਂਧੀ, ਨਹਿਰੂ, ਪਟੇਲ -ਵਾਪਸ ਜਾਓ’’ ਦੇ ਨਾਅਰੇ ਲਾਏ ਅਤੇ ਗਾਂਧੀ ਨੂੰ ਕਾਲੇ ਫੁੱਲ ਭੇਂਟ ਕੀਤੇ ਗਏ।


 ਅੰਗਰੇਜ਼ਾਂ ਦੀਆਂ ਦਬਾਊ ਅਤੇ ਗਾਂਧੀ ਦੀਆਂ  ਭੜਕਾਊ ਕੋਸ਼ਿਸ਼ਾਂ ਦੇ ਬਾਵਜੂਦ ਵੀ ਭਗਤ ਸਿੰਘ ਲੋਕਾਂ ਦੇ ਦਿਲਾਂ ਅੰਦਰ ੳੱੁਤਰ ਗਿਆ। ਰਮਤੇ ਗਾਇਕਾਂ  ਨੇ ਉਸ ਦੀਆਂ ‘‘ਘੋੜੀਆਂ’’, ਜੋੜੀਆਂ ਅਤੇ ਪਿੰਡ ਪਿੰਡ ਅੰਦਰ ਗਾਉਂਦੇ ਫਿਰਨ ਲੱਗੇ। ਕਵੀਸ਼ਰਾਂ ਅਤੇ ਢਾਡੀਆਂ ਨੇ ਭਗਤ ਸਿੰਘ ਦੀਆਂ ਵਾਰਾਂ ਲਿਖੀਆਂ ਅਤੇ ਗਾਈਆਂ। ਕਵੀਆਂ ਨੇ ਭਗਤ ਸਿੰਘ ਦੇ ਕਿੱਸੇ ਲਿਖੇ। ਇਉਂ ਭਗਤ ਸਿੰਘ ਭਾਰਤੀ ਲੋਕਾਂ ਦਾ ਸਭ ਤੋਂ ਮਹਿਬੂਬ ਸ਼ਹੀਦ ਨਾਇਕ ਬਣ ਗਿਆ। ਭਾਵੇਂ ਭਗਤ ਸਿੰਘ ਨੂੰ ਸ਼ਹੀਦ ਕਰਕੇ ਸਾਮਰਾਜੀਆਂ ਅਤੇ ਉਨ੍ਹਾਂ ਦੇ ਦਲਾਲ ਕਾਂਗਰਸੀਆਂ ਨੇ -1947 ਵਿੱਚ ਕੀਤੇ ਸਮਝੌਤੇ ਲਈ ਰਾਹ ਪੱਧਰਾ ਕਰ ਲਿਆ ਸੀ, ਪਰ ਭਗਤ ਸਿੰਘ ਦਾ ਮਹਿਬੂਬ ਨਾਇਕ ਦਾ ਬਿੰਬ, ਉਸਦੇ “ਇਨਕਲਾਬ ਜ਼ਿੰਦਾਬਾਦ’’ ਅਤੇ “ਸਾਮਰਾਜਵਾਦ ਮੁਰਦਾਬਾਦ’’ ਦੇ ਨਾਅਰੇ ਅਤੇ ਉਸ ਦੇ ਪਰਪੱਕ ਇਨਕਲਾਬੀ ਸੋਝੀ ਨਾਲ ਭਰਪੂਰ ਲਿਖਤਾਂ ਤੇ ਵਿਚਾਰ ਮਜਦੂਰਾਂ, ਮਿਹਨਤਕਸ਼ਾਂ, ਨੌਜਵਾਨਾਂ ਅਤੇ ਇਨਕਲਾਬ ਤਾਂਘਦੇ ਨਿੱਤ ਨਵੇਂ ਤੁਰਨ ਵਾਲੇ ਕਾਫਲਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ। ਇਨਕਲਾਬ ਦੀ ਅਟੱਲਤਾ ਤੇ ਲੋਕਾਂ ਦੀ ਇਤਿਹਾਸ ਸਿਰਜਣ ਦੀ ਸ਼ਕਤੀ ਅਗੰਮੀ ਸ਼ਕਤੀ ਬਣ ਗਏ। ਉਸ ਦੇ ਰੋਮ ਰੋਮ ਵਿਚੋਂ ਝਲਕਦੀ ਆਪਾ ਵਾਰੂ ਭਾਵਨਾ, ਇਨਕਲਾਬੀ ਧੜੱਲਾ, ਕਰਮਸ਼ੀਲਤਾ ਨਵੇਂ ਉੱਠ ਰਹੇ ਇਨਕਲਾਬੀਆਂ ਲਈ ਮਿਸਾਲ ਬਣ ਗਏ। ਇਉਂ ਭਗਤ ਸਿੰਘ, ਸ਼ਹੀਦ ਹੋ ਕੇ, ਅਮਰ ਹੋ ਗਿਆ ਅਤੇ ਸਾਮਰਾਜਵਾਦੀਆਂ ਅਤੇ ਗਾਂਧੀਵਾਦੀਆਂ ਲਈ ਸਦਾ ਲਈ ਹਊਆ ਬਣ ਗਿਆ।


(ਇਹ ਲਿਖਤ ਸੁਨੀਤੀ ਕੁਮਾਰ ਘੋਸ਼ ਦੀ ਕਿਤਾਬ “ਇੰਡੀਆ ਐਂਡ ਦਾ ਰਾਜ’’ (ਗਰੰਥ ਪਹਿਲਾ) ਦੀ ਇਬਾਰਤ  ’ਤੇ ਆਧਾਰਤ ਹੈ ।)   

No comments:

Post a Comment