Saturday, July 5, 2014

ਸਤਲੁਜ ਹੋਇਆ ਪਲੀਤ :ਕਈ ਥਾਵਾਂ 'ਤੇ ਪਾਣੀ 'ਈ' ਗਰੋਡ ਮਾਲਵੇ ਅਤੇ ਰਾਜਸਥਾਨ ਦੇ ਲੋਕ ਪੀਂਦੇ ਨੇ ਦੂਸ਼ਿਤ ਪਾਣੀ

ਸਤਲੁਜ ਹੋਇਆ ਪਲੀਤ :ਕਈ ਥਾਵਾਂ 'ਤੇ ਪਾਣੀ 'ਈ' ਗਰੋਡ
ਮਾਲਵੇ ਅਤੇ ਰਾਜਸਥਾਨ ਦੇ ਲੋਕ ਪੀਂਦੇ ਨੇ ਦੂਸ਼ਿਤ ਪਾਣੀ


ਜਲੰਧਰ, 26 ਜੂਨ(ਪਾਲ ਸਿੰਘ ਨੌਲੀ) ਪੰਜਾਬ ਦੀ ਸ਼ਾਹ ਰਗ ਅਖਵਾਉਂਦੇ ਸਤਲੁਜ ਦਰਿਆ ਦਾ ਪਾਣੀ ਹੁਣ ਕਿਸੇ ਵੀ ਕੰਮ ਆਉਣ ਵਾਲਾ ਨਹੀ ਰਿਹਾ। ਜਲੰਧਰ ਅਤੇ ਲੁਧਿਆਣਾ ਸ਼ਹਿਰਾਂ ਦਾ ਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਪੈਣ ਤੋਂ ਬਾਅਦ ਇਸ ਪਾਣੀ ਦੀ ਗੁਣਵੱਤਾ ਈਂ ਗਰੇਡ ਹੋ ਜਾਂਦੀ ਹੈ, ਜੋ ਸਭ ਤੋਂ ਖਤਰਨਾਕ ਹੈ। ਸਤਲੁਜ, ਬਿਆਸ ਅਤੇ ਘੱਗਰ ਦਰਿਆਵਾਂ ਦੇ ਪਾਣੀਆਂ ਦੀਆਂ ਆਈਆਂ ਰਿਪੋਰਟਾਂ ਵਿੱਚ ਬਿਆਸ ਨੂੰ ਛੱਡ ਕੇ ਬਾਕੀ ਦੋਵੇਂ ਦਰਿਆਵਾਂ ਦੇ ਪਾਣੀਆਂ ਬਾਰੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸਤਲੁਜ ਦਰਿਆ ਦਾ ਪਾਣੀ ਤਾਂ ਮਾਲਵੇ ਅਤੇ ਰਾਜਸਥਾਨ ਦੇ ਅੱਠ ਜਿਲ੍ਹਿਆਂ ਦੇ ਲੋਕ ਪੀ ਰਹੇ ਹਨ। ਸਤਲੁਜ ਦਾ ਪਾਣੀ ਦੀ ਹਾਲਤ ਤਾਂ ਜਨਵਰੀ 2009 ਦੀਆਂ ਰਿਪੋਰਟਾਂ ਤੋਂ ਬਾਅਦ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਪੀਲ 2014 ਦੀ ਰਿਪੋਰਟ ਅਨੁਸਾਰ ਸਤਲੁਜ ਦਾ ਪਾਣੀ ਦੋ ਥਾਵਾਂ ਤੋਂ ਈਂ ਗਰੇਡ ਦਾ ਹੋ ਜਾਂਦਾ ਹੈ, ਜੋ ਸਭ ਤੋਂ ਖਤਰਨਾਕ ਹੈ ਅਤੇ ਇਹ ਪਾਣਈ ਖੇਤੀ ਲਈ ਵਰਤੇ ਜਾਣ ਨਾਲ ਫੂਡ ਚੇਨ ਵਿੱਚ ਆਉਣ ਨਾਲ ਹੋਰ ਵੀ ਖਤਰਨਾਕ ਹੋ ਜਾਂਦਾ ਹੈ। 
ਜਨਵਰੀ 2009 ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਤਲੁਜ ਦਾ ਪਾਣੀ ਜਦੋਂ ਦਾਖਲ ਹੁੰਦਾ ਸੀ ਉਦੋਂ ਉਹ 'ਏ' ਗਰੇਡ ਦਾ ਹੁੰਦਾ ਸੀ ਪਰ ਅਪਰੈਲ 2014 ਦਾ ਰਿਪੋਰਟ ਅਨੁਸਾਰ ਪੰਜਾਬ ਵਿੱਚ ਦਾਖਲ ਹੋਣ ਵਾਲਾ ਸਤਲੁਜ ਦਰਿਆਦਾ ਪਾਣੀ 'ਬੀ' ਗਰੇਡ ਦਾ ਹੋ ਗਿਆ ਹੈ। ਸਤਲੁਜ ਦਰਿਆ ਦੇ ਪਾਣੀ ਵਿੱਚ ਬੁੱਢੇ ਨਾਲੇ ਦਾ ਪਾਣੀ ਪੈਣ ਤੋਂ ਬਾਅਦ 100 ਮੀਟਰ ਦੂਰ ਤੋਂ ਲਏ ਗਏ ਦਰਿਆ ਦੇ ਨਮੂਨਿਆਂ ਦੇ ਨਤੀਜੇ ਅਨੁਸਾਰ ਪਾਣੀ 'ਈ' ਗਰੇਡ ਦਾ ਹੋ ਜਾਂਦਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਅਨੁਸਾਰ ਬੁੱਢੇ ਨਾਲੇ ਦਾ ਪਾਣੀ ਪੈਣ ਨਾਲ ਇਹ ਪਾਣੀ 'ਈ' ਗਰੇਡ ਦਾ ਹੋ ਜਾਂਦਾ ਹੈ। ਇਹ ਪਾਣੀ ਖੇਤੀ ਲਈ ਵਰਤਣਾ ਵੀ ਖਤਰਨਾਕ ਹੈ। ਅਜਿਹੇ ਪਾਣੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸਤਲੁਜ ਦਰਿਆ ਦੇ ਦੂਸ਼ਿਤ ਪਾਣੀ ਅਤੇ ਜ਼ਹਿਰੀਲੇ ਪਾਣੀਆਂ ਵਿੱਚ ਹਰੀਕੇ ਪੱਤਣ ਤੋਂ ਬਿਆਸ ਦਰਿਆ ਦਾ ਪਾਣੀ ਰਲਣ ਨਾਲ ਇਸ ਦੀ ਸਥਿਤੀ 'ਚ ਕੁਝ ਸੁਧਾਰ ਹੋ ਜਾਂਦਾ ਹੈ। ਰਿਪੋਰਟ ਅਨੁਸਾਰ ਘੱਗਰ ਦਰਿਆ ਦਾ ਪਾਣੀ ਪੰਜਾਬ ਵਿੱਚ ਬਹੁਤੀਆਂ ਥਾਵਾਂ 'ਤੇ 'ਡੀ' ਗਰੇਡ ਕਲਾਸ ਦਾ ਹੀ ਵਗਦਾ ਹੈ। ਇੱਕ ਥਾਂ 'ਤੇ ਤਾਂ ਘੱਗਰ ਦਰਿਆ ਦਾ ਪਾਣੀ ਵੀ 'ਈ' ਗਰੇਡ ਦਾ ਹੋ ਜਾਂਦਾ ਹੈ। 
ਜਲੰਧਰ, ਫਗਵਾੜਾ ਤੇ ਹੁਸ਼ਿਆਰਪੁਰ ਦੇ ਕੁਝ ਹਿੱਸੇ ਦਾ ਪਾਣੀ ਚਿੱਟੀ ਵੇਈਂ ਰਾਹੀ ਗਿੱਦੜਪਿੰਡੀ ਕੋਲ ਸਤਲੁਜ ਦਰਿਆ ਵਿੱਚ ਪੈਂਦਾ ਹੈ, ਜਿਸ ਕਰਕੇ ਇੱਥੇ ਵੀ ਸਤਲੁਜ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਧਰਮਕੋਟ ਕੋਲ ਵੀ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਪਲੀਤ ਹੋ ਚੁੱਕਿਆ ਹੈ।          (ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ)


ਵਾਤਾਵਰਣ ਦੀ ਰਾਖੀ ਦਾ ਸੁਆਲ 

ਵਾਤਾਵਰਣ ਨੂੰ ਗੰਧਲਾਇਆ ਜਾਣਾ ਅਤੇ ਇਸਦੀ ਤਬਾਹੀ ਬਹੁਤ ਵੱਡੀ ਚਣੌਤੀ ਹੈ। ਪਾਣੀ, ਹਵਾ ਤੇ ਧਰਤੀ ਪ੍ਰਦੂਸ਼ਤ ਹੋ ਚੁੱਕੀ ਹੈ। ਜੰਗਲਾਂ ਦੀ ਤਬਾਹੀ, ਇਲੇਕਟਰੋਨਿਕ ਤਰੰਗਾਂ, ਇਲੈਕਟਰੋਨਿਕ ਤੇ ਪਲਾਸਟਿਕ ਕਚਰਾ, ਵਾਯੂਮੰਡਲ 'ਤੇ ਓਜ਼ੋਨ ਤਹਿ ਦੀ ਤਬਾਹੀ, ਵਾਤਾਵਰਣ ਵਿਚ ਕਾਰਬਨ-ਡਾਓਕਸਾਇਡ 'ਤੇ ਤਾਪਮਾਨ ਦੇ ਵਧਣ ਨੇ ਮਨੁੱਖਾਂ, ਜਾਨਵਰਾਂ ਅਤੇ ਕੁਦਰਤ ਨੂੰ ਤਬਾਹੀ ਦੇ ਕੰਢੇ ਲੈ ਆਂਦਾ ਹੈ।

ਇਸ ਦੀ ਜਿੰਮੇਵਾਰ ਸੰਸਾਰ-ਸਰਮਾਏਦਾਰੀ ਹੈ, ਇਸ ਦਾ ਇਕੋ ਇੱਕ ਕਰਮ-ਧਰਮ ਮੁਨਾਫਾ ਹੈ। ਮੁਨਾਫੇ ਖਾਤਰ ਇਹ ਕੁਝ ਵੀ ਕਰਦੀ ਹੈ, ਮਨੁੱਖਾਂ ਸ਼ਕਤੀ ਅਤੇ ਕੁਦਰਤ ਦੀ ਇਹ ਅੰਨੀ ਲੁੱਟ ਹੀ ਨਹੀਂ ਕਰਦੀ ਸਗੋਂ ਉਜਾੜਦੀ ਹੈ। ਇਹ ਅਜਿਹਾ ਦੈਂਤ-ਸਾਨ੍ਹ ਹੈ ਜਿਹੜਾ ਚਰਦਾ ਹੈ ਹੀ ਅਤੇ ਇਸਤੋਂ ਵੱਧ ਉਜਾੜਦਾ ਹੈ। ਮਨੁੱਖਾ ਜੀਵਨ ਅਤੇ ਕੁਦਰਤੀ ਵਾਤਾਵਰਣ ਨੂੰ ਇਸੇ ਮੁਨਾਫਾ ਅਤੇ ਉਜਾੜਾ ਮੁਖੀ ਸੰਸਾਰ ਸਰਮਾਏਦਾਰੀ ਤੋਂ ਸੱਭ ਤੋਂ ਵੱਧ ਖਤਰਾ ਹੈ। ਸਰਵਪੱਖੀ ਲੋਕ-ਲਹਿਰ ਉਸਾਰਨ ਖਾਤਰ ਵਾਤਾਵਰਣ ਦੀ ਰਾਖੀ ਦਾ ਸੰਘਰਸ਼ ਬੇਹੱਦ ਅਹਿਮ ਹੈ। ਨਸ਼ਿਆਂ ਖ਼ਿਲਾਫ ਲੋਕ ਆਵਾਜ ਉੱਠਣੀ ਅਤੇ ਲੋਕ ਜੱਥੇਬੰਦੀਆਂ ਵਲੋਂ ਚੇਤਨ ਸੰਘਰਸ਼ ਵਿੱਢਣ ਦੀਆਂ ਕੋਸ਼ਸਾਂ ਚੰਗੀ ਸ਼ੁਰੂਆਤ ਹੈ। ਇਸਦੇ ਨਾਲ ਹੀ ਵਾਤਾਵਰਣ ਦੀ ਰਾਖੀ ਦੇ ਸੰਘਰਸ਼ ਨੂੰ ਬੁਲੰਦ ਕਰਨ ਦੀ ਲੋੜ ਹੈ। ਇਹ ਹੋਰ ਵੀ ਅਹਿਮ ਹੈ ਕਿ ਵਾਤਾਵਰਣ ਦੀ ਤਬਾਹੀ ਦੇ ਜਿੰਮੇਵਾਰ ਦੋਸ਼ੀਆਂ ਨੂੰ ਟਿੱਕਿਆਂ ਜਾਵੇ! ਸੰਸਾਰ-ਸਰਮਾਏਦਾਰੀ ਦੇ ਅੰਗਾਂ ਦੇਸੀ-ਵਿਦੇਸ਼ੀ ਵੱਡੀਆਂ ਕੰਪਨੀਆਂ (ਕਾਰਪੋਰੇਟ ਸੈਕਟਰ) ਅਤੇ ਇਹਨਾਂ ਵਲੋਂ ਲੋਕਾਂ ਅਤੇ ਦੇਸ਼ ਦੀ ਅੰਨੀ ਲੁੱਟ ਕਰਵਾਉਂਣ ਵਾਲੀਆਂ ਸਰਕਾਰੀ ਨੀਤੀਆਂ ਖ਼ਿਲਾਫ ਸੰਘਰਸ਼ ਵਿੱਢਿਆ ਜਾਵੇ। ਮਜ਼ਦੂਰਾਂ-ਮਿਹਨਤਕਸ਼ਾਂ ਦੇ ਜਮਾਤੀ ਹਿੱਤਾਂ ਦੇ ਨਜ਼ਰੀਏ ਤੋਂ ਸੰਘਰਸ਼ ਲੜਿਆ ਜਾਵੇ। ਇਹ ਲੋਕ ਹਿੱਤੂ ਬੁੱਧੀਜੀਵੀਆਂ ਦੇ ਹਿੱਸੇ ਆਉਂਦਾ ਕੰਮ ਹੈ ਕਿ ਉਹ ਵਾਤਾਵਰਣ ਦੀ ਤਬਾਹੀ ਦੀਆਂ ਦੋਸ਼ੀ ਤਾਕਤਾਂ ਬਾਰੇ, ਇਸ ਤਬਾਹੀ ਦੀ ਰਾਜਨੀਤਕ ਆਰਥਕਤਾ ਬਾਰੇ ਅਤੇ ਇਸਦੇ ਸਮਾਜਕ-ਸਿਹਤ 'ਤੇ ਮਾਰੂ ਅਸਰਾਂ ਬਾਰੇ ਜਮਾਤੀ ਨਜ਼ਰੀਏ ਤੋਂ ਲੋਕਾਂ ਸਾਹਮਣੇ ਪਰਦਾਚਾਕ ਅਤੇ ਵਿਸ਼ਲੇਸ਼ਣ ਪੇਸ਼ ਕਰਨ।                                     
- 0 -
ਬੁੱਢੇ ਨਾਲੇ ਦਾ ਪਾਣੀ ਕਰਦਾ ਹੈ ਸਤਲੁਜ ਨੂੰ ਸਭ ਤੋਂ ਵੱਧ ਦੂਸ਼ਿਤ 
ਬੁੱਢੇ ਨਾਲੇ ਦਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਤੋਂ ਬਾਅਦ ਇਸ ਪਾਣੀ 'ਚ ਆਕਸੀਜਨ ਦੀ ਮਾਤਰਾ ਏਨੀ ਘਟ ਜਾਂਦੀ ਹੈ ਕਿ ਦਰਿਆ ਵਿਚਲੇ ਜੀਵ ਖ਼ਤਮ ਹੋ ਜਾਂਦੇ ਹਨ। ਸਤਲੁਜ ਦਰਿਆ ਵਿੱਚ ਬੁੱਢਾ ਨਾਲਾ ਪੈਣ ਤੋਂ ਪਹਿਲਾਂ ਦਰਿਆ ਦੇ 100 ਮਿਲੀਲਿਟਰ ਪਾਣੀ ਵਿੱਚ ਕੋਲੀਫੋਰਮ ਦੀ ਦਰ 500 ਦੇ ਕਰੀਬ ਹੁੰਦੀ ਹੈ ਪਰ ਦਰਿਆ ਵਿੱਚ ਬੁੱਢੇ ਨਾਲੇ ਦੇ ਰਲੇਵਾਂ ਹੋਣ ਤੋਂ ਬਾਅਦ ਇਹ ਦਰ 65000 ਪ੍ਰਤੀ ਮਿਲੀਲਿਟਰ ਹੋ ਜਾਂਦੀ ਹੈ ਜੋ ਕਿ ਬਹੁਤ ਖਤਰਨਾਕ ਹੈ। ਇਥੇ ਹੀ ਫੀਕਲ ਰੋਲੀਫੋਰਮ ਦੀ ਦਰ 40 ਹਜ਼ਾਰ ਮਿਲੀਲਿਟਰ ਹੋ ਜਾਂਦੀ ਹੈ। ਬੋਰਡ ਦੇ ਸੂਤਰਾਂ ਅਨੁਸਾਰ ਅਜਿਹੀ ਸਥਿਤੀ ਵਿੱਚ ਪਾਣੀ ਫੂਡ ਚੇਨ ਲਈ ਸਭ ਤੋਂ ਖਤਰਨਾਕ ਹੈ।

No comments:

Post a Comment