Tuesday, July 8, 2014

ਚੀਨ ਅੰਦਰ ਫੁੱਟ ਰਿਹਾ ਮਜ਼ਦੂਰ ਰੋਹ-ਫੁਟਾਰਾ


ਚੀਨ ਅੰਦਰ ਫੁੱਟ ਰਿਹਾ ਮਜ਼ਦੂਰ ਰੋਹ-ਫੁਟਾਰਾ

-ਮਨਦੀਪ
ਚੀਨ ਦੇ ਗੁਆਂਗਡੌਂਗ ਸ਼ਹਿਰ ਅੰਦਰ ਸੰਸਾਰ ਦੀ ਸਭ ਤੋਂ ਵੱਡੀ ਬੂਟ ਨਿਰਮਾਤਾ ਕੰਪਨੀ ਯੂ-ਯੁਏਨ ਦਾ ਪਲਾਂਟ ਹੈ। ਇਹ ਕੰਪਨੀ ਐਡੀਡਾਸ, ਨਾਈਕ, ਪਿਊਮਾ, ਕਰੌਕਸ, ਟਿੰਬਰਲੈਂਡ ਵਰਗੇ ਅਨੇਕਾਂ ਵਿਸ਼ਵ ਪੱਧਰੇ ਬਰਾਂਡਾਂ ਨੂੰ ਜੁੱਤੇ ਤਿਆਰ ਕਰਕੇ ਦਿੰਦੀ ਹੈ। ਅਪ੍ਰੈਲ ਮਹੀਨੇ ਵਿੱਚ ਇਸ ਫੈਕਟਰੀ ਦੇ ਚਾਲੀ ਹਜ਼ਾਰ ਤੋਂ ਉੱਪਰ ਕਾਮਿਆਂ ਵੱਲੋਂ ਇੱਕ ਵੱਡੀ ਹੜਤਾਲ ਕੀਤੀ ਗਈ। 
ਚੀਨ ਪਿਛਲੇ ਦਹਾਕੇ ਦੌਰਾਨ ਸੰਸਾਰ ਦੇ ਸਭ ਤੋਂ ਵੱਡੀ ਨਿਰਮਾਤਾ ਤੇ ਨਿਰਯਾਤਕ ਵਜੋਂ ਉਭਰਿਆ ਤੇ ਸਥਾਪਤ ਹੋਇਆ ਹੈ। ਪਰ ਇਸ ਸਥਾਪਤੀ ਦੀ ਚੂਲ ਬਣਦੀ ਸਥਾਨਕ ਮਜ਼ਦੂਰਾਂ ਦੀ ਲੁੱਟ, ਟੁੱਟਣ ਵਿੱਚ ਨਾ ਆਉਂਦੀ ਹੜਤਾਲਾਂ ਤੇ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਰਾਹੀਂ ਸੰਸਾਰ ਦੇ ਲੋਕਾਂ ਸਾਹਮਣੇ ਆ ਰਹੀ ਹੈ। ਇਸ ਲੜੀ ਵਿੱਚ ਯੂ-ਯੂਏਨ ਦੀ ਹੜਤਾਲ ਦਹਾਕੇ ਦੀ ਸਭ ਤੋਂ ਵੱਡੀ ਹੜਤਾਲ ਬਣ ਕੇ ਉੱਭਰੀ ਹੈ। 
ਯੂ ਯੁਏਨ ਦੇ ਕਾਮਿਆਂ ਦੀਆਂ ਮੰਗਾਂ ਸਨ: ਕੰਪਨੀ ਦੇ 70 ਕਾਮਿਆਂ ਨੂੰ ਪੂਰੇ ਮਕਾਨ ਭੱਤੇ ਤੇ ਸਮਾਜਿਕ ਬੀਮੇ ਦੀ ਰਕਮ ਦਾ ਭੁਗਤਾਨ, ਤਨਖਾਹਾਂ ਵਿੱਚ ਤੀਹ ਫੀਸਦੀ ਵਾਧਾ, ਕਾਮਿਆਂ ਤੋਂ ਧੋਖੇ ਨਾਲ ਸਾਈਨ ਕਰਵਾਏ ਗਏ ਕੰਟਰੈਕਟਾਂ ਦਾ ਅੰਤ (ਜਿਹਨਾਂ ਸਦਕਾ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਵਾਲੇ ਸਥਾਨਕ ਸਰਕਾਰੀ ਸਕੂਲਾਂ ਦੀ ਥਾਵੇਂ ਪ੍ਰਵਾਸੀ ਮਜ਼ਦੂਰਾਂ ਦੇ ਵੱਖਰੇ ਸਕੂਲਾਂ ਵਿੱਚ ਦਾਖਲ ਹੋਣਾ ਪੈਂਦਾ ਸੀ।) ਅਤੇ ਆਪਣੇ ਕੰਮ ਖੇਤਰ ਦੀ ਯੂਨੀਅਨ ਅੰਦਰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ। ਇਹਨਾਂ ਮੰਗਾਂ ਵਿੱਚੋਂ ਸਮਾਜਿਕ ਬੀਮੇ ਦਾ ਭੁਗਤਾਨ ਸਭ ਤੋਂ ਮੁੱਖ ਮੰਗ ਬਣਦੀ ਸੀ। ਯੂ-ਯੁਏਨ ਦੇ ਕਾਮਿਆਂ ਦੀ ਔਸਤ ਮਾਸਿਕ ਤਨਖਾਹ 300 ਯੁਆਨ ਹੈ। ਕੰਪਨੀ ਨੇ ਤਨਖਾਹ ਦਾ 11 ਫੀਸਦੀ ਸਮਾਜਿਕ ਬੀਮੇ ਵਜੋਂ ਕਰਮਚਾਰੀ ਦੇ ਪੈਨਸ਼ਨ ਫੰਡ ਵਿੱਚ ਹਿੱਸਾ ਪਾਉਣਾ ਹੁੰਦਾ ਹੈ, ਜਦੋਂ ਕਿ 8 ਫੀਸਦੀ ਕਾਮੇ ਦਾ ਹਿੱਸਾ ਹੁੰਦਾ ਹੈ। ਕੰਪਨੀ ਵੱਲੋਂ ਆਪਣਾ ਹਿੱਸਾ 3000 ਜੁਆਨ ਦੀ ਥਾਵੇਂ 1810 ਯੁਆਨ ਦੇ ਹਿਸਾਬ ਨਾਲ ਪਾਇਆ ਜਾ ਰਿਹਾ ਸੀ। ਕਈ ਵਰਕਰ ਜੋ 10 ਸਾਲਾਂ ਤੋਂ ਵੱਧ ਸਮੇਂ ਤੋਂ ਉੱਥੇ ਕੰਮ ਕਰ ਰਹੇ ਸਨ, ਉਹਨਾਂ ਨਾਲ 20 ਤੋਂ 30 ਹਜ਼ਾਰ ਯੁਆਨ ਦੀ ਠੱਗੀ ਵੱਜ ਚੁੱਕੀ ਸੀ।
5 ਅਪ੍ਰੈਲ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਫੈਕਟਰੀ ਮਜ਼ਦੂਰ ਗਲੀਆਂ ਵਿੱਚ ਨਿੱਤਰ ਆਏ। 14 ਅਪ੍ਰੈਲ ਨੂੰ ਸਥਾਨਕ ਪੁਲਸ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਉਹਨਾਂ 'ਤੇ ਹੱਲਾ ਬੋਲ ਦਿੱਤਾ। ਡਾਂਗਾਂ ਦੀ ਮਾਰ ਨਾਲ ਇੱਕ ਜਣਾ ਗੰਭੀਰ ਜਖ਼ਮੀ ਹੋ ਗਿਆ। ਇਸ ਹੱਲੇ ਤੋਂ ਭੜਕੇ ਮਜ਼ਦੂਰਾਂ ਦੀ ਗਿਣਤੀ ਅਗਲੇ ਦਿਨਾਂ ਵਿੱਚ 40 ਹਜ਼ਾਰ ਤੋਂ ਵੀ ਟੱਪ ਗਈ। ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਨੇ ਹਮਲੇ ਦੀ ਇਸ ਘਟਨਾ ਨਾਲ ਸਬੰਧਤ ਸਾਰੇ ਤੱਥ ਮਿਟਾ ਦੇਣ ਲਈ ਚੀਨੀ ਮੀਡੀਆ ਨੂੰ ਹੁਕਮ ਜਾਰੀ ਕਰ ਦਿੱਤੇ। ਪਰ ਮੀਡੀਆ 'ਚੋਂ ਗਾਇਬ ਕੀਤੇ ਇਹ ਤੱਥ ਲੋਕਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਵਿੱਚ ਨਾਕਾਮਯਾਬ ਰਹੇ। ਨੇੜਲੇ ਗੁਆਂਗਜੂ ਇਲਾਕੇ ਦੇ ਵਿਦਿਆਰਥੀਆਂ ਨੇ ਹੜਤਾਲੀ ਕਾਮਿਆਂ ਦੀ ਹਮਾਇਤ ਵਿੱਚ ਨਾਈਕ ਦੇ ਸਟੋਰਾਂ ਅੱਗੇ ਪੋਸਟਰ ਚਿਪਕਾ ਦਿੱਤੇ। ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਯੂ-ਯੁਏਨ ਦੇ ਮਜ਼ਦੂਰਾਂ ਦੀ ਹਮਾਇਤ ਵਿੱਚ ਐਡੀਡਾਸ ਦੀਆਂ ਦੁਕਾਨਾਂ ਅੱਗੇ ਧਰਨੇ ਦਿੱਤੇ। ਹੋਰਨਾਂ ਮੁਲਕਾਂ ਅੰਦਰ ਵੀ ਅਨੇਕਾਂ ਥਾਈਂ ਇਸ ਹੜਤਾਲ  ਤੋਂ ਪ੍ਰਭਾਵਿਤ ਹੁੰਦੇ ਹੋਏ ਮਜ਼ਦੂਰ ਭਰਾਤਰੀ ਸਮਰਥਨ ਲਈ ਨਿੱਤਰ ਆਏ। ਲੰਡਨ, ਮਾਨਚੈਸਟਰ ਤੇ ਆਕਸਫੋਰਡ ਵਿਖੇ ਮਜ਼ਦੂਰਾਂ ਨੇ ਇਹਨਾਂ ਬਰਾਂਡਾਂ ਦੀਆਂ ਦੁਕਾਨਾਂ ਦੇ ਬੂਹੇ ਜਾਮ ਕਰ ਦਿੱਤੇ ਤੇ ਸੇਲ ਰੋਕ ਦਿੱਤੀ। ਹਾਂਗਕਾਂਗ, ਇਸਤਾਂਬੁਲ ਤੇ ਨਿਊਯਾਰਕ ਦੇ ਐਡੀਡਾਸ ਸਟੋਰਾਂ ਤੇ ਯੂ-ਯੁਏਨ ਦੇ ਹੜਤਾਲੀ ਕਾਮਿਆਂ ਦੇ ਹੱਕ ਵਿੱਚ ਪ੍ਰਦਰਸ਼ਨ ਹੋਏ। ਐਡੀਡਾਸ ਦੇ ਲੰਡਨ ਵਿਚਲੇ ਸ਼ੋ-ਰੂਮ ਦਾ ਮੱਥਾ ਮਾਟੋਆਂ ਨਾਲ ਢਕਿਆ ਗਿਆ ਅਤੇ ਦਰਜਨਾਂ ਲੋਕਾਂ ਨੇ ਹੜਤਾਲੀ ਮਜ਼ਦੂਰਾਂ ਦੇ ਹੱਕ ਵਿੱਚ ਨਾਹਰੇ ਗੁੰਜਾਏ। ਕਈ ਮਜ਼ਦੂਰ ਅਧਿਕਾਰਾਂ ਨਾਲ ਜੁੜੀਆਂ ਜਥੇਬੰਦੀਆਂ ਹਮਾਇਤ ਵਿੱਚ ਉੱਤਰ ਆਈਆਂ। ਅਜਿਹੀ ਇੱਕ ਜਥੇਬੰਦੀ ਦੇ ਦੋ ਕਾਰਕੁੰਨਾਂ ਨੂੰ ਚੀਨੀ ਪੁਲਸ ਨੇ ਲੋਕਾਂ ਨੂੰ ਉਕਸਾਉਣ ਦਾ ਦੋਸ਼ ਲਾ ਕੇ 22 ਅਪ੍ਰੈਲ ਨੂੰ ਹਿਰਾਸਤ ਵਿੱਚ ਲੈ ਲਿਆ। 
ਭਰਾਤਰੀ ਹਮਾਇਤ ਦੀ ਕਾਂਗ ਦੇ ਵਧਣ ਦੇ ਨਾਲ ਨਾਲ ਹੜਤਾਲੀ ਮਜ਼ਦੂਰਾਂ ਦੀ ਗਿਣਤੀ ਤੇ ਦ੍ਰਿੜ੍ਹਤਾ ਵਿੱਚ ਵੀ ਵਾਧਾ ਹੁੰਦਾ ਗਿਆ। ਐਡੀਡਾਸ ਕੰਪਨੀ ਨੂੰ ਯੂ-ਯੁਏਨ ਵਿੱਚ ਲਏ ਆਰਡਰ ਕੈਂਸਲ ਕਰਨੇ ਪਏ ਤੇ ਹੋਰਨੀਂ ਥਾਈਂ ਨਵੇਂ ਆਰਡਰ ਦੇਣੇ ਪਏ। ਯੂ-ਯੁਏਨ ਕੰਪਨੀ ਨੇ ਆਪ ਵੀ ਗੁਆਂਗਡੌਂਗ ਪਲਾਂਟ ਦੀ ਥਾਵੇਂ ਵੀਅਤਨਾਮ ਤੇ ਇੰਡੋਨੇਸ਼ੀਆ ਵਿਚਲੇ ਪਲਾਂਟਾਂ ਵਿੱਚ ਪ੍ਰੋਡਕਸ਼ਨ ਸ਼ਿਫਟ ਕਰਨ ਦੇ ਯਤਨ ਕੀਤੇ। ਕੰਪਨੀ ਦੇ ਹਿੱਤਾਂ ਦੇ ਨੁਮਾਇੰਦਾ ਬਣੇ ਸਥਾਨਕ ਪ੍ਰਸਾਸ਼ਨ ਨੇ ਹੜਤਾਲੀ ਕਾਮਿਆਂ ਨੂੰ ਕੰਮ 'ਤੇ ਵਾਪਸ ਭੇਜਣ ਦੀ ਸਿਰਤੋੜ ਵਾਹ ਲਾਈ। ਕਾਮਿਆਂ ਦੇ ਦੂਰ ਦੁਰੇਡੇ ਜੱਦੀ ਸ਼ਹਿਰਾਂ 'ਚੋਂ ਉਹਨਾਂ ਨੂੰ ਲਾਉਣ ਲਈ ਉੱਥੋਂ ਦੇ ਅਧਿਕਾਰੀ ਭੇਜੇ ਗਏ। ਇੱਕ ਢਿੱਲੇ-ਮਿੱਲੇ ਸਮਝੌਤੇ ਦੀ ਪੇਸ਼ਕਸ਼ ਵੀ ਹੋਈ, ਜਿਸ ਨੂੰ ਕਾਮਿਆਂ ਨੇ ਰੱਦ ਕਰ ਦਿੱਤਾ। ਕਾਮਿਆਂ ਦੀ ਇਸ ਦ੍ਰਿੜ੍ਹਤਾ ਦੇ ਚੱਲਦੇ ਹੋਏ ਅਪ੍ਰੈਲ ਦੇ ਅੰਤ ਵਿੱਚ ਆ ਕੇ ਕੰਪਨੀ ਨੂੰ ਕਾਮਿਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ। ਸਮਝੌਤੇ ਮੁਤਾਬਕ 3 ਕਰੋੜ 10 ਲੱਖ ਡਾਲਰ ਕਾਮਿਆਂ ਨੂੰ ਇਵਜਾਨੇ ਵਜੋਂ ਦੇਣਾ ਤਹਿ ਹੋਇਆ। ਕੰਪਨੀ ਨੇ ਬੀਮੇ ਦੇ ਆਪਣੇ ਹਿੱਸੇ ਦਾ ਭੁਗਤਾਨ ਕੁੱਝ ਸਮੇਂ ਅੰਦਰ ਕਰਨ ਦਾ ਵਾਅਦਾ ਕੀਤਾ ਹੈ। ਅੰਦਾਜ਼ੇ ਮੁਤਾਬਕ ਇਹ 100 ਤੋਂ 200 ਕਰੋੜ ਯੁਆਨ ਬਣਦੇ ਹਨ। ਹਰੇਕ ਕਾਮੇ ਨੂੰ ਮਹੀਨੇ ਦੇ 230 ਯੁਆਨ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ। 
ਹੋਰਨਾਂ ਪ੍ਰਾਪਤੀਆਂ ਦੇ ਨਾਲ ਨਾਲ ਯੂ-ਯੁਏਨ ਦੀ ਇਸ ਹੜਤਾਲ ਨੇ ਸੰਸਾਰ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ (ਆਲ ਚਾਈਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼) ਦਾ ਮਜ਼ਦੂਰ ਦੋਖੀ ਤੇ ਕੰਪਨੀਆਂ ਪੱਖੀ ਚਿਹਰਾ ਉਘਾੜਨ ਵਿੱਚ ਵੀ ਰੋਲ ਨਿਭਾਇਆ ਹੈ। ਇਸ ਯੂਨੀਅਨ ਦੇ ਕਿਰਦਾਰ ਦੀ ਸੋਝੀ ਦੀ ਝਲਕ ਹੜਤਾਲੀ ਕਾਮਿਆਂ ਵੱਲੋਂ ਆਪਣੇ ਨੁਮਾਇੰਦੇ ਚੁਣਨ ਦੀ ਮੰਗ ਰਾਹੀਂ ਵੀ ਮਿਲੀ ਹੈ। ਇੱਕ ਰੈਗੂਲੇਸ਼ਨ ਮੁਤਾਬਕ ਇਸ ਯੂਨੀਅਨ ਦੇ ਅਹੁਦੇਦਾਰਾਂ ਨੂੰ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਦੀ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ। ਇਸ ਕਰਕੇ ਅਕਸਰ ਇਸ ਯੂਨੀਅਨ ਦੇ ਆਗੂ ਫੈਕਟਰੀ ਮੈਨੇਜਮੈਂਟਾਂ ਵੱਲੋਂ ਨਿਯੁਕਤ ਕੀਤੇ ਜਾਂਦੇ ਹਨ ਤੇ ਉਹ ਹੜਤਾਲਾਂ ਦੀ ਅਗਵਾਈ ਕਰਨ ਦੀ ਥਾਵੇਂ ਕਾਮਿਆਂ ਨੂੰ ਜਬਰੀ ਕੰਮ 'ਤੇ ਭੇਜਣ ਵਿੱਚ ਰੋਲ ਨਿਭਾਉਂਦੇ ਹਨ। ਯੂ-ਯੁਏਨ ਦੇ ਕਾਮਿਆਂ ਨੇ ਇਸ ਯੂਨੀਅਨ ਨੂੰ ਉਲੰਘ ਕੇ ਸੰਘਰਸ਼ ਲੜਿਆ ਹੈ। ਇੱਕ ਹੜਤਾਲੀ ਕਾਮੇ ਮੁਤਾਬਕ, ''ਮੈਂ 20 ਸਾਲਾਂ ਤੋਂ ਯੂ-ਯੁਏਨ ਵਿੱਚ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਯੂਨੀਅਨ ਦਾ ਪ੍ਰਧਾਨ ਕੌਣ ਹੈ। ਉਹ ਹੁਣ ਸਾਨੂੰ ਹਿਦਾਇਤਾਂ ਦੇ ਰਹੇ ਨੇ, ਪਰ ਜਦੋਂ ਕੰਪਨੀ ਸਾਡੇ ਹੱਕ ਖੋਹ ਰਹੀ ਸੀ, ਉਦੋਂ ਉਹ ਕਿਹੜੇ ਢੱਠੇ ਖੂਹ ਵਿੱਚ ਸਨ?'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2010 ਵਿੱਚ ਹੌਂਡਾ ਕਾਮਿਆਂ ਨੇ ਵੀ ਆਪੇ ਸੰਘਰਸ਼ ਦੌਰਾਨ ਫੈਕਟਰੀ ਅੰਦਰ ਯੂਨੀਅਨ ਦੀ ਜਮਹੂਰੀ ਤਰੀਕੇ ਨਾਲ ਚੋਣ ਕਰਨ ਤੇ ਆਪਣੇ ਨੁਮਾਇੰਦੇ ਆਪ ਚੁਣਨ ਦੀ ਮੰਗ ਰੱਖੀ ਸੀ ਤੇ ਇਸ ਨੂੰ ਹਾਸਲ ਕਰਨ ਵਿੱਚ ਅੰਸ਼ਿਕ ਸਫਲ ਹੋਏ ਸਨ। ਉਸ ਸਮੇਂ ਰਵਾਇਤੀ ਯੂਨੀਅਨ ਦੇ ਡੇਢ ਸੌ ਦੇ ਕਰੀਬ ਅਧਿਕਾਰੀਆਂ ਨੇ ਹੜਤਾਲੀ ਕਾਮਿਆਂ ਦੀ ਇਕੱਤਰਤਾ 'ਤੇ ਹਮਲਾ ਕੁਰਕੇ ਕੁੱਟਮਾਰ ਕੀਤੀ ਸੀ। 
ਸਮਾਜਵਾਦੀ ਚੀਨ ਅੰਦਰ ਕਿਰਤੀ ਲੋਕਾਂ ਨੂੰ ਮਿਲੇ ਹੋਰ ਸਭ ਹੱਕਾਂ ਦੇ ਨਾਲ ਇੱਕ ਅਹਿਮ ਹੱਕ ਟਰੇਡ ਯੂਨੀਅਨਾਂ ਬਣਾਉਣ ਤੇ ਆਜ਼ਾਦੀ ਨਾਲ ਇਹਨਾਂ ਦੇ ਮੈਂਬਰ ਬਣਨ ਦਾ ਸੀ। 27 ਮਾਰਚ 2001 ਨੂੰ ਚੀਨੀ ਸਰਕਾਰ ਨੇ ਇਸ ਹੱਕ ਦੀ ਗਾਰੰਟੀ ਕਰਕੇ ਆਰਟੀਕਲ 8.1(ਏ), ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਇਹਦੀ ਵਰਤੋਂ ਮੁਲਕ ਦੇ ਕਾਨੂੰਨਾਂ ਦੇ ਅਨੁਸਾਰੀ ਹੋਣੀ ਚਾਹੀਦੀ ਹੈ, ਜਿਸਦਾ ਸਿੱਧੇ ਸ਼ਬਦਾਂ ਵਿੱਚ ਅਰਥ ਇਸ ਹੱਕ ਦਾ ਖੋਹੇ ਜਾਣਾ ਹੈ। ਨਾਂ ਦੀ ਕਮਿਊਨਿਸਟ ਅਤੇ ਕਿਰਦਾਰ ਦੀ ਸਰਮਾਏਦਾਰ ਚੀਨੀ ਸਰਕਾਰ ਇਸ ਹੱਕ ਦੀਆਂ ਅਰਥ-ਸੰਭਾਵਨਾਵਾਂ ਤੋਂ ਭਲੀ ਭਾਂਤ ਜਾਣੂੰ ਹੈ ਤੇ ਲੋਕਾਂ ਵੱਲੋਂ ਇਸਦੀ ਵਰਤੋਂ ਤੋਂ ਤ੍ਰਹਿੰਦੀ ਹੈ। 
ਦੂਜੇ ਪਾਸੇ, ਪੁੱਗਤ, ਖੁਸ਼ਹਾਲੀ ਤੇ ਅਸਲੀ ਵਿਕਾਸ ਦਾ ਪ੍ਰਬੰਧ ਖੁਹਾ ਚੁੱਕੇ ਚੀਨ ਦੇ ਕਿਰਤੀਆਂ ਅੰਦਰ ਮੌਜੂਦਾ ਪ੍ਰਬੰਧ ਵਿਰੋਧ ਤੇ ਨਾਬਰੀ ਦੀਆਂ ਤਰੰਗਾਂ ਛੇੜ ਰਿਹਾ ਹੈ। 2014 ਦੀ ਪਹਿਲੀ ਤਿਮਾਹੀ ਦੇ ਦੌਰਾਨ ਹੀ ਹੜਤਾਲਾਂ ਤੇ ਕਾਮਿਆਂ ਦੇ ਵਿਰੋਧ ਦੀਆਂ 202 ਘਟਨਾਵਾਂ ਕੌਮਾਂਤਰੀ ਸੀਨ 'ਤੇ ਆ ਚੁੱਕੀਆਂ ਹਨ। ਪਿਛਲੇ ਸਾਲ ਦੌਰਾਨ ਹਰੇਕ ਦਿਨ ਦੇ ਹਿੱਸੇ ਔਸਤਨ ਤਿੰਨ ਤੋਂ ਵੀ ਵੱਧ ਵੱਡੀਆਂ ਹੜਤਾਲਾਂ ਆਈਆਂ ਹਨ। ਇਹ ਹੜਤਾਲਾਂ ਮੁੱਖ ਤੌਰ 'ਤੇ ਘੱਟ ਤਨਖਾਹਾਂ, ਸਮਾਜਿਕ ਸੁਰੱਖਿਆ ਫੰਡਾਂ ਤੀ ਤੋਟ, ਮਕਾਨ ਭੱਤਿਆਂ ਤੇ ਯੂਨੀਅਨ ਅੰਦਰ ਕਾਮਿਆਂ ਦੇ ਜਮਹੂਰੀ ਤਰੀਕੇ ਨਾਲ ਚੁਣੇ ਨੁਮਾਇੰਦਿਆਂ ਦੀ ਅਣਹੋਂਦ ਦੇ ਮਸਲਿਆਂ 'ਤੇ ਹੀ ਹੋਈਆਂ ਹਨ। ਇਹਨਾਂ ਵਿੱਚੋਂ ਸੈਮਸੰਗ ਕਾਮਿਆਂ ਦੀ ਹੜਤਾਲ ਤੇ ਓਹਮ ਇਲੈਕਟਰੋਨਿਕ ਫੈਕਟਰੀ ਦੇ ਕਾਮਿਆਂ ਦੀ ਹੜਤਾਲ ਗਿਣਨਯੋਗ ਹਨ। ਚੀਨੀ ਕਾਮਿਆਂ ਦੇ ਵਿਰੋਧ ਦੇ ਇਹ ਖਿੰਡੇ-ਪੁੰਡੇ ਇਜ਼ਹਾਰ ਉਹਨਾਂ ਧੁਖ ਰਹੇ ਜਵਾਲਾਮੁਖੀਆਂ ਵੱਲ ਸੰਕੇਤ ਕਰ ਰਹੇ ਹਨ, ਜਿਹਨਾਂ ਨੇ ਰਾਤ ਦੇ ਇਸ ਪਹਿਰ ਮਾਓ ਦੇ ਚੀਨ ਦੇ ਨਕਸ਼ ਮੁੜ ਸੁਰਜੀਤ ਕਰਨੇ ਹਨ। 
-0-

No comments:

Post a Comment