Tuesday, July 8, 2014

23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਸਰਗਰਮੀ


23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਸਰਗਰਮੀ
ਖੰਨਾ:  ਮਜ਼ਦੂਰ ਯੂਨੀਅਨ ਇਲਾਕਾ ਖੰਨਾ-ਸਮਰਾਲਾ ਨੇ ਮਾਰਚ ਮਹੀਨੇ ਵਿੱਚ ਸ਼ਹੀਦਾਂ ਦੀ ਯਾਦ 'ਚ ਤੇ ਚੋਣਾਂ ਮੌਕੇ ਲੋਕਾਂ ਵਿੱਚ ਆਪਣੀ ਸਮਝ ਲਿਜਾਣ ਦੀ ਸਰਗਰਮੀ ਜਥੇਬੰਦ ਕਰਨ ਲਈ 23 ਮਾਰਚ ਨੂੰ ਪਿੰਡ ਭੱਟੀਆਂ ਵਿਖੇ 40-50 ਮਰਦ/ਔਰਤਾਂ ਤੇ ਨੌਜਵਾਨਾਂ ਦੀ ਵੱਡੀ ਮੀਟਿੰਗ ਸੱਦ ਕੇ 12 ਅਪ੍ਰੈਲ ਦੀ ਰਾਤ ਨੂੰ ਸਮਾਗਮ ਕਰਨ ਦਾ ਫੈਸਲਾ ਕੀਤਾ। ਫੈਸਲੇ ਤੋਂ ਬਾਅਦ ਪੂਰੇ ਪਿੰਡ ਤੇ ਜੀ.ਟੀ. ਰੋਡ ਮਾਰਕੀਟ ਵਿੱਚ 15-20 ਮਜ਼ਦੂਰਾਂ ਤੇ ਨੌਜਵਾਨਾਂ ਦੀ ਟੀਮ ਨੇ ਲੀਫਲੈਟ ਵੰਡਦਿਆਂ ਹੋਇਆਂ ਫੰਡ ਇਕੱਠਾ ਕੀਤਾ। ਇਸ ਮੁਹਿੰਮ ਨੂੰ ਪਿੰਡ ਵਿੱਚ ਬਹੁਤ ਚੰਗਾ ਹੁੰਗਾਰਾ ਮਿਲਿਆ। ਪਿੰਡ ਵਿੱਚ ਚੋਣਾਂ ਦਾ ਪਾਜ ਉਘੇੜਦਾ ਤੇ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੇ ਨਕਸ਼ ਉਘਾੜਦਾ ਪੋਸਟਰ ਕਾਫੀ ਗਿਣਤੀ ਵਿੱਚ ਲਾਇਆ ਗਿਆ। 
ਇਸ ਮੁਹਿੰਮ ਦੇ ਸਿਖਰ 'ਤੇ 12 ਅਪ੍ਰੈਲ ਰਾਤ ਨੂੰ ਸਾਢੇ ਛੇ ਸੌ ਦੀ ਗਿਣਤੀ ਦਾ ਇਕੱਠ ਪਿੰਡ ਦੀ ਧਰਮਸ਼ਾਲਾ ਵਿੱਚ ਹੋਇਆ। ਜਿੱਥੇ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਹਰਵਿੰਦਰ ਦਿਵਾਨਾ ਦੀ ਅਗਵਾਈ ਵਿੱਚ ਇਨਕਲਾਬੀ ਨਾਟਕ-ਕੋਰਿਓਗਰਾਫੀਆਂ ਤੇ ਗੀਤ ਸੰਗੀਤ ਪੇਸ਼ ਕੀਤਾ। ਮਜ਼ਦੂਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਚੋਣਾਂ ਦਾ ਪਾਜ ਉਧੇੜਦਿਆਂ, ਲੋਕਾਂ ਨੂੰ ਮੌਜੂਦਾ ਲੁਟੇਰੇ ਸਮਾਜ ਪ੍ਰਬੰਧ ਖਿਲਾਫ ਅਪਣਾ ਸੰਘਰਸ਼ ਹੋਰ ਤੇਜ ਕਰਨ ਦਾ ਸੱਦਾ ਦਿੱਤਾ। ਆਗੁਆਂ ਨੇ ਸ਼ਹੀਦਾਂ ਵੱਲੋਂ ਗੁੰਜਾਏ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨੂੰ ਅੱਜ ਦੀ ਹਾਲਤ ਨਾਲ ਜੋੜ ਕੇ ਗੁੰਜਾਉਣ 'ਤੇ ਜ਼ੋਰ ਦਿੱਤਾ। ਸਟੇਜ ਸਕੱਤਰ ਦੀ ਜੁੰਮੇਵਾਰੀ ਸਾਥੀ ਚਰਨਜੀਤ ਨੇ ਨਿਭਾਈ। ਬਿਜਲੀ ਮੁਲਾਜ਼ਮ ਆਗੂਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਤੇ ਜਥੇਬੰਦੀ ਦੀ ਆਰਥਿਕ ਸਹਾਇਤਾ ਕੀਤੀ। ਪ੍ਰੋਗਰਾਮ ਦੇ ਅੰਤ ਤੱਕ ਲੋਕ ਡਟੇ ਰਹੇ ਤੇ ਇਸ ਸਫਲ ਪ੍ਰੋਗਰਾਮ ਦੀ ਪਿੰਡ ਵਿੱਚ ਕਾਫੀ ਚਰਚਾ ਹੁੰਦੀ ਰਹੀ। 23 ਮਾਰਚ ਨੂੰ ਪਿੰਡ ਰਸੂਲੜੇ ਵਿਖੇ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਤਿਆਰ ਵੀ.ਡੀ.ਓ. ਟ੍ਰਾਈਡੈਂਟ ਕੰਪਨੀ ਦੇ ਬਰਨਾਲਾ ਘੋਲ ਸਮੇਂ ''ਖੇਤਾ ਦੇ ਪੁੱਤ ਜਾਗ ਪਏ'' ਤੇ ਫਰੀਦਕੋਟ ਸ਼ਰੂਤੀ ਅਗਵਾ ਕਾਂਡ ਵਿਰੋਧੀ ਘੋਲ ਵਿੱਚ ਔਰਤਾਂ ਦੀ ਭੂਮਿਕਾ ਤੇ ''ਔਰਤ ਕਾਨਫਰੰਸ'' ਦੀਆਂ ਕੈਸਟਾਂ ਦਿਖਾਈਆਂ ਗਈਆਂ, ਜਿਹਨਾਂ ਵਿੱਚ 100 ਦੇ ਕਰੀਬ ਔਰਤ-ਮਰਦਾਂ ਨੇ ਸ਼ਮੂਲੀਅਤ ਕੀਤੀ। ਸ਼ਾਮਲ ਲੋਕਾਂ ਨੂੰ ਸਾਥੀ ਜੰਗ ਸਿੰਘ ਤੇ ਮਾਸਟਰ ਸ਼ਿੰਗਾਰਾ ਸਿੰਘ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ:  ਲੁਧਿਆਣਾ ਸ਼ਹਿਰ ਵਿੱਚ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 23 ਮਾਰਚ ਤੋਂ 31 ਮਾਰਚ ਤੱਕ ਸ਼ਰਧਾਂਜਲੀ ਮੀਟਿੰਗਾਂ ਤੇ ਰੈਲੀਆਂ ਦੀ ਮੁਹਿੰਮ ਜਥੇਬੰਦ ਕੀਤੀ। ਇਸ ਮੁਹਿੰਮ ਵਿੱਚ ਮਜ਼ਦੂਰ, ਮੁਲਾਜ਼ਮ, ਕਿਸਾਨਾਂ ਦੇ ਉੱਭਰੇ ਘੋਲਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਦਿਆਂ, ਹੀਰੋ ਫੈਕਟਰੀ ਦੇ ਕੱਢੇ ਚਾਰ ਸਾਥੀਆਂ, ਬਜਾਜ ਸੰਸਜ਼ ਦੇ 5 ਸਾਥੀਆਂ, ਟੈਕਸਟਾਈਲ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਤੇ ਇੱਕ ਹੋਰ ਸਾਥੀ ਨੂੰ ਸੁਣਾਈ 2-2 ਸਾਲ ਦੀ ਸਜ਼ਾ ਤੇ ਡੀ.ਐਮ.ਸੀ. ਘੋਲ ਦੇ 22 ਸਾਥੀਆਂ ਨੂੰ ਸੁਣਾਈ 3-3 ਸਾਲ ਦੀ ਨਜਾਇਜ਼ ਕੈਦ ਸੁਣਾਏ ਜਾਣ ਦੇ ਖਿਲਾਫ ਵੀ ਆਪਣਾ ਪੱਖ ਮਜ਼ਦੂਰਾਂ ਵਿੱਚ ਲਿਜਾਇਆ ਗਿਆ। ਡਾਬਾ ਖੇਤਰ ਦੇ ਮਜ਼ਦੂਰਾਂ ਦੀ ਸ਼ਮੂਲੀਅਤ ਨਾਲ, ਟੈਕਸਟਾਈਲ ਮਜ਼ਦੂਰਾਂ ਦੇ ਖੇਤਰ ਵਿੱਚ ਸ਼ਰਧਾਂਜਲੀ ਮੀਟਿੰਗਾਂ ਕੀਤੀਆਂ ਗਈਆਂ, ਜਿਹਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਹਰਜਿੰਦਰ ਸਿੰਘ, ਮੁੰਨਾ ਕੁਮਾਰ, ਡੀ.ਐਸ. ਜੌਹਰੀ ਤੇ ਡਾ. ਸੁਰਜੀਤ ਸਿੰਘ ਨੇ ਕੌਮੀ ਮੁਕਤੀ ਲਹਿਰਾਂ ਵਿੱਚ ਸਨਅੱਤੀ ਮਜ਼ਦੂਰਾਂ ਦੇ ਇਤਿਹਾਸਕ ਰੋਲ ਦੀ ਚਰਚਾ ਕੀਤੀ।       -ਹਰਜਿੰਦਰ ਸਿੰਘ

No comments:

Post a Comment