Friday, September 16, 2022

ਗੋਹੇ ਦੇ ਬੱਠਲ ਅਤੇ ਕਰਜ਼ ਦਾ ਭਾਰ ਢੋਹਦੀਆਂ ਪੇਂਡੂ ਮਜ਼ਦੂਰ ਔਰਤਾਂ

 ਗੋਹੇ ਦੇ ਬੱਠਲ ਅਤੇ ਕਰਜ਼ ਦਾ ਭਾਰ ਢੋਹਦੀਆਂ ਪੇਂਡੂ ਮਜ਼ਦੂਰ ਔਰਤਾਂ

ਮਨਜੀਤ ਕੌਰ ਨੂੰ ਡੰਗਰਾਂ ਦੇ ਵਾੜੇ ਦੇ ਇੱਟਾਂ ਦੇ ਫਰਸ਼ ਤੋਂ ਗੋਹਾ ਚੁੱਕਣ ਲਈ ਆਪਣੇ ਦੋਵਾਂ ਹੱਥਾਂ ਦੀ ਬੁੱਕ ਜਿਹੀ ਬਣਾਉਣੀ ਪੈਂਦੀ ਹੈ। ਪੈਰਾਂ ਭਾਰ ਬੈਠੀ, 48 ਸਾਲਾ ਮਨਜੀਤ ਹੱਥਾਂ ਦੇ ਸਹਾਰੇ ਗੋਹੇ ਨੂੰ ਖੁਰਚਦੀ ਹੋਈ ਇੱਕ ਬੱਠਲ ਭਰ ਲੈਂਦੀ ਹਨ, ਫਿਰ ਬੱਠਲ ਨੂੰ ਸਿਰ ’ਤੇ ਚੁੱਕੀ ਰੂੜੀ ਤੱਕ ਜਾਂਦੀ ਹੈ। ਬੜੀ ਸਾਵਧਾਨੀ ਨਾਲ ਸੰਤੁਲਨ ਬਣਾਈ ਤੇ ਬੱਠਲ ਨੂੰ ਸਿਰ ’ਤੇ ਟਿਕਾਈ ਉਹ ਲੱਕੜ ਦਾ ਫਾਟਕ ਲੰਘ ਕੇ ਬਾਹਰ 50 ਮੀਟਰ ਦੂਰ ਰੂੜੀ ਤੱਕ ਜਾਂਦੀ ਹੈ। ਰੂੜੀ ਦਾ ਢੇਰ ਉਨ੍ਹਾਂ ਦੀ ਹਿੱਕ ਜਿੰਨਾਂ ਉੱਚਾ ਹੋ ਚੁੱਕਿਆ ਹੈ ਜੋ ਉਨ੍ਹਾਂ ਦੀ ਮਹੀਨਿਆਂ-ਬੱਧੀ ਮਿਹਨਤ ਦਾ ਸਬੂਤ ਹੈ।

ਅਪ੍ਰੈਲ ਦੀ ਲੂੰਹਦੀ ਦੁਪਹਿਰ ਦਾ ਵੇਲ਼ਾ ਹੈ। ਅਗਲੇ ਅੱਧੇ ਘੰਟੇ ਵਿੱਚ ਮਨਜੀਤ ਗੋਹਾ ਚੁੱਕੀ ਅਜਿਹੀਆਂ ਅੱਠ ਗੇੜੀਆਂ ਲਾਉਣ ਵਾਲ਼ੀ ਹੈ। ਕੰਮ ਮੁੱਕਣ ’ਤੇ ਉਹ ਆਪਣੇ ਹੱਥਾਂ ਨਾਲ ਮਲ਼-ਮਲ਼ ਕੇ ਬੱਠਲ ਸਾਫ ਕਰਦੀ ਹਨ। ਦਿਹਾੜੀ ਮੁੱਕਣ ਤੋਂ ਪਹਿਲਾਂ ਉਹ ਆਪਣੇ ਛੋਟੂ ਪੋਤੇ ਲਈ ਸਟੀਲ ਦੇ ਡੋਲੂ ਵਿੱਚ ਮੱਝ ਦਾ ਅੱਧਾ ਲੀਟਰ ਦੁੱਧ ਪਵਾਉਂਦੀ ਹੈ।

ਸਵੇਰ ਦੇ 7 ਵਜੇ ਤੋਂ ਹੁਣ ਤੱਕ ਉਹ ਛੇ ਘਰਾਂ ਦਾ ਗੋਹਾ ਚੁੱਕ ਚੁੱਕੀ ਹਨ ਤੇ ਇਹ ਸਾਰੇ ਦੇ ਸਾਰੇ ਘਰ ਜੱਟ ਸਿੱਖਾਂ ਦੇ ਹਨ ਅਤੇ ਪੰਜਾਬ ਦੇ ਤਰਨ ਤਾਰਨ ਜਿਲ੍ਹੇ ਦੇ ਪਿੰਡ ਹਵੇਲੀਆਂ ਦੇ ਸਾਰੇ ਜਿਮੀਂਦਾਰ ਜੱਟ ਹੀ ਹਨ। “ਮਜਬੂਰੀ ਹੈ”, ਬੜੇ ਹਿਰਖੇ ਮਨ ਨਾਲ ਉਹ ਕਹਿੰਦੀ ਹੈ। ਇਹ ਮਨਜੀਤ ਦੀ ਮਜਬੂਰੀ ਹੀ ਤਾਂ ਹੈ ਜੋ ਉਹ ਡੰਗਰਾਂ ਦੇ ਗੋਹੇ ਵਿੱਚੋਂ ਰੋਟੀ ਲੱਭਦੀ ਹੈ। ਉਨ੍ਹਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹ ਦਿਹਾੜੀ ਦੇ ਕਿੰਨੇ ਬੱਠਲ ਸਿਰ ’ਤੇ ਚੁੱਕਦੀ ਹੈ ਪਰ ਇੰਨਾ ਜਰੂਰ ਕਹਿੰਦੀ ਹੈ,“ਸਿਰ ਬੜਾ ਦੁੱਖਦਾ ਹੈ, ਭਾਰ ਚੁੱਕ ਚੁੱਕ ਕੇ।”

ਦਿਹਾੜੀ ਮੁੱਕਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਮੁੜਦੀ ਹੈ ਤਾਂ ਸੁਨਹਿਰੇ ਖੇਤ ਦੁਮੇਲ ਤੱਕ ਖਿਲਰੇ ਦਿਖਾਈ ਪੈਂਦੇ ਹਨ। ਵਾਢੀ ਛੇਤੀ ਹੀ ਹੋਵੇਗੀ, ਵਿਸਾਖੀ ਦੇ ਤਿਓਹਾਰ ਤੋਂ ਐਨ ਬਾਅਦ, ਜੋ ਕਿ ਪੰਜਾਬ ਵਿੱਚ ਵਾਢੀ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਹਵੇਲੀਆਂ ਦੇ ਜੱਟਾਂ ਦੀ ਬਹੁਤੇਰੀਆਂ ਜ਼ਮੀਨਾਂ ਗੰਡੀਵਿੰਡ ਬਲਾਕ ਵਿਖੇ ਪੈਂਦੀਆਂ ਹਨ ਜਿੱਥੇ ਉਹ ਚੌਲ ਤੇ ਕਣਕ ਬੀਜਦੇ ਹਨ।

ਦੁਪਹਿਰ ਦੀ ਰੋਟੀ ਲਈ ਉਹ ਇੱਕ ਘੰਟੇ ਦੀ ਛੁੱਟੀ ਕਰਦੀ ਹੈ ਅਤੇ ਰੋਟੀ ਵਿੱਚ ਠੰਡੇ ਫੁਲਕੇ ਤੇ ਚਾਹ ਪੀਂਦੀ ਹੈ। ਹੁਣ ਉਸ ਨੂੰ ਤ੍ਰੇਹ ਲੱਗੀ ਹੋਈ ਹੈ। “ਇੰਨੀਂ ਗਰਮੀ ਵਿੱਚ ਵੀ ਉਹ ਮੈਨੂੰ ਪਾਣੀ ਤੱਕ ਨਹੀਂ ਪੁੱਛਦੇ,” ਉੱਚ ਜਾਤ ਦੇ ਮਾਲਕਾਂ ਦੇ ਵਤੀਰੇ ਬਾਰੇ ਦੱਸਦਿਆਂ ਮਨਜੀਤ ਕਹਿੰਦੀ ਹੈ।

ਮਨਜੀਤ ਇੱਕ ਮਜ੍ਹਬੀ ਸਿੱਖ ਹੈ। ਦੋ ਦਹਾਕੇ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਇਸਾਈ ਧਰਮ ਅਪਣਾ ਲਿਆ। ਹਿੰਦੂਸਤਾਨ ਟਾਈਮਜ਼ ਦੀ ਸਾਲ 2019 ਦੀ ਰਿਪੋਰਟ ਮੁਤਾਬਕ, ਹਵੇਲੀਆਂ ਦੀ ਵਸੋਂ ਦੇ ਇੱਕ-ਤਿਹਾਈ ਹਿੱਸੇ ਵਿੱਚ ਪਿਛੜੀ ਜਾਤ ਅਤੇ ਪਿਛੜੇ ਭਾਈਚਾਰੇ ਸ਼ਾਮਲ ਹਨ ਜੋ ਦਿਹਾੜੀ-ਦੱਪਾ ਕਰਦੇ ਹਨ ਜਾਂ ਫਿਰ ਖੇਤ ਮਜ਼ਦੂਰੀ। ਬਾਕੀ ਬਚੀ ਅਬਾਦੀ ਜੱਟਾਂ ਦੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੱਟ ਸਿੱਖਾਂ ਦੀਆਂ ਪੈਲ਼ੀਆਂ ਵਿੱਚੋਂ ਕਰੀਬ 150 ਏਕੜ ਜ਼ਮੀਨ ਕੰਡਿਆਲ਼ੀ ਵਾੜ ਤੋਂ ਪਰ੍ਹੇ ਪੈਂਦੀ ਹੈ, ਜਿੱਥੋਂ ਪਾਕਿਸਤਾਨ ਨਾਲ ਲੱਗਦੀ ਸੀਮਾ 200 ਮੀਟਰ ਦੀ ਦੂਰ ਰਹਿ ਜਾਂਦੀ ਹੈ।

ਹਵੇਲੀਆਂ ਦੀਆਂ ਦਲਿਤ ਔਰਤਾਂ ਜਾਂ ਤਾਂ ਜੱਟ ਸਿੱਖਾਂ ਦੇ ਘਰਾਂ ਵਿੱਚ ਗੋਹਾ ਚੁੱਕ ਕੇ ਡੰਗਰਾਂ ਦੇ ਵਾੜੇ ਦੀ ਸਫਾਈ ਕਰਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਘਰਾਂ ਦੇ ਕੰਮ ਕਰਦੀਆਂ ਹਨ।

“ਗਰੀਬਾਂ ਬਾਰੇ ਤਾਂ ਸਰਕਾਰ ਸੋਚਦੀ ਹੀ ਨਹੀਂ ਤਾਂ ਹੀ ਤਾਂ ਗੋਹਾ ਚੁੱਕਦੇ ਹਾਂ ਅਸੀਂ”, ਮਨਜੀਤ ਦਾ ਕਹਿਣਾ ਹੈ।

ਕੰਮ ਬਦਲੇ ਉਨ੍ਹਾਂ ਨੂੰ ਕੀ ਮਿਲ਼ਦਾ ਹੈ?

“ਹਰੇਕ ਗਾਂ ਜਾਂ ਮੱਝ ਦਾ ਗੋਹਾ ਚੁੱਕਣ ਬਦਲੇ ਸਾਨੂੰ ਇੱਕ ਮਣ (ਕਰੀਬ 37 ਕਿਲੋ) ਅਨਾਜ ਦਿੱਤਾ ਜਾਂਦਾ ਹੈ। ਕਣਕ ਜਾਂ ਚੌਲ ਜਿਹੜੀ ਫਸਲ ਦਾ ਮੌਸਮ ਹੋਵੇ ਉਸੇ ਹਿਸਾਬ ਨਾਲ ਦਿੱਤਾ ਜਾਂਦਾ ਹੈ,” ਮਨਜੀਤ ਨੇ ਜਵਾਬ ਵਿੱਚ ਕਿਹਾ।

ਮਨਜੀਤ ਕੁੱਲ ਸੱਤ ਘਰਾਂ ਦਾ ਗੋਹਾ ਚੁੱਕਦੀ ਹਨ, ਜੋ ਕਰੀਬ 50 ਡੰਗਰ ਬਣਦੇ ਹਨ। “ਇੱਕ ਘਰ ਦੇ 15 ਡੰਗਰ ਅਤੇ ਦੂਜੇ ਦੇ ਸੱਤ ਡੰਗਰ ਹਨ। ਇੱਕ ਤੀਜੇ ਘਰ ਦੇ ਪੰਜ; ਚੌਥੇ ਘਰ ਦੇ ਛੇ...” ਮਨਜੀਤ ਗਿਣਤੀ ਕਰਕੇ ਦੱਸਦੀ ਹੈ।

ਮਨਜੀਤ ਦਾ ਕਹਿਣਾ ਹੈ ਕਿ ਹਰੇਕ ਪਰਿਵਾਰ ਡੰਗਰਾਂ ਦੇ ਹਿਸਾਬ ਨਾਲ ਕਣਕ ਜਾਂ ਚੌਲਾਂ ਦਾ ਬਣਦਾ ਹਿੱਸਾ ਦਿੰਦੇ ਹਨ, ਸਿਰਫ ਇੱਕ ਪਰਿਵਾਰ ਨੂੰ ਛੱਡ ਕੇ ਜਿਹਦੇ ਕੋਲ 15 ਡੰਗਰ ਹਨ। “ਉਹ 15 ਡੰਗਰਾਂ ਦੇ ਬਦਲੇ ਸਿਰਫ 10 ਮਣ (370 ਕਿਲੋ) ਅਨਾਜ ਹੀ ਦਿੰਦੇ ਹਨ,” ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,“ਮੈਂ ਸੋਚ ਰਹੀ ਹਾਂ ਉਸ ਘਰ ਦਾ ਕੰਮ ਹੀ ਛੱਡ ਦਿਆਂ।”

ਅੱਧੇ ਘੰਟੇ ਵਿੱਚ ਉਹ ਅਜਿਹੇ ਅੱਠ ਚੱਕਰ ਲਾਉਂਦੀ ਹੈ ਜੋ ਭਾਵੇਂ ਛੋਟੇ ਛੋਟੇ ਹੋਣ ਪਰ ਸਿਰ ’ਤੇ ਗੋਹਾ ਚੁੱਕ ਕੇ ਰੂੜੀ ਤੱਕ ਜਾਣਾ ਥਕਾ ਸੁੱਟਣ ਵਾਲ਼ਾ ਕੰਮ ਹੈ

ਰੂੜੀ ਦਾ ਢੇਰ ਮਨਜੀਤ ਦੀ ਹਿੱਕ ਜਿੰਨਾ ਉੱਚਾ ਹੋ ਚੁੱਕਿਆ ਹੈ। ‘ ਸਿਰ  ’ ਤੇ ਇੰਨਾ ਭਾਰ ਚੁੱਕਦੇ ਰਹਿਣ ਕਰਕੇ ਮੇਰਾ ਸਿਰ ਦੁੱਖਦਾ ਹੀ ਰਹਿੰਦਾ ਹੈ ’।

ਜਿਹੜੇ ਘਰ ਕੋਲ ਸੱਤ ਮੱਝਾਂ ਹਨ ਉਨ੍ਹਾਂ ਪਾਸੋਂ ਮਨਜੀਤ ਨੇ 4,000 ਰੁਪਏ ਉਧਾਰ ਚੁੱਕੇ ਤਾਂ ਕਿ ਉਹ ਨਵੇਂ ਜੰਮੇ ਪੋਤੇ ਲਈ ਕੱਪੜੇ ਖਰੀਦ ਸਕੇ ਅਤੇ ਘਰ ਦੇ ਹੋਰ ਖਰਚੇ ਪੂਰੇ ਕਰ ਸਕੇ। ਮਈ ਮਹੀਨੇ ਵਿੱਚ ਉੱਥੇ ਕੰਮ ਦੇ ਛੇ ਮਹੀਨੇ ਪੂਰੇ ਹੁੰਦਿਆਂ ਹੀ ਉਨ੍ਹਾਂ ਨੂੰ ਉਧਾਰ ਚੁੱਕੇ ਪੈਸੇ ਵਿੱਚੋਂ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਣਦੀ ਕਣਕ ਨੂੰ ਘਟਾ ਕੇ ਬਾਕੀ ਅਨਾਜ ਦਾ ਹਿਸਾਬ ਕਰ ਦਿੱਤਾ ਗਿਆ।

ਸੱਤ ਡੰਗਰਾਂ ਬਦਲੇ ਉਨ੍ਹਾਂ ਦੀ ਤਨਖਾਹ ਸੱਤ ਮਣ ਭਾਵ ਕਰੀਬ 260 ਕਿਲੋ ਅਨਾਜ ਬਣਦਾ ਹੈ।

ਭਾਰਤੀ ਖੁਰਾਕ ਨਿਗਮ ਮੁਤਾਬਕ ਇਸ ਸਾਲ ਇੱਕ ਕੁਇੰਟਲ (100 ਕਿਲੋ) ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਰਿਹਾ। ਹੁਣ ਮਨਜੀਤ ਕੌਰ ਨੂੰ ਮਿਲ਼ਦੀ 260 ਕਿਲੋ ਕਣਕ ਦੀ ਗਣਨਾ ਕਰੀਏ ਤਾਂ ਕਰੀਬ 5,240 ਰੁਪਏ ਬਣਦੇ ਹਨ। ਦੇਖਿਆ ਜਾਵੇ ਤਾਂ 4,000 ਰੁਪਏ ਕਰਜਾ ਮੋੜਨ ਤੋਂ ਬਾਅਦ ਤਾਂ ਮਨਜੀਤ ਦੇ ਪੱਲੇ ਸਿਰਫ 1240 ਰੁਪਏ ਦੀ ਕਣਕ ਹੀ ਪਈ।

ਇਸ ਤੋਂ ਇਲਾਵਾ ਨਕਦੀ ’ਤੇ ਵਿਆਜ ਅੱਡ ਤੋਂ ਲੱਗਦਾ ਹੈ। “ਹਰ 100 ਰੁਪਏ (ਕਰਜੇ) ਮਗਰ, ਉਹ ਹਰ ਮਹੀਨੇ 5 ਰੁਪਏ ਠੋਕਦੇ ਹਨ,”  ਉਹ ਕਹਿੰਦੀ ਹੈ। ਇਹ 60 ਫੀਸਦੀ ਸਾਲਾਨਾ ਵਿਆਜ ਦਰ ਬਣਦੀ ਹੈ।

ਅੱਧ-ਅਪ੍ਰੈਲ ਤੀਕਰ ਉਹ 700 ਰੁਪਏ ਵਿਆਜ ਤਾਰ ਚੁੱਕੀ ਸੀ।

ਮਨਜੀਤ ਆਪਣੇ ਸੱਤ ਮੈਂਬਰੀ ਪਰਿਵਾਰ ਦੇ ਨਾਲ ਰਹਿੰਦੀ ਹੈ। ਉਸ ਦਾ ਪਤੀ (50 ਸਾਲਾ) ਵੀ ਖੇਤ ਮਜਦੂਰ ਹੈ ਤੇ 24 ਸਾਲਾ ਬੇਟਾ ਵੀ ਖੇਤ ਮਜਦੂਰ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਨੂੰਹ, ਦੋ ਪੋਤੇ-ਪੋਤੀਆਂ ਤੇ ਦੋ ਕੁਆਰੀਆਂ ਧੀਆਂ ਵੀ ਰਹਿੰਦੀਆਂ ਹਨ, ਜਿਨ੍ਹਾਂ ਦੀ ਉਮਰ 22 ਸਾਲ ਤੇ 17 ਸਾਲ ਹੈ। ਉਹ ਵੀ ਜੱਟ ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਤੇ ਦੋਵੇਂ ਹੀ ਮਹੀਨੇ ਦਾ 500-500 ਰੁਪਏ ਕਮਾਉਂਦੀਆਂ ਹਨ।

ਉਨ੍ਹਾਂ ਨੇ ਕਿਸੇ ਦੂਸਰੇ ਮਾਲਕ ਪਰਿਵਾਰ ਪਾਸੋਂ ਵੀ 2,500 ਰੁਪਏ ਉਧਾਰ ਚੁੱਕੇ ਹਨ, ਉਹ ਵੀ ਬਿਨਾ ਵਿਆਜ ਤੋਂ। ਸਾਨੂੰ ਉਚ-ਜਾਤੀ ਦੇ ਪਰਿਵਾਰਾਂ ਕੋਲ਼ੋਂ ਛੋਟੇ ਮੋਟੇ ਉਧਾਰ ਚੁੱਕਣੇ ਪੈਂਦੇ ਹੀ ਹਨ ਕਿਉਂਕਿ ਕਰਿਆਨੇ ਦਾ ਸਮਾਨ ਖਰੀਦਣ ਲਈ, ਮੈਡੀਕਲ ਖਰਚੇ, ਪਰਿਵਾਰ ਵਿੱਚ ਕੋਈ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਆ ਜਾਵੇ ਤਾਂ ਲੋੜ ਬਣੀ ਹੀ ਰਹਿੰਦੀ ਹੈ। ਇੰਨਾ ਹੀ ਨਹੀਂ ਛੋਟੇ ਬੱਚਤ ਸਮੂਹ, ਜੋ ਔਰਤਾਂ ਨੂੰ ਡੰਗਰ ਜਾਂ ਹੋਰ ਖਰਚੇ ਕਰਨ ਲਈ ਪੈਸੇ ਉਧਾਰ ਦਿੰਦੇ ਹਨ, ਨੂੰ ਵੀ ਮਹੀਨੇਵਾਰ ਕਿਸ਼ਤ ਦੇਣੀ ਪੈਂਦੀ ਹੈ।

ਮਨਜੀਤ ਕੌਰ ਆਪਣੇ ਘਰ ਵਿਖੇ ਆਪਣੇ ਪੋਤੇ (ਖੱਬੇ) ਦੇ ਨਾਲ ; ਅਤੇ ਛੋਟਾ ਡੋਲੂ (ਸੱਜੇ) ਜਿਸ ਵਿੱਚ ਉਹ ਆਪਣੇ ਪੋਤੇ ਲਈ ਦੁੱਧ ਲਿਆਉਂਦੀ ਹੈ। ਮਨਜੀਤ ਨੇ ਆਪਣੇ ਇੱਕ ਮਾਲਕ ਪਾਸੋਂ ਨਵਜੰਮੇ ਪੋਤੇ ਦੇ ਕੱਪੜਿਆਂ ਵਾਸਤੇ ਤੇ ਘਰ ਦੇ ਹੋਰ ਖਰਚੇ ਪੂਰੇ ਕਰਨ ਲਈ 4,000 ਰੁਪਿਆ ਉਧਾਰ ਚੁੱਕਿਆ। ਉਹ ਇਸ ਉਧਾਰੀ ਨੂੰ ਮਿਲ਼ਣ ਵਾਲ਼ੇ ਅਨਾਜ ਵਿੱਚੋਂ ਕਟਾਉਂਦੀ ਹੈ ਤੇ ਵਿਆਜ ਨਕਦ ਪੈਸਿਆਂ ਵਿੱਚ ਦਿੰਦੀ ਹੈ।

ਮਾਰਚ 2020 ਨੂੰ ਜਾਰੀ ਕੀਤੇ ਗਏ ਇੱਕ ਅਧਿਐਨ ‘ਖੀਸੇ ਖਾਲੀ, ਢਿੱਡ ਭੁੱਖੇ ਤੇ ਤਨ ਉੱਤੇ ਲੀਰਾਂ (ਦਲਿਤ ਵੂਮਨ ਲੇਬਰਰ ਇਨ ਰੂਰਲ ਪੰਜਾਬ: ਇਨਸਾਈਟ ਫੈਕਟ) ਵਿੱਚ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਦੇ ਅਰਥ-ਵਿਗਿਆਨ ਦੇ ਪ੍ਰੋਫੈਸਰ ਡਾ. ਗਿਆਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਇੱਕ ਸਰਵੇਅ ਵਿੱਚ ਪਾਇਆ ਗਿਆ ਕਿ ਪੇਂਡੂ ਪੰਜਾਬ ਵਿਖੇ 96.3 ਫੀਸਦ ਦਲਿਤ ਮਹਿਲਾ ਮਜ਼ਦੂਰ ਪਰਿਵਾਰ ਕਰਜੇ ਵਿੱਚ ਡੁੱਬੀਆਂ ਹੋਈਆਂ ਹਨ, ਜਿਨ੍ਹਾਂ ਸਿਰ ਔਸਤ 54,300 ਰੁਪਏ ਦਾ ਕਰਜਾ ਬੋਲਦਾ ਹੈ। ਕੁੱਲ ਕਰਜੇ ਦੀ ਰਕਮ ਦਾ 80.40 ਫੀਸਦ ਹਿੱਸਾ ਗੈਰ-ਸੰਸਥਾਗਤ ਸ੍ਰੋਤਾਂ ਪਾਸੋਂ ਲਿਆ ਗਿਆ।

ਹਵੇਲੀਆਂ ਵਿਖੇ ਇੱਕ ਹੋਰ ਦਲਿਤ ਔਰਤ 49 ਸਾਲਾ ਸੁਖਬੀਰ ਕੌਰ ਕਹਿੰਦੀ ਹਨ ਕਿ ਪੁਰਾਣੇ ਮਾਲਕ ਉਨ੍ਹਾਂ ਪਾਸੋਂ ਵਿਆਜ ਨਹੀਂ ਲੈਂਦੇ; ਸਿਰਫ ਨਵੇਂ ਮਾਲਕ ਹੀ ਲੈਂਦੇ ਹਨ।

ਮਨਜੀਤ ਦੀ ਰਿਸ਼ਤੇਦਾਰ ਸੁਖਬੀਰ ਨਾਲ ਦੇ ਘਰ ਵਿੱਚ ਰਹਿੰਦੀ ਹੈ। ਉਹ ਦੋ-ਕਮਰਿਆਂ ਵਾਲ਼ੇ ਘਰ ਵਿੱਚ ਆਪਣੇ ਪਤੀ ਤੇ ਦੋ ਬੇਟਿਆਂ ਨਾਲ ਰਹਿੰਦੀ ਹਨ। ਉਨ੍ਹਾਂ ਦੇ ਦੋਵੇਂ ਪੁੱਤਰ 20-25 ਸਾਲਾਂ ਦੇ ਹਨ ਜੋ ਦਿਹਾੜੀ-ਦੱਪਾ ਲਾਉਂਦੇ ਹਨ ਤੇ ਕੰਮ ਦੇ ਹਿਸਾਬ ਨਾਲ 300 ਰੁਪਏ ਦਿਹਾੜੀ ਬਦਲੇ ਖੇਤ ਮਜ਼ਦੂਰੀ ਵੀ ਕਰ ਲੈਂਦੇ ਹਨ। ਸੁਖਬੀਰ ਪਿਛਲੇ 15 ਸਾਲਾਂ ਤੋਂ ਜੱਟ ਸਿੱਖ ਪਰਿਵਾਰਾਂ ਦੇ ਡੰਗਰਾਂ ਦਾ ਗੋਹਾ ਚੁੱਕਦੀ ਹੈ ਤੇ ਵਾੜੇ ਸਾਫ ਕਰਦੀ ਆਈ ਹੈ।

ਉਹ ਦੋ ਘਰਾਂ ਦਾ ਕੰਮ ਕਰਦੀ ਹੈ ਜਿਨ੍ਹਾਂ ਦੇ ਕੁੱਲ 10 ਡੰਗਰ ਹਨ। ਤੀਜੇ ਘਰ ਵਿੱਚ ਉਹ ਬਤੌਰ ਨੌਕਰਾਣੀ ਕੰਮ ਕਰਕੇ ਮਹੀਨੇ ਦਾ 500 ਰੁਪਿਆ ਕਮਾਉਂਦੀ ਹੈ। ਸਵੇਰੇ 9 ਵਜੇ ਜਦੋਂ ਉਹ ਕੰਮ ਲਈ ਘਰੋਂ ਨਿਕਲਦੀ ਹਨ ਤਾਂ ਉਨ੍ਹਾਂ ਨੂੰ ਵਾਪਸ ਮੁੜਨ ਦੇ ਸਮੇਂ ਦਾ ਪਤਾ ਨਹੀਂ ਹੁੰਦਾ। “ਕਦੇ-ਕਦੇ ਮੈਂ ਦੁਪਹਿਰੇ ਹੀ ਮੁੜ ਆਉਂਦੀ ਹਾਂ ਤੇ ਕਦੇ 3 ਵਜੇ। ਕਈ ਵਾਰੀ ਦੇਰੀ ਹੋ ਜਾਵੇ ਤਾਂ ਤਿਰਕਾਲਾਂ ਦੇ 6 ਵੀ ਵੱਜ ਚੁੱਕੇ ਹੁੰਦੇ ਹਨ,”  ਸੁਖਬੀਰ ਕਹਿੰਦੀ ਹੈ। “ਵਾਪਸ ਮੁੜ ਕੇ ਮੈਨੂੰ ਖਾਣਾ ਪਕਾਉਣ ਦੇ ਨਾਲ ਨਾਲ ਘਰ ਦਾ ਬਾਕੀ ਰਹਿੰਦਾ ਕੰਮ ਕਰਨਾ ਪੈਂਦਾ ਹੈ। ਰਾਤੀਂ ਕਿਤੇ 10 ਵਜੇ ਜਾ ਕੇ ਬਿਸਤਰਾ ਨਸੀਬ ਹੁੰਦਾ ਹੈ।”

ਸੁਖਬੀਰ ਕਹਿੰਦੀ ਹੈ ਕਿ ਮਨਜੀਤ ਥੋੜ੍ਹਾ ਵੱਧ ਕੰਮ ਕਰ ਲੈਂਦੀ ਹੈ ਕਿਉਂਕਿ ਉਹਦੀ ਨੂੰਹ ਘਰ ਦੇ ਸਾਰੇ ਕੰਮ ਸੰਭਾਲ ਲੈਂਦੀ ਹੈ।

ਮਨਜੀਤ ਵਾਂਗਰ, ਸੁਖਬੀਰ ਵੀ ਆਪਣੇ ਮਾਲਕਾਂ ਦੇ ਕਰਜੇ ਦੇ ਬੋਝ ਹੇਠ ਹੈ। ਤਕਰੀਬਨ 5 ਸਾਲ ਪਹਿਲਾਂ, ਉਨ੍ਹਾਂ ਨੇ ਇੱਕ ਪਰਿਵਾਰ ਪਾਸੋਂ ਆਪਣੀ ਧੀ ਦੇ ਵਿਆਹ ਲਈ 40,000 ਰੁਪਏ ਦਾ ਕਰਜਾ ਚੁੱਕਿਆ। ਹਰ ਛੇ ਮਹੀਨਿਆਂ ਬਾਅਦ ਕਣਕ ਜਾਂ ਚੌਲ਼ਾਂ ਦੇ ਉਨ੍ਹਾਂ ਦੇ ਹਿੱਸੇ ਦੇ ਛੇ ਮਣਾਂ (ਕਰੀਬ 220 ਕਿਲੋ) ਵਿੱਚੋਂ ਕਰਜੇ ਦਾ ਹਿੱਸਾ ਘਟਾਉਣ ਦੇ ਬਾਵਜੂਦ ਵੀ ਕਰਜਾ ਅਜੇ ਤੱਕ ਸਿਰ ’ਤੇ ਖੜ੍ਹੇ ਦਾ ਖੜ੍ਹਾ ਹੈ।

ਕੰਮ ਲਈ ਨਿਕਲਣ ਤੋਂ ਪਹਿਲਾਂ ਸੁਖਬੀਰ ਆਪਣੇ ਘਰ ਦੇ ਸਾਰੇ ਕੰਮ ਨਿਬੇੜਦੀ ਹੈ। ‘ ਮੈਨੂੰ ਖਾਣਾ ਪਕਾਉਣਾ ਪੈਂਦਾ ਹੈ, ਘਰ ਸਾਫ ਕਰਨਾ ਪੈਂਦਾ ਤੇ ਕੱਪੜੇ ਤੇ ਭਾਂਡੇ ਵੀ ਮਾਂਜਣੇ ਪੈਂਦੇ ਹਨ ’

੍ਰਕਾਇਆ ਰਾਸ਼ੀ ਦੀ ਗਣਨਾ ਹਰ ਛੇ ਮਹੀਨਿਆਂ ਬਾਅਦ ਕੀਤੀ ਜਾਂਦੀ ਹੈ, ਪਰ ਇੰਨੇਂ ਚਿਰ ਨੂੰ ਉਨ੍ਹਾਂ ਨੂੰ ਪ੍ਰੋਗਰਾਮਾਂ ਤੇ ਹੋਰ ਖਰਚਿਆਂ ਲਈ ਵੱਧ ਕਰਜਾ ਚੁੱਕਣ ਦੀ ਨੌਬਤ ਆ ਜਾਂਦੀ ਹੈ। “ ਤੇ ਇਹ ਚੱਲਦਾ ਹੀ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਕਰਜੇ ਦੀ ਇਸ ਜਿਲ੍ਹਣ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ,” ਸੁਖਬੀਰ ਕਹਿੰਦੀ ਹੈ।

ਕਦੇ-ਕਦਾਈਂ ਫਿਰ ਇੰਝ ਵੀ ਹੁੰਦਾ ਹੈ ਕਿ ਕਰਜਾ ਦੇਣ ਵਾਲ਼ਾ ਪਰਿਵਾਰ ਉਨ੍ਹਾਂ ਨੂੰ ਵਾਧੂ ਕੰਮ ਕਰਨ ਲਈ ਕਹਿਣ ਲੱਗਦਾ ਹੈ। “ਕਿਉਂਕਿ ਅਸੀਂ ਉਨ੍ਹਾਂ ਕੋਲ਼ੋਂ ਉਧਾਰ ਚੁੱਕਿਆ ਹੁੰਦਾ ਹੈ, ਇਸ ਲਈ ਅਸੀਂ ਕੰਮ ਕਰਨ ਤੋਂ ਮਨ੍ਹਾਂ ਤਾਂ ਕਰ ਹੀ ਨਹੀਂ ਪਾਉਂਦੇ,” ਸੁਖਬੀਰ ਕਹਿੰਦੀ ਹੈ। “ਜੇ ਕਿਤੇ ਅਸੀਂ ਇੱਕ ਦਿਨ ਦੀ ਵੀ ਛੁੱਟੀ ਕਰ ਲਈਏ ਤਾਂ ਉਹ ਸਾਨੂੰ ਮਿਹਣੇ ਮਾਰਦੇ ਹਨ ਤੇ ਆਪਣੇ ਪੈਸੇ ਵਾਪਸ ਮੰਗਦੇ ਹਨ ਤੇ ਸਾਨੂੰ ਘਰੇ ਹੀ ਬੈਠਣ ਦੀ ਸਲਾਹ ਦਿੰਦੇ ਹਨ।”

ਪੰਜਾਬ ਵਿਖੇ 1985 ਤੋਂ ਜਾਤ-ਪਾਤ ਦੇ ਵੱਖਰੇਵੇਂ ਅਤੇ ਗੁਲਾਮੀ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਸੰਸਥਾ, ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਪ੍ਰਧਾਨ ਅਤੇ ਵਕੀਲ-ਕਾਰਕੁੰਨ ਗਗਨਦੀਪ ਕਹਿੰਦੀ ਹਨ ਕਿ ਇਸ ਕੰਮ ਲੱਗੀਆਂ ਬਹੁਤੇਰੀਆਂ ਦਲਿਤ ਔਰਤਾਂ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹਨ। “ਉਹ ਇੰਨੀਆਂ ਵੀ ਸਮਰੱਥ ਨਹੀਂ ਕਿ ਆਪਣੇ ਕਰਜੇ ਦੇ ਭੁਗਤਾਨ ਵਜੋਂ ਬਣਦੇ ਹਿੱਸੇ ਦੇ ਅਨਾਜ ਵਿੱਚੋਂ ਫੇਰੀ ਜਾਂਦੀ ਕੈਂਚੀ ਦਾ ਹਿਸਾਬ-ਕਿਤਾਬ ਹੀ ਰੱਖ ਸਕਣ। ਇਸੇ ਲਈ ਉਹ ਕਰਜੇ ਦੀ ਘੁੰਮਣ-ਘੇਰੀ ’ਚ ਵੀ ਫਸੀਆਂ ਹੀ ਰਹਿੰਦੀਆਂ ਹਨ।”

ਮਾਲਵਾ (ਦੱਖਣੀ ਪੰਜਾਬ) ਅਤੇ ਮਾਝੇ (ਪੰਜਾਬ ਦਾ ਸਰਹੱਦੀ ਖਿੱਤਾ, ਜਿੱਥੇ ਤਰਨ ਤਾਰਨ ਸਥਿਤ ਹੈ) ਦੇ ਖੇਤਰਾਂ ਵਿੱਚ ਇਨ੍ਹਾਂ ਔਰਤਾਂ ਦਾ ਸੋਸ਼ਣ ਹੋਣਾ ਆਮ ਵਰਤਾਰਾ ਹੈ, ਗਗਨਦੀਪ (ਆਪਣਾ ਇੰਨਾ ਨਾਮ ਹੀ ਲੈਣਾ ਪਸੰਦ ਕਰਦੀ ਹੈ) ਕਹਿੰਦੀ ਹੈ। “ਦੋਆਬਾ ਇਲਾਕੇ (ਪੰਜਾਬ ਦੇ ਬਿਆਸ ਅਤੇ ਸਤਲੁਜ ਨਦੀਆਂ ਵਿਚਕਾਰਲਾ ਇਲਾਕਾ) ਵਿੱਚ ਹਾਲਾਤ ਬਿਹਤਰ ਹਨ ਕਿਉਂਕਿ ਇੱਥੋਂ ਦੇ ਬਹੁਤੇ ਬਾਸ਼ਿੰਦੇ ਵਿਦੇਸ਼ਾਂ ਵਿੱਚ ਵੱਸੇ ਹੋਏ ਹਨ।”

ਪੰਜਾਬੀ ਯੂਨੀਵਰਸਿਟੀ ਦੀ ਟੀਮ ਦੁਆਰਾ ਕੀਤੇ ਅਧਿਐਨ ਵਿੱਚ ਇਹ ਦੇਖਿਆ ਗਿਆ ਹੈ ਕਿ ਸਰਵੇਖਣ ਵਿੱਚ ਸ਼ਾਮਲ ਦਲਿਤ ਮਜਦੂਰ ਔਰਤਾਂ ਵਿੱਚੋਂ ਕਿਸੇ ਨੂੰ ਵੀ ਘੱਟੋ-ਘੱਟ ਉਜਰਤ ਐਕਟ, 1948 ਬਾਰੇ ਕੁਝ ਵੀ ਨਹੀਂ ਪਤਾ।

ਗਗਨਦੀਪ ਦਾ ਕਹਿਣਾ ਹੈ ਕਿ ਡੰਗਰਾਂ ਦਾ ਗੋਹਾ ਇਕੱਠਾ ਕਰਨ ਵਾਲ਼ੀਆਂ ਇਨ੍ਹਾਂ ਔਰਤਾਂ ਨੂੰ ਘੱਟੋ-ਘੱਟ ਉਜਰਤ ਐਕਟ ਤਹਿਤ ਅਧਿਸੂਚਿਤ (ਨੋਟੀਫਾਈ) ਕੀਤੀ ਗਈ ਸਮਾਂ-ਸੂਚੀ (ਸ਼ੈਡਿਊਲ) ਵਿੱਚ ਸ਼ਾਮਲ ਕਰਕੇ ਮਜ਼ਦੂਰਾਂ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ। ਹਾਲਾਂਕਿ ਸਰਕਾਰ ਵੱਲੋਂ ਘਰੇਲੂ ਕਾਮਿਆਂ ਨੂੰ ਸ਼ਡਿਊਲ ਵਿੱਚ ਸ਼ਾਮਲ ਕੀਤਾ ਗਿਆ ਹੈ ਪਰ ਘਰਾਂ ਦੇ ਬਾਹਰ ਸਥਿਤ ਪਸ਼ੂ-ਵਾੜਿਆਂ ਦੀ ਸਫਾਈ ਕਰਨ ਵਾਲਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। “ਇਨ੍ਹਾਂ ਔਰਤਾਂ ਨੂੰ ਵੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਬਣਦੀ ਘੱਟੋ-ਘੱਟ ਉਜਰਤ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਉਹ ਇੱਕ ਦਿਨ ਵਿੱਚ ਇੱਕ ਤੋਂ ਵੱਧ ਘਰਾਂ ਦਾ ਗੋਹਾ ਸਾਫ ਕਰਦੀਆਂ ਹਨ,” ਗਗਨਦੀਪ ਦਾ ਕਹਿਣਾ ਹੈ।

(ਸੰਖੇਪ)(www.ruralindiaonline.org  ਤੋਂ ਧੰਨਵਾਦ ਸਹਿਤ)          (ਸਿਰਲੇਖ ਸਾਡਾ)   

No comments:

Post a Comment