Friday, September 16, 2022

ਅਸਲ ਆਜ਼ਾਦੀ ਦੇ ਅਰਥ ਉਘਾੜਦੇ ਨੌਜਵਾਨ

 ਅਸਲ ਆਜ਼ਾਦੀ ਦੇ ਅਰਥ ਉਘਾੜਦੇ ਨੌਜਵਾਨ


ਮੋਦੀ ਹਕੂਮਤ ਵੱਲੋਂ ਮੁਲਕ ਦੀ ਅਖੌਤੀ ਅਜ਼ਾਦੀ ਦੇ 75ਵੇਂ ਵਰ੍ਹੇ ਮੋਕੇ ਦੋਸ਼ ਦੇ ਲੋਕਾਂ ਨੂੰ ਅਜ਼ਾਦੀ ਦੇ ਜਸ਼ਨਾਂ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਹਕੂਮਤ ਵੱਲੋਂ ਆਪਣੇ ਸਾਰੇ ਸੰਦ ਸਾਧਨਾਂ ਰਾਹੀਂ ਧੂੰਆਧਾਰ ਪ੍ਰਚਾਰ ਕੀਤਾ ਗਿਆ ਕਿ ਲੋਕ, ਹਕੂਮਤ ਵੱਲੋਂ ਮੁਲਕ ਦੇ ਮਾਲ ਖਜ਼ਾਨੇ ਬਾਹਰਲੀਆਂ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ,  ਸਾਮਰਾਜੀ ਕੰਪਨੀਆਂ ਵੱਲੋਂ ਹੋ ਰਹੀ ਲੋਕਾਂ ਦੀ ਲੁੱਟ, ਵਧਦੀ ਮਹਿੰਗਾਈ ਕਾਰਨ ਘਟਦੀ ਆਮਦਨ ਕਰਕੇ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ , ਨਿਤ ਦਿਨ ਵਾਪਰ ਰਹੀਆਂ ਅਣਹੋਣੀਆਂ ਘਟਨਾਵਾਂ ਤੇ ਵਧਦੀ ਸਮਾਜਿਕ ਅਸੁਰੱਖਿਆ ਆਦਿ ਭੁੁੱਲ ਕਿ ਇਸ ਅਖੌਤੀ ਆਜ਼ਾਦੀ ’ਤੇ ਮਾਣ ਕਰਨ ਤੇ ਘਰ ਘਰ ਤਿਰੰਗਾ ਝੰਡਾ ਲਹਿਰਾਉਣ। ਪਲ-ਪਲ ਗੁਲਾਮੀ ਦਾ ਅਹਿਸਾਸ ਹੰਢਾਉਦੇ ਲੋਕਾਂ ਨੂੰ ਜ਼ੋਰਦਾਰ ਪ੍ਰਚਾਰ ਦੇ ਸਿਰ ’ਤੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ‘ਉਹ ਆਜ਼ਾਦ ਹਨ।’ ਮੁਲਕ ਤਰੱਕੀ ਕਰ ਰਿਹਾ ਹੈ। ਮੁਲਕ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ। 

ਨੌਜਵਾਨ ਭਾਰਤ ਸਭਾ ਵੱਲੋਂ ਇਸ  ਨਕਲੀ ਅਜ਼ਾਦੀ ਦਾ ਪਰਦਾਚਾਕ ਕਰਨ ਤੇ ਅਸਲ ਅਜ਼ਾਦੀ ਦੇ ਅਰਥ ਦਰਸਾਉਣ ਲਈ ਬਠਿੰਡੇ ਜਿਲ੍ਹੇ ’ਚ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਮੀਟਿੰਗਾਂ, ਰੈਲੀਆਂ ਜਥੇਬੰਦ ਕੀਤੀਆਂ ਗਈਆਂ। ਨਥਾਣਾ ਇਲਾਕੇ ਅੰਦਰ ਗਿੱਦੜ, ਖੇਮੂਆਣਾ, ਕੋਠਾ ਗੁਰੂ , ਗੁਰੂਸਰ, ਮਲੂਕਾ, ਸੰਗਤ ਇਲਾਕੇ ’ਚੋਂ ਘੁੱਦਾ, ਕੋਟਗੁਰੂ, ਨਰੂਆਣਾ, ਜੰਡੀਆਂ, ਪਥਰਾਲਾ ਤੇ ਕੋਟਲੀ ਵਿੱਚ ਆਪ ਤੇ ਲੋਕ ਮੋਰਚਾ ਪੰਜਾਬ ਨਾਲ ਸਾਂਝੇ ਰੂਪ ਵਿੱਚ ਜਨਤਕ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ। ਨਿਹਾਲ ਸਿੰਘ ਵਾਲਾ ਇਲਾਕੇ ’ਚ ਚਾਰ ਪੰਜ ਪਿੰਡਾਂ ਦੀ ਸਾਂਝੀ ਮੀਟਿੰਗ ਜਥੇਬੰਦ ਕੀਤੀ ਗਈ। ਮੀਟਿੰਗਾਂ ਦੌਰਾਨ ਮੋਦੀ ਹਕੂਮਤ ਵੱਲੋਂ ਆਜ਼ਾਦੀ ਬਾਰੇ ਝੂਠੇ ਪ੍ਰਚਾਰ ਨੂੰ ਨਕਾਰਦਿਆਂ ਕਿਹਾ ਗਿਆ ਕਿ 1947 ਵੇਲੇ ਮੁਲਕ ਦੇ ਲੋਕਾਂ ਨਾਲ ਆਜ਼ਾਦੀ ਦੇ ਨਾਂ ’ਤੇ ਧੋਖਾ ਹੋਇਆ। ਹਕੀਕੀ ਆਜ਼ਾਦੀ ਨਹੀਂ ਆਈ , ਸਿਰਫ ਸੱਤਾ ਬਦਲੀ ਹੋਈ । ਸੱਤਾ ਅੰਗਰੇਜ਼ ਸਾਮਰਾਜੀਆਂ ਦੇ ਹੱਥਾਂ ’ਚੋਂ ਨਿੱਕਲ ਕੇ ਭਾਰਤੀ ਸਰਮਾਏਦਾਰਾਂ ਤੇ ਜਗੀਰਦਾਰਾਂ ਹੱਥ ਆ ਗਈ। ਬਰਤਾਨਵੀ ਸਾਮਰਾਜ ਪਰਦੇ ਪਿੱਛੇ ਹੋ ਗਿਆ। ਪਰ ਅੱਜ ਮੁਲਕ ’ਤੇ ਹੋਰ ਕਿੰਨੇ ਹੀ ਸਾਮਰਾਜੀ ਮੁਲਕਾਂ ਦਾ ਗਲਬਾ ਹੈ। ਹਜ਼ਾਰਾਂ ਬਹੁਕੌਮੀ ਕੰਪਨੀਆਂ ਮੁਲਕ ਦੇ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਸੰਸਾਰ ਬੈਂਕ, ਡਬਲਿਊ ਟੀ ਓ.,  ਆਈ ਐਮ ਐਫ ਸਾਮਰਾਜੀ ਸੰਸਥਾਵਾਂ ਦੇ ਇਸ਼ਾਰਿਆਂ ’ਤੇ ਲੋਕਾਂ ਦੇ ਪੈਸੇ ਨਾਲ ਉਸਾਰੇ ਵੱਖ ਵੱਖ ਮਹਿਕਮੇ ਸਿੱਖਿਆ, ਸਿਹਤ, ਬਿਜਲੀ, ਰੇਲਾਂ, ਹਵਾਈ ਅੱਡੇ, ਸੜਕਾਂ , ਧਰਤੀ ਹੇਠਲੇ ਬਹੁਮੁੱਲੇ ਖਣਿਜ, ਤੇਲ ਸਭ ਕਾਰਪੋਰੇਟਾਂ ਨੂੰ ਸੰਭਾਏ ਜਾ ਰਹੇ ਹਨ। ਲੋਕਾਂ ਦੀ ਜ਼ਿੰਦਗੀ ਮੰਦਹਾਲੀ ’ਚ ਧੱਕੀ ਜਾ ਰਹੀ ਹੈ। 

31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸਹੀਦੀ ਦਿਹਾੜੇ ਨੂੰ ਇਸੇ ਮੁਹਿੰਮ ਦੇ ਹਿੱਸੇ ਵਜੋਂ ਮਨਾਉਦੇ ਹੋਏ ਖੇਮੂਆਣਾ ਤੇ ਗੁਰੂਸਰ ’ਚ ਜਨਤਕ ਇੱਕਤਰਤਾਵਾਂ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਭਾ ਦੇ ਆਗੂਆਂ ਨੇ ਸੁਨੇਹਾ ਦਿੱਤਾ ਕਿ ਸ਼ਹੀਦ ਊਧਮ ਸਿੰਘ, ਜਿਸਨੇ ਇੰਗਲੈਂਡ ਜਾ ਕੇ ਸਰ ਮਾਈਕਲ ਉਡਵਾਇਰ ਨੂੰ ਮਾਰ ਕੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ, ਬਰਤਾਨਵੀ ਸਾਮਰਾਜ ਖਿਲਾਫ ਕੌਮੀ ਵੰਗਾਰ ਦਾ ਚਿੰਨ੍ਹ ਸੀ। ਸ਼ਹੀਦ ਊਧਮ ਸਿੰਘ ਦੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਉਚਿਆਉਦਿਆਂ ਸ਼ਹੀਦ ਦੇ ਦੱਸੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ। ਲੋਕਾਂ ਨੂੰ ਆਪਣੇ ਚੱਲ ਰਹੇ ਸੰਘਰਸ਼ਾਂ ਦੀ ਧਾਰ ਦੇਸੀ ਸਰਮਾਏਦਾਰੀ ਤੇ ਜਗੀਰਦਾਰੀ ਦੇ ਨਾਲ ਨਾਲ ਅਸਲੀ ਦੁਸਮਣ ਸਾਮਰਾਜ ਖਿਲਾਫ ਤਿੱਖੀ ਕਰਨ ਦਾ ਜੋਰਦਾਰ ਸੱਦਾ ਦਿੱਤਾ।    

No comments:

Post a Comment