Tuesday, July 8, 2014

ਨਸ਼ਿਆਂ ਰਾਹੀਂ ਸਿਵੇ ਮਘਦੇ ਰੱਖਣ ਵਾਲੇ ਸਿਆਸੀ ਮੁਜ਼ਰਮਾਂ ਨੂੰ ਨੱਥ ਪਾਓ


ਨਸ਼ਿਆਂ ਰਾਹੀਂ ਸਿਵੇ ਮਘਦੇ ਰੱਖਣ ਵਾਲੇ ਸਿਆਸੀ ਮੁਜ਼ਰਮਾਂ ਨੂੰ ਨੱਥ ਪਾਓ
ਨਸ਼ਾ-ਮੁਕਤੀ ਮੁਹਿੰਮ ਨੂੰ ਹੱਥ ਲੈਣ ਲਈ ਪੈੜਾ ਬੰਨ੍ਹੋ
ਪੰਜਾਬ ਅੰਦਰ ਨਸ਼ਿਆਂ ਰਾਹੀਂ ਸਿਵੇ ਮਘਦੇ ਰੱਖਣ ਵਾਲੇ ਸਿਆਸੀ ਮੁਜ਼ਰਮਾਂ ਦੇ ਨਾਂਅ ਹਰ ਕਿਸੇ ਦੀ ਜ਼ੁਬਾਨ 'ਤੇ ਹਨ। ਪੰਜਾਬ ਦੇ ਲੋਕਾਂ ਨੇ ਚੋਣਾਂ ਦੌਰਾਨ ਚਰਚਾ ਭਖਾ ਕੇ ਤੇ ਰੋਸ ਪ੍ਰਗਟਾਵਾ ਕਰਕੇ ਇਨ੍ਹਾਂ ਮੁਜ਼ਰਮਾਂ ਨੂੰ ਇੱਕ ਕਿਸਮ ਦੀ ਸਿਆਸੀ ਸਜ਼ਾ ਦਿੱਤੀ ਹੈ। ਪਰ ਜ਼ੁਰਮ ਬਹੁਤ ਸੰਗੀਨ ਹੈ। ਸਜ਼ਾ ਬਹੁਤ ਛੋਟੀ ਹੈ। ਦੋ ਪਈਆਂ ਵਿੱਸਰ ਗਈਆਂ, ਸਦਕੇ ਮੇਰੀ ਢੂਹੀ ਦੇ। ਇਹ ਅਜਿਹਾ ਸੋਚਣ ਵਾਲੇ ਢੀਠ ਸਿਆਸਤਦਾਨ ਹਨ। ਇਨ੍ਹਾਂ ਨੂੰ ਜਥੇਬੰਦ ਤੇ ਜਬਤਬੱਧ ਲੋਕ-ਰੋਹ ਦੀ ਕਰਾਰੀ ਫੇਟ ਮਾਰਨ ਦੀ ਲੋੜ ਹੈ। ਮੁਜ਼ਰਮਾਂ ਦੇ ਇਸ ਗ੍ਰੋਹ ਦੀਆਂ ਜੜ੍ਹਾਂ ਸੰਸਾਰ ਸਿਆਸਤ ਦੇ ਪਤਾਲ 'ਚ ਹਨ। ਦੇਸੀ ਹੁਕਮਰਾਨ ਤੇ ਉਨ੍ਹਾਂ ਦੇ ਸਾਮਰਾਜੀ ਸਰਪ੍ਰਸਤ ਨਵ-ਉਦਾਰਵਾਦੀ ਨੀਤੀਆਂ ਮੜ੍ਹਨ ਰਾਹੀਂ ਸਾਡੀ ਰੱਤ ਨਿਚੋੜਨ ਦੀ ਬਾਕਾਇਦਾ ਤਰਕੀਬ ਘੜਦੇ ਹਨ। ਉਦੋਂ ਉਹ ਇਸ ਰੱਤ 'ਚ ਆਉਣ ਵਾਲੇ ਉਬਾਲ ਦਾ ਵੀ ਫ਼ਿਕਰ ਕਰਦੇ ਹਨ। ਉਬਾਲ ਨੂੰ ਠੱਲ੍ਹਣ ਲਈ ਗੰਭੀਰ ਪੇਸ਼ਬੰਦੀਆਂ ਵੀ ਕਰਦੇ ਹਨ। ਬਰੂਦ ਦੀ ਵਾਛੜ ਕਰਨ ਦੀ ਤਿਆਰੀ ਵਧਾਉਣਾ ਇਨ੍ਹਾਂ ਦੀ ਪ੍ਰਮੁੱਖ ਪੇਸ਼ਬੰਦੀ ਹੈ। ਨਸ਼ਿਆਂ ਦੀ ਗਰਕਣ ਤੇ ਕਾਮ-ਵਾਸ਼ਨਾ ਦੇ ਉਕਸਾਵੇ ਨੂੰ ਛੱਤਣੀਂ ਚਾੜ੍ਹਨਾ ਉਨ੍ਹਾਂ ਦੀ ਮਹੱਤਵਪੂਰਨ ਪੇਸ਼ਬੰਦੀ ਹੈ। ਧਾਰਮਿਕ ਜਨੂੰਨ, ਜਾਤਪਾਤੀ ਤੁਅੱਸਬ, ਇਲਾਕਾਪ੍ਰਸਤੀ ਤੇ ਅੰਨ੍ਹੀ ਕੌਮਪ੍ਰਸਤੀ ਦਾ ਜਨੂੰਨ ਭੜਕਾਉਣਾ ਉਨ੍ਹਾਂ ਦੇ ਬੇਹੱਦ ਕਾਰਗਰ ਹਥਿਆਰ ਹਨ। ਇਸ ਤਰ੍ਹਾਂ ਇਨ੍ਹਾਂ ਪੁਰਾਤਨ ਪੰਥੀ, ਸਨਾਤਨੀ ਵਿਚਾਰਾਂ ਵਿੱਚ ਲੋਕਾਂ ਨੂੰ ਡੁਬੋਈ ਰੱਖਣਾ ਉਨ੍ਹਾਂ ਦਾ ਵਿਆਪਕ ਅਤੇ ਬੇਹੱਦ ਕਾਰਗ਼ਰ ਹਥਿਆਰ ਹੈ। ਇਸ ਲਈ ਆਵਦੇ ਆਰਥਿਕ ਤੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਅਤੇ ਆਰਥਿਕ ਤੇ ਸਿਆਸੀ ਮੁਕਤੀ ਦੀ ਲੜਾਈ ਨੂੰ ਅੱਗੇ ਵਧਾਉਣਾ ਤੇ ਸਿਰੇ ਲਾਉਣਾ ਸੌਖਾ ਤੇ ਸਿੱਧ-ਪੱਧਰਾ ਕੰਮ ਨਹੀਂ ਹੈ। ਇਹ ਕੰਮ ਓਨਾ ਚਿਰ ਅਸੰਭਵ ਬਣਿਆ ਰਹੇਗਾ ਜਿੰਨਾ ਚਿਰ ਹਾਕਮਾਂ ਦੇ ਇਨ੍ਹਾਂ ਹਥਿਆਰਾਂ ਨੂੰ ਨਾਕਾਮ ਨਹੀਂ ਬਣਾਇਆ ਜਾਂਦਾ। ਇਨ੍ਹਾਂ ਖਿਲਾਫ਼ ਲੜਾਈ ਨੂੰ ਆਰਥਿਕ ਹਿਤਾਂ ਦੀ ਲੜਾਈ ਨਾਲ ਜੋੜਕੇ ਨਹੀਂ ਚਲਾਇਆ ਜਾਂਦਾ।
ਇਸ ਲਈ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਨਸ਼ਿਆਂ ਦੀ ਆਦਤ ਤੋਂ ਮੁਕਤ ਹੋਣ ਦੀ ਪ੍ਰੇਰਨਾ ਦੇਣਾ ਤੇ ਨਸ਼ਾ-ਮੁਕਤ ਕਰਵਾਉਣਾ ਸਾਡਾ ਮਹੱਤਵਪੂਰਣ ਸਰੋਕਾਰ ਬਣਨਾ ਚਾਹੀਦਾ ਹੈ। ਇਸ ਕਾਰੋਬਾਰ ਦੇ ਸਿਆਸੀ ਦੋਸ਼ੀਆਂ ਨੂੰ ਟਿੱਕਣਾ, ਜੁੱਫਣਾ-ਨਜਿੱਠਣਾ, ਨਿਖੇੜਨਾ ਅਤੇ ਸਿਆਸੀ ਤੇ ਪ੍ਰਸ਼ਾਸਨਿਕ ਸਜ਼ਾਵਾਂ ਦੁਆਉਣਾ ਨਾਲ ਲੱਗਵਾਂ ਕਦਮ ਹੋਣਾ ਚਾਹੀਦਾ ਹੈ। ਇਸ ਮਕਸਦ ਲਈ ਨਸ਼ਾ ਮੁਕਤੀ ਮੁਹਿੰਮ ਲਈ ਨੀਤੀਗਤ ਕਦਮਾਂ ਦਾ ਪੂਰ ਤਿਆਰ ਕਰਕੇ ਘੋਲ ਮੰਗਾਂ ਛਾਂਟਣ ਦੀ ਲੋੜ ਹੈ। ਇਨ੍ਹਾਂ ਮੰਗਾਂ ਦਾ ਭਖੀਆਂ ਹੋਈਆਂ ਹੋਰਨਾਂ ਮੰਗਾਂ ਨਾਲ ਜੋੜਮੇਲ ਬਿਠਾਉਣਾ ਸਾਡੀ ਲਹਿਰ ਦੇ ਵਧਾਰੇ ਦੀ ਤੱਦੀ ਵਾਲੀ ਲੋੜ ਹੈ। ਇਸ ਨੂੰ ਹੱਥ ਪਾਓ ਤੇ ਅੱਗੇ ਵਧਣ ਲਈ ਰਾਹ ਪੱਧਰਾ ਕਰੋ। ਇਸ ਮੁੱਦੇ ਉੱਪਰ ਪੰਜਾਬ ਦੇ ਨੌਜਵਾਨ, ਔਰਤਾਂ ਤੇ ਸਮਾਜਿਕ ਸੋਝੀ ਵਾਲੇ ਬਾਰਸੂਖ਼ ਹਿੱਸੇ ਸੰਘਰਸ਼ 'ਚ ਕੁੱਦਣ ਲਈ ਤਤਪਰ ਹਨ। ਇਨ੍ਹਾਂ ਵੱਲ ਹੱਥ ਵਧਾਓ ਅਤੇ ਇਨ੍ਹਾਂ ਨੂੰ ਘੋਲ ਦੀ ਬੁੱਕਲ 'ਚ ਲਓ।
(ਕਿਸਾਨ-ਮਜ਼ਦੂਰ ਖ਼ਬਰਨਾਮਾ 'ਚੋਂ)

No comments:

Post a Comment