Friday, March 17, 2023

‘ਨਕਸਲਵਾਦ, ਬੰਦੂਕਧਾਰੀ ਹੋਵੇ ਜਾਂ ਪੈਨ ਵਾਲਾ-ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ’’-ਮੋਦੀ

             ‘ਨਕਸਲਵਾਦ, ਬੰਦੂਕਧਾਰੀ ਹੋਵੇ ਜਾਂ ਪੈਨ ਵਾਲਾ-ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ’’-ਮੋਦੀ

28 ਅਕਤੂਬਰ 2022 ਨੂੰ ਫਰੀਦਾਬਾਦ ਵਿਖੇ, ਸੂਬਿਆਂ ਦੇ ਗ੍ਰਹਿ-ਮੰਤਰੀਆਂ ਅਤੇ ਪੁਲਿਸ ਮੁਖੀਆਂ ਦੇ ਹੋਏ ‘ਚਿੰਤਨ ਸ਼ਿਵਰ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਹਰ ਕਿਸਮ ਦੇ ਨਕਸਲਵਾਦ ਨੂੰ ਹਰਾਉਣ ਦਾ ਸੱਦਾ ਦਿੱਤਾ। ਉਸ ਅਨੁਸਾਰ, ਇਉ ਕਰਕੇ ਹੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਪਧਾਨ ਮੰਤਰੀ ਨੇ ਆਪਣੇ ਸੱਦੇ ਦੀ ਕਈ ਪੱਖਾਂ ਤੋਂ ਵਿਆਖਿਆ ਕੀਤੀ। ਉਸ ਅਨੁਸਾਰ, ਹਾਲੀਆ ਸਾਲਾਂ ’ਚ ਸਾਰੀਆਂ ਸਰਕਾਰਾਂ ਨੇ, ਦਹਿਸ਼ਤੀ ਤਾਣੇ-ਬਾਣੇ ਨੂੰ ਤਬਾਹ ਕਰਨ ਲਈ ਰਲ ਕੇ ਕੰਮ ਕੀਤਾ ਹੈ। ਹੁਣ ਦੇਸ਼ ਦੀ ਜੁਆਨੀ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ, ਕਲਮਾਂ ਵਾਲੇ ਨਕਸਲੀਆਂ ਤੇ ਮਾਓਵਾਦੀਆਂ ਨੂੰ ਖਤਮ ਕਰਨ ਦਾ ਸਮਾਂ ਹੈ। ਸਰਦਾਰ ਪਟੇਲ ਤੋਂ ਪ੍ਰੇਰਨਾ ਲੈ ਕੇ ਕੌਮੀ ਏਕਤਾ ਤੇ ਅਖੰਡਤਾ ਵਾਸਤੇ, ਸਾਡੇ ਦੇਸ਼ ਅੰਦਰ ਅਜਿਹੀਆਂ ਸ਼ਕਤੀਆਂ ਨੂੰ ਵਧਣ ਫੁੱਲਣ ਦੀ ਇਜਾਜ਼ਤ ਨਹੀਂ ਦੇ ਸਕਦੇ। 

ਮੋਦੀ ਨੇ ਨਕਸਲ ਪ੍ਰਭਾਵਤ ਜਿਲ੍ਹਿਆਂ ਦੀ ਘਟ ਰਹੀ ਗਿਣਤੀ ਦਾ ਜ਼ਿਕਰ ਕੀਤਾ। ਜੰਮੂ-ਕਸ਼ਮੀਰ ਹੋਵੇ ਜਾਂ ਉੱਤਰ-ਪੂਰਬ, ਸਦੀਵੀ ਸ਼ਾਂਤੀ ਵੱਲ ਤੇਜ਼ੀ ਨਾਲ ਵਧਣ ਦੀ ਡੀਂਗ ਮਾਰੀ ਹੈ। ਸਾਰੇ ਖੇਤਰਾਂ ’ਚ ਤੇਜ਼ ਵਿਕਾਸ-ਸਮੇਤ ਬੁਨਿਆਦੀ ਢਾਂਚਾ-’ਤੇ ਧਿਆਨ ਕੇਂਦਰਤ ਕਰਨ ਬਾਰੇ ਕਿਹਾ। ਗੈਰ-ਕਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਰਗੇ ਸਖਤ ਕਾਨੂੰਨਾਂ ਨੇ ਦਹਿਸ਼ਤਗਰਦੀ ਖਿਲਾਫ ਫੈਸਲਾਕੁਨ ਜੰਗ ਨੂੰ ਮਜ਼ਬੂਤ ਕੀਤਾ ਹੈ। 

ਲੋਕਾਂ ਨੂੰ ਵਰਗਲਾਏ ਜਾਣ ਤੋਂ ਬਚਾਉਣ ਅਤੇ ਅਮਨ ਕਾਨੂੰਨ ਦੀ ਰਾਖੀ ਲਈ, ਉਸ ਨੇ ਚਿਤਾਵਨੀਆਂ ਅਤੇ ਸੁਝਾਅ ਦਿੱਤੇ ਹਨ। ਝੂਠੀਆਂ ਖਬਰਾਂ ਸਬੰਧੀ ਲੋਕਾਂ ਨੂੰ ਚੌਕਸ ਕੀਤਾ ਹੈ। ਅਤੇ ਖਬਰਾਂ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ, ਤਕਨੀਕ ਵਰਤ ਕੇ ਸੱਚ-ਝੂਠ ਦਾ ਪਤਾ ਲਾਉਣ ਨੂੰ ਕਿਹਾ ਹੈ। ਸੂਬਿਆਂ ਦੀਆਂ ਪੁਲੀਸ ਸ਼ਕਤੀਆਂ ਦਰਮਿਆਨ ਤਾਲਮੇਲ ਨੂੰ ਬਿਹਤਰ ਕਰਨ ਲਈ ਅਤੇ ਆਪਣੀ ਕਾਰਗੁਜਾਰੀ ਨੂੰ ਅਸਰਦਾਰ ਬਣਾਉਣ ਲਈ ਨਵੇਂ ਵਾਹਨ ਖਰੀਦਣ ਤੇ ਵਿਕਸਤ ਤਕਨੀਕ ਵਰਤਣ ’ਤੇ ਜ਼ੋਰ ਦਿੱਤਾ। 

ਉਧਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲੀਆਂ ਨੂੰ ਖਤਮ ਕਰਨ ਲਈ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ. ਆਰ. ਪੀ. ਐਫ਼. ) ਦੇ ਪਟੇ ਖੋਲ੍ਹ ਦਿੱਤੇ ਹਨ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਮੁਤਾਬਿਕ, ‘‘ਗ੍ਰਹਿ ਮੰਤਰੀ ਨੇ ਸੀ.ਆਰ.ਪੀ.ਐਫ ਨੂੰ ਅਗਲੇ 6 ਮਹੀਨਿਆਂ ਵਿਚ ਖੱਬੇ-ਪੱਖੀ ਅੱਤਵਾਦ ਖਿਲਾਫ ਅਸਰਦਾਰ ਤੇ ਫੈਸਲਾਕੁਨ ਮੁਹਿੰਮ ਚਲਾਉਣ ਲਈ ਨਿਰਦੇਸ਼ ਦਿੱਤਾ ਹੈ। ਸ਼ਹਿਰੀ ਨਕਸਲੀਆਂ ਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਲੋੜ ਹੈ। ਗ੍ਰਹਿ ਮੰਤਰੀ ਨੇ ਜ਼ੋਰ ਦਿੱਤਾ ਕਿ ਖੱਬੇ ਪੱਖੀ ਅੱਤਵਾਦ ਦੇ ਖੇਤਰਾਂ ’ਚ ਸੜਕੀ ਪਹੁੰਚ ਅਤੇ ਮੈਡੀਕਲ ਅਧਾਰ-ਢਾਂਚੇ ਨੂੰ ਉਗਾਸਾ ਦੇਣਾ ਚਾਹੀਦਾ ਹੈ।’’ 

ਆਪਣੇ ਕਈ ਮੰਤਰੀ ਸਾਥੀਆਂ ਸਮੇਤ, ਬਿਹਾਰ, ਉੜੀਸਾ, ਮਹਾਂਰਾਸ਼ਟਰ, ਤਿਲੰਗਾਨਾ, ਮੱਧਪ੍ਰਦੇਸ਼ ਤੇ ਝਾਰਖੰਡ ਦੇ ਮੁੱਖ ਮੰਤਰੀਆਂ, ਆਂਧਰਾ ਦੇ ਗ੍ਰਹਿ ਮੰਤਰੀ , ਛੱਤੀਸਗੜ੍ਹ, ਬੰਗਾਲ ਤੇ ਕੇਰਲਾ ਦੇ ਉੱਚ-ਅਧਿਕਾਰੀ, ਗ੍ਰਹਿ ਸਕੱਤਰ, ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਚੋਟੀ ਦੇ ਅਧਿਕਾਰੀ ਅਤੇ ਕੇਂਦਰੀ ਤੇ ਸੂਬਾ ਸਰਕਾਰਾਂ ਦੇ ਕਈ ਉੱਚ-ਅਧਿਕਾਰੀਆਂ ਵਾਲੀ ਇਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਖੱਬੇ-ਪੱਖੀ ਅੱਤਵਾਦ  ਦਾ ਮੂਲ ਕਾਰਨ, ਅਜ਼ਾਦੀ ਦੇ 6 ਦਹਾਕਿਆਂ ਤੋਂ ਉੱਥੇ ਵਿਕਾਸ ਨਾ ਹੋਣਾ ਹੈ, ਪਰ ਖੱਬੇ-ਪੱਖੀ ਅੱਤਵਾਦ ਦੀ ਸਮੱਸਿਆ ਤੋਂ ਮੁਕੰਮਲ ਛੁਟਕਾਰੇ ਤੋਂ ਬਗੈਰ, ਇਸ ਤੋਂ ਪ੍ਰਭਾਵਤ ਸੂਬਿਆਂ ਤੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਅਤੇ ਨਾ ਹੀ ਇਸ ਨੂੰ ਖਤਮ ਕੀਤੇ ਬਿਨਾਂ ਹੇਠਾਂ ਤੱਕ ਜਮਹੂਰੀਅਤ ਲਾਗੂ ਹੋ ਸਕਦੀ ਹੈ। 

ਇਹ ਕਰਨ ਲਈ ਖੱਬੇ-ਪੱਖੀ ਅੱਤਵਾਦੀਆਂ ਦੀ ਆਮਦਨ ਦੇ ਸੋਮਿਆਂ ਨੂੰ ਨਸ਼ਟ ਕਰਨਾ ਬਹੁਤ ਮਹੱਤਵਪੂਰਨ ਹੈ। ਗ੍ਰਹਿ ਮੰਤਰੀ ਨੇ ਸਭਨਾਂ ਮੁੱਖ ਮੰਤਰੀਆਂ ਨੂੰ, ਅਗਲੇ ਇੱਕ ਸਾਲ ਵਾਸਤੇ ਖੱਬੇ-ਪੱਖੀ ਅੱਤਵਾਦ ਦੀ ਸਮੱਸਿਆ ਨੂੰ ਤਰਜੀਹੀ ਤੌਰ ’ਤੇ ਨਜਿੱਠਣ ੳੱੁਤੇ ਜ਼ੋਰ ਦਿੱਤਾ।   

No comments:

Post a Comment