Saturday, July 5, 2014

ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇੱਜਤਾਂ ਦੀ ਰਾਖੀ ਲਈ ਜੂਝ ਰਹੇ ਲੋਕ

ਬਾਪੂ ਦਿਵਸ 'ਤੇ ਵਿਸ਼ੇਸ਼:
ਆਪਣੀਆਂ ਧੀਆਂ ਦੀਆਂ ਅਣਖਾਂ ਤੇ ਇੱਜਤਾਂ ਦੀ ਰਾਖੀ ਲਈ ਜੂਝ ਰਹੇ ਲੋਕ
ਕੱਲ੍ਹ ਬਾਪੂ-ਦਿਵਸ ਸੀ। ਜਦੋਂ ਸੁਖਬੀਰ ਬਾਦਲ ਦਾ ਪਿਆਰਾ ਬਾਪੂ ਤੇ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਪਾਦਲ ਤਲਵੰਡੀ ਸਾਬੋ ਦੇ ਇਲਾਕੇ ਵਿੱਚ ਆਪਣੇ ਪੂਰੇ ਅਮਲੇ ਫੈਲੇ ਨਾਲ ਦਰਬਾਰ ਲਗਾ ਕੇ ਸੰਗਤ ਦਰਸ਼ਨ ਦੇ ਨਾਂ ਹੇਠ ਇਹ ਵਿਧਾਨ ਸਭਾ ਸੀਟ ਜਿੱਤਣ ਦਾ ਜੁਗਾੜ ਬਣਾਉਣ ਚੜ੍ਹਿਆ ਸੀ ਤਾਂ ਗੰਧੜ ਪਿੰਡ ਦਾ ਇੱਕ ਗਰੀਬ ਦਲਿਤ ਬਾਪੂ, ਆਪਣੀ ਲਾਡਲੀ ਧੀ ਨਾਲ ਸਮੂਹਿਕ ਜਬਰ-ਜਿਹਾਨ ਕਰਨ ਵਾਲੇ ਤਿੰਨ ਗੁੰਡਿਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ ਲਈ ਬਾਦਲ ਦੇ ਦਰਬਾਰ ਵਿੱਚ ਅਰਜੋਈ ਕਰਨ ਚੱਲਿਆ ਸੀ। ਉਸਦੇ ਨਾਲ ਮਾਲਵੇ ਦੇ ਵੱਖ ਵੱਖ ਪਿੰਡਾਂ 'ਚੋਂ ਆਏ ਹਜ਼ਾਰਾਂ ਹੋਰ ਬਾਪੂ ਸਨ। ਅਕਾਲੀ ਆਗੂਆਂ ਅਤੇ ਇਹਨਾਂ ਦੇ ਪਾਲਤੂ ਪੁਲਸ ਅਫਸਰਾਂ ਦੀ ਛਤਰ-ਛਾਇਆ ਹੇਠ ਦਨਦਨਾ ਰਹੇ ਇਹਨਾਂ ਗੁੰਡਿਆਂ ਨੂੰ ਸਜ਼ਾਵਾਂ ਦੁਆ ਕੇ ਓਹ ਵੀ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਮਹਿਫੂਜ਼ ਕਰਨਾ ਚਾਹੁੰਦੇ ਸਨ। ਪਰ ਸੁਖਬੀਰ ਬਾਦਲ ਦੇ ਬੀਬੇ ਤੇ ਪਿਆਰੇ ਬਾਪੂ ਨੂੰ ਇਹਨਾਂ ਹਜ਼ਾਰਾਂ ਬਾਪੂਆਂ ਦੀਆਂ ਸ਼ਕਲਾਂ ਤੋਂ ਸ਼ਾਇਦ ਸਖਤ ਨਫਰਤ ਹੈ। ਉਹਨੂੰ ਲੱਗਦਾ ਹੈ ਕਿ ਇਹ ਸਾਰੇ ਬਾਪੂ ਉਸਦੇ ਪੁੱਤ ਦਾ ਅੰਨਤ ਕਾਲ ਤੱਕ ਪੰਜਾਬ 'ਤੇ ਰਾਜ ਕਰਨ ਦਾ ਸੁਪਨਾ ਚਕਨਾਚੂਰ ਕਰਨਾ ਚਾਹੁੰਦੇ ਹਨ, ਕਾਰੂੰ ਦੇ ਖਜ਼ਾਨਿਆਂ ਵਾਂਗ ਅਥਾਹ ਧਨ-ਦੌਲਤ ਇਕੱਠੀ ਕਰਨ ਦੀ ਉਸਦੀ ਮਨਸ਼ਾ ਪੂਰੀ ਨਹੀਂ ਹੋਣ ਦੇਣਾ ਚਾਹੁੰਦੇ। ਇਸੇ ਲਈ ਉਸਨੇ ਮਾਲਵੇ ਦੇ ਵੱਖ ਵੱਖ ਪਿੰਡਾਂ 'ਚੋਂ ਤੁਰੇ ਅਣਖੀ ਬਾਪੂਆਂ ਦੇ ਇਹਨਾਂ ਕਾਫਲਿਆਂ ਨੂੰ ਰਾਹਾਂ ਵਿੱਚ ਹੀ ਘੇਰਨ ਦੇ ਹੁਕਮ ਆਪਣੀ ਪੁਲਸ ਨੂੰ ਚਾੜ੍ਹ ਦਿੱਤੇ। 800 ਬਾਪੂ ਫੜ ਕੇ ਥਾਣਿਆਂ ਵਿੱਚ ਤੁੰਨ ਦਿੱਤੇ ਗਏ। ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ''ਬੀਬੇ ਬਾਪੂ'' ਬਾਦਲ ਦੀ ਲਾਡਲੀ ਪੁਲਸ ਦੇ ਦੋ ਅਧਿਕਾਰੀਆਂ— ਜਸਬੀਰ ਸਿੰਘ ਗੁਰਮੇਲ ਸਿੰਘ, ਨੇ ਹਿਰਾਸਤ ਵਿੱਚ ਲਈਆਂ 12 ਔਰਤਾਂ ਅਤੇ ਲੜਕੀਆਂ ਨੂੰ ''ਚਾਂਭਲੀਆਂ ਰੰਨਾਂ'' ਦੱਸ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ। ਸੱਤਾ ਦੇ ਨਸ਼ੇ ਵਿੱਚ ਚੂਰ ਅਕਾਲੀ-ਭਾਜਪਾ ਸਰਕਾਰ ਲਈ ਹੁਣ ਮਾਈ ਭਾਗੋ ਵਾਂਗੂੰ ਅਣਖ ਖਾਤਿਰ ਲੜਨ ਵਾਲੀਆਂ ਬੀਬੀਆਂ ''ਚਾਂਭਲੀਆਂ ਰੰਨਾਂ'' ਬਣ ਗਈਆਂ ਹਨ। 
ਬਾਪੂ ਦਿਵਸ 'ਤੇ ਅਸੀਂ ਗੰਧੜ ਪਿੰਡ ਦੇ ਉਸ ਗਰੀਬ ਦਲਿਤ ਬਾਪੂ ਦੇ ਸਿਦਕ ਨੂੰ ਸਲਾਮ ਕਰਦੇ ਹਾਂ, ਜਿਸਨੇ ਆਪਣੀ ਧੀ ਦੀ ਇੱਜਤ ਦਾ ਸੌਦਾ ਕਰਨ ਤੋਂ ਕੜਕਵੀਂ ਨਾਂਹ ਕੀਤੀ। ਤਿੰਨਾਂ ਗੁੰਡਿਆਂ ਦੇ ਪਰਿਵਾਰਾਂ ਵੱਲੋਂ ਦਸ ਦਸ ਲੱਖ ਰੁਪਏ ਦੇਣ ਦੀ ਪੇਸ਼ਕਸ਼ ਨੂੰ ਪੂਰੀ ਨਫਰਤ ਨਾਲ ਠੁਕਰਾਇਆ। ਪਿੰਡ ਦੇ ਸਾਬਕਾ ਸਰਪੰਚ ਨਾਲ ਉਹ ਸੀਰੀ ਸੀ, ਉਹਨੇ ਉਸਦੀ ਬਣਦੀ ਮਿਹਨਤ ਦੇ 25000 ਰੁਪਏ ਦੇਣ ਲਈ ਬਲਾਤਕਾਰੀਆਂ ਨਾਲ ਸਮਝੌਤਾ ਕਰਨ ਦੀ ਸ਼ਰਤ ਲਾ ਦਿੱਤੀ। ਫਾਕੇ ਕੱਟ ਕੇ ਵੀ ਉਹ ਆਪਣੀ ਧੀ ਦੀ ਅਣਖ ਦੀ ਰਾਖੀ ਲਈ ਡਟਿਆ ਰਿਹਾ। 25 ਮਈ ਤੋਂ ਹੁਣ ਤੱਕ ਉਹ ਦਰਜ਼ਨਾਂ ਵਾਰੀ ਪੁਲਸ ਹਿਰਾਸਤ ਵਿੱਚ ਗਿਆ, ਪੁਲਸ ਦੀਆਂ ਝਿੜਕਾਂ ਤੇ ਗਾਲ੍ਹਾਂ ਸੁਣੀਆਂ, ਪਿੰਡ ਦੇ ਚੌਧਰੀਆਂ ਦੇ ਬੋਲ-ਕੁਬੋਲ ਸੁਣੇ, ਪਰ ਇਸ ਸਭ ਕਾਸੇ ਦੇ ਬਾਵਜੂਦ ਆਪਣੇ ਸਿਦਕ ਤੋਂ ਨਹੀਂ ਡੋਲਿਆ। ਧੀ ਦੀ ਇੱਜਤ 'ਤੇ ਆਂਚ ਨਹੀਂ ਆਉਣ ਦਿੱਤੀ। 
ਅਸੀਂ ਸਲਾਮ ਕਰਦੇ ਹਾਂ, ਉਹਨਾਂ ਹਜ਼ਾਰਾਂ ਬਾਪੂਆਂ ਨੂੰ ਤੇ ਮਾਵਾਂ ਨੂੰ ਜਿਹਨਾਂ ਨੇ 25 ਮਈ ਤੋਂ ਲੈ ਕੇ ਹੁਣ ਤੱਕ ਅਣਖ, ਇੱਜਤ ਦੇ ਇਸ ਸੰਗਰਾਮ ਨੂੰ ਮੱਠਾ ਨਹੀਂ ਪੈਣਾ ਦਿੱਤਾ। ਹਉਮੈਂ ਦੇ ਪੁੱਤਾਂ ਨੇ ਇਨਸਾਫ ਨਹੀਂ ਕਰਨਾ। ਇਨਸਾਫ ਤਾਂ ਲੋਕ ਸੰਘਰਸ਼ਾਂ ਦੇ ਜ਼ੋਰ 'ਤੇ ਹੀ ਹੋਣਾ ਹੈ। ਇਨ੍ਹਾਂ ਬਾਪੂਆਂ ਦੇ ਸੰਗਰਾਮੀ ਹੱਥਾਂ ਨੇ ਵਰਤਮਾਨ ਦੀ ਹਿੱਕ 'ਤੇ ਜੋ ਸੂਹੇ ਹਰਫ਼ ਲਿਖੇ ਨੇ, ਉਹ ਹਮੇਸ਼ਾਂ ਅਮਿੱਟ ਰਹਿਣਗੇ।        —ਐਨ.ਕੇ. ਜੀਤ

No comments:

Post a Comment