Friday, March 17, 2023

ਸਜ਼ਾਵਾਂ ਭੁਗਤ ਚੁੱਕੇ ਕੈਦੀਆਂ ਦੀ ਤੁਰੰਤ ਰਿਹਾਈ ਲਈ ਜੋਰਦਾਰ ਆਵਾਜ ਬੁਲੰਦ ਕਰੋ

 ਸਜ਼ਾਵਾਂ ਭੁਗਤ ਚੁੱਕੇ ਕੈਦੀਆਂ ਦੀ ਤੁਰੰਤ ਰਿਹਾਈ ਲਈ ਜੋਰਦਾਰ ਆਵਾਜ ਬੁਲੰਦ ਕਰੋ 

ਜੁਝਾਰੂ ਪੰਜਾਬ ਨਿਵਾਸੀਓ,

* ਭਾਰਤੀ ਜੇਲਾਂ ਵਿੱਚ ਵੱਖ ਵੱਖ ਦੋਸ਼ਾਂ ਤਹਿਤ ਸਜ਼ਾ ਭੁਗਤ ਚੁੱਕੇ ਕੈਦੀਆਂ ਦੀ ਵੱਡੀ ਗਿਣਤੀ ਹੈ।

* ਖਾਲਿਸਤਾਨੀ ਲਹਿਰ ਨਾਲ ਸਬੰਧਤ ਕੁੱਝ ਅਜਿਹੇ ਵਿਅਕਤੀ ਮੁਲਕ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਕੁੱਝ ਵਿਅਕਤੀ ਬਿਨਾਂ ਮੁਕੱਦਮਾ ਚਲਾਏ ਹੀ ਕੈਦੀ ਬਣਾ ਕੇ ਰੱਖੇ ਹੋਏ ਹਨ।

* ਇਹ ਭਾਰਤੀ ਜਮਹੂਰੀਅਤ ਦੇ ਦੰਭੀ ਹੋਣ ਤੇ ਭਾਰਤੀ ਰਾਜ ਅਤੇ ਇਸਦੇ ਨਿਆਂ ਪ੍ਰਬੰਧ ਦੇ ਜਾਬਰ ਤੇ ਬੇਕਿਰਕ ਹੋਣ ਦਾ ਇੱਕ ਠੋਸ ਸਬੂਤ ਹੈ।

* ਅਸੀਂ ਇਹਨਾਂ ਖਾਲਿਸਤਾਨੀ ਕੈਦੀਆਂ ਸਮੇਤ ਪੰਜਾਬ ਦੇ ਸਜ਼ਾ ਭੁਗਤ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਅਸੀਂ ਬਿਨਾ ਮੁਕੱਦਮਾ ਚਲਾ ਕੇ ਜੇਲ੍ਹਾਂ ’ਚ ਰੱਖੇ ਹੋਏ ਕੈਦੀਆਂ ਦੇ ਕੇਸਾਂ ਦਾ ਹੰਗਾਮੀ ਕਦਮ ਲੈ ਕੇ ਜਲਦ ਨਿਪਟਾਰਾ ਕਰਨ ਦੀ ਮੰਗ ਕਰਦੇ ਹਾਂ।

* ਨਾ ਸਿਰਫ ਨਿਆਂ-ਪ੍ਰਬੰਧ ਅਜਿਹੀ ਰਿਹਾਈ ਦੇ ਹੱਕ ਨੂੰ ਕਾਨੂੰਨੀ ਤੌਰ ’ਤੇ ਨਿਯਮਤ ਕਰਦਾ ਹੈ ਸਗੋਂ ਮਨੁੱਖੀ ਹੱਕਾਂ ਤੇ ਜਮਹੂਰੀ ਸਰੋਕਾਰਾਂ ਦਾ ਤਕਾਜ਼ਾ ਅਜਿਹੀ ਰਿਹਾਈ ਨੂੰ ਬੁਨਿਆਦੀ ਹੱਕ ਵਜੋਂ ਤਸਲੀਮ ਕਰਦਾ ਹੈ। ਅਸੀਂ ਇਸ ਬੁਨਿਆਦੀ ਮਨੁੱਖੀ ਹੱਕ ਦੇ ਦਿ੍ਰੜ  ਮੁਦਈ ਹਾਂ।

* ਜਾਲਮ ਭਾਰਤੀ ਰਾਜ ਸਾਰੀਆਂ ਧਾਰਮਿਕ ਘੱਟ-ਗਿਣਤੀਆਂ, ਦੱਬੀਆਂ-ਕੁਚਲੀਆਂ ,ਅਛੂਤ ਅਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ, ਔਰਤਾਂ, ਦਬਾਈਆਂ ਹੋਈਆਂ ਕੌਮੀਅਤਾਂ ਅਤੇ ਮੁਲਕ ਭਰ ਦੇ ਮਿਹਨਤਕਸ਼ ਲੋਕਾਂ ਨੂੰ ਲੁੱਟਣ ,ਦਬਾਉਣ-ਕੁਚਲਣ ਵਾਲਾ ਰਾਜ ਹੈ। ਜੇਲ੍ਹ ਪ੍ਰਬੰਧ ਅਤੇ ਨਿਆਂ-ਪ੍ਰਬੰਧ ਇਸ ਦਾ ਹੀ ਹੱਥਾ ਹੈ। ਇਸ ਹਕੀਕਤ ਦੀ ਸੋਝੀ ਗ੍ਰਹਿਣ ਕਰਨ ਦੀ ਭਾਰੀ ਲੋੜ ਹੈ। ਅਜਿਹੀ ਸੋਝੀ ਭਾਰਤੀ ਰਾਜ ਖਿਲਾਫ ਵਿਆਪਕ ਸਾਂਝੇ ਸੰਘਰਸ਼ ਦੀ ਲੋੜ ਨੂੰ ਉਭਾਰਦੀ ਹੈ। ਧਰਮ ਨਿਰਪੱਖ ਅਤੇ ਜਮਹੂਰੀ ਪੈਂਤੜੇ ਤੋਂ ਮੁਲਕ ਵਿਆਪੀ ਘੋਲ ਦੀ ਲੋੜ ਅਤੇ ਸੰਭਾਵਨਾ ਨੂੰ ਉਭਾਰਦੀ ਹੈ। ਪੀੜਤ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਵਡੇਰੇ ਹਿਤਾਂ ਦੀ ਵਡੇਰੀ ਲੜਾਈ ਦੇ ਅੰਗ ਵਜੋਂ ਉਭਾਰਨ ਦੀ ਲੋੜ ਨੂੰ ਦਰਸਾਉਂਦੀ ਹੈ।

* ਭਾਰਤੀ ਰਾਜ ਦੇ ਜਾਬਰ ਅਤੇ ਲੁਟੇਰੇ ਵਾਰਾਂ ਨੂੰ ਰੋਕਣ ਲਈ ਦਲੀਲਾਂ ਅਪੀਲਾਂ ਤੋਂ ਅੱਗੇ ਤੁਰਨ ਦੀ ਲੋੜ ਹੈ। ਦਿ੍ੜਤਾ ਪੂਰਬਕ ਲੰਬੇ ਸੰਘਰਸ਼ਾਂ ’ਤੇ ਟੇਕ ਰੱਖਣ ਦੀ ਲੋੜ ਹੈ। ਧਰਮ ਨਿਰਪੱਖ ਅਤੇ ਜਮਹੂਰੀ ਪੈਂਤੜੇ ਤੋਂ ਰਿਹਾਈ ਦੀ ਮੰਗ ਨੂੰ ਉਠਾਉਣ ਦੀ ਲੋੜ ਹੈ।

*ਫਿਰਕੂ ਸਿਆਸਤ ਅਤੇ ਧਾਰਮਿਕ ਕੱਟੜਤਾ ਨੂੰ ਤੂਲ ਦੇਣ ਦੀ ਖੇਡ ਖੇਡਣ ’ਚ ਜੁਟੀਆਂ ਹੋਈਆਂ ਸਰਕਾਰਾਂ ਇਨ੍ਹਾਂ ਕੇਸਾਂ ਨੂੰ ਵੀ ਆਪਣੇ ਲੋਕ ਵਿਰੋਧੀ ਮਨਸੂਬਿਆਂ ਲਈ ਵਰਤਣ ਦੀ ਤਾਕ ਵਿੱਚ ਰਹਿੰਦੀਆਂ ਹਨ ਤੇ ਅਜਿਹੇ ਫਿਰਕੂ ਪਿਛੋਕੜ ਵਾਲੇ ਕੈਦੀਆਂ ਨਾਲ ਵਾਜਬ ਕਨੂੰਨੀ ਰਵਈਏ ਦੀ ਬਜਾਏ ਆਪਣੀਆਂ ਸੌੜੀਆਂ ਫਿਰਕੂ ਤੇ ਸਿਆਸੀ ਲੋੜਾਂ ਅਨੁਸਾਰ ਹੀ ਰਵੱਈਆ ਤੈਅ ਕਰਦੀਆਂ ਹਨ।

* ਆਉ ਸਜ਼ਾਵਾਂ ਭੁਗਤ ਚੁੱਕੇ ਪੰਜਾਬ ਦੀ ਖਾਲਸਤਾਨੀ ਲਹਿਰ ਦੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਸੌੜੇ ਦਾਇਰੇ ਚੋਂ ਕੱਢਦਿਆਂ ,ਸਭਨਾ ਧਰਮਾਂ ਇਲਾਕਿਆਂ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਮੰਗ ਦੇ ਵਡੇਰੇ ਚੌਖਟੇ ਨਾਲ ਜੋੜ ਕੇ ਮੁਲਕ ਪੱਧਰ ’ਤੇ ਉਭਾਰੀਏ। ਇਸ ਮੰਗ ਨੂੰ ਫਿਰਕੂ ਜਾਂ ਧਾਰਮਕ ਕੱਟੜਤਾ ਦੇ ਪੈਂਤੜੇ ਤੋਂ, ਧਰਮ ਦਾ ਕੱਟੜ ਰਾਜ ਸਥਾਪਤ ਕਰਨ ਦੇ ਪੈਂਤੜੇ ਤੋਂ ਉਭਾਰਨ ਦੀ ਥਾਂ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਉਭਾਰੀਏ। ਮੁਲਕ ਵਿਆਪੀ ਸੰਘਰਸ਼ਸ਼ੀਲ ਏਕਤਾ ਹਾਸਲ ਕਰਨ ਵੱਲ ਕਦਮ ਵਧਾਈਏ। ਮੁਸਲਮਾਨਾਂ, ਇਸਾਈਆਂ ਤੇ ਕਬਾਇਲੀਆਂ ਆਦਿ ਨੂੰ ਰਿਹਾਅ ਕਰਨ ਦਾ ਨਾਅਰਾ ਉਭਾਰ ਕੇ ਬੁੱਕਲ਼ ਖੋਹਲੀਏ ਤੇ ਲਾਮਬੰਦੀ ਵਿਸ਼ਾਲ ਕਰੀਏ।

                                                                                    (ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜਾਰੀ ਪੋਸਟਰ ਦਾ ਹਿੱਸਾ)

No comments:

Post a Comment