Friday, September 16, 2022

ਰੂਸ ਤੇ ਚੀਨ ਦੇ ਅਕਤੂਬਰ ਇਨਕਲਾਬ ਪ੍ਰੇਰਨਾ ਦੇ ਸੋਮੇ ਹੋ ਕੇ ਜਗਦੇ ਹਨ

 ਦੋ ਇਨਕਲਾਬਾਂ ਦੀ ਵਰ੍ਹੇਗੰਢ.....

ਰੂਸ ਤੇ ਚੀਨ ਦੇ ਅਕਤੂਬਰ ਇਨਕਲਾਬ ਪ੍ਰੇਰਨਾ ਦੇ ਸੋਮੇ ਹੋ ਕੇ ਜਗਦੇ ਹਨ

ਸੋਵੀਅਤ ਯੂਨੀਅਨ ਅੰਦਰ ਕਾ.ਸਟਾਲਿਨ ਦੀ ਸੁਚੱਜੀ ਅਗਵਾਈ ਹੇਠ ਸਮਾਜਵਾਦ ਦੀ ਉਸਾਰੀ ਦੇ ਕਿ੍ਰਸ਼ਮਿਆਂ ਤੋਂ ਦੁਨੀਆ ਦੰਗ ਰਹਿ ਗਈ ਸੀ। ਖੂੰਖਾਰ ਫਾਸ਼ੀਵਾਦ ਉੱਪਰ ਜਿੱਤ ਸਮਾਜਵਾਦ ਦੀ ਹੀ ਇੱਕ ਕਰਾਮਾਤ ਬਣੀ ਸੀ। ਦਰਜਨ ਭਰ ਹੋਰ ਦੇਸ਼ਾਂ ਅੰਦਰ ਲੋਕ-ਜਮਹੂਰੀਅਤ ਦੀ ਜਿੱਤ ਅਤੇ ਸਮਾਜਵਾਦ ਵੱਲ ਵਧਦੇ ਕਦਮਾਂ ਨੇ ਸਮਾਜਵਾਦੀ ਪ੍ਰਬੰਧ ਦੀ ਠੁੱਕ-ਵੁੱਕਤ ਅਤੇ ਸ਼ਾਨ ਨੂੰ ਅੰਬਰੀਂ ਪੁਚਾ ਦਿੱਤਾ ਸੀ।


ਪਰ ਆਪਣੀ ਬੇਵੁਕਤੀ ਅਤੇ ਨਮੋਸ਼ੀ ਦਾ ਭੰਨਿਆ ਪੂੰਜੀਵਾਦ, ਸੰਸਾਰ ਦਾਬੇ ਲਈ ਲਲ੍ਹਕਦਾ ਸਾਮਰਾਜਵਾਦ ਅਤੇ ਆਪਣੇ ‘ਖੁੱਸ ਚੁੱਕੇ ਸਵਰਗਾਂ’ ਨੂੰ ਮੁੜ ਹਾਸਲ ਕਰਨ ਲਈ ਤੜਫਦੀਆਂ ਇਹਨਾਂ ਦੇਸ਼ਾਂ ਦੀਆਂ ਲੋਟੂ ਢਾਣੀਆਂ, ਜਿਹੜੀਆਂ ਸਦਾ ਹੀ ਸਮਾਜਵਾਦ ਨੂੰ ਅੰਦਰੋਂ ਤੇ ਬਾਹਰੋਂ ਢਾਅ ਲਾਉਣ ਅਤੇ ਰਾਹ ਵਿੱਚ ਕੰਡੇ ਖਿਲਾਰਨ ਵਿੱਚ ਗਲਤਾਨ ਰਹਿੰਦੀਆਂ ਸਨ, ਅਜੇ ਬੇਹਿੱਸ ਅਤੇ ਬੇਜਾਨ ਨਹੀਂ ਸੀ ਹੋਇਆ। ਉਹਨਾਂ ਆਪਣੇ ਢੰਗ ਬਦਲ ਲਏ ਸਨ, ਪੈਂਤੜੇ ਬਦਲ ਲਏ ਸਨ। ਸਮਾਜਵਾਦ ਦੇ ਕਿਲ੍ਹੇ, ਨੂੰ ਬਾਹਰੋਂ ਜਿੱਤਣ ਵਿੱਚ ਅਸਮਰੱਥ ਹੋਣ ਤੋਂ ਬਾਅਦ ਉਹਨਾਂ ਅੰਦਰੋਂ ਸੰਨ੍ਹ ਲਾਉਣ ਦੇ ਯਤਨ ਤੇਜ਼ ਕਰ ਦਿੱਤੇ ਸਨ। ਕਾ. ਸਟਾਲਿਨ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਆਪਣੇ ਇਹਨਾਂ ਮਨਸ਼ਿਆਂ ਵਿੱਚ ਕਾਮਯਾਬ ਹੋ ਗਏ। ਸਾਮਰਾਜ ਦੇ ਸੇਵਕ ਸੋਧਵਾਦੀਆਂ ਨੇ ਪਹਿਲਾਂ ਪਾਰਟੀ ਅਤੇ ਫਿਰ ਰਾਜ ਪ੍ਰਬੰਧ ਉੱਪਰ ਕਬਜ਼ਾ ਕਰ ਲਿਆ ਅਤੇ ਸਮਾਜਵਾਦ ਨੂੰ ਪੁੱਠਾ ਗੇੜਾ ਦੇ ਕੇ ਮੁੜ ਪੂੰਜੀਵਾਦ ਦੀ ਉਸਾਰੀ ਦੇ ਰਾਹ ਪਾ ਦਿੱਤਾ। 

ਇਹ ਸੰਸਾਰ ਕਮਿਊਨਿਸਟ ਲਹਿਰ ਨੂੰ, ਇਨਕਲਾਬੀ ਲਹਿਰ ਨੂੰ, ਇਨਕਲਾਬੀ ਜਮਹੂਰੀ ਲਹਿਰ ਨੂੰ ਅਤੇ ਸਮਾਜਵਾਦ ਦੀ ਉਸਾਰੀ ਦੇ ਇਤਿਹਾਸਕ ਅਮਲ ਨੂੰ ਲੱਗੀ ਪਹਿਲੀ ਵੱਡੀ ਸੱਟ ਸੀ। ਸਮਾਜਵਾਦ ਦਾ ਇੱਕ ਕਿਲ੍ਹਾ ਢਹਿ ਢੇਰੀ ਹੋ ਗਿਆ ਸੀ। 

ਪਰ ਇਸ ਸਮੇਂ ਹੀ ਕਾ. ਮਾਓ ਦੀ ਅਗਵਾਈ ਵਿੱਚ ਚੀਨ ਅੰਦਰ ਸਮਾਜਵਾਦ ਦੀ ਤੇਜ਼ ਰਫ਼ਤਾਰ ਤਰੱਕੀ ਅਤੇ ਸਮਾਜਵਾਦ ਵੱਲ “ਲੰਬੀ ਛਾਲ” ਤੋਂ ਬਾਅਦ ਸੱਭਿਆਚਾਰਕ ਇਨਕਲਾਬ ਤੇ ਤਰਥੱਲਪਾਊ ਉਤਸ਼ਾਹੀ ਵਰਤਾਰੇ ਨੇ, ਕਮਿਊਨਿਸਟਾਂ ਅਤੇ ਇਨਕਲਾਬੀਆਂ ਅੰਦਰ ਪਹਿਲੀ ਸੱਟ ਦੀ ਪੀੜ ਨੂੰ ਕਾਫੀ ਘਟਾ ਦਿੱਤਾ ਸੀ। ਉਹਨਾਂ ਨੇ ਉਤਸ਼ਾਹ, ਹੌਂਸਲੇ ਅਤੇ ਇਰਾਦੇ ਨੂੰ ਮੁੜ ਨਵਾਂ ਹੁਲਾਰਾ ਦਿੱਤਾ ਸੀ। ਸਮੁੰਦਰ ਦੀਆਂ ਛੱਲਾਂ ਵਾਂਗ ਲਗਾਤਾਰ ਉਠ ਰਹੀਆਂ ਇਨਕਲਾਬੀ ਲਹਿਰਾਂ ਅਤੇ ਇਨਕਲਾਬ ਦੇ ਰੁਝਾਨ ਨੇ, ਸੋਵੀਅਤ ਯੂਨੀਅਨ ਅੰਦਰ ਸਰਮਾਏਦਾਰਾ ਮੁੜ-ਬਹਾਲੀ ਦੀ ਟੀਸ ਨੂੰ ਮੱਧਮ ਪਾ ਦਿੱਤਾ ਸੀ। 

ਪਰ ਕਾ. ਮਾਓ ਦੀ ਮੌਤ ਤੋਂ ਬਾਅਦ, ਚੀਨ ਅੰਦਰ ਵੀ, ਸੋਧਵਾਦੀਆਂ ਦੇ ਸੱਤਾ ਉੱਪਰ ਭਾਰੂ ਹੋ ਜਾਣ ਨਾਲ ਸੰਸਾਰ ਕਮਿਊਨਿਸਟ ਲਹਿਰ ਨੂੰ ਇੱਕ ਹੋਰ ਵੱਡੀ ਸੱਟ ਲੱਗੀ। ਚੀਨ ਅੰਦਰ ਸਮਾਜਵਾਦ ਦੇ ਖਿੰਡਣ ਨਾਲ, ਸੰਸਾਰ ਅੰਦਰੋਂ ਇੱਕ ਵੇਰ ਤਾਂ ਸਮਾਜਵਾਦ ਦਾ ਹਕੀਕੀ ਸਰੂਪ ਅਲੋਪ ਹੋ ਗਿਆ। ਕਮਿਊਨਿਸਟਾਂ ਤੇ ਇਨਕਲਾਬੀਆਂ ਲਈ ਇਹ ਵਰਤਾਰਾ ਜ਼ਿਆਦਾ ਦੁੱਖਦਾਈ ਹੋ ਨਿਬੜਿਆ। ਹੁਣ ਸਰਮਾਏਦਾਰੀ ਚਾਂਭੜਾਂ ਪਾਉਣ ਲੱਗੀ ਸੀ, ਸਾਮਰਾਜ ਅਤੇ ਪਿਛਾਖੜ ਮੁੜ ਪੱਟਾਂ ’ਤੇ ਥਾਪੀਆਂ ਮਾਰਨ ਲੱਗ ਪਏ ਸਨ। 

ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਤਾਂ ਇਹਨਾਂ ਨੇ ਇਹ ਧਮੱਚੜ ਪਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਮਾਰਕਸਵਾਦ ਫੇਲ੍ਹ ਹੋ ਗਿਆ ਹੈ। ਸਮਾਜਵਾਦ ਮਰ ਚੁੱਕਿਆ ਹੈ। ਭਾਵੇਂ ਕਿ ਸੋਵੀਅਤ ਯੂਨੀਅਨ ਅੰਦਰ ਤਾਂ 1956 ਵਿੱਚ ਹੀ ਸਮਾਜਵਾਦ ਦਾ ਭੋਗ ਪੈ ਗਿਆ ਸੀ। ਇੱਥੇ ਰਾਜ ਸੱਤਾ ’ਤੇ ਭਾਰੂ ਹੋਈ ਅਫ਼ਸਰਸ਼ਾਹ ਸਰਮਾਏਦਾਰ ਜਮਾਤ ਨੇ ਆਪਣੇ ਹਿੱਤਾਂ ਦੇ ਵਧਾਰੇ-ਪਸਾਰੇ ਲਈ ਹੀ ਸਮਾਜਵਾਦ ਦੇ ਤਾਬੂਤ ਨੂੰ ਕਾਇਮ ਰੱਖ ਕੇ ਇਸ ਦੇ ਅੰਦਰ ਸਰਮਾਏਦਾਰੀ  ਦੀ ਪਾਲਣਾ-ਪੋਸਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਜਦ 80 ਵਿਆਂ ਦੀ ਸ਼ੁਰੂਆਤ ’ਤੇ ਸਰਮਾਏਦਾਰੀ ਦਾ ਸੰਕਟ ਇਸ ਕਦਰ ਤਿੱਖਾ ਹੋ ਗਿਆ ਸੀ ਕਿ ਹੁਣ ਇਹ ਇਸ ਤਾਬੂਤ ਦੇ ਅੰਦਰ ਕੈਦ ਨਹੀਂ ਸੀ ਰਹਿ ਸਕਦੀ ਤਾਂ ਇਹ ਇਸ ਖੋਲ ਨੂੰ ਪਾੜ ਕੇ ਨੰਗੇ ਮੂੰਹ ਬਾਹਰ ਨਿੱਕਲ ਆਈ ਅਤੇ ਇਹ ਤਾਬੂਤ ਕੀਚਰਾਂ-ਕੀਚਰਾਂ ਹੋ ਗਿਆ। ਸੋਧਵਾਦੀਆਂ ਅੰਦਰ, ਇਸ ਤਾਬੂਤ ਦੇ ਖਿੰਡ ਭਖਰ ਜਾਣ ਨਾਲ, ਜਿਸ ਨੂੰ ਉਹ ਸਮਾਜਵਾਦ ਗਰਦਾਨ ਕੇ ਦਹਾਕਿਆਂ ਤੋਂ ਸਿਜਦੇ ਕਰਦੇ ਆ ਰਹੇ ਸਨ, ਲੋਕਾਂ ਅੰਦਰ ਘਚੋਲਾ ਪਾਉਂਦੇ ਆ ਰਹੇ ਸਨ ਇੱਕ ਸੋਗ ਪਸਰ ਗਿਆ, ਮੁਰਦੇਹਾਣੀ ਛਾ ਗਈ। ਇਸ ਸਮੇਂ ਸਾਮਰਾਜੀ ਅਤੇ ਪਿਛਾਖੜੀ ਤਾਕਤਾਂ ਨੇ, ਜਿਨ੍ਹਾਂ ਲਈ ਇਨਕਲਾਬ ਦਾ, ਸਮਾਜਵਾਦ ਦਾ, ਮਾਰਕਸਵਾਦ ਦਾ ਸਿਧਾਂਤ ਹੀ, ਸਦਾ ਇੱਕ ਹਊਆ ਬਣਿਆ ਰਿਹਾ ਹੈ, (ਅਤੇ ਰਹਿਣਾ ਹੈ) ਉਹਨਾਂ ਮਾਰਕਸਵਾਦ ਅਤੇ ਸਮਾਜਵਾਦ ਖ਼ਿਲਾਫ਼ ਤਿੱਖੀ ਵਿਚਾਰਧਾਰਕ ਸਿਆਸੀ ਮੁਹਿੰਮ ਵਿੱਢ ਦਿੱਤੀ। ਸਮਾਜਵਾਦ ਦੀ ਵਕਤੀ ਹਾਰ ਅਤੇ ਇਸ ਤੁਅੱਸਬੀ ਭਟਕਾਊ ਮੁਹਿੰਮ ਸਨਮੁੱਖ ਅਨੇਕਾਂ ਹੀ ਉਹ ਜਿਨ੍ਹਾਂ ਲਈ ਸਮਾਜਵਾਦ ਇੱਕ ਜਮਾਤੀ ਲੋੜ ਨਹੀਂ,  ਸਗੋਂ ਇੱਕ ਰੁਮਾਂਟਿਕ ਬਿੰਬ ਸੀ, ਸਿਰ ਫੜ ਕੇ ਬਹਿ ਗਏ। ਨਾ ਸਿਰਫ਼ ਖ਼ੁਦ ਨਿਰਾਸ਼ਤਾ ਅਤੇ ਘਚੋਲੇ ਦੇ ਚੱਕਰਾਂ ਵਿੱਚ ਪੈ ਗਏ, ਸਗੋਂ ਅਗਾਂਹ ਵੀ ਵਰਤਾਉਣ ਲੱਗੇ। 

ਪਰ, ਸਿਦਕੀ ਅਤੇ ਨਿਹਚਾਵਾਨ ਕਮਿਊਨਿਸਟ ਇਨਕਲਾਬੀ ਘੁਲਾਟੀਆਂ ਲਈ, ਮਜ਼ਦੂਰ ਜਮਾਤ ਲਈ, ਲੁੱਟ ਅਤੇ ਜਬਰ ਦੇ ਸਤਾਏ ਮਿਹਨਤਕਸ਼ ਲੋਕਾਂ ਲਈ, ਸਮਾਜਵਾਦ ਮਹਿਜ ਇੱਕ ਰੁਮਾਂਟਿਕ ਸੁਪਨਾ ਨਹੀਂ, ਸਗੋਂ ਲੁੱਟ ਅਤੇ ਦਾਬੇ ਤੋਂ ਮੁਕਤੀ ਦਾ ਇੱਕ ਹਕੀਕੀ ਸੁਪਨਾ ਹੈ। ਜ਼ਿੰਦਗੀ ਦੀ ਇੱਕ ਧੜਕਦੀ ਤਾਂਘ ਹੈ, ਇੱਕ ਬਾਹਰਮੁਖੀ ਜਮਾਤੀ ਲੋੜ ਹੈ, ਇੱਕ ਇਤਿਹਾਸਿਕ ਫਰਜ਼ ਹੈ। ਸੋ ਬਾਹਰਮੁਖੀ ਤੌਰ ’ਤੇ ਦੇਖਿਆ ਉਹਨਾਂ ਲਈ ਸਮਾਜਵਾਦੀ ਰਾਜਾਂ ਅੰਦਰ ਸਰਮਾਏਦਾਰੀ ਦੀ ਮੁੜ-ਬਹਾਲੀ ਅੰਤਿਮ ਹਾਰ ਨਹੀਂ ਹੈ, ਸਗੋਂ ਇੱਕ ਨਾਕਾਮਯਾਬੀ ਹੀ ਬਣੀ ਹੈ। ਉਹਨਾਂ ਵਿੱਚ ਇਸ ਨਾ-ਕਾਮਯਾਬੀ, ਦੁੱਖਦਾਈ ਸੱਟ ਅਤੇ ਤਾਕਤਾਂ ਨੂੰ ਲੱਗੀ ਢਾਹ ਨਾਲ ਉਦਾਸੀ ਅਤੇ ਫ਼ਿਕਰਮੰਦੀ ਤਾਂ ਜਾਗੀ ਹੈ ਅਤੇ ਜਾਗਣੀ ਵੀ ਚਾਹੀਦੀ ਹੈ, ਪਰ ਨਿਰਾਸਤਾ ਨਹੀਂ। ਕਿਉਂਕਿ ਉਹ ਆਪਣੇ ਦਰੁਸਤ ਸਿਧਾਂਤ ਦੀ ਬਦੌਲਤ ਮਨੁੱਖਤਾ ਦੇ ਤਜਰਬੇ ਦੇ ਆਧਾਰ ’ਤੇ ਇਹ ਜਾਣਦੇ ਹਨ ਕਿ ਯੁੱਗ ਪਲਟਾਊ ਇਨਕਲਾਬਾਂ ਅਤੇ ਤਬਦੀਲੀਆਂ ਅੰਦਰ ਅਨੇਕਾਂ ਹਾਰਾਂ-ਜਿੱਤਾਂ ਹੁੰਦੀਆਂ ਹਨ ਅਤੇ ਸੱਟਾਂ-ਫੇਟਾਂ ਲੱਗਦੀਆਂ ਹਨ। ਪਰ ਅਖ਼ੀਰ ਜਿੱਤ ਸੱਚਾਈ ਦੀ, ਮਨੁੱਖਤਾ ਦੀ, ਲੋਕਾਂ ਦੀ ਹੁੰਦੀ ਹੈ। ਅੱਜ ਵੀ ਸੰਸਾਰ ਭਰ ਅੰਦਰ ਸਾਮਰਾਜ ਤੇ ਪਿਛਾਖੜ ਖ਼ਿਲਾਫ਼ ਹਰ ਕਿਸਮ ਦੇ ਲੁੱਟ ਅਤੇ ਦਾਬੇ ਖ਼ਿਲਾਫ਼ ਉੱਠ ਰਹੇ ਲੋਕਾਂ ਦੇ ਸੰਘਰਸ਼ ਅਤੇ ਖੁਦ ਸਾਮਰਾਜੀਆਂ ਦਾ ਸੰਕਟ-ਦਰ-ਸੰਕਟ ਵਿੱਚ ਫਸਦੇ ਜਾਣਾ, ਇਸੇ ਹਕੀਕਤ ਦੀ, ਇਨਕਲਾਬ ਦੀ ਅਟੱਲ ਜਿੱਤ ਦੀ ਸ਼ਾਹਦੀ ਭਰਦੇ ਹਨ। 

ਬਿਨਾਂ ਸ਼ੱਕ ਪਿਛਲੇਰੇ ਵਰ੍ਹਿਆਂ ਅੰਦਰ ਸੋਧਵਾਦ ਰਾਹੀਂ ਸਰਮਾਏਦਾਰੀ ਸਮਾਜਵਾਦ ਦੇ ਕਿਲ੍ਹਿਆਂ ਨੂੰ ਢਾਹੁਣ ਵਿੱਚ ਵਕਤੀ ਤੌਰ ’ਤੇ ਸਫ਼ਲ ਨਿੱਬੜੀ ਹੈ, ਪਰ ਇਸ ਹਕੀਕਤ ਦੀ ਇੱਕ ਦੂਜਾ ਪੱਖ ਵੀ ਹੈ। ਜਿਉਂ ਹੀ ਇੱਥੇ ਸਰਮਾਏਦਾਰੀ ਨੰਗੇ ਮੂੰਹ ਨੱਚਣ ਲੱਗੀ ਹੈ ਤਾਂ ਲੋਕਾਂ ਸਨਮੁੱਖ ਇਸ ਦਾ ਕਰੂਪ ਚਿਹਰਾ ਵੀ ਨਸ਼ਰ ਹੋ ਗਿਆ ਹੈ। ਜਮਾਤੀ ਲੁੱਟ-ਦਾਬਾ ਅਤੇ ਪਾਟਕ, ਭੁੱਖ-ਨੰਗ, ਗਰੀਬੀ, ਮੰਦਹਾਲੀ ਅਤੇ ਬੇਰੁਜ਼ਗਾਰੀ, ਕੌਮੀ ਜਬਰ ਅਤੇ ਧੱਕੇਸ਼ਾਹੀ ਆਦਿ ਸਭ ਅਲਾਮਤਾਂ ਪ੍ਰਤੱਖ ਹੋ ਗਈਆਂ ਹਨ। ਸੰਸਾਰ ਭਰ ਦੇ ਮਜ਼ਦੂਰਾਂ, ਕਿਸਾਨਾਂ, ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਸਨਮੁੱਖ ਸਮਾਜਵਾਦ ਦੀਆਂ ਬਰਕਤਾਂ ਅਤੇ ਸਰਮਾਏਦਾਰੀ ਦੀਆਂ ਕਰਤੂਤਾਂ ਦੀ ਅਸਲੀਅਤ ਹੋਰ ਵੀ ਉਘੜ ਆਈ ਹੈ। ਸਿੱਟੇ ਵਜੋਂ ਸਰਮਾਏਦਾਰੀ ਪ੍ਰਬੰਧ ਆਪਣੀ ਸਾਰੀ ਬੂ-ਕਲਾਪ ਦੇ ਬਾਵਜੂਦ “ਲੋਕਾਂ ਲਈ ਸਮਾਜਵਾਦ ਤੋਂ ਬੇਹਤਰ ਹੋਰ ਕੋਈ ਪ੍ਰਬੰਧ ਨਹੀਂ ਹੈ” ਸੰਕਲਪ ਨੂੰ ਮੇਟਣ-ਮੇਸਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋਈ ਹੈ। ਅੱਜ ਭਾਵੇਂ ਸਭ ਸਾਮਰਾਜੀਏ ਸਰਮਾਏਦਾਰੀ ਪ੍ਰਬੰਧ ਦੇ ਉੱਤਮ ਅਤੇ ਅਮਰ ਹੋਣ ਦੀ ਆਰਤੀ ਉਤਾਰ ਰਹੇ ਹਨ, ਪਰ ਉਹਨਾਂ ਕੋਲ, ਮਨੁੱਖ ਵੱਲੋਂ ਮਨੁੱਖ ਦੀ ਲੁੱਟ ਖਤਮ ਕਰਨ ਦੇ ਸੁਆਲ ਦਾ, ਜਮਾਤੀ ਲੁੱਟ-ਜਬਰ ਅਤੇ ਦਾਬੇ ਨੂੰ ਖਤਮ ਕਰਨ ਦੇ ਮਸਲੇ ਦਾ, ਅਮੀਰ ਅਤੇ ਗਰੀਬ ਵਿਚਲੇ ਪਾੜੇ ਨੂੰ ਮੇਟਣ ਦਾ, ਬੇਰੁਜ਼ਗਾਰੀ ਅਤੇ ਮੰਦਹਾਲੀ ਦੀ ਜੜ੍ਹ ਪੁੱਟ ਕੇ ਸਮੂਹ ਲੋਕਾਂ ਲਈ ਬਰਾਬਰੀ ਅਤੇ ਖੁਸ਼ਹਾਲੀ ਸਥਾਪਤ ਕਰਨ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਉਸ ਕੋਲ ਇਸ ਸੁਆਲ ਦਾ ਵੀ ਕੋਈ ਜੁਆਬ ਨਹੀਂ ਹੈ ਕਿ ਸਮਾਜਵਾਦ ਤੋਂ ਇਲਾਵਾ ਮਨੁੱਖਤਾ ਲਈ ਹੋਰ ਕਿਹੜੀ ਬੇਹਤਰ ਵਿਵਸਥਾ ਹੈ। ਇਹਨਾਂ ਸਭ ਸੁਆਲਾਂ ਦਾ ਜੁਆਬ ਸਿਰਫ਼ ਤੇ ਸਿਰਫ਼ ਹਕੀਕੀ ਤੇ ਵਿਗਿਆਨਕ ਸਮਾਜਵਾਦ ਕੋਲ ਹੀ ਹੈ। ਇਸ ਦੇ ਸਿਧਾਂਤ ਮਾਰਕਸਵਾਦ ਕੋਲ ਹੀ ਹੈ। ਸਾਮਰਾਜ ਦੀ ਇਸ ਝਲਿਆਈ ਮੁਹਿੰਮ ਦੇ ਬਾਵਜੂਦ ਵੀ, ਅੱਜ ਸਮਾਜਵਾਦ ਕੁਲੀ, ਗੁੱਲੀ ਅਤੇ ਜੁੱਲੀ ਨੂੰ ਤਰਸਦੇ ਕਰੋੜਾਂ ਲੋਕਾਂ ਦੀਆਂ ਅੱਖਾਂ ਵਿੱਚ ਤੈਰਦਾ ਹੋਇਆ ਇੱਕ ਸੁਪਨਾ ਹੈ। ਉਜਰਤੀ ਗੁਲਾਮੀ ਦੀਆਂ ਕੜੀਆਂ ਵਿੱਚ ਜਕੜੇ ਕਰੋੜਾਂ ਮਜ਼ਦੂਰਾਂ ਅਤੇ ਜਾਗੀਰੂ ਬੰਧਨਾਂ ਵਿੱਚ ਤੜਫਦੇ ਕਰੋੜਾਂ ਬੇ-ਜ਼ਮੀਨੇ ਤੇ ਗਰੀਬ ਕਿਸਾਨਾਂ ਦੇ ਦਿਲਾਂ ਵਿੱਚ ਲੁੱਟ ਤੇ ਜਬਰ ਤੋਂ ਮੁਕਤੀ ਲਈ ਧੜਕਦੀ ਇੱਕ ਰੀਝ ਹੈ। ਲੱਖਾਂ ਹੀ ਜਿਉਣ ਜੋਗੇ ਨੌਜਵਾਨਾਂ ਦੇ ਸੀਨਿਆਂ ਅੰਦਰ ਅਣਖ, ਸਵੈਮਾਨ ਅਤੇ ਬਰਾਬਰੀ ਭਰਪੂਰ ਜ਼ਿੰਦਗੀ ਦਾ ਇੱਕ ਅਰਮਾਨ ਹੈ। 

ਅੱਜ ਰੂਸ ਅਤੇ ਚੀਨ ਦੇ ਅਕਤੂਬਰ ਇਨਕਲਾਬ, ਇਹਨਾਂ ਸੁਪਨਿਆਂ, ਰੀਝਾਂ ਅਤੇ ਅਰਮਾਨਾਂ ਦਾ ਪੂਰਤੀ ਲਈ, ਅਜਿਹੇ ਹੀ ਹੋਰ ਹੰਭਲੇ ਮਾਰਨ ਲਈ ਪ੍ਰੇਰਨਾ ਦੇ ਸੋਮੇ ਹਨ। ਸੰਸਾਰ ਸਾਮਰਾਜ ਅਤੇ ਪਿਛਾਖੜੀ ਤਾਕਤਾਂ ਦੇ ਗੜ੍ਹਾਂ ਨੂੰ ਸੰਨ੍ਹ, ਲਾਉਣ ਅਤੇ ਢਾਹੁਣ ਦੀ ਇੱਕ ਤਰਕੀਬ ਹਨ। ਸਾਮਰਾਜੀ ਲੁੱਟ ਅਤੇ ਦਾਬੇ ਤੋਂ ਮਨੁੱਖਤਾ ਦੀ ਨਿਜ਼ਾਤ ਲਈ ਸੰਘਰਸ਼ ਦਾ ਮਾਰਗ ਦਰਸ਼ਨ ਹਨ।       ਸਮੂਹਕ ਬਰਾਬਰੀ ਅਤੇ ਭਾਈਚਾਰੇ ਦੇ ਆਧਾਰ ’ਤੇ ਆਜ਼ਾਦ, ਮਾਣ-ਮੱਤੀ ਅਤੇ ਖੁਸ਼ਹਾਲ ਜ਼ਿੰਦਗੀ ਜਿਉਣ ਦੀ ਵਿਵਸਥਾ ਦਾ, ਸਮਾਜੀ ਪ੍ਰਬੰਧ ਦਾ ਨਮੂਨਾ ਹਨ ਅਤੇ ਇਹ ਜਮਾਤੀ ਸਮਾਜ ਦੇ ਹੋਂਦ ਵਿੱਚ ਆਉਣ ਵੇਲੇ ਤੋਂ ਮਨੁੱਖਾਂ ਵਿਚਕਾਰ ਅਮੀਰੀ-ਗਰੀਬੀ ਜਾਬਰ-ਮਜਲੂਮ ਅਤੇ ਤਕੜੇ ਮਾੜੇ ਵਿਚਲੇ ਫਰਕਾਂ ਨੂੰ ਮੇਟਣ ਦੀ ਸੁਹਿਰਦ ਮਨੁੱਖਤਾਵਾਦੀ ਸੋਚ ਅਤੇ ਅਮਲ ਦਾ ਸਿਖ਼ਰ ਹਨ।   

No comments:

Post a Comment