Tuesday, July 8, 2014

ਸੰਸਾਰ ਭਰ 'ਚ ਮਨਾਏ ਗਏ ਮਈ ਦਿਵਸ ਦੇ ਸੰਗਰਾਮੀ ਜਸ਼ਨ


ਸਰਮਾਏ ਖਿਲਾਫ ਜੰਗ ਵਿੱਚ ਕਿਰਤੀਆਂ ਦਾ ਕੌਮਾਂਤਰੀ ਕਦਮਤਾਲ:
ਸੰਸਾਰ ਭਰ 'ਚ ਮਨਾਏ ਗਏ ਮਈ ਦਿਵਸ ਦੇ ਸੰਗਰਾਮੀ ਜਸ਼ਨ
-ਸੁਦੀਪ
2014 ਦੇ ਮਈ ਦਿਹਾੜੇ 'ਤੇ ਸੰਸਾਰ ਭਰ ਵਿੱਚ ਲੱਖਾਂ-ਕਰੋੜਾਂ ਕਿਰਤੀ ਮਰਦ-ਔਰਤਾਂ ਤੇ ਬੱਚੇ ਲਾਲ ਝੰਡੇ ਫੜ ਕੇ ਸੜਕਾਂ 'ਤੇ ਨਿੱਤਰੇ। ਯੂਰਪ, ਏਸ਼ੀਆ, ਅਮਰੀਕਾ, ਅਫਰੀਕਾ, ਆਸਟਰੇਲੀਆ- ਗੱਲ ਕੀ ਸੰਸਾਰ ਦਾ ਕੋਈ ਕੋਨਾ ਅਜਿਹਾ ਨਹੀਂ, ਜਿੱਥੇ ਕਿਰਤੀਆਂ ਨੇ ਮਈ ਪ੍ਰਦਰਸ਼ਨ ਨਾ ਕੀਤੇ ਹੋਣ। ਗਲੀਆਂ ਮੁਹੱਲਿਆਂ, ਫੈਕਟਰੀਆਂ, ਬਸਤੀਆਂ ਤੇ ਛੋਟੇ ਪਿੰਡਾਂ-ਸ਼ਹਿਰਾਂ ਵਿੱਚ ਸਥਾਨਕ ਪੱਧਰੇ ਪ੍ਰਦਰਸ਼ਨ ਬਹੁਤ ਵਿਆਪਕ ਪੱਧਰ 'ਤੇ ਹੋਏ ਹਨ, ਜਿਹਨਾਂ ਦੀਆਂ ਵੀਡੀਓ ਅਤੇ ਫੋਟੋਆਂ, ਗੈਰ-ਰਸਮੀ ਟਿੱਪਣੀਆਂ ਤੇ ਰਿਪੋਰਟਾਂ ਦਾ ਸੋਸ਼ਲ ਮੀਡੀਆ 'ਤੇ ਹੜ੍ਹ ਆਇਆ ਪਿਆ ਹੈ। ਪਰ, ਹਜ਼ਾਰਾਂ ਦੀ ਤਦਾਦ ਵਾਲੇ ਪ੍ਰਦਰਸ਼ਨਾਂ ਦੀ ਗਿਣਤੀ ਵੀ ਬਹੁਤ ਹੈ, ਜਿਹਨਾਂ ਨੂੰ ਅਣਗੌਲਿਆਂ ਕਰਨਾ ਸਾਮਰਾਜੀ ਪ੍ਰੈਸ ਵਾਸਤੇ ਵੀ ਮੁਮਕਿਨ ਨਹੀਂ ਹੋ ਸਕਿਆ। ਸਾਮਰਾਜੀ ਮੀਡੀਆ ਨੂੰ ਵੀ ਇਹ ਵੀ ਪ੍ਰਵਾਨ ਕਰਨਾ ਪਿਆ ਕਿ ਮਈ ਦਿਵਸ ਪ੍ਰਦਰਸ਼ਨ- ਸੰਸਾਰੀਕਰਨ, ਨਿੱਜੀਕਰਨ, ਸਮਾਜਿਕ ਸੁਰੱਖਿਆ ਦੇ ਬੰਦੋਬਸਤ ਛਾਂਗਣ ਤੇ ਕਿਰਤੀ ਹੱਕਾਂ 'ਤੇ ਹਮਲਿਆਂ ਦੀਆਂ ਨੀਤੀਆਂ ਖਿਲਾਫ ਸੰਸਾਰ ਭਰ ਦੇ ਕਿਰਤੀਆਂ ਵੱਲੋਂ ਇੱਕਮੁੱਠ ਰੋਸ ਜਤਲਾਈ ਦਾ ਸੰਦੇਸ਼ ਹੋ ਨਿੱਬੜੇ ਹਨ। 
ਜਿੱਥੇ ਕਿਰਤੀਆਂ ਨੇ ਇਸ ਮੌਕੇ ਆਪਣੀ ਨਿਆਰੀ ਸਿਆਸੀ ਹਸਤੀ ਦਾ ਪ੍ਰਗਟਾਵਾ ਕੀਤਾ, ਸਮਾਜਵਾਦੀ ਉਦੇਸ਼ਾਂ ਨੂੰ ਬੁਲੰਦ ਕੀਤਾ, ''ਜੰਗ ਜਾਰੀ ਹੈ'' ਦੇ ਨਾਹਰੇ ਲਗਾਏ, ਜਮਾਤੀ ਜੰਗ ਨੂੰ ਹੋਰ ਮਘਾਉਣ ਤੇ ਕਿਰਤ ਦੀ ਮੁਕਤੀ ਲਈ ਜੱਦੋਜਹਿਦ ਤੇਜ਼ ਕਰਨ ਦੇ ਸੰਕਲਪ ਲਏ- ਉੱਥੇ ਕਿਰਤੀਆਂ ਦੇ ਸਥਾਪਤ ਹੋ ਚੁੱਕੇ ਇਸ ਕੌਮਾਂਤਰੀ ਤਿਉਹਾਰ ਦੇ ਸੰਦੇਸ਼ ਨੂੰ ਮੱਧਮ ਪਾਉਣ ਜਾਂ ਦਿਸ਼ਾ ਭਟਕਾਉਣ ਲਈ ਸਰਕਾਰਾਂ, ਹਾਕਮ ਜਮਾਤੀ ਪਾਰਟੀਆਂ, ਸੋਧਵਾਦੀਆਂ- ਇੱਥੋਂ ਤੱਕ ਕਿ ਕਿਰਤੀਆਂ ਦੇ ਐਲਾਨੀਆ ਦੁਸ਼ਮਣਾਂ, ਨਵ-ਨਾਜ਼ੀਆਂ ਤੇ ਹੋਰ ਪਿਛਾਖੜੀਆਂ ਨੇ ਵੀ ਆਪਣੇ ਨਾਅਰਿਆਂ ਥੱਲੇ ਮਈ ਦਿਵਸ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। 
ਸਾਬਕਾ ਸਮਾਜਵਾਦੀ ਕੈਂਪ ਦੇ ਮੁਲਕਾਂ ਵਿੱਚ ਖਾਸ ਕਰਕੇ ਮਈ ਦਿਵਸ ਪਹਿਲਾਂ ਨਾਲੋਂ ਵਧੇਰੇ ਉੱਭਰਵੇਂ ਤਰੀਕਿਆਂ ਨਾਲ ਮਨਾਇਆ ਗਿਆ, ਇਹਨਾਂ ਦੇਸ਼ਾਂ ਦੀ ਜਨਤਾ ਨੇ ਸਮਾਜਵਾਦੀ ਪ੍ਰਬੰਧ ਲਈ ਡੂੰਘੇ ਅਤੇ ਵਿਆਪਕ ਉਦਰੇਵੇਂ ਦਾ ਇਜ਼ਹਾਰ ਕੀਤਾ। ਸੋਵੀਅਤ ਰਾਜ ਦੇ ਚਿੰਨ੍ਹਾਂ, ਮਾਰਕਸ, ਏਂਗਲਜ਼, ਲੈਨਿਨ  ਤੇ ਸਟਾਲਿਨ ਵਰਗੇ ਆਗੂਆਂ ਦੀਆਂ ਤਸਵੀਰਾਂ ਇਹਨਾਂ ਪ੍ਰਦਰਸ਼ਨਾਂ ਦਾ ਸ਼ਿੰਗਾਰ ਬਣੀਆਂ ਰਹੀਆਂ। 'ਕੱਲੇ ਰੂਸ ਅੰਦਰ ਹੀ 20 ਲੱਖ ਤੋਂ ਵਧੇਰੇ ਲੋਕਾਂ ਨੇ ਮਈ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਹਾਲਾਂਕਿ ਪੂਤਿਨ ਸਰਕਾਰ ਤੇ ਹੋਰ ਹਕੂਮਤੀ ਹਿੱਸਿਆਂ ਨੇ ਇਸ ਮੌਕੇ ਨੂੰ ਯੂਕਰੇਨ ਮਸਲੇ 'ਤੇ ਕੌਮੀ ਸ਼ਾਵਨਵਾਦ ਭੜਕਾਉਣ, ਲੋਕਾਂ ਦਾ ਧਿਆਨ ਤਿਲਕਾਉਣ ਲਈ ਵਰਤਣ ਦੇ ਪੂਰੇ ਯਤਨ ਕੀਤੇ, ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਮਾਜਵਾਦੀ ਸੰਦੇਸ਼ ਥੱਲੇ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ। 
ਜੇਕਰ ਸੰਸਾਰ ਭਰ 'ਚ ਹੋਏ ਸਮਾਗਮਾਂ ਦੀ ਝਲਕ ਵੇਖਣੀ ਹੋਵੇ ਤਾਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 50000 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੇ ਮੁਜਾਹਰਾ ਕੀਤਾ। ਇਸ ਮੌਕੇ 20000 ਤੋਂ ਵਧੇਰੇ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ। ਇਹ ਮੁਜਾਹਰੇ ਮੁੱਖ ਤੌਰ 'ਤੇ ਉਜਰਤਾਂ ਵਿੱਚ ਖੜੋਤ, ਜਨ-ਸੇਵਾਵਾਂ ਦੀ ਦੁਰਦਸ਼ਾ ਤੇ ਮਹਿੰਗਾਈ ਵਰਗੇ ਮਸਲਿਆਂ 'ਤੇ ਕੇਂਦਰਤ ਸਨ। ਤੁਰਕੀ ਵਿੱਚ ਮੁਲਕ ਭਰ ਵਿੱਚ ਲੱਖਾਂ ਲੋਕ ਮੁਜਾਹਰਿਆਂ ਲਈ ਨਿੱਤਰੇ ਅਤੇ ਸਾਰਾ ਦਿਨ ਵੱਖ ਵੱਖ ਥਾਈਂ ਪੁਲਸ ਨਾਲ ਝੜੱਪਾਂ ਹੁੰਦੀਆਂ ਰਹੀਆਂ। ਤੁਰਕੀ ਦੀ ਰਾਜਧਾਨੀ ਵਿੱਚ ਹੀ ਇਨ੍ਹਾਂ ਝੜੱਪਾਂ ਦੌਰਾਨ 19 ਪੁਲਸ ਕਰਮੀਆਂ ਸਮੇਤ 90 ਜਣੇ ਫੱਟੜ ਹੋਏ ਤੇ ਕਰੀਬ 150 ਗ੍ਰਿਫਤਾਰ ਕੀਤੇ ਗਏ। ਮੁਜਾਹਰਾਕਾਰੀਆਂ ਨੂੰ ਖਿੰਡਾਉਣ ਲਈ ਥਾਂ ਥਾਂ ਪੁਲਸ ਨੇ ਅੱਥਰੂ ਗੈਸ ਦੇ ਗੋਲਿਆਂ ਤੇ ਜਲ-ਤੋਪਾਂ ਦੀ ਵਰਤੋਂ ਕੀਤੀ। 
ਆਸਟਰੇਲੀਆ ਦੀਆਂ ਵੱਖ ਵੱਖ ਸੂਬਾਈ ਰਾਜਧਾਨੀਆਂ ਵਿੱਚ ਹਜ਼ਾਰਾਂ ਲੋਕਾਂ ਨੇ ਲਾਲ ਝੰਡੇ ਫੜ ਕੇ ਸਰਕਾਰ ਵੱਲੋਂ ਘੱਟੋ ਘੱਟ ਉਜਰਤਾਂ ਦੀ ਪ੍ਰਸਤਾਵਿਤ ਕਟੌਤੀ ਖਿਲਾਫ ਪ੍ਰਦਰਸ਼ਨ ਕੀਤੇ। ਕੁਇਨਜ਼ਲੈਂਡ ਵਿੱਚ 25000, ਮੈਲਬੌਰਨ ਵਿੱਚ 5000 ਤੇ ਸਿਡਨੀ ਵਿੱਚ 7000 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। 
ਲੱਗਭੱਗ ਸਾਰੇ ਯੂਰਪੀ ਮੁਲਕਾਂ ਵਿੱਚ ਲੱਖਾਂ ਲੋਕਾਂ ਨੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਸਪੇਨ ਵਿੱਚ 70 ਸ਼ਹਿਰਾਂ ਵਿੱਚ ਵੱਡੇ ਮੁਜਾਹਰੇ ਹੋਏ। ਸਪੇਨ ਅੰਦਰ ਸਰਕਾਰ ਮੰਦਵਾੜੇ ਤੋਂ ਬਾਅਦ ਆਰਥਿਕਤਾ ਦੇ ਮੁੜ ਸੰਭਾਲੇ ਦਾ ਸ਼ੋਰ ਪਾ ਰਹੀ ਹੈ,  ਜਦ ਕਿ ਇਸੇ ਸਮੇਂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਇਸ ਲਈ ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਯੂਨੀਅਨਾਂ ਨੇ ਰੁਜ਼ਗਾਰਮੁਖੀ ਨੀਤੀਆਂ ਦੀ ਮੰਗ ਕੀਤੀ। ਇਸ ਦੌਰਾਨ ਹਜ਼ਾਰਾਂ ਲੋਕਾਂ ਦੀ ਸ਼ਮੂਲੀਅਤ ਵਾਲਾ ਵਿਸ਼ਾਲ ਮਾਰਚ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਜਥੇਬੰਦ ਕੀਤਾ ਗਿਆ। 
ਕੰਬੋਡੀਆ ਦੀ ਰਾਜਧਾਨੀ ਨੋਮ ਪੇਨ ਵਿੱਚ ਮੁਜਾਹਰਾਕਾਰੀਆਂ 'ਤੇ ਪੁਲਸ ਲਾਠੀਚਾਰਜ ਦੌਰਾਨ ਅਨੇਕਾਂ ਜਖ਼ਮੀ ਹੋਏ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਦਹਿ-ਹਜ਼ਾਰਾਂ ਲੋਕਾਂ ਨੇ ਲਾਲ ਸੂਹੇ ਬਸਤਰ ਪਹਿਨ ਕੇ ਤੇ ਹੱਥਾਂ ਵਿੱਚ ਲਾਲ ਝੰਡੇ ਚੁੱਕ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ ਮਾਰਚ ਕੀਤਾ। ਇਸੇ ਤਰ੍ਹਾਂ ਯੂਕਰੇਨ ਭਰ ਵਿੱਚ ਦਹਿ-ਹਜ਼ਾਰਾਂ ਲੋਕਾਂ ਨੇ ਸਰਕਾਰ ਵਿਰੋਧੀ ਮਾਰਚ ਕੀਤੇ। ਲੰਡਨ ਵਿੱਚ ਹਜ਼ਾਰਾਂ ਲੋਕਾਂ ਨੇ ਮਾਰਚ ਕਰਦੇ ਹੋਏ ਕਿਰਤ-ਹੱਕਾਂ ਲਈ ''ਜੰਗ ਜਾਰੀ ਹੈ'' ਦੇ ਨਾਅਰੇ ਲਗਾਏ। ਯੂਨਾਨ ਵਿੱਚ ਰੇਲਵੇ ਤੇ ਹੋਰ ਸੇਵਾਵਾਂ ਠੱਪ ਕਰਕੇ ਲੋਕ ਮਈ ਦਿਵਸ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ। ਏਥਨਜ਼ ਵਿੱਚ ਮਈ ਦਿਵਸ ਦੌਰਾਨ ਹੜਤਾਲਾਂ ਹੋਈਆਂ। ਪੁਰਤਗਾਲ ਵਿੱਚ ਵੀ ਕਿਰਤੀਆਂ ਦੇ ਅਧਿਕਾਰਾਂ 'ਤੇ ਹਮਲੇ, ਬੇਰੁਜ਼ਗਾਰੀ ਤੇ ਨਿੱਜੀਕਰਨ ਵਰਗੇ ਮਸਲਿਆਂ 'ਤੇ ਵਿਆਪਕ ਪ੍ਰਦਰਸ਼ਨ ਹੋਏ। ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਹਜ਼ਾਰਾਂ ਲੋਕਾਂ ਨੇ, ਖਾਸਕਰ ਪ੍ਰਵਾਸੀਆਂ ਨੇ, ਵੱਖ ਵੱਖ ਥਾਵਾਂ 'ਤੇ ਹੋਏ ਮਈ ਦਿਵਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ। ਹਾਂਗਕਾਂਗ ਵਿੱਚ ਕਰੀਬ 5000 ਲੋਕਾਂ ਨੇ ਮਈ ਦਿਵਸ ਮਾਰਚ ਵਿੱਚ ਹਿੱਸਾ ਲਿਆ। ਤਾਇਵਾਨ ਵਿੱਚ ਹਜ਼ਾਰਾਂ ਲੋਕਾਂ ਨੇ ਉਜਰਤਾਂ ਵਿੱਚ ਵਾਧੇ ਤੇ ਠੇਕੇਦਾਰੀਕਰਨ ਦੇ ਮਸਲਿਆਂ 'ਤੇ ਮਾਰਚ ਕੀਤਾ। 
ਭਾਰਤੀ ਉਪ-ਮਹਾਂਦੀਪ ਦੇ ਸਾਰੇ ਮੁਲਕਾਂ— ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ ਤੇ ਨੇਪਾਲ ਆਦਿ ਵਿੱਚ ਮਈ ਦਿਹਾੜਾ ਪੂਰੇ ਉਤਸ਼ਾਹ ਨਾਲ ਥਾਂ ਪੁਰ ਥਾਂ ਮਨਾਇਆ ਗਿਆ। ਢਾਕਾ ਤੇ ਕੋਲੰਬੋ ਵਿੱਚ ਕਿਰਤੀਆਂ ਨੇ ਵੱਡੇ ਪ੍ਰਦਰਸ਼ਨ ਜਥੇਬੰਦ ਕੀਤੇ। ਇਹਨਾਂ ਸਭ ਥਾਵਾਂ 'ਤੇ ਇਹ ਪ੍ਰਦਰਸ਼ਨ ਸਾਮਰਾਜੀ ਨੀਤੀਆਂ ਦੇ ਹਮਲੇ ਖਿਲਾਫ ਸੇਧਤ ਸਨ। 
''ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ''। ਮਈ ਦਿਵਸ ਦੇ ਜਸ਼ਨਾਂ ਦਾ ਸੰਸਾਰ ਪੱਧਰੀ ਮੁਹਾਂਦਰਾ ਸੰਗਰਾਮਾਂ ਦੇ ਸੰਸਾਰੀਕਰਨ ਦਾ ਸੁਤੇਸਿਧ ਐਲਾਨ ਹੋ ਨਿੱਬੜਿਆ ਹੈ। ਸੰਕਟਾਂ ਵਿੱਚ ਘਿਰਿਆ ਸਾਮਰਾਜੀ ਤਾਣਾ-ਬਾਣਾ ਜਦੋਂ ਸੰਸਾਰ ਭਰ ਵਿੱਚ ਕਿਰਤੀਆਂ ਤੇ ਨਿਤਾਣੀਆਂ ਕੌਮਾਂ 'ਤੇ ਨਿੱਤ ਨਵੇਂ ਕਹਿਰ ਗੁਜਾਰ ਰਿਹਾ ਹੈ, ਤਾਂ ਕਿਰਤੀ ਜਮਾਤ ਸਮਾਜਵਾਦੀ ਕੈਂਪ ਨੂੰ ਲੱਗੀਆਂ ਪਛਾੜਾਂ ਤੋਂ ਸੰਭਾਲਾ ਖਾ ਕੇ ਅਤੇ ਮੁੜ ਸਾਬਤ ਕਦਮੀ ਹੋ ਕੇ ਸਾਮਰਾਜੀਆਂ ਨਾਲ ਸਿੱਧੇ ਮੱਥੇ ਟੱਕਰਨ ਦੇ ਰਾਹ ਵਧ ਰਹੀ ਹੈ। ਸਮਾਜਵਾਦੀ ਉਦੇਸ਼ਾਂ ਦੀ ਮੁੜ ਜੈ-ਜੈਕਾਰ ਹੋ ਰਹੀ ਹੈ ਤੇ ਮਿਹਨਤਕਸ਼ ਦੁਨੀਆਂ ਵਾਲਿਆਂ ਤੋਂ ਆਪਣਾ ਹਿੱਸਾ ਮੰਗ ਰਹੇ ਹਨ- ਤੇ ਸਾਰੀ ਦੁਨੀਆਂ ਮੰਗ ਰਹੇ ਹਨ ਜੋ ਉਹਨਾਂ ਦੀ ਕਿਰਤ ਨੇ ਹੀ ਸਿਰਜੀ ਹੈ। 
੦-੦
ਮਈ ਦਿਵਸ ਨਾਲ ਸਬੰਧਤ ਸਰਗਰਮੀਆਂ ਦੀ ਰਿਪੋਰਟ
ਇਸ ਸਾਲ ਮਈ ਦਿਹਾੜਾ ਅਜਿਹੇ ਸਮੇਂ 'ਤੇ ਮਨਾਇਆ ਜਾ ਰਿਹਾ ਹੈ, ਜਦੋਂ ਦੇਸ਼ ਦੀਆਂ ਹਾਕਮ ਜਮਾਤਾਂ ਦਿੱਲੀ ਦੀ ਹਕੂਮਤ ਹਥਿਆਉਣ ਖਾਤਰ, ਤਰ੍ਹਾਂ ਤਰ੍ਹਾਂ ਦੇ ਪੈਂਤੜੇ ਖੇਡ ਰਹੀਆਂ ਹਨ। ਲੋਕਾਂ ਨੂੰ ਵੱਡੇ ਤੋਂ ਵੱਡੇ ਤੇ ਮਹਾਂ-ਝੂਠੇ ਸਬਜ਼ਬਾਗ ਦਿਖਾ ਰਹੀਆਂ ਹਨ ਅਤੇ ਆਪਣੇ ਸਾਮਰਾਜੀ ਪ੍ਰਭੂਆਂ ਅੱਗੇ ਉਹਨਾਂ ਦੇ ਵੱਡੇ ਭਗਤ ਹੋਣ ਦੇ ਹਿੱਕ ਠੋਕ ਕੇ ਦਾਅਵੇ ਕਰ ਰਹੀਆਂ ਨੇ। ਉਹ ਲੋਕਾਂ ਨੂੰ ਇਹ ਜਤਾ ਰਹੇ ਹਨ ਕਿ ਉਹ ਵੋਟ-ਪਰਚੀ ਰਾਹੀਂ ਕਿਵੇਂ ਆਪਣੀ ਹੋਣੀ ਬਦਲ ਸਕਦੇ ਹਨ। ਉਹ ਲੋਕਾਂ ਨੂੰ ਜਾਤਾਂ-ਫਿਰਕਿਆਂ ਦੇ ਆਧਾਰ 'ਤੇ ਵੰਡ ਕੇ, ਭਾਸ਼ਾਈ ਤੁਅੱਸਬਾਂ ਨੂੰ ਵਰਤ ਕੇ, ਦਿੱਲੀ ਦੇ ਤਖਤ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਜਿਹੇ ਸਮਿਆਂ ਵਿੱਚ ਮਈ ਦਿਨ ਦੀ ਮਹੱਤਤਾ ਹੋਰ ਉੱਘੜ ਕੇ ਸਾਹਮਣੇ ਆਉਂਦੀ ਹੈ ਅਤੇ ਸਭਨਾਂ ਇਨਸਾਫਪਸੰਦ ਅਤੇ ਜਥੇਬੰਦ ਹਿੱਸਿਆਂ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਮਈ ਦਿਨ ਦੀ ਮਹੱਤਤਾ ਦਾ, ਚੋਣਾਂ ਨਾਲ ਜੋੜ ਕੇ, ਲੋਕਾਂ ਵਿੱਚ ਚੇਤਨਾ ਦਾ ਸੰਚਾਰ ਕਰਨ। 
ਲੋਕਾਂ ਵਿੱਚ ਇਹ ਗੱਲ ਲਿਜਾਣ ਕਿ ਕਿਵੇਂ ਮਈ ਦਿਨ ਦੇ (ਸ਼ਿਕਾਗੋ ਦੇ) ਸ਼ਹੀਦਾਂ ਨੇ ਆਪਣੀਆਂ ਅਮੁੱਲੀਆਂ ਜਾਨਾਂ ਨਿਛਾਵਰ ਕਰਕੇ, ਅੱਠ ਘੰਟੇ ਕੰਮ ਦਿਹਾੜੀ ਦਾ ਹੱਕ ਹਾਸਲ ਕੀਤਾ ਸੀ। ਕਿਵੇਂ ਮਜ਼ਦੂਰਾਂ ਨੇ ਆਪਣੇ ਜਥੇਬੰਦ ਹੋਣ ਅਤੇ ਜਥੇਬੰਦੀਆਂ ਬਣਾਉਣ ਦੇ ਅਧਿਕਾਰ ਹਾਸਲ ਕੀਤੇ ਸਨ। ਅਤੇ ਕਿਵੇਂ ਅੱਜ ਇਹਨਾਂ ਚੋਣਾਂ ਦੇ ਰਾਮ-ਰੌਲੇ ਵਿੱਚ ਲੋਕਾਂ, ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਦੇ ਸਾਰੇ ਅਤਿ ਜ਼ਰੂਰੀ ਮੁੱਦਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਪਹਿਲਾਂ ਤੋਂ ਹਾਸਲ ਨਿਗੂਣੇ ਅਧਿਕਾਰਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। 
ਅੱਜ ਸਾਡਾ ਇਹ ਫਰਜ਼ ਬਣਦਾ ਹੈ ਕਿ ਆਪੋ ਆਪਣੇ ਮੁੱਦਿਆਂ, ਮੰਗਾਂ ਨੂੰ ਹੋਰ ਬੁਲੰਦ ਕਰਦੇ ਹੋਏ ਦੇਸੀ ਵਿਦੇਸ਼ੀ ਲੁਟੇਰਿਆਂ ਖਿਲਾਫ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਸਾਰੇ ਤਬਕਿਆਂ ਦਰਮਿਆਨ ਸਾਂਝ ਉਸਾਰਦੇ ਹੋਏ, ਸੰਘਰਸ਼ ਹੋਰ ਤੇਜ਼ ਕਰੀਏ। ਇਹੋ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ। 
ਬਿਜਲੀ-ਬੋਰਡ ਦੀ ਜਥੇਬੰਦੀ ਵੱਲੋਂ ਵੱਖ ਵੱਖ ਥਾਵਾਂ 'ਤੇ ਮਨਾਏ ਗਏ ਮਈ ਦਿਨ ਦੀ ਸੰਖੇਪ ਰਿਪੋਰਟਾਂ
ਬਠਿੰਡਾ:  ਬਠਿੰਡਾ ਸਰਕਲ ਦੇ ਬਿਜਲੀ ਕਾਮਿਆਂ ਨੇ ਬਠਿੰਡਾ, ਗੋਨਿਆਣਾ, ਰਾਮਪੁਰਾ, ਮਾਨਸਾ ਆਦਿ ਅਲੱਗ ਅਲੱਗ ਥਾਵਾਂ 'ਤੇ ਇਕੱਠੇ ਹੋ ਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਬਿਜਲੀ ਬੋਰਡ ਵਿੱਚ ਪੱਕੀ ਭਰਤੀ ਚਾਲੂ ਕਰਵਾਉਣ, ਅੱਠ ਘੰਟੇ ਕੰਮ ਦਿਹਾੜੀ ਲਾਗੂ ਕਰਵਾਉਣ, ਟਰੇਡ ਯੂਨੀਅਨ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ। 
ਇਸ ਦੌਰਾਨ ਬਿਜਲੀ ਕਾਮਿਆਂ ਨੇ ਮੈਨੇਜਮੈਂਟ ਦੇ ਹਮਲਿਆਂ ਦਾ ਇੱਕਮੁੱਠ ਹੋ ਕੇ ਟਾਕਰਾ ਕਰਨ ਅਤੇ ਠੇਕੇ 'ਤੇ ਮੁਲਾਜ਼ਮਾਂ ਨੂੰ ਯੋਗਤਾ ਮੁਤਾਬਕ ਪੱਕੇ ਕਰਵਾਉਣ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨਾਲ ਕੀਤਾ ਭਰਤੀ ਦਾ ਵਾਅਦਾ ਲਾਗੂ ਕਰਵਾਉਣ, ਰਿਟਾਇਰਮੈਂਟ ਮੌਕੇ ਬੈਨੀਫਿੱਟ ਯਕੀਨੀ ਬਣਾਉਣ ਲਈ ਸੰਘਰਸ਼ ਵਿੱਚ ਆਪਣਾ ਯੋਗਦਾਨ ਵਧਾਉਣ ਦਾ ਅਹਿਦ ਲਿਆ। ਰੈਲੀ ਵਿੱਚ ਬੇਰੁਜ਼ਗਾਰ ਲਾਈਨਮੈਨ ਤੇ ਕੰਟਰੈਕਟ ਵਰਕਰ ਵੀ ਸ਼ਾਮਲ ਹੋਏ। 
ਬਠਿੰਡਾ ਸ਼ਹਿਰ ਵਿੱਚ ਪਾਵਰ ਹਾਊਸ ਰੋਡ 'ਤੇ ਟੈਕਨੀਕਲ ਤੇ ਕਮਰਸ਼ੀਅਲ-1 ਅਤੇ ਸਿਰਕੀ ਬਾਜ਼ਾਰ ਵਿੱਚ ਟੈਕਨੀਕਲ ਤੇ ਕਮਰਸ਼ੀਅਲ-2 ਦੇ ਕਾਮਿਆਂ ਨੇ ਜਥੇਬੰਦੀ ਦੇ ਆਗੂਆਂ ਦੀ ਅਗਵਾਈ ਵਿੱਚ ਸ਼ਰਧਾਂਜਲੀ ਭੇਟ ਕੀਤੀ। 
ਰਾਮਪੁਰਾ ਮੰਡਲ:  ਰਾਮਪੁਰਾ ਮੰਡਲ ਦੇ ਕਾਮਿਆਂ ਨੇ ਗੇਟ 'ਤੇ ਜਥੇਬੰਦੀ ਦਾ ਝੰਡਾ ਝੁਲਾ ਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਬਾਅਦ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਰੱਖੇ ਸਾਂਝੇ ਪ੍ਰੋਗਰਾਮ ਵਿੱਚ ਪਹੁੰਚੇ। ਇਸ ਸਾਂਝੇ ਪ੍ਰੋਗਰਾਮ ਵਿੱਚ ਟੀ.ਐਸ.ਯੂ. ਤੋਂ ਇਲਾਵਾ ਬੀ.ਕੇ.ਯੂ. (ਡਕੌਂਦਾ), ਇਨਕਲਾਬੀ ਕੇਂਦਰ, ਪੇਂਡੂ ਮਜ਼ਦੂਰ ਯੂਨੀਅਨ, ਰਾਜ ਮਜ਼ਦੂਰ ਯੂਨੀਅਨ, ਮਲਟੀਮੈਲਟ ਵਰਕਰਜ਼ ਯੂਨੀਅਨ, ਪੈਰਾ ਮੈਡੀਕਲ ਪਰੈਕਟਿਸ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਸਨ। ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਟੀ.ਐਸ.ਯੂ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਸਾਮਰਾਜੀ ਨੀਤੀਆਂ ਤਹਿਤ ਬਿਜਲੀ ਬੋਰਡ ਨੂੰ ਕਾਰਪੋਰੇਸ਼ਨਾਂ ਵਿੱਚ ਵੰਡ ਦਿੱਤਾ ਗਿਆ ਹੈ, ਪੱਕੀ ਉਜਰਤ ਪ੍ਰਣਾਲੀ ਦੀ ਜਗਾਹ ਠੇਕਾ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ। ਮਈ ਦਿਹਾੜੇ 'ਤੇ ਸਾਨੂੰ ਇਸ ਖਿਲਾਫ ਲੜਨ ਦਾ ਅਹਿਦ ਕਰਨਾ ਚਾਹੀਦਾ ਹੈ। ਅੰਤ ਵਿੱਚ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। 
ਬਾਘਾਪੁਰਾਣਾ:  ਟੀ.ਐਸ.ਯੂ. ਦੇ ਸੱਦੇ 'ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀ.ਟੀ.ਐਫ., ਸ.ਸ.ਅ/ਰਮਸਾ, ਬੀ.ਕੇ.ਯੂ. (ਏਕਤਾ-ਉਗਰਾਹਾਂ), ਬਾਬਾ ਜੀਵਨ ਸਿੰਘ ਤੂੜੀ ਛਿਲਕਾ ਮਜ਼ਦੂਰ ਯੂਨੀਅਨ ਤੇ ਪੈਨਸ਼ਨਰ ਐਸੋਸੀਏਸ਼ਨ ਨੇ ਬਲਾਕ ਪੱਧਰ 'ਤੇ ਮਈ ਦਿਨ ਮਨਾਉਣ ਲਈ ਕਮੇਟੀ ਬਣਾਈ। ਕਮੇਟੀ ਵੱਲੋਂ ''ਸੂਹਾ ਝੰਡਾ ਉੱਚਾ ਕਰੋ'' ਦੇ ਨਾਂ ਹੇਠ ਪੋਸਟਰ ਜਾਰੀ ਕੀਤਾ ਗਿਆ। ਮਈ ਦਿਨ 'ਤੇ ਤਕਰੀਬਨ 200 ਦੇ ਕਰੀਬ ਮਜ਼ਦੂਰ ਮੁਲਾਜ਼ਮ ਕਿਸਾਨਾਂ ਤੇ ਔਰਤਾਂ ਵੱਲੋਂ ਰੈਲੀ ਕੀਤੀ ਗਈ। ਇਸ ਰੈਲੀ ਨੂੰ ਕਮੇਟੀ ਦੇ ਕਨਵੀਨਰ ਕਮਲੇਸ਼ ਕੁਮਾਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਬੋਧਨ ਦੌਰਾਨ ਸੂਹੇ ਝੰਡੇ ਦੀ ਅਗਵਾਈ ਵਿੱਚ ਆਉਣ ਵਾਲੇ ਰਾਜ ਦਾ ਨਕਸ਼ਾ ਬੰਨ੍ਹਦਿਆਂ ਕਿਹਾ ਕਿ ਇਸ ਵਿੱਚ ਬੇਰੁਜ਼ਗਾਰੀ, ਲੁੱਟ, ਮਹਿੰਗਾਈ, ਭ੍ਰਿਸ਼ਟਾਚਾਰ ਦਾ ਫਸਤਾ ਵੱਢ ਕੇ ਬਰਾਬਰੀ ਤੇ ਨਿਆਂ ਦਾ ਰਾਜ ਹੋਵੇਗਾ। 
ਅਬੋਹਰ:  ਅਬੋਹਰ ਡਵੀਜਨ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਝੰਡੇ ਝੁਲਾਏ ਗਏ ਤੇ ਨਾਹਰੇ ਲਗਾ ਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਕਿਸਾਨ-ਮਜ਼ਦੂਰ-ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸਾਂਝੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਕਮੇਟੀ ਵਿੱਚ ਟੀ.ਐਸ.ਯੂ. ਤੋਂ ਇਲਾਵਾ, ਬੀ.ਕੇ.ਯੂ. ਏਕਤਾ (ਉਗਰਾਹਾਂ), ਸੀਫੈੱਡ ਵਰਕਰ ਯੂਨੀਅਨ, ਵਣ-ਵਿਭਾਗ, ਬਿਜਲੀ ਮੁਲਾਜ਼ਮ ਰਿਟਾਇਰਮੈਂਟ ਯੂਨੀਅਨ, ਫੀਲਡ ਐਂਡ ਵਰਕਸ਼ਾਪ ਯੂਨੀਅਨ, ਭਾਰਤੀ ਕਿਸਾਨ ਸਭਾ ਤੇ ਨਵ-ਨਿਰਮਾਣ ਯੂਨੀਅਨ ਸ਼ਾਮਲ ਸਨ। ਰੈਲੀ ਨੂੰ ਟੀ.ਐਸ.ਯੂ. ਦੇ ਸੂਬਾ ਪ੍ਰਧਾਨ ਸੁਖਵੰਤ ਸਿੰਘ ਤੋਂ ਬਿਨਾ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਤ ਕੀਤਾ। 
ਬਾਦਲ:  ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਬਾਦਲ ਤੇ ਟੀ.ਐਸ.ਯੂ. ਸਬ-ਡਵੀਜ਼ਨ ਡੱਬਵਾਲੀ ਨੇ ਸਾਂਝੇ ਤੌਰ 'ਤੇ ਮਈ ਦਿਨ 'ਤੇ ਆਪੋ ਆਪਣੇ ਝੰਡੇ ਝੁਲਾ ਕੇ ਸਾਂਝੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਨਿਗਮੀਕਰਨ/ਨਿੱਜੀਕਰਨ ਨਾਲ ਕਾਮਿਆਂ ਦੀ ਹੀ ਲੁੱਟ ਵਧੀ ਹੈ, ਜਿਸ 8 ਘੰਟੇ ਡਿਊਟੀ ਨੂੰ ਮਈ ਦਿਨ ਦੇ ਸ਼ਹੀਦਾਂ ਨੇ ਆਪਣਾ ਖ਼ੂਨ ਡੋਲ੍ਹ ਕੇ ਜਿੱਤਿਆ ਸੀ, ਅੱਜ ਉਸ 'ਤੇ ਹੀ ਡਾਕੇ ਮਾਰੇ ਜਾ ਰਹੇ ਹਨ। ਠੇਕੇਦਾਰੀ ਤੇ ਆਊਟ-ਸੋਰਸਿੰਗ ਰਾਹੀਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਖਿਲਾਫ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। 
ਅਹਿਮਦਗੜ੍ਹ ਮੰਡਲ:  ਮੰਡਲ ਦੀਆਂ ਅਹਿਮਦਗੜ੍ਹ ਸ਼ਹਿਰੀ ਅਤੇ ਦਿਹਾਤੀ ਸਬ ਡਵੀਜ਼ਨਾਂ ਦੇ ਬਿਜਲੀ ਕਾਮਿਆਂ ਨੇ ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਨਾਲ ਰਲ ਕੇ ਸਾਂਝੇ ਤੌਰ 'ਤੇ ਆਪਣੀ ਆਪਣੀ ਜਥੇਬੰਦੀ ਦੇ ਝੰਡੇ ਗੇਟਾਂ 'ਤੇ ਲਹਿਰਾ ਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬਾਅਦ ਵਿੱਚ ਟੀ.ਐਸ.ਯੂ. ਦੇ ਮੈਂਬਰ ਸਕੂਟਰ-ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਝੰਡਾ ਮਾਰਚ ਕਰਦੇ ਹੋਏ ਸ਼ਹਿਰ ਵਿਚਲੇ ਸ਼ਹੀਦ ਭਗਤ ਸਿੰਘ ਚੌਕ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇਸੇ ਥਾਂ 'ਤੇ ਮੁਲਾਜ਼ਮ ਮਜ਼ਦੂਰ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਮਈ ਦਿਵਸ ਤੇ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸ੍ਰੀਆਂਸ ਪੇਪਰ ਮਿੱਲ ਵਰਕਰਜ਼ ਯੂਨੀਅਨ, ਫੂਡ ਸਪਲਾਈ ਪੱਲੇਦਾਰ ਯੂਨੀਅਨ (ਆਜ਼ਾਦ), ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕਿਸਾਨ ਸਭਾ ਦੇ ਆਗੂ ਸ਼ਾਮਲ ਹੋਏ। 
ਮਲੌਦ:  ਸਬ ਡਵੀਜ਼ਨ ਮਲੌਦ ਦੇ ਕਾਮਿਆਂ ਨੇ ਫੈਡਰੇਸ਼ਨ (ਭਾਰਦਵਾਜ) ਅਤੇ ਪੱਲੇਦਾਰ ਯੂਨੀਅਨ ਦੇ ਨਾਲ ਮਿਲ ਕੇ ਦਫਤਰ ਦੇ ਗੇਟ 'ਤੇ ਆਪੋ ਆਪਣੀ ਜਥੇਬੰਦੀ ਦੇ ਝੰਡੇ ਝੁਲਾ ਕੇ ਰੈਲੀ ਕੀਤੀ। ਇਸ ਰੈਲੀ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 
ਦਾਖਾ:  ਮੰਡਲ ਅੱਡਾ ਦਾਖਾ ਅੰਦਰ ਸੁਧਾਰ ਅਤੇ ਹੰਬੜਾਂ ਦਫਤਰਾਂ ਵਿੱਚ ਇੰਲਪਾਈਜ਼ ਫੈਡਰੇਸ਼ਨ (ਮਸੀਤਾਂ) ਨਾਲ ਮਿਲ ਕੇ ਰੈਲੀਆਂ ਕੀਤੀਆਂ ਗਈਆਂ। ਅੱਡਾ ਦਾਖਾ ਸ਼ਹਿਰ ਤੇ ਦਿਹਾਤੀ ਸਬ ਡਵੀਜ਼ਨਾਂ ਦੇ ਕਾਮਿਆਂ ਵੱਲੋਂ ਸੋਢੀ ਧਿਰ ਦੇ ਸਾਥੀਆਂ ਨਾਲ ਮਿਲ ਕੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। 
ਲਲਤੋਂ:  ਮੰਡਲ ਲਲਤੋਂ ਕਲਾਂ ਅੰਦਰ ਨਾਰੰਗਵਾਲ ਸਬ ਡਵੀਜ਼ਨ ਤੇ ਕਿਲਾ ਰਾਏਪੁਰ ਸਬ ਆਫਿਸ ਦੇ ਟੀ.ਐਸ.ਯੂ. ਮੈਂਬਰਾਂ ਨੇ ਨਾਰੰਗਵਾਲ ਦਫਤਰ ਦੇ ਗੇਟ ਉੱਤੇ ਇੰਪਲਾਈਜ਼ ਫੈਡਰੇਸ਼ਨ (ਮਸੀਤਾਂ), ਟੀ.ਐਸ.ਯੂ. (ਸੋਢੀ) ਨਾਲ ਰਲ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲਲਤੋਂ ਕਲਾਂ ਸਬ ਡਵੀਜ਼ਨ 'ਤੇ 220 ਕੇ.ਵੀ. ਸਬ ਸਟੇਸ਼ਨ ਦੇ ਗੇਟ 'ਤੇ ਟੀ.ਐਸ.ਯੂ. ਦੇ ਮੈਂਬਰਾਂ ਨੇ ਇੰਪਲਾਈਜ਼ ਫੈਡਰੇਸ਼ਨ (ਮਸੀਤਾਂ) ਨਾਲ ਮਿਲ ਕੇ ਝੰਡਾ ਚੜ੍ਹਾਇਆ। ਇਸ ਤੋਂ ਬਾਅਦ ਰੈਲੀ ਵੀ ਕੀਤੀ ਗਈ। 
ਪੱਖੋਵਾਲ:  ਸਬ ਡਵੀਜ਼ਨ ਦੇ ਸਾਥੀਆਂ ਨੇ ਸਬ ਡਵੀਜ਼ਨ ਤੇ 66 ਕੇ.ਵੀ. ਸਬ ਸਟੇਸ਼ਨ ਲਤਾਲਾ ਵਿਖੇ ਯੂਨੀਅਨ ਦਾ ਝੰਡਾ ਲਹਿਰਾਇਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਰਮਾਏਦਾਰ ਜਮਾਤਾਂ ਅਤੇ ਉਹਨਾਂ ਦੀਆਂ ਮੈਨੇਜਿੰਗ ਕਮੇਟੀਆਂ, ਰੰਗ-ਬਰੰਗੀਆਂ ਹਾਕਮ ਪਾਰਟੀਆਂ ਸੰਘਰਸ਼ਾਂ ਦੇ ਜ਼ੋਰ ਕੁਰਬਾਨੀਆਂ ਦੇ ਕੇ ਹਾਸਲ ਕੀਤੀਆਂ ਸਹੂਲਤਾਂ ਨੂੰ ਇੱਕ ਇੱਕ ਕਰਕੇ ਖੋਹ ਰਹੀਆਂ ਹਨ। ਮੁੱਠੀ ਭਰ ਸਰਮਾਏਦਾਰਾਂ ਨੂੰ ਆਰਥਿਕ ਰਿਆਇਤਾਂ ਤੇ ਕੁਦਰਤੀ ਮਾਲ ਖਜ਼ਾਨਿਆਂ ਦੀ ਲੁੱਟ ਦੇ ਗੱਫੇ ਦਿੱਤੇ ਜਾ ਰਹੇ ਹਨ। ਇਹਨਾਂ ਗੱਲਾਂ ਕਰਕੇ ਮਈ ਦਿਹਾੜਾ ਮੰਗ ਕਰਦਾ ਹੈ ਕਿ ਇਸ ਲੁੱਟ ਦੇ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇ। 
ਮਜੀਠਾ:  ਟੀ.ਐਸ.ਯੂ. ਪੰਜਾਬ ਵੱਲੋਂ ਕੀਤੇ ਫੈਸਲੇ ਦੇ ਸਬੰਧ ਵਿੱਚ ਸਰਕਲ ਵਰਕਿੰਗ ਕਮੇਟੀ ਨੇ ਮਈ ਦਿਨ ਸਬ ਡਵੀਜ਼ਨ ਮਜੀਠਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਅਤੇ ਸਾਂਝੇ ਤੌਰ 'ਤੇ ਮਨਾਉਣ ਲਈ ਫੈਡਰੇਸ਼ਨ ਏਟਕ ਨੂੰ ਸੁਨੇਹਾ ਲਾਇਆ ਗਿਆ। ਝੰਡਾ ਚੜ੍ਹਾਉਣ ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਲੋਟੂ ਨੀਤੀਆਂ ਖਿਲਾਫ, ਬਿਜਲੀ ਮੁਲਾਜ਼ਮਾਂ ਦੀ ਏਕਤਾ ਕਰਦਿਆਂ, ਸੰਘਰਸ਼ ਤਿੱਖਾ ਕਰਨ ਦੀ ਗੱਲ ਕਹੀ। 
ਸਰਕਲ ਗੁਰਦਾਸਪੁਰ:  ਸਰਕਲ ਗੁਰਦਾਸਪੁਰ ਵਿੱਚ ਨੌਸ਼ਹਿਰਾ ਮੱਝਾ ਸਿੰਘ, ਦੀਨਾਨਗਰ, ਸੁਜਾਨਪੁਰ, ਕਾਹਨੁੰਵਾਲ, ਬਟਾਲਾ ਤੇ ਕਾਦੀਆਂ ਸਬ ਡਵੀਜ਼ਨਾਂ ਵਿਖੇ ਮਈ ਦਿਹਾੜਾ ਮਨਾਇਆ ਗਿਆ। ਸਬ ਡਵੀਜ਼ਨ ਕਾਦੀਆਂ ਤੇ ਫੈਡਰੇਸ਼ਨ ਏਟਕ ਤੇ ਟੀ.ਐਸ.ਯੂ. (ਰਜਿ.) ਵੱਲੋਂ ਸਾਂਝੇ ਤੌਰ 'ਤੇ ਮਈ ਦਿਨ ਮਨਾਇਆ ਗਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੱਕਾ ਰੁਜ਼ਗਾਰ ਦੇਣ ਅਤੇ ਰੈਗੂਲਰ ਪੈਨਸ਼ਨ ਸਕੀਮ ਦੀ ਮੰਗ ਕੀਤੀ।
ਸਰਕਲ ਪਟਿਆਲਾ:  ਕਮਰਸ਼ੀਅਲ ਮੰਡਲ ਤੇ ਕਮਰਸ਼ੀਅਲ ਉੱਪ-ਮੰਡਲ ਈਸਟ ਵਿਖੇ ਮਈ ਦਿਨ ਦੇ ਸ਼ਹੀਦਾਂ ਨੂੰ ਯਾਦ ਕਰਕੇ, ਟੀ.ਐਸ.ਯੂ. ਦਾ ਝੰਡਾ ਚੜ੍ਹਾਇਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਬਿਜਲੀ ਬੋਰਡ ਦੇ ਨਿਗਮੀਕਰਨ, ਆਊਟ ਸੋਰਸਿੰਗ ਦੀ ਨੀਤੀ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸਮੇਂ ਸਿਰ ਨੌਕਰੀਆਂ ਨਾ ਦੇਣ ਅਤੇ ਰਿਟਾਇਰਮੈਂਟ ਸਮੇਂ ਜੀ.ਪੀ.ਐਫ. ਅਤੇ ਪੈਨਸ਼ਨ ਦੀਆਂ ਅਦਾਇਗੀਆਂ ਸਮੇਂ ਸਿਰ ਨਾ ਕਰਨ ਦੀ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ। ਬਿਜਲੀ ਬੋਰਡ ਦਾ ਪਹਿਲਾਂ ਵਾਲਾ ਸਰੂਪ ਬਹਾਲ ਕਰਵਾਉਣ ਦੀ ਮੰਗ ਕੀਤੀ ਗਈ। 
ਸਰਕਲ ਜਲੰਧਰ:  ਟੀ.ਐਸ.ਯੂ. (ਸਰਕਲ ਜਲੰਧਰ) ਵੱਲੋਂ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਲਾਗੂ ਕਰਨ ਲਈ ਸਰਕਲ ਐਗਜੈਕਟਿਵ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮਿਤੀ 2-4-2014 ਨੂੰ ਰੱਖੀ ਗਈ। ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਰੂਪ ਰੇਖਾ 'ਤੇ ਵਿਚਾਰ-ਚਰਚਾ ਹੋਈ। ਇਸ ਮੀਟਿੰਗ ਵਿੱਚ 30 ਦੇ ਕਰੀਬ ਸਾਥੀ ਸ਼ਾਮਲ ਹੋਏ। ਇਸ ਮੀਟਿੰਗ ਦੇ ਫੈਸਲੇ ਦੀ ਰੌਸ਼ਨੀ ਵਿੱਚ ਵੱਖ ਵੱਖ ਸਬ ਡਵੀਜ਼ਨਾਂ 'ਤੇ ਮਈ ਦਿਨ ਮੌਕੇ ਝੰਡੇ ਚੜ੍ਹਾ ਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। 
ਲੁਧਿਆਣੇ ਦੇ ਸਨਅੱਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਹੋਰ ਸੰਘਰਸ਼ਸ਼ੀਲ ਤਬਕਿਆਂ ਦੁਆਰਾ ਮਨਾਏ ਮਈ ਦਿਵਸ ਦੀ ਸੰਖੇਪ ਰਿਪੋਰਟ
ਲੁਧਿਆਣੇ ਸ਼ਹਿਰ ਅੰਦਰ ਸਨਅੱਤੀ ਮਜ਼ਦੂਰਾਂ ਵਿੱਚ ਕੰਮ ਕਰਦੀਆਂ ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ (ਰਜਿ.), ਲੋਕ ਏਕਤਾ ਸੰਗਠਨ, ਮੂਲ ਪ੍ਰਵਾਹ ਅਖਿਲ ਭਾਰਤ ਨੇਪਾਲੀ ਏਕਤਾ ਸਮਾਜ, ਅਖਿਲ ਭਾਰਤੀ ਨੇਪਾਲੀ ਏਕਤਾ ਮੰਚ ਤੇ ਹੋਰ ਸਹਿਯੋਗੀ ਸੰਗਠਨਾਂ ਦੁਆਰਾ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਗਿਆ। ਇਹਨਾਂ ਜਥੇਬੰਦੀਆਂ ਦੁਆਰਾ ਮਈ ਦਿਨ ਦੀ ਮੁਹਿੰਮ ਨੂੰ, ਚੋਣਾਂ ਦੀ ਸਰਗਰਮੀ ਨਾਲ ਤੇ ਲੋਕਾਂ, ਮਜ਼ਦੂਰਾਂ, ਮਿਹਨਤਕਸ਼ਾਂ ਦੇ ਮਸਲਿਆਂ ਨਾਲ ਜੋੜ ਕੇ, ਇੱਕ ਸਿਆਸੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਭਾਵੇਂ ਇਸ ਮੁਹਿੰਮ ਦੌਰਾਨ ਸਨਅੱਤਾਂ ਅੰਦਰ ਕੋਈ ਉੱਭਰਵਾਂ ਮਜ਼ਦੂਰ ਅੰਦੋਲਨ ਨਹੀਂ ਸੀ ਪ੍ਰੰਤੂ ਪਿਛਲੇ ਮਜ਼ਦੂਰ ਅੰਦੋਲਨਾਂ ਵਿੱਚ ਸਭਨਾਂ ਵੋਟ ਪਾਰਟੀਆਂ, ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਲੋਕ ਵਿਰੋਧੀ ਦੁਸ਼ਮਣਾਂ ਵਾਲਾ ਰੋਲ ਕੀਤਾ ਸੀ। ਇਸ ਮੁਹਿੰਮ ਦੌਰਾਨ ਲੋਕਾਂ ਵਿੱਚ ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਮਜ਼ਦੂਰ ਜਮਾਤ ਨੂੰ ਚੋਣਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਅੱਜ ਤੱਕ ਮਜ਼ਦੂਰਾਂ ਨੇ ਜੋ ਵੀ ਪ੍ਰਾਪਤ ਕੀਤਾ ਹੈ, ਆਪਣੀ ਜਥੇਬੰਦਕ ਤਾਕਤ, ਆਪਣੀ ਜਥੇਬੰਦੀ ਦੇ ਜ਼ੋਰ 'ਤੇ ਹਾਸਲ ਕੀਤਾ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਹਰ ਇੱਕ ਨੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰੇ ਹਨ, ਮਜ਼ਦੂਰਾਂ ਨਾਲ ਧਰੋਹ ਕਮਾਇਆ ਹੈ। ਸੋ ਲੋੜ ਹੈ, ਆਪਣੀ ਏਕਤਾ ਤੇ ਜਥੇਬੰਦੀ ਨੂੰ ਮਜਬੂਤ ਕਰਨ ਦੀ। 
ਜਥੇਬੰਦੀਆਂ ਦੀ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਮੁਹਿੰਮ ਦੇ ਅਖੀਰ 'ਤੇ ਪਹਿਲੀ ਮਈ ਨੂੰ ਲੇਬਰ ਦਫਤਰ, ਗਿੱਲ ਰੋਡ 'ਤੇ ਪ੍ਰੋਗਰਾਮ ਰੱਖਿਆ ਗਿਆ। ਮਾਲਕਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਪਹਿਲੀ ਮਈ ਦੀ ਛੁੱਟੀ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਮਜ਼ਦੂਰ ਭਾਵੇਂ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਫਿਰ ਵੀ ਇਸ ਸਾਂਝੇ ਮਈ ਦਿਵਸ ਸਮਾਗਮ ਵਿੱਚ ਸੌ-ਸਵਾ ਸੌ ਮਜ਼ਦੂਰ ਔਰਤਾਂ-ਮਰਦ ਸ਼ਾਮਲ ਹੋਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਲਡਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਵਿਜੈ ਨਾਰਾਇਣ, ਪ੍ਰਭਾਕਰ, ਨੇਪਾਲੀ ਸੰਗਠਨ ਦੇ ਆਗੂ ਬਾਮੂਦੇਵ ਭੱਟਾਰਾਏ, ਹੀਰਾ ਸਿੰਘ, ਰਮੇਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਘਰਸ਼ਾਂ ਤੇ ਕੁਰਬਾਨੀਆਂ ਦੀ ਬਦੌਲਤ ਹਾਸਲ ਕੀਤੇ ਨਾ-ਮਾਤਰ ਕਿਰਤ ਕਾਨੂੰਨਾਂ, 8 ਘੰਟੇ ਦਿਹਾੜੀ, ਪੱਕਾ ਰੁਜ਼ਗਾਰ, ਸਮਾਜਿਕ ਸੁਰੱਖਿਆ ਨੂੰ ਹਾਕਮ ਜਮਾਤਾਂ ਖੋਹਣ ਤੇ ਤਹੂ ਹੋਈਆਂ ਪਈਆਂ ਹਨ। ਦੇਸੀ-ਵਿਦੇਸ਼ੀ ਕਾਰਪੋਰੇਟ ਗਿਰਝਾਂ ਨੂੰ ਮਜ਼ਦੂਰਾਂ ਤੇ ਗਰੀਬ ਤਬਕਿਆਂ ਨੂੰ ਨੋਚਣ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਹਾਕਮਾਂ ਦੀਆਂ ਇਹਨਾਂ ਨੀਤੀਆਂ ਖਿਲਾਫ ਦੁਨੀਆਂ ਭਰ ਵਿੱਚ ਉੱਠ ਰਹੇ ਘੋਲਾਂ ਨਾਲ ਸਾਂਝ ਪਾ ਕੇ ਤੇ ਇਹਨਾਂ ਨੂੰ ਹੋਰ ਪ੍ਰਚੰਡ ਕਰਨਾ ਹੀ ਮਈ ਦਿਨ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
ਇਸ ਮੌਕੇ ਇਨਕਲਾਬੀ-ਵਿਦਿਆਰਥੀ ਨੌਜਵਾਨ ਮੰਚ ਵੱਲੋਂ ''ਲੂਟ ਮਚੀ ਹੈ ਚਾਰੋਂ ਅੋਰ'' ਨਾਟਕ ਬਾਖੂਬੀ ਪੇਸ਼ ਕੀਤਾ ਗਿਆ। ਭੈਣ ਅਵਤਾਰ ਕੌਰ ਅਤੇ ਸਾਥੀ ਧਰਮਵੀਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। 
ਇਸੇ ਤਰ੍ਹਾਂ ਗਿੱਲ ਰੋਡ ਤੇ ਸਥਿਤ ਐਫ.ਸੀ.ਆਈ. ਦੇ ਗੁਦਾਮਾਂ ਦੇ ਗੇਟ 'ਤੇ ਪੱਲੇਦਾਰਾਂ ਤੇ ਮੋਡਲਰ ਯੂਨੀਅਨ ਦੇ ਸਾਥੀਆਂ ਨੇ ਸਾਂਝੇ ਤੌਰ 'ਤੇ ਮਈ ਦਿਵਸ 'ਤੇ ਝੰਡੇ ਝੁਲਾਏ। ਇਸ ਮੌਕੇ 40-45 ਮਜ਼ਦੂਰ ਸ਼ਾਮਲ ਹੋਏ। ਪੰਜਾਬ ਰੋਡਵੇਜ਼ ਅਦਾਰੇ ਅੰਦਰ ਕੰਮ ਕਰਦੀਆਂ ਸਭਨਾਂ ਏਟਕ, ਇੰਟਕ, ਸੀਟੂ, ਕਰਮਚਾਰੀ ਦਲ ਅਤੇ ਆਜ਼ਾਦ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਆਪੋ ਆਪਣੇ ਝੰਡੇ ਮਈ ਦਿਨ ਦੇ ਸ਼ਹੀਦਾਂ ਦੀ ਯਾਦ ਵਿੱਚ ਝੁਲਾਏ। 
ਹੀਰੋ ਸਾਈਕਲ ਜੀ.ਟੀ. ਰੋਡ ਢੰਡਾਰੀ ਕਲਾਂ ਅਤੇ ਮੰਗਲੀ ਡਵੀਜਨ (ਚੰਡੀਗੜ੍ਹ ਰੋਡ), ਬਾਜਾਜ ਸੰਨਜ਼ ਫੈਕਟਰੀ ਗੇਟਾਂ ਅੱਗੇ ਵੀ ਸੀਟੂ ਨਾਲ ਸਬੰਧਤ ਮਜ਼ਦੂਰ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਝੰਡੇ ਝੁਲਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। 
ਟੈਕਸਟਾਈਲ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਕਰਮਵਾਰ ਆਗੂਆਂ ਰਾਜਵਿੰਦਰ ਅਤੇ ਲਖਵਿੰਦਰ ਦੀ ਅਗਵਾਈ ਵਿੱਚ ਵਿਸ਼ੇਸ਼ ਮਈ-ਮੁਹਿੰਮ 'ਤੇ ਵੋਟ ਪਾਰਟੀਆਂ ਦਾ ਪਰਦਾਫਾਸ਼ ਕਰਕੇ ਘੋਲਾਂ 'ਤੇ ਟੇਕ ਰੱਖਣ ਦਾ ਸੱਦਾ ਦਿੰਦੀ ਮੁਹਿੰਮ ਚਲਾਈ ਗਈ। ਜਿਸ ਤਹਿਤ ਪਹਿਲੀ ਮਈ ਨੂੰ ਪੁੱਡਾ ਗਰਾਊਂਡ (ਚੰਡੀਗੜ੍ਹ ਰੋਡ) 'ਤੇ ਵਿਸ਼ੇਸ਼ ਮਈ ਦਿਵਸ ਸਮਾਗਮ ਕਰਵਾਇਆ ਗਿਆ। ਦਿੱਲੀ ਤੋਂ ਆਈ ਟੀਮ ਨੇ ਨਾਟਕ ਤੇ ਗੀਤ ਸੰਗੀਤ ਵੀ ਪੇਸ਼ ਕੀਤਾ। 
ਖੰਨਾ:  ਮਜ਼ਦੂਰ ਯੂਨੀਅਨ ਵੱਲੋਂ ਇਲਾਕਾ ਪੱਧਰਾ ਮਈ ਦਿਵਸ ਸਮਾਗਮ ਪਿੰਡ ਰਸੂਲੜਾ ਵਿਖੇ ਮਨਾਇਆ ਗਿਆ, ਜਿਸ ਵਿੱਚ 80-90 ਔਰਤਾਂ-ਮਰਦਾਂ ਨੇ ਸ਼ਮੂਲੀਅਤ ਕੀਤੀ। ਮਜ਼ਦੂਰ ਆਗੂ ਚਰਨਜੀਤ ਸਿੰਘ, ਜੰਗ ਸਿੰਘ ਅਤੇ ਮਲਕੀਤ ਸਿੰਘ ਨੇ ਮਈ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਹਾੜੀ ਦਾ ਸੀਜ਼ਨ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਲੋਕਾਂ ਦੀ ਚੰਗੀ ਸ਼ਮੂਲੀਅਤ ਹੋਈ। ਲਲਹੇੜੀ ਹੇਠ ਖੰਨਾ ਵਿਖੇ ਵੀ ਰਾਜ ਮਿਸਤਰੀ ਮਜ਼ਦੂਰ ਅੱਡੇ ਵਿੱਚ, ਰਾਜ-ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਯੂਨੀਅਨ ਖੰਨਾ ਦੇ ਆਗੂਆਂ ਦੇ ਸਹਿਯੋਗ ਨਾਲ ਮਈ ਦਿਨ 'ਤੇ ਸ਼ਰਧਾਂਜਲੀ ਰੈਲੀ ਕਰਨ ਉਪਰੰਤ ਝੰਡਾ ਝੁਲਾਇਆ ਗਿਆ। 
0-0

No comments:

Post a Comment