Friday, March 17, 2023

ਬੀਬੀਸੀ ਦੀ ਦਸਤਾਵੇਜੀ ’ਤੇ ਪਾਬੰਦੀ ਦਾ ਪੰਜਾਬ ਅੰਦਰ ਵਿਰੋਧ

 ਬੀਬੀਸੀ ਦੀ  ਦਸਤਾਵੇਜੀ ’ਤੇ ਪਾਬੰਦੀ ਦਾ ਪੰਜਾਬ ਅੰਦਰ ਵਿਰੋਧ 

ਬੀਬੀਸੀ ਵੱਲੋਂ ਦਸਤਾਵੇਜ਼ੀ ਫਿਲਮ ਇੰਡੀਆ: ਦੀ ਮੋਦੀ ਕੁਏਸ਼ਨ ਬਣਾਈ ਗਈ ਹੈ ਜਿਸਦੇ ਵਿੱਚ ਮੋਦੀ ਹਕੂਮਤ ਵੱਲੋਂ ਵੱਖੋ ਵੱਖ ਸਮਿਆਂ ’ਚ ਕੀਤੇ ਫਿਰਕੂ ਫਾਸ਼ੀ ਕਤਲੇਆਮ ਨੂੰ ਹੂਬਹੂ ਪੇਸ਼ ਕੀਤਾ ਹੈ। 


ਭਾਰਤ ਦੀਆਂ ਨਾਮਵਰ ਯੂਨੀਵਰਸਿਟੀਆਂ ਜੇ ਐੱਨ ਯੂ, ਜਾਮੀਆ ਮਿਲੀਆ, ਦਿੱਲੀ ਯੂਨੀ., ਅੰਬੇਡਕਰ ਯੂਨੀਵਰਸਿਟੀ ਆਦਿ ਦੇ ਕੁਝ ਸੰਗਠਨਾਂ ਵੱਲੋਂ ਇਹ ਦਸਤਾਵੇਜ਼ੀ ਫ਼ਿਲਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿਖਾਈ ਜਾ ਰਹੀ ਹੈ ਅਤੇ ਫਿਲਮ ’ਤੇ ਚਰਚਾ ਵੀ ਕੀਤੀ ਜਾ ਰਹੀ ਹੈ ਪਰੰਤੂ ਆਰ ਐਸ ਐਸ ਦੇ ਵਿਦਿਆਰਥੀ ਵਿੰਗ ਏਬੀਵੀਪੀ ਤੇ ਮੋਦੀ ਸਰਕਾਰ ਵੱਲੋਂ ਬੁਖਲਾਹਟ ’ਚ ਆ ਕੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਤੇ ਪੁਲੀਸ ਰਾਹੀਂ ਵਿਦਿਆਰਥੀਆਂ ਨੂੰ ਫਿਲਮ ਦੀ ਸਕਰੀਨਿੰਗ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਨਾਲ ਥਾਂ ਥਾਂ ਧੱਕਾ ਮੁੱਕੀ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬੀਬੀਸੀ ਦਸਤਾਵੇਜ਼ੀ ਦਿਖਾਈ ਗਈ ਜਿੱਥੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਭਾਜਪਾ ਦੇ ਵਿਦਿਆਰਥੀ ਵਿੰਗ ਏ ਵੀ ਬੀ ਪੀ ਵੱਲੋਂ ਪ੍ਰਸ਼ਾਸ਼ਨ ਰਾਹੀਂ ਰੋਕਣ ਦੀ ਕੋਸ਼ਿਸ਼ ਵੀ ਹੋਈ ਪਰ ਸੰਘਰਸ਼ੀ ਜਥੇਬੰਦੀਆਂ ਆਪਣੇ ਪ੍ਰੋਗਰਾਮ ’ਚ ਸਫਲ ਰਹੀਆਂ।


ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ ਇਸ ਧੱਕੇਸ਼ਾਹੀ ਖਿਲਾਫ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਦੀ ਹਮਾਇਤ ’ਚ ਪੰਜਾਬ ਦੇ ਵੱਖੋ ਵੱਖ ਕਾਲਜਾਂ ’ਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਫਿਲਮ ਬਾਰੇ ਜਾਣੂ ਕਰਵਾਇਆ ਗਿਆ ਜਿਸ ’ਚ ਕਸ਼ਮੀਰੀ ਲੋਕਾਂ ’ਤੇ ਜਬਰ , ਨਾਗਰਿਕਤਾ ਕਨੂੰਨ ਦੀ ਮਾਰ ਝਲਦੇ ਲੋਕ ਸਮੇਤ ਦਿੱਲੀ ਮੁਸਲਮਾਨ ਕਤਲੇਆਮ (2020) ਦਿਖਾਇਆ ਗਿਆ ਹੈ।  

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚਾਰ ਚਰਚਾਵਾਂ ਤੇ ਵਾਦ - ਵਿਵਾਦ ਦੇ ਕੇਂਦਰ ਹਨ ਜਿਨ੍ਹਾਂ ਵਿੱਚ ਸਮਾਜ ਦੀਆਂ ਸਮੱਸਿਆਂਵਾਂ ਦੇ ਹੱਲ ਲੱਭੇ ਜਾਂਦੇ ਹਨ ਪ੍ਰੰਤੂ ਮੋਦੀ ਸਰਕਾਰ ਵੱਲੋਂ ਫ਼ਿਰਕੂ ਫਾਸ਼ੀਵਾਦੀ ਏਜੰਡੇ ਰਾਹੀਂ ਲਗਾਤਾਰ ਯੂਨੀਵਰਸਿਟੀਆਂ ਦੀ ਜਮਹੂਰੀ ਸਪੇਸ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸਦਾ ਹਰ ਇੱਕ ਜਮਹੂਰੀਅਤ ਪਸੰਦ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ।


ਇਸ ਤਹਿਤ ਟੀ ਪੀ ਡੀ ਮਾਲਵਾ ਕਾਲਜ ਰਾਮਪੁਰਾ ਫੂਲ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ , ਯੂਨੀਵਰਸਿਟੀ ਕਾਲਜ ਮੂਨਕ , ਘੁੱਦਾ , ਬਹਾਦਰਪੁਰ , ਕਿਰਤੀ ਕਾਲਜ ਨਿਆਲ , ਸਰਕਾਰੀ ਕਾਲਜ ਸੰਗਰੂਰ ਵਿਖੇ ਇਹ ਰੋਸ ਪ੍ਰਦਰਸ਼ਨ ਕੀਤੇ ਗਏ। ਇਮਤਿਹਾਨ ਚੱਲਣ ਦੇ ਬਾਵਜੂਦ ਇਹ ਪ੍ਰਦਰਸ਼ਨ ਸਫਲ ਰਹੇ।


ਮੋਦੀ ਹਕੂਮਤ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਫਿਲਮ ਵਿਦੇਸ਼ੀ ਚੈਨਲ ਵੱਲੋਂ ਬਣਾਈ ਹੋਣ ਕਰਕੇ ਬਸਤੀਵਾਦੀ ਸੋਚ ਦਾ ਦੇਸ਼ ’ਤੇ ਦਾਬੇ ਦਾ ਪ੍ਰਗਟਾਵਾ ਹੈ। 

ਪਰ ਉਹ ਆਪ ਇਸ ਗੱਲ ਤੋਂ ਓਹਲਾ ਕਿਉ ਰੱਖ ਰਹੇ ਨੇ ਕਿ ਸਾਮਰਾਜੀ ਮੁਲਕਾਂ ਦੇ ਨਿਰਦੇਸ਼ਾਂ ਤਹਿਤ ਮੁਲਕ ਦੇ ਮਾਲ ਖਜਾਨੇ ਵਿਦੇਸ਼ੀ ਕੰਪਨੀਆਂ ਨੂੰ ਲੁੱਟਣ ਲਈ ਖੋਲ੍ਹੇ ਹੋਏ ਹਨ। 

ਕੀ ਮੁਲਕ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਏਨੇ ਨਾ ਸਮਝ ਨੇ ਕਿ ਉਹ ਕਿਸੇ ਦਸਤਾਵੇਜ਼ੀ ਫਿਲਮ ਦੀ ਪੜਚੋਲ ਨਹੀਂ ਕਰ ਸਕਦੇ ? ਕੀ ਕਿਸੇ ਫ਼ਿਲਮ ’ਤੇ ਵਿਚਾਰ ਚਰਚਾ ਕਰਨੀ ਵੀ ਅਪਰਾਧ ਹੈ ? ਜਦ ਕਿ ਯੂਨੀਵਰਸਿਟੀਆਂ ਤਾਂ ਹੁੰਦੀਆਂ ਹੀ ਵਿਚਾਰ ਚਰਚਾ ਦਾ ਕੇਂਦਰ ਨੇ ਜਿਥੋਂ ਮੁਲਕ ਨੂੰ ਜਵਾਨਾਂ ਰਾਹੀਂ ਜਵਾਨ ਸਿਆਸੀ ਵਿਚਾਰ ਮਿਲਣੇ ਹੁੰਦੇ ਹਨ। ਜਿਥੋਂ ਕੋਈ ਲੋਕ ਪੱਖੀ ਤਬਦੀਲੀ ਦੀ ਆਸ ਹੁੰਦੀ ਹੈ। 

ਪਰ ਮੋਦੀ ਹਕੂਮਤ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਮੁਲਕ ਨੂੰ ਖੜੋਤ ਵਿਚ ਰੱਖਣ ਦੀ ਹਾਮੀ ਹੈ , ਇਸੇ ਕਰਕੇ ਮੁਲਕ ’ਚ ਪਹਿਲਾਂ ਹੀ ਬੜੇ ਨਿਗੂਣੇ ਜਮਹੂਰੀ ਮਾਹੌਲ ਦਾ ਗਲਾ ਘੋਟਿਆ ਜਾ ਰਿਹਾ ਹੈ। 

ਅੱਜ ਦੇ ਸਮੇਂ ਸਰਕਾਰਾਂ ਕੋਲ ਫ਼ਿਰਕਾਪ੍ਰਸਤੀ ਦਾ ਹਥਿਆਰ ਜ਼ੋਰ ਸ਼ੋਰ ਨਾਲ ਵਰਤਿਆ ਜਾ ਰਿਹਾ ਹੈ , ਇਹੀ ਹਥਿਆਰ ਹੈ ਜਿਸਦੇ ਰਾਹੀਂ ਭੁੱਖੇ ਅਤੇ ਦੱਬੇ ਕੁਚਲੇ ਲੋਕਾਂ ਦੇ ਰੋਹ ਦੇ ਨਿਸ਼ਾਨੇ ਤੋਂ ਹਾਕਮ ਜਮਾਤਾਂ ਬਚ ਸਕਦੀਆਂ ਹਨ ਅਤੇ ਉਹਨਾਂ ਨੂੰ ਭਰਾ ਮਾਰ ਲੜਾਈਆਂ ’ਚ ਪਾਇਆ ਜਾ ਸਕਦਾ ਹੈ। 

ਇਹ ਦਸਤਾਵੇਜ਼ੀ ਫਿਲਮ ਮੋਦੀ ਹਕੂਮਤ ਦੀ ਫਿਰਕੂ ਫਾਸ਼ੀ ਕਰਤੂਤ ਨੂੰ ਨੰਗਾ ਕਰਦੀ ਹੋਣ ਕਰਕੇ ਹੀ ਬੈਨ ਕੀਤੀ ਗਈ ਹੈ , ਇਸਦੇ ਬਾਵਜੂਦ ਦੇਸ਼ ਦੀ ਜਵਾਨੀ ਨੇ ਇਸ ਮਸਲੇ ’ਤੇ ਯੂਨੀਵਰਿਸਟੀਆਂ ਅਤੇ ਕਾਲਜਾਂ ’ਚ ਕਰੜਾ ਸਟੈਂਡ ਲਿਆ, ਅਧਿਕਾਰੀਆਂ , ਸਕਿਊਰਿਟੀ , ਪੁਲਸ ਦੇ ਜਬਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਮੁਲਕ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

ਇਸ ਸਾਰੇ ਘਟਨਾਕ੍ਰਮ ਦੌਰਾਨ ਜੋ ਵੇਖਣ ਵਾਲੀ ਚੀਜ ਮਿਲੀ , ਉਹ ਸੀ ਮੁਲਕ ਭਰ ’ਚ ਵੱਖੋ ਵੱਖ ਵਿੱਦਿਅਕ ਸੰਸਥਾਵਾਂ ’ਚ ਵਿਦਿਆਰਥੀਆਂ ਦਾ ਆਵਾਜ਼ ਬੁਲੰਦ ਕਰਨਾ। ਜਿਸ ਅਵਾਜ ਨੂੰ ਭਾਜਪਾ - ਆਰ ਐਸ ਐਸ ਪੂਰੀ ਤਰਾਂ ਚੁੱਪ ਕਰਾਉਣ ਤੇ ਲੱਗਿਆ ਹੈ ਇਹ ਹਲੇ ਵੀ ਗਰਜ ਰਹੀ ਹੈ।

                                                 --0---     

No comments:

Post a Comment