Friday, March 17, 2023

ਆਦਿਵਾਸੀਆਂ ਵਿਰੁੱਧ ਧਰਮ-ਬਦਲੀ ਦੇ ਨਾਂ ’ਤੇ ਹਿੰਸਾ

 ਆਦਿਵਾਸੀਆਂ ਵਿਰੁੱਧ ਧਰਮ-ਬਦਲੀ ਦੇ ਨਾਂ ’ਤੇ ਹਿੰਸਾ

-ਬੂਟਾ ਸਿੰਘ ਮਹਿਮੂਦਪੁਰ

ਆਰ.ਐੱਸ.ਐੱਸ.-ਭਾਜਪਾ ਦੀ ਵਿਚਾਰਧਾਰਕ ਡਿਕਸ਼ਨਰੀ ਵਿਚ ਮੁਸਲਮਾਨਾਂ ਅਤੇ ਕਮਿਊਨਿਸਟਾਂ ਤੋਂ ਬਾਦ ਤੀਜੇ ਦੁਸ਼ਮਣ ਈਸਾਈ ਹਨ। ਈਸਾਈਆਂ ਨੂੰ ਦਬਾਉਣ ਲਈ ਸੰਘ ਅਤੇ ਇਸ ਦੀਆਂ ਵੱਖ-ਵੱਖ ਜਥੇਬੰਦੀਆਂ ਕੋਈ ਨਾ ਕੋਈ ਮੁੱਦਾ ਖੜ੍ਹਾ ਕਰੀ ਰੱਖਦੀਆਂ ਹਨ। ਈਸਾਈ ਭਾਈਚਾਰੇ ਵਿਰੁੱਧ ਹਿੰਦੂਤਵੀ ਹਿੰਸਾ ਸਿਰਫ਼ ਉਦੋਂ ਹੀ ਚਰਚਾ ਵਿਚ ਆਉਦੀ ਹੈ ਜਦੋਂ ਕੋਈ ਵੱਡਾ ਕਾਂਡ ਵਾਪਰਦਾ ਹੈ। ਈਸਾਈਆਂ ਵਿਰੁੱਧ ਹਿੰਦੂਤਵੀ ਦਹਿਸ਼ਤਵਾਦ ਦਾ ਇਕ ਬੇਹੱਦ ਘਿਣਾਉਣਾ ਕਾਰਾ 22 ਜਨਵਰੀ 1999 ਦੀ ਰਾਤ ਨੂੰ ਉੜੀਸਾ ਦੇ ਕਿਓਂਜਰ ਜ਼ਿਲ੍ਹੇ ਵਿਚ ਈਸਾਈ ਪਾਦਰੀ ਡਾ. ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਨਾਬਾਲਿਗ ਬੱਚਿਆਂ ਨੂੰ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਜ਼ਿੰਦਾ ਸਾੜ ਦੇਣਾ ਸੀ ਜਿਸ ਨੇ ਭਾਰਤ ਵਿਚ ਘੱਟਗਿਣਤੀ ਈਸਾਈ ਭਾਈਚਾਰੇ ਦੀ ਚਿੰਤਾਜਨਕ ਹਾਲਤ ਵੱਲ ਧਿਆਨ ਖਿੱਚਿਆ ਸੀ। ਪਰ ਜੋ ਧੀਮੀ ਸੁਰ ਵਾਲੀ ਹਿੰਸਾ ਰੋਜ਼ਮਰਾ ਵਾਪਰਦੀ ਹੈ ਉਸ ਦਾ ਸ਼ਾਇਦ ਹੀ ਕਦੇ ਨੋਟਿਸ ਲਿਆ ਜਾਂਦਾ ਹੈ। 2014 ’ਚ ਕੇਂਦਰ ਵਿਚ ਹਿੰਦੂਤਵੀ ਸਰਕਾਰ ਬਣਨ ਤੋਂ ਬਾਦ ਅਜਿਹੀ ਹਿੰਸਾ ਵਿਚ ਖ਼ਾਸ ਤੇਜ਼ੀ ਆਈ ਹੈ। ਹਿੰਦੂਤਵੀ ਗਰੋਹਾਂ ਵੱਲੋਂ ਕਈ ਸ਼ਹਿਰਾਂ ਵਿਚ ਈਸਾਈ ਚਰਚਾਂ ਦੀ ਭੰਨਤੋੜ ਅਤੇ �ਿਸਮਸ ਦੇ ਸਮਾਗਮਾਂ ’ਚ ਖ਼ਲਲ ਇਸੇ ਦਾ ਹਿੱਸਾ ਹੈ।

ਆਦਿਵਾਸੀ ਇਲਾਕਿਆਂ ਵਿਚ ਧਰਮ-ਬਦਲੀ ਦੀ ਸਮੱਸਿਆ ਹੋਰ ਵੀ ਗੁੰਝਲਦਾਰ ਹੈ। ਇਕ ਪਾਸੇ ਆਦਿਵਾਸੀ ਸੰਤਾਪੀ ਜ਼ਿੰਦਗੀ ਤੋਂ ਰਾਹਤ ਲੈਣ ਲਈ ਰਵਾਇਤੀ ਕਬਾਇਲੀ ਰੀਤੀ-ਰਿਵਾਜ ਛੱਡ ਕੇ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਹੇਠ ਈਸਾਈ ਬਣ ਰਹੇ ਹਨ ਦੂਜੇ ਪਾਸੇ ਆਰ.ਐੱਸ.ਐੱਸ. ਦੇ ਕਾਰਿੰਦੇ ਉਨ੍ਹਾਂ ਨੂੰ ਇਹ ਜਚਾ ਕੇ ਹਿੰਦੂ ਧਰਮ ’ਚ ‘ਘਰ ਵਾਪਸੀ’ ਕਰਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ ਕਿ ਉਨ੍ਹਾਂ ਦੇ ਦੇਵੀ-ਦੇਵਤੇ ਹਿੰਦੂ ਧਰਮ ਦਾ ਹਿੱਸਾ ਸਨ। ਉਹ ਈਸਾਈ ਧਰਮ ਨੂੰ ਬਾਹਰੋਂ ਆਇਆ ਧਰਮ ਦੱਸਕੇ ਇਸ ਵਿਰੁੱਧ ਨਫ਼ਰਤ ਫੈਲਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਉਹ ਕਹਿੰਦੇ ਹਨ ਕਿ ਹਿੰਦੂਆਂ ਨੂੰ ਵਰਗਲਾ ਕੇ ਅਤੇ ਲਾਲਚ ਦੇ ਕੇ ਈਸਾਈ ਬਣਾਇਆ ਜਾ ਰਿਹਾ ਹੈ। ਬਜਰੰਗ ਦਲ ਵਰਗੇ ਹਿੰਦੂ ਅੱਤਵਾਦੀ ਗਰੁੱਪ ਈਸਾਈ ਪ੍ਰਚਾਰਕਾਂ ਨੂੰ ਦਹਿਸ਼ਤਜ਼ਦਾ ਕਰਕੇ ਭਜਾਉਣ ਲਈ ਰਾਜਕੀ ਪੁਸ਼ਤ-ਪਨਾਹੀ ਨਾਲ ਸਰੇਆਮ ਹਿੰਸਕ ਮੁਹਿੰਮਾਂ ਚਲਾਉਦੇ ਹਨ। ਆਦਿਵਾਸੀ ਸਮਾਜ ਵਿਚ ਪਾਟਕ ਪਾਉਣ ਅਤੇ ਉਨ੍ਹਾਂ ਦੀ ਭਾਈਚਾਰਕ ਇਕਜੁੱਟਤਾ ਨੂੰ ਤੋੜਨ ਲਈ ਹਿੰਦੂ ਬਨਾਮ ਈਸਾਈ ਦਾ ਟਕਰਾਓ ਬਹੁਤ ਹੀ ਸ਼ਾਤਰਾਨਾ ਤਰੀਕੇ ਨਾਲ ਖੜ੍ਹਾ ਕੀਤਾ ਜਾ ਰਿਹਾ ਹੈ। ਐਸੀਆਂ ਸ਼ਾਤਰਾਨਾ ਚਾਲਾਂ ਦਾ ਹੀ ਨਤੀਜਾ ਹੈ ਕਿ ਛੱਤੀਸਗੜ੍ਹ ਦੇ ਦੋ ਜ਼ਿਲ੍ਹਿਆਂ ਵਿਚ ਇਹ ਟਕਰਾਓ ਪਿਛਲੇ ਦਿਨੀਂ ਈਸਾਈ ਆਦਿਵਾਸੀਆਂ ਨੂੰ ਪਿੰਡਾਂ ਵਿੱਚੋਂ ਉਜਾੜਨ ਦੀ ਹੱਦ ਤੱਕ ਪਹੁੰਚ ਗਿਆ ਹੈ। ਈਸਾਈ ਭਾਈਚਾਰਾ ਇਕੱਲਾ ਸੰਘ ਪਰਿਵਾਰ ਦੇ ਹੀ ਨਿਸ਼ਾਨੇ ’ਤੇ ਨਹੀਂ ਸਗੋਂ ਕੱਟੜਪੰਥੀ ਸਿੱਖ ਜਥੇਬੰਦੀਆਂ ਦੇ ਵੀ ਨਿਸ਼ਾਨੇ ’ਤੇ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਕੁਝ ਹੋਰ ਇਲਾਕਿਆਂ ਵਿਚ ਦਲਿਤਾਂ ਵੱਲੋਂ ਈਸਾਈ ਧਰਮ ਅਪਣਾਉਣ ਦਾ ਰੁਝਾਨ ਹੈ ਅਤੇ ਕੱਟੜਪੰਥੀ ਤਾਕਤਾਂ ਇਸ ਧਰਮ-ਬਦਲੀ ਨੂੰ ਸਿੱਖ ਧਰਮ ਵਿਰੁੱਧ ਇਕ ਵੱਡੀ ਸਾਜ਼ਿਸ਼ ਦੇ ਤੌਰ ’ਤੇ ਪੇਸ਼ ਕਰ ਰਹੀਆਂ ਹਨ।

ਹਾਲ ਹੀ ਵਿਚ ਇਕ ਤੱਥ ਖੋਜ ਰਿਪੋਰਟ ਨੇ ਖ਼ੁਲਾਸਾ ਕੀਤਾ ਹੈ ਕਿ 9 ਦਸੰਬਰ ਤੋਂ ਲੈ ਕੇ 18 ਦਸੰਬਰ 2022 ਤੱਕ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦੇ 18 ਪਿੰਡਾਂ ਅਤੇ ਕੌਂਡਾਗਾਓਂ ਜ਼ਿਲ੍ਹੇ ਦੇ 15 ਪਿੰਡਾਂ ਵਿਚ ‘ਹਿੰਦੂ ਆਦਿਵਾਸੀਆਂ’ ਵੱਲੋਂ ਈਸਾਈ ਆਦਿਵਾਸੀਆਂ ਉੱਪਰ ਹਮਲੇ ਕੀਤੇ ਗਏ ਅਤੇ ਇਕ ਹਜ਼ਾਰ ਤੋਂ ਵਧੇਰੇ ਈਸਾਈ ਆਦਿਵਾਸੀਆਂ ਨੂੰ ਉਨ੍ਹਾਂ ਦੇ ਪਿੰਡਾਂ ’ਚੋਂ ਉਜਾੜ ਦਿੱਤਾ ਗਿਆ। ਉੱਘੇ ਬੁੱਧੀਜੀਵੀ ਇਰਫ਼ਾਨ ਇੰਜੀਨੀਅਰ, ਜੋ ਕਿ ਸੈਂਟਰ ਫਾਰ ਸਟੱਡੀ ਆਫ਼ ਸੁਸਾਇਟੀ ਅਤੇ ਸੈਕੂਲਰਿਜ਼ਮ ਦੇ ਡਾਇਰੈਕਟਰ ਹਨ, ਅਤੇ ਆਲ ਇੰਡੀਆ ਪੀਪਲਜ਼ ਫੋਰਮ ਦੀ ਛੱਤੀਸਗੜ੍ਹ ਇਕਾਈ ਦੇ ਕਨਵੀਨਰ ਬਿ੍ਰਜੇਂਦਰ ਤਿਵਾੜੀ ਦੀ ਅਗਵਾਈ ਹੇਠ ਤੱਥ ਖੋਜ ਟੀਮ ਨੇ ਰਾਹਤ ਕੈਂਪਾਂ ਅਤੇ 30 ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪੀੜਤਾਂ ਨੂੰ ਮਿਲਕੇ ਅਤੇ ਪਿੰਡ ਦੇ ਮੁਖੀਆਂ ਸਮੇਤ ਗ਼ੈਰ-ਈਸਾਈ ਆਦਿਵਾਸੀਆਂ ਦਾ ਪੱਖ ਸੁਣ ਕੇ ਸਚਾਈ ਸਾਹਮਣੇ ਲਿਆਂਦੀ ਹੈ। ਟੀਮ ਵਿਚ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਫਾਰ ਜਸਟਿਸ ਅਤੇ ਯੂਨਾਈਟਿਡ �ਿਸਚੀਅਨ ਫੋਰਮ ਦੇ ਨੁਮਾਇੰਦੇ ਵੀ ਸ਼ਾਮਿਲ ਸਨ।

ਰਿਪੋਰਟ ਦੱਸਦੀ ਹੈ ਕਿ ਉਜਾੜੇ ਗਏ ਲੋਕਾਂ ਨੂੰ ਆਪਣੇ ਈਸਾਈ ਅਕੀਦੇ ਤਿਆਗ ਦੇਣ ਅਤੇ ਹਿੰਦੂ ਧਰਮ ਅਪਣਾਉਣ ਲਈ ਕਿਹਾ ਗਿਆ। ਇੰਞ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਨੂੰ ਮਰਨ ਲਈ ਜਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ। ਬਹੁਤ ਸਾਰੇ ਈਸਾਈ ਆਦਿਵਾਸੀਆਂ ਨੂੰ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੂੰ ਡੰਡਿਆਂ, ਟਾਇਰਾਂ ਅਤੇ ਰਾਡਾਂ ਨਾਲ ਐਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਘੱਟੋ-ਘੱਟ ਦੋ ਦਰਜਨ ਫੱਟੜ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਉਹ ਉਨ੍ਹਾਂ ਦੇ ਘਰਾਂ ਵਿੱਚੋਂ ਧੱਕੇ ਨਾਲ ਬਾਈਬਲ ਦੀਆਂ ਕਾਪੀਆਂ ਵੀ ਚੁੱਕ ਕੇ ਲੈ ਗਏ। ਮੜਮਨਾਰ ਪਿੰਡ ਦੇ ਮੰਗਲੂ ਕੋੜਮ ਨੇ ਟੀਮ ਨੂੰ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਪਿੰਡ ਦੇ 21 ਪਰਿਵਾਰਾਂ ਨੂੰ ਧੱਕੇ ਨਾਲ ਪਿੰਡ ਦੇ ਮੰਦਰ ਵਿਚ ਲਿਜਾਇਆ ਗਿਆ ਜਿੱਥੇ ਪੁਜਾਰੀ ਨੇ ਉਨ੍ਹਾਂ ਉੱਪਰ ਜਲ ਛਿੜਕਿਆ, ਕੁਝ ਹੋਰ ਧਾਰਮਿਕ ਰਸਮਾਂ ਕੀਤੀਆਂ ਅਤੇ ਫਿਰ ਉਨ੍ਹਾਂ ਨੂੰ ਹਿੰਦੂ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਉੜਿਦਗਾਓਂ ਪਿੰਡ ਦੇ 18, ਫੁਲਹੜਗਾਓਂ ਦੇ 3 ਅਤੇ ਪੁਤਨਚੰਦਾਗਾਓਂ ਦੇ 3 ਪਰਿਵਾਰਾਂ ਨੂੰ ਧੱਕੇ ਨਾਲ ਹਿੰਦੂ ਬਣਾਇਆ ਗਿਆ। ਗਰਭਵਤੀ ਔਰਤਾਂ ਅਤੇ ਅਪਾਹਜ ਵੀ ਇਸ ਹਿੰਸਾ ਤੋਂ ਬਚ ਨਾ ਸਕੇ।

ਪੀੜਤ ਆਦਿਵਾਸੀਆਂ ਨੇ ਟੀਮ ਨੂੰ ਦੱਸਿਆ ਕਿ ਇਨ੍ਹਾਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਨੇ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ। ਨਰਾਇਣਪੁਰ ਦੇ ਜ਼ਿਲ੍ਹਾ ਕੁਲੈਕਟਰ ਨੇ ਇਹ ਗੱਲ ਤਾਂ ਮੰਨੀ ਹੈ ਕਿ ਹਿੰਸਾ ਹੋਈ ਹੈ ਜਿਸ ਵਿਚ 500 ਲੋਕਾਂ ਨੂੰ ਪਿੰਡਾਂ ’ਚੋਂ ਉਜਾੜ ਦਿੱਤਾ ਗਿਆ। ਕੁਲੈਕਟਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 250 ਲੋਕਾਂ ਨੂੰ ਵਾਪਸ ਉਨ੍ਹਾਂ ਦੇ ਪਿੰਡਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵਾਪਸ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਅਤੇ ਸੱਤ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪਰ ਪ੍ਰਸ਼ਾਸਨ ਅਤੇ ਛੱਤੀਸਗੜ੍ਹ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ ਇਸ ਤੋਂ ਮੁੱਕਰ ਰਹੇ ਹਨ ਕਿ ਈਸਾਈ ਆਦਿਵਾਸੀਆਂ ਨੂੰ ਧੱਕੇ ਨਾਲ ਹਿੰਦੂ ਬਣਾਇਆ ਗਿਆ ਹੈ। ਉਨ੍ਹਾਂ ਮੁਤਾਬਿਕ ਹਿੰਸਾ ਹੋਰ ਝਗੜਿਆਂ ਕਾਰਨ ਹੋਈ ਹੈ ਅਤੇ ਹਾਲਾਤ ਕਾਬੂ ਹੇਠ ਹਨ।

ਜਾਂਚ ਟੀਮ ਨੇ ਜੋ ਜ਼ਮੀਨੀਂ ਤੱਥ ਨੋਟ ਕੀਤੇ ਉਹ ਪ੍ਰਸ਼ਾਸਨ ਦੇ ਦਾਅਵਿਆਂ ਦੇ ਝੂਠ ਨੂੰ ਬਖ਼ੂਬੀ ਬੇਪਰਦ ਕਰਦੇ ਹਨ। ਰਿਪੋਰਟ ਦੱਸਦੀ ਹੈ ਕਿ ਜਿਨ੍ਹਾਂ ਪਿੰਡਾਂ ਵਿਚ ਹਿੰਸਾ ਹੋਈ ਉਨ੍ਹਾਂ ਦੇ ਜ਼ਿੰਦਗੀ ਦੇ ਵਸੀਲੇ ਇੱਕੋ ਤਰ੍ਹਾਂ ਦੇ ਹਨ ਅਤੇ ਉਹ ਤੇਂਦੂ ਪੱਤਾ ਤੋੜ ਕੇ, ਮਹੂਏ ਦੇ ਫੁੱਲ ਇਕੱਠੇ ਕਰਕੇ, ਮੱਛੀਆਂ ਫੜਕੇ ਅਤੇ ਛੋਟੀਆਂ ਛੋਟੀਆਂ ਜ਼ਮੀਨੀਂ ਜੋਤਾਂ ਵਾਹ-ਬੀਜਕੇ ਗੁਜ਼ਾਰਾ ਕਰਦੇ ਹਨ। ਸਿੱਧੇ-ਸਾਦੇ ਆਦਿਵਾਸੀ ਵੱਖ-ਵੱਖ ਧਰਮਾਂ ਦਾ ਪ੍ਰਭਾਵ ਕਬੂਲ ਰਹੇ ਹਨ ਅਤੇ ਜਿਸ ਕਾਰਨ ਧਾਰਮਿਕ ਝਗੜੇ ਪੈਦਾ ਹੋ ਰਹੇ ਹਨ। ਚਲਕਾ ਪਿੰਡ ਦੇ ਉਨ੍ਹਾਂ 17 ਆਦਿਵਾਸੀਆਂ ਨਾਲ ਬਾਕੀ ਆਦਿਵਾਸੀਆਂ ਦੇ ਝਗੜੇ ਦਾ ਕਾਰਨ ਵੀ ਉਨ੍ਹਾਂ ਦਾ ‘‘ਵਿਸ਼ਵਾਸੂ’’ ਬਣ ਜਾਣਾ ਬਣਿਆ ਹੈ। 2015 ਤੋਂ ਬਾਦ ਉਨ੍ਹਾਂ ਨੇ ਈਸਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਪ੍ਰਭੂ ਈਸਾ ਨੂੰ ਪ੍ਰਾਰਥਨਾ ਕਰਨ ਨਾਲ ਉਨ੍ਹਾਂ ਦੀ ਬੀਮਾਰੀ ਠੀਕ ਹੋ ਗਈ। ਕੁਝ ਪਰਿਵਾਰਾਂ ਦੇ ਜੀਅ ‘‘ਵਿਸ਼ਵਾਸੂ’’ ਹਨ, ਕੁਝ ਨਹੀਂ ਹਨ ਪਰ ਉਹ ਆਪਸ ਵਿਚ ਪ੍ਰੇਮ ਭਾਵਨਾ ਨਾਲ ਰਹਿੰਦੇ ਸਨ। ਵਿਸ਼ਵਾਸੂ ਦਾ ਭਾਵ ਇਹ ਹੈ ਕਿ ਉਹ ਬਕਾਇਦਾ ਕਿਸੇ ਕੇਂਦਰੀ ਚਰਚ ਦੀ ਅਗਵਾਈ ਹੇਠ ਈਸਾਈ ਧਰਮ ਨਾਲ ਜੁੜੇ ਹੋਏ ਨਹੀਂ। ਉਨ੍ਹਾਂ ਨੇ ਪ੍ਰਸ਼ਾਸਨ ਕੋਲ ਲਿਖਤੀ ਤੌਰ ’ਤੇ ਆਪਣਾ ਈਸਾਈ ਧਰਮ ਦਰਜ ਨਹੀਂ ਕਰਵਾਇਆ। ਸਰਕਾਰੀ ਕਾਗਜ਼ਾਂ ’ਚ ਦਰਜ ਹੋ ਚੁੱਕੇ ਵਿਅਕਤੀਆਂ ਨੂੰ ਕਾਗਜ਼ਾਂ ਵਾਲੇ ਈਸਾਈ ਕਿਹਾ ਜਾਂਦਾ ਹੈ। ਵਿਸ਼ਵਾਸੂ ਪਿੰਡ ਦੇ ਰਵਾਇਤੀ ਤਿਓਹਾਰਾਂ ਵਿਚ ਯੋਗਦਾਨ ਤਾਂ ਪਾਉਦੇ ਹਨ ਪਰ ਉਹ ਰਵਾਇਤੀ ਦੇਵਤਿਆਂ ਦੀ ਪੂਜਾ ਵਿਚ ਹਿੱਸਾ ਨਹੀਂ ਲੈਂਦੇ। ਟੀਮ ਨੇ ਤਿੰਨ ਦਿਨਾਂ ਦੇ ਦੌਰੇ ਸਮੇਂ ਨੋਟ ਕੀਤਾ ਕਿ ਜੋ ਆਦਿਵਾਸੀ ਵਿਸ਼ਵਾਸੂ ਬਣ ਗਏ ਹਨ ਉਨ੍ਹਾਂ ਨੇ ਦਾਰੂ ਪੀਣੀ ਛੱਡ ਦਿੱਤੀ ਹੈ ਅਤੇ ਇਹ ਪੈਸੇ ਉਹ ਬੱਚਿਆਂ ਦੀ ਪੜ੍ਹਾਈ ਅਤੇ ਚੰਗੇ ਕੱਪੜੇ ਪਹਿਨਣ ’ਤੇ ਖ਼ਰਚਦੇ ਹਨ। ਵਿਸ਼ਵਾਸੂ ਕਿਸੇ ਕੇਂਦਰੀ ਚਰਚ ਦੀ ਲੀਡਰਸ਼ਿਪ ਦੇ ਮਤਹਿਤ ਨਹੀਂ ਹਨ ਅਤੇ ਉਨ੍ਹਾਂ ਦੇ ਪਾਦਰੀ ਬਕਾਇਦਾ ਸਿਖਲਾਈਸ਼ੁਦਾ ਵਿਅਕਤੀ ਨਹੀਂ ਹਨ। ਉਨ੍ਹਾਂ ਦੇ ਸੁਤੰਤਰ ਚਰਚ ਹਨ ਯਾਨੀ ਪਿੰਡ ਦੇ ਜਿਸ ਪਹਿਲੇ ਬੰਦੇ ਨੇ ਕਿਸੇ ਚਰਚ ਦੀ ਪ੍ਰਾਰਥਨਾ ’ਚ ਜਾ ਕੇ ਕੁਝ ਜਾਣਕਾਰੀ ਹਾਸਲ ਕਰ ਲਈ ਅਤੇ ਜਿਹੜਾ ਐਸਾ ਬੰਦਾ ਬਾਕੀ ਪਿੰਡ ਵਾਸੀਆਂ ਦੇ ਵਿਰੋਧ ਅੱਗੇ ਡੱਟਣ ਦਾ ਸਵੈਵਿਸ਼ਵਾਸ ਜੁਟਾ ਲੈਂਦਾ ਹੈ ਉਸੇ ਨੂੰ ਉਹ ਆਪਣੇ ਚਰਚ ਦਾ ਕਰਤਾ-ਧਰਤਾ ਮੰਨ ਲੈਂਦੇ ਹਨ।

ਹੋਰ ਆਦਿਵਾਸੀ ਵਿਸ਼ਵਾਸੂਆਂ ਤੋਂ ਖ਼ਫ਼ਾ ਹਨ ਜੋ ਖ਼ੁਦ ਨੂੰ ਗੌਂਡਵਾਨਾ ਸਮਾਜ ਦੱਸਦੇ ਹਨ ਪਰ ਦਰਅਸਲ ਉਨ੍ਹਾਂ ’ਚ ਹਿੰਦੂਤਵ ਦੀ ਡੂੰਘੀ ਘੁਸਪੈਠ ਹੈ। ਪਿਛਲੇ ਦਿਨੀਂ ਚਲਕਾ ਪਿੰਡ ਵਿਚ ਇਕ ਆਦਿਵਾਸੀ ਦੀ ਮੌਤ ’ਤੇ ਇਕੱਠੇ ਹੋਏ ਇਨ੍ਹਾਂ ਇਕ ਸੌ ਲੋਕਾਂ ਨੇ ਅੰਤਿਮ ਸੰਸਕਾਰ ਤੋਂ ਬਾਦ ਵਿਸ਼ਵਾਸੂਆਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਧਰਮ ਬਦਲਕੇ ਹਿੰਦੂ ਬਣ ਜਾਣ ਲਈ ਕਿਹਾ। ਜਦੋਂ ਉਨ੍ਹਾਂ ਨੇ ਈਸਾ ’ਚ ਵਿਸ਼ਵਾਸ ਨੂੰ ਤਿਆਗਣੋਂ ਨਾਂਹ ਕਰ ਦਿੱਤੀ ਤਾਂ ਸਰਪੰਚ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਘਰਾਂ ਨੂੰ ਘੇਰਾ ਪਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜਾਂ ਤਾਂ ਪਿੰਡ ਛੱਡ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ। ਉਨ੍ਹਾਂ ਨੂੰ ਪਿੰਡੋਂ ਕੱਢਕੇ ਹੀ ਦਮ ਲਿਆ ਗਿਆ। ਪੁਲਿਸ ਨੂੰ ਸ਼ਿਕਾਇਤ ਕਰਨ ’ਤੇ ਪਰਚਾ ਦਰਜ ਕਰਨ ਦੀ ਬਜਾਏ ਇੰਸਪੈਕਟਰ ਉਨ੍ਹਾਂ ਨੂੰ ਮੋੜ ਕੇ ਪਿੰਡ ’ਚ ਤਾਂ ਲੈ ਗਿਆ। ਪਰ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਾ ਦੇਣ ’ਤੇ ਉਹ ਪੀੜਤਾਂ ਨੂੰ ਉਨ੍ਹਾਂ ਦੇ ਹਾਲਤ ’ਤੇ ਛੱਡ ਕੇ ਵਾਪਸ ਚਲਾ ਗਿਆ। ਹੋਰ ਪਿੰਡਾਂ ’ਚੋਂ ਵਿਸ਼ਵਾਸੂਆਂ ਨੂੰ ਉਜਾੜਨ ਲਈ ਹਿੰਸਾ ਦਾ ਸਹਾਰਾ ਲਿਆ ਗਿਆ। ਉਨ੍ਹਾਂ ਦੇ ਘਰ ਅਤੇ ਪ੍ਰਾਰਥਨਾ ਸਥਾਨ ਤੋੜ ਦਿੱਤੇ ਗਏ ਅਤੇ ਇੰਞ ਪ੍ਰਸ਼ਾਸਨ ਵੱਲੋਂ ਮੂਕ ਦਰਸ਼ਕ ਬਣੇ ਰਹਿਣ ਕਾਰਨ ‘ਹਿੰਦੂ ਆਦਿਵਾਸੀਆਂ’ ਨੇ ਈਸਾਈਆਂ ਨੂੰ 40 ਪਿੰਡਾਂ ਵਿੱਚੋਂ ਉਜਾੜ ਕੇ ਸ਼ਹਿਰ ਦੇ ਚਰਚਾਂ ਜਾਂ ਹੋਰ ਰਾਹਤ ਕੈਂਪਾਂ ਦੀ ਸ਼ਰਣ ਲੈਣ ਲਈ ਮਜਬੂਰ ਕਰ ਦਿੱਤਾ। ਦਰਅਸਲ, ਰਾਜਤੰਤਰ ਆਦਿਵਾਸੀ ਸਮਾਜ ’ਚ ਪਾਟਕ ਪਾਉਣ ਲਈ ਐਸੇ ਝਗੜਿਆਂ ਨੂੰ ਸ਼ਹਿ ਦੇ ਰਿਹਾ ਹੈ ਤਾਂ ਜੁ ਉਨ੍ਹਾਂ ਦੀ ਭਾਈਚਾਰਕ ਤਾਕਤ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਜੰਗਲਾਂ-ਪਹਾੜਾਂ ’ਚੋਂ ਸੌਖ ਨਾਲ ਉਜਾੜਿਆ ਜਾ ਸਕੇ।

ਇਸ ਦੀ ਤਸਦੀਕ ਪੁਲਿਸ ਅਤੇ ਪ੍ਰਸ਼ਾਸਨ ਦਾ ਬਹੁਗਿਣਤੀਵਾਦੀ ਝੁਕਾਅ ਵੀ ਕਰਦਾ ਹੈ। ਚਲਕਾ ਪਿੰਡ ਦੇ 17 ਪੀੜਤਾਂ ਨੇ ਟੀਮ ਨੂੰ ਦੱਸਿਆ ਕਿ ਕਸਬੇ ਦੇ ਪੁਲਿਸ ਇੰਸਪੈਕਟਰ ਅਤੇ ਕੌਂਡਾਗਾਓਂ ਦੇ ਜ਼ਿਲ੍ਹਾ ਕੁਲੈਕਟਰ ਨੇ ਉਨ੍ਹਾਂ ਨੂੰ ਸਾਫ਼ ਕਿਹਾ ਕਿ ਉਨ੍ਹਾਂ ਨੇ ਆਪਣੇ ਯੁਗਾਂ ਪੁਰਾਣੇ ਰੀਤੀ-ਰਿਵਾਜ ਤਿਆਗ ਕੇ ਗ਼ਲਤ ਕੀਤਾ ਹੈ ਅਤੇ ਜੇ ਉਹ ਆਪਣੇ ਪਿੰਡਾਂ ’ਚ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਿੰਦੂ ਧਰਮ ਅਪਣਾ ਲੈਣਾ ਚਾਹੀਦਾ ਹੈ। ਜ਼ਾਹਿਰ ਹੈ ਕਿ ਸੰਘ ਬਰਗੇਡ ਅਤੇ ਪ੍ਰਸ਼ਾਸਨ ਮਿਲ ਕੇ ਆਦਿਵਾਸੀਆਂ ਦੀ ਮਨਪਸੰਦ ਧਰਮ ਨੂੰ ਮੰਨਣ ਦੀ ਆਜ਼ਾਦੀ ਖੋਹ ਰਹੇ ਹਨ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਥਾਪਤ ਚਰਚ ਵੀ ਇਨ੍ਹਾਂ ਈਸਾਈਆਂ ਦੀ ਮੱਦਦ ਲਈ ਅਤੇ ਉਜਾੜੇ ਵਿਰੁੱਧ ਆਵਾਜ਼ ਉਠਾਉਣ ਲਈ ਅੱਗੇ ਨਹੀਂ ਆ ਰਹੇ। ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਾਸ਼ੀਏ ’ਤੇ ਧੱਕੇ ਹਿੱਸਿਆਂ ਦੇ ਲੋਕ ਆਪਣੀਆਂ ਸੰਤਾਪੀਆਂ ਜ਼ਿੰਦਗੀਆਂ ਦੇ ਹਾਲਾਤਾਂ ’ਚੋਂ ਇਸਲਾਮ ਅਤੇ ਈਸਾਈ ਧਰਮ ਨੂੰ ਅਪਣਾਉਦੇ ਹਨ। ਸੰਘ ਬਰਗੇਡ ਦਾ ਧਰਮ-ਬਦਲੀ ਦਾ ਝੂਠਾ ਬਿਰਤਾਂਤ ਤਾਂ ਮਹਿਜ਼ ਮੁਸਲਮਾਨ ਅਤੇ ਈਸਾਈ ਘੱਟਗਿਣਤੀਆਂ ਉੱਪਰ ਬਹੁਗਿਣਤੀ ਦੀ ਧੌਂਸ ਅਤੇ ਦਾਬਾ ਥੋਪਣ ਦਾ ਬਹਾਨਾ ਹੈ।


                                                                 ---0---         

No comments:

Post a Comment