Tuesday, July 8, 2014

ਸੰਪਾਦਕੀ ਟਿੱਪਣੀਆਂ

ਹਾਕਮ ਜਮਾਤਾਂ ਦੀ ਸਿਆਸੀ ਮਸ਼ਕ
ਪਾਰਲੀਮਾਨੀ ਚੋਣਾਂ ਅਤੇ ਮੋਦੀ ਸਰਕਾਰ
ਟਾਈਟਲ ਪੇਜ  'ਤੇ ਅਸੀਂ ਇੱਕ ਕਾਰਟੂਨ ਛਾਪਿਆ ਹੈ। ਇਹ ਕਾਰਟੂਨ ਮੋਦੀ ਸਰਕਾਰ ਦੇ ਸੱਭ ਤੋਂ ਉੱਘੜਵੇਂ ਲੱਛਣਾਂ ਨੂੰ ਦਰਸਾਉਂਦਾ ਹੈ। ਭਾਵੇਂ ਕਿ ਇਸ ਵਿਧਾ ਦੀਆਂ ਆਪਣੀਆਂ ਸੀਮਤਾਈਆਂ ਹਨ। ਹੈਟ ਅਮਰੀਕਨ ਸਾਮਰਾਜ (ਅੰਕਲ ਸੈਮ) ਦਾ ਚਿੰਨ੍ਹ ਹੈ। ਅਮਰੀਕਣ ਸਾਮਰਾਜ, ਪੱਛਮੀ ਅਤੇ ਜਪਾਨੀ ਸਾਮਰਾਜੀ ਧੜੇ ਦਾ ਸਰਦਾਰ ਹੈ। ਇਸ ਧੜੇ ਦੇ ਦਲਾਲ-ਸਰਮਾਏਦਾਰ ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਦੇ ਮੋਢੀ ਹਨ। ਇਹ ਹੈਟ ਮੋਦੀ ਸਰਕਾਰ ਨੇ ਪਹਿਲੀ ਵਾਰ ਨਹੀਂ ਪਹਿਨਿਆ ਜਾਂ ਇਸ ਹੈਟ ਨੇ ਪਹਿਲੀ ਵਾਰ ਸਾਡੇ ਦੇਸ਼ ਦੀ ਸਰਕਾਰ ਦਾ ਸਿਰ ਨਹੀਂ ਢਕਿਆ। ਇਹ ਹੈਟ ਮਨਮੋਹਨ ਸਰਕਾਰ ਦੇ ਸਿਰ 'ਤੇ ਵੀ ਓਨਾ ਹੀ ਫਿੱਟ ਸੀ, ਜਿੰਨਾ ਉਸ ਤੋਂ ਪਹਿਲੀ ਵਾਜਪਾਈ ਸਰਕਾਰ ਦੇ ਸਿਰ 'ਤੇ। ਪਰ ਸਾਨੂੰ ਰੂਸੀ ਰਿੱਛ  ਨੂੰ ਨਹੀਂ ਭੁਲਣਾ ਚਾਹੀਦਾ ਅਤੇ ਮੋਦੀ ਸਰਕਾਰ ਦੀ ਔਕਾਤ ਨਹੀਂ ਹੈ ਕਿ ਇਹ ਇਸਨੂੰ ਨਜ਼ਰਅੰਦਾਜ਼ ਕਰ ਦੇਵੇ। 'ਇੱਕ ਧੁਰੇ' ਸੰਸਾਰ ਦਾ ਸਮਾਂ ਲੱਦ ਚੁੱਕਾ ਹੈ। ਸਿਰ ਸੁੱਟੀਂ ਬੈਠਾ ਰੂਸੀ ਸਾਮਰਾਜੀ ਰਿੱਛ, ਅਮਰੀਕਨ ਸਾਮਰਾਜੀ ਸ਼ੇਰ ਨੂੰ ਅੱਖਾਂ ਵਿਖਾਉਣ ਲੱਗ ਚੁੱਕਿਆ ਹੈ। ਇਹ ਦੋ ਕੁ ਪਰਚਾਂਟੇ ਵੀ ਠੋਕ ਚੁੱਕਿਆ ਹੈ। ਸਾਮਰਾਜੀ ਭੇੜ ਦਾ ਪਰਛਾਵਾਂ ਭਾਰਤੀ ਦਲਾਲ ਸਰਮਾਏਦਾਰ ਜਮਾਤਾਂ 'ਤੇ ਰਹਿਣਾ ਹੀ ਹੈ। ਭਾਰਤੀ ਹਾਕਮਾਂ ਵਿੱਚ ਰੂਸੀ ਸਾਮਰਾਜੀਆਂ ਦੇ ਦਲਾਲ ਵੀ ਸ਼ੁਮਾਰ ਹਨ। 
ਮੋਦੀ ਸਰਕਾਰ ਦੇ ਮੱਥੇ 'ਤੇ ਟਿੱਕਾ ਹੈ, ਗਲ਼ ਵਿੱਚ ਭਗਵਾਂ ਪਟਕਾ ਹੈ ਅਤੇ ਹੱਥ ਵਿੱਚ ਤ੍ਰਿਸ਼ੂਲ ਹੈ। ਇਹ ਪਿਛਾਖੜੀ ਤੇ ਫਿਰਕਾਪ੍ਰਸਤ ਵਿਚਾਰਧਾਰਕ-ਸਭਿਆਚਾਰਕ ਥੜ੍ਹੇ 'ਸੰਘ ਪਰਿਵਾਰ' ਦੇ 'ਹਿੰਦੂ ਰਾਸ਼ਟਰਵਾਦ' ਦੀ ਨਿਸ਼ਾਨੀ ਹੈ। ਹਿੰਦੂ ਫਿਰਕਾਪ੍ਰਸਤੀ ਦੀ ਵਰਤੋਂ ਕਾਂਗਰਸ ਵੀ ਕਰਦੀ ਰਹੀ ਹੈ, ਪਰ ਮੋਦੀ ਲਾਣਾ (ਸੰਘ ਪਰਿਵਾਰ) ਕਿਤੇ ਵੱਧ ਨਿਸ਼ੰਗ ਤੇ ਹਮਲਾਵਰ ਰੁਖ ਰੱਖਦਾ ਹੈ। ਇਹ ਦਿਲਚਸਪ ਅਤੇ ਬੁਰਾ ਨਜ਼ਾਰਾ ਸਾਨੂੰ ਛੇਤੀ ਹੀ ਵੇਖਣ ਨੂੰ ਮਿਲੇਗਾ ਕਿ ਮੋਦੀ ਸਰਕਾਰ ਪੱਛਮੀ ਅਤੇ ਸੰਘ ਪਰਿਵਾਰ ਦੀ ਵਿਚਾਰਧਾਰਾ ਅਤੇ ਸਭਿਆਚਾਰ ਦਾ ਮੇਲ ਕਰਕੇ ਕਿਵੇਂ ਚੱਲਦੀ ਹੈ। ਪਰ ਸਾਮਰਾਜੀਆਂ ਦਾ ਕੋਈ 'ਦੀਨ-ਈਮਾਨ' ਨਹੀਂ ਅਤੇ ਨਾ ਹੀ ਸਾਡੇ ਦੇਸ਼ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰੂ ਚੌਧਰੀਆਂ ਦਾ। ਇਹਨਾਂ ਦੀਆਂ ਗੋਗੜਾਂ ਸਭ ਕਚਰਾ ਹਜ਼ਮ ਕਰ ਜਾਂਦੀਆਂ ਹਨ। 
---------
ਪਾਰਲੀਮਾਨੀ ਚੋਣਾਂ  ਹੋ ਚੁੱਕੀਆਂ ਹਨ। ਇੱਕ ਨਵੀਂ ਸਰਕਾਰ- ਮੋਦੀ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ। ਇਸਨੇ 'ਗੁਲ ਖਿਲਾਉਣੇ' ਅਜੇ ਸ਼ੁਰੂ ਹੀ ਕੀਤੇ ਹਨ। ਪਰ ਨਵੀਂ ਸਰਕਾਰ ਦਾ ਕਨਾਤਰਾ ਸਪੱਸ਼ਟ ਹੈ। ਪ੍ਰਧਾਨ ਮੰਤਰੀ ਦਾ ''ਸਖਤ ਫੈਸਲਿਆਂ'' ਬਾਰੇ ਬਿਆਨ, ਨਵੀਂ ਸਰਕਾਰ ਦੇ ਮੁਢਲੇ ਕਦਮ, ਬਹੁਤ ਤਿੱਖੀਆਂ ਜਮਾਤੀ ਵਿਰੋਧਤਾਈਆਂ, ਹਾਕਮ ਜਮਾਤੀ ਸੰਕਟ ਅਤੇ ਲੋਕਾਂ 'ਤੇ ਇਸ ਸੰਕਟ ਦਾ ਭਾਰ ਹੋਰ ਤੇਜੀ ਨਾਲ ਲੱਦਣ ਦੀ ਹਾਕਮ ਜਮਾਤੀ ਧੁੱਸ ਬਹੁਤ ਤੇਜੀ ਨਾਲ 'ਗੁਲ ਖਿਲਾਏਗੀ' ਅਤੇ ਛੇਤੀ ਤੋਂ ਪਹਿਲਾਂ ਨਵੀਂ ਸਰਕਾਰ ਦਾ ਲੁਟੇਰਾ ਅਤੇ ਜਾਬਰ ਚੇਹਰਾ ਉਹਨਾਂ ਲੋਕਾਂ ਸਾਹਮਣੇ ਵੀ ਨੰਗਾ ਹੋ ਜਾਵੇਗਾ, ਜਿਹਨਾਂ ਨੂੰ ਅਖੌਤੀ ਵਿਕਾਸ ਦੇ ਸ਼ੋਰ-ਗੁਲ ਤੋਂ ਕੁੱਝ ਭਰਮ ਹੋਇਆ ਹੋਵੇਗਾ। 
ਨਵੀਂ ਸਰਕਾਰ ਨੇ ਦਿਨਾਂ ਵਿੱਚ ਹੀ ਜੋ ਕਦਮ ਚੁੱਕੇ ਹਨ, ਉਹਨਾਂ ਵਿੱਚ: ਪ੍ਰਧਾਨ ਮੰਤਰੀ ਦਫਤਰ ਵੱਲੋਂ ਧਾਰਾ 370 ਖਾਰਜ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ। ਕਬਾਇਲੀ ਲੋਕਾਂ 'ਤੇ ਦਮਨ ਤੇਜ ਕਰਨ ਲਈ ਹੋਰ 12 ਬਟਾਲੀਅਨਾਂ (ਕੇਂਦਰੀ ਬਲ) ਅਤੇ ਦੋ ਜਹਾਜ਼ ਫੌਰੀ ਭੇਜਣ ਦਾ ਐਲਾਨ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਿੰਦੀ ਭਾਸ਼ਾ ਨੂੰ ਫੈਲਾਉਣ ਲਈ ਕਦਮਾਂ ਤੋਂ ਬਿਨਾ ਆਰਥਿਕ ਖੇਤਰ ਵਿੱਚ ਡੀਜ਼ਲ ਦੀ ਕੀਮਤ ਹਰ ਮਹੀਨੇ ਵਧਾਉਣਾ ਜਾਰੀ ਰੱਖਣ ਦਾ ਫੈਸਲਾ। ਡੀਜ਼ਲ ਸਬੰਧੀ ਫੈਸਲੇ ਦੀ ਤਰਜ਼ 'ਤੇ ਸਬਸਿਡੀਆਂ ਖਤਮ ਕਰਨ ਦੇ ਮਕਸਦ ਲਈ ਗੈਸ ਅਤੇ ਮਿੱਟੀ ਦੇ ਤੇਲ ਦੀ ਹਰ ਮਹੀਨੇ 5 ਰੁਪਏ ਅਤੇ 50 ਪੈਸੇ ਲੀਟਰ ਕੀਮਤ ਵਧਾਉਣ ਦਾ ਫੈਸਲਾ। ਰੇਲ ਭਾੜੇ ਵਿੱਚ 14.2% ਵਾਧੇ ਅਤੇ ਰੇਲ ਮਾਲ ਭਾੜੇ ਵਿੱਚ 6% ਵਾਧੇ ਦਾ ਫੈਸਲਾ ਸ਼ਾਮਲ ਹੈ।
ਇਹ ਸ਼ੁਰੂਆਤ ਹੈ। ਛੇਤੀ ਹੀ (ਮੱਧ ਜੁਲਾਈ ਤੱਕ) ਰੇਲ ਬਜਟ ਤੇ ਆਮ ਬਜਟ ਪਾਸ ਕੀਤੇ ਜਾਣੇ ਹਨ। ਜ਼ੋਰ ਸ਼ੋਰ ਨਾਲ ਤਜਵੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਡੇ ਸਰਮਾਏਦਾਰਾਂ ਨੂੰ ਗੱਫੇ ਅਤੇ ਲੋਕਾਂ ਦਾ ਕਚੂੰਬਰ ਕੱਢਣ ਵਾਲੇ ਫੈਸਲੇ ਲਏ ਜਾਣੇ ਹਨ।  (26-6-2014)

No comments:

Post a Comment