Friday, September 16, 2022

ਯੂਕਰੇਨ ’ਚ ਚੱਲ ਰਹੀ ਸਾਮਰਾਜੀ ਜੰਗ- ਅਮਰੀਕੀ ਜੰਗੀ ਬੰਦਸ਼ਾਂ ਦਾ ਸੇਕ ਯੁੂਰਪ ਨੂੰ ਲੂਹਣ ਲੱਗਾ

 


ਯੂਕਰੇਨ ’ਚ ਚੱਲ ਰਹੀ ਸਾਮਰਾਜੀ ਜੰਗ

ਅਮਰੀਕੀ ਜੰਗੀ ਬੰਦਸ਼ਾਂ ਦਾ ਸੇਕ ਯੁੂਰਪ ਨੂੰ ਲੂਹਣ ਲੱਗਾ


ਯੂਕਰੇਨ ਦੀ ਧਰਤੀ ਉੱਪਰ ਦੋ ਸਾਮਰਾਜੀ ਗੁੱਟਾਂ ਵਿਚਕਾਰ ਚੱਲ ਰਹੀ ਤਬਾਹਕੁੰਨ ਜੰਗ ਨੂੰ ਚਲਦਿਆਂ ਲਗਭਗ ਸਾਢੇ ਛੇ ਮਹੀਨੇ ਹੋ ਗਏ ਹਨ। ਦੋਹਾਂ ਧਿਰਾਂ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ’ਚ ਸੈਨਿਕ ਤੇ ਆਮ ਲੋਕਾਂ ਦੀਆਂ ਜਾਨਾਂ ਅਤੇ ਅਰਬਾਂ-ਖਰਬਾਂ ਦੀ ਸੰਪਤੀ ਇਸ ਨਿਹੱਕੀ ਜੰਗ ਦੀ ਭੱਠੀ ’ਚ ਭਸਮ ਹੋ ਚੁੱਕੀ ਹੈ। ਦੋਹਾਂ ਧਿਰਾਂ ’ਚੋਂ ਕੋਈ ਵੀ ਆਪਣੇ ਐਲਾਨੇ ਟੀਚਿਆਂ ਦੀ ਪੂਰਤੀ ਦੇ ਹਾਲੇ ਨੇੜ-ਤੇੜੇ ਨਹੀਂ ਜਾਪਦੀ। ਜੰਗਬੰਦੀ ਲਈ ਕੋਈ ਸੁਹਿਰਦ ਕੋਸ਼ਿਸ਼ਾਂ ਵੀ ਹਾਲੇ ਦਿਖਾਈ ਨਹੀਂ ਦਿੰਦੀਆਂ। ਜੰਗ ਦੇ ਸਿੱਟੇ ਵਜੋਂ ਦੁਨੀਆ ਭਰ ਦੇ ਦੇਸ਼ਾਂ ਅੰਦਰ ਖੁਰਾਕੀ ਅਨਾਜ, ਤੇਲਾਂ, ਰੇਹਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੇ ਪਹਿਲਾਂ ਹੀ ਔਖਾ ਟਾਈਮ ਲੰਘਾ ਰਹੇ ਵਸੋਂ ਦੇ ਵੱਡੇ ਹਿੱਿਸਆਂ ਦਾ ਕਾਫੀਆ ਹੋਰ ਵੀ ਤੰਗ ਕਰ ਦਿੱਤਾ ਹੈ। ਜੰਗ ਜਾਰੀ ਰਹਿਣ ਨਾਲ ਇਹ ਸੰਤਾਪ ਹੋਰ ਗਹਿਰਾ ਹੋਣਾ ਹੈ। ਇਹ ਪਿਛਾਖੜੀ ਜੰਗ ਕਿੰਨਾਂ ਚਿਰ ਚੱਲੇਗੀ ਤੇ ਕਦੋਂ ਮੁੱਕੇਗੀ, ਇਸ ਦਾ ਕੋਈ ਲੜ ਸਿਰਾ ਹਾਲੇ ਸਪਸ਼ਟਤਾ ਨਾਲ ਦਿਖਾਈ ਨਹੀਂ ਦਿੰਦਾ। 

ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੈ ਕਿ ਮੌਜੂਦਾ ਜੰਗ ਨੂੰ ਭਾਵੇਂ ਰੂਸ-ਯੂਕਰੇਨ ਜੰਗ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਅਤੇ ਟੈਂਕਾਂ, ਬੰਬਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਖੇਡੀ ਜਾ ਰਹੀ ਖੂੰਨੀ ਖੇਡ ਦੀ ਰਣਭੂੰਮੀ ਵੀ ਯੂਕਰੇਨ ਬਣਿਆ ਹੋਇਆ ਹੈ ਪਰ ਹਕੀਕਤ ’ਚ ਇੱਕ ਪਾਸੇ ਇਸ ਜੰਗ ਦੇ ਅਸਲੀ ਸੰਚਾਲਕ ਸਾਮਰਾਜੀ ਸਰਗਣਾ ਅਮਰੀਕਾ ਤੇ ਉਸ ਦੀ ਅਗਵਾਈ ਵਿੱਚ ਉੱਸਰਿਆ ਜੰਗਬਾਜ ਗੁੱਟ ਨਾਟੋ ਹੈ ਜੋ ਦੁਨੀਆ ’ਚ ਨਿਰੋਲ ਆਪਣੀ ਸਿਆਸੀ ਫੌਜੀ ਤੇ ਆਰਥਿਕ ਚੌਧਰ ਕਾਇਮ ਰੱਖਣਾ ਚਾਹੁੰਦਾ ਹੈ। ਇਹੀ ਜੰਗਬਾਜ ਗੁੱਟ ਹੁਣ ਯੂਕਰੇਨ ਦੇ ਮੋਢਿਆ ’ਤੇ ਬੰਦੂਕ ਰੱਖ ਕੇ ਉਸ ਨੂੰ ਆਪਣੇ ਖੋਟੇ ਮਨਸੂਬਿਆਂ ਦੀ ਪੂਰਤੀ ਲਈ ਵਰਤ ਰਿਹਾ ਹੈ। ਦੂਜੇ ਪਾਸੇ ਸਾਮਰਾਜੀ ਰੂਸ ਹੈ ਜੋ ਸੋਵੀਅਤ ਯੂਨੀਅਨ ਦੇ 1991 ’ਚ ਹੋਏ ਖਿੰਡਾਅ ਤੋਂ ਬਾਅਦ ਕਮਜ਼ੋਰੀ ਵਾਲੀ ਬਣੀ ਹਾਲਤ ’ਚੋਂ ਹੁਣ ਕੁੱਝ ਸੰਭਾਲਾ ਖਾ ਕੇ ਆਪਣਾ ਖੁੱਸਿਆ ਪ੍ਰਭਾਵ ਖੇਤਰ ਮੁੜ ਹਾਸਲ ਕਰਨ ਖਾਤਰ ਯਤਨਸ਼ੀਲ ਹੈ। 

ਵੀਹਵੀਂ ਸਦੀ ਦੇ ਮਗਰਲੇ ਅੱਧ ’ਚ ਸੰਸਾਰ ਉੱਪਰ ਆਪੋ ਆਪਣੀ ਚੌਧਰ ਜਮਾਉਣ ਲਈ ਦੋ ਸਾਮਰਾਜੀ ਮਹਾਂਸ਼ਕਤੀਆਂਅਮਰੀਕਾ ਅਤੇ ਸੋਵੀਅਤ ਯੂਨੀਅਨ  ਆਪਸੀ ਖਹਿਭੇੜ ’ਚ ਉਲਝੀਆਂ ਹੋਈਆਂ ਸਨ। 1991 ’ਚ ਸੋਵੀਅਤ ਯੂਨੀਅਨ ਦੇ ਖਿੰਡਾਅ ਦੇ ਸਿੱਟੇ ਵਜੋਂ ਇਸ  ਦਾ ਇੱਕ ਮਹਾਂਸ਼ਕਤੀ ਵਜੋਂ ਪਤਨ ਹੋ ਜਾਣ ਤੋਂ ਬਾਅਦ ਵਕਤੀ ਤੌਰ ’ਤੇ ਅਮਰੀਕਾ ਇੱਕੋ ਇੱਕ ਸਾਮਰਾਜੀ ਮਹਾਂਸ਼ਕਤੀ ਰਹਿ ਗਈ ਸੀ ਜੋ ਨਿਰੋਲ ਆਪਣੀ ਚੌਧਰ ਦੁਨੀਆ ਭਰ ਦੇ ਦੇਸ਼ਾਂ ’ਤੇ ਜਮਾ ਰਹੀ ਸੀ। ਅਮਰੀਕਾ ਦੀ 1994-99 ਦੇ ਵਿੱਤੀ ਸਾਲਾਂ ਲਈ ਉਲੀਕੀ ਗਈ ਡਿਫੈਂਸ ਪਲਾਨਿੰਗ ਗਾਈਡੈਂਸ ਨੀਤੀ ਕਹਿੰਦੀ ਹੈ ਕਿ ‘‘ਇਸ ਨੀਤੀ ਦਾ ਪਹਿਲਾ ਉਦੇਸ਼ ਸਾਬਕਾ ਸੋਵੀਅਤ ਯੂਨੀਅਨ ਦੀ ਧਰਤੀ ਉੱਤੇ ਜਾਂ ਕਿਤੇ ਹੋਰ ਅਜਿਹੀ ਸ਼ਰੀਕ ਸ਼ਕਤੀ ਦੇ ੳੱੁਭਰਨ ਨੂੰ ਰੋਕਣਾ ਹੈ ਜੋ ਕਿ ਅਮਰੀਕਾ ਲਈ ਖਤਰਾ ਖੜ੍ਹਾ ਕਰ ਸਕਦੀ ਹੋਵੇ। .. ..ਨਵੀਂ ਖੇਤਰੀ ਸੁਰੱਖਿਆ ਨੀਤੀ ਤਿਆਰ ਕਰਨ ਪਿੱਛੇ ਇਹ ਪ੍ਰਮੁੱਖ ਗਿਣਤੀ ਕੰਮ ਕਰਦੀ ਹੈ। ਇਹ ਸਾਥੋਂ ਮੰਗ ਕਰਦੀ ਹੈ ਕਿ ਖਿੱਤੇ ਅੰਦਰ ਅਸੀਂ ਕਿਸੇ ਅਜਿਹੀ ਦੁਸ਼ਮਣ ਸ਼ਕਤੀ ਨੂੰ ਉਭਰਨ ਤੋਂ ਰੋਕਣ ਲਈ ਯਤਨ ਜੁਟਾਈਏ ਜਿਹੜੀ ਖਿੱਤੇ ਅੰਦਰਲੇ ਸਾਧਨ-ਵਸੀਲਿਆਂ ’ਤੇ ਆਪਣਾ ਬੱਝਵਾਂ ਕੰਟਰੋਲ ਸਥਾਪਤ ਕਰਕੇ ਇੱਕ ਸੰਸਾਰ ਸ਼ਕਤੀ ਬਣਕੇ ਉੱਭਰਨ ਦੇ ਸਮਰੱਥ ਹੋਵੇ।’’ ਸਾਬਕਾ ਸੋਵੀਅਤ ਯੂਨੀਅਨ ਦਾ ਅੰਗ ਰਹੇ ਦੇਸ਼ਾਂ ’ਚ ਨਾਟੋ ਦਾ ਪਸਾਰਾ ਅਤੇ ਐਨ ਰੂਸ ਦੀ ਸਰਹੱਦ ’ਤੇ ਪਹੁੰਚ ਕੇ ਰੂਸ ਦੇ ਮੋਢਿਆਂ ’ਤੇ ਸਵਾਰ ਹੋਣ ਤੇ ਉਸ ਦੀ ਨਾਕਾਬੰਦੀ ਕਰਨ ਲਈ ਯੂਕਰੇਨ ਨੂੰ ਨਾਟੋ ’ਚ ਧੂਹ ਲਿਆਉਣ ਦੀ ਅਮਰੀਕਨ ਧੁੱਸ ਇਸੇ ਉਪਰੋਕਤ ਮਕਸਦ ਵੱਲ ਸੇਧਤ ਹੈ। 

ਇਹ ਗੱਲ ਵੀ ਹੁਣ ਕਿਸੇ ਵਾਦ-ਵਿਵਾਦ ਦਾ ਵਿਸ਼ਾ ਨਹੀਂ ਕਿ ਇੱਕ ਬੰਨੇ ਅਮਰੀਕਾ ਤੇ ਉਸ ਦੀ ਅਗਵਾਈ ਹੇਠ ਨਾਟੋ ਗੁੱਟ ਤੇ ਦੂਜੇ ਬੰਨੇ ਰੂਸ ਵਿਚਕਾਰ ਇਹ ਜੰਗ ਫਰਵਰੀ 2022 ’ਚ ਯੂਕਰੇਨ ਤੇ ਰੂਸੀ ਫੌਜ ਦੇ ਹਮਲੇ ਨਾਲ ਸ਼ੁਰੂ ਨਹੀਂ ਹੋਈ ਸੀ ਸਗੋਂ ਇਹ ਜੰਗ ਵੱਖ ਵੱਖ ਹਿੰਸਕ ਤੇ ਅਹਿੰਸਕ ਰੂਪਾਂ ’ਚ ਪਹਿਲਾਂ ਤੋਂ ਹੀ ਚਲਦੀ ਆ ਰਹੀ ਸੀ ਤੇ ਯੂਕਰੇਨ ’ਤੇ ਖੁੱਲ੍ਹਾ ਹਮਲਾ ਇਸੇ ਜੰਗ ਦਾ ਹੀ ਇੱਕ ਅਗਲਾ ਗੇੜ ਸੀ। ਸਾਬਕਾ ਸੋਵੀਅਤ ਰਿਆਸਤਾਂ ’ਚ ਅਮਰੀਕਾ ਤੇ ਪੱਛਮੀ ਦੇਸ਼ਾਂ ਵੱਲੋਂ ਕਰਵਾਈਆਂ ਉਲਟ-ਇਨਕਲਾਬੀ ਬਗਾਵਤਾਂ ਤੇ ਰਾਜ ਪਲਟੇ, ਜਿਨ੍ਹਾਂ ਨੂੰ ਵੱਖ ਵੱਖ ਰੰਗਾਂ ਦੇ ਇਨਕਲਾਬਾਂ ਦਾ ਨਾਂ ਦਿੱਤਾ ਗਿਆ ਸੀ, ਇਸੇ ਜੰਗ ਦੇ ਹੀ ਹਿੱਸੇ ਸਨ। ਯੂਕਰੇਨ ’ਚ ਰਾਜ ਪਲਟੇ ਦੀਆਂ ਕੋਸ਼ਿਸ਼ਾਂ, ਕਰੀਮੀਆਂ ’ਤੇ ਰੂਸੀ ਫੌਜੀ ਕਬਜਾ ਅਤੇ ਯੂਕਰੇਨ ਅੰਦਰ ਸੱਜੇ ਪੱਖੀ ਕੌਮਵਾਦੀਆਂ ਅਤੇ ਰੂਸੀ ਬੋਲਦੇ ਦੱਖਣ-ਪੂਰਬੀ ਖਿੱਤੇ ਦੇ ਲੋਕਾਂ ’ਚ ਚੱਲ ਰਿਹਾ ਹਥਿਆਰਬੰਦ ਟਕਰਾਅ, ਸਭ ਇਸੇ ਜੰਗ ਦੇ ਕਦੇ ਮੱਠੇ ਤੇ ਕਦੇ ਤੇਜ਼ ਹੋਣ ਦੀਆਂ ਝਾਕੀਆਂ ਹੀ ਹਨ। ਹੁਣ ਅਮਰੀਕਾ ਅਤੇ ਨਾਟੋ ਵੱਲੋਂ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਯੂਕਰੇਨ ਅੰਦਰ ਜਿਵੇਂ ਸੱਜੇ ਪੱਖੀ ਤੇ ਫਾਸ਼ੀ ਗੁੱਟਾਂ ਨੂੰ ਜਥੇਬੰਦ ਤੇ ਉਤਸ਼ਾਹਤ ਕੀਤਾ ਜਾ ਰਿਹਾ ਸੀ, ਉਥੇ ਰੂਸ ਵਿਰੋਧੀ ਸ਼ਕਤੀਆਂ ਨੂੰ ਹਥਿਆਰਾਂ ਦੀ ਟਰੇਨਿੰਗ ਦਿੱਤੀ ਤੇ ਹਥਿਆਰਬੰਦ ਕੀਤਾ ਜਾ ਰਿਹਾ ਸੀ ਅਤੇ ਗੁੱਝੀ ਤੇ ਜਾਹਰਾ ਆਰਥਿਕ ਤੇ ਫੌਜੀ ਮੱਦਦ ਕੀਤੀ ਜਾ ਰਹੀ ਸੀ, ਉਸ ਦੀ ਪੁਸ਼ਟੀ ਨਾਟੋ ਦੇ ਸੈਕਟਰੀ-ਜਨਰਲ ਜੇ ਸਟੋਲਨਬਰਗ ਦੇ ਮੂੰਹੋਂ ਹੀ ਸੁਣੀ ਜਾ ਸਕਦੀ ਹੈ :

‘‘ਸਾਲ 2014 ਤੋਂ ਲੈ ਕੇ ਮਿੱਤਰ ਦੇਸ਼ (ਯਾਨੀ ਅਮਰੀਕਾ ਤੇ ਨਾਟੋ ਦੇ ਮੈਂਬਰ, ਹੋਰ ਸਾਮਰਾਜੀ ਤੇ ਸਰਮਾਏਦਾਰਾਨਾ ਪੱਛਮੀ ਮੁਲਕ) ਯੂਕਰੇਨ ਦੇ ਸੁਰੱਖਿਆ ਖੇਤਰ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਨੂੰ ਅਰਬਾਂ ਡਾਲਰ ਦਿੰਦੇ ਆ ਰਹੇ ਹਨ ਅਤੇ ਸਪੈਸ਼ਲ ਫੋਰਸਾਂ (ਯਾਨੀ ਪ੍ਰਾਈਵੇਟ ਫਾਸ਼ੀ ਟੁਕੜੀਆਂ) ਸਮੇਤ ਹਜ਼ਾਰਾਂ ਦੀ ਗਿਣਤੀ ’ਚ ਸੈਨਿਕਾਂ ਨੂੰ ਟਰੇਨਿੰਗ ਦਿੰਦੇ ਆ ਰਹੇ ਹਨ। ਯੂਕਰੇਨ ’ਚ ਜੰਗ (ਮੌਜੂਦਾ ਰੂਸ-ਯੂਕਰੇਨ ਜੰਗ) ਲੱਗਣ ਤੋਂ ਬਾਅਦ ਨਾਟੋ ਨੇ ਬੇਤਹਾਸ਼ਾ ਮਾਤਰਾ ’ਚ ਯੂਕਰੇਨ ਦੀ ਫੌਜੀ ਸਾਜ਼ੋ-ਸਮਾਨ, ਮਨੁੱਖੀ ਅਤੇ ਵਿੱਤੀ ਸਹਾਇਤਾ ਕੀਤੀ ਹੈ। ਲੰਬੇ ਦਾਅ ਤੋਂ ਇਸ ਦੇ ਸੁਰੱਖਿਆ ਅਤੇ ਹਿਫ਼ਾਜ਼ਤੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਅਤੇ ਸੋਵੀਅਤ ਸਮਿਆਂ ਦੇ ਹਥਿਆਰਾਂ ਨੂੰ ਹੁਣ ਨਾਟੋ ਵੱਲੋਂ ਵਰਤੇ ਜਾਂਦੇ ਹਥਿਆਰਾਂ ’ਚ ਬਦਲਣ ਤੱਕ ਯੂਕਰੇਨ ਦੀ ਇਹ ਸਹਾਇਤਾ ਬਾ-ਦਸਤੂਰ ਜਾਰੀ ਰੱਖੀ ਜਾਵੇਗੀ।’’

ਉਪਰੋਕਤ ਬਿਆਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਪੱਛਮ ਦੇ ਸਾਮਰਾਜੀ ਮੁਲਕਾਂ ਵੱਲੋਂ ਯੂਕਰੇਨ ’ਚ ਜੋ ਅਰਬਾਂ ਡਾਲਰ ਖਰਚੇ ਜਾ ਰਹੇ ਹਨ, ਉਹ ਕਿਸੇ ਅਖੌਤੀ ਆਜ਼ਾਦੀ, ਜਮਹੂਰੀਅਤ ਜਾਂ ਕੌਮੀ ਪ੍ਰਭੂਸਤਾ ਦੀ ਰਾਖੀ ਲਈ ਨਹੀਂ ਸਗੋਂ ਆਪਣੀ ਸ਼ਰੀਕ ਸਾਮਰਾਜੀ ਤਾਕਤ ਨੂੰ ਘੇਰਨ, ਕਮਜ਼ੋਰ ਕਰਨ ਤੇ ਖਿੰਡਾਉਣ ਅਤੇ ਯੂਕਰੇਨ ਉੱਪਰ ਆਪਣੀ ਚੌਧਰ ਅਤੇ ਲੁੱਟ ਕਾਇਮ ਕਰਨ ਵੱਲ ਸੇਧਤ ਹਨ। ਇਹ ਇਹਨਾਂ ਸਾਮਰਾਜੀ ਗਿਰਝਾਂ ਦੀ ਮਾਸ ਦੀਆਂ ਬੋਟੀਆਂ ਲਈ ਆਪਸੀ ਖੋਹ-ਖਿੰਝ ਹੈ ਜਿਸ ਲਈ ਯੂਕਰੇਨੀ ਅਤੇ ਰੂਸੀ ਜਾਨਾਂ ਅਤੇ ਵਸੀਲਿਆਂ ਦੀ ਬਲੀ ਦਿੱਤੀ ਜਾ ਰਹੀ ਹੈ। 

ਰੂਸੀ ਸਾਮਰਾਜੀ ਸ਼ਕਤੀ ਨੂੰ ਘੇਰਨ, ਨਿਖੇੜਨ ਅਤੇ ਕਮਜ਼ੋਰ ਕਰਨ ਦੀ ਅਮਰੀਕਨ ਸਾਮਰਾਜੀਆਂ ਦੀ ਵਿਉਤਬੰਦੀ ’ਚ ਯੂਕਰੇਨ ਦਾ ਅਨੇਕਾਂ ਕਾਰਨਾਂ ਕਰਕੇ ਅਹਿਮ ਸਥਾਨ ਬਣਿਆ ਹੋਇਆ ਹੈ। ਅਮਰੀਕਾ ਦੀ  ਇੱਕ ਨੀਤੀ-ਘਾੜੂ ਸੰਸਥਾ (ਥਿੰਕ ਟੈਂਕ) ਰੈੱਡ ਕਾਰਪੋਰੇਸ਼ਨ ਦੀ 2009 ’ਚ ਤਿਆਰ ਕੀਤੀ ਇੱਕ ਰਿਪੋਰਟ ਯੂਕਰੇਨ ਨੂੰ ਇੱਕ ਉਪਯੋਗੀ ਆਧਾਰ ਵਜੋਂ ਦਰਸਾਉਦਿਆਂ ਰੂਸ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਲਈ ਇਹ ਸੁਝਾਅ ਦਿੰਦੀ ਹੈ :

‘‘ਵਿਦੇਸ਼ਾਂ ਅੰਦਰ ਆਪਣੀਆਂ ਫੌਜੀ ਸਰਗਰਮੀਆਂ ਜਾਰੀ ਰੱਖਣ ਅਤੇ ਦਸ਼ ਅੰਦਰ ਪੈਨਸ਼ਨਾਂ ਅਤੇ ਹੋਰ ਸਮਾਜਿਕ ਸੇਵਾਵਾਂ ਮੁਹੱਈਆ ਕਰਵਾਉਣ ਸਮੇਤ ਬਾਕੀ ਸਰਕਾਰੀ ਕੰਮ-ਕਾਜ਼ ਚਲਦਾ ਰੱਖਣ ਲਈ ਰੂਸ ਨੂੰ ਤੇਲ ਬਰਾਮਦ ਰਾਹੀਂ ਕਮਾਏ ਪੈਸੇ ਦੀ ਡਾਢੀ ਲੋੜ ਹੈ। ਤੇਲ ਤੋਂ ਮਾਲੀਏ ਦੇ ਰੂਪ ਵਿਚ ਇਕੱਠੇ ਹੋਣ ਵਾਲੇ ਪੈਸੇ ਨੂੰ ਸੀਮਤ ਕਰਨ ਨਾਲ ਰੂਸ ਨੂੰ ਕਸੂਤੀ ਹਾਲਤ ਦਾ ਸਾਹਮਣਾ ਕਰਨਾ ਪਵੇਗਾ।.. ..ਸਖਤ ਪਾਬੰਦੀਆਂ ਮੜ੍ਹ ਕੇ ਉਸ ਦੇ ਅਰਥਚਾਰੇ ਨੂੰ ਕਾਫੀ ਹੱਦ ਤੱਕ ਅਤੇ ਕਾਫੀ ਛੇਤੀ ਵੀ ਢਾਹ ਲਾਈ ਜਾ ਸਕਦੀ ਹੈ।’’ 

ਇਹੀ ਰਿਪੋਰਟ ਇਹ ਵੀ ਸੁਝਾਅ ਦਿੰਦੀ ਹੈ ਕਿ ਰੂਸ ਸਾਮਰਾਜੀ ਸ਼ਕਤੀ ਨੂੰ ਵਧਵਾਂ ਪਸਾਰਾ ਕਰਨ ਰਾਹੀਂ ਇਸ ਦੇ ਫੌਜੀ-ਆਰਥਿਕ ਵਸੀਲਿਆਂ ਨੂੰ ਕਿਵੇਂ ਬੇਲੋੜਾ ਵਹਾਇਆ ਤੇ ਇਸ ਨੂੰ ਫੌਜੀ-ਸਿਆਸੀ ਦਲਦਲ ’ਚ ਫਸਾਇਆ ਜਾ ਸਕਦਾ ਹੈ। :

‘‘ਰੂਸ ਉੱਪਰ ਹੋਰ ਕਸਾਅ ਚਾੜ੍ਹਨ ਦਾ ਇੱਕ ਢੰਗ ਇਹ ਹੈ ਕਿ ਇਸ ਦੀਆਂ ਬਾਹਰੀ ਜੁੰਮੇਵਾਰੀਆਂ ਨੂੰ ਵੱਧ ਖਰਚੀਲਾ ਬਣਾ ਦਿੱਤਾ ਜਾਵੇ। ਡੋਨਬਾਸ ਖੇਤਰ ’ਚ ਯੂਕਰੇਨੀ ਫੌਜ ਪਹਿਲਾਂ ਹੀ ਰੂਸ ਦੀ ਰੱਤ ਨਿਚੋੜ ਰਹੀ ਹੈ। ਇਸ ਨੂੰ ਹੋਰ ਜ਼ਿਆਦਾ ਅਮਰੀਕੀ ਫੌਜੀ ਸਹਾਇਤਾ ਅਤੇ ਸਲਾਹ ਮਸ਼ਵਰਾ ਦੇਣ ਰਾਹੀਂ ਰੂਸ ਨੂੰ ਇਸ ਲੜਾਈ ਵਿਚ ਸਿੱਧੇ ਕੁੱਦਣ ਅਤੇ ਇਉ ਇਸ ਦੀ ਵਧੇਰੇ ਕੀਮਤ ’ਤਾਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਰੂਸ ਇਸ ਦਾ ਜਵਾਬ ਕੋਈ ਨਵਾਂ ਹਮਲਾ ਵਿੱਢ ਕੇ ਅਤੇ ਯੂਕਰੇਨ ਦੇ ਹੋਰ ਨਵੇਂ ਇਲਾਕੇ ਹਥਿਆ ਕੇ ਦੇ ਸਕਦਾ ਹੈ.. ..ਇਉ ਰੂਸ ਵੱਲੋਂ ’ਤਾਰੀ ਜਾਣ ਵਾਲੀ ਕੀਮਤ ਵਧਾਈ ਜਾ ਸਕਦੀ ਹੈ।’’

ਅਮਰੀਕਾ ਮੌਜੂਦਾ ਯੂਕਰੇਨੀ ਜੰਗ ਦੇ ਛਿੜਨ ਤੋਂ ਕਈ ਸਾਲ ਪਹਿਲਾਂ ਉਲੀਕੀ ਨੀਤੀ ਉਪਰ ਬਾਕਾਇਦਾ ਅਮਲਦਾਰੀ ਕਰਦਾ ਆ ਰਿਹਾ ਹੈ ਤੇ ਰੈੱਡ ਕਾਰਪੋਰੇਸ਼ਨ ਵੱਲੋਂ ਸੁਝਾਏ ਗੁਰਾਂ ਦੀ ਇਸ ਜੰਗ ਦੌਰਾਨ ਭਰਪੂਰ ਵਰਤੋਂ ਕਰਦਾ ਆ ਰਿਹਾ ਹੈ। 

ਮੌਜੂਦਾ ਯੂਕਰੇਨ ਜੰਗ ਅੰਦਰ ਘੱਟ ਤੋਂ ਘੱਟ ਜਾਨੀ ਤੇ ਮਾਲੀ ਨੁਕਸਾਨ ਕਰਕੇ ਯੂਕਰੇਨ ਦੀ ਪ੍ਰਭੂਸਤਾ, ਅਖੰਡਤਾ ਅਤੇ ਸਵੈਮਾਨ ਦੀ ਰਾਖੀ ਕਰਨਾ ਅਮਰੀਕੀ ਸਾਮਰਾਜੀਆਂ ਦਾ ਟੀਚਾ ਨਹੀਂ। ਉਹਨਾਂ ਦਾ ਟੀਚਾ ਤਾਂ ਯੂਕਰੇਨੀ ਲੋਕਾਂ ਦੇ ਹਿੱਤਾਂ ਤੇ ਜਾਨਾਂ ਦੀ ਬਲੀ ਦੇ ਕੇ, ਰੂਸੀ ਸਾਮਰਾਜੀ ਸ਼ਕਤੀ ਨੂੰ ਘੇਰ ਕੇ ਆਰਥਿਕ ਫੌਜੀ ਪੱਖ ਤੋਂ ਖੁੰਘਲ ਕਰਨਾ, ਉਸ ਨੂੰ ਵੰਡਣਾ-ਪਾੜਨਾ ਅਤੇ ਸ਼ਰੀਕ ਵਜੋਂ ਖਤਰਾ ਬਣਕੇ ਉੱਭਰਨ ਤੋਂ ਨਕਾਰਾ ਕਰਨਾ ਹੈ। ਇਹੀ ਉਹ ਕਰ ਰਹੇ ਹਨ। 

ਅਮਰੀਕਾ ਅਤੇ ਨਾਟੋ ਬੜੀ ਚੁਸਤੀ ਨਾਲ ਆਪ ਰੂਸ ਨਾਲ ਸਿੱਧੀ ਲੜਾਈ ’ਚ ਉਲਝਣ ਦੀ ਥਾਂ ਯੂਕਰੇਨ ਨੂੰ ਵੱਡੇ ਪੱਧਰ ’ਤੇ ਫੌਜੀ ਤੇ ਆਰਥਿਕ ਮੱਦਦ ਦੇ ਕੇ ਉਸ ਤੋਂ ਆਪਣੀ ਲੜਾਈ ਲੜਾ ਰਹੇ ਹਨ। ਹੁਣ ਤੱਕ ਉਹ ਇਸ ਜੰਗ ’ਚ 80 ਬਿਲੀਅਨ ਡਾਲਰ ਦੀ ਫੌਜੀ ਤੇ ਆਰਥਿਕ ਮੱਦਦ ਝੋਕ ਚੁੱਕੇ ਹਨ। ਜੰਗਬੰਦੀ ਅਤੇ ਸਮਝੌਤਾ ਵਾਰਤਾ ਨੂੰ ਲਗਾਤਾਰ ਠਿੱਬੀ ਲਾਉਦੇ ਆ ਰਹੇ ਹਨ। ਉਹਨਾਂ ਦੀ ਦਿਲਚਸਪੀ ਜੰਗ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਲਮਕਾਉਣ ’ਚ ਹੈ ਤਾਂ ਕਿ ਜੰਗੀ ਖਰਚਿਆਂ ਦੇ ਭਾਰ ਨਾਲ ਰੂਸੀ ਅਰਥਚਾਰੇ ਨੂੰ ਖੋਖਲਾ ਤੇ ਕਮਜ਼ੋਰ ਕੀਤਾ ਜਾ ਸਕੇ ਅਤੇ ਫਿਰ ਆਪਣੀਆਂ ਸ਼ਰਤਾਂ ਨਾਲ ਉਸ ਨੂੰ  ਸਮਝੌਤੇ ’ਤੇ ਅੱਪੜਨ ਲਈ ਮਜ਼ਬੂਰ ਕੀਤਾ ਜਾ ਸਕੇ। 

ਅਮਰੀਕਨ ਸਾਮਰਾਜੀਆਂ ਅਤੇ ਇਸਦੇ ਸਹਿਯੋਗੀਆਂ ਵੱਲੋਂ ਕਰੀਬ 80 ਬਿਲੀਅਨ ਡਾਲਰ ਦੀ ਯੂਕਰੇਨ ਦੀ ਫੌਜੀ ਤੇ ਆਰਥਿਕ ਮੱਦਦ ਕਰਨ ਤੋਂ ਇਲਾਵਾ ਰੂਸ ਤੇ ਸੱਟ ਮਾਰਨ ਲਈ ਸਖਤ ਆਰਥਕ-ਵਪਾਰਕ ਰੋਕਾਂ ਦੀ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਤੇਲ ਦਰਾਮਦ ਤੋਂ ਹੋਣ ਵਾਲੀ ਆਮਦਨ ਰੂਸੀ ਅਰਥਚਾਰੇ ਲਈ ਮਾਲੀਏ ਦਾ ਵੱਡਾ ਸਰੋਤ ਹੈ। ਰੂਸੀ ਅਰਥਚਾਰੇ ਨੂੰ ਵੱਟ ਚਾੜ੍ਹਨ ਲਈ ਅਮਰੀਕਨ ਸਾਮਰਾਜੀ ਗੁੱਟ ਨੇ ਰੂਸ ਤੋਂ ਤੇਲ ਅਤੇ ਗੈਸ ਦੀ ਬਰਾਮਦ ਨੂੰ ਢਾਹ ਲਾਉਣ ਲਈ ਅਨੇਕ ਪਾਬੰਦੀਆਂ ਮੜ੍ਹ ਦਿੱਤੀਆਂ ਹਨ। ਰੂਸੀ ਹਥਿਆਰਾਂ ਨੂੰ ਖਰੀਦਣ ਵਾਲੇ ਮੁਲਕਾਂ ਉੱਪਰ ਵੀ ਆਰਥਕ ਪਾਬੰਦੀਆਂ ਠੋਸਣ ਦੇ ਐਲਾਨ ਕੀਤੇ ਜਾ ਰਹੇ ਹਨ। ਰੂਸ ਨੂੰ ਸੰਸਾਰ ਪੱਧਰੀ ਲੈਣ-ਦੇਣ ਦੀ ਬੈਂਕਿੰਗ ਪ੍ਰਣਾਲੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਬੈਂਕਾਂ ’ਚ ਪਏ ਉਸ ਦੇ 300 ਬਿਲੀਅਨ ਡਾਲਰ ਦੀ ਅਦਾਇਗੀ ਜਾਮ ਕਰ ਦਿੱਤੀ ਹੈੈ। ਰੂਸੀ ਕੰਪਨੀਆਂ ਨਾਲੋਂ ਵਪਾਰਕ ਸਬੰਧ ਤੋੜੇ ਜਾ ਰਹੇ ਹਨ। ਵਿਦੇਸ਼ੀ ਪੂੰਜੀ ਰੂਸ ’ਚੋਂ ਪਲਾਇਨ ਕਰ ਰਹੀ ਹੈ ਅਤੇ ਰੂਸ ਅੰਦਰ ਚਲਦੇ ਵਿਦੇਸ਼ੀ ਕਾਰੋਬਾਰ ਬੰਦ ਕਰ ਦਿੱਤੇ ਗਏ ਹਨ। ਰੂਸ ਵੱਲੋਂ ਵਿਦੇਸ਼ਾਂ ਤੋਂ ਕੀਤੀ ਜਾਣ ਵਾਲੀ ਜ਼ਰੂਰੀ ਵਸਤਾਂ ਅਤੇ ਤਕਨੀਤੀ ਸਾਜ-ਸਮਾਨ ਦਰਾਮਦ ਕਰਨ ’ਤੇ ਆਰਥਕ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ ਹਨ ਜਿਸ ਕਰਕੇ ਸਨਅਤ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਯੂਰਪੀਨ ਯੂਨੀਅਨ ਨੇ ਰੂਸ ਨਾਲ ਵੀਜਾ ਸਮਝੌਤੇ ਰੱਦ ਕਰ ਦਿੱਤੇ ਹਨ। ਹੋਰ ਵੀ ਅਣਗਿਣਤ ਪਾਬੰਦੀਆਂ ਮੜ੍ਹ ਕੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇ ਉਹਨਾਂ ਨੇ ਇਹਨਾਂ ਬੰਦਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਨੂੰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਰੂਸ ਕੋਲੋਂ ਸਸਤਾ ਕੱਚਾ ਤੇਲ ਖਰੀਦਣ ਵਾਲੇ ਭਾਰਤ ਤੇ ਚੀਨ ਵਰਗੇ ਮੁਲਕਾਂ ਨੂੰ ਇਹ ਖਰੀਦ ਬੰਦ ਕਰਨ ਤੇ ਅਮਰੀਕਨ ਕੰਪਨੀਆਂ ਕੋਲੋਂ ਮਹਿੰਗਾ ਤੇਲ ਖਰੀਦਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ---ਸਾਮਰਾਜੀ ਦਾਦਾਗਿਰੀ ਦੀ ਨੁਮਾਇਸ਼ ਹੈ ਕਿ ਅਮਰੀਕਨ ਯੁੱਧਨੀਤੀ ਦੀਆਂ ਲੋੜਾਂ ਅਤੇ ਅਮਰੀਕਨ ਤੇਲ ਤੇ ਹਥਿਆਰ ਕੰਪਨੀਆਂ ਦੇ ਮੁਨਾਫਿਆਂ ਲਈ ਜੰਗ ਨੂੰ ਬਹਾਨਾ ਬਣਾ ਕੇ ਹੋਰਨਾਂ ਮੁਲਕਾਂ ਨੂੰ ਆਪਣੇ ਕੌਮੀ ਹਿੱਤਾਂ ਤੇ ਪ੍ਰਭੂਸਤਾ ਨੂੰ ਤਿਲਾਂਜਲੀ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਨ ਸਾਮਰਾਜੀਆਂ ਵੱਲੋਂ ਰੂਸ ਉੈਪਰ ਮੜ੍ਹੀਆਂ ਇਹ ਆਰਥਕ ਤੇ ਵਪਾਰਕ ਬੰਦਸ਼ਾਂ ਰੂਸ ਦੇ ਅਰਥਚਾਰੇ ਨੂੰ ਲੰਮੇ ਸਮੇ ’ਚ ਕਾਫੀ ਢਾਹ ਲਾ ਸਕਦੀਆਂ ਹਨ, ਬਸ਼ਰਤੇ ਕਿ ਸਮਾਂ ਰਹਿੰਦੇ ਰੂਸ ਇਹਨਾਂ ਦਾ ਕੋਈ ਢੁੱਕਵਾਂ ਤੋੜ ਨਾ ਲੱਭ ਲਵੇ। ਪਰ ਰੂਸ ਦੇ ਨਾਲ ਨਾਲ ਇਹ ਪਾਬੰਦੀਆਂ ਹੋਰਨਾਂ ਮੁਲਕਾਂ ਦੇ ਅਰਥਚਾਰਿਆਂ ਉੱਪਰ ਵੀ ਗੰਭੀਰ ਪ੍ਰਭਾਵ ਪਾ ਸਕਦੀਆਂ ਹਨ। ਉਦਾਹਰਣ ਲਈ ਤੇਲ ਤੇ ਗੈਸ ਦੀ ਰੂਸ ਤੋਂ ਦਰਾਮਦ ਉੱਪਰ ਲਾਈਆਂ ਰੋਕਾਂ ਇਹਨਾਂ ਅਣਸਰਦੇ ਊਰਜਾ ਸਾਧਨਾਂ ਦੀ ਉਪਲਬੱਧਤਾ ਅਤੇ ਕੀਮਤ ਵਾਧੇ ਦੇ ਸੰਕਟ ਨੂੰ ਜਨਮ ਦੇ ਸਕਦੀਆਂ ਹਨ। ਇਸ ਨਾਲ ਤੇਲ ਦਰਾਮਦਾਂ ਉੱਪਰ ਨਿਰਭਰ ਕਈ ਕਮਜ਼ੋਰ ਅਰਥਚਾਰੇ ਲੜਖੜਾ ਸਕਦੇ ਹਨ। ਵਪਾਰਕ ਪਾਬੰਦੀਆਂ ਕਾਰਨ ਕੌਮਾਂਤਰੀ ਸਪਲਾਈ ਲੜੀਆਂ ’ਚ ਪੈਣ ਵਾਲੇ ਵਿਘਨਾਂ ਤੇ ਘਟੀ ਸਪਲਾਈ ਕਾਰਨ ਅਨਾਜੀ ਤੇ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਕਰਕੇ ਲੱਖਾਂ ਲੋਕਾਂ ਨੂੰ ਅਨਾਜੀ ਥੁੜ ਤੇ ਪਹੁੰਚੋਂ ਬਾਹਰ ਹੋਣ ਕਰਕੇ ਭੁੱਖ-ਮਰੀ ਜਾਂ ਮੌਤ ਦੇ ਮੂੰਹ ਧੱਕ ਸਕਦੀਆਂ ਹਨ। ਇਸ ਲਈ ਅਜਿਹੀਆਂ ਬੰਦਸ਼ਾਂ ਵਿਰੁੱਧ ਆਵਾਜ਼ ਉਠਾਉਣੀ ਕੁੱਲ ਲੋਕਾਈ ਦੇ ਸਰੋਕਾਰ ਦਾ ਵਿਸ਼ਾ ਬਣਨੀਆਂ ਚਾਹੀਦੀਆਂ ਹਨ। 

ਅਮਰੀਕਨ ਸਾਮਰਾਜੀਆਂ ਵੱਲੋਂ ਰੂਸ ਉੱਪਰ ਲਾਈਆਂ ਆਰਥਕ ਤੇ ਵਪਾਰਕ ਬੰਦਸ਼ਾਂ ਦੋ-ਧਾਰੀ ਤਲਵਾਰ ਵਾਂਗ ਹਨ। ਕਿਸੇ ਵਿਸ਼ੇਸ਼ ਹਾਲਤ ’ਚ, ਇਹ ਨਿਸ਼ਾਨਾ ਬਣਾਈ ਧਿਰ ਦੀ ਥਾਂ ਬਨਾਉਣ ਵਾਲਿਆਂ ਦਾ ਵਧੇਰੇ ਨੁਕਸਾਨ ਕਰ ਸਕਦੀਆਂ ਹਨ। ਉਦਾਹਰਣ ਲਈ ਤੇਲ ਤੇ ਗੈਸ ਦੀਆਂ ਰੂਸ ਵੱਲੋਂ ਕੀਤੀਆਂ ਜਾਣ ਵਾਲੀਆਂ ਬਰਾਮਦਾਂ ਦੀ ਹੀ ਗੱਲ ਲਓ। ਅਖਬਾਰੀ ਖਬਰਾਂ ਅਨੁਸਾਰ ਰੂਸ ਦੇ ਵਿਦੇਸ਼ੀ ਸਿੱਕੇ ਦੇ 300 ਬਿਲੀਅਨ ਡਾਲਰ ਜਾਮ ਕੀਤੇ ਜਾਣ ਦੇ ਬਾਵਜੂਦ ਹਾਲੇ ਵੀ ਰੂਸ ਕੋਲ ਵਿਦੇਸ਼ੀ ਸਿੱਕੇ ਦੇ ਭੰਡਾਰ ਕਾਫੀ ਵੱਡੇ ਹਨ। ਤੇਲ ਤੇ ਗੈਸ ਦੀ ਵਿੱਕਰੀ ਨਾ ਹੋਣ ਨਾਲ ਛੇਤੀ ਕੀਤੇ ਉਸ ਨੂੰ ਵੱਡੀ ਦਿੱਕਤ ਆਉਣ ਵਾਲੀ ਨਹੀਂ। ਉਸ ਨੇ ਆਪਣੇ ਕਈ ਵਪਾਰਕ ਭਾਈਵਾਲਾਂ ਨਾਲ ਵਪਾਰ ਡਾਲਰਾਂ ਦੀ ਥਾਂ ਸਥਾਨਕ ਮੁਦਰਾਵਾਂ ’ਚ ਕਰਨਾ ਸ਼ੁਰੂ ਕਰ ਦਿੱਤਾ ਹੈ-ਜਿਵੇਂ ਕਿ ਚੀਨ ਤੇ ਭਾਰਤ ਨਾਲ ਕੀਤਾ ਜਾ ਰਿਹਾ ਹੈ। ਬਲਕਿ ਬੈਂਕਿੰਗ ਪ੍ਰਣਾਲੀ ’ਚੋਂ ਬਾਹਰ ਕੱਢ ਦਿੱਤੇ ਜਾਣ ਬਾਅਦ ਰੂਸ ਨੇ ਯੂਰਪੀਅਨ ਮੁਲਕਾਂ ਨੂੰ ਵੀ ਗੈਸ ਦੀਆਂ ਕੀਮਤਾਂ ਰੂਬਲਾਂ ’ਚ ਅਦਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਇਉ ਵਟਾਂਦਰਾ ਮੁਦਰਾ ਦੇ ਰੂਪ ’ਚ ਡਾਲਰ ਦੀ ਸਰਦਾਰੀ ਕਮਜ਼ੋਰ ਹੋਣ ਤੇ ਟੁੱਟਣ ਜੇ ਹੋਰ ਅੱਗੇ ਵਧਦਾ ਹੈ ਤਾਂ ਇਹ ਅਮਰੀਕੀ ਆਰਥਿਕਤਾ ਲਈ ਇਕ ਘਾਤਕ ਸੱਟ ਹੋਵੇਗੀ। ਬਹਿਰਹਾਲ, ਇਹਨਾਂ ਪਾਬੰਦੀਆਂ ਕਰਕੇ ਯੂਰਪੀਅਨ ਦੇਸ਼ਾਂ ਨੂੰ ਰੂਸ ਨਾਲ ਕੀਤੇ ਸਮਝੌਤਿਆਂ ਤਹਿਤ ਗੈਸ ਜਿਸ ਭਾਅ ਮਿਲਦੀ ਸੀ, ਉਹ ਪਾਬੰਦੀਆਂ ਤੋਂ ਬਾਅਦ ਹੋਰਨਾਂ ਸਰੋਤਾਂ ਤੋਂ ਦਸ ਗੁਣਾ ਮਹਿੰਗੀ ਮਿਲ ਰਹੀ ਹੈ। ਯੂਰਪ ਆਪਣੀਆਂ ਗੈਸ ਲੋੜਾਂ ਦੇ 40  ਫੀਸਦੀ ਦੀ ਪੂਰਤੀ ਰੂਸ ਦੀ ਗੈਸ ਦਰਾਮਦ ਕਰਨ ਰਾਹੀਂ ਕਰਦਾ ਸੀ। ਰੂਸੀ ਗੈਸ ਦੀ ਯੂਰਪ ਨੂੰ ਸਪਲਾਈ ਵਧਾਉਣ ਲਈ ਨੌਰਦ ਸਟਰੀਮ-2 ਨਾਂ ਦੀ ਇੱਕ ਨਵੀ ਪਾਈਪ ਲਾਈਨ ਵੀ ਅਰਬਾਂ ਡਾਲਰ ਖਰਚ ਕੇ ਵਿਛਾਈ ਜਾਣ ਦੇ ਬਾਵਜੂਦ ਪਾਬੰਦੀਆਂ ਕਰਕੇ ਚਾਲੂ ਨਹੀਂ ਕੀਤੀ ਜਾ ਸਕੀ। ਜੀ-7 ਦੇ ਨਾਂ ਨਾਲ ਜਾਣੇ ਜਾਂਦੇ ਵਿਕਸਤ ਸਾਮਰਾਜੀ ਮੁਲਕਾਂ (ਅਮਰੀਕਾ, ਕੈਨੇਡਾ, ਜਰਮਨੀ, ਯੂ ਕੇ, ਇਟਲੀ, ਫਰਾਂਸ ਅਤੇ ਜਾਪਾਨ) ਦੇ ਗਰੁੱਪ ਵੱਲੋਂ ਰੂਸੀ ਤੇਲ ਬਰਾਮਦ ਦੀਆਂ ਕੀਮਤਾਂ ਬੰਨ੍ਹ ਦੇਣ ਮਗਰੋਂ ਰੂਸ ਨੇ ਜੁਆਬੀ ਕਾਰਵਾਈ ਵਜੋਂ ਨੌਰਦ ਸਟਰੀਮ-1 ਰਾਹੀਂ ਵੀ ਗੈਸ ਸਪਲਾਈ ਰੋਕ ਦਿੱਤੀ ਹੈ। ਇਸ ਨਾਲ ਪਹਿਲੇ ਦਿਨ ਹੀ ਗੈਸ ਦੀਆਂ ਕੀਮਤਾਂ ’ਚ 33 ਫੀਸਦੀ ਦਾ ਉਛਾਲ ਆ ਗਿਆ ਹੈ। ਗੈਸ ਕੀਮਤਾਂ ’ਚ ਭਾਰੀ ਵਾਧੇ ਨਾਲ ਯੂਰੋਜੋਨ ਦੇ ਕੁੱਝ ਖੇਤਰਾਂ ’ਚ ਬਿਜਲੀ 20 ਗੁਣਾ ਤੱਕ ਮਹਿੰਗੀ ਹੋ ਗਈ ਹੈ। ਊਰਜਾ ਕੰਪਨੀਆਂ ਨੂੰ ਲੁੜਕਣ ਤੋਂ ਬਚਾਉਣ ਲਈ ਯੂਰਪੀਨ ਸਰਕਾਰਾਂ ਨੂੰ ਉਹਨਾਂ ਨੂੰ ਕਈ ਕਈ ਬਿਲੀਅਨ ਡਾਲਰ ਦੇ ਪੈਕੇਜ ਦੇਣੇ ਪੈ ਰਹੇ ਹਨ। ਪਰ ਅਜਿਹਾ ਕਿੰਨਾ ਕੁ ਚਿਰ ਕੀਤਾ ਜਾ ਸਕਦਾ ਹੈ। ਅੱਗੇ ਸਿਆਲ ਹੋਣ ਕਾਰਨ ਤੇ ਬਿਜਲੀ ਦੀ ਖਪਤ ਵਧਣ ਕਾਰਨ ਊਰਜਾ ਸੰਕਟ ਵਿਕਰਾਲ ਰੂਪ ਧਾਰਨ ਕਰ ਸਕਦਾ ਹੈ। ਅਜਿਹੀ ਹਾਲਤ ’ਚ ਫਿਨਿਸ ਅਰਥਮੰਤਰੀ ਨੇ ਆਪਣੇ ਦੇਸ਼ ਅੰਦਰ ਕਿਰਿਆਸ਼ੀਲ ਊਰਜਾ ਕੰਪਨੀਆਂ ਲਈ 10 ਬਿਲੀਅਨ ਡਾਲਰ ਦਾ ਪੈਕੇਜ ਜਾਰੀ ਕਰਦਿਆਂ ਕਿਹਾ, ‘‘ਬਾਜ਼ਾਰ ’ਚ ਬਹੁਤ ਜੋਰਦਾਰ ਘਬਰਾਹਟ ਹੈ। ਲੈਹਮਨ ਬ੍ਰਦਰਜ਼ ਨਾਲ ਜੋ ਵਾਪਰਿਆ ਸੀ, ਊਰਜਾ ਖੇਤਰ ’ਚ ਉਹੋ ਜਿਹਾ ਕੁੱਝ ਵਾਪਰਨ ਦੇ ਸਾਰੇ ਸੰਕੇਤ ਮੌਜੂਦ ਹਨ।’’ ਉਹ ਸਾਲ 2008 ਦੇ ਸੰਕਟ ਵੇਲੇ ਅਮਰੀਕੀ ਇਨਵੈਸਟਮੈਂਟ ਬੈਂਕ-ਲੈਹਮਨ ਬ੍ਰਦਰਜ਼-ਦੇ ਲੁੜਕ ਜਾਣ ਨਾਲ ਛਿੜੇ ਗਲੋਬਲ ਵਿੱਤੀ ਸੰਕਟ ਵੱਲ ਇਸ਼ਾਰਾ ਕਰ ਰਹੇ ਸਨ। 

ਜੀ-7 ਮੁਲਕਾਂ ਵੱਲੋਂ ਰੂਸੀ ਤੇਲ ਦੀਆਂ ਕੀਮਤਾਂ ਬੰਨ੍ਹਣ ਤੇ ਉਸ ਤੋਂ ਵੱਧ ਕੀਮਤ ’ਤੇ ਤੇਲ ਖਰੀਦਣ ਵਾਲਿਆਂ ਵਿਰੁੱਧ ਅਮਰੀਕੀ ਗੁੱਟ ਵੱਲੋਂ ਕਾਰਵਾਈ ਕਰਨ ਦੇ ਮਸਲੇ ’ਤੇ ਬੋਲਦਿਆਂ ਰੂਸ ਦੇ ਤਰਜ਼ਮਾਨ ਲੈਗਜ਼ੰਡਰ ਨੋਵਾਕ ਦਾ ਕਹਿਣਾ ਸੀ ਕਿ ਅਜਿਹੀ ਹਾਲਤ ਵਿਚ ਉਹ ਤੇਲ ਦੀ ਪੈਦਾਵਾਰ ਹੀ ਬੰਦ ਕਰ ਸਕਦੇ ਹਨ। ਓਪੈਕ ਪਲੱਸ ਮੁਲਕਾਂ ’ਚ ਰੂਸ ਸਾਉੂਦੀ ਅਰਬ ਤੋਂ ਬਾਅਦ ਦੂਜਾ ਵੱਡਾ ਉਤਪਾਦਕ ਹੈ। ਅਮਰੀਕਾ ਦੇ ਦਬਾਅ ਪਾਉਣ ਦੇ ਬਾਵਜੂਦ ਓਪੈਕ ਦੇਸ਼ਾਂ ਨੇ ਤੇਲ ਪੈਦਾਵਾਰ ਵਧਾਉਣ ਦੀ ਥਾਂ ਘਟਾ ਦਿੱਤੀ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਪਹਿਲਾਂ ਹੀ ਇਰਾਨ, ਵੈਨਜ਼ੂਏਲਾ ਆਦਿਕ ਦੇਸ਼ਾਂ ’ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਜੇ ਰੂਸ ਵੀ ਤੇਲ ਉਤਪਾਦਨ ਘਟਾ ਦਿੰਦਾ ਜਾਂ ਠੱਪ ਕਰ ਦਿੰਦਾ ਹੈ ਤਾਂ ਇਸ ਨਾਲ ਕੌਮਾਂਤਰੀ ਬਾਜ਼ਾਰ ’ਚ ਤਰਥੱਲੀ ਮੱਚ ਜਾਵੇਗੀ ਤੇ ਤੇਲ ਕੀਮਤਾਂ 200 ਡਾਲਰ ਫੀ ਬੈਰਲ ਤੋਂ ਵੀ ਪਾਰ ਹੋ ਸਕਦੀਆਂ ਹਨ। ਇਸ ਨਾਲ ਸਮੁੱਚਾ ਕੌਮਾਂਤਰੀ ਅਰਥਚਾਰਾ ਅਸਥਿਰ ਤੇ ਤਹਿਸ-ਨਹਿਸ ਹੋ ਸਕਦਾ ਹੈ। 

ਸਿਰ ਮੰਡਰਾ ਰਹੇ ਗੰਭੀਰ ਊਰਜਾ ਸੰਕਟ ਦੇ ਮੂੰਹ ’ਚ ਜੀ-7 ਮੁਲਕਾਂ ਦੇ ਰੂਸੀ ਤੇਲ ਦੀਆਂ ਕੀਮਤਾਂ ’ਤੇ ਬੰਦਸ਼ ਲਾਉਣ ਦੇ ਫੈਸਲੇ ਬਾਰੇ ਟਿੱਪਣੀ ਕਰਦਿਆਂ ਰੂਸੀ ਤਰਜ਼ਮਾਨ ਨੌਵੈਕ ਦਾ ਕਹਿਣਾ ਸੀ :

‘‘ਸਾਰੀ ਸਮੱਸਿਆ ਉਹਨਾਂ ਦੇ ਪੈਰੋਂ ਖੜ੍ਹੀ ਹੋ ਰਹੀ ਹੈ। ਉਹਨਾਂ ਦੀ ਨੇੜ-ਦਿ੍ਰਸ਼ਟੀ ਵਾਲੀ ਨੀਤੀ ਯੂਰਪ ਦੀਆਂ ਊਰਜਾ ਮੰਡੀਆਂ ਦੇ ਧੜੱਮ ਡਿੱਗਣ ਵਾਲੀ ਹਾਲਤ ਪੈਦਾ ਹੋਣ ਵੱਲ ਲਿਜਾ ਰਹੀ ਹੈ। ਗੱਲ ਏਥੇ ਮੁੱਕਦੀ ਨਹੀਂ। ਹਾਲੇ ਤਾਂ ਅਸੀਂ ਸਾਲ ਦੇ ਨਿੱਘੇ ਮਹੀਨਿਆਂ ’ਚੋਂ ਗੁਜ਼ਰ ਰਹੇ ਹਾਂ। ਅੱਗੇ ਸਿਆਲ ਆ ਰਿਹਾ ਹੈ ਤੇ ਬਹੁਤ ਸਾਰੀਆਂ ਉਦੋਂ ਬਣਨ ਵਾਲੀਆਂ ਹਾਲਤਾਂ ਬਾਰੇ ਅੱਜ ਕਿਆਸ ਕਰਨਾ ਔਖਾ ਹੈ। ’’

ਯੂਕਰੇਨ ’ਚ ਚੱਲ ਰਹੀ ਜੰਗ ਅਤੇ ਇਸ ਜੰਗ ਦੌਰਾਨ ਅਮਰੀਕਨ ਸਾਮਰਾਜੀ ਗੁੱਟ ਵੱਲੋਂ ਅਪਣਾਈਆਂ ਨੀਤੀਆਂ ਕਰਕੇ ਸਾਮਰਾਜੀ ਮੁਲਕਾਂ ਸਮੇਤ ਦੁਨੀਆਂ ਦੇ ਸਭ ਅਰਥਚਾਰੇ ਪ੍ਰਭਾਵਤ ਹੋਏ ਹਨ। ਸੰਸਾਰ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਜੰਗ ਦੀ ਵਜ੍ਹਾ ਕਰਕੇ ਸਾਲ 2022 ’ਚ ਯੂਕਰੇਨ ਦਾ ਅਰਥਚਾਰਾ 45% ਤੱਕ ਸੁੰਗੜੇਗਾ ਜਦ ਕਿ ਰੂਸੀ ਅਰਥਚਾਰੇ ’ਚ 11.2% ਦਾ ਸੁੰਗੇੜਾ ਆਵੇਗਾ। ਯੂਰਪੀ ਯੂਨੀਅਨ ਦੀ ਸਾਲ 2022 ’ਚ ਆਰਥਕ ਵਿਕਾਸ ਦਰ 5.3 ਤੋਂ ਲਗਭਗ 3 ਫੀਸਦੀ ਤੱਕ ਡਿੱਗ ਕੇ 2.6 ਰਹਿ ਜਾਣ ਦੀ ਸੰਭਾਵਨਾ ਹੈ। ਜੰਗ ਤੋਂ ਬਾਅਦ ਡਾਲਰ ਦੀ ਤੁਲਨਾ ’ਚ ਯੂਰੋ ਦੀ ਕੀਮਤ 12 ਫੀਸਦੀ ਡਿੱਗੀ ਹੈ। ਜਰਮਨੀ ’ਚ ਖੁਰਾਕ ਵਸਤਾਂ ਦੀ ਮਹਿੰਗਾਈ 12.7 ਫੀਸਦੀ ਵਧੀ ਹੈ। ਵਧੀਆਂ ਤੇਲ ਕੀਮਤਾਂ ਕਰਕੇ 1991 ਤੋਂ ਬਾਅਦ ਪਹਿਲੀ ਵਾਰ ਜਰਮਨੀ ਨੂੰ ਵਪਾਰਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੰਗਰੀ ’ਚ ਊਰਜਾ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ। ਨੀਦਰਲੈਂਡ ’ਚ 17.4 ਮਿਲੀਅਨ ਵਸੋਂ ’ਚੋਂ 1.4 ਮਿਲੀਅਨ ਦੇ ਗਰੀਬੀ ਮੂੰਹ ਧੱਕੇ ਜਾਣ ਦੀ ਅੰਦੇਸ਼ਾ ਹੈ। ਸਰਕਾਰੀ ਇਕਨਾਮਿਕ ਰੀਸਰਚ ਇਨਸਟੀਚਿਊਟ ਦੇ ਇੱਕ ਅਧਿਐਨ ਅਨੁਸਾਰ ਪੰਜਾਂ ਪਿੱਛੇ ਇੱਕ ਡੱਚ ਪਰਿਵਾਰ ਬਿਜਲੀ ਤੇ ਗੈਸ ਬਿੱਲ ਦੇਣੋਂ ਅਸਮਰੱਥ ਰਹੇਗਾ। ਯੂ ਕੇ ਦੀ ਨੈਸ਼ਨਲ ਹੈਲਥ ਸਰਵਿਸ ਅਨੁਸਾਰ ਯੂ ਕੇ ਘਰ ਗਰਮ ਨਾ ਕਰ ਸਕਣ ਦੀ ਵਜ੍ਹਾ ਕਰਕੇ ਹਜ਼ਾਰਾਂ ਦੀ ਗਿਣਤੀ ’ਚ ਠੰਢ ਨਾਲ ਮੌਤਾਂ ਹੋਣ ਦਾ ਖਦਸ਼ਾ ਹੈ। ਸਾਰੇ ਯੂਰਪ ’ਚ ਗੈਸ ਦੀਆਂ ਵਧੀਆਂ ਕੀਮਤਾਂ ਨਾਲ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਦੇ ਬੰਦ ਹੋਣ ਨਾਲ ਬੇਰੁਜ਼ਗਾਰੀ ਵਧੇਗੀ। ਉਧਰ ਸਰਕਾਰਾਂ ਵਧੇ ਜੰਗੀ ਖਰਚਿਆਂ ਦਾ ਭਾਰ ਮਜ਼ਦੂਰ ਜਮਾਤ ਦੇ ਮੋਢਿਆਂ ਉੱਪਰ ਤਿਲਕਾਉਣ ਲਈ ਯਤਨਸ਼ੀਲ ਰਹਿਣਗੀਆਂ। ਯੂਰਪ ਦੀਆਂ ਸਭਨਾਂ ਸਰਕਾਰਾਂ ਨੇ ਆਪਣੇ ਜੰਗੀ ਬੱਜਟਾਂ ’ਚ ਕਾਫੀ ਵੱਡੇ ਵਾਧੇ ਕੀਤੇ ਹਨ ਜੋ ਕਿ ਜਾਂ ਲੋਕ-ਭਲਾਈ ਦੀਆਂ ਸਕੀਮਾਂ ’ਤੇ ਕੀਤੇ ਜਾਣ ਵਾਲੇ ਖਰਚਿਆਂ ’ਤੇ ਕੱਟ ਲਾ ਕੇ ਤੇ ਜਾਂ ਫਿਰ ਨਵੇਂ ਟੈਕਸ ਲਾ ਕੇ ਪੂਰੇ ਕੀਤੇ ਜਾਣਗੇ। ਇਉ ਸਾਮਰਾਜੀ ਜੰਗਾਂ ਦਾ ਜਮਾਤੀ ਜੰਗਾਂ ਨਾਲ ਸਿੱਧਾ ਸਬੰਧ ਬਣ ਜਾਂਦਾ ਹੈ। ਸਿਰਫ ਜਮਾਤੀ ਜੰਗ ਤੇਜ਼ ਕਰਕੇ ਹੀ ਸਾਮਰਾਜੀ ਜੰਗ ਦਾ ਵਿਰੋਧ ਕੀਤਾ ਜਾ ਸਕਦਾ ਹੈ। 

ਜਿੱਥੇ ਇਹ ਸਾਮਰਾਜੀ ਜੰਗ ਨਾ ਸਿਰਫ ਯੂਕਰੇਨ ਜਾਂ ਰੂਸ ਦੇ ਮਿਹਨਤਕਸ਼ ਲੋਕਾਂ ਲਈ ਮੌਤ ਤੇ ਤਬਾਹੀ ਦਾ ਸੋਮਾ ਹੈ, ਉਥੇ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ ਜਾਂ ਵਾਤਵਰਨ ਦੀ ਪਲੀਤਗੀ ਆਦਿਕ ਦੇ ਰੂਪ ’ਚ ਇਹ ਜੰਗ ਸਰਾਪ ਸਾਬਤ ਹੋਵੇਗੀ। ਦੂਜੇ ਪਾਸੇ ਸਰਮਾਏਦਾਰੀ ਵੱਲੋਂ ਥੋਪੀਆਂ ਹੋਰਨਾਂ ਪਿਛਾਖੜੀ ਜੰਗਾਂ ਵਾਂਗ ਇਹ ਜੰਗ ਵੀ ਧੜਵੈਂਲ ਹਥਿਆਰਸਾਜੀ ਕੰਪਨੀਆਂ, ਐਨਰਜੀ ਕਾਰਪੋਰੇਟਾਂ, ਅਨਾਜ ਦੇ ਗਲੋਬਲ ਵਪਾਰੀਆਂ ਤੇ ਹੋਰ ਵੱਡੇ ਕਾਰੋਬਾਰੀਆਂ ਲਈ ਵਰਦਾਨ ਬਣ ਕੇ ਬਹੁੜੀਆਂ ਹਨ। ਪ੍ਰਮਾਣਤ ਰੀਪੋਰਟਾਂ ਅਨੁਸਾਰ, ਸੰਸਾਰ ਦੀਆਂ 6 ਵੱਡੀਆਂ ਊਰਜਾ ਨਾਲ ਸਬੰਧਤ ਦਿਓ-ਕੱਦ ਕੰਪਨੀਆਂ ਜਿਨ੍ਹਾਂ ਨੂੰ ‘‘ਬਿੱਗ ਆਇਲ’’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ (ਯਾਨੀ ਕਿ ਐਕਸ਼ਨ ਮੋਬਾਈਲ, ਸੈਵਰਨ, ਸ਼ੈਲ, ਬਿ੍ਰਟਿਸ਼ ਪੈਟਰੋਲੀਅਮ, ਟੋਟਲ ਐਨਰਜੀ ਤੇ ਐਨੀ) ਦੇ ਸਾਲ 2022 ਦੀ ਦੂਜੀ ਤਿਮਾਹੀ ਦੇ ਰਲਵੇਂ ਮੁਨਾਫੇ 64 ਬਿਲੀਅਨ ਡਾਲਰ ਤੋਂ ਵੀ ਵੱਧ ਹਨ। ਅਮਰੀਕਾ ਦੀ ਜੰਗੀ ਹਥਿਆਰ ਸਨਅਤ ਨਾਲ ਸਬੰਧਤ ਧੜਵੈਲ ਕਾਰਪੋਰੇਟ-ਲਾਕਹੀਡ ਮਾਰਟਿਨ-ਦੇ ਸ਼ੇਅਰ ਵੀਹ ਫੀਸਦੀ ਚੜ੍ਹ ਗਏ ਹਨ ਜਦ ਕਿ ਯੂ ਐਸ ਸਟਾਕ ਐਕਸਚੇਂਜ ’ਚ ਸ਼ੇਅਰ ਇੰਡੈਕਸ ’ਚ 8 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਸ਼ੇਅਰ ਕੀਮਤਾਂ ’ਚ ਵੀਹ ਫੀਸਦੀ ਦੇ ਵਾਧੇ ਦਾ ਅਰਥ ਇੱਕੋ ਝਟਕੇ ਕੀਤੀ ਅਰਬਾਂ-ਖਰਬਾਂ ਡਾਲਰਾਂ ਦੀ ਕਮਾਈ ਹੈ। ਇਹੋ ਕੁੱਝ ਹੀ ਮੌਤ ਦੀਆਂ ਸੌਦਾਗਰ ਹੋਰ ਜੰਗੀ ਸਨਅਤ ਕੰਪਨੀਆਂ-ਨੌਰਥਡੌਪ ਗਰੂਮਨ ਅਤੇ ਜਨਰਲ ਡਾਇਨੇਮਿਕਸ-ਆਦਿਕ ਦੇ ਮਾਮਲੇ ’ਚ ਵਾਪਰਿਆ ਹੈ। ਬਿ੍ਰਟੇਨ ’ਚ 350 ਵੱਡੀਆਂ ਲਿਮਟਿਡ ਕੰਪਨੀਆਂ ਦੇ ਮੁਨਾਫਿਆਂ ’ਚ 2019 ਦੇ ਮੁਕਾਬਲੇ 73 ਫੀਸਦੀ ਦਾ ਵਾਧਾ ਹੋਇਆ ਹੈ। ਜਦ ਕਿ ਇਸੇ ਸਮੇਂ ਦੌਰਾਨ ਕਾਮਿਆਂ ਦੀ ਉਜਰਤ ’ਚ 2.6 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ। ਹਕੀਕਤ ’ਚ ਅਸਲ ਉਜਰਤ ਇੱਕ ਫੀਸਦੀ ਘਟੀ ਹੈ। ਇਉ ਇਹ ਸਾਮਰਾਜੀ ਜੰਗ ਅਮਰੀਕਾ ਲਈ ਇੱਕ ਹੋਰ ਸੋਨੇ ਦੀ ਖਾਣ ਸਾਬਤ ਹੋਣ ਜਾ ਰਹੀ ਹੈ ਜਿਸ ਦੌਰਾਨ ਉਹ ਨਾ ਸਿਰਫ ਯੂਕਰੇਨ ਨੂੰ, ਸਗੋਂ ਨਾਟੋ ਦੇਸਾਂ ਨੂੰ ਵੀ ਅਰਬਾਂ-ਖਰਬਾਂ ਦੇ ਹਥਿਆਰ, ਤੇਲ, ਗੈਸ, ਅਨਾਜੀ ਵਸਤਾਂ ਤੇ ਹੋਰ ਵਸਤਾਂ ਵੇਚ ਕੇ ਮੋਟੇ ਮੁਨਾਫੇ ਕਮਾਵੇਗਾ। 

ਯੂਕਰੇਨ ਜੰਗ ਮੌਜੂਦਾ ਸਮੇਂ ਵਧੇਰੇ ਘਾਤਕ ਰੁਖ਼ ਅਖਤਿਆਰ ਕਰਦੀ ਜਾ ਰਹੀ ਹੈ। ਅਮਰੀਕਾ ਹੁਣ ਵਧੇਰੇ ਮਾਰੂ ਅਤੇ ੳੱੁਨਤ ਹਥਿਆਰ ਪ੍ਰਣਾਲੀਆਂ ਜੰਗ ’ਚ ਝੋਕ ਰਿਹਾ ਹੈ। ਅਮਰੀਕਾ ਅਤੇ ਨਾਟੋ ਦੇ ਫੌਜੀ ਮਾਹਰਾਂ ਅਤੇ ਨੀਤੀਵਾਨਾਂ ਵੱਲੋਂ ਘੜੀਆਂ ਯੋਜਨਾਵਾਂ ਅਨੁਸਾਰ ਜੰਗ ਚਲਾਈ ਜਾ ਰਹੀ ਹੈ। ਅਮਰੀਕੀ ਜੰਗੀ ਸਨਅਤ ਦੇ ਨਵੇਂ ਅਤੇ ਅਣਪਰਖੇ ਹਥਿਆਰਾਂ ਨੂੰ ਵੀ ਇੱਥੇ ਪਰਖਿਆ ਜਾ ਰਿਹਾ ਹੈ। ਜੁਲਾਈ ਮਹੀਨੇ ’ਚ ਯੂਕਰੇਨ ਦੇ ਰੱਖਿਆ ਮੰਤਰੀ ਓਲੈਕਸੀ ਰੇਜਨੀਕੋਵ ਨੇ ਅਮਰੀਕੀ ਹਥਿਆਰ ਨਿਰਮਾਤਾਵਾਂ ਨੂੰ ਨਵੇਂ ਹਥਿਆਰ ਪਰਖਣ ਲਈ ਯੂਕਰੇਨ ਨੂੰ ‘‘ਟੈਸਟਿੰਗ ਗਰਾਊਂਡ’’ ਵਜੋਂ ਵਰਤਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਯੂਕਰੇਨ ਵਿਚ ਅਮਰੀਕੀ ਰਾਜਦੂਤ ਮੇਰੀ ਯੋਵਾਨੋਵਿਚ ਨੇ ਯੂਕਰੇਨ ਨੂੰ ‘‘ਵੱਡੀਆਂ ਤਾਕਤਾਂ ਦੇ ਭੇੜ ਦਾ ਅਖਾੜਾ’’ ਗਰਦਾਨ ਕੇ ਯੂਕਰੇਨ ਬਾਰੇ ਅਮਰੀਕੀ ਸਮਝ ਦੇ ਅਸਲ ਅਰਥਾਂ ਨੂੰ ਉਘਾੜ ਦਿੱਤਾ ਸੀ। 

ਲਗਦਾ ਹੈ ਅਮਰੀਕੀ ਸਾਮਰਾਜੀਏ ਨਾ ਸਿਰਫ ਇਸ ਜੰਗ ਨੂੰ ਹੋਰ ਲੰਮਾ ਖਿੱਚਣਾ ਚਾਹੁੰਦੇ ਹਨ, ਸਗੋਂ ਵਧੇਰੇ ਵਿਕਸਤ ਤੇ ਮਾਰੂ ਹਥਿਆਰਾਂ ਦੀ ਵਰਤੋਂ ਕਰਕੇ ਰੂਸ ਦਾ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕਰਕੇ ਉਸ ਨੂੰ ਮਹਿੰਗੀ ਕੀਮਤ ’ਤਾਰਨ ਤੇ ਮੁੜ ਛੇਤੀ ਉੱਠ ਨਾ ਸਕਣ ਦੀ ਹਾਲਤ ’ਚ ਧੱਕਣਾ ਚਾਹੁੰਦੇ ਹਨ। ਉਹ ਹੁਕਮਰਾਨ ਰੂਸੀ ਅਮੀਰਸ਼ਾਹੀ ’ਚ ਤਰੇੜਾਂ ਤੇ ਵਿਰੋਧ ਨੂੰ ਤਿੱਖਾ ਕਰਨਾ ਚਾਹੁੰਦੇ ਹਨ। ਪਰ ਜੰਗ ਲਮਕਣ ਨਾਲ ਜੰਗ ਦੇ ਅਸਰਾਂ ਦੇ ਵਧੇਰੇ ਪ੍ਰਤੱਖ ਰੂਪ ’ਚ ਉੱਘੜਨ ਨਾਲ ਅਮਰੀਕੀ-ਨਾਟੋ ਖੇਮੇ ਦੇ ਲੋਕਾਂ ਦਾ ਜੰਗ ਵਿਰੁੱਧ ਅਕੇਵਾਂ ਅਤੇ ਸਰਕਾਰਾਂ ਵਿਰੁੱਧ ਗੁੱਸਾ ਭੜਕਾ ਕੇ ਅੰਦਰੂਨੀ ਅਸ਼ਾਂਤੀ ਤੇ ਅਸਥਿਰਤਾ ਨੂੰ ਜਨਮ ਦੇ ਸਕਦਾ ਹੈ ਅਤੇ ਹੁਕਮਰਾਨਾਂ ਤੇ ਇਸ ਜੰਗੀ ਮੁਹਿੰਮਬਾਜ ’ਚੋਂ ਪੈਰ ਪਿੱਛੇ ਖਿੱਚਣ ਲਈ ਦਬਾਅ ਵਧਾ ਸਕਦਾ ਹੈ। ਇਸ ਨਾਲ ਇਸ ਗੁੱਟ ਅੰਦਰਲੀਆਂ ਅੰਤਰ-ਸਾਮਰਾਜੀ ਵਿਰੋਧਤਾਈਆਂ ਤਿੱਖੀਆਂ ਹੋ ਸਕਦੀਆਂ ਹਨ। ਅਜਿਹੇ ਸੰਕੇਤ ਅੱਜ ਵੀ ਮੌਜੂਦ ਹਨ। ਯੂਰਪੀਨ ਯੂਨੀਅਨ ਦੇ ਦੋ ਮੈਂਬਰ ਦੇਸ਼ਾਂ ਹੰਗਰੀ ਤੇ ਤੁਰਕੀ ਨੇ ਰੂਸ ’ਤੇ ਲਾਈਆਂ ਬੰਦਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਏਸ਼ੀਆ ਦੇ ਇਰਾਨ, ਚੀਨ ਤੇ ਭਾਰਤ ਜਿਹੇ ਵੱਡੇ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਤੇ ਅਫਰੀਕਾ ਦੇ ਕਾਫੀ ਦੇਸ਼ਾਂ ਦਾ, ਹਾਲ ਦੀ ਘੜੀ, ਰੁਖ ਵੀ ਅਮਰੀਕੀ ਸਾਮਰਾਜੀਆਂ ਦੀ ਮੰਗ ਨਾਲ ਮੇਲ ਨਹੀਂ ਖਾਂਦਾ। ਜੰਗ ਦੇ ਲਮਕਣ ਨਾਲ ਜੰਗ ਵਿਰੋਧੀ ਮਹੌਲ ਹੋਰ ਤਿੱਖਾ ਹੋਣਾ ਹੈ। ਯੂਕਰੇਨੀ ਜੰਗ ਵਿਰੁੱਧ ਅਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕਰਕੇ ਯੂਕਰੇਨ ਨੂੰ ਵਧੇਰੇ ਮਹੱਤਵ ਦੇਣ ਵਿਰੁੱਧ ਉੱਮਡਣ ਵਾਲੇ ਲੋਕ-ਰੋਹ ਦੀ ਇੱਕ ਨਿਵੇਕਲੀ ਝਲਕ ਚੈੱਕ ਰਿਪਬਲਿਕ (ਨਾਟੋ ਮੈਂਬਰ) ਦੀ ਰਾਜਧਾਨੀ ਪਰੇਗ ’ਚ ਦੇਖਣ ਨੂੰ ਮਿਲੀ ਹੈ ਜਿੱਥੇ 3 ਸਤੰਬਰ ਨੂੰ ਲਗਭਗ 70,000 ਲੋਕਾਂ ਨੇ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਾਕਮਾਂ ਵੱਲੋਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਤੇ ਜੰਗ ’ਚ ਸਿਰ ਨਾ ਫਸਾਉਣ ਦੀ ਚੇਤਾਵਨੀ ਦਿੱਤੀ। ਜੰਗ ਦਾ ਬੋਝ ਲੋਕਾਂ ਸਿਰ ਲੱਦਣ ਨਾਲ ਇਹ ਬੇਚੈਨੀ ਤੇ ਵਿਰੋਧ ਹੋਰ ਵਧਣਾ ਹੈ ਅਤੇ ਦੋਹਾਂ ਜੰਗਬਾਜ ਧਿਰਾਂ ਉੱਤੇ ਜੰਗ ਰੋਕਣ ਲਈ ਦਬਾਅ ਵੀ ਵਧਣਾ ਹੈ। 

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਿਹੱਕੀ ਤੇ ਪਿਛਾਖੜੀ ਜੰਗ ’ਚ ਕੋਈ ਵੀ ਧਿਰ ਜਿੱਤੇ ਜਾਂ ਹਾਰੇ, ਜੰਗ ਦਾ ਸਾਰਾ ਭਾਰ ਮਿਹਨਤਕਸ਼ ਲੋਕਾਂ ਉੱਪਰ ਪੈਣਾ ਹੈ। ਅਤੇ ਮੁਨਾਫੇ ਸਰਮਾਏਦਾਰਾਂ ਦੀ ਝੋਲੀ ਵਿਚ ਪੈਣੇ ਹਨ। ਦੋਨਾਂ ਜੰਗਬਾਜ ਧਿਰਾਂ ਨਾਲ ਸੰਬੰਧਤ ਦੇਸ਼ਾਂ ਦੇ ਮਿਹਨਤਕਸ਼ ਲੋਕਾਂ ਵੱਲੋਂ ਖਾਸ ਕਰਕੇ  ਅਤੇ ਦੁਨੀਆਂ ਭਰ ਦੇ ਲੋਕਾਂ ਵੱਲੇਂ ਆਮ ਕਰਕੇ ਇਸ ਉਲਟ-ਇਨਕਲਾਬੀ ਤੇ ਲੋਟੂ ਜੰਗ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਪੋ ਆਪਣੇ ਮੁਲਕਾਂ ’ਚ ਪਿਛਾਖੜੀ ਹੁਕਮਰਾਨਾਂ ਵਿਰੁਧ ਜਮਾਤੀ ਜੰਗ ਨੂੰ ਤਿੱਖਾ ਕਰਨਾ ਚਾਹੀਦਾ ਹੈ। ਤਿੱਖੀ ਹੋਈ ਜਮਾਤੀ ਜੰਗ ਹੀ ਨਾ ਸਿਰਫ ਇਸ ਨਿਹੱਕੀ ਸਾਮਰਾਜੀ ਜੰਗ ਦੀ ਸਫ ਵਲੇਟ ਸਕਦੀ ਹੈ ਸਗੋਂ ਵੱਖ ਵੱਖ ਮੁਲਕਾਂ ’ਚ ਲੋਕ-ਵਿਰੋਧੀ ਹਕੂਮਤਾਂ ਨੂੰ ਵੀ ਵਗਾਹ ਮਾਰਕੇ ਮਨੁੱਖਤਾ ਲਈ ਚੰਗੇ ਭਵਿੱਖ ਦੀ ਜਾਮਨੀ ਕਰਨ ਵਾਲੇ ਪ੍ਰਬੰਧ ਦੀ ਸਥਾਪਨਾ ਕਰਨ ਦੇ ਰਾਹ ’ਤੇ ਅੱਗੇ ਕਦਮ ਵਧਾਰਾ ਕਰ ਸਕਦੀ ਹੈ।

(9 ਸਤੰਬਰ 2022)   

No comments:

Post a Comment