Saturday, July 5, 2014

ਸਾਥੀ ਸੁਨੀਤੀ ਕੁਮਾਰ ਘੋਸ਼ ਗੁਜ਼ਰ ਗਏ!


ਸਾਥੀ ਸੁਨੀਤੀ ਕੁਮਾਰ ਘੋਸ਼ ਗੁਜ਼ਰ ਗਏ!
(1918-2014)
ਸਾਥੀ ਸੁਨੀਤੀ ਕੁਮਾਰ ਘੋਸ਼ 11 ਮਈ 2014 ਨੂੰ ਗੁਜ਼ਰ ਗਏ। ਅਫਸੋਸ ਕਰਨ ਦੀ ਬਜਾਏ, ਇਹ ਵਕਤ ਇੱਕ ਅਮੀਰ ਅਤੇ ਅਰਥ-ਭਰਪੂਰ ਜ਼ਿੰਦਗੀ ਬਾਰੇ ਫਖ਼ਰ ਮਹਿਸੂਸ ਕਰਨ ਦਾ ਹੈ। ਸੁਨੀਤੀ ਕੁਮਾਰ ਘੋਸ਼ ਦੀ ਜ਼ਿੰਦਗੀ ਦੇ ਦੋ ਵੱਡੇ ਪੜਾਅ ਰਹੇ ਹਨ। ਪਹਿਲਾ ਪੜਾਅ ਰਾਜਨੀਤਕ ਸਰਗਰਮੀ ਦਾ ਸੀ ਅਤੇ ਦੂਜਾ ਪੜਾਅ ਇੱਕ ਖੋਜ ਅਤੇ ਲੇਖਣ ਦਾ ਸੀ। 
ਸੁਨੀਤੀ ਕੁਮਾਰ ਘੋਸ਼ 1946-47 ਵਿੱਚ ਤਿਭਾਗਾ ਦੇ ਇਨਕਲਾਬੀ ਕਿਸਾਨ ਘੋਲ ਨਾਲ ਜੁੜ ਗਏ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿੱਪ ਹਾਸਲ ਕੀਤੀ। ਪਰ 1956 ਵਿੱਚ ਸੋਵੀਅਤ ਯੂਨੀਅਨ ਦੀ 20ਵੀਂ ਕਾਂਗਰਸ ਵਿੱਚ ਸੋਧਵਾਦੀ ਖਰੁਸ਼ਚੋਵ ਜੁੰਡਲੀ ਦੇ ਭਾਰੂ ਹੋਣ 'ਤੇ ਉਹ ਪਾਰਟੀ ਤੋਂ ਵੱਖ ਹੋ ਗਏ। 1962 ਸਮੇਂ ਪਾਰਟੀ ਅੰਦਰ ਖਰੁਸ਼ਚੋਵ ਜੁੰਡੀ ਦੀ ਲਾਈਨ ਵਿਰੁੱਧ ਘੋਲ ਸਮੇਂ ਉਹ ਸਰਗਰਮ ਹੋ ਗਏ। ਪਰ ਸੀ.ਪੀ.ਆਈ.(ਐਮ.) ਦੀ ਲਾਈਨ ਦਾ ਵਿਰੋਧ ਕੀਤਾ। 1967 ਵਿੱਚ ਨਕਸਲਬਾੜੀ ਘੋਲ ਤੋਂ ਬਾਅਦ ਉਹਨਾਂ ਨੇ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਸਰਗਰਮ ਹਿੱਸਾ ਪਾਇਆ। ਉਹ ਕਮਿਊਨਿਸਟ ਇਨਕਲਾਬੀਆਂ ਦੀ ਕੁਲ ਹਿੰਦ ਤਾਲਮੇਲ ਕਮੇਟੀ (ਏ.ਆਈ.ਸੀ.ਸੀ.ਆਰ.) ਦੇ ਮੈਂਬਰ ਬਣੇ। ਕਾਮਰੇਡ ਚਾਰੂ ਮਾਜ਼ੂਮਦਾਰ ਦੀ ਅਗਵਾਈ ਵਿੱਚ ਸੀ.ਪੀ.ਆਈ.(ਐਮ.ਐਲ.) ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਰਹੇ। ਉਹਨਾਂ ਨੇ ਸੀ.ਪੀ.ਆਈ.(ਐਮ.ਐਲ.) ਦੇ ਕੇਂਦਰੀ ਪਰਚੇ 'ਲਿਬਰੇਸ਼ਨ' ਦੀ ਇਸਦੀ ਸ਼ੁਰੂਆਤ ਤੋਂ ਲੈ ਕੇ ਅਪ੍ਰੈਲ 1972 ਤੱਕ ਸੰਪਾਦਨਾ ਕੀਤੀ। ਬਾਅਦ ਵਿੱਚ ਉਹਨਾਂ 'ਲਿਬਰੇਸ਼ਨ' ਪਰਚੇ ਵਿੱਚੋਂ ਚੁਣਵੇਂ ਲੇਖਾਂ ਦੀ ਕਿਤਾਬ ਵੀ ਛਪਾਈ। ਅਗਲੇ ਦਹਾਕੇ ਤੱਕ ਉਹਨਾਂ ਜਥੇਬੰਦੀ ਵਿੱਚ ਪੂਰਾ ਭਾਗ ਲਿਆ। ਇਸ ਦਹਾਕੇ ਵਿੱਚ ਉਹਨਾਂ ਨੇ ਹੀ ਨਹੀਂ ਸਗੋਂ ਪਰਿਵਾਰ (ਪਤਨੀ ਅਸੀਮਾ ਅਤੇ ਦੋ ਪੁੱਤਰੀਆਂ) ਨੇ ਬਹੁਤ ਮੁਸ਼ਕਲਾਂ ਅਤੇ ਤਸ਼ੱਦਦ ਝੱਲਿਆ। ਉਹ ਆਪਣੇ ਸ਼ਹੀਦ ਹੋਏ ਸਾਥੀਆਂ ਨੂੰ ਕਦੇ ਵੀ ਨਹੀਂ ਭੁੱਲੇ, ਜਿਹਨਾਂ ਨੂੰ ਬਾਅਦ ਵਿੱਚ ਉਹਨਾਂ ਕਈ ਲਿਖਤਾਂ ਵੀ ਸਮਰਪਤ ਕੀਤੀਆਂ ਅਤੇ ਨਾ ਹੀ ਉਹ ''ਕਰਜ਼ਾ ਜਿਹੜਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ'' ਨੂੰ ਭੁੱਲੇ। ਅਤੇ ਉਹਨਾਂ ਆਪਣੇ ਸਾਥੀਆਂ ਨੂੰ ਹਮੇਸ਼ਾਂ ਯਾਦ ਰੱਖਿਆ, ਜਿਹਨਾਂ ਦੇ ਵਿਚਾਰਾਂ ਦੀ ਸਾਂਝ ਕਰਕੇ, ਬਹੁਤ ਖਤਰਾ ਲੈ ਕੇ, ਮੈਨੂੰ ਉਸ ਵਕਤ ਪਨਾਹ ਅਤੇ ਖਾਣਾ ਦਿੱਤਾ ਜਦੋਂ ਪਨਾਹ, ਖਾਣੇ ਨਾਲੋਂ ਵੀ ਵੱਧ ਕੀਮਤੀ ਸੀ।''
ਇਸ ਤੋਂ ਬਾਅਦ ਉਹਨਾਂ ਦਾ ਦੂਸਰਾ ਪੜਾਅ ਸ਼ੁਰੂ ਹੁੰਦਾ ਹੈ। ਉਹਨਾਂ ਸਾਬਤਕਦਮੀ ਨਾਲ ਅਤੇ ਸਿਲਸਿਲੇਵਾਰ ਕੰਮ ਕੀਤਾ, ਜਿਸ ਨਾਲ ਸਾਹਿਤ ਦਾ ਇੱਕ ਭਰਪੂਰ ਖਜ਼ਾਨਾ ਤਿਆਰ ਕੀਤਾ। ਉਹਨਾਂ ਹੇਠ ਲਿਖੀਆਂ ਪੁਸਤਕਾਂ ਰਚੀਆਂ। 
—''ਦੀ ਇੰਡੀਅਨ ਬਿੱਗ ਬੁਰਜੂਆਜੀ: ਇਟਸ ਜੇਨੇਸਿਸ, ਗਰੋਥ ਐਂਡ ਕਰੈਕਟਰ'' (1985, 2000 ਵਿੱਚ ਸੋਧਿਆ ਤੇ ਵੱਡਾ ਐਡੀਸ਼ਨ)
—''ਇੰਡੀਆ ਐਂਡ ਦਾ ਰਾਜ 1919-1947- ਗਲੋਰੀ, ਸ਼ੇਮ ਅਤੇ ਬੌਂਡੇਜ਼'' (ਭਾਗ ਪਹਿਲਾ, 1989, ਭਾਗ ਦੂਜਾ- ਰੁਪੇ 1995)
—''ਹਿਸਟੌਰਿਕ ਟਰਨਿੰਗ ਪੁਆਇੰਟ: ਏ ਲਿਬਰੇਸ਼ਨ ਐਨਥੌਲੋਜੀ'' (ਦੋ ਭਾਗ, 1992, 1993)
—''ਦੀ ਟਰੈਜਿਕ ਪਾਰਟੀਸ਼ਨ ਆਫ ਬੰਗਾਲ'' (2002)
—''ਨਕਸਲਬਾੜੀ-ਬੀਫੋਰ ਐਂਡ ਆਫਟਰ: ਯਾਦਾਂ ਅਤੇ ਪ੍ਰਾਪਤੀਆਂ'' (2009)
ਇਸ ਤੋਂ ਬਿਨਾ ਉਹਨਾਂ ਬਹੁਤ ਸਾਰੇ ਲੇਖ ਅਤੇ ਕਿਤਾਬਚੇ ਲਿਖੇ ਜਿਵੇਂ, ''ਡਿਵੈਲਪਮੈਂਟ-ਪਲੈਨਿੰਗ ਆਫ ਇੰਡੀਆ, ਲੰਪਨ ਡਿਵੈੱਲਪਮੈਂਟ ਅਤੇ ਸਾਮਰਾਜਵਾਦ'' (ਆਰ.ਯੂ.ਪੀ.ਈ. 1997, 2002, ਭਾਰਤੀ ਖੇਤੀਬਾੜੀ ਤੇ ਸਾਮਰਾਜਵਾਦ ਦੀ ਮਜਬੂਤ ਹੋ ਰਹੀ ਜਕੜ 1998, ''ਭਾਰਤ ਦਾ ਸੰਵਿਧਾਨ ਅਤੇ ਇਸਦਾ ਰੀਵਿਊ'', ਆਰ.ਯੂ.ਪੀ.ਈ. 2001, ''ਹਿਮਾਲੀਅਨ ਐਡਵੈਂਚਰ, ਇੰਡੀਆ-ਚੀਨ ਲੜਾਈ ਕਾਰਨ ਅਤੇ ਸਿੱਟੇ'' (ਆਰ.ਯੂ.ਪੀ.ਈ. 2002), ''ਭਾਰਤ ਦੀ ਕੌਮੀਅਤ ਸਮੱਸਿਆ ਅਤੇ ਹਾਕਮ ਜਮਾਤਾਂ'' (1996, ਆਰ.ਯੂ.ਪੀ.ਈ. 2013)
ਏਸ ਤੋਂ ਬਿਨਾ ਉਹਨਾਂ ਹੋਰ ਵੀ ਲੇਖ ਲਿਖੇ (ਜਿਹੜੇ ਛਪਣ ਵਾਲੀਆਂ ਕਿਤਾਬਾਂ ਦੇ ਹਿੱਸੇ ਸਨ) ਜਿਹੜੇ ਆਸਪੈਕਟ ਆਫ ਇੰਡੀਅਨ ਇਕਾਨਮੀ, ਬੁਲੇਟਿਨ ਆਫ ਕਨਸਰਨਡ ਏਸ਼ੀਅਨ ਸ਼ਕਾਲਰ, ਇਕਨਾਮਿਕ ਐਂਡ ਪੁਲੀਟੀਕਲ ਵੀਕਲੀ, ਫਰੰਟੀਅਰ, ਮੰਥਲੀ ਰੀਵਿਊ, ਅਤੇ ਵਿਸ਼ਵ ਭਾਰਤੀ ਆਦਿ ਵਿੱਚ ਛਪਦੇ ਰਹੇ। ਇਹਨਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਲੇਖ ''ਮਾਰਕਸ-ਇੰਡੀਆ ਬਾਰੇ'' ਜਿਹੜਾ ਬਾਅਦ ਵਿੱਚ ਇੰਡੀਅਨ ਬਿੱਗ ਬੁਰਜੂਆਜੀ ਕਿਤਾਬ ਵਿੱਚ ਵੀ ਸ਼ਾਮਲ ਕੀਤਾ। ਉਹਨਾਂ ਨੇ 92 ਸਾਲ ਦੀ ਉਮਰ ਤੱਕ ਲਿਖਣਾ ਜਾਰੀ ਰੱਖਿਆ, ਜਦ ਤੱਕ ਸਰੀਰ ਕੰਮ ਕਰਨ ਤੋਂ ਜਵਾਬ ਨਹੀਂ ਦੇ ਗਿਆ। 
ਅਸਲ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਦੋਵੇਂ ਪੜਾਅ ਇੱਕੋ ਚੀਜ਼ ਸਨ। ਜ਼ਿੰਦਗੀ ਦੇ ਦੂਜੇ ਹਿੱਸੇ ਵਿੱਚ ਉਹਨਾਂ ਜਿਹੜੀ ਮਿਹਨਤ ਕੀਤੀ ਅਸਲ ਵਿੱਚ ਉਹ ਪਹਿਲੇ ਪੜਾਅ ਨੂੰ ਪ੍ਰਫੁੱਲਤ ਕਰਨ ਲਈ ਹੀ ਸਮਰਪਤ ਕੀਤੀ ਸੀ। ਹੁਣ ਜਦੋਂ ਉਹ ਸਰੀਰਕ ਤੌਰ 'ਤੇ ਸਿੱਧਾ ਹਿੱਸਾ ਨਹੀਂ ਲੈ ਸਕਦੇ ਸੀ ਤਾਂ ਉਹਨਾਂ ਕਮਿਊਨਿਸਟ ਲਹਿਰ ਦੇ ਉਸ ਕੰਮ ਨੂੰ ਹੱਥ ਪਾਇਆ ਜਿਹੜਾ ਕਿ ਜ਼ਿਆਦਾਤਰ ਨਜ਼ਰਅੰਦਾਜ਼ ਹੀ ਰਿਹਾ। ਇਹ ਕੰਮ ਫਿਰ ਉਹਨਾਂ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਦੀ ਇਸ ਕੰਮ 'ਤੇ ਡਿਊਟੀ ਲੱਗੀ ਹੋਵੇ। ਇਹਨਾਂ ਵਿੱਚ ਖਾਸ ਕਰਕੇ- ਭਾਰਤੀ ਹਾਕਮ ਜਮਾਤਾਂ ਦਾ ਖਾਸਾ, ਮੌਜੂਦਾ ਭਾਰਤ ਦੀ ਇਤਿਹਾਸਕ ਤਬਦੀਲੀ ਅਤੇ ਰਾਜਨੀਤਕ ਅਰਥਚਾਰੇ ਦਾ ਖਾਸਾ, ਭਾਰਤੀ ਸਮਾਜ ਨੂੰ ਬਦਲਣ ਲਈ ਭਾਰਤੀ ਲੋਕਾਂ ਦੀ ਇਨਕਲਾਬੀ ਘੋਲਾਂ ਬਾਰੇ, ਅਤੇ ਇਹਨਾਂ ਦੀ ਇਨਕਲਾਬੀ ਲੀਡਰਸ਼ਿੱਪ ਬਾਰੇ,  ਆਦਿ। ਇਹ ਸਭ ਇੱਕ ਸਮਝ ਨੂੰ ਵਿਕਸਤਿ ਕਰਨ ਲਈ, ਸਮਝਣ ਲਈ ਲਿਖੇ ਕਿ ਕਿਉਂ ਇਨਕਲਾਬੀ ਤਾਕਤਾਂ ਦੇ ਵੱਡੇ ਘੋਲਾਂ ਦੇ ਬਾਵਜੂਦ ਵੀ ਹੁਣ ਦੇਸ਼ ਦੇ ਲੋਕ ਮਾੜੀ ਹਾਲਤ 'ਚੋਂ ਗੁਜਰ ਰਹੇ ਹਨ। ਅਤੇ ਇਹ ਸਿਰਫ ਸੰਸਾਰ ਨੂੰ ਸਮਝਣ ਦੇ ਹੀ ਨਹੀਂ ਸਗੋਂ ਬਦਲਣ ਦੇ ਨਜ਼ਰੀਏ ਤੋਂ ਲਿਖਿਆ। 
ਉਹਨਾਂ ਆਪਣੀ ਕਿਤਾਬ ''ਇੰਡੀਆ ਐਂਡ ਦਾ ਰਾਜ'' ਦੇ ਦੂਜੇ ਐਡੀਸ਼ਨ ਦੇ ਮੁੱਖ-ਬੰਧ ਵਿੱਚ ਲਿਖਿਆ ''ਕਿਤਾਬ ਦੇ ਪਹਿਲੇ ਭਾਗ ਦਾ ਰੀਵਿਊ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਇਤਿਹਾਸ ਦੇ ਇੱਕ ਪ੍ਰੋਫੈਸਰ ਨੇ ਮੈਨੂੰ ''ਇੱਕ ਅਣਟਰੇਂਡ ਇਤਿਹਾਸਕਾਰ'' ਕਿਹਾ ਪਰ ਮੈਨੂੰ ਉਸਦਾ ਅਫਸੋਸ ਨਹੀਂ ਕਿਉਂਕਿ ਜੇਕਰ ਮੈਂ ''ਟਰੇਂਡ ਇਤਿਹਾਸਕਾਰ'' ਹੁੰਦਾ ਤਾਂ ਮੈਂ ਵੀ ਉਸ ਵਰਗਾ ਹੀ ਹੋਣਾ ਸੀ।'' ਜੀਨ ਚੈਸਨਾਖ਼ (ਫਰਾਂਸੀਸੀ ਇਤਿਹਾਸਕਾਰ) ਵਾਂਗ ਮੇਰਾ ਵੀ ਮੰਨਣਾ ਹੈ ਕਿ ਇਤਿਹਾਸ ਅਤੇ ਇਤਿਹਾਸਕਾਰ  ਜਮਾਤੀ ਸੰਘਰਸ਼ ਤੋਂ ਉੱਪਰ ਨਹੀਂ ਹੁੰਦੇ। ਜਿਵੇਂ ਕਿ ਸਾਡੀ ਬੀਤੇ ਬਾਰੇ ਜਾਣਕਾਰੀ ਸਮਾਜ ਦੀ ਤਬਦੀਲੀ ਲਈ ਇੱਕ ਬਹੁਤ ਵੱਡਾ  ਫੈਕਟਰ ਹੈ, ਅੱਜ ਰਾਜਨੀਤਕ ਅਤੇ ਵਿਚਾਰਧਾਰਕ ਸੰਘਰਸ਼ਾਂ ਦੀ ਇੱਕ ਵੱਡੀ ਟੇਕ ਹੈ, ਇੱਕ ਤਿੱਖੀ ਜ਼ੋਰ ਅਜ਼ਮਾਈ ਦਾ ਖੇਤਰ ਹੈ। ਜੋ ਅਸੀਂ ਬੀਤੇ ਬਾਰੇ ਜਾਣਦੇ ਹਾਂ, ਉਹ ਸਥਾਪਤੀ ਜਾਂ ਲੋਕਾਂ ਦੀ ਲਹਿਰ ਦੇ ਬਹੁਤ ਕੰਮ ਆ ਸਕਦਾ ਹੈ। ਜਮਾਤੀ  ਸਮਾਜ ਵਿੱਚ ਇਤਿਹਾਸ ਆਪਣੀ ਸੱਤਾ ਕਾਇਮ ਰੱਖਣ ਲਈ ਹਾਕਮ ਜਮਾਤ ਦੇ ਹੱਥ ਵਿੱਚ ਇੱਕ ਬਹੁਤ ਵੱਡਾ ਹਥਿਆਰ ਹੈ। ਇਸ ਨੂੰ ਹਾਕਮ ਜਮਾਤਾਂ ਤਾਕਤ ਬਣਾਈ ਰੱਖਣ ਲਈ ਵਰਤਦੀਆਂ ਹਨ। ਰਾਜਸੀ ਪ੍ਰਬੰਧ ਇਤਿਹਾਸ ਨੂੰ ਰਾਜਨੀਤਕ ਐਕਸ਼ਨ ਅਤੇ ਵਿਚਾਰਧਾਰਾ ਦੀ ਪੱਧਰ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ।'' ਇਸ ਲਈ, ''ਸਰਕਾਰੀ ਇਤਿਹਾਸ ਦੀ ਪ੍ਰੋੜ੍ਹਤਾ ਨੂੰ ਅਸਲ ਵਿੱਚ ਲੋਕਾਂ ਦੇ ਸੰਘਰਸ਼ਾਂ ਤੋਂ ਮੂੰਹ ਮੋੜਨ ਵਾਂਗ ਹੀ ਸਮਝਣਾ ਚਾਹੀਦਾ ਹੈ।''
ਪਰ ਇਸਦਾ ਇਹ ਮਤਲਬ ਬਿਲਕੁੱਲ ਨਹੀਂ ਸੀ ਕਿ ਉਹ ਆਪਣੇ ਵਿਚਾਰਾਂ ਨੂੰ ਠੀਕ ਸਿੱਧ ਕਰਨ ਲਈ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਜਾਂ ਪਰਦਾ ਪਾਉਂਦੇ ਸਨ। ਨਕਸਲਬਾੜੀ ਲਹਿਰ ਦੀਆਂ ਯਾਦਾਂ ਲਿਖਦੇ ਹੋਏ ਉਹਨਾਂ ਕਿਹਾ, ''ਸਾਡੀ ਲਹਿਰ ਦੇ ਆਗੂਆਂ ਦੀ ਯਾਦ ਅਤੇ ਇੱਜਤ ਕਿਸੇ ਪੜਚੋਲ ਤੋਂ ਬਿਨਾ ਸੰਭਵ ਨਹੀਂ। ਸਾਨੂੰ ਉਹਨਾਂ ਦੀਆਂ ਗਲਤ ਨੀਤੀਆਂ, ਕਾਰਵਾਈਆਂ, ਘਾਟਾਂ ਨੂੰ ਢਕਣਾ ਨਹੀਂ ਚਾਹੀਦਾ ਸਗੋਂ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ, ਬਿਨਾ ਕਿਸੇ ਦਾ ਲਿਹਾਜ਼ ਕੀਤਿਆਂ। ਆਪਣੇ ਲੀਡਰਾਂ ਦੀ ਪੜਚੋਲ ਕਰਦੇ ਵਕਤ ਅਸਲ ਵਿੱਚ ਅਸੀਂ ਆਪਣੀ ਆਪਾ-ਪੜਚੋਲ ਹੀ ਕਰ ਰਹੇ ਹੁੰਦੇ ਹਾਂ।'' ਉਸੇ ਵਕਤ ਪੜਚੋਲ ਕਰਦੇ ਹੋਏ, ਉਹ ਪੜਚੋਲ ਦੇ ਬੁਨਿਆਦੀ ਹਾਂ-ਪੱਖ ਅਤੇ ਗੈਰ-ਬੁਨਿਆਦੀ ਨਾਂਹ-ਪੱਖ ਵਿੱਚ ਹਮੇਸ਼ਾਂ ਫਰਕ ਰੱਖਦੇ ਸਨ। 
ਸੁਨੀਤੀ ਕੁਮਾਰ ਘੋਸ਼ ਦੀ ਇਨਕਲਾਬੀ ਕੰਮ ਬਾਰੇ ਪ੍ਰਤੀਬੱਧਤਾ ਨੂੰ ਇਨਕਲਾਬੀ ਕੰਮ ਕਰਦੇ ਕਾਰਕੁੰਨਾਂ ਨੇ ਬਹੁਤ ਸਲਾਹਿਆ ਅਤੇ ਉਹ ਹਮੇਸ਼ਾਂ ਉਹਨਾਂ ਦੇ ਨਵੇਂ ਲੇਖਾਂ ਦੀ ਬੇਸਬਰੀ ਨਾਲ ਉਡੀਕ ਕਰਦੇ। ਸਿੱਟੇ ਵਜੋਂ ਉਹਨਾਂ ਦੇ ਸਾਰੇ ਪ੍ਰਕਾਸ਼ਨ ਹਮੇਸ਼ਾਂ ਖਤਮ ਹੋ ਜਾਂਦੇ ਅਤੇ ਕਈ ਕਈ ਵਾਰ ਦੁਬਾਰਾ ਪ੍ਰਕਾਸ਼ਤ ਹੁੰਦੇ। ਉਹਨਾਂ ਦੀਆਂ ਲਿਖਤਾਂ ਦੇ ਅਨੁਵਾਦ ਹਿੰਦੀ, ਮਲਿਆਲਮ ਅਤੇ ਤੇਲਗੂ ਵਿੱਚ ਵੀ ਛਪੇ। 
ਅਸੀਂ ਆਰ.ਯੂ.ਪੀ.ਈ. ਵੱਲੋਂ ਉਹਨਾਂ ਨਾਲ 1988 ਤੋਂ ਤਾਲਮੇਲ ਵਿੱਚ ਸੀ, ਜਦੋਂ ਇੱਕ ਲਿਖਤ ਉਹਨਾਂ ਨੂੰ ਰੀਵਿਊ ਕਰਨ ਲਈ ਦਿੱਤੀ। ਇਸਦਾ ਉਹਨਾਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਬਹੁਤ ਸੁਝਾਅ ਵੀ ਦਿੱਤੇ। ਇਸ ਤੋਂ ਬਾਅਦ ਸਾਡਾ ਬਹੁਤ ਵਧੀਆ ਰਿਸ਼ਤਾ ਰਿਹਾ। ਅਸੀਂ ਸਿਰਫ ਉਹਨਾਂ ਦੇ ਲੇਖ ਨਹੀਂ ਛਾਪੇ ਸਗੋਂ ਉਹਨਾਂ ਨਾਲ ਵਾਰਤਾਲਾਪ ਨੇ ਸਾਡੀ ਸਮਝ ਨੂੰ ਵਧਾਇਆ। ਭਾਵੇਂ ਉਹ ਆਪਣੀ ਭਾਸ਼ਾ ਬਹੁਤ ਧਿਆਨ ਅਤੇ ਇੱਜਤ ਨਾਲ ਬੋਲਦੇ ਸਨ, ਪਰ ਜਦੋਂ ਉਹ ਸਹਿਮਤ ਨਹੀਂ ਹੁੰਦੇ ਸਨ ਤਾਂ ਬਹੁਤ ਠਰੰ੍ਹਮੇ ਨਾਲ ਆਪਣੀਆਂ ਦਲੀਲਾਂ ਦੱਸਦੇ। 
ਆਪਣੇ ਆਖਰੀ ਸਮੇਂ ਵਿੱਚ ਆਪਣੀ ਬੇਟੀ ਦੀ ਮੌਤ ਦਾ ਗ਼ਮ ਅਤੇ ਆਪਣੇ ਅਸਹਿ ਪਿੱਠ ਦਾ ਦਰਦ ਉਹਨਾਂ ਲਈ ਐਨਾ ਔਖਾ ਨਹੀਂ ਸੀ ਜਿੰਨਾ ਕਿ ਜਿਵੇਂ ਉਹਨਾਂ ਕਿਹਾ ਕਿ ''ਜਦੋਂ ਕੋਈ ਕੰਮ ਹੀ ਨਹੀਂ ਕਰ ਸਕਦੇ ਤਾਂ ਅਜਿਹੀ ਜ਼ਿੰਦਗੀ ਜੀਉਣ ਦਾ ਕੀ ਫਾਇਦਾ।'' ਬੀਤੇ ਚਾਰ ਸਾਲਾਂ ਤੋਂ ਉਹਨਾਂ ਦਾ ਸਰੀਰ ਕੰਮ ਕਰਨੋਂ ਬਿਲਕੁੱਲ ਰਹਿ ਗਿਆ ਸੀ। ਆਪਣੇ ਪਿੱਛੇ ਉਹ ਆਪਣਾ ਕੰਮ (ਇਨਕਲਾਬੀ ਰਾਜਨੀਤਕ ਸਰਗਰਮੀ ਅਤੇ ਖੋਜੀ ਲਿਖਤਾਂ ਛੱਡ ਕੇ ਗਏ ਹਨ, ਜਿਹੜਾ ਉਹਨਾਂ ਦਾ ਇਕੱਲਿਆਂ ਦਾ ਨਹੀਂ ਸਾਡਾ ਸਭ ਦਾ ਸਰਮਾਇਆ ਹੈ। 
ਰਿਸਰਚ ਯੂਨਿਟ ਫਾਰ ਪੁਲੀਟੀਕਲ ਇਕਾਨਮੀ (ਆਰ.ਯੂ.ਪੀ.ਈ.) ਦੀ ਲਿਖਤ 'ਤੇ ਆਧਾਰਤ

No comments:

Post a Comment