Friday, September 16, 2022

ਅਕਾਲੀ ਸਿਆਸਤਦਾਨ ਅਤੇ ਸ਼ਹੀਦ ਭਗਤ ਸਿੰਘ

 ਪੁਰਾਣੀਆਂ ਫਾਇਲਾਂ ’ਚੋਂ......

ਅਕਾਲੀ ਸਿਆਸਤਦਾਨ ਅਤੇ ਸ਼ਹੀਦ ਭਗਤ ਸਿੰਘ

ਸਾਮਰਾਜ ਭਗਤੀ ਅੱਜ ਦੇ ਅਕਾਲੀ ਸਿਆਸਤਦਾਨਾਂ ਦੇ ਹੱਡਾਂ ’ਚ ਰਚੀ ਹੋਈ ਹੈ। ਮੌਕਾਪ੍ਰਸਤ ਅਕਾਲੀ ਸਿਆਸਤਦਾਨਾਂ ਚਾਹੇ “ਸਿੱਖ ਰਾਜ” ਦਾ ਦਾਅਵਾ ਜਤਾਉਣ ਲਈ ਇਹ ਕਹਿੰਦੇ ਹਨ ਕਿ ਮੁਲਕ ਦੀ ਆਜ਼ਾਦੀ ਲਈ 99 ਫੀਸਦੀ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਨ-ਪਰ ਜਦੋਂ ਉਹ ਬਰਤਾਨਵੀ ਸਾਮਰਾਜੀਆਂ ਵੱਲ ਮੂੰਹ ਕਰਦੇ ਹਨ ਤਾਂ ਇਹ ਕਹਿ ਕੇ “ਸਿੱਖ ਰਾਜ” ਲਈ ਹਮਾਇਤ ਮੰਗਦੇ ਹਨ ਕਿ “ਮਹਾਨ ਬਰਤਾਨਵੀ ਸਾਮਰਾਜ” ਦੀਆਂ ਹੱਦਾਂ ਨੂੰ ਫੈਲਾਉਣ ਲਈ ਸਿੱਖਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ। ਸਾਮਰਾਜ ਭਗਤੀ ਦੀ ਇਹ ਭਾਵਨਾ 1982 ’ਚ ਸੰਤ ਲੌਂਗੋਵਾਲ ਵੱਲੋਂ ਮਹਾਰਾਣੀ ਐਲਿਜ਼ਬੈਬ ਨੂੰ ਲਿਖੀ ਚਿੱਠੀ ’ਚੋਂ ਵੀ ਡੁਲ੍ਹ-ਡੁਲ੍ਹ ਪੈਂਦੀ ਹੈ, ਸਿਮਰਨਜੀਤ ਸਿੰਘ ਮਾਨ ਵੱਲੋਂ ਅਮਰੀਕੀ ਸਾਮਰਾਜੀਆਂ ਨੂੰ ਪੰਜਾਬ ’ਚ ਸਰਮਾਇਆ ਲਾਉਣ ਦੇ ਸੱਦਿਆਂ ’ਚੋਂ ਵੀ ਅਤੇ ਬਾਦਲ-ਟੌਹੜਾ ਤੇ ਹੋਰ ਅਕਾਲੀ ਸਿਆਸਤਦਾਨਾਂ ਵੱਲੋਂ ਸਮੇਂ-ਸਮੇਂ ਸਾਮਰਾਜੀ ਚੌਧਰ ਵਾਲੀਆਂ ਕੌਮਾਂਤਰੀ ਸੰਸਥਾਵਾਂ ਦੀ ਪ੍ਰਕਰਮਾਂ ’ਚੋਂ ਵੀ।

ਇਹੋ ਕਾਰਨ ਹੈ ਕਿ ਅਕਾਲੀ ਸਿਆਸਤਦਾਨ ਭਾਰਤ ਦੀ ਸਾਮਰਾਜ ਵਿਰੋਧੀ ਲਹਿਰ ਦੇ ਨਾਇਕਾਂ ਨੂੰ ਉਵੇਂ ਹੀ ਧੁਰ ਅੰਦਰੋਂ ਨਫ਼ਰਤ ਕਰਦੇ ਹਨ ਜਿਵੇਂ ਗਾਂਧੀਵਾਦੀ ਕਾਂਗਰਸੀ ਲੀਡਰਸ਼ਿਪ ਕਰਦੀ ਹੈ। ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਲੋਕਾਂ ’ਚ ਬਣੀ ਮਾਨਤਾ ਦਾ ਲਾਹਾ ਲੈਣ ਲਈ ਅਕਾਲੀ ਸਿਆਸਤਦਾਨ ਉਸਦਾ ਇੱਕ ਸਿੱਖ ਵਾਲਾ ਬਿੰਬ ਉਭਾਰਨ ਦੇ ਯਤਨ ਕਰਦੇ ਰਹੇ ਹਨ ਅਤੇ ਦੂਜੇ ਪਾਸੇ ਉਸਦੇ ਰੋਲ ਅਤੇ ਕੁਰਬਾਨੀ ਦੀ ਅਹਿਮੀਅਤ ਨੂੰ ਛੁਟਿਆਉਣ ਅਤੇ ਨਕਾਰਨ ਲਈ ਵੀ ਤਾਣ ਲਾਉਂਦੇ ਰਹੇ ਹਨ। ਕੁੱਝ ਅਰਸੇ ਤੋਂ ਫੇਰ ਕੁੱਝ ਅਖੌਤੀ ਬੁੱਧੀਜੀਵੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਸੰਬੰਧੀ ਘਚੋਲਾ ਪਾਉਣ ਅਤੇ ਉਸਦੀ ਸ਼ਹੀਦੀ ਨੂੰ ਛੁਟਿਆਉਣ ਦੀ ਕੋਸ਼ਿਸ਼ ਇਸੇ ਸ਼ਾਜਿਸ਼ ਦਾ ਹਿੱਸਾ ਹੈ। ਪਰ ਇਹ ਆਪਣੇ ਆਪ ’ਚ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ “ਅਨੰਦਪੁਰ ਦੇ ਮਤੇ” ਦੇ ਜਨਮ ਦਾਤਾ ਕਹੇ ਜਾਂਦੇ ਸ੍ਰੀ ਕਪੂਰ ਸਿੰਘ ਆਈ.ਏ.ਐਸ. ਵੱਲੋਂ ਲਿਖੀ ਪੁਸਤਕ “ਸੱਚੀ ਸਾਖੀ” ’ਚ ਸ਼ਹੀਦ ਭਗਤ ਸਿੰਘ ਪ੍ਰਤੀ ਨਫ਼ਰਤ ਦਾ ਇਜ਼ਹਾਰ ਬਹੁਤ ਨੰਗੇ ਚਿੱਟੇ ਰੂਪ ’ਚ ਪ੍ਰਗਟ ਕੀਤਾ ਗਿਆ ਹੈ। ਇਹ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਹੈ। 1993 ’ਚ ਫੇਰ ਇਸਦਾ ਤੀਸਰਾ ਐਡੀਸ਼ਨ ਛਪਿਆ ਹੈ। ਕਿਤਾਬ ਦੇ ਅੱਗੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਟੌਹੜਾ ਦਾ ਨੋਟ ਹੈ। 

ਇਸ ਪੁਸਤਕ ’ਚ ਸ਼ਹੀਦ ਭਗਤ ਸਿੰਘ ਦੀ ਫੋਟੋ ਵੀ ਹੈ- ਪਰ ਉਸ ਨਾਲ “ਸ਼ਹੀਦ” ਨਹੀਂ ਲਿਖਿਆ ਗਿਆ, ਜਦੋਂ ਕਿ ਦਰਸ਼ਨ ਸਿੰਘ ਫੇਰੂਮਾਨ ਦੀ ਫੋਟੋ ਨਾਲ “ਸ਼ਹੀਦ” ਲਿਖਿਆ ਗਿਆ ਹੈ। ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਉਕਾਈ ਨਹੀਂ ਹੈ ਸਗੋਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਵਜੋਂ ਮਿਟਾ ਦੇਣ ਦੀ ਸੋਚੀ ਸਮਝੀ ਕੋਸ਼ਿਸ਼ ਹੈ। ਪੁਸਤਕ ਦੇ ਸਫਾ 68 ’ਤੇ ਕਪੂਰ ਸਿੰਘ ਆਈ.ਏ.ਐਸ. ਅਕਾਲੀ ਲੀਡਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸ਼ਹੀਦ ਭਗਤ ਸਿੰਘ ਪ੍ਰਤੀ ਨਜ਼ਰੀਆ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਹੁੰਦਾ ਹੈ:“ਅਸਾਡੇ ਕੁੱਝ ਦੇਸ਼ ਵਾਸੀ ਭਗਤ ਸਿੰਘ ਨੂੰ “ਸ਼ਹੀਦੇ-ਆਜ਼ਮ” ਕਹਿੰਦੇ ਹਨ, ਪ੍ਰੰਤੂ ਭਗਤ ਸਿੰਘ ਨੂੰ “ਸ਼ਹੀਦ” ਕਹਿਣਾ ਹੀ, ਬਿਲਕੁਲ ਅਯੋਗ ਤੇ ਅਗਿਆਨ ਆਸਤੁ ਹੈ, “ਸ਼ਹੀਦੇ-ਆਜ਼ਮ” ਹੋਣਾ ਤਾਂ ਬੜੇ ਦੂਰ ਦੀ ਗੱਲ ਹੈ। “ਸ਼ਹੀਦ” ਪਦ ਪਦਵੀ ਦੋ ਲਕਸ਼ਣਾਂ ਉੱਤੇ ਅਧਾਰਤ ਹੈ।(1) ਮਿ੍ਰਤੂ ਪ੍ਰਾਪਤ ਕਰਨ ਵਾਲਾ ਆਪਣੇ ਕਿਸੇ ਦਿ੍ਰੜ੍ਹ ਧਾਰਮਿਕ ਨਿਸ਼ਚਾ, ਵਿਸ਼ਵਾਸ਼, ਈਮਾਨ, ਅਕੀਦੇ ਦੀ ਕਤਈ ਗਵਾਹੀ ਆਪਣੀ ਜਾਨ ਵਾਰਕੇ ਦੇਣ ਲਈ ਤਤਪਰ ਹੋਵੇ (2) ਮਿ੍ਰਤੂ ਪ੍ਰਾਪਤ ਕਰਨ ਤੋਂ ਪਹਿਲਾਂ ਉਸਨੂੰ ਆਪਣਾ ਵਿਸ਼ਵਾਸ਼ ਅਕੀਦਾ ਤਿਆਗ ਕੇ, ਜਾਨ ਬਚਾਉਣ ਦੀ ਖੁਲ੍ਹ ਹੋਵੇ। ਜਿੱਥੇ ਇਹ ਦੋਵੇਂ ਲਕਸ਼ਣ ਪੂਰਨ ਤੌਰ ’ਤੇ ਲਾਗੂ ਨਾ ਹੁੰਦੇ ਹੋਣ, ਉੱਥੇ ‘ਸ਼ਹੀਦੀ’ ਦੀ ਗੱਲ ਕਰਨਾ ਨਿਰਮੂਲ ਹੈ, ਕੁਰਬਾਨੀ ਭਾਵੇਂ ਕਿਤਨੀ ਵੀ ਵੱਡੀ, ਕਿਤਨੇ ਵੀ ਮਹਾਨ ਮੰਤਵ ਲਈ, ਕਿਤਨੀ ਵੀ ਦਲੇਰੀ ਨਾਲ ਕਿਉਂ ਨਾ ਦਿੱਤੀ ਗਈ ਹੋਵੇ। ਭਗਤ ਸਿੰਘ ਦੇ ਫਾਂਸੀ ਚੜ੍ਹਨ ਉੱਤੇ ਇਹ ਦੋਵੇਂ ਲਕਸ਼ਣ ਲਾਗੂ ਨਹੀਂ ਹੁੰਦੇ। ਉਸਦੇ ਸ਼ਹੀਦ ਬਣਾਏ ਜਾਣ ਦੇ ਦੋ ਜਾਂ ਤਿੰਨ ਕਾਰਨ ਹੀ ਹੋ ਸਕਦੇ ਹਨ। ਇੱਕ ਤਾਂ ਇਹ ਕਿ ਉਸਦਾ ਚਰਿੱਤਰ ਦਲੇਰੀ ਤੇ ਨਿਰਭੈਤਾ ਪੂਰਨ ਸੀ। ਦਲੇਰੀ ਤੇ ਨਿਰਭੈਤਾ ਦੇ ਗੁਣ, ਭਾਵੇਂ ਉਨ੍ਹਾਂ ਦਾ ਪ੍ਰਯੋਗ ਠੀਕ ਨਾ ਵੀ ਹੋਇਆ ਹੋਵੇ ਜਾਂ ਸਪੱਸ਼ਟ ਆਯੋਗ ਹੀ ਕਿਉਂ ਨਾ ਹੋਇਆ ਹੋਵੇ, ਆਮ ਲੋਕਾਂ ਦੀ ਪ੍ਰਸ਼ੰਸ਼ਾ ਦਾ ਪਾਤਰ ਬਣ ਜਾਂਦੇ ਹਨ। ਦੂਜਾ ਕਾਰਨ ਸਪੱਸ਼ਟ ਇਹੋ ਜਾਪਦਾ ਹੈ ਕਿ ਉਸਨੇ ਅੰਗਰੇਜ਼ ਸਾਂਡਰਸ ਅਤੇ ਉਸਨੂੰ ਬਚਾਉਣ ਵਾਲੇ ਸਿੱਖ ਨੂੰ ਮਾਰਕੇ, ਕਾਲੀ ਮਾਤਾ ਜੋ ਕਿ ਆਧੁਨਿਕ ਰਾਸ਼ਟਰਵਾਦੀ ਹਿੰਦੂਆਂ ਦੇ ਵਿਚਾਰ ਵਿੱਚ ਭਾਰਤ ਮਾਤਾ ਦਾ ਹੀ ਅਧਿਆਤਮਕ ਰੂਪ ਹੈ, ਦੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਤੀਜਾ ਤੇ ਸਭ ਤੋਂ ਵੱਧ ਪ੍ਰਬਲ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸਦੇ ਕਤਲ ਕਰਨ ਪਿੱਛੋਂ, ਲਾਹੌਰੋਂ ਭੇਸ ਵਟਾਕੇ ਨੱਸ ਜਾਣ ਦੇ ਇਰਾਦੇ ਨਾਲ, ਸਿੱਖੀ ਦੇ ਚਿੰਨ, ਪਵਿੱਤਰ ਕੇਸ ਕਤਲ ਕਰਵਾ ਦਿੱਤੇ ਸਨ, ਜਿਸ ਵਿੱਚ ਨੀਚ ਕਰਮ ਨੂੰ ਕਿ ਅਸਾਡੇ ਹਿੰਦੂ ਭਾਈਆਂ ਦਾ ਇੱਕ ਵਰਗ ਮੁੱਢ ਤੋਂ ਹੀ ਵੱਡਾ ਪ੍ਰਸ਼ੰਸ਼ਾਜਨਕ ਤੇ ਪੁੰਨਯ ਕਰਮ ਸਮਝਦਾ ਰਿਹਾ।”

“ਭਾਈ ਰਣਧੀਰ ਸਿੰਘ ਦੀਆਂ “ਜੇਲ੍ਹ ਚਿੱਠੀਆਂ” ਅਨੁਸਾਰ ਸ੍ਰ: ਭਗਤ ਸਿੰਘ ਨੇ ਮੰਨ ਲਿਆ ਸੀ ਕਿ ਉਸਨੇ ਆਪਣੀ ਗਿ੍ਰਫਤਾਰੀ ਪਿੱਛੋਂ ਵੀ ਸਿੱਖੀ ਦਾ ਨਿਸ਼ਾਨ, ਪਵਿੱਤਰ ਕੇਸ, ਇਸ ਕਰਕੇ ਦੋਬਾਰਾ ਨਹੀਂ ਸੀ ਰੱਖੇ ਕਿ ਕਿਤੇ ਹਿੰਦੂ ਪ੍ਰੈੱਸ ਭਗਤ ਸਿੰਘ ਦੀ ਕੁਰਬਾਨੀ ਅੱਖੋਂ ਉਹਲੇ ਕਰਕੇ ਮਿੱਟੀ ਘੱਟੇ ਵਿੱਚ ਹੀ ਨਾ ਰੋਲ ਦੇਵੇ ਜਿਵੇਂ ਕਿ ਹੋਰ ਅਨੇਕ ਸਿੱਖ ਦੇਸ਼ ਭਗਤਾਂ ਬਾਰੇ ਹੋਇਆ।” ਇਸੇ ਪੁਸਤਕ ’ਚ ਇੱਕ ਹੋਰ ਥਾਂ ਕਿਹਾ ਗਿਆ ਹੈ: “ਇਉਂ ਭਗਤ ਸਿੰਘ ਨੇ ਜਾਂ ਉਸਦੇ ਕਿਸੇ ਸਾਥੀ ਨੇ ਸਾਂਡਰਸ ਨੂੰ ਸਕਾਟ ਦੇ ਭੁਲੇਖੇ ਕਤਲ ਕਰ ਦਿੱਤਾ ਅਤੇ ਚੰਨਣ ਸਿੰਘ ਨੂੰ ਇਸ ਅਪਰਾਧ ਵਿੱਚ ਕਿ ਉਸਨੇ ਆਪਣੇ ਸਾਥੀ ਅਫ਼ਸਰ ਦੇ ਕਾਤਲ ਨੂੰ ਫੜ੍ਹਨ ਦਾ ਯਤਨ ਕਰਨ ਦੀ ਧਰਮ-ਪਾਲਣਾ ਕਿਉਂ ਕੀਤੀ।” ਜਿੱਥੇ ਇਸ ਪੁਸਤਕ ’ਚ ਸ਼ਹੀਦ ਭਗਤ ਸਿੰਘ ਪ੍ਰਤੀ ਨਫ਼ਰਤ ਦੀ ਨੁਮਾਇਸ਼ ਲਾਈ ਗਈ ਹੈ। ਉੱਥੇ ਬਰਤਾਨਵੀ ਸਾਮਰਾਜੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਗਏ ਹਨ ਅਤੇ ਉਨ੍ਹਾਂ ਦੇ ਜ਼ੁਲਮਾਂ ਦੀ ਗੱਲ ਕਰਨ ਨੂੰ ਝੂਠਾ ਪ੍ਰਚਾਰ ਦੱਸਿਆ ਗਿਆ ਹੈ। ਕਿਤਾਬ ਦੇ ਮੁੱਖ ਬੰਦ ’ਚ ਡਾ: ਗੰਡਾ ਸਿੰਘ ਨੇ ਲਿਖਿਆ ਹੈ: “ਇੱਥੇ ਇਹ ਗੱਲ ਲਿਖ ਦੇਣੀ ਕੁਥਾਵੇਂ ਨਹੀਂ ਹੋਵੇਗੀ ਕਿ ਇੱਥੇ ਕਈ ਵਾਰ ਅੰਗਰੇਜ਼ ਕੂੜੇ ਪ੍ਰਾਪੇਗੰਡੇ ਦੇ ਕਾਰਨ ਬੇਗੁਨਾਹ ਹੀ ਬਦਨਾਮ ਹੋਏ ਹਨ। ਬੇਲਾਗ ਅਤੇ ਠੰਡੇ ਦਿਲ ਨਾਲ ਸੋਚਿਆ ਜਾਏ ਤਾਂ ਇਹ ਸੱਚਾਈ ਪ੍ਰਵਾਨ ਕਰਨੀ ਪਵੇਗੀ ਕਿ ਅੰਗਰੇਜ਼ ਨਾ ਤੇ ਫਿਤਰਤੀ ਤੌਰ ’ਤੇ ਅੱਤਿਆਚਾਰੀ ਹੀ ਹਨ ਅਤੇ ਨਾ ਹੀ ਝੂਠੇ ਤੇ ਮੱਕਾਰ । ਨਿੱਜੀ ਤੌਰ ’ਤੇ ਅੰਗਰੇਜ਼ ਦੁਨੀਆਂ ਦੀਆਂ ਹੋਰ ਅਨੇਕਾਂ ਕੌਮਾਂ ਨਾਲੋਂ ਜਿਆਦਾ ਸੱਚੇ, ਸਾਫ਼ ਅਤੇ ਇਤਬਾਰੀ ਹਨ।” ਇਉਂ ਕਪੂਰ ਸਿੰਘ ਦੀ ਪੁਸਤਕ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਦੇ ਇਸ ਘਾੜੇ ਦੇ ਮਨ ’ਚ ਰਚੀ ਹੋਈ ਕੌਮੀ ਸ਼ਹੀਦਾਂ ਨਾਲ ਨਫ਼ਰਤ, ਫਿਰਕੂ ਨਜ਼ਰੀਏ ਅਤੇ ਅੰਗਰੇਜ਼ ਸਾਮਰਾਜੀਆਂ ਦੀ ਭਗਤੀ ਦੀ “ਸੱਚੀ ਸਾਖੀ” ਤੇ “ਸਾਫਗੋ” ਕੌਮ ਦੇ ਅਫ਼ਸਰ ਅਤੇ ਇੱਕ “ਧਰਮ ਪਾਲਨ ਕਰਨ ਵਾਲੇ ਸਿੱਖ” ਦਾ ਕਤਲ ਹੈ, ਹਿੰਦੂਆਂ ਦੀ ਕਾਲੀ ਮਾਤਾ” ਦਾ ਚਹੇਤਾ ਹੈ, ਕੇਸ ਕਤਲ ਕਰਵਾਉਣ ਦੇ “ਨੀਚ ਕਰਮ” ਦਾ ਭਾਗੀ ਹੈ। ਜੇ ਉਹ ਸ਼ਹੀਦ ਵਜੋਂ ਮਕਬੂਲ ਹੋਇਆ ਤਾਂ ਸਿਰਫ ਕੇਸ ਕਤਲ ਕਰਵਾਉਣ ਅਤੇ ਕਾਲੀ ਮਾਤਾ ਨੂੰ ਖੁਸ਼ ਕਰਨ ਵਾਲੇ “ਨੀਚ ਕਰਮਾਂ” ਕਰਕੇ। “ਸਿੱਖਾਂ” ਅਤੇ “ਅੰਗਰੇਜਾਂ” ਨੂੰ ਇੱਕ ਕਤਾਰ ’ਚ ਖੜ੍ਹੇ ਕਰਕੇ ਅਤੇ ਦੋਹਾਂ ਨੂੰ ਹਿੰਦੂਆਂ ਦੀ ਨਫ਼ਰਤ ਦੇ ਪਾਤਰਾਂ ਵਜੋਂ ਪੇਸ਼ ਕਰਕੇ ਇਹ “ਸੱਚੀ ਸਾਖੀ” ਅਕਾਲੀ ਸਿਆਸਤਦਾਨਾਂ ਅਤੇ ਅੰਗਰੇਜ਼ ਸਾਮਰਾਜੀਆਂ ਦੇ ਅਸਲ ਰਿਸ਼ਤੇ ਨੂੰ ਸਾਹਮਣੇ ਲਿਆਉਂਦੀ ਹੈ। ਧਰਮ ਪ੍ਰਚਾਰ ਦੇ ਨਾਂ ਥੱਲੇ ਅਸਲ ਵਿੱਚ ਇਹ ਅੰਗਰੇਜ਼ ਸਾਮਰਾਜੀਆਂ ਦੀ ਭਗਤੀ ਅਤੇ ਸਧਾਰਨ ਹਿੰਦੂ ਜਨਤਾ ਅਤੇ ਕੌਮੀ ਸ਼ਹੀਦਾਂ ਖ਼ਿਲਾਫ਼ ਨਫ਼ਰਤ ਦਾ ਪ੍ਰਚਾਰ ਹੈ। ਬਰਤਾਨਵੀ ਸਾਮਰਾਜੀ ਰਾਜ ਦੌਰਾਨ ਡਿਪਟੀ ਕਮਿਸ਼ਨਰ ਰਹੇ “ਸੱਚੀ ਸਾਖੀ” ਦੇ ਲੇਖਕ ਤੋਂ ਕੋਈ ਵੱਖਰੀ ਆਸ ਨਹੀਂ ਹੋ ਸਕਦੀ। ਪਰ ਤਾਂ ਵੀ ਇਹ ਗੱਲ ਦਿਲਚਸਪ ਹੈ ਕਿ ਇੱਕ ਪਾਸੇ ਅਕਾਲੀ ਲੀਡਰ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਉਸਦੇ ਬਾਡੀਗਾਰਡਾਂ ਨੂੰ ਵੀ “ਧਰਮ ਪਾਲਣ ਕਰਨ” ਵਾਲੇ ਸਿੱਖ ਸ਼ਹੀਦ ਦੱਸਦੇ ਹਨ ਅਤੇ ਦੂਜੇ ਪਾਸੇ ਬਰਤਾਨਵੀ ਅਫ਼ਸਰ ਸਾਂਡਰਸ ਨੂੰ ਬਚਾਉਣ ਦਾ ਯਤਨ ਕਰਦਿਆਂ ਮਾਰੇ ਗਏ ਚੰਨਣ ਸਿੰਘ ਸਿਪਾਹੀ ਨੂੰ ਵੀ “ਧਰਮ ਪਾਲਣ ਕਰਨ ਵਾਲਾ ਸਿੱਖ“ ਦੱਸਦੇ ਹਨ। ਇਹ ਹੈ ਸਾਮਰਾਜ ਭਗਤੀ ਅਤੇ ਫਿਰਕੂ ਨਜ਼ਰੀਏ ਦਾ ਕਿ੍ਰਸ਼ਮਾ । ਅਕਾਲੀ ਸਿਆਸਤਦਾਨ ਜਿੰਨੇ ਮਰਜ਼ੀ ਪਾਪੜ ਵੇਲਦੇ ਰਹਿਣ ਸਾਮਰਾਜੀ ਗਲਬੇ ਖ਼ਿਲਾਫ਼ ਜੂਝ ਰਹੇ ਭਾਰਤ ਅਤੇ ਪੰਜਾਬ ਦੇ ਲੋਕਾਂ ਦੇ ਮਨਾਂ ’ਚੋਂ ਸ਼ਹੀਦ ਭਗਤ ਸਿੰਘ ਦੀ ਨਾਇਕ ਵਾਲੀ ਹੈਸੀਅਤ ਮੇਟੀ ਨਹੀਂ ਜਾ ਸਕਦੀ। ਇਸ ਮਹਾਨ ਸ਼ਹੀਦ ਦੀ ਕੁਰਾਬਨੀ ਅਤੇ ਸੋਚ ਹਮੇਸ਼ਾਂ ਸਾਮਰਾਜ ਅਤੇ ਉਸਦੇ ਝੋਲੀ ਚੁੱਕਾਂ ਖ਼ਿਲਾਫ਼ ਜੂਝਣ ਅਤੇ ਫਿਰਕਾਪ੍ਰਸਤੀ ਖ਼ਿਲਾਫ਼ ਮੱਥਾ ਲਾਉਣ ਦਾ ਰਾਹ ਵਿਖਾਉਂਦੀ ਰਹੇਗੀ।    

                                                                                                        (ਅਕਤੂਬਰ 95 ਦੀ ਫਾਇਲ ’ਚੋਂ)   

No comments:

Post a Comment