Tuesday, July 8, 2014

ਨਿਧਾਨ ਸਿੰਘ ਘੁਡਾਣੀ ਕਲਾਂ


23 ਜੂਨ ਨੂੰ ਬਰਸੀ 'ਤੇ:

ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ: ਇਨਕਲਾਬੀ ਆਸ਼ਾਵਾਦ ਦੀ ਬਲ਼ਦੀ ਮਸ਼ਾਲ
ਕਮਿਊਨਿਸਟ ਪਾਰਟੀ ਦੀ ਅਗਵਾਈ ਤੋਂ ਬਿਨਾ ਕੋਈ ਇਨਕਲਾਬੀ ਲਹਿਰ ਨਹੀਂ ਹੋ ਸਕਦੀ ਤੇ ਇਨਕਲਾਬੀ ਲਹਿਰ ਤੋਂ ਬਿਨਾ ਇਨਕਲਾਬ ਨਹੀਂ ਹੋ ਸਕਦਾ¸ ਵਾਲੀ ਧਾਰਨਾ ਕਾਮਰੇਡ ਨਿਧਾਨ ਸਿੰਘ ਦੇ ਧੁਰ ਮਨ ਵਿਚ ਘਰ ਕਰ ਗਈ ਸੀ। ਜਦੋਂ ਤੋਂ ਉਸਨੇ ਹੱਡੀਂ ਹੰਢਾਏ ਤਜ਼ਰਬੇ ਵਿਚ ਪੈ ਕੇ ਭੁੱਖ-ਦੁੱਖ, ਗਰੀਬੀ, ਕੰਗਾਲੀ, ਮੰਦਹਾਲੀ, ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਲੁੱਟ-ਮਾਰ, ਕਤਲੋਗਾਰਦ 'ਤੇ ਆਧਾਰਤ ਸਮਾਜ ਵਿਚ ਬੁਨਿਆਦੀ ਤਬਦੀਲੀ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਤਾਂ ਉਸ ਲਈ ਇਨਕਲਾਬ ਦਾ ਸਵਾਲ ਪ੍ਰਮੁੱਖ ਬਣਿਆ ਹੋਇਆ ਸੀ। ਇਨਕਲਾਬ ਬਾਰੇ ਕਾਮਰੇਡ ਮਾਓ ਦੀ ਸਮਝ ਅਨੁਸਾਰ ਤਿੰਨ ਜਾਦੂਮਈ ਹਥਿਆਰਾਂ ਵਿਚ ਪਾਰਟੀ ਉਸਾਰੀ ਦੇ ਸਵਾਲ ਨੂੰ ਸਭ ਤੋਂ ਵੱਧ ਮਹੱਤਤਾ ਵਾਲੀ ਗੱਲ ਨੂੰ ਉਸਨੇ ਚੰਗੀ ਤਰ੍ਹਾਂ ਪੱਲੇ ਬੰਨ੍ਹਿਆ ਹੋਇਆ ਸੀ। ਜਿਥੇ ਸੀ.ਪੀ.ਆਈ. ਤੇ ਸੀ.ਪੀ.ਐਮ. ਵਿਚ ਕੰਮ ਕਰਦੇ ਸਮੇਂ ਉਸ ਨੇ ਪਾਰਟੀ ਦੇ ਹਰ ਫੈਸਲੇ ਨੂੰ ਨੇਪਰੇ ਚਾੜ੍ਹਨ ਲਈ ਤਾਣ ਲਾਇਆ ਉਥੇ ਨਕਸਲਬਾੜੀ ਲਹਿਰ ਦੇ ਉਠਾਣ ਸਮੇਂ ਉਸਦੀ ਪ੍ਰਤਿੱਭਾ ਵਿਚ ਹੋਰ ਨਿਖਾਰ ਆਇਆ। ਪਾਰਟੀ ਦੀ ਲੀਡਰਸ਼ਿੱਪ ਨੇ ਉਸ ਦੀ ਪਹਿਲਕਦਮੀ ਤੇ ਸਮਰੱਥਾ ਨੂੰ ਖਿੜਨ ਦਾ ਮੌਕਾ ਦਿੱਤਾ। ਉਸਨੇ ਸਮੇਂ ਦੀਆਂ ਲੋੜਾਂ ਵਿਚੋਂ ਲਹਿਰ ਦੀ ਉਸਾਰੀ ਲਈ 1970 ਵਿਚ ਕੁੱਲਵਕਤੀ ਤੁਰਨ ਦਾ ਫੈਸਲਾ ਕੀਤਾ। ਉਸ ਸਮੇਂ ਪਾਰਟੀ ਦੀ ਸਕੀਮ ਤਹਿਤ ਉਹ ਪਠਾਣਕੋਟ ਤੋਂ ਉਪਰ ਪਹਾੜੀ ਖੇਤਰ ਵਿਚ ਤਾਇਨਾਤ ਕੀਤੇ ਗਏ। 
.....ਬੇਸ਼ੱਕ ਉਹ ਸਿਰਫ ਪੰਜਾਬੀ ਭਾਸ਼ਾ ਹੀ ਪੜ੍ਹ-ਲਿਖ ਸਕਦਾ ਸੀ, ਪਰ ਪੰਜਾਬੀ ਵਿਚ ਜੋ ਵੀ ਇਨਕਲਾਬੀ ਸਾਹਿਤ ਉਹਨਾਂ ਦੇ ਹੱਥ ਲੱਗਦਾ, ਉਹ ਬੇਹੱਦ ਦਿਲਚਸਪੀ ਨਾਲ ਪੜ੍ਹਦਾ, ਵਿਚਾਰਦਾ ਅਤੇ ਹੋਰਨਾਂ ਨਾਲ ਵਿਚਾਰ ਵਟਾਂਦਰਾ ਕਰਦਾ। ਇਸ ਤਰ੍ਹਾਂ ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਸ ਅੰਦਰ ਵੱਧ ਤੋਂ ਵੱਧ ਪੜ੍ਹਨ ਦੀ ਲਗਨ ਵਧਦੀ ਗਈ।........  ਕਾਮਰੇਡ ਨਿਧਾਨ ਸਿੰਘ ਨੇ ਸਿਆਸੀ-ਸਿਧਾਂਤਕ ਸੁਆਲਾਂ 'ਤੇ ਕਦੇ ਛੋਟ ਨਹੀਂ ਸੀ ਦਿੱਤੀ। ਜਦੋਂ ਨਕਸਲਬਾੜੀ ਲਹਿਰ ਦੀ ਉਠਾਣ ਮਗਰੋਂ ਪਾਰਟੀ ਵਿਚ ਖੱਬੀ ਮਾਰਕੇਬਾਜ਼ ਲੀਹ ਭਾਰੂ ਹੋ ਗਈ, ਵਿਅਕਤੀਗਤ ਸਫਾਏ ਦੀ ਨੀਤੀ ਲਾਗੂ ਹੋਈ, ਜਨਤਕ ਜਥੇਬੰਦੀਆਂ ਨੂੰ ਤੋੜ ਦਿੱਤਾ ਜਾਣ ਲੱਗਾ ਤਾਂ ਇਹ ਕਾ. ਚਾਰੂ ਦੀ ਅਗਵਾਈ ਵਿਚ ਚੱਲੀ ਲੀਹ ਨੂੰ ਗਲਤ ਮੰਨਦੇ ਸਨ। ਉਹ ਕਿਹਾ ਕਰਦੇ ਸਨ .......ਕੰਮ-ਢੰਗ ਵਿਚ ਨੁਕਸ ਹੋਣਾ ਹੋਰ ਗੱਲ ਹੈ, ਕਮਿਊਨਿਸਟ ਆਗੂ ਹੋਣਾ ਕਿਤੇ ਵੱਡੀ ਗੱਲ ਹੈ।
 ਘੱਟ-ਪੜ੍ਹੇ ਲਿਖੇ ਹੋਣ ਕਰਕੇ ਕਾਮਰੇਡ ਨਿਧਾਨ ਸਿੰਘ ਦੀ ਸਮਰੱਥਾ ਅਤੇ ਯੋਗਤਾ ਭਾਵੇਂ ਪਾਰਟੀ ਆਰਗੇਨਾਈਜ਼ਰਾਂ ਜਾਂ ਸਿਧਾਂਤਕ ਵਿਆਖਿਆਕਾਰ ਵਾਲੀ ਤਾਂ ਨਹੀਂ ਸੀ ਪਰ ਪਾਰਟੀ ਦੇ ਇੱਕ ਮੈਂਬਰ ਵਜੋਂ ਉਹਨਾਂ ਦੀ ਯੋਗਤਾ ਕਮਾਲ ਦੀ ਸੀ। ਕਮਿਊਨਿਸਟਾਂ ਵਿਚ ਇਨਕਲਾਬੀ ਕਾਜ਼ ਲਈ ਜਿਸ ਮਾਨਸਿਕ ਤਿਆਰੀ ਅਤੇ ਇਨਕਲਾਬੀ ਤਤਪਰਤਾ ਦੀ ਲੋੜ ਹੁੰਦੀ ਹੈ, ਉਸ ਉਪਰ ਉਹ ਖਰੇ ਉਤਰਦੇ। 
ਇਨਕਲਾਬੀ ਆਸ਼ਾਵਾਦ ਦੀ ਲਟ ਲਟ ਬਲਦੀ ਮਿਸਾਲ ਸੀ ਨਿਧਾਨ ਸਿੰਘ। ਜਦੋਂ ਨਕਸਲਬਾੜੀ ਲਹਿਰ 'ਤੇ ਵੱਡੀ ਸੱਟ ਪੈ ਗਈ ਤਾਂ ਕਿਸੇ ਕਾਮਰੇਡ ਨੇ ਨਿਰਾਸ਼ਾ ਵਿਚ ਆ ਕੇ ਇਨ੍ਹਾਂ ਨੂੰ ਕਿਹਾ ਕਿ ''ਮੁੰਡਿਆਂ ਵਿਚ ਜੋਸ਼ ਹੀ ਜ਼ਿਆਦਾ ਸੀ ਤਾਂ ਲਹਿਰ ਮਾਤ ਖਾ ਗਈ'', ਇਹਨਾਂ ਨੇ ਜਵਾਬ ਦਿੱਤਾ ਕਿ ''ਇਉਂ ਨਹੀਂ ਦੇਖਣਾ ਚਾਹੀਦਾ ਬਲਕਿ ਇਹ ਦੇਖਣਾ ਚਾਹੀਦਾ ਹੈ ਕਿ ਜੇ ਹਾਲੇ ਜੋਸ਼ ਨੇ ਹੀ ਦੁਸ਼ਮਣਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਹਨ ਤਾਂ ਉਦੋਂ ਕੀ ਹੋਊ ਜਦੋਂ ਹੋਸ਼ ਵੀ ਐਨੀ ਹੀ ਆ ਗਈ।'' ਇਸੇ ਤਰ੍ਹਾਂ ਇੱਕ ਵਾਰ ਇੱਕ ਹੋਰ ਸਾਥੀ ਨੇ ਖਾਲਿਸਤਾਨੀ ਦੌਰ ਵਿਚ ਇਨ੍ਹਾਂ ਕੋਲ ਸਵਾਲ ਰੱਖਿਆ ਕਿ ''ਡੈਡੀ ਆਪਣਾ ਕੰਮ ਤਾਂ ਖੜ੍ਹ ਜਿਹਾ ਹੀ ਗਿਆ ਹੈ।'' ਤਾਂ ਕਾਮਰੇਡ ਨੇ ਆਪਣੀ ਦੂਰ-ਦ੍ਰਿਸ਼ਟੀ ਤੋਂ ਕੰਮ ਲੈਂਦੇ ਆਖਿਆ ਕਿ ''ਕੰਮ ਖੜ੍ਹਾ ਤਾਂ ਹੈ, ਖੁਰਿਆ-ਖਿੰਡਿਆ ਤਾਂ ਨਹੀਂ, ਜੇ ਖੜ੍ਹਾ ਹੈ ਤਾਂ ਤੁਰ ਵੀ ਪਊਗਾ।'' 
.......ਕਮਿਊਨਿਸਟ ਇਨਕਲਾਬੀ ਧਿਰਾਂ ਵਿਚ ਮੁਢਲੇ ਰੂਪ ਵਿਚ ਚੱਲ ਰਹੇ ਏਕਤਾ ਅਮਲ ਤੋਂ ਕਾਮਰੇਡ ਨਿਧਾਨ ਸਿੰਘ ਕਾਫੀ ਆਸ਼ਾਵਾਦੀ ਸਨ। ਉਹ ਅਸੂਲੀ ਅਤੇ ਅਮਲੀ ਏਕਤਾ ਦੇ ਪੱਖ ਵਿਚ ਸਨ। ਇਸ ਬਾਰੇ ਸ਼ਿੱਦਤ ਨਾਲ ਸੋਚਦੇ-ਵਿਚਾਰਦੇ ਵੀ ਰਹਿੰਦੇ। ਇਸ ਤੋਂ ਪਹਿਲਾਂ ਕਿ ਕਮਿਊਨਿਸਟ ਇਨਕਲਾਬੀਆਂ ਵਿਚਕਾਰ ਏਕਤਾ ਦਾ ਅਮਲ ਸਿਰੇ ਚੜ੍ਹਦਾ ਖਾਲਿਸਤਾਨੀ ਦਰਿੰਦਿਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। 
(ਸੁਰਖ਼ ਰੇਖਾ,  ਜੁਲਾਈ  2001  'ਚ ਛਪੀ ਲੰਮੀ ਲਿਖਤ ਦੇ ਕੁੱਝ ਅੰਸ਼)

No comments:

Post a Comment