Saturday, July 5, 2014

ਕੰਢੀ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਸੰਘਰਸ਼


ਕੰਢੀ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਸੰਘਰਸ਼
-ਦਰਸ਼ਨ ਮੱਟੂ
ਕੰਢੀ ਏਰੀਆ, ਪੰਜਾਬ ਦੀ ਕਲਗੀ ਖੁਸ਼ਕ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਉÎਤਰ ਪੂਰਬ ਧਾਰ ਬਲਾਕ ਤੇ ਪਠਾਨਕੋਟ ਬਲਾਕ ਦੇ ਮਾਧੋਪੁਰ ਹੈਡ ਤੋਂ ਖੇਲਣ (ਹਰਿਆਣਾ)  ਮੱਲਣ (ਪੰਜਾਬ) ਨੇੜੇ ਅੰਬਾਲਾ ਕੈਂਟ ਲਾਲੜੂ ਨਗਰ ਪੰਚਾਇਤ ਤੱਕ 8 ਕਿਲੋਮੀਟਰ ਤੋਂ 38 ਕਿਲੋਮੀਟਰ ਤੱਕ ਚੌੜਾ ਕਰੀਬ 250 ਕਿਲੋਮੀਟਰ ਲੰਮਾ, 12.7 ਲੱਖ ਏਕੜ ਵਾਹੀਯੋਗ ਬਰਾਨੀ ਜਮੀਨ, ਆਬਾਦੀ 20 ਲੱਖ ਦੇ ਕਰੀਬ ਜਿਸ ਦੇ 90 % ਪਰਿਵਾਰ ਖੇਤੀ ਆਰਥਿਕਤਾ ਨਾਲ ਜੁੜੇ ਹੋਏ ਹਨ। ਇਹ ਪੰਜਾਬ ਦੇ ਖੇਤਰਫਲ ਦਾ 9% ਅਤੇ ਵਸੋਂ ਦਾ 6% ਬਣਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜੰਗਲ ਵਿਚ ਮਾਧੋਪੁਰ (ਪਠਾਨਕੋਟ) ਤੋਂ ਬੰਦਲੀ ਸ਼ੇਰ (ਬਲਾਚੌਰ) ਸਤਲੁਜ ਦਰਿਆ ਤੱਕ ਪੰਛੀ ਪਰ ਮਾਰ ਕੇ ਉਡ ਨਹੀਂ ਸਕਦੇ ਸੀ ਕਿਉਂਕਿ ਇਹ ਇਲਾਕਾ ਹਰੇ ਭਰੇ ਦਰਖਤਾਂ , ਫੁੱਲ ਵੇਲਾਂ, ਜੰਗਲੀ ਵੈਦਿਕ ਜੜੀ ਬੂਟੀਆਂ ਨਾਲ ਢਕਿਆ ਹੋਇਆ ਸੀ। ਪਰ ਅੱਜ ਲੱਕੜ ਮਾਫੀਆਂ ਨੇ ਹਾਕਮ ਧਿਰਾਂ ਨਲ ਮਿਲ ਕੇ ਜੰਗਲ ਨੂੰ ਖਤਮ ਕਰਨ ਦੇ ਕੰਗਾਰ ਤੇ ਪਹੁੰਚਾ ਦਿੱਤਾ ਹੈ। ਕੰਢੀ ਏਰੀਆ ਪੰਜਾਬ ਦੇ ਮਾਲਵਾ-ਦੁਆਬਾ ਤੇ ਮਾਝੇ ਤੋਂ ਵੱਖਰਾ ਖਿੱਤਾ ਹੈ। ਜਿਸ ਵਿਚ ਲੰਮੇ ਝੰਮੇ ਮਨੁੱਖ ਹਨ। ਸਰੀਰ ਤੇ ਮਾਸ ਘੱਟ ਹੈ ਕਿਉਂਕਿ ਪੀਣ ਲਈ ਨਾ ਰੱਜਵਾਂ ਪਾਣੀ ਤੇ ਨਾ ਖਾਣ ਲਈ ਰੱਜਵੀਂ ਰੋਟੀ ਮਿਲਦੀ ਹੈ। ਅਵਾਰਾ ਪਸ਼ੂਆਂ ਅਫਰਊ ਜੰਗਲੀ ਗਾਵਾਂ, ਸਾਨ੍ਹਾਂ ਤੋਂ ਆਪਣੀ ਸਾਉਣੀ ਦੀ ਫਸਲ ਦੀ ਰਾਖੀ ਲਈ ਕੰਢੀ ਦੇ ਲੋਕ ਮਣ੍ਹੇ ਪਾ ਕੇ ਸਾਰੀ ਸਾਰੀ ਰਾਤ ਜਗਰਾਤਾ ਕਟਦੇ ਹਨ। ਪਰ ਸੂਰ,  ਰੋਝ, ਅਫਰਊ ਗਾਵਾਂ, ਸਾਨ੍ਹ ਅੱਖ ਦੇ ਫੋਰ ਵਿੱਚ ਸਾਰਾ ਖੇਤ ਰੜਾ ਪਟੱਕ ਕਰ ਦਿੰਦੇ ਹਨ। ਕੰਢੀ ਦੇ ਲੋਕ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੁੰਦੀ ਦੇਖ ਕੇ ਲਹੂ ਦੇ ਅਥਰੂ ਕੇਰਦੇ ਮਣ੍ਹੇ ਤੋਂ ਮੰਜਾ ਲਾਹ ਕੇ ਘਰਾਂ ਨੂੰ ਤੁਰ ਆਉਂਦੇ ਹਨ। ਹਾੜੀ ਦੀਆਂ ਫਸਲਾਂ ਸੋਕੇ ਕਰਕੇ ਮਰ ਜਾਂਦੀਆਂ ਹਨ। ਇਸ ਕਰਕੇ ਕੰਢੀ ਨੂੰ ਰੰਡੀ ਵੀ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਮਹਾਨ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਧਰਮਪੁਰ (ਤਲਵਾੜਾ), ਪੰਡਿਤ ਰਾਮ ਕਿਸ਼ਨ ਭੜੋਲੀਆ, ਸ਼ਹੀਦ ਕਾਮ.ਚੰਨਣ ਸਿੰਘ, ਭਾਗ ਸਿੰਘ ਸੱਜਣ, ਬੱਬਰ ਉਜਾਗਰ ਸਿੰਘ ਪਨਿਆਲੀਆ, ਆਦਿ ਪੈਦਾ ਹੋਏ ਹਨ। ਕੰਢੀ ਏਰੀਆ ਪੰਜਾਂ ਜਿਲ੍ਹਿਆਂ ਵਿਚ ਪਠਾਨਕੋਟ, ਹੁਸ਼ਿਆਰਪੁਪਰ, ਰੋਪੜ-ਚੰਡੀਗੜ੍ਹ ਹਾਈ ਵੇ ਦਾ ਪੂਰਬ ਵਾਲਾ ਪਾਸਾ ਕੰਢੀ ਏਰੀਆ ਕਹਾਉਂਦਾ ਹੈ। ਕੰਢੀ ਨੂੰ ਕਿਧਰੇ ਦੂਣੀ, ਬੀਤ, ਘਾੜ, ਚੰਗਰ ਆਦਿ ਨਾਵਾਂ 'ਤੇ ਬੁਲਾਇਆ ਜਾਂਦਾ ਹੈ। ਪਰ ਹੈ ਸਾਰਾ ਕੰਢੀ ਹੀ। 
ਇਹ ਇਲਾਕਾ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕੰਢੀ ਸੰਘਰਸ਼ ਕਮੇਟੀ ਮਰਹੂਮ ਕਾਮਰੇਡ ਸਰਵਣ ਸਿੰਘ ਕੁਲਗਰਾਂ ਦੇ ਸਮੇਂ ਤੋਂ ਲਗਾਤਾਰ ਲੜਦੀ ਆ ਰਹੀ ਹੈ। ਮਿਤੀ 5 ਸਤੰਬਰ 1997 ਨੂੰ ਹੁਸ਼ਿਆਰਪੁਰ ਦੇ ਮਸ਼ਹੂਰ ਦੇਸ਼ ਭਗਤਾਂ ਦੇ ਕਸਬੇ ਗੜ੍ਹਦੀਵਾਲਾ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਕੰਢੀ ਸੰਘਰਸ਼ ਕਮੇਟੀ ਮੁੜ ਜਥੇਬੰਦ ਕੀਤੀ। ਇਸ ਕਨਵੈਨਸ਼ਨ ਵਿਚ ਗੁਰਦਾਸਪੁਰ (ਪਠਾਨਕੋਟ), ਹੁਸ਼ਿਆਰਪੁਰ, ਨਵਾਂ ਸ਼ਹਿਰ, ਬਲਾਚੌਰ, ਰੋਪੜ, ਪਟਿਆਲਾ ਜਿਲ੍ਹਿਆਂ ਦੇ ਜੁਝਾਰੂ ਕਿਸਾਨ, ਮਜਦੂਰ, ਨੌਜਵਾਨ ਤੇ ਭਾਰੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ। ਵਿਸ਼ਾਲ ਕਨਵੈਨਸ਼ਨ ਵਿਚ ਮੰਗ-ਪੱਤਰ ਪਾਸ ਕਰਕੇ ਜੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੱਤਾ । 
ਮੰਗ ਪੱਤਰ ਵਿੱਚ ਸ਼ਾਮਲ ਮੰਗਾਂ ਦੀ ਪ੍ਰਾਪਤੀ ਲਈ ਧਰਨੇ-ਮੁਜਾਹਰੇ- ਰੈਲੀਆਂ ਕਰਕੇ ਐਮ.ਐਲ.ਏਜ਼, ਮੰਤਰੀਆਂ, ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ, ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਤੇ ਚੰਡੀਗੜ੍ਹ ਵਿਸ਼ਾਲ ਰੈਲੀ ਕੀਤੀ।  
ਜਥੇਬੰਦ ਤਿੱਖੇ ਸੰਘਰਸ਼ ਦੀ ਬਦੌਲਤ ਕੰਢੀ ਏਰੀਏ ਦੀਆਂ ਕੁੱਝ ਮੰਗਾਂ ਜਿਵੇਂ ਕੰਢੀ ਏਰੀਏ ਵਿਚ ਸਫੈਦਾ, ਪਾਪੂਲਰ, ਡੇਕ, ਤੂਤ, ਸ਼ੁਬਦਲ ਆਦਿ ਦਰਖਤ ਬਿਨਾ ਪਰਮਿਟ ਤੋਂ ਕਟਵਾਉਣ ਦੀ ਮੰਗ ਮਨਵਾਈ। ਪਹਿਲਾਂ ਆਪਣੇ ਵਿਹੜੇ ਵਿਚ ਖੜ੍ਹਾ ਦਰਖਤ ਆਪਣੀ ਲੋੜ ਲਈ ਵੀ ਨਹੀਂ ਕੱਟ ਸਕਦੇ ਸੀ। ਕੰਢੀ ਦੇ ਲੋਕਾਂ ਨੂੰ ਲੱਕੜ ਚੋਰ ਦਾ ਪ੍ਰਚਾਰ ਕੀਤਾ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਜਿਵੇਂ ਅਫਗਾਨਿਸਤਾਨ ਵਿੱਚ ਪੁੱਤ ਜੰਮਣ ਤੇ ਗੁੜ ਦੀ ਭੇਲੀ ਦੀ ਥਾਂ ਬੰਦੂਕ ਦਿੱਤੀ ਜਾਂਦੀ ਹੈ-ਕੰਢੀ ਏਰੀਏ  ਵਿੱਚ ਕੁਹਾੜਾ ਤੇ ਦਾਤ ਦਿੱਤਾ ਜਾਂਦਾ ਹੈ। ਪਰ ਅਸਲੀਅਤ  ਇਹ ਹੈ ਕਿ ਜੰਗਲ ਅੰਗਰੇਜ ਰਾਜ ਵੇਲੇ ਤੋਂ ਕੱਟਣਾ ਸ਼ੁਰੂ ਹੋਇਆ ਸੀ। ਰੋਪੜ ਹੈੱਡ ਤੋਂ ਰੋਜ਼ਾਨਾ 130 ਬੇੜੀਆਂ ਲੱਕੜ, ਛਾਉਣੀਆਂ ਵਿੱਚ ਰੋਟੀ-ਪਾਣੀ ਤੇ ਪਾਣੀ ਗਰਮ ਕਰਨ ਲਈ ਭੇਜੀਆਂ ਜਾਂਦੀਆਂ ਸੀ। ਪਹਿਲਾਂ ਜੰਗਲ ਅੰਗਰੇਜਾਂ ਨੇ ਖਤਮ ਕੀਤੇ ਤੇ ਬਾਅਦ ਵਿਚ ਅਜਾਦੀ ਦੇ 66 ਸਾਲਾਂ ਵਿਚ ਹਾਕਮ ਧਿਰਾਂ ਨੇ ਨਵੇਂ ਵੀਰੱਪਣਾਂ ਨਾਲ ਮਿਲ ਕੇ ਜੰਗਲ ਦਾ ਖਾਤਮਾ ਕੀਤਾ। ਜੰਗਲ ਖੇਤਰਫਲ ਦਾ 33% ਕੁਦਰਤ ਦਾ ਸਮਤੋਲ ਬਣਾਈ ਰੱਖਣ ਲਈ ਜਰੂਰੀ ਹੈ। ਪਰ ਪੰਜਾਬ ਵਿੱਚ ਜੰਗਲ 7 % ਤੋਂ ਵੀ ਘੱਟ ਹੈ। ਇਸੇ ਤਰ੍ਹਾਂ ਕੰਢੀ ਸੰਘਰਸ਼ ਕਮੇਟੀ ਨੇ ਸੰਗਰਾਮ ਕਰਕੇ ਕੰਢੀ ਏਰੀਏ ਵਿਚ ਬਿਜਲੀ ਦੇ ਸਰਵਿਸ ਕੁਨੈਕਸ਼ਨ ਚਾਰਜਿਜ਼ ਖਤਮ ਕਰਵਾਏ  ਅਤੇ ਲੋਕਾਂ ਦੀ ਸਹੂਲਤ ਲਈ ਬਿਜਲੀ ਦੇ ਬਿੱਲ ਕੁਨੈਕਸ਼ਨ ਦਫਤਰ ਖੁਲ੍ਹਵਾਏ। ਗੋਗੋਂ, ਮਹਿਤਾਬਪੁਰ ਪਿੰਡਾ ਦੇ ਬਿਜਲੀ ਦੇ ਬਿੱਲ ਸੜੋਏ ਦੀ ਬਜਾਏ ਗੜ੍ਹਸ਼ੰਕਰ ਬਿਜਲੀ ਦਫਤਰ ਵਿਖੇ ਜਮ੍ਹਾ ਕਰਾਉਣ ਲਈ ਸਹੂਲਤ ਦੀ ਮੰਗ ਮਨਵਾਈ। ਇਸੇ ਤਰ੍ਹਾਂ ਕੁੱਕੜ ਮਜਾਰਾ , ਮੁਜਾਰਾ ਤੇ  ਮੌਜੀਪੁਰ ਪਿੰਡ ਨੂੰ ਪੇਜੋਵਾਲ ਪੁਲਿਸ ਸਟੇਸ਼ਨ ਤੋਂ ਹਟਾ ਕੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਨਾਲ ਜੋੜਿਆ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ। ਕਿਉਂਕਿ ਪਹਿਲਾਂ ਜਮਾਨਤ ਲਈ ਬਲਾਚੌਰ ਜਾਣਾ ਪੈਂਦਾ ਸੀ ਜਿਸ 'ਤੇ 23 ਕਿਲੋਮੀਟਰ ਦਾ ਸਫਰ ਗੜ੍ਹਸ਼ੰਕਰ ਨਾਲੋਂ ਜਿਆਦਾ ਕਰਨਾ ਪੈਂਦਾ ਸੀ। 
25 ਜਨਵਰੀ 2013 ਨੂੰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਛੇਵੀਂ ਸੁਬਾਈ ਕਨਵੈਨਸ਼ਨ ਬਨੇ ਟੌਂਸੇ (ਬਲਾਚੌਰ) ਕਰਕੇ ਕੰਢੀ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ ਕਰਨ ਦਾ ਸੱਦਾ ਦਿੱਤਾ ਜਿਸ ਤਹਿਤ ਕੰਢੀ ਦੀਆਂ ਭਖਵੀਆਂ ਮੰਗਾਂ ਜਿਵੇਂ- 
1.  ਕੰਢੀ ਨਹਿਰ ਜੋ ਕਿ 139 ਕਿਲੋਮੀਟਰ ਲੰਮੀ ਤਲਵਾੜੇ ਤੋਂ ਬਲਾਚੌਰ ਤੱਕ ਪਿਛਲੇ ਚਾਰ ਦਹਾਕੇ ਤੋਂ ਜੂੰ ਦੇ ਤੋਰੇ ਤੁਰ ਰਹੀ ਸੀ, ਨੂੰ ਜੰਗੀ ਪੱਧਰ ਤੇ ਸ਼ਿਵਾਲਿਕ ਪਹਾੜੀ ਦੇ ਨਾਲ ਨਾਲ, 24-04-2012 ਦੇ ਸਰਵੇ ਮੁਤਾਬਕ ਕਢਵਾਉਣ ਲਈ ਅਤੇ ਬਣੀ ਨਹਿਰ ਵਿਚ ਪਾਣੀ ਛੱਡਣ ਲਈ ਤੇ ਮੁਰੰਮਤ ਲਈ ਸਾਲਾਨਾ ਬੱਜਟ ਰੱਖਣ ਲਈ। 
2. ਪੀਣ ਵਾਲੇ ਪਾਣੀ ਦੇ ਟੂਟੀਆਂ ਦੇ ਬਿੱਲ ਅਤੇ ਗਰੀਬਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਾਉਣ ਲਈ। 
3. ਜਨਤਕ ਥਾਵਾਂ ਤੇ ਲੱਗੀਆਂ ਟੂਟੀਆਂ ਜੋ ਪਿਛਲੇ ਸਮੇਂ ਤੋਂ ਬੰਦ ਹਨ, ਉਹਨਾਂ ਨੂੰ ਮੁੜ ਚਾਲੂ ਕਰਵਾਉਣ ਲਈ। 
4. ਜੰਗਲੀ ਜਾਨਵਰਾਂ , ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਵਾਉਣ ਲਈ, ਜੰਗਲ ਦੇ ਨਾਲ ਨਾਲ ਕੰਡਿਆਲੀ ਤਾਰ ਲਗਵਾਉਣ ਲਈ। 
5. ਸੋਕੇ ਨਾਲ ਮਰੀਆਂ ਹਾੜੀ ਦੀਆਂ ਫਸਲਾਂ ਦਾ ਸਰਕਾਰ ਤੋਂ ਮੁਆਵਜਾ ਦੁਆਉਣ ਲਈ ਅਤੇ ਜੰਗਲੀ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਵੱਲੋਂ ਉਜਾੜੀਆਂ ਫਸਲਾਂ ਦਾ ਜੰਗਲਾਤ ਵਿਭਾਗ ਤੋਂ ਮੁਆਵਜਾ ਦੁਆਉਣ ਲਈ।
6. ਸ਼ਾਹਪੁਰਕੰਡੀ ਬੈਰਾਜ ਤੋਂ ਮਨਵਾਲ ਤੱਕ ਛੋਟੀ ਨਹਿਰ ਅਤੇ ਚੰਗਰ ਇਲਾਕੇ ਤੋਂ ਦਸ਼ਮੇਸ਼ ਨਹਿਰ ਕਢਵਾਉਣ ਲਈ। 
7. ਸਰਕਾਰੀ ਮੈਡੀਕਲ ਅਤੇ ਇੰਜਨੀਅਰਿੰਗ ਕਾਲਜ ਹੋਰ ਖੁਲ੍ਹਵਾਉਣ ਲਈ। 
8 .ਮਨਰੇਗਾ ਸਕੀਮ ਕੰਢੀ ਏਰੀਏ ਵਿਚ 365 ਦਿਨ ਚਾਲੂ ਕਰਾਉਣ ਲਈ।
9. ਭਾਖੜਾ ਨਹਿਰ ਤੋਂ ਹਿਮਾਚਲ ਪੈਟਰਨ 'ਤੇ ਪਾਣੀ ਅਪਲਿਫਟ ਕਰਕੇ ਚੰਗਰ-ਘਾੜ ਇਲਾਕਿਆਂ ਨੂੰ ਪਾਣੀ ਦਵਾਉਣ ਲਈ। 
10. ਸਵਾਂਅ ਨਦੀ ਨੂੰ ਹਿਮਾਚਲ ਪੈਟਰਨ 'ਤੇ ਪਾਣੀ ਅਪਲਿਫਟ ਕਰਕੇ ਚੰਗਰ-ਘਾੜ ਇਲਾਕਿਆਂ ਨੂੰ ਪਾਣੀ ਦਵਾਉਣ ਲਈ। 
11. ਪੰਜਾਬ ਸਰਕਾਰ ਮਾਈਨਿੰਗ ਦੀ ਠੋਸ ਨੀਤੀ ਬਣਾ ਕੇ ਮਾਈਨਿੰਗ ਖੋਲ੍ਹੇ ਤਾਂ ਕਿ ਗਰੀਬ ਆਪਣਾ ਆਸ਼ਿਆਨਾ ਬਣਾ ਸਕਣ। 
12. ਬੰਦ ਪਏ ਸਰਕਾਰੀ ਟਿਊਬਵੈਲਾਂ ਨੂੰ ਤੁਰੰਤ ਚਾਲੂ ਕਰਵਾਉਣ ਲਈ ਤੇ ਹੋਰ ਸਰਕਾਰੀ ਟਿਊਬਵੈਲ ਲਗਵਾਉਣ ਲਈ
13. ਬਾਂਸ ਨੂੰ ਕਿਸਾਨਾਂ ਦੀ ਫਸਲ ਮੰਨਿਆ ਜਾਵੇ ਤੇ ਕੱਟਣ ਦੀ ਇਜਾਜਤ ਦਿੱਤੀ ਜਾਵੇ। 
14. ਏ. ਪੀ. ਫੀਡਰ ਕੰਢੀ ਏਰੀਆ ਵਿੱਚ ਵੱਖ ਕਰਨ ਦੀ ਸਕੀਮ ਬੰਦ ਕੀਤੀ ਜਾਵੇ। ਪਹਿਲਾਂ ਵਾਂਗ ਪਿੰਡਾਂ ਤੇ ਟਿਊਬਵੈਲਾਂ ਦੇ ਸਾਂਝੇ ਫੀਡਰ ਰੱਖੇ ਜਾਣ ਤੇ ਬਿਜਲੀ ਨਿਰਵਿਘਨ 24 ਘੰਟੇ ਦਿੱਤੀ ਜਾਵੇ। ਹੋਰ 66 ਕੇ ਵੀ ਦੇ ਸਬ ਸਟੇਸ਼ਨ ਬਣਾਉਣ ਲਈ। 
15. ਪਿੰਡਾਂ ਵਿਚ ਸਸਤੇ ਭਾਅ ਦੇ ਡੀਪੂ ਖੋਲ੍ਹੇ ਜਾਣ ਅਤੇ 14 ਵਸਤਾਂ ਸਸਤੀਆਂ ਦਿਤੀਆਂ ਜਾਣ। 
16. ਕੰਢੀ ਦੇ ਗਰੀਬ ਲੋਕਾਂ ਦੇ ਕਰਜੇ ਮੁਆਫ ਕਰਾਉਣ ਲਈ ਅਤੇ ਛੋਟੇ ਕੰਮਾਂ ਲਈ ਸਸਤੇ ਭਾਅ 'ਤੇ ਕਰਜੇ ਦਵਾਉਣ ਲਈ 
17. ਭੂ-ਮਾਫੀਏ ਅਤੇ ਨਸ਼ਾ-ਮਾਫੀਏ ਨੂੰ ਨੱਥ ਪਾਉਣ ਅਤੇ ਜੰਗਲਾਂ ਦੀ ਹੋ ਰਹੀ ਤਬਾਹੀ ਰੁਕਵਾਉਣ ਲਈ। 
18. ਫੌਜ ਵਿਚ ਭਰਤੀ ਲਈ ਕੰਢੀ ਦਾ ਪਹਿਲਾਂ ਵਾਲਾ ਕੋਟਾ ਰਖਵਾਉਣ ਲਈ । 
19. ਕੰਢੀ ਬੀਤ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦਵਾਉਣ ਲਈ ਅਤੇ ਕੰਢੀ ਇਲਾਕੇ ਦੇ ਵਿਕਾਸ ਲਈ ਮਾਸਟਰ ਪਲਾਨ ਬਣਾ ਕੇ ਜੰਗੀ ਪੱਧਰ ਤੇ ਕੰਮ ਸ਼ੁਰੂ ਕਰਵਾਉਣ ਲਈ। 
ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਤੇ ਲੋਕਲ ਮੰਗਾਂ ਲਈ ਕੰਢੀ ਸੰਘਰਸ਼ ਕਮੇਟੀ ਤਹਿਸੀਲ ਪੱਧਰ 'ਤੇ ਸੰਘਰਸ਼ ਕਰ ਰਹੀ ਹੈ। ਇਸ ਕੜੀ ਤਹਿਤ 30 ਦਸੰਬਰ 2013 ਤੋਂ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ, ਸਾਥੀ ਮਹਾਂ ਸਿੰਘ ਰੋੜੀ ਮੀਤ ਪ੍ਰਧਾਨ ਕੰਢੀ ਸੰਘਰਸ਼ ਕਮੇਟੀ, ਬਲਾਚੌਰ ਤਹਿਸੀਲ ਕੰਪਲੈਕਸ ਸਾਹਮਣੇ ਲੰਮੀ ਭੁੱਖ ਹੜਤਾਲ 'ਤੇ ਬੈਠ ਗਏ ਅਤੇ ਪ੍ਰਣ ਕੀਤਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਅਸੀਂ ਭੁੱਖ ਹੜਤਾਲ ਨਾਲ ਯੱਕਜਹਿਤੀ ਪ੍ਰਗਟ ਕਰਨ ਲਈ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਹਜਾਰਾਂ ਦੀ ਗਿਣਤੀ ਵਿੱਚ ''ਕਰੋ ਜਾਂ ਮਰੋ'' ਦੇ ਨਾਅਰੇ ਹੇਠ ਰੋਹ ਭਰੀਆਂ ਰੈਲੀਆਂ ਕੀਤੀਆਂ । ਇਹਨਾਂ ਰੈਲੀਆਂ ਨੂੰ ਜਮਹੂਰੀ ਲਹਿਰ ਦੇ ਆਗੂਆਂ ਨੇ ਵੀ ਸੰਬੌਧਨ ਕੀਤਾ। ਆਖਿਰ 10 ਜਨਵਰੀ 2014 ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਮੁਲਾਕਾਤ ਲਈ ਬੁਲਾਇਆ। 
ਕੰਢੀ ਸੰਘਰਸ਼ ਕਮੇਟੀ ਦੇ ਵਫਦ ਨੇ ਆਪਣੀਆਂ ਮੰਗਾਂ ਨੂੰ ਬਾਦਲੀਲ ਪੇਸ਼ ਕੀਤਾ। ਮੰਤਰੀ ਸਾਹਿਬ ਨੇ ਕੰਢੀ ਨਹਿਰ ਮਿਤੀ 24-4-12 ਦੇ ਸਰਵੇ ਅਨੁਸਾਰ ਕੱਢਣ ਅਤੇ ਸਿੰਚਾਈ ਵਾਲੇ ਟਿਊਬਵੈਲਾਂ ਦੇ ਬਿਲ ਮੁਆਫ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਕੇ ਸਿੰਚਾਈ ਵਾਲੇ ਟਿਊਬਵੈਲਾਂ ਦੇ ਬਿੱਲ ਅਤੇ ਬਕਾਏ ਖਤਮ ਕਰ ਦਿੱਤੇ ਜਾਣਗੇ। ਇਸ ਭਰੋਸੇ ਪਰ ਭੁੱਖ ਹੜਤਾਲ ਖਤਮ ਕਰ ਦਿੱਤੀ ਤੇ ਘੋਲ ਜਾਰੀ ਰੱਖਣ ਦਾ ਫੈਸਲਾ ਕੀਤਾ। ਆਖਿਰ ਸਰਕਾਰ ਨੇ 1997 ਦੇ ਪੈਟਰਨ 'ਤੇ ਸਿੰਚਾਈ ਵਾਲੇ ਸਰਕਾਰੀ ਟਿਊਬਵੈਲਾਂ ਦੇ ਬਿਲ ਮੁਆਫ ਤੇ ਬਿੱਲਾਂ ਦੇ ਰਹਿੰਦੇ ਬਕਾਏ ਮੁਆਫ ਕਰ ਦਿੱਤੇ। ਕੰਢੀ ਸੰਘਰਸ਼ ਕਮੇਟੀ ਅੱਜ ਵੀ ਵੱਖ ਵੱਖ ਥਾਵਾਂ ਤੇ ਸੰਘਰਸ਼ ਕਰ ਰਹੀ ਹੈ। ਜਿਸ ਵਿਚ ਪੀਣ ਵਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਕਰਾਉਣ ਲਈ ਬਿੱਲ ਬਾਈਕਾਟ ਦਾ ਸੱਦਾ ਦਿੱਤਾ ਹੈ। ਜਿਸ ਤਹਿਤ ਤਲਵਾੜੇ ਏਰੀਏ ਵਿੱਚ ਗਰੀਬ ਰਥ ਸਾਥੀ ਸ਼ਮਸ਼ੇਰ ਸਿੰਘ ਕਮਾਹੀਦੇਵੀ ਦੀ ਅਗਵਾਈ ਹੇਠ ਚੱਲ ਰਿਹਾ ਹੈ। ਜਿਸ ਵਿਚ ਜੰਗਲੀ ਜਾਨਵਰਾਂ, ਅਵਾਰਾ ਪਸ਼ੂਆਂ, ਬਾਂਸ ਦੀ ਕਟਾਈ, ਊਨੇ ਤੋਂ ਤਲਵਾੜਾ, ਤਲਵਾੜੇ ਤੋਂ ਮੁਕੇਰੀਆਂ ਤੱਕ ਰੇਲਵੇ ਲਾਈਨ ਬਣਾਉਣ ਲਈ ਅਤੇ ਰੇਲ ਗੱਡੀਆਂ ਚਲਾਉਣ ਆਦਿ ਮੰਗਾਂ ਲਈ ਜਥਾ ਮਾਰਚ ਜਾਰੀ ਹੈ। 
('ਲੋਕ ਲਹਿਰ' 'ਚੋਂ ਧੰਨਵਾਦ ਸਹਿਤ)

No comments:

Post a Comment