Tuesday, July 8, 2014

ਬਸਤੀਵਾਦੀ ਵਿਰਾਸਤ ਅਤੇ ਨਸ਼ਿਆਂ ਦਾ ਵਪਾਰ


ਬਸਤੀਵਾਦੀ ਵਿਰਾਸਤ ਅਤੇ ਨਸ਼ਿਆਂ ਦਾ ਵਪਾਰ
ਮੁਲਕ ਦੀ ਜਵਾਨੀ ਨੂੰ ਤਬਾਹੀ ਦੇ ਮੂੰਹ ਧੱਕ ਰਿਹਾ ਨਸ਼ਿਆਂ ਦਾ ਕਾਰੋਬਾਰ ਅਤੇ ਵਪਾਰ ਅੰਗਰੇਜ ਸਾਮਰਾਜੀਆਂ ਦੀ ਕਾਲੀ ਬਸਤੀਵਾਦੀ ਵਿਰਾਸਤ ਦਾ ਹੀ ਜਾਰੀ ਰੂਪ ਹੈ। ਈਸਟ ਇੰਡੀਆ ਕੰਪਨੀ ਬਾਰੇ ਤਾਂ ਕਾਫੀ ਲੋਕ ਜਾਣਦੇ ਹਨ, ਪਰ ਇਹ ਸਚਾਈ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਰਤ ਅੰਦਰ ਅਫੀਮ ਦਾ ਕਾਰੋਬਾਰ ਅਤੇ ਵਪਾਰ ਇਸ ਦੇ ਅਹਿਮ ਕਾਰੋਬਾਰਾਂ 'ਚੋਂ ਇੱਕ ਸੀ।ਅਫੀਮ ਦੀ ਪੈਦਾਵਾਰ ਅਤੇ ਵਪਾਰ 'ਤੇ ਨਿਰੋਲ ਇਸੇ ਦੀ ਸਰਦਾਰੀ ਸੀ। 1797 'ਚ ਇਸ ਕੰਪਨੀ ਨੂੰ ਅਫੀਮ ਬਣਾਉਣ ਵਾਲੀ ਇੱਕੋ ਇੱਕ ਕੰਪਨੀ ਕਰਾਰ ਦਿੱਤਾ ਗਿਆ ਸੀ। ਇਸਨੇ ਭਾਰਤ ਅੰਦਰ ਅਫੀਮ ਦੀ ਪੈਦਾਵਾਰ ਅਤੇ ਬਰਾਮਦ ਵਧਾਉਣ ਲਈ ਹਰ ਪਾਪੜ ਵੇਲਿਆ।ਇਸ ਨੇ ਕਿਸਾਨਾਂ ਨੂੰ ਪੋਸਤ ਦੀ ਖੇਤੀ ਲਈ ਮਜਬੂਰ ਕੀਤਾ। ਵਰਨਣਯੋਗ ਹੈ ਕਿ ਕਪਾਹ ਅਤੇ ਨੀਲ ਤੋਂ ਇਲਾਵਾ ਪੋਸਤ ਉਹਨਾਂ ਫਸਲਾਂ ਚੋਂ ਇੱਕ ਸੀ ਜਿਸ ਦੀ ਕਿਸਾਨਾਂ ਤੋਂ ਜਬਰਨ ਪੈਦਾਵਾਰ ਕਰਵਾਈ ਜਾਂਦੀ ਸੀ।ਭਾਰਤ ਅੰਦਰ ਬਰਤਾਨਵੀ ਰਾਜ ਦੀ ਆਮਦਨ ਦੇ ਮੁੱਖ ਸੋਮਿਆਂ ਚੋਂ ਇੱਕ ਪੋਸਤ ਤੇ ਲੱਗਣ ਵਾਲਾ ਟੈਕਸ ਸੀ।1829-30 'ਚ ਭਾਰਤ ਅੰਦਰਲੇ ਬਰਤਾਨਵੀ ਰਾਜ ਦੇ ਮਾਲੀਏ ਦਾ 10ਵਾਂ ਹਿੱਸਾ ਇਕੱਲੀ ਅਫੀਮ ਦੇ ਟੈਕਸ ਤੋਂ ਆਉਂਦਾ ਸੀ।ਬਿਲਕੁਲ ਉਸੇ ਤਰਾਂ ਜਿਵੇਂ ਅੱਜ ਕੱਲ੍ਹ ਪੰਜਾਬ ਦੀਆਂ ਸਰਕਾਰਾਂ ਦੇ ਖਜ਼ਾਨੇ ਦੇ ਸਾਹ ਸ਼ਰਾਬ ਦੇ ਟੈਕਸਾਂ ਆਸਰੇ ਚਲਦੇ ਹਨ।
ਈਸਟ ਇੰਡੀਆ ਕੰਪਨੀ, ਖਾਸ ਕਰਕੇ, ਚੀਨ ਅੰਦਰ ਵੇਚਣ ਲਈ ਅਫੀਮ ਤਿਆਰ ਕਰਦੀ ਸੀ।ਇਸ ਕੰਪਨੀ ਵੱਲੋਂ ਵਪਾਰੀਆਂ ਲਈ ਅਫੀਮ ਦੀ ਬੋਲੀ ਖੁੱਲ੍ਹੇਆਮ ਲਾਈ ਜਾਂਦੀ ਸੀ। ਇਹ ਵਪਾਰੀ ਚੀਨ ਨੂੰ ਅਫੀਮ ਦੀ ਸਮਗਲਿੰਗ ਕਰਦੇ ਸਨ। ਈਸਟ ਇੰਡੀਆ ਕੰਪਨੀ ਦੇ ਮੁਨਾਫੇ ਦੰਦ ਜੋੜਨ ਵਾਲੇ ਸਨ।ਅਫੀਮ ਦਾ ਇੱਕ ਬਕਸਾ ਤਿਆਰ ਕਰਨ 'ਤੇ 237 ਰੁਪਏ ਖਰਚ ਆਉਂਦਾ ਸੀ, ਪਰ ਇਸਦੀ ਬੋਲੀ 10 ਗੁਣਾ ਕੀਮਤ (2428 ਰੁਪਏ) 'ਤੇ ਲਗਦੀ ਸੀ।
ਅਫੀਮ ਦੀ ਸਮਗਲਿੰਗ ਬਰਤਾਨਵੀ ਭਾਰਤ ਦੇ ਚੀਨ ਨਾਲ ਕਿਸੇ ਵੀ ਕਾਨੂੰਨੀ ਵਪਾਰ ਨਾਲੋਂ ਕਿਤੇ ਵੱਧ ਲੁਭਾਉਣਾ ਕਾਰੋਬਾਰ ਸੀ। ਸਮਗਲਿੰਗ ਤੇ ਕੋਈ ਟੈਕਸ ਅਦਾ ਨਹੀਂ ਸੀ ਕਰਨਾ ਪੈਂਦਾ। ਸਭ ਤੋਂ ਵੱਡੇ ਅਫੀਮ ਦੇ ਬਰਤਾਨਵੀ ਡੀਲਰ ਵਿਲੀਅਮ ਜਾਰਡਾਈਨ ਨੇ ਇੱਕ ਨਿੱਜੀ ਖਤ 'ਚ ਭੇਤ ਖੋਲਿਆ, “ਚੰਗੇ ਸਾਲਾਂ 'ਚ…ਅਫੀਮ ਤੋਂ ਹੋਣ ਵਾਲਾ ਮੁਨਾਫਾ ਇੱਕ ਹਜ਼ਾਰ ਡਾਲਰ ਪ੍ਰਤੀ ਬਕਸਾ ਤੱਕ ਪਹੁੰਚ ਜਾਂਦਾ ਸੀ''
ਦਿਲਚਸਪ ਗੱਲ ਇਹ ਹੈ ਕਿ ਨਸ਼ੇ  ਦੇ ਬਰਤਾਨਵੀ ਵਪਾਰੀਆਂ ਲਈ ਸਿਰਫ ਅੰਨ੍ਹੇ ਮੁਨਾਫੇ ਹੀ ਤਸੱਲੀ ਦਾ ਇੱਕੋ ਇੱਕ ਸੋਮਾ ਨਹੀਂ ਸਨ।ਇਹ ਉਨ੍ਹਾਂ ਲਈ ਸਿਆਸਤ ਦੀ ਪੌੜੀ ਦਾ ਡੰਡਾ ਵੀ ਸਨ। ਉਹਨਾਂ ਚੋਂ ਕਈਆਂ ਦਾ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਬਣਨ ਦਾ ਦਾਅ ਲੱਗਿਆ ਅਤੇ ਕਈਆਂ ਨੂੰ “ਨਾਈਟ'' ਦੇ ਰੁਤਬੇ ਨਾਲ ਨਿਵਾਜ਼ਿਆ ਗਿਆ।ਜਿਹੜੇ ਆਦਮੀ ਦੀ ਚਿੱਠੀ ਦਾ ਉੱਪਰ ਜ਼ਿਕਰ ਆਇਆ ਹੈ , ਉਸਨੇ ਵੀ ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਦੀ ਮੈਂਬਰਸ਼ਿਪ ਬਿਨਾਂ ਕਿਸੇ ਖਾਸ ਤਰੱਦਦ ਦੇ ਹਥਿਆਉਣ'ਚ ਕਾਮਯਾਬੀ ਹਾਸਲ ਕੀਤੀ।ਅਫੀਮ ਦਾ ਇੱਕ ਹੋਰ ਸਮੱਗਲਰ ਜੇਮਜ਼ ਮੈਥੇਸਨ ਸੀ।ਉਸਨੇ ਸਕਾਟਲਂੈਡ ਦੇ ਪੱਛਮੀ ਤੱਟ ਤੇ ਇੱਕ ਪੂਰੇ ਦਾ ਪੂਰਾ ਟਾਪੂ ਹੀ ਖਰੀਦ ਲਿਆ ਅਤੇ ਇਸਨੂੰ ਸ਼ਿੰਗਾਰਨ 'ਤੇ ਹੀ 3 ਲੱਖ 29 ਹਜ਼ਾਰ ਪੌਂਡ ਖਰਚੇ।ਇਸ ਬਲੈਕੀਏ ਨੂੰ ਵੀ ਰਾਣੀ ਵਿਕਟੋਰੀਆ ਨੇ “ਨਾਈਟ'' ਦੀ ਉਪਾਧੀ ਬਖਸ਼ੀ।
ਅਫੀਮ ਦਾ ਵਪਾਰ ਚੀਨ ਉੱਤੇ ਧੱਕੇ ਨਾਲ ਠੋਸਿਆ ਗਿਆ। ਪਹਿਲਾਂ ਚੀਨੀ ਰਾਜ ਵੱਲੋਂ ਬਰਤਾਨਵੀ ਭਾਰਤ ਦੇ ਜਹਾਜਾਂ ਨੂੰ ਸਿਰਫ ਕੈਂਟਨ ਦੀ ਬੰਦਰਗਾਹ 'ਤੇ ਮਾਲ ਲਾਹੁਣ ਦੀ ਇਜਾਜ਼ਤ ਸੀ। ਅਫੀਮ ਦੇ ਵਪਾਰ 'ਤੇ ਸਖਤ ਬੰਦਸ਼ਾਂ ਸਨ। ਇਹ ਦਵਾਈਆਂ ਲਈ ਵਰਤੋਂ ਤਕ ਸੀਮਤ ਸੀ। ਬਰਤਾਨਵੀ ਸਾਮਰਾਜੀਏ ਅਫੀਮ ਦੇ ਵਪਾਰ ਦੇ ਥੋਕ ਕਨੂੰਨੀਕਰਨ ਦੀ ਮੰਗ ਕਰਦੇ ਸਨ ਅਤੇ ਸਾਰੀਆਂ ਬੰਦਰਗਾਹਾਂ ਬਰਤਾਨੀਆ ਅਤੇ ਬਰਤਾਨਵੀ ਭਾਰਤ ਦੇ ਜਹਾਜਾਂ ਲਈ ਖੋਲ੍ਹਣ ਦੀ ਮੰਗ ਕਰਦੇ ਸਨ। ਬੰਦਸ਼ਾਂ ਦੀ ਪਰਵਾਹ ਨਾ ਕਰਦਿਆਂ ਬਰਤਾਨਵੀ ਜਹਾਜਾਂ ਨੂੰ ਹਥਿਆਰਬੰਦ ਕਰਕੇ ਚੀਨੀ ਬੰਦਰਗਾਹਾਂ 'ਤੇ ਭੇਜਿਆ ਜਾਂਦਾ ਸੀ। ਇਸ ਲੱਠਮਾਰ ਵਪਾਰ 'ਤੇ ਬੰਦਸ਼ਾਂ ਬਦਲੇ ਚੀਨੀ ਰਾਜ ਨੂੰ ਭਾਰੀ ਕੀਮਤ ਤਾਰਨੀ ਪਈ।ਚੀਨ ਉਤੇ ਨਿਹੱਕਾ ਹਮਲਾ ਕੀਤਾ ਗਿਆ।19ਵੀਂ ਸਦੀ 'ਚ ਹੋਈ ਇਹ ਲੜਾਈ, “ਅਫੀਮ ਯੁੱਧ'' ਦੇ ਨਾਂ ਨਾਲ ਮਸ਼ਹੂਰ ਹੈ। ਚੀਨੀ ਜਨਤਾ ਨੇ ਅਫੀਮ ਦੇ ਹੱਲੇ ਖਿਲਾਫ ਜੋਰਦਾਰ ਜਨਤਕ ਜੱਦੋਜਹਿਦ ਕੀਤੀ।ਪਰ ਜਗੀਰੂ ਹਾਕਮਾਂ ਦਾ ਰਵੱਈਆ ਡਾਂਵਾਂਡੋਲ ਰਿਹਾ। ਅਫੀਮ ਯੁੱਧ ਤੋਂ ਬਾਅਦ ਚੀਨ ਉਤੇ ਸ਼ਰਮਨਾਕ ਸ਼ਰਤਾਂ ਠੋਸੀਆਂ ਗਈਆਂ। ਹਾਂਗਕਾਂਗ ਉੱਤੇ ਕਬਜਾ ਕਰ ਲਿਆ ਗਿਆ। ਇਹ ਕਬਜਾ ਬਰਤਾਨੀਆ ਦੇ ਅਫੀਮ ਵਪਾਰੀਆਂ ਦੀ ਮੰਗ ਤੇ ਕੀਤਾ ਗਿਆ। ਉਹਨਾਂ ਨੇ ਬਰਤਾਨਵੀ ਪਾਰਲੀਮੈਂਟ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਬਰਤਾਨਵੀ ਵਪਾਰ ਦੀ ਸੁਰੱਖਿਆ ਲਈ ਹਾਂਗਕਾਂਗ ਨੂੰ ਕਬਜੇ 'ਚ ਲਿਆ ਜਾਵੇ। “ਵਪਾਰ ਸੁਰੱਖਿਆ'' ਤੋਂ ਉਹਨਾਂ ਦੀ ਮੁਰਾਦ ਅਫੀਮ ਦੇ ਵਪਾਰ ਦੀ ਸੁਰੱਖਿਆ ਤੋਂ ਸੀ। ਇਸ ਨਹੱਕੀ ਜੰਗ ਦੇ ਸਿੱਟੇ ਵਜੋਂ ਚੀਨ ਤੋਂ 60 ਲੱਖ ਚਾਂਦੀ ਦੇ ਡਾਲਰ ਮੁਆਵਜੇ ਵਜੋਂ ਵਸੂਲੇ ਗਏ। ਇਹ ਮੁਆਵਜਾ ਸਜ਼ਾ ਵਜੋਂ ਵਸੂਲਿਆ ਗਿਆ ਸੀ, ਕਿਉਂਕਿ ਚੀਨੀ ਰਾਜ ਨੇ ਗੈਰ-ਕਾਨੂੰਨੀ ਭੇਜੀ ਜਾਂਦੀ ਅਫੀਮ ਜਬਤ ਕਰ ਲਈ ਸੀ। ਇਸ ਅਫੀਮ ਦਾ ਵੱਡਾ ਹਿੱਸਾ ਭਾਰਤ 'ਚ ਧੱਕੇ ਨਾਲ ਕਰਵਾਈ ਜਾ ਰਹੀ ਪੋਸਤ ਦੀ ਖੇਤੀ ਦਾ ਸਿੱਟਾ ਸੀ।
ਬਰਤਾਨਵੀ ਰਾਜ ਅਧੀਨ ਭਾਰਤ ਚੀਨ ਅਫੀਮ ਸੰਬੰਧਾਂ ਦਾ ਸਿਲਸਿਲਾ ਸੰਸਾਰ ਪੂੰਜੀਵਾਦ ਦੀ ਮੁਨਾਫਾ ਪਰਮੋ-ਧਰਮ ਦੀ ਨੀਤੀ ਦੇ ਘਿਨਾਉਣੇ-ਪਣ ਦੀ ਗਵਾਹੀ ਹੈ। ਭਾਰਤੀ ਹਾਕਮਾਂ ਨੇ ਇਹ ਨੀਤੀ ਬਰਤਾਨਵੀ ਹਾਕਮਾਂ ਤੋਂ ਵਿਰਸੇ 'ਚ ਲਈ ਹੈ।
ਹਕੂਮਤ ਬਦਲੀ ਤੱੋਂ ਬਾਅਦ, ਨਸ਼ਿਆਂ ਦੇ ਮਾਮਲੇ 'ਚ, ਭਾਰਤ ਅੰਦਰ ਅਤੇ ਚੀਨ ਅੰਦਰ ਜੋ ਵਾਪਰਿਆ ਉਹ ਨਕਲੀ ਜਮਹੂਰੀਅਤ ਅਤੇ ਅਸਲੀ ਲੋਕ ਰਾਜ ਦੇ ਵਖਰੇਵੇਂ ਦੀ ਸਪੱਸ਼ਟ ਗਵਾਹੀ ਹੈ। ਜਿਵੇਂ ਇਸ ਅੰਕ 'ਚ ਛਪੀ ਇੱਕ ਹੋਰ ਲਿਖਤ 'ਚ ਵਿਸਥਾਰ ਨਾਲ ਦੱਸਿਆ ਗਿਆ ਹੈ, 1949 ਦੇ ਇਨਕਲਾਬ ਤੋਂ ਬਾਅਦ ਚੀਨ ਦੇ ਲੋਕ 3 ਵਰ੍ਹਿਆਂ ਦੇ ਅਰਸੇ 'ਚ ਹੀ ਅਫੀਮ ਦੀ ਲਾਹਨਤ ਅਤੇ ਨਸ਼ਿਆਂ ਦਾ ਫਸਤਾ ਵੱਢਣ 'ਚ ਸਫਲ ਹੋ ਗਏ। ਦੂਜੇ ਪਾਸੇ ਭਾਰਤ ਦੀ ਨਕਲੀ ਆਜ਼ਾਦੀ ਦੇ 59 ਵਰ੍ਹੇ ਪਿੱਛੋਂ ਨਸ਼ਿਆਂ ਦੀ ਲਾਹਨਤ ਨੇ ਭਿਆਨਕ ਅਕਾਰ ਗ੍ਰਹਿਣ ਕਰ ਲਿਆ ਹੈ। ਨਸ਼ਿਆਂ ਦਾ ਕਾਨੂੰਨੀ ਅਤੇ ਗੈਰ-ਕਾਨੂੰਨੀ ਕਾਰੋਬਾਰ ਨਾਂ ਸਿਰਫ ਭਾਰੀ ਮੁਨਾਫਿਆਂ ਦਾ ਸਾਧਨ ਹੈ, ਸਗੋਂ ਭਾਰਤੀ ਜਮਹੂਰੀਅਤ ਦੇ ਟਾਇਰਾਂ ਨੂੰ ਵੀ ਅੱਜ ਕੱਲ ਨਸ਼ਿਆਂ ਦੀ ਹਵਾ ਭਰ ਕੇ ਚਲਾਇਆ ਜਾਂਦਾ ਹੈ। ਲੋਕ ਸਭਾ ਚੋਣਾਂ ਤੋਂ 2 ਦਿਨ ਪਹਿਲਾਂ ਪੰਜਾਬ 'ਚੋਂ 800 ਕਰੋੜ ਦੇ ਨਸ਼ੇ ਫੜੇ ਗਏ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ “ਭਾਰਤੀ ਜਮਹੂਰੀਅਤ'' ਨਸ਼ਿਆਂ ਦੇ ਟੀਕਿਆਂ 'ਤੇ ਲੱਗ ਚੁੱਕੀ ਹੈ। ਨਸ਼ਿਆਂ ਦੇ ਕਾਰੋਬਾਰ ਦੇ ਚੌਧਰੀਆਂ 'ਚੋਂ ਕਈ ਹੁਣ ਇਸ ਜਮਹੂਰੀਅਤ ਦੇ ਜਾਣੇ ਪਛਾਣੇ ਮੁਕਟਧਾਰੀਆਂ 'ਚ ਸ਼ਾਮਿਲ ਹਨ। ਅਜਿਹੇ ਲੁਕਵੇਂ ਮਸਲੇ ਵੀ ਹੁਣ ਚੋਣਾਂ ਲਈ ਕੁੱਕੜਖੋਹੀ ਦਾ ਮੁੱਦਾ ਬਣ ਗਏ ਹਨ ਕਿ ਨਸ਼ਿਆਂ ਦੀ ਮੰਡੀ 'ਚ ਕੀਹਦੇ ਡੋਡਿਆਂ ਜਾਂ ਕੀਹਦੇ “ਚਿੱਟੇ'' ਦੀ ਸਰਦਾਰੀ ਹੋਵੇਗੀ। ਇਸ ਬਾਰੇ ਚਰਚਾ ਜਨਤਕ ਪੱਧਰ 'ਤੇ ਹੋ ਰਹੀ ਹੈ। ਨਸ਼ੇ ਅਤੇ ਅਪਰਾਧ ਆਪਸ ਵਿੱਚ ਘੁਲ਼ ਮਿਲ ਗਏ ਹਨ। ਸਿਆਸਤ ਦਾ ਕਾਰੋਬਾਰ ਅਤੇ ਨਸ਼ਿਆਂ ਦਾ ਕਾਰੋਬਾਰ ਇੱਕ ਦੂਜੇ 'ਤੇ ਨਿਰਭਰ ਹੁਦੇ ਜਾ ਰਹੇ ਹਨ। ਚੋਣਾਂ, ਨਸ਼ਾ ਮਾਫੀਏ ਲਈ ਮੁਨਾਫੇ ਦਾ ਸੀਜ਼ਨ ਬਣਕੇ ਆਉਂਦੀਆਂ ਹਨ। ਦੂਜੇ ਪਾਸੇ, ਨਸ਼ਿਆਂ ਦੇ ਲੰਗਰ ਵੋਟਾਂ ਨਾਲ ਝੋਲੀਆਂ ਭਰਨ ਦਾ ਸਾਧਨ ਬਣਦੇ ਹਨ। ਵੋਟਾਂ ਦੇ ਦਿਨਾਂ 'ਚ ਨਸ਼ੇ ਵੰਡਦੇ ਅਪਰਾਧੀਆਂ ਦੇ ਟੋਲੇ ਭਾਰਤੀ ਜਮਹੂਰੀਅਤ ਦੇ ਹੀਰੋ ਬਣੇ ਹੋਏ ਹਨ ਅਤੇ ਮੁੱਛਾਂ ਨੂੰ ਵਟੇ ਦੇ ਕੇ ਘੁੰਮਦੇ ਫਿਰਦੇ ਹਨ।
ਅਸੈਂਬਲੀਆਂ, ਪਾਰਲੀਮੈਂਟਾਂ ਦੇ ਬੈਚਾਂ 'ਤੇ ਨਸ਼ਾ ਮਾਫੀਏ ਦੇ ਚੌਧਰੀਆਂ ਦੀ ਨਿਸ਼ੰਗ ਹਾਜਰੀ ਭਾਰਤੀ “ਜਮਹੂਰੀਅਤ'' ਦੇ ਨਿਘਾਰ ਦਾ ਇਕੋ ਇੱਕ ਪੱਖ ਨਹੀਂ ਹੈ। ਭਾਰਤੀ ਸੰਸਦ 'ਚ ਕਾਤਲਾਂ ਅਤੇ ਬਲਾਤਕਾਰੀਆਂ ਦੀ ਗਿਣਨਯੋਗ ਹਾਜ਼ਰੀ ਵੀ ਅੱਜ ਕਲ੍ਹ ਮੀਡੀਏ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਚਰਚਾ 'ਚ ਬੇਵੱਸੀ ਦੀ ਸੁਰ ਭਾਰੂ ਹੈ। ਅਖਬਾਰਾਂ ਦੇ ਸੰਪਾਦਕੀ ਇਹ ਕਹਿੰਦੇ ਜਾਪਦੇ ਹਨ ਕਿ 'ਰੱਬ ਦਾ ਭਾਣਾ' ਇਹੀ ਹੈ। ਭਾਰਤੀ “ਜਮਹੂਰੀਅਤ'' ਦੀ ਕਿਸਮਤ 'ਚ ਇਹੋ ਲਿਖਿਆ ਹੈ।
ਗਲੋਬਲਾਈਜ਼ੇਸ਼ਨ ਨੇ ਨਸ਼ਿਆਂ ਦੇ ਜ਼ਹਿਰ ਦੇ ਕਾਰੋਬਾਰ ਦੀ ਵੀ ਗਲੋਬਲਾਈਜ਼ੇਸ਼ਨ ਕਰ ਦਿੱਤੀ ਹੈ। ਨਸ਼ਾ ਮਾਫੀਏ ਦਾ ਕੌਮਾਂਤਰੀਕਰਣ ਪਹਿਲੀਆਂ ਹੱਦਾਂ ਪਾਰ ਕਰ ਗਿਆ ਹੈ। ਅਯਾਸ਼ੀ ਦੇ ਕਾਰੋਬਾਰ ਦੀ ਸੰਸਾਰ ਮੰਡੀ 'ਚ ਗਹਿਮਾ-ਗਹਿਮੀ ਹੈ। ਔਰਤਾਂ ਦੀ ਖਰੀਦੋਫਰੋਖਤ ਦਾ ਜੱਥੇਬੰਦ ਕੋਮਾਂਤਰੀ ਕਾਰੋਬਾਰ ਨੇੜਲੇ ਦਹਾਕਿਆਂ 'ਚ ਛਾਲਾਂ ਮਾਰ ਕੇ ਵਧਿਆ ਹੈ। ਭਾਰਤੀ ਰਾਜਭਾਗ ਦੇ ਮਾਲਕ ਮਨੋਰੰਜਨ ਅਤੇ ਸੈਰ ਸਪਾਟਾ ਸੱਨਅਤ ਦੀ ਤਰੱਕੀ ਬਾਰੇ ਅੱਜ ਕਲ੍ਹ ਵਿਸ਼ੇਸ਼ ਉਤਸ਼ਾਹ ਨਾਲ ਗੱਲਾਂ ਕਰਦੇ ਹਨ। ਇਸ ਅਯਾਸ਼ੀ ਅਤੇ ਮੌਜ ਮੇਲਾ ਸੱਨਅਤ ਲਈ ਸ਼ਰੇਆਮ ਸ਼ਬਦ ਸੈਕਸ ਟੂਰਿਜ਼ਮ ਵਰਤਣ ਤੋਂ ਉਨ੍ਹਾਂ ਨੂੰ ਕਈੋ ਸੰਕੋਚ ਨਹੀਂ ਹੈ। ਉਂਝ ਇਹ ਅਯਾਸ਼ੀ ਦੇ ਸੈਲਾਨੀ ਕੇਂਦਰ ਨਸ਼ਿਆਂ ਦੇ “ਹੁਲਾਰਾ'' ਕੇਦਰਾਂ ਵਜੋਂ ਵੀ ਸਥਾਪਤ ਹੋਣ ਜਾ ਰਹੇ ਹਨ। ਇਨ੍ਹਾਂ ਕੇਂਦਰਾਂ'ਚ ਅਮੀਰਸ਼ਾਹੀ ਲਈ ਹੁਸਨ ਦੇ ਨਾਲ਼ ਨਾਲ਼ ਹੈਰੋਇਨ-ਸਮੈਕ ਜਾਤੀ ਦੇ 'ਭੋਜਨ' ਪਦਾਰਥ ਵੀ ਦਿਲਕਸ਼ ਲੇਬਲਾਂ ਹੇਠ ਪਰੋਸੇ ਜਾਣਗੇ। “ਕਮ ਫਾਰ ਹੈਵਨਲੀ ਕਿੱਕ'' (ਸਵਰਗੀ ਹੁਲਾਰੇ ਲਈ ਆਓ) ਵਰਗੇ ਮਸ਼ਹੂਰੀ-ਵਾਕਾਂ ਨਾਲ ਗਾਹਕਾਂ ਦੇ ਦਿਲਾਂ 'ਚ ਕੁਤਕੁਤੀਆਂ ਛੇੜਨ ਦੀਆਂ ਕੋਸ਼ਿਸ਼ਾਂ ਜ਼ੋਰ ਫੜਨਗੀਆਂ। 
ਗਲੋਬਲਾਈਜ਼ੇਸ਼ਨ ਦੀਆਂ ਜਟਾਂ 'ਚੋ ਉੱਪਰੋਂ ਥੱਲੇ ਨੂੰ ਵਗਦੀ ਨਸ਼ਿਆਂ ਦੀ ਇਹ ਗੰਗਾ ਭਟਕਦੀ ਬੇਰੋਜ਼ਗਾਰ ਜਵਾਨੀ ਨੂੰ ਪਹਿਲਾਂ ਹੀ ਡੋਬਣ ਲੱਗੀ ਹੋਈ ਹੈ। ਅਗਲੇ ਸਮੇਂ ਹੋਰ ਵੀ ਮਾੜੇ ਹੋਣਗੇ। ਨਸ਼ਿਆਂ ਖਿਲਾਫ ਅਸਰਦਾਰ ਜੱਦੋਜਹਦ ਲਈ ਨਸ਼ਿਆਂ ਦੀ ਇਸ ਸਿਆਸੀ-ਆਰਥਕਤਾ ਨੂੰ ਸਮਝਣਾ ਪੈਣਾ ਹੈ।
ਨਸ਼ੇ ਦਾ ਜ਼ਹਿਰ ਵੰਡਣ ਵਾਲ਼ਿਆਂ ਦੀ ਸਰਪਰਸਤੀ ਕਰਨ ਵਾਲੇ ਸਿਆਸਤਦਾਨਾਂ ਖਿਲਾਫ ਪੰਜਾਬ ਦੇ ਲੋਕਾਂ ਦਾ ਗੁੱਸਾ ਇੱਕ ਹੱਦ ਤੱਕ ਪਾਰਲੀਮੈਂਟ ਚੋਣਾਂ ਰਾਹੀਂ ਵੀ ਪ੍ਰਗਟ ਹੋਇਆ ਹੈ। ਇਸ ਕਰਕੇ ਨਸ਼ਿਆਂ ਦੀ ਤਸਕਰੀ ਦੇ ਸਰਪਰਸਤ ਅੱਜ ਕਲ੍ਹ ਦੰਭੀ ਨਸ਼ਾ-ਵਿਰੋਧੀ ਕੀਰਤਨ ਕਰਨ ਲਈ ਮਜਬੂਰ ਹੋ ਰਹੇ ਹਨ। ਇਨਕਲਾਬੀ ਸ਼ਕਤੀਆਂ ਨੂੰ ਇਸ ਹਾਲਤ 'ਚ ਨਸ਼ਿਆਂ ਦੀ ਲਾਹਨਤ ਖਿਲਾਫ ਖਰੇ ਅਤੇ ਨਿਰਕਪਟ ਸੰਘਰਸ਼ ਦਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ। ਨਸ਼ੇ ਸਿਰਫ ਮੁਨਾਫਾਖੋਰ ਮਗਰਮੱਛਾਂ ਲਈ ਅੰਨ੍ਹੇ ਮੁਨਾਫਿਆਂ ਦਾ ਸਾਧਨ  ਹੀ ਨਹੀਂ ਹਨ। ਉਪਰਾਮ ਅਤੇ ਬੇਚੈਨ ਜਵਾਨੀ ਨੂੰ ਨਿਰਾਸ਼ਾ ਦੀ ਖੱਡ 'ਚ ਧੱਕਣ ਅਤੇ ਇਨਕਲਾਬ ਦੇ ਰਾਹ ਤੋਂ ਭਟਕਾਉਣ ਦਾ ਸਾਧਨ ਵੀ ਹਨ। ਇਨਕਲਾਬੀ ਕਾਰਕੁੰਨਾਂ ਨੂੰ ਨਸ਼ਾ ਵਿਰੋਧੀ ਮੁਹਿੰਮਾਂ ਨੂੰ ਜਮਾਤੀ ਘੋਲ਼ ਦਾ ਜ਼ਰੂਰੀ ਅੰਗ ਸਮਝ ਕੇ ਇਹਨਾਂ ਦੀ ਧਾਰ ਤਿੱਖੀ ਕਰਨੀ ਚਾਹੀਦੀ ਹੈ। ੦-੦

No comments:

Post a Comment