Friday, March 17, 2023

ਆਪਣੇ ਹੀ ਲੋਕਾਂ ਵਿਰੁੱਧ ਜੰਗ ’ਚ ਹਵਾਈ ਹਮਲੇ ਵੀ ਸ਼ਾਮਿਲ

 ਆਪਣੇ ਹੀ ਲੋਕਾਂ ਵਿਰੁੱਧ ਜੰਗ ’ਚ ਹਵਾਈ ਹਮਲੇ ਵੀ ਸ਼ਾਮਿਲ

-ਬੂਟਾ ਸਿੰਘ ਮਹਿਮੂਦਪੁਰ

11 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ’ਤੇ ਬੀਜਾਪੁਰ-ਸੁਕਮਾ-ਤੇਲੰਗਾਨਾ ਦੇ ਸਰਹੱਦੀ ਖੇਤਰ ਵਿਚ ਵਿਸ਼ੇਸ਼ ਕਮਾਂਡੋ ਫੋਰਸ ਵੱਲੋਂ ਮਾਓਵਾਦੀ ਛਾਪਾਮਾਰਾਂ ਉੱਪਰ ਹਵਾਈ ਹਮਲੇ ਦੀ ਖ਼ਬਰ ਸੁਰਖ਼ੀਆਂ ਬਣੀ। ਛੱਤੀਸਗੜ੍ਹ-ਤੇਲੰਗਾਨਾ ਦਾ ਇਹ ਖੇਤਰ ਸੀ.ਪੀ.ਆਈ.(ਮਾਓਵਾਦੀ) ਦਾ ਵਿਸ਼ਾਲ ਆਦਿਵਾਸੀ ਆਧਾਰ ਵਾਲਾ ਗੜ੍ਹ ਹੈ ਜਿਸ ਨੂੰ ਖ਼ਤਮ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਾ ਡੇਢ ਦਹਾਕੇ ਤੋਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਉਨ੍ਹਾਂ ਦਾ ਇਕੋਇਕ ਮਨੋਰਥ ਹਥਿਆਰਬੰਦ ਛਾਪਾਮਾਰਾਂ ਅਤੇ ਜੁਝਾਰੂ ਆਦਿਵਾਸੀਆਂ ਦਾ ਸਫ਼ਾਇਆ ਕਰਕੇ ਇਸ ਵਿਸ਼ਾਲ ਜੰਗਲੀ ਪੱਟੀ ਨੂੰ ਕਾਰਪੋਰੇਟ ਪ੍ਰੋਜੈਕਟਾਂ ਵਿਚ ਬਦਲਣਾ ਅਤੇ ਆਦਿਵਾਸੀਆਂ ਦੀਆਂ ਲਾਸ਼ਾਂ ਉੱਪਰ ‘ਵਿਕਾਸ’ ਉਸਾਰਨਾ ਹੈ। ਸਤੰਬਰ 2009 ’ਚ ਮਨਮੋਹਨ ਸਿੰਘ-ਚਿਦੰਬਰਮ ਸਰਕਾਰ ਨੇ ‘ਨਕਸਲਵਾਦ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਦਾ ਬਿਰਤਾਂਤ ਘੜਿਆ ਅਤੇ 9 ਰਾਜਾਂ ਦੇ 15 ਕਰੋੜ ਆਦਿਵਾਸੀਆਂ ਵਿਰੁੱਧ ‘ਓਪਰੇਸ਼ਨ ਗ੍ਰੀਨ ਹੰਟ’ ਵਿੱਢ ਦਿੱਤਾ ਗਿਆ। ਲੱਖਾਂ ਦੀ ਤਾਦਾਦ ’ਚ ਨੀਮ-ਫ਼ੌਜੀ ਤਾਕਤਾਂ ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਤੇਲੰਗਾਨਾ ਅਤੇ ਹੋਰ ਰਾਜਾਂ ਦੇ ‘ਰੈੱਡ ਕੌਰੀਡੋਰ’ ਵਿਚ ਤਾਇਨਾਤ ਕਰਕੇ ਆਪਣੇ ਹੀ ਲੋਕਾਂ ਵਿਰੁੱਧ ਇਕ ਅਣਐਲਾਨੀ ਜੰਗ ਸ਼ੁਰੂ ਕਰ ਦਿੱਤੀ ਗਈ ਜਿਸ ਨੇ ਹਫ਼ਤਿਆਂ ’ਚ ਹੀ ਵਿਆਪਕ ਕਤਲੇਆਮ, ਸਮੂਹਿਕ ਬਲਾਤਕਾਰਾਂ, ਸਾੜਫੂਕ, ਤਬਾਹੀ ਅਤੇ ਉਜਾੜੇ ਦਾ ਰੂਪ ਅਖ਼ਤਿਆਰ ਕਰ ਲਿਆ। 13 ਸਾਲ ਪਹਿਲਾਂ ਅਸਿੱਧੇ ਤੌਰ ’ਤੇ ਭਾਰਤੀ ਫ਼ੌਜ ਦੀ ਮੱਦਦ ਨਾਲ ਵਿੱਢਿਆ ਇਹ ਨੀਮ-ਫ਼ੌਜੀ ਹਮਲਾ ਨਾ ਸਿਰਫ਼ ਲਗਾਤਾਰ ਜਾਰੀ ਹੈ ਸਗੋਂ ਇਹ ਦਿਨੋਦਿਨ ਵਧੇਰੇ ਤਬਾਹਕੁਨ ਅਤੇ ਖ਼ੂੰਖਾਰ ਬਣਦਾ ਜਾ ਰਿਹਾ ਹੈ। ਇਸੇ ਦੀ ਲਗਾਤਾਰਤਾ ’ਚ 11 ਜਨਵਰੀ ਨੂੰ ਐੱਨ.ਐੱਸ.ਜੀ. ਕਮਾਂਡੋ ਇਸਤੇਮਾਲ ਕੀਤੇ ਗਏ ਜੋ ਕਿ ਖ਼ਾਸ ਕਮਾਂਡੋ ਕਾਰਵਾਈਆਂ ਲਈ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਵਿਸ਼ੇਸ਼ ਫੋਰਸ ਹੈ।

ਇਸ ਸੰਬੰਧੀ ਸੀ.ਆਰ.ਪੀ.ਐੱਫ. ਦੇ ਛੱਤੀਸਗੜ੍ਹ ਸੈਕਟਰ ਦੇ ਆਈ.ਜੀ. ਦਫ਼ਤਰ ਨੇ ਬਿਆਨ ਜਾਰੀ ਕੀਤਾ ਕਿ ‘ਇਸ ਸਰਹੱਦੀ ਖੇਤਰ ਵਿਚ ਨਕਸਲੀਆਂ ਵਿਰੁੱਧ ਲਗਾਤਾਰ ਮੁਹਿੰਮ ਚੱਲ ਰਹੀ ਹੈ। ਇਸੇ ਤਹਿਤ 11 ਜਨਵਰੀ ਨੂੰ ਹੈਲੀਕਾਪਟਰ ਰਾਹੀਂ ਮੁਹਿੰਮ ਦੇ ਫਾਰਵਰਡ ਆਪਰੇਟਿੰਗ ਬੇਸ ਉੱਪਰ ਭੇਜੀ ਜਾ ਰਹੀ ਸੀ.ਆਰ.ਪੀ.ਐੱਫ. ਦੀ ਕੋਬਰਾ ਬਟਾਲੀਅਨ ਦੀ ਇਕ ਟੁਕੜੀ ਜਦੋਂ ਹੈਲੀਕਾਪਟਰ ਤੋਂ ਉੱਤਰ ਰਹੀ ਸੀ ਤਾਂ ਕੋਬਰਾ ਅਤੇ ਨਕਸਲੀਆਂ ਦਰਮਿਆਨ ਗੋਲੀਆਂ ਚੱਲੀਆਂ। ਨਕਸਲੀ ਭੱਜਣ ਲਈ ਮਜਬੂਰ ਹੋ ਗਏ। ਕੋਬਰਾ ਫੋਰਸ ਦੀ ਟੁਕੜੀ ਨੂੰ ਕੋਈ ਨੁਕਸਾਨ ਨਹੀਂ ਹੋਇਆ।’ ਐਡੀਸ਼ਨਲ ਡੀ.ਜੀ. ਐਂਟੀ ਨਕਸਲ ਓਪਰੇਸ਼ਨਜ਼ ਸ੍ਰੀ ਵਿੱਜ ਸਪਸ਼ਟ ਕਹਿੰਦੇ ਹਨ ਕਿ ਭਾਰਤੀ ਹਵਾਈ ਫ਼ੌਜ ਦੇ ਗਰੁੜ ਕਮਾਂਡੋਜ਼ ਨੇ ਐੱਮ.ਆਈ17 (ਹੈਲੀਕਾਪਟਰ) ਤੋਂ ਫਾਇਰਿੰਗ ਦਾ ਅਭਿਆਸ ਕੀਤਾ। ਅਸੀਂ ਸੌਖੇ ਸ਼ਿਕਾਰ ਨਹੀਂ ਬਣਨਾ। ਅਸੀਂ ਵੀ ਹਮਲਾ ਕਰ ਸਕਦੇ ਹਾਂ।

ਸੀ.ਪੀ.ਆਈ.(ਮਾਓਵਾਦੀ) ਦਾ ਇਸ ਘਟਨਾ ਬਾਰੇ ਪੱਖ ਪੂਰੀ ਤਰ੍ਹਾਂ ਵੱਖਰਾ ਹੈ। ਮਾਓਵਾਦੀ ਪਾਰਟੀ ਦੀ ਦੱਖਣੀ ਸਬ ਜ਼ੋਨਲ ਬਿਊਰੋ ਵੱਲੋਂ ਜਾਰੀ ਕੀਤੇ ਬਿਆਨ ਦਾ ਸਾਰਤੱਤ ਇਹ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ ’ਤੇ ਕੀਤੇ ਗਏ ਸੁਰੱਖਿਆ ਬਲਾਂ ਦੇ ਹਵਾਈ ‘ਸਰਜੀਕਲ ਸਟਰਾਈਕ’ ਓਪਰੇਸ਼ਨ ਨੂੰ ਪੀ.ਐੱਲ.ਜੀ.ਏ. (ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ) ਨੇ ਨਾਕਾਮ ਬਣਾ ਦਿੱਤਾ। ਇਸ ਹਮਲੇ ਵਿਚ ਹਵਾਈ ਫ਼ੌਜ ਅਤੇ ਐੱਨ.ਐੱਸ.ਜੀ. ਕਮਾਂਡੋਜ਼ ਇਸਤੇਮਾਲ ਕੀਤੇ ਗਏ। ਪੀ.ਐੱਲ.ਜੀ.ਏ. ਅਨੁਸਾਰ ਸੁਰੱਖਿਆ ਬਲਾਂ ਦੇ ਛੇ ਕਮਾਂਡੋ ਫੱਟੜ ਹੋਏ। ਬਿਆਨ ਅਨੁਸਾਰ 11 ਜਨਵਰੀ ਨੂੰ ਸਰਹੱਦੀ ਇਲਾਕੇ ਦੇ ਇਰਾਮ, ਮੇਟਾਗੁੜਾ ਅਤੇ ਬੋਟੇਤੋਂਗ ਪਿੰਡਾਂ ਦੇ ਖੇਤਾਂ-ਖਲਿਆਣਾਂ ਵਿਚ ਡਰੋਨਾਂ ਅਤੇ ਹੈਲੀਕਾਪਟਰ ਦੀ ਮੱਦਦ ਨਾਲ ਸੈਂਕੜੇ ਬੰਬ ਸੁੱਟੇ ਗਏ ਅਤੇ ਹੈਲੀਕਾਪਟਰ ਤੋਂ ਫਾਇਰਿੰਗ ਕੀਤੀ ਗਈ। ਹਵਾਈ ਬੰਬਾਰੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲਦੀ ਰਹੀ। ਪੀ.ਐੱਲ.ਜੀ.ਏ. ਨੇ ਸੁਰੱਖਿਆ ਬਲਾਂ ਦੇ ਛੇ ਕਮਾਂਡੋ ਫੱਟੜ ਕਰ ਦਿੱਤੇ। ਇਸ ਦੌਰਾਨ ਛਾਪਾਮਾਰ ਫ਼ੌਜ ਦੀ ਮੈਂਬਰ ਪੋਟਾਮ ਹੁੰਗੀ ਮਾਰੀ ਗਈ।

ਇਸ ਦੌਰਾਨ ਮੀਡੀਆ ਵਿਚ ਮਾਓਵਾਦੀ ਕੇਂਦਰੀ ਕਮੇਟੀ ਮੈਂਬਰ ਹਿੜਮਾ ਦੇ ਇਸ ਹਮਲੇ ’ਚ ਮਾਰੇ ਜਾਣ ਦੀਆਂ ਖ਼ਬਰਾਂ ਵੀ ਆਈਆਂ। ਕਿਹਾ ਜਾਂਦਾ ਹੈ ਕਿ ਹਿੜਮਾ ਇਸ ਖੇਤਰ ਦੀ ਮਾਓਵਾਦੀ ਬਟਾਲੀਅਨ ਨੰ. 1 ਦਾ ਕਮਾਂਡਰ ਹੈ ਅਤੇ ਉਹ ਇਸ ਖੇਤਰ ਵਿਚ ਹੋਏ ਵੱਡੇ ਛਾਪਾਮਾਰ ਹਮਲਿਆਂ ਦਾ ਮਾਸਟਰ-ਮਾਈਂਡ ਹੈ। ਇਨ੍ਹਾਂ ਕਿਆਸ-ਅਰਾਈਆਂ ਨੂੰ ਰੱਦ ਕਰਦਿਆਂ ਮਾਓਵਾਦੀ ਬਿਊਰੋ ਨੇ ਬਿਆਨ ਵਿਚ ਸਪਸ਼ਟ ਕੀਤਾ ਕਿ ਬਟਾਲੀਅਨ ਕਮਾਂਡਰ ਹਿੜਮਾ ਸੁਰੱਖਿਅਤ ਹੈ। ਲਿਹਾਜ਼ਾ ਇਹ ਅੰਦਾਜ਼ੇ ਬੇਬੁਨਿਆਦ ਨਹੀਂ ਜਾਪਦੇ ਕਿ ਇਹ ਖ਼ਾਸ ਹਵਾਈ ਹਮਲਾ ਮਾਓਵਾਦੀ ਕਮਾਂਡਰ ਹਿੜਮਾ ਨੂੰ ਮਾਰਨ ਲਈ ਕੀਤਾ ਗਿਆ ਹੋਵੇਗਾ। 13 ਨਵੰਬਰ 2021 ਨੂੰ ਮਹਾਰਾਸ਼ਟਰ ਪੁਲਿਸ ਵੱਲੋਂ ਘੇਰਾ ਪਾ ਕੇ ਚੋਟੀ ਦੇ ਮਾਓਵਾਦੀ ਆਗੂ ਮਿÇਲੰਦ ਤੇਲਤੁੰਬੜੇ ਸਮੇਤ 26 ਮਾਓਵਾਦੀਆਂ ਨੂੰ ਬੇਕਿਰਕੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ, ਮਾਓਵਾਦੀ ਛਾਪਾਮਾਰਾਂ ਦੀ ਵੱਡੀ ਨਫ਼ਰੀ ਦੀ ਮੌਜੂਦਗੀ ਦੀ ਪੱਕੀ ਸੂਹ ਦੇ ਆਧਾਰ ’ਤੇ ਇਸ ਕਾਰਵਾਈ ਲਈ ਐੱਨ.ਐੱਸ.ਜੀ. ਭੇਜੇ ਗਏ ਹੋਣਗੇ। 

ਛੱਤੀਸਗੜ੍ਹ ਵਿਚ ਹਵਾਈ ਹਮਲੇ ਦੀ ਖ਼ਬਰ ਪਹਿਲੀ ਵਾਰ ਨਹੀਂ ਆਈ ਹੈ। ਰਿਪੋਰਟਾਂ ਅਨੁਸਾਰ ਬਸਤਰ ਖੇਤਰ ਵਿਚ ਅਪ੍ਰੈਲ 2021 ’ਚ ਵੀ ਹਵਾਈ ਬੰਬਾਰੀ ਕੀਤੀ ਗਈ ਸੀ। ਫਿਰ ਅਪ੍ਰੈਲ 2022 ’ਚ ਦੂਜੀ ਵਾਰ ਹਵਾਈ ਹਮਲਾ ਕੀਤਾ ਗਿਆ। ਹੁਣ ਜਨਵਰੀ 2023 ’ਚ ਇਹ ਤੀਜਾ ਹਵਾਈ ਹਮਲਾ ਹੈ। ਮਾਓਵਾਦੀ ਗੜ੍ਹ ’ਚ ਐੱਨ.ਐੱਸ.ਜੀ. ਕਮਾਂਡੋਜ਼ ਤਾਇਨਾਤ ਕਰਨ ਦੀ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ। ਸਭ ਤੋਂ ਪਹਿਲਾਂ 2005 ’ਚ ਮਨਮੋਹਣ ਸਿੰਘ ਸਰਕਾਰ ਸਮੇਂ ਇਹ ਗੱਲ ਚੱਲੀ ਕਿ ਨਕਸਲੀ ਰਸੂਖ਼ ਵਾਲੇ ਖੇਤਰਾਂ ’ਚ ਐੱਨ.ਐੱਸ.ਜੀ. ਕਮਾਂਡੋਜ਼ ਭੇਜੇ ਜਾਣੇ ਚਾਹੀਦੇ ਹਨ। ਬਿਹਾਰ ਦੀ ਜਹਾਨਾਬਾਦ ਜੇਲ੍ਹ ਅਤੇ ਪੁਲਿਸ ਬੈਰਕਾਂ ਉੱਪਰ ਮਾਓਵਾਦੀ ਛਾਪਾਮਾਰ ਹਮਲੇ ਨਾਲ ਭਾਰਤੀ ਹੁਕਮਰਾਨ ਬੁਰੀ ਤਰ੍ਹਾਂ ਹਿੱਲ ਗਏ ਸਨ। ਉਦੋਂ ਤਤਕਾਲੀ ‘ਅੰਦਰੂਨੀ ਸੁਰੱਖਿਆ ਵਿਸ਼ੇਸ਼ ਸਕੱਤਰ’ ਆਸ਼ੀਸ਼ ਮਿਤਰਾ ਦੇ ਹਵਾਲੇ ਨਾਲ ਇਹ ਖ਼ਬਰਾਂ ਆਈਆਂ ਸਨ ਕਿ ਪਹਿਲੀ ਵਾਰ ਐੱਨ.ਐੱਸ.ਜੀ. ਨੂੰ ਨਕਸਲੀ ਵਿਰੋਧੀ ਮੁਹਿੰਮ ’ਚ ਭੇਜਿਆ ਜਾ ਸਕਦਾ ਹੈ। ਮਿਤਰਾ ਐੱਨ.ਐੱਸ.ਜੀ. ਦਾ ਡਾਇਰੈਕਟਰ ਜਨਰਲ ਵੀ ਰਿਹਾ ਹੈ। ਛੱਤੀਸਗੜ੍ਹ ਦੇ ਡੀ.ਜੀ.ਪੀ. ਸ੍ਰੀ ਰਾਠੌਰ ਨੇ ਵੀ ਕਿਹਾ ਸੀ ਕਿ ਐੱਨ.ਐੱਸ.ਜੀ. ਦੇ ਆਉਣ ਨਾਲ ਨਕਸਲੀ ਹਿੰਸਾ ਦਾ ਮੁਕਾਬਲਾ ਕਰਨ ’ਚ ਮਦਦ ਮਿਲੇਗੀ। ਐੱਨ.ਐੱਸ.ਜੀ. ਕਮਾਂਡੋਜ਼ ਵੱਲੋਂ ਆਂਧਰਾ ਪ੍ਰਦੇਸ਼ ਦੇ ਨਕਸਲ ਵਿਰੋਧੀ ਖ਼ੂੰਖ਼ਾਰ ਕਮਾਂਡੋਜ਼ ਗਰੇਅ ਹਾਊਂਡਜ਼ ਨਾਲ ਮਿਲ ਕੇ ਸਿਖਲਾਈ ਲੈਣ ਦੀਆਂ ਰਿਪੋਰਟਾਂ ਵੀ ਹਨ। ਜੋ ਇਸ ਦਾ ਸੰਕੇਤ ਹਨ ਕਿ ਮਸਲੇ ਦੇ ਰਾਜਨੀਤਕ ਹੱਲ ਦੀ ਬਜਾਏ ਆਰ.ਐੱਸ.ਐੱਸ.-ਭਾਜਪਾ ਹਕੂਮਤ ਦਾ ਇੱਕੋਇਕ ਨਿਸ਼ਾਨਾ ਮਾਓਵਾਦੀ ਛਾਪਾਮਾਰਾਂ, ਖ਼ਾਸ ਕਰਕੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਜਿਸਮਾਨੀ ਤੌਰ ’ਤੇ ਖ਼ਤਮ ਕਰਨਾ ਹੈ। 7 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਹੁੱਬ ਕੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬੰਦੂਕ ਦਾ ਜਵਾਬ ਬੰਦੂਕ ਨਾਲ ਦੇਣ ਵਾਲੀ ਸਰਕਾਰ ਹੈ। ਅਮਿਤ ਸ਼ਾਹ ਨੇ ‘2024 ਤੱਕ ਨਕਸਲ ਮੁਕਤ ਦੇਸ਼’ ਬਣਾਉਣ ਦਾ ਦਾਅਵਾ ਵੀ ਕੀਤਾ। ਮਹਿਜ਼ ਚਾਰ ਦਿਨ ਬਾਦ ਹੀ ਆਦਿਵਾਸੀ ਪਿੰਡਾਂ ਉੱਪਰ ਹਵਾਈ ਬੰਬਾਰੀ ਦੀ ਖ਼ਬਰ ਆ ਗਈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਹੈ ਕਿ ਛੱਤੀਸਗੜ੍ਹ ਵਿਚਲੇ ਭਾਰਤੀ ਹਵਾਈ ਫ਼ੌਜ ਦੇ ਅਫ਼ਸਰਾਂ ਨੇ ਯੁੱਧਨੀਤੀ ’ਚ ਬਦਲਾਅ ਦੀ ਪੁਸ਼ਟੀ ਕੀਤੀ ਹੈ। ਹਵਾਈ ਫ਼ੌਜ ਕਈ ਸਾਲਾਂ ਤੋਂ ਬਸਤਰ ਖੇਤਰ ਵਿਚ ਹੈਲੀਕਾਪਟਰ ਚਲਾ ਰਹੀ ਹੈ। ਡਰੋਨਾਂ ਰਾਹੀਂ ਲਗਾਤਾਰ ਨਿਗਰਾਨੀ ਸੁਰਖ਼ੀਆਂ ਬਣਦੀ ਰਹੀ ਹੈ। ਆਪਣੇ ਟੀਚੇ ਨੂੰ ਅੰਜਾਮ ਦੇਣ ਲਈ ਫਾਸ਼ੀਵਾਦੀ ਹਕੂਮਤ ਦੀ ਟੇਕ ਇਨ੍ਹਾਂ ਤਰੀਕਿਆਂ ਉੱਪਰ ਵਧ ਰਹੀ ਹੈ। 

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਬਣਾਏ ‘ਕਾਊਂਟਰ ਟੈਰਰਿਜ਼ਮ ਐਂਡ ਜੰਗਲ ਵਾਰਫੇਅਰ ਕਾਲਜ ਵਿਚ ਸਿਖਲਾਈ ਲੈ ਰਹੇ ਐੱਨ.ਐੱਸ.ਜੀ. ਕਮਾਂਡੋਜ਼ ਦੀਆਂ ਤਸਵੀਰਾਂ ਚਾਰ ਸਾਲ ਪਹਿਲਾਂ ਵੀ ਵਾਇਰਲ ਹੋਈਆਂ ਸਨ। ਇਹ ਖ਼ਾਸ ਕਮਾਂਡੋਜ਼ ਸਿਖਲਾਈ ਕਾਲਜ 2005 ’ਚ ਬਣਾਇਆ ਗਿਆ ਸੀ। ਇਸ ਬਾਬਤ ਉਦੋਂ ਇਹ ਵਿਵਾਦ ਵੀ ਉੱਠਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲ ਦੀ ਇਸ ਜ਼ਮੀਨ ਦਾ ਕਾਲਜ ਲਈ ਤਬਾਦਲਾ ਗ਼ੈਰਕਾਨੂੰਨੀ ਤਰੀਕੇ ਨਾਲ ਕੀਤਾ ਗਿਆ ਹੈ। ਆਖ਼ਿਰਕਾਰ ਵਣ ਵਿਭਾਗ ਅਧਿਕਾਰੀਆਂ ਦੀ ਆਵਾਜ਼ ਦਬਾ ਦਿੱਤੀ ਗਈ। ਕਾਲਜ ਦਾ ਡਾਇਰੈਕਟਰ ਭਾਰਤੀ ਫ਼ੌਜ ਦੇ ਸਾਬਕਾ ਬ੍ਰਿਗੇਡੀਅਰ ਬਸੰਤ ਕੁਮਾਰ ਪੌਂਵਾਰ ਨੂੰ ਬਣਾਇਆ ਗਿਆ ਜੋ ਪਹਿਲਾਂ ਭਾਰਤੀ ਫ਼ੌਜ ਦੇ ਉੱਤਰ-ਪੂਰਬੀ ਰਾਜ ਮਿਜ਼ੋਰਮ ਵਿਚ ਵੈਰਾਂਗਤੇ ਵਿਖੇ ਬਣਾਏ ਗਏ ‘ਕਾਊਂਟਰ ਇੰਸਰਜੰਸੀ ਐਂਡ ਜੰਗਲ ਵਾਰਫੇਅਰ ਸਕੂਲ’ ਦਾ ਕਮਾਂਡੈਂਟ ਰਹਿ ਚੁੱਕਾ ਸੀ। ਕਾਂਕੇਰ ਕਾਲਜ ਬਾਰੇ ਸ਼੍ਰੀ ਪੌਂਵਾਰ ਨੇ ਕਿਹਾ ਸੀ ਕਿ ‘ਯੇਹ ਤੋ ਕਮਾਂਡੋ ਕੀ ਫੈਕਟਰੀ ਹੈ’, ‘ਮੈਂ ਜਵਾਨੋਂ ਕੋ ਛਾਪਾਮਾਰ ਸੇ ਛਾਪਾਮਾਰ ਦੀ ਤਰ੍ਹਾਂ ਲੜਨਾ ਸਿਖਾਤਾ ਹੂੰ।’ ਇਹ ਕਾਲਜ ਹਰ ਛੇ ਹਫ਼ਤਿਆਂ ’ਚ 400 ਸਿਪਾਹੀਆਂ ਨੂੰ ਸਿਖਲਾਈ ਦੇ ਕੇ ‘ਲੜਾਕੇ’ ਬਣਾਉਂਦਾ ਹੈ ਜਿਨ੍ਹਾਂ ਨੂੰ ਮਾਓਵਾਦੀ ਛਾਪਾਮਾਰਾਂ ਵਿਰੁੱਧ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇਕ ਦਹਾਕੇ ’ਚ ਇਸ ਕਾਲਜ ਵੱਲੋਂ ਪੁਲਿਸ, ਬੀ.ਐੱਸ.ਐੱਫ., ਸੀ.ਆਰ.ਪੀ.ਐੱਫ., ਸਸ਼ਤਰ ਸੀਮਾ ਬਲ ਤੇ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ ਵਗੈਰਾ ਦੇ 30000 ਹਜ਼ਾਰ ਤੋਂ ਵਧੇਰੇ ਔਰਤ ਅਤੇ ਮਰਦ ਸਿਪਾਹੀਆਂ ਨੂੰ ਸਿਖਲਾਈ ਦਿੱਤੇ ਜਾਣ ਦਾ ਅੰਦਾਜ਼ਾ ਹੈ।

ਰਾਜਨੀਤਕ ਵਿਸ਼ਲੇਸ਼ਣਕਾਰਾਂ ਨੇ ਉਦੋਂ ਹੀ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਧੁਰ ਜੰਗਲਾਂ ਅੰਦਰ ਵਿਸ਼ੇਸ਼ ਸਿਖਲਾਈ ਕਾਲਜ ਦੀ ਸਥਾਪਨਾ ਬਸਤਰ ਦੇ ਹੋਰ ਜ਼ਿਆਦਾ ਸੰਘਣੇ ਫ਼ੌਜੀਕਰਨ ਦਾ ਹਿੱਸਾ ਹੈ ਅਤੇ ਵਿਸ਼ੇਸ਼ ਸਿਖਲਾਈ ਯਾਫ਼ਤਾ ਕਮਾਂਡੋਜ਼ ਨੂੰ ਆਦਿਵਾਸੀਆਂ ਦੇ ਜੁਝਾਰੂ ਟਾਕਰੇ ਨੂੰ ਕੁਚਲਣ ਲਈ ਇਸਤੇਮਾਲ ਕੀਤਾ ਜਾਵੇਗਾ। ਹਵਾਈ ਬੰਬਾਰੀ ਦੀਆਂ ਰਿਪੋਰਟਾਂ ਤੋਂ ਇਹ ਖ਼ਦਸ਼ੇ ਸੱਚ ਹੁੰਦੇ ਜਾਪਦੇ ਹਨ। ਨਿਰਸੰਦੇਹ, ਮਾਓਵਾਦੀ ਲਹਿਰ ਆਪਣੇ ‘ਜੰਨਤਾਨਾ ਸਰਕਾਰ’ ਦੇ ਨਿਸ਼ਾਨੇ ਨੂੰ ਪ੍ਰਣਾਈ ਬੇਹੱਦ ਜਾਂਬਾਜ਼ ਇਨਕਲਾਬੀ ਛਾਪਾਮਾਰ ਤਾਕਤ ਹੈ ਜਿਸ ਦੇ ਮੈਂਬਰਾਂ ਨੇ ਸਭ ਕੁਝ ਤਿਆਗ ਕੇ ਅਤੇ ਦਹਾਕਿਆਂ ਤੱਕ ਆਦਿਵਾਸੀਆਂ ’ਚ ਕੰਮ ਕਰਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਹੈ। ਭਾਰਤੀ ਹੁਕਮਰਾਨ ਆਦਿਵਾਸੀਆਂ ਨੂੰ ਸਰਕਾਰੀ ਬੰਦੂਕਾਂ ਦੇ ਜ਼ੋਰ ਖ਼ਤਮ ਕਰਨ ਲਈ ਇਸ ਨੂੰ ਬਹਾਨੇ ਵਜੋਂ ਵਰਤ ਰਹੇ ਹਨ। ਜਦੋਂ ਭਾਰਤੀ ਹੁਕਮਰਾਨ ਜਮਾਤ ਨੇ ‘ਵਿਕਾਸ’ ਦੇ ਨਾਂ ਹੇਠ ਕਾਰਪੋਰੇਟ ਪ੍ਰੋਜੈਕਟਾਂ ਲਈ ਦੇਸੀ-ਬਦੇਸ਼ੀ ਕਾਰਪੋਰੇਟ ਕੰਪਨੀਆਂ ਨਾਲ ਇਕਰਾਰਨਾਮੇ ਕਰਕੇ ਆਦਿਵਾਸੀਆਂ ਨੂੰ ਬੰਦੂਕ ਦੇ ਜ਼ੋਰ ਉਜਾੜਨ ਅਤੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਜੰਗਲਾਂ-ਪਹਾੜਾਂ ਨੂੰ ਬਚਾਉਣ ਲਈ ਆਦਿਵਾਸੀ ਮਾਓਵਾਦੀ ਅਗਵਾਈ ਹੇਠ ਹੋਰ ਵੀ ਵਸੀਹ ਪੈਮਾਨੇ ’ਤੇ ਲਾਮਬੰਦ ਹੋਣੇ ਸ਼ੁਰੂ ਹੋ ਗਏ। ਕੇਂਦਰ ਅਤੇ ਰਾਜ ਸਰਕਾਰਾਂ ਨੇ ਉਜਾੜੇ ਦਾ ਵਿਰੋਧ ਕਰਨ ਵਾਲੇ ਹਰ ਆਦਿਵਾਸੀ ਨੂੰ ‘ਮਾਓਵਾਦੀ’ ਕਰਾਰ ਦੇ ਕੇ ਜੇਲ੍ਹਾਂ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਭਾਰਤੀ ਹੁਕਮਰਾਨਾਂ ਕੋਲ ਐਸੀਆਂ ਲਹਿਰਾਂ ਨੂੰ ‘ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਕਰਾਰ ਦੇ ਕੇ ਫ਼ੌਜੀ ਤਾਕਤ ਨਾਲ ਕੁਚਲਣ ਤੋਂ ਸਿਵਾਏ ਹੋਰ ਕੋਈ ‘ਹੱਲ’ ਨਹੀਂ ਹੈ। ਉਨ੍ਹਾਂ ਕੋਲ ਹਰ ਗੱਲ ਦਾ ਜਵਾਬ ਕਾਲੇ ਕਾਨੂੰਨ, ਪੁਲਿਸ-ਨੀਮ ਫ਼ੌਜੀ-ਫ਼ੌਜੀ ਤਾਕਤਾਂ ਦੀਆਂ ਘੇਰੋ ਤੇ ਕੁਚਲੋ ਦੀਆਂ ਮੁਹਿੰਮਾਂ ਅਤੇ ਅੰਧਾਧੁੰਦ ਕਤਲੇਆਮ ਹੈ। ਜੇਲ੍ਹਾਂ ਆਪਣੇ ਸੰਵਿਧਾਨਕ ਹੱਕਾਂ ਲਈ ਲੜ ਰਹੇ ਆਦਿਵਾਸੀਆਂ ਅਤੇ ਉਨ੍ਹਾਂ ਦੇ ਹੱਕ ’ਚ ਆਵਾਜ਼ ਉਠਾਉਣ ਵਾਲੇ ਜਮਹੂਰੀ ਸਿਆਸੀ ਕਾਰਕੁੰਨਾਂ ਨਾਲ ਤੁੰਨੀਆਂ ਪਈਆਂ ਹਨ।

ਐਨੇ ਭਿਆਨਕ ਜਬਰ, ਆਦਿਵਾਸੀ ਔਰਤਾਂ ਵਿਰੁੱਧ ਜਿਨਸੀ ਹਿੰਸਾ ਅਤੇ ਕਤਲੇਆਮ ਦੇ ਬਾਵਜੂਦ ਆਦਿਵਾਸੀ ਕਾਰਪੋਰੇਟ ਪ੍ਰੋਜੈਕਟਾਂ ਵਿਰੁੱਧ ਚਟਾਨ ਵਾਂਗ ਡੱਟੇ ਹੋਏ ਹਨ। ਉਨ੍ਹਾਂ ਦੀ ਪ੍ਰੇਰਨਾ ਅੰਗਰੇਜ਼ ਧਾੜਵੀ ਰਾਜ ਨਾਲ ਆਦਿਵਾਸੀ ਪੁਰਖਿਆਂ ਦੀ ਲਹੂ ਡੋਲਵੀਂ ਲੜਾਈ ਦੀ ਸਦੀਆਂ ਲੰਮੀ ਸ਼ਾਨਦਾਰ ਰਵਾਇਤ ਹੈ। ਡੇਢ ਦਹਾਕਾ ਲੰਮੇ ਆਦਿਵਾਸੀ ਟਾਕਰੇ ਨੇ ਜਨਵਰੀ 2019 ’ਚ ਹਕੂਮਤ ਨੂੰ ਟਾਟਾ ਸਟੀਲ ਪਲਾਂਟ ਦਾ ਪ੍ਰੋਜੈਕਟ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਲੋਹਾਂਡੀਗੁੜਾ ਸਮੇਤ ਧੱਕੇ ਅਤੇ ਧੋਖੇ ਨਾਲ ਐਕਵਾਇਰ ਕੀਤੀ ਦਸ ਪਿੰਡਾਂ ਦੀ 1764 ਹੈਕਟੇਅਰ ਜ਼ਮੀਨ ਆਦਿਵਾਸੀਆਂ ਨੂੰ ਵਾਪਸ ਕਰਨੀ ਪਈ। ਪਰ ਹਕੂਮਤ ਫ਼ੌਜੀ ਤਾਕਤ ਦੇ ਜ਼ੋਰ ਜੰਗਲਾਂ-ਪਹਾੜਾਂ ਨੂੰ ਤਬਾਹ ਕਰਕੇ ਧੁਰ ਅੰਦਰ ਤੱਕ ਨੀਮ-ਫ਼ੌਜੀ ਕੈਂਪ ਬਣਾਉਣ ਤੋਂ ਪਿੱਛੇ ਨਹੀਂ ਹਟ ਰਹੀ ਅਤੇ ਸੜਕਾਂ ਵਿਛਾ ਕੇ ਰਾਜ ਦੀ ਅਥਾਰਟੀ ਥੋਪ ਰਹੀ ਹੈ। ਤਬਾਹੀ ਦੇ ਬੁਲਡੋਜ਼ਰ ਨੂੰ ਰੋਕਣ ਲਈ ਆਦਿਵਾਸੀ ਕਈ ਥਾਵਾਂ ਉੱਪਰ ਸਾਲਾਂ ਤੋਂ ਸਿਲਗੇਰ ਵਰਗੇ ਪੱਕੇ ਮੋਰਚੇ ਲਗਾਈ ਬੈਠੇ ਹਨ ਅਤੇ ਆਪਣੀ ਤਰਜ਼ੇ-ਜ਼ਿੰਦਗੀ ਦੀ ਰਾਖੀ ਲਈ ਲੜ ਰਹੇ ਹਨ। ਹਵਾਈ ਬੰਬਾਰੀ ਦਾ ਇਕ ਮਨੋਰਥ ਇਸ ਵਿਸ਼ਾਲ ਆਦਿਵਾਸੀ ਲਾਮਬੰਦੀ ਨੂੰ ਦਹਿਸ਼ਤਜ਼ਦਾ ਕਰਕੇ ਉਨ੍ਹਾਂ ਦਾ ਮਨੋਬਲ ਡੇਗਣਾ ਵੀ ਹੈ।

ਸਮੱਸਿਆ ਇਹ ਹੈ ਕਿ ਮੁਲਕ ਦੀ ‘ਮੁੱਖਧਾਰਾ’ ਵੱਲੋਂ ਆਦਿਵਾਸੀਆਂ ਦੀ ਨਸਲਕੁਸ਼ੀ ਵਿਰੁੱਧ ਟਾਵੇਂ-ਟਾਵੇਂ ਪ੍ਰਦਰਸ਼ਨਾਂ ਤੋਂ ਸਿਵਾਏ ਕੋਈ ਪ੍ਰਭਾਵਸ਼ਾਲੀ ਆਵਾਜ਼ ਨਹੀਂ ਉੱਠ ਰਹੀ। ਆਵਾਜ਼ ਉਠਾਉਣ ਵਾਲੇ ਰੋਸ਼ਨ-ਖ਼ਿਆਲ ਬੁੱਧੀਜੀਵੀਆਂ ਸਮੇਤ ਹੱਕਾਂ ਦੇ ਪਹਿਰੇਦਾਰ ਜੇਲ੍ਹਾਂ ਵਿਚ ਡੱਕੇ ਹੋਏ ਹਨ। ਆਪੋ ਆਪਣੇ ਮਸਲਿਆਂ ’ਚ ਉਲਝੇ ਹੋਰ ਲੋਕ ਅੰਦੋਲਨ ਆਪਣੇ ਹੀ ਲੋਕਾਂ ਵਿਰੁੱਧ ਭਾਰਤੀ ਸਟੇਟ ਵੱਲੋਂ ਲੜੀ ਜਾ ਰਹੀ ਇਸ ਜੰਗ ਦੀ ਹਕੀਕਤ ਅਤੇ ਇਸ ਦੇ ਭਵਿੱਖੀ ਖ਼ਤਰਿਆਂ ਤੋਂ ਬੇਖ਼ਬਰ ਹਨ। ਇਸ ਬੇਖ਼ਬਰੀ ਦਾ ਆਖ਼ਿਰਕਾਰ ਭਾਰਤੀ ਅਵਾਮ ਨੂੰ ਵੱਡਾ ਮੁੱਲ ਚੁਕਾਉਣਾ ਪਵੇਗਾ। 

                                                             ---0---

No comments:

Post a Comment