Tuesday, July 8, 2014

ਪਹਿਲੀ ਮਈ- ਪੰਜਾਬੀ ਭਵਨ ਲੁਧਿਆਣਾ


ਪਹਿਲੀ ਮਈ- ਪੰਜਾਬੀ ਭਵਨ ਲੁਧਿਆਣਾ:
ਹਨੇਰੀ ਰਾਤ ਨੂੰ ਰੁਸ਼ਨਾਉਂਦੀ ਨਾਟਕਾਂ ਅਤੇ ਗੀਤਾਂ-ਭਰੀ ਰਾਤ
—ਅਮੋਲਕ ਸਿੰਘ
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਪਿਛਲੇ ਤਿੰਨ ਦਹਾਕਿਆਂ ਤੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ-ਪੱਖੀ ਇਨਕਲਾਬੀ ਸੱਭਿਆਚਾਰ ਨੂੰ ਪ੍ਰਣਾਈ ਨਾਟਕਾਂ ਤੇ ਗੀਤਾਂ ਭਰੀ ਰਾਤ ਮਨਾਉਂਦਾ ਆ ਰਿਹਾ ਹੈ। ਪੰਜਾਬ ਅੰਦਰ ਤਿੱਖੀਆਂ ਚੁਣੌਤੀਆਂ ਦੇ ਦੌਰ ਵੀ ਆਏ, ਇਸ ਅਗਨ ਪ੍ਰੀਖਿਆ ਵਿੱਚ ਪਲਸ ਮੰਚ ਇਨਕਲਾਬੀ ਸਭਿਆਚਾਰ ਦੀ ਮਸ਼ਾਲ ਲੈ ਕੇ ਅੱਗੇ ਵਧਦਾ ਰਿਹਾ। ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ਵਿੱਚ ਤਿੰਨ ਦਹਾਕਿਆਂ ਤੋਂ ਹੀ ਹਜ਼ਾਰਾਂ ਮਰਦ-ਔਰਤਾਂ ਇਸ ਸਮਾਗਮ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ। 
ਇਸ ਵਾਰ ਸਮਾਗਮ ਦੀ ਹਾਜ਼ਰੀ ਨੂੰ ਲੈ ਕੇ ਪਲਸ ਮੰਚ ਦੀ ਸੂਬਾ ਕਮੇਟੀ ਵਿੱਚ ਕਾਫੀ ਚਿੰਤਾ ਪਾਈ ਜਾ ਰਹੀ ਸੀ। ਪੰਜਾਬ ਅੰਦਰ ਲਗਾਤਾਰ ਬਰਸਾਤਾਂ ਕਾਰਨ ਹਾੜੀ ਦੀ ਕਟਾਈ ਵਿੱਚ ਦੇਰੀ ਹੋਣਾ, ਪੰਜਾਬ ਅੰਦਰ ਵੋਟਾਂ ਪੈਣ ਵਾਲੇ ਦਿਨ ਤੋਂ ਹੀ ਅਗਲਾ ਦਿਨ ਇਸ ਸਮਾਗਮ ਦਾ ਹੋਣਾ, ਵਿਦਿਆਰਥੀਆਂ ਦੇ ਚੱਲ ਰਹੇ ਇਮਤਿਹਾਨਾਂ ਦਾ ਰੁਝੇਵਾਂ, ਵੱਖ ਵੱਖ ਮਿਹਨਤਕਸ਼ ਤਬਕਿਆਂ ਦੇ ਚੱਲ ਰਹੇ ਗਹਿ-ਗੱਡਵੇਂ ਘੋਲਾਂ ਦਾ ਰੁਝੇਵਾਂ ਆਦਿ ਕਿੰਨੇ ਹੀ ਕਾਰਨ ਸਨ, ਜਿਹਨਾਂ ਕਾਰਨ ਇਸ ਵਾਰ ਹਾਜ਼ਰੀ ਘੱਟ ਰਹਿਣ ਦਾ ਧੁੜਕੂ ਲੱਗਾ ਹੋਇਆ ਸੀ। ਪਰ ਲੋਕਾਂ ਦੇ ਆਏ ਜੱਥਿਆਂ ਨੇ ਇਹਨਾਂ ਤੌਖਲਿਆਂ ਨੂੰ ਰੂੰ ਵਾਂਗ ਉਡਾ ਕੇ ਰੱਖ ਦਿੱਤਾ। ਪਿਛਲੇ ਕਈ ਵਰ੍ਹਿਆਂ ਦੇ ਇਕੱਠਾਂ ਦਾ ਰਿਕਾਰਡ ਤੋੜਨ ਦਾ ਮੂੰਹ ਬੋਲਦਾ ਜੁਆਬ ਸੀ ਇਸ ਵਾਰ ਜੁੜਿਆ ਇਕੱਠ। ਇਸ ਇਕੱਠ ਵਿੱਚ ਸਨਅੱਤੀ ਕਾਮੇ, ਖੇਤ ਮਜ਼ਦੂਰ, ਹੋਰ ਬੇਜ਼ਮੀਨੇ ਕਾਮੇ, ਕਿਸਾਨ, ਵਿਦਿਆਰਥੀ, ਨੌਜਵਾਨ, ਮੁਲਾਜ਼ਮ, ਬੁੱਧੀਜੀਵੀ ਵਰਗ ਵਿਸ਼ੇਸ਼ ਕਰਕੇ ਔਰਤਾਂ ਦੇ ਵਿਸ਼ਾਲ ਹਿੱਸੇ ਦੀ ਸ਼ਮੂਲੀਅਤ ਉਤਸ਼ਾਹੀ ਝਲਕਾਂ ਪੇਸ਼ ਕਰ ਰਹੀ ਸੀ। ਸੁਲੱਖਣਾ ਪੱਖ ਸੀ ਕਿ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਝੁੰਡਾਂ ਦੇ ਝੁੰਡ ਸ਼ਾਮਲ ਵੀ ਹੋਏ ਅਤੇ ਉਹਨਾਂ ਨੇ ਸਮਾਗਮ ਵਿੱਚ ਸੰਗੀਤਕ ਰੰਗ ਵੀ ਭਰਿਆ। 
ਪੰਜਾਬ ਦੇ ਨਾਮਵਰ ਬੁੱਧੀਜੀਵੀ, ਲੇਖਕ, ਗੁਲਜ਼ਾਰ ਸਿੰਘ ਸੰਧੂ ਨੇ 11 ਮਈ ਨੂੰ ਅਜੀਤ ਦੇ ਐਤਵਾਰ ਐਡੀਸ਼ਨ ਦੇ ਸੰਪਾਦਕੀ ਪੰਨੇ 'ਚ ਪਲਸ ਮੰਚ ਦੇ ਇਸ ਸਮਾਗਮ ਬਾਰੇ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਉਸ ਨੇ ਲਿਖਿਆ ਹੈ ਕਿ ਇਹ ਸਮਾਗਮ ਕਾਲੀ-ਬੋਲੀ ਰਾਤ ਅੰਦਰ ਰੌਸ਼ਨੀ ਕਰ ਰਹੇ ਕਾਫ਼ਲੇ ਦਾ ਪ੍ਰਭਾਵਸ਼ਾਲੀ ਸਮਾਗਮ ਹੈ। ਉਹਨਾਂ ਲਿਖਿਆ ਹੈ ਕਿ ਸਮਾਗਮ ਦਾ ਅਮਿੱਟ ਪ੍ਰਭਾਵ ਜੋ ਇਸਨੇ ਵੱਖ ਵੱਖ ਦਰਸ਼ਕਾਂ, ਸਰੋਤਿਆਂ ਦੀਆਂ ਰਾਵਾਂ ਜਾਨਣ ਤੋਂ ਬਾਅਦ ਨਚੋੜਵੀਂ ਟਿੱਪਣੀ ਵਿੱਚ ਦਰਜ ਕੀਤਾ ਹੈ, ਇਸ ਤੋਂ ਉਹਨਾਂ ਦੀ ਨੇਹਚਾ ਬੱਝਦੀ ਹੈ ਕਿ ਪਲਸ ਮੰਚ ਲੋਕ-ਪੱਖੀ ਸਭਿਆਚਾਰ ਦੀ ਮਿਸਾਲ ਅੱਗੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਉਹਨਾਂ ਨੇ ਵੱਖ ਵੱਖ ਨਾਟਕਾਂ ਅਤੇ ਹੋਰ ਕਲਾ ਵੰਨਗੀਆਂ 'ਤੇ ਪੜਚੋਲਵੀਂ ਟਿੱਪਣੀ ਕਰਦਿਆਂ ਇਸ ਸਮਾਗਮ ਨੂੰ ਅਰਥ-ਭਰਪੂਰ ਗੁਲਦਸਤੇ ਦਾ ਨਾਂ ਦਿੱਤਾ ਹੈ। 
ਇਸ ਵਾਰ ਦੀ ਰਾਤ ਕਾਮਾਗਾਟਾ ਮਾਰੂ ਦੀ 100ਵੀਂ ਵਰ੍ਹੇਗੰਢ ਅਤੇ 1857 ਦੇ ਗ਼ਦਰ ਮੌਕੇ ਅੰਗਰੇਜ਼ੀ ਰਾਜ ਖਿਲਾਫ ਬਗਾਵਤ ਕਰਨ ਵਾਲੇ ਮੀਆਂ-ਮੀਰ ਛਾਉਣੀ ਦੇ ਉਹਨਾਂ ਫੌਜੀਆਂ ਨੂੰ ਸਮਰਪਤ ਸੀ, ਜਿਹਨਾਂ ਦੇ ਨਾਂ 'ਤੇ ਸ਼ਹੀਦੀ ਖੂਹ ਅਜਨਾਲਾ ਸਥਾਪਤ ਹੋਇਆ ਹੈ। ਇਸ ਖੂਹ ਵਿੱਚੋਂ ਅਸਥੀਆਂ ਹਾਸਲ ਕਰਨ ਵਾਲੀ ਕਮੇਟੀ ਦਾ ਇਸ ਰਾਤ ਸਨਮਾਨ ਕਰਕੇ ਪਲਸ ਮੰਚ ਨੇ ਉਸ ਸਨਮਾਨਯੋਗ ਭੂਮਿਕਾ ਦਾ ਸਨਮਾਨ ਕੀਤਾ ਹੈ, ਜਿਹੜੀ ਕਮੇਟੀ ਨੇ ਕਿੰਨੀਆਂ ਹੀ ਵੰਗਾਰਾਂ ਦੇ ਬਾਵਜੂਦ ਅਡੋਲ ਰਹਿ ਕੇ ਅਦਾ ਕੀਤੀ ਹੈ। 
'ਯੁੱਧ ਤੇ ਬੁੱਧ' (ਡਾ. ਸਾਹਿਬ ਸਿੰਘ), 'ਸ਼ਹੀਦੀ ਖੂਹ ਦੀ ਆਵਾਜ਼' (ਅਮੋਲਕ ਸਿੰਘ), 'ਮਿਊਜ਼ੀਅਮ' (ਡਾ. ਅੰਕੁਰ ਸ਼ਰਮਾ), ਪਰਬਤੋਂ ਭਾਰੀ ਮੌਤ (ਹਰਕੇਸ਼ ਚੌਧਰੀ) ਅਤੇ 'ਪਾਏਦਾਨ' (ਡਾ. ਜਤਿੰਦਰ ਬਰਾੜ) ਦੀਆਂ ਨਾਟਕੀ ਰਚਨਾਵਾਂ ਨੂੰ ਕਰਮਵਾਰ ਡਾ. ਸਾਹਿਬ ਸਿੰਘ, ਹਰਵਿੰਦਰ ਦਿਵਾਨਾ, ਰੁਪਿੰਦਰ ਰਾਜੂ, ਡਾ. ਅੰਕੁਰ ਸ਼ਰਮਾ, ਹਰਕੇਸ਼ ਚੌਧਰੀ ਅਤੇ ਚੰਨ ਚਮਕੌਰ ਦੀ ਨਿਰਦੇਸ਼ਨਾ 'ਚ ਖੇਡੇ ਨਾਟਕਾਂ ਨੇ ਦਰਸ਼ਕਾਂ ਨੂੰ ਬੇਅੰਤ ਪ੍ਰਭਾਵਿਤ ਕੀਤਾ। 
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ ਅਤੇ ਉਸਦੀਆਂ ਬੇਟੀਆਂ), ਕਵੀਸ਼ਰੀ ਜੱਥਾ ਰਸੂਲਪੁਰ (ਅਮਰਜੀਤ ਪ੍ਰਦੇਸੀ), ਦਸਤਕ ਬੈਂਡ (ਰਾਜਵਿੰਦਰ ਡੀ.ਐਸ.ਓ. ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀਆਂ ਸੰਗੀਤ ਮੰਡਲੀਆਂ ਅਤੇ ਅੰਮ੍ਰਿਤਪਾਲs sਬਠਿੰਡਾ ਨੇ ਸੰਗੀਤਕ ਰੰਗ ਬੰਨ੍ਹਿਆ। 
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਇਸ ਵਾਰ ਆਪਣੇ ਸੰਬੋਧਨ 'ਚ ਪਲਸ ਮੰਚ ਨੂੰ ਦਰਪੇਸ਼ ਚੁਣੌਤੀਆਂ ਸਰ ਕਰਨ ਲਈ ਵਡੇਰੇ ਕਾਫਲੇ ਦੀ ਸਿਰਜਣਾ ਕਰਨ ਅਤੇ ਜਨਤਕ ਸਹਿਯੋਗ ਉੱਪਰ ਜ਼ੋਰ ਦਿੱਤਾ। ਉਹਨਾਂ ਨੇ ਲੋਕਾਂ, ਲੋਕ-ਸੰਗਰਾਮ, ਲੋਕ-ਸਰੋਕਾਰਾਂ, ਲੋਕ-ਧੁਨਾਂ ਅਤੇ ਲੋਕ-ਕਲਾ ਦੇ ਆਪਸੀ ਸਜਿੰਦ ਰਿਸ਼ਤੇ ਅਤੇ ਇਸਦੇ ਪ੍ਰਸਪਰ ਸਬੰਧਾਂ ਅੰਦਰ ਸਮੋਈ ਤਾਕਤ ਨੂੰ ਜਰਬਾਂ ਦੇਣ ਲਈ ਵਿਸ਼ੇਸ਼ ਕਰਕੇ ਨੌਜੁਆਨ ਪੀੜ੍ਹੀ ਨੂੰ ਪਲਸ ਮੰਚ ਦਾ ਪ੍ਰਚਮ ਉਠਾਉਣ ਲਈ ਜ਼ੋਰਦਾਰ ਸੱਦਾ ਦਿੱਤਾ। 
ਇਸ ਰਾਤ ਲੱਗਿਆ ਪੁਸਤਕ ਮੇਲਾ ਨਿਵੇਕਲਾ ਪ੍ਰਭਾਵ ਸਿਰਜ ਰਿਹਾ ਸੀ। ਮੰਚ ਤੋਂ ਵੰਨ-ਸੁਵੰਨੀਆਂ ਪੁਸਤਕਾਂ ਅਤੇ ਗੀਤਾਂ ਦੀਆਂ ਸੀ.ਡੀਜ਼ ਦੀ ਪਹਿਚਾਣ ਵੀ ਕਰਵਾਈ ਗਈ ਅਤੇ ਸਾਹਿਤ ਲੈ ਕੇ ਜਾਣ ਲਈ ਅਪੀਲ ਵੀ ਕੀਤੀ ਗਈ। 
ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਕ ਦੀ ਭੂਮਿਕਾ ਅਦਾ ਕਰਦਿਆਂ ਸਮਾਗਮ ਦੀ ਸਫਲਤਾ ਲਈ ਜਥੇਬੰਦੀਆਂ ਤੇ ਲੋਕਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਪਲਸ ਮੰਚ ਦੀਆਂ ਅਗਲੀਆਂ ਸਰਗਰਮੀਆਂ 'ਚ ਸਹਿਯੋਗ ਦਾ ਸੱਦਾ ਦਿੱਤਾ।

No comments:

Post a Comment