Saturday, January 26, 2019

ਕਮਿਊਨਿਸਟ ਇਨਕਲਾਬੀ ਪਾਰਟੀ ਮਜਦੂਰ ਜਮਾਤ ਦਾ ਹਿਰਾਵਲ ਦਸਤਾ


    ਕਮਿਊਨਿਸਟ ਇਨਕਲਾਬੀ ਪਾਰਟੀ



ਮਜਦੂਰ ਜਮਾਤ ਦਾ ਹਿਰਾਵਲ ਦਸਤਾ 


    
ਇਕ ਪ੍ਰੋਲੇਤਾਰੀ ਪਾਰਟੀ ਖੜ੍ਹੀ ਕਰਨ ਦੇ ਵਿਚਾਰਧਾਰਕ ਸਿਧਾਂਤਾਂ ਨੂੰ ਲੈਨਿਨ ਨੇ  1905 ਦੇ ਇਨਕਲਾਬ ਦੀ ਸ਼ੁਰੂਆਤ ਤੋਂ ਲੈ ਕੇ ਅਕਤੂਬਰ ਇਨਕਲਾਬ ਤੱਕ ਦੇ ਅਰਸੇ ਦੌਰਾਨ ਵਿਕਸਿਤ ਕੀਤਾ। ਇਸ ਅਰਸੇ ਦੇ ਬਹੁਤੇਰੇ ਹਿੱਸੇ ਦੌਰਾਨ ਸਿਰਫ ਕੁੱਝ ਕੁ ਵਕਫਿਆਂ ਨੂੰ ਛੱਡ ਕੇ ਪਾਰਟੀ 'ਤੇ ਪਾਬੰਦੀ ਰਹੀ ਅਤੇ ਇਹ ਹਮੇਸ਼ਾ ਹੀ ਜ਼ਾਰਸ਼ਾਹੀ ਪੁਲੀਸ ਦੇ ਜਬਰ ਦਾ ਸ਼ਿਕਾਰ ਰਹੀ। ਇਹਨਾਂ ਹਾਲਤਾਂ ਵਿਚ ਇਹ ਜ਼ਰੂਰੀ ਸੀ ਕਿ ਅਗਵਾਈ ਪੇਸ਼ੇਵਰ ਇਨਕਲਾਬੀਆਂ ਦੇ ਇਕ ਮਜ਼ਬੂਤ ਗਰੁੱਪ ਕੋਲ ਹੋਵੇ:
ਮੈਂ ਇਹ ਜ਼ੋਰ ਦੇ ਕੇ ਕਹਿੰਦਾ ਹਾਂ : (1) ਕਿ ਲਗਾਤਾਰਤਾ ਬਣਾਈ ਰੱਖਣ ਵਾਲੀ ਨੇਤਾਵਾਂ ਦੀ ਇਕ ਸਥਿਰ ਜਥੇਬੰਦੀ ਤੋਂ ਬਿਨਾਂ ਕੋਈ ਵੀ ਇਨਕਲਾਬੀ ਲਹਿਰ ਟਿਕ ਨਹੀਂ ਸਕਦੀ; (2) ਕਿ ਲਹਿਰ ਦੀ ਬੁਨਿਆਦ ਬਨਾਉਣ ਵਾਲਾ ਤੇ ਇਸ ਵਿਚ ਹਿੱਸਾ ਲੈਣ ਵਾਲਾ ਆਮ ਜਨਸਮੂਹ ਜਿੰਨਾ ਵਧੇਰੇ ਵਿਸ਼ਾਲ ਹੋਵੇਗਾ, ਅਜਿਹੀ ਜਥੇਬੰਦੀ ਦੀ ਓਨੀ ਹੀ ਵਧੇਰੇ ਲੋੜ ਹੋਵੇਗੀ ਅਤੇ ਇਹ ਓਨੀ ਹੀ ਵਧੇਰੇ ਮਜ਼ਬੂਤ ਵੀ ਹੋਣੀ ਚਾਹੀਦੀ ਹੈ.. .. (3) ਕਿ ਜਥੇਬੰਦੀ ਮੁੱਖ ਤੌਰ 'ਤੇ ਪੇਸ਼ੇਵਰ ਇਨਕਲਾਬੀ ਲੋਕਾਂ ਦੀ ਬਣੀ ਹੋਣੀ ਚਾਹੀਦੀ ਹੈ ; (4) ਕਿ ਇੱਕ ਨਿਰੰਕੁਸ਼ ਰਾਜ ਵਿਚ ਅਸੀਂ ਅਜਿਹੀ ਜਥੇਬੰਦੀ ਦੀ ਮੈਂਬਰਸ਼ਿੱਪ ਨੂੰ ਜਿੰਨਾ ਵਧੇਰੇ ਸਿਆਸੀ ਪੁਲਸ ਨੂੰ ਟੱਕਰ ਦੇਣ ਦੀ ਕਲਾ 'ਚ ਮਾਹਿਰ ਪੇਸ਼ੇਵਰ ਇਨਕਲਾਬੀਆਂ ਤੱਕ ਸੀਮਤ  ਰੱਖਾਂਗੇ, ਅਜਿਹੀ ਜਥੇਬੰਦੀ ਨੂੰ ਉਖਾੜ ਸਕਣਾ ਓਨਾ ਹੀ ਵਧੇਰੇ ਔਖਾ ਹੋਵੇਗਾ ਅਤੇ  (5) ਕਿ ਮਜ਼ਦੂਰ ਜਮਾਤ ਤੇ ਹੋਰ ਸਮਾਜਕ ਜਮਾਤਾਂ 'ਚੋਂ ਮੈਂਬਰਾਂ ਦੀ ਜ਼ਿਆਦਾ ਗਿਣਤੀ ਅਜਿਹੇ ਲੋਕਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਲਹਿਰ ਵਿਚ ਸ਼ਾਮਲ ਹੋ ਸਕਣ ਦੇ ਯੋਗ ਹੋਣ ਤੇ ਇਸ ਵਿਚ ਸਰਗਰਮੀ ਨਾਲ ਕੰਮ ਕਰ ਸਕਦੇ ਹੋਣ। ( ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 5, ਸਫਾ 464)
ਲੀਡਰਸ਼ਿੱਪ ਦੇ ਬਹੁਤ ਜ਼ਿਆਦਾ ਕੇਂਦਰੀਕ੍ਰਿਤ ਹੋਣ ਦੀ ਲੋੜ ਹੇਠ ਦਿੱਤੇ ਤਜਰਬੇ ਕਾਰਨ ਪੈਦਾ ਹੋਈ :
ਕਾਨੂੰਨੀ ਤੇ ਗੈਰ-ਕਾਨੂੰਨੀ ਕੰਮਾਂ ਵਿਚਕਾਰ ਲਗਾਤਾਰ ਤੇਜ਼ ਅਦਲਾ-ਬਦਲੀ ਨੇ ਕਈ ਵਾਰ ਇੰਨੇਂ ਜ਼ਿਆਦਾ ਖਤਰਨਾਕ ਨਤੀਜੇ ਦਿਖਾਏ ਕਿ ਆਗੂਆਂ ਲਈ ਰੂਪੋਸ਼ ਰਹਿਣਾ ਤੇ ਉਹਨਾਂ ਬਾਰੇ ਅਤਿਅੰਤ ਗੁਪਤਤਾ ਬਣਾਈ ਰੱਖਣਾ ਜ਼ਰੂਰੀ ਹੋ ਗਿਆ ਸੀ। ਇਹਨਾਂ ਹੀ ਖਤਰਨਾਕ ਨਤੀਜਿਆਂ 'ਚੋਂ ਸਭ ਤੋਂ ਭਿਆਨਕ 1912 ਵਿਚ ਮਲਿਨੋਵਸਕੀ ਨਾਂ ਦੇ ਸਾਬੋਤਾਜ  ਕਰਨ ਵਾਲੇ ਜਾਸੂਸ  ਦਾ ਬਾਲਸ਼ਵਿਕ ਕੇਂਦਰੀ ਕਮੇਟੀ ਵਿਚ ਪਹੁੰਚ ਜਾਣਾ ਸੀ। ਉਸ ਨੇ ਅਨੇਕਾਂ ਵਾਰ ਸਭ ਤੋਂ ਚੰਗੇ ਤੇ ਵਫਾਦਾਰ ਸਾਥੀਆਂ ਨਾਲ ਧੋਖਾ ਕੀਤਾ, ਉਹਨਾਂ ਦੇ ਸਜ਼ਾਵਾਂ ਦੀ ਗੁਲਾਮੀ ਝੱਲਣ ਦਾ ਅਤੇ ਉਹਨਾਂ ਵਿਚੋਂ ਕਈਆਂ ਦੀ ਮੌਤ ਦਾ ਕਾਰਨ ਬਣਿਆ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਸਫਾ 45)
ਉਸੇ ਸਮੇਂ ਹੀ ਪਾਰਟੀ ਮੈਂਬਰਾਂ ਦੇ ਇਕਮੁੱਠ ਤੇ ਅਸਰਦਾਰ ਢੰਗ ਨਾਲ ਕੰਮ ਕਰਨ ਲਈ ਇਹ ਵੀ ਜ਼ਰੂਰੀ ਸੀ ਕਿ ਉਹ ਵਿਸਤ੍ਰਿਤ ਤੇ ਖੁੱਲ੍ਹੀ ਬਹਿਸ ਤੋਂ ਬਾਅਦ ਲਏ ਗਏ ਸਾਂਝੇ ਫੈਸਲਿਆਂ ਦੇ ਅਧਾਰ 'ਤੇ ਕੰਮ ਕਰਨ। ਕੰਮਾਂ ਵਿਚ ਏਕਤਾ ਦਾ ਇਹ ਅਸੂਲ ਅਲੋਚਨਾ ਦੀ ਆਜ਼ਾਦੀ ਨਾਲ ਜੁੜ ਕੇ ਜਮਹੂਰੀ ਕੇਂਦਰਵਾਦ ਦੀ ਬੁਨਿਆਦ ਤਿਆਰ ਕਰਦਾ ਹੈ।
ਜਦੋਂ 1917 ਵਿਚ ਪਾਰਟੀ ਕਾਨੂੰਨੀ ਰੂਪ ' ਕੰਮ ਕਰਨ ਲੱਗੀ ਤਾਂ ਉਸ ਵੇਲੇ ਪਾਰਟੀ ਕੋਲ ਮਾਹਿਰ ਇਨਕਲਾਬੀਆਂ ਦੀ ਇਕ ਕੋਰ ਮੌਜੂਦ ਸੀ, ਪਰ ਇਸੇ ਸਮੇਂ ਵੱਡੀ ਗਿਣਤੀ ਵਿਚ ਨਵੇਂ ਮੈਂਬਰਾਂ ਦੀ ਭਰਤੀ ਹੋਈ ਜਿਹੜੇ ਪਾਰਟੀ ਅਨੁਸਾਸ਼ਨ ਦੀ ਜਰੂਰਤ ਵੱਲ ਧਿਆਨ ਨਹੀਂ ਦਿੰਦੇ ਸਨ। ਇਹਨਾਂ ਵਿਚੋਂ ਹੀ ਇਕ ਟਰਾਟਸਕੀ ਸੀ ਜੋ ਜੁਲਾਈ 1917 ਵਿਚ ਹੀ ਪਾਰਟੀ 'ਚ ਸ਼ਾਮਲ ਹੋਇਆ ਸੀ। ਲੈਨਿਨ ਦੇ ਸਿਧਾਂਤਾਂ ਨੂੰ  ਸਟਾਲਿਨ ਨੇ ਕਾਇਮ ਰੱਖਿਆ ਤੇ ਉਹ ਤਿੱਖੇ ਵਿਰੋਧ ਦੇ ਬਾਵਜੂਦ ਸਮੂਹਕ ਅਗਵਾਈ ਨੂੰ ਬਣਾਈ ਰੱਖਣ 'ਚ ਕਾਮਯਾਬ ਰਹੇ, ਪਰੰਤੂ ਸਾਲਾਂ ਬੱਧੀ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ (ਸਟਾਲਿਨ ਸਮੁੱਚੀਆਂ ਲਿਖਤਾਂ ਸੈਂਚੀ 6, ਸਫਾ 238 ; ਸੈਂਚੀ 7, ਸਫਾ 20, 31, 161 ; ਸੈਂਚੀ 10, ਸਫਾ 328 ; ਸੈਂਚੀ 11, ਸਫਾ 75, 137 ; ਸੈਂਚੀ 12, ਸਫਾ 322) ਦੇ ਬਾਵਜੂਦ ਵੀ ਉਹ ਨੌਕਰਸ਼ਾਹੀ ਦਾ ਵਾਧਾ ਰੋਕ ਨਾ ਸਕੇ ਅਤੇ ਖੁਦ ਨੂੰ ਵੀ ਪ੍ਰਸਾਸ਼ਕੀ ਤੌਰ ਤਰੀਕਿਆਂ 'ਤੇ ਵਧੇਰੇ ਨਿਰਭਰ ਬਣਾ ਲਿਆ ਜਿਸ ਦੇ ਸਿੱਟੇ ਵਜੋਂ ਪਾਰਟੀ ਅਤੇ ਆਮ ਲੋਕਾਂ ਵਿਚਲੇ ਰਿਸ਼ਤੇ ਕਮਜ਼ੋਰ ਪੈ ਗਏ।
Àੁੱਧਰ ਚੀਨ ਵਿਚ ਮਾਓ ਜ਼ੇ-ਤੁੰਗ ਲੈਨਿਨ ਦੇ ਸਿਧਾਂਤਾਂ ਨੂੰ ਲਾਗੂ ਕਰ ਰਹੇ ਸਨ। ਉੱਥੇ ਵੀ ਪਾਰਟੀ ਨੂੰ ਬਰਬਰ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ (ਮਾਓ-ਜ਼ੇ-ਤੁੰਗ ਚੋਣਵੀਆਂ ਲਿਖਤਾਂ ਸੈਂਚੀ 2, ਸਫਾ 376) ; ਪਰ ਦੇਸ਼ ਦੀ ਵਿਸ਼ਾਲਤਾ ਕਰਕੇ ਕਿਸਾਨ ਜੰਗ ਦੇ ਸਮੇਂ ਨੁਕਸਾਨ ਪੂਰਤੀ ਸੰਭਵ ਹੋ ਸਕੀ ਅਤੇ ਕਮਿਊਨਿਸਟ 'ਮੁਕਤ ਖਿੱਤੇ' ਸਥਾਪਤ ਕਰਨ 'ਚ ਕਾਮਯਾਬ ਰਹੇ ਜਿਨ੍ਹਾਂ ਵਿਚੋਂ ਕੁੱਝ ਵਿਚ ਤਾਂ ਉਹ 1949 ਤੋਂ ਕਈ ਸਾਲ ਪਹਿਲਾਂ ਹੀ ਪ੍ਰਬੰਧਕੀ ਕੰਮ ਚਲਾ ਰਹੇ ਸਨ। ਇਸ ਤਰ੍ਹਾਂ ਉਹਨਾਂ ਕੋਲ ਤਜ਼ਰਬੇ ਦਾ ਬਹੁਤ ਵੱਡਾ ਭੰਡਾਰ ਜਮ੍ਹਾਂ ਹੋ ਗਿਆ ਜਿਸ ਨੂੰ ਉਹ ਬਾਲਸ਼ਵਿਕ ਪਾਰਟੀ ਦੇ ਇਤਿਹਾਸ ਦੇ ਡੂੰਘੇ ਅਧਿਐਨ ਨਾਲ ਜੋੜ ਕੇ ਜਮਹੂਰੀ ਕੇਂਦਰਵਾਦ ਦੇ ਸਿਧਾਂਤ ਤੇ ਅਭਿਆਸ ਨੂੰ ਹੋਰ ਉੱਚੇ ਧਰਾਤਲ 'ਤੇ ਲਿਜਾਣ 'ਚ ਸਫਲ ਰਹੇ।
ਲੈਨਿਨ ਦੁਆਰਾ ਦਿੱਤੇ ਤੇ ਮਾਓ ਜ਼ੇ-ਤੁੰਗ ਦੁਆਰਾ ਵਿਕਸਿਤ 'ਇਕ ਨਵੀਂ ਕਿਸਮ ਦੀ ਪਾਰਟੀ' ਦੇ ਸਿਧਾਂਤ ਨੂੰ ਤਿੰਨ ਨੁਕਤਿਆਂ ਹੇਠ ਸਮਝਿਆ ਜਾ ਸਕਦਾ ਹੈ : ਹਿਰਾਵਲ ਪਾਰਟੀ ; ਜਮਹੂਰੀ ਕੇਂਦਰਵਾਦ ; ਅਤੇ ਜਨਤਕ ਲੀਹ।
ਹਿਰਾਵਲ ਪਾਰਟੀ
ਪ੍ਰੋਲੇਤਾਰੀ ਜਿਵੇਂ ਹੀ ਇਤਿਹਾਸ ਵਿਚ ਆਪਣੀ ਭੂਮਿਕਾ ਬਾਰੇ ਸੁਚੇਤ ਹੁੰਦਾ ਹੈ, ਉਹ ਖੁਦ ਨੂੰ ਦੂਜੀਆਂ ਲੁੱਟੀਆਂ ਜਾ ਰਹੀਆਂ ਜਮਾਤਾਂ ਖਾਸ ਕਰਕੇ ਨਿੱਕ-ਬੁਰਜੂਆ ਦੇ ਹਿਰਾਵਲ ਦੇ ਰੂਪ 'ਚ ਜਥੇਬੰਦ ਕਰਦਾ ਹੈ, ਉਨ੍ਹਾਂ ਨੂੰ ਅਗਵਾਈ ਦਿੰਦਾ ਹੈ, ਉਨ੍ਹਾਂ ਦੀ ਹਮਾਇਤ ਹਾਸਲ ਕਰਦਾ ਹੈ, ਅਤੇ ਨਾਲ ਹੀ ਜਿਹੜਾ ਢਿੱਲਮੱਠਪੁਣਾ ਤੇ ਭਟਕਾਅ ਉਹ ਆਪਣੇ ਨਾਲ ਲਹਿਰ ਵਿਚ ਲੈ ਕੇ ਆਉਂਦੇ ਹਨ, ਉਸ ਖਿਲਾਫ ਲੜਦਾ ਹੈ। ਅਜਿਹਾ ਉਹ ਤਾਂ ਹੀ ਕਰ ਸਕਦਾ ਹੈ ਜੇ ਉਹ ਖੁਦ ਨੂੰ ਇੱਕ ਆਜ਼ਾਦ ਪ੍ਰੋਲੇਤਾਰੀ ਪਾਰਟੀ ਦੀ ਅਗਵਾਈ ਥੱਲੇ ਜਥੇਬੰਦ ਕਰੇ:
ਸੱਤਾ ਹਾਸਲ ਕਰਨ ਲਈ ਆਪਣੇ ਸੰਘਰਸ਼ ਦੌਰਾਨ ਜਥੇਬੰਦੀ ਤੋਂ ਬਿਨਾਂ ਪ੍ਰੋਲੇਤਾਰੀ ਕੋਲ ਹੋਰ ਕੋਈ ਹਥਿਆਰ ਨਹੀਂ ਹੈ। ਬੁਰਜੂਆ ਸੰਸਾਰ ਅੰਦਰ ਅਰਾਜਿਕ ਮੁਕਾਬਲੇ ਦੇ ਨਿਯਮ ਕਾਰਨ, ਸਰਮਾਏ ਦੀ ਗੁਲਾਮੀ 'ਚ ਬਦਹਾਲ ਹੋਣ ਕਾਰਨ, ਲਗਾਤਾਰ ਪੂਰੀ ਤਰ੍ਹਾਂ ਕੰਗਾਲੀ, ਬਰਬਰਤਾ ਤੇ ਅਧੋਗਤੀ ਦੀਆਂ ਨਿਵਾਣਾਂ ਵੱਲ ਧੱਕੇ ਜਾਣ ਕਾਰਨ ਅਲੱਗ-ਥਲੱਗ ਹੋਇਆ ਪ੍ਰੋਲੇਤਾਰੀ ਸਿਰਫ ਤਾਂ ਹੀ ਇਕ ਅਜਿੱਤ ਤਾਕਤ ਬਣ ਸਕਦਾ ਹੈ, ਤੇ ਲਾਜ਼ਮੀ ਹੀ ਬਣੇਗਾ ਵੀ, ਜੇ ਉਸ ਦੀ ਮਾਰਕਸਵਾਦੀ ਸਿਧਾਂਤਾਂ 'ਤੇ ਅਧਾਰਤ ਵਿਚਾਰਧਾਰਕ ਏਕਤਾ ਜਥੇਬੰਦੀ ਦੇ ਰੂਪ 'ਚ ਭੌਤਿਕ ਏਕਤਾ ਦੁਆਰਾ ਪੱਕੀ ਹੋ ਜਾਂਦੀ ਹੈ, ਜੋ ਕਰੋੜਾਂ ਲੁੱਟੇ ਜਾ ਰਹੇ ਲੋਕਾਂ ਨੂੰ ਮਜ਼ਦੂਰ ਜਮਾਤ ਦੀ ਫੌਜ ਵਿਚ ਬਦਲ ਦਿੰਦੀ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 7, ਸਫਾ 415)
ਇਕ ਸਮਾਜਕ ਜਮਹੂਰੀ (ਕਮਿਊਨਿਸਟ-ਅਨੁ.) ਨੂੰ ਇਕ ਪਲ ਲਈ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਪ੍ਰੋਲੇਤਾਰੀ ਨੂੰ ਅਟੱਲ ਤੌਰ 'ਤੇ ਸਭ ਤੋਂ ਵੱਧ ਜਮਹੂਰੀ ਤੇ ਲੋਕਰਾਜੀ ਬੁਰਜੂਆਜ਼ੀ ਅਤੇ ਨਿੱਕਬੁਰਜੂਆਜ਼ੀ ਖਿਲਾਫ ਵੀ ਸਮਾਜਵਾਦ ਲਈ ਜਮਾਤੀ ਘੋਲ ਲੜਨਾ ਹੀ ਪਵੇਗਾ। ਇਸ ਵਿਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਹੈ। ਇਸ ਲਈ ਬਿਨਾਂ ਸ਼ਰਤ ਸਮਾਜਕ ਜਮਹੂਰੀਅਤ ਦੀ ਇਕ ਅਲੱਗ, ਆਜ਼ਾਦ ਤੇ ਸਹੀ ਅਰਥਾਂ 'ਚ ਜਮਾਤੀ ਪਾਰਟੀ ਦੀ ਲੋੜ ਹੈ। (ਲੈਨਿਨ ਸਮੁੱਚੀਆਂ ਲਿਖਤਾਂ , ਸੈਂਚੀ 9, ਸਫਾ 85)
ਪਾਰਟੀ ਜਮਾਤ ਦਾ ਸਿਆਸੀ ਤੌਰ 'ਤੇ ਚੇਤੰਨ ਅਤੇ ਵੱਧ ਵਿਕਸਿਤ ਹਿੱਸਾ ਹੁੰਦੀ ਹੈ। ਇਹ ਇਸਦਾ ਹਿਰਾਵਲ (ਆਗੂ ਦਸਤਾ) ਹੁੰਦੀ ਹੈ। ਹਿਰਾਵਲ ਦੀ ਤਾਕਤ ਇਸਦੀ ਗਿਣਤੀ ਦੇ ਮੁਕਾਬਲੇ ਕਈ ਸੈਂਕੜੇ ਗੁਣਾ ਤੋਂ ਵੀ ਜ਼ਿਆਦਾ ਹੁੰਦੀ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 19, ਸਫਾ 406)
ਕਮਿਊਨਿਸਟਾਂ ਦੀਆਂ ਸਭ ਤੋਂ ਵੱਡੀਆਂ ਤੇ ਭਿਆਨਕ ਗਲਤੀਆਂ ਵਿੱਚੋਂ ਇੱਕ (ਜੋ ਆਮ ਤੌਰ'ਤੇ ਹੀ ਉਹ ਇਨਕਲਾਬੀ ਕਰਦੇ ਹਨ ਜਿਹਨਾਂ ਨੇ ਸਫਲਤਾ ਨਾਲ ਇਨਕਲਾਬ ਦੀ ਸ਼ੁਰੂਆਤ ਵੀ ਕੀਤੀ ਹੈ) ਇਹ ਵਿਚਾਰ ਹੈ ਕਿ ਇਨਕਲਾਬ ਸਿਰਫ਼ ਇਨਕਲਾਬੀਆਂ ਦੁਆਰਾ ਲਿਆਂਦਾ ਜਾਂਦਾ ਹੈ। ਪਰ ਇਸਦੇ ਉਲਟ ਜੇ ਉਹਨਾਂ ਨੇ ਸਫਲ ਹੋਣਾ ਹੈ ਤਾਂ ਸਾਰੇ ਗੰਭੀਰ ਇਨਕਲਾਬੀ ਕੰਮ ਲਈ ਇਸ ਵਿਚਾਰ ਨੂੰ ਸਮਝਣਾ ਤੇ ਅਮਲ 'ਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਕਿ ਸਹੀ ਅਰਥਾਂ 'ਚ ਦੇਖਿਆਂ ਇਨਕਲਾਬੀ ਸਿਰਫ ਤਾਕਤਵਰ ਤੇ ਜਾਗਰੂਕ ਜਮਾਤ ਦੇ ਹਿਰਾਵਲ ਦੀ ਭੂਮਿਕਾ ਹੀ ਨਿਭਾਉਂਦੇ ਹਨ। ਇਕ ਹਿਰਾਵਲ ਦੇ ਰੂਪ 'ਚ ਉਹ ਆਪਣਾ ਕੰਮ ਉਦੋਂ ਹੀ ਨੇਪਰੇ ਚਾੜ੍ਹ ਸਕਦਾ ਹੈ ਜਦੋਂ ਉਹ ਲੋਕਾਂ ਤੋਂ ਨਿੱਖੜ ਜਾਣ ਤੋਂ ਬਚ ਸਕਦਾ ਹੋਵੇ ਤੇ ਸੱਚਮੁੱਚ ਪੂਰੀ ਲੋਕਾਈ ਨੂੰ ਅਗਵਾਈ ਦੇ ਕੇ ਅੱਗੇ ਲਿਜਾਣ ਦੇ ਯੋਗ ਹੋਵੇ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 33, ਸਫਾ 227)
ਹਿਰਾਵਲ ਦੇ ਰੂਪ 'ਚ ਆਪਣੇ ਕਾਰਜ ਨੂੰ ਪੂਰਾ ਕਰਨ ਲਈ ਪਾਰਟੀ ਨੂੰ ਪ੍ਰੋਲੇਤਾਰੀ ਤੇ ਨਿੱਕ-ਬੁਰਜੂਆ ਦੇ ਕਈ ਤਬਕਿਆਂ ਵਿਚਾਲੇ Îਬੰਧਾਂ ਅਤੇ ਖੁਦ ਪ੍ਰੋਲੇਤਾਰੀ ਦੇ ਵੱਖ ਵੱਖ ਹਿੱਸਿਆਂ ਵਿਚਲੇ ਸਬੰਧਾਂ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਸਿੱਖਣਾ ਪੈਣਾ ਹੈ :
ਸਰਮਾਏਦਾਰੀ ਸਰਮਾਏਦਾਰੀ ਨਾ ਹੁੰਦੀ ਜੇ 'ਸ਼ੁੱਧ' ਪ੍ਰੋਲੇਤਾਰੀ ਚਾਰੇ ਪਾਸਿਆਂ ਤੋਂ ਪ੍ਰੋਲੇਤਾਰੀ ਤੇ ਅਰਧ-ਪ੍ਰੋਲੇਤਾਰੀ (ਜੋ ਕੁੱਝ ਹੱਦ ਤੱਕ ਆਪਣੀ ਰੋਜ਼ੀ ਰੋਟੀ ਕਿਰਤ ਸ਼ਕਤੀ ਵੇਚ ਕੇ ਹਾਸਲ ਕਰਦਾ ਹੈ) ਵਿਚਕਾਰਲੇ ਲੋਕਾਂ ਨਾਲ , ਅਰਧ-ਪ੍ਰੋਲੇਤਾਰੀਆਂ ਤੇ ਛੋਟੇ ਕਿਸਾਨਾਂ ( ਛੋਟੇ ਕਾਰੀਗਰਾਂ, ਦਸਤਕਾਰਾਂ ਤੇ ਆਮ ਤੌਰ 'ਤੇ ਛੋਟੇ ਮਾਲਕਾਂ) ਵਿਚਕਾਰਲੇ ਲੋਕਾਂ ਨਾਲ , ਛੋਟੇ ਕਿਸਾਨਾਂ ਤੇ ਦਰਮਿਆਨੇ ਕਿਸਾਨਾਂ ਵਿਚਕਾਰਲੇ ਲੋਕਾਂ ਨਾਲ ਤੇ ਹੋਰ ਅਨੇਕ ਕਿਸਮ ਦੇ ਰੰਗ-ਬਰੰਗੇ ਸਮਾਜਕ ਤਬਕਿਆਂ ਵਿਚ ਘਿਰਿਆ ਨਾ ਹੁੰਦਾ, ਅਤੇ ਖੁਦ ਪ੍ਰੋਲੇਤਾਰੀ ਵੱਧ ਜਾਂ ਘੱਟ ਵਿਕਸਿਤ ਪਰਤਾਂ 'ਚ ਵੰਡਿਆ ਨਾ ਹੁੰਦਾ, ਜੇ ਇਹ ਇਲਾਕਾਈ , ਕਿੱਤਿਆਂ ਤੇ ਕਦੇ ਕਦੇ ਧਰਮਾਂ ਆਦਿ ਦੇ ਅਧਾਰ 'ਤੇ ਵੰਡਿਆ ਨਾ ਹੁੰਦਾ। ਇਸ ਸਭ ਕੁੱਝ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਕਮਿਊਨਿਸਟ ਪਾਰਟੀ, ਇਸ ਦੇ ਹਿਰਾਵਲ ਦਸਤੇ, ਇਹਦੇ ਜਮਾਤੀ ਚੇਤੰਨ ਹਿੱਸੇ ਲਈ ਇਹ ਉੱਕਾ ਹੀ ਲਾਜ਼ਮੀ ਹੈ ਕਿ ਉਹ ਦਾਅਪੇਚਾਂ ਵਿਚ ਤਬਦੀਲੀ ਦਾ, ਪ੍ਰੋਲੇਤਾਰੀ ਦੀਆਂ ਵੱਖ-ਵੱਖ ਟੋਲੀਆਂ, ਕਿਰਤੀਆਂ ਤੇ ਛੋਟੇ ਮਾਲਕਾਂ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸੁਲਾਹ-ਸਫਾਈ ਤੇ ਸਮਝੌਤਿਆਂ ਦਾ ਸਹਾਰਾ ਲਵੇ। ਅਸਲ ਸੁਆਲ ਇਹ ਸਮਝਣ ਦਾ ਹੈ ਕਿ ਇਹਨਾਂ ਦਾਅਪੇਚਾਂ ਨੂੰ ਲਾਗੂ ਕਿਸ ਤਰ੍ਹਾਂ ਕੀਤਾ ਜਾਵੇ ਕਿ ਜਿਸ ਨਾਲ ਪ੍ਰੋਲੇਤਾਰੀ ਦੀ ਜਮਾਤੀ ਚੇਤਨਾ, ਇਨਕਲਾਬੀ ਭਾਵਨਾ ਅਤੇ ਲੜਨ ਤੇ ਜਿੱਤਣ ਦੀ ਯੋਗਤਾ ਆਮ ਪੱਧਰ ਨਾਲੋਂ ਨੀਵੀਂ ਹੋਣ ਦੀ ਥਾਂ ਹੋਰ ਉੱਚੀ ਹੋ ਜਾਵੇ। (ਲੈਨਿਨ ਸਮੁੱਚੀਆਂ ਲਿਖਤਾਂ ਸੈਂਚੀ 31, ਸਫਾ 74)
ਚੀਨੀ ਪਾਰਟੀ ਵੀ ਨਿੱਕ-ਬੁਰਜੂਆਜ਼ੀ ਨਾਲ ਸਾਂਝਾ ਮੋਰਚਾ ਕਾਇਮ ਕਰਦੇ ਸਮੇਂ ਇਹੋ ਜਿਹੀਆਂ ਹੀ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੀ ਸੀ:
ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕ-ਸਮੂਹਾਂ 'ਚ ਕਿਸਾਨੀ ਤੋਂ ਇਲਾਵਾ ਜੋ ਚੀਨੀ ਬੁਰਜੂਆ ਜਮਹੂਰੀ ਇਨਕਲਾਬ ਦੀ ਮੁੱਖ ਤਾਕਤ ਹੈ, ਮੌਜੂਦਾ ਪੜਾਅ ਵਿਚ ਸ਼ਹਿਰ ਨਿੱਕ-ਬੁਰਜੂਆਜ਼ੀ ਵੀ ਇਨਕਲਾਬ ਦੀਆਂ ਚਾਲਕ ਤਾਕਤਾਂ ਵਿਚੋਂ ਇੱਕ ਹੈ, ਕਿਉਂਕਿ ਇਸਦੇ ਮੈਂਬਰਾਂ 'ਚੋਂ ਬਹੁਤੇ ਹਰ ਤਰ੍ਹਾਂ ਦੇ ਦਾਬੇ ਦਾ ਸ਼ਿਕਾਰ ਹਨ, ਲਗਾਤਾਰ ਤੇ ਤੇਜ਼ੀ ਨਾਲ ਗਰੀਬੀ , ਦੀਵਾਲੀਆਪਣ ਤੇ ਬੇਰੁਜ਼ਗਾਰੀ ਵੱਲ ਧੱਕੇ ਜਾ ਰਹੇ ਹਨ, ਅਤੇ ਇਹਨਾਂ ਨੂੰ ਆਰਥਕ ਤੇ ਸਿਆਸੀ ਆਜ਼ਾਦੀ ਦੀ ਤੁਰੰਤ ਜਰੂਰਤ ਹੈ। ਪਰ ਇੱਕ ਸੰਕਰਮਣਸ਼ੀਲ ਜਮਾਤ ਹੋਣ ਕਰਕੇ ਇਸਦਾ ਦੋਹਰਾ ਖਾਸਾ ਹੈ। ਜਿੱਥੋਂ ਤੱਕ ਇਸਦੇ ਚੰਗੇ ਤੇ ਇਨਕਲਾਬੀ ਪੱਖ ਦਾ ਸੁਆਲ ਹੈ, ਇਸ ਜਮਾਤ ਦਾ ਵੱਡਾ ਹਿੱਸਾ ਪ੍ਰੋਲੇਤਾਰੀ ਦੇ ਸਿਆਸੀ ਤੇ ਜਥੇਬੰਦਕ ਪ੍ਰਭਾਵ ਨੂੰ ਕਬੁਲਦਾ ਹੈ, ਫਿਲਹਾਲ ਉਹ ਜਮਹੂਰੀ ਇਨਕਲਾਬ ਦੀ ਮੰਗ ਕਰਦਾ ਹੈ ਤੇ ਇਸ ਲਈ ਇਕਮੁੱਠ ਹੋਣ ਤੇ ਲੜਨ ਦੇ ਯੋਗ ਹੈ, ਅਤੇ ਭਵਿੱਖ 'ਚ ਇਹ ਪ੍ਰੋਲੇਤਾਰੀ ਨਾਲ ਮਿਲ ਕੇ ਸਮਾਜਵਾਦ ਦਾ ਰਸਤਾ ਵੀ ਫੜ ਸਕਦਾ ਹੈ; ਪਰ ਇਸ ਦਾ ਬੁਰਾ ਤੇ ਪਛੜਿਆ ਪੱਖ ਇਹ ਹੈ ਕਿ ਨਾ ਸਿਰਫ ਇਸ ਜਮਾਤ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਹਨ ਜੋ ਇਸ ਨੂੰ ਪ੍ਰੋਲੇਤਾਰੀ ਤੋਂ ਵਖਰਿਆਉਂਦੀਆਂ ਹਨ, ਇਹ ਜਮਾਤ ਜਦੋਂ ਪ੍ਰੋਲੇਤਾਰੀ ਦੀ ਅਗਵਾਈ ਖੋ ਬਹਿੰਦੀ ਹੈ ਤਾਂ ਇਹ ਢੁੱਲ-ਮੁੱਲ ਹੋ ਜਾਂਦੀ ਹੈ ਤੇ ਉਦਾਰਵਾਦੀ ਬੁਰਜੂਆਜ਼ੀ ਦੇ ਅਸਰ ਹੇਠ ਆ ਜਾਂਦੀ ਹੈ ਤੇ ਉਸ ਦੀ ਕੈਦੀ ਬਣ ਜਾਂਦੀ ਹੈ। ਇਸ ਲਈ ਮੌਜੂਦਾ ਪੜਾਅ ਦੌਰਾਨ ਪ੍ਰੋਲੇਤਾਰੀ ਤੇ ਇਸਦੇ ਹਿਰਾਵਲ ਦਸਤੇ , ਚੀਨ ਦੀ ਕਮਿਊਨਿਸਟ ਪਾਰਟੀ ਨੂੰ ਖੁਦ ਨੂੰ ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕ-ਸਮੂਹਾਂ ਨਾਲ ਮਜ਼ਬੂਤ ਤੇ ਚੌੜੇਰੀ ਏਕਤਾ ਦੀ ਬੁਨਿਆਦ 'ਤੇ ਟਿਕਾਉਣਾ ਚਾਹੀਦਾ ਹੈ, ਅਤੇ ਇਕ ਪਾਸੇ ਉਹਨਾਂ ਨਾਲ ਰਾਬਤਾ ਬਣਾਉਂਦੇ ਸਮੇਂ ਰਿਆਇਤ ਦੇ ਕੇ ਚੱਲਣਾ ਚਾਹੀਦਾ ਹੈ ਤੇ ਜਿਸ ਹੱਦ ਤੱਕ ਦੁਸ਼ਮਣ ਖਿਲਾਫ ਸੰਘਰਸ਼ ਜਾਂ ਇਸ ਨਾਲ ਸਾਡੇ ਸਾਂਝੇ ਸਮਾਜਕ ਜੀਵਨ 'ਚ ਕੋਈ ਅੜਿੱਕਾ ਖੜ੍ਹਾ ਨਹੀਂ ਹੁੰਦਾ ਉਸ ਹੱਦ ਤੱਕ ਇਸਦੇ ਉਦਾਰ ਖਿਆਲਾਂ ਤੇ ਕੰਮ ਕਰਨ ਦੇ ਤੌਰ ਤਰੀਕੇ ਨੂੰ ਝੱਲਣਾ ਚਾਹੀਦਾ ਹੈ। ਅਤੇ ਨਾਲ ਹੀ ਦੂਜੇ ਪਾਸੇ ਸਾਡੇ ਉਸ ਨਾਲ ਸਾਂਝੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਸਿਖਿਅਤ ਕਰਨਾ ਚਾਹੀਦਾ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ ਸੈਂਚੀ 3 ਸਫਾ 214)
ਜਮਹੂਰੀ ਕੇਂਦਰਵਾਦ
ਪਾਰਟੀ ਅਨੁਸਾਸ਼ਨ ਕੇਂਦਰੀਕ੍ਰਿਤ ਅਗਵਾਈ ਹੇਠ ਜਮਹੂਰੀਅਤ ਉਤੇ ਟਿਕਿਆ ਹੁੰਦਾ ਹੈ। ਇਸ ਤਰੀਕੇ ਨਾਲ ਬਹਿਸ ਅਤੇ ਅਲੋਚਨਾ ਦੀ ਆਜ਼ਾਦੀ ਅਮਲ 'ਚ ਏਕੇ ਨਾਲ ਜੁੜੀ ਹੁੰਦੀ ਹੈ। ਹੇਠਲੀਆਂ ਇਕਾਈਆਂ ਉਪਰਲੀਆਂ ਨੂੰ ਚੁਣਦੀਆਂ ਹਨ ਤੇ ਉਹਨਾਂ ਦੇ ਕੰਟਰੋਲ ਹੇਠਾਂ ਹੁੰਦੀਆਂ ਹਨ। ਬਹੁ-ਗਿਣਤੀ ਦੇ ਫੈਸਲੇ ਸਭ 'ਤੇ ਲਾਗੂ ਹੁੰਦੇ ਹਨ। ਇਹ ਸਿਧਾਂਤ ਹਰੇਕ ਜਮਾਤੀ ਚੇਤੰਨ ਮਜ਼ਦੂਰ ਦੇ ਟਰੇਡ ਯੂਨੀਅਨ ਤਜ਼ਰਬੇ ਨਾਲ ਮੇਲ ਖਾਂਦੇ ਹਨ:
ਅਸੀਂ ਪਹਿਲਾਂ ਹੀ ਇਕ ਤੋਂ ਵੱਧ ਵਾਰ ਪਾਰਟੀ ਅਨੁਸਾਸ਼ਨ ਅਤੇ ਕਿਸ ਤਰ੍ਹਾਂ ਇਹ ਸੰਕਲਪ ਮਜ਼ਦੂਰ ਜਮਾਤੀ ਪਾਰਟੀ ਦੇ ਸੰਦਰਭ 'ਚ ਸਮਝਿਆ ਜਾਣਾ ਚਾਹੀਦਾ ਹੈ, ਬਾਰੇ ਆਪਣੇ ਸਿਧਾਂਤਕ ਅਸੂਲਾਂ ਨੂੰ ਵਿਸਥਾਰ ਸਹਿਤ ਦਰਜ ਕਰਵਾ ਚੁੱਕੇ ਹਾਂ। ਅਸੀਂ ਇਸ ਨੂੰ ਅਮਲ 'ਚ ਏਕਾ, ਬਹਿਸ ਤੇ ਅਲੋਚਨਾ ਦੀ ਆਜ਼ਾਦੀ ਦੇ ਤੌਰ 'ਤੇ ਪ੍ਰੀਭਾਸ਼ਤ ਕੀਤਾ ਹੈ। ਇਕ ਅਗਾਂਹਵਧੂ ਜਮਾਤ ਦੀ ਜਮਹੂਰੀ ਪਾਰਟੀ ਦਾ ਅਨੁਸਾਸ਼ਨ ਅਜਿਹਾ ਹੀ ਹੋ ਸਕਦਾ ਹੈ। ਮਜ਼ਦੂਰ ਜਮਾਤ ਦੀ ਤਾਕਤ ਜਥੇਬੰਦੀ 'ਚ ਹੈ। ਜਿੰਨਾ ਚਿਰ ਸਮੂਹ ਜਥੇਬੰਦ ਨਹੀਂ, ਓਨਾਂ ਚਿਰ ਪ੍ਰੋਲੇਤਾਰੀ ਕੁੱਝ ਵੀ ਨਹੀਂ। ਜਥੇਬੰਦ ਹੈ ਤਾਂ ਇਹ ਸਭ ਕੁੱਝ ਹੈ। ਜਥੇਬੰਦ ਹੋਣ ਦਾ ਮਤਲਬ ਅਮਲ ਦੀ ਏਕਤਾ, ਅਸਲ ਸਰਗਰਮੀਆਂ ਦੀ ਏਕਤਾ ਹੈ.. .. । ਇਸ ਲਈ ਪ੍ਰੋਲੇਤਾਰੀ ਬਹਿਸ ਤੇ ਅਲੋਚਨਾ ਦੀ ਆਜ਼ਾਦੀ ਤੋਂ ਬਿਨਾਂ ਅਮਲ ਦੀ ਏਕਤਾ ਨੂੰ ਮਾਨਤਾ ਨਹੀਂ ਦਿੰਦਾ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 11, ਸਫਾ 320)
ਕੀ ਇਹ ਸਮਝਣਾ ਕੋਈ ਔਖਾ ਕੰਮ ਹੈ ਕਿ ਕੇਂਦਰ ਦੇ ਹੜਤਾਲ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਸਦੇ ਹੱਕ ਜਾਂ ਵਿਰੋਧ 'ਚ ਐਜੀਟੇਸ਼ਨ ਕੀਤੀ ਜਾ ਸਕਦੀ ਹੈ ਪਰ ਇਕ ਵਾਰ ਹੜਤਾਲ ਕਰਨ ਦੇ ਹੱਕ 'ਚ ਕੇਂਦਰ ਦੁਆਰਾ ਫੈਸਲਾ (ਨਾਲ ਹੀ ਇਸ ਨੂੰ ਦੁਸ਼ਮਣ ਤੋਂ ਗੁਪਤ ਰੱਖਣ ਦਾ ਫੈਸਲਾ) ਲੈ ਲੈਣ ਤੋਂ ਬਾਅਦ ਹੜਤਾਲ ਦਾ ਵਿਰੋਧ ਕਰਨਾ ਹੜਤਾਲ ਤੋੜਨਾ ਕਿਹਾ ਜਾਵੇਗਾ? ਕੋਈ ਵੀ ਮਜ਼ਦੂਰ ਇਸ ਨੂੰ ਆਸਾਨੀ ਨਾਲ ਸਮਝ ਲਵੇਗਾ। (ਲੈਨਿਨ ਸਮੁੱਚੀਆਂ ਲਿਖਤਾ, ਸੈਂਚੀ 26, ਸਫਾ 224)
ਜਦੋਂ ਪਾਰਟੀ ਗੈਰ-ਕਾਨੂੰਨੀ ਰੂਪ 'ਚ ਕੰਮ ਕਰਦੀ ਹੈ ਤਾਂ ਲਾਜ਼ਮੀ ਹੀ ਬਹਿਸ ਅਤੇ ਅਲੋਚਨਾ ਦਾ ਦਾਇਰਾ ਸੁੰਗੜ ਜਾਂਦਾ ਹੈ, ਪਰ ਨਾਲ ਹੀ ਲੀਡਰਸ਼ਿੱਪ 'ਚ ਭਰੋਸੇ ਤੋਂ ਬਿਨਾਂ ਵੀ ਕੋਈ ਅਨੁਸਾਸ਼ਨ ਨਹੀਂ ਹੋ ਸਕਦਾ। ਤੀਜੀ ( ਕਮਿਊਨਿਸਟ) ਇੰਟਰਨੈਸ਼ਨਲ ਜੋ ਕਿ 1920 'ਚ ਕਾਇਮ ਹੋਈ , ਵਿਚ ਸ਼ਾਮੂਲੀਅਤ ਕਰਨ ਲਈ ਸ਼ਰਤਾਂ ਵਿਚ ਇਹ ਵੀ ਸ਼ਾਮਲ ਸੀ:
ਕਮਿਊਨਿਸਟ ਇੰਟਰਨੈਸ਼ਨਲ ਨਾਲ ਜੁੜੀਆਂ ਪਾਰਟੀਆਂ ਜਮਹੂਰੀ ਕੇਂਦਰਵਾਦ ਦੇ ਸਿਧਾਂਤ ਦੇ ਅਧਾਰ 'ਤੇ ਜਥੇਬੰਦ ਹੋਈਆਂ ਹੋਣੀਆਂ ਚਾਹੀਦੀਆਂ ਹਨ। ਤਿੱਖੀ ਘਰੇਲੂ ਜੰਗ ਦੇ ਮੌਜੂਦਾ ਦੌਰ ਵਿੱਚ ਕਮਿਊਨਿਸਟ ਪਾਰਟੀਆਂ ਤਾਂ ਹੀ ਆਪਣੇ ਫਰਜ਼ਾਂ ਨੂੰ ਨਿਭਾ ਸਕਣਗੀਆਂ ਜੇ ਉਹ ਕੇਂਦਰੀਕ੍ਰਿਤ ਤਰੀਕੇ ਨਾਲ ਜਥੇਬੰਦ ਹਨ, ਫੌਜ ਨਾਲ ਮਿਲਦੇ-ਜੁਲਦੇ ਲੋਹ-ਅਨੁਸਾਸ਼ਨ 'ਚ ਢਲੀਆਂ ਹੋਈਆਂ ਹਨ ਅਤੇ ਉਹਨਾਂ ਕੋਲ ਮਜ਼ਬੂਤ ਤੇ ਤਾਕਤਵਰ ਪਾਰਟੀ ਕੇਂਦਰ ਹਨ ਜਿਨ੍ਹਾਂ ਕੋਲ ਵਿਸ਼ਾਲ ਤਾਕਤਾਂ ਤੇ ਮੈਂਬਰਾਂ ਦਾ ਇਕਮੱਤ ਵਿਸ਼ਵਾਸ਼ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31 ਸਫਾ 210)
ਇਸ ਬੁਨਿਆਦ ਤੇ ਟਿਕੀ ਬਾਲਸ਼ਵਿਕ ਪਾਰਟੀ ਖੜ੍ਹੀ ਕਰਨ ਦੇ ਲੰਮੇ ਪੰਧ 'ਚ ਲੈਨਿਨ ਨੂੰ ਅਨੁਸਾਸ਼ਨ ਪ੍ਰਤੀ ਮੈਨਸ਼ਵਿਕ ਬੁੱਧੀਜੀਵੀਆਂ ' ਪਾਏ ਜਾਂਦੇ ਅਰਾਜਕਤਾਵਾਦੀ ਨਜ਼ਰੀਏ ਖਿਲਾਫ ਲੜਨਾ ਪਿਆ। ਇਹਨਾਂ ਵਿਚੋਂ ਹੀ ਇੱਕ ਨੇ ਸ਼ਕਾਇਤ  ਕੀਤੀ ਕਿ ਉਹ ( ਲੈਨਿਨ-ਅਨੁ) ਪਾਰਟੀ ਨੂੰ ਇੱਦਾਂ ਸਮਝਦਾ ਹੈ ਜਿਵੇਂ ਇਹ ਇੱਕ ਵੱਡੀ ਫੈਕਟਰੀ ਹੋਵੇ, ਲੈਨਿਨ ਨੇ ਜੁਆਬ  ਦਿੱਤਾ:  
ਉਸ ਦਾ ਇਹ ਖਤਰਨਾਕ ਸ਼ਬਦ ਇੱਕਦਮ ਉਸ ਬੁਰਜੂਆ ਬੁੱਧੀਜੀਵੀ, ਜਿਹੜਾ ਪ੍ਰੋਲੇਤਾਰੀ ਜਥੇਬੰਦੀ ਦੇ ਨਾ ਤਾਂ ਅਭਿਆਸ ਨੂੰ ਤੇ ਨਾ ਹੀ ਸਿਧਾਂਤ ਨੂੰ ਸਮਝਦਾ ਹੈ, ਦੀ ਮਾਨਸਕਤਾ ਦਾ ਪ੍ਰਗਟਾਵਾ ਕਰ ਦਿੰਦਾ ਹੈ। ਫੈਕਟਰੀ, ਜਿਹੜੀ ਕਈਆਂ ਨੂੰ ਭੂਤ-ਪ੍ਰੇਤ ਲਗਦੀ ਹੈ, ਸਰਮਾਏਦਾਰਾ ਸਹਿਕਾਰ ਦੀ ਉੱਚਤਮ ਅਵਸਥਾ ਨੂੰ ਦਰਸਾਉਂਦੀ ਹੈ ਜਿਸ ਨੇ ਪ੍ਰੋਲੇਤਾਰੀ ਨੂੰ ਇਕੱਠਿਆਂ ਤੇ ਅਨੁਸਾਸ਼ਤ ਕੀਤਾ ਹੈ, ਇਸ ਨੂੰ ਜਥੇਬੰਦ ਹੋਣਾ ਸਿਖਾਇਆ ਹੈ, ਅਤੇ ਇਸ ਨੂੰ ਕਿਰਤੀ ਤੇ ਲੁੱਟੀ ਜਾ ਰਹੀ ਆਬਾਦੀ ਦੇ ਦੂਸਰੇ ਹਿੱਸਿਆਂ ਦੇ ਮੂਹਰੇ ਲਿਆ ਖੜ੍ਹਾ ਕੀਤਾ ਹੈ। ਅਤੇ ਮਾਰਕਸਵਾਦ ਜਿਹੜਾ ਸਰਮਾਏਦਾਰੀ ਦੁਆਰਾ ਢਾਲੇ ਮਜ਼ਦੂਰ ਦੀ ਵਿਚਾਰਧਾਰਾ ਹੈ, ਢੁੱਲ-ਮੁੱਲ ਬੁੱਧੀਜੀਵੀਆਂ ਨੂੰ ਫੈਕਟਰੀ ਨੂੰ ਇਕ ਲੁੱਟ ਦੇ ਸਾਧਨ ਦੇ ਰੁਪ 'ਚ (ਭੁੱਖਮਰੀ ਦੇ ਡਰ ਕਾਰਨ ਪੈਦਾ ਹੋਇਆ ਅਨੁਸਾਸ਼ਨ ) ਅਤੇ ਫੈਕਟਰੀ ਨੂੰ ਇਕ ਜਥੇਬੰਦੀ ਪੈਦਾ ਕਰਨ ਦੇ ਸਾਧਨ ਵਜੋਂ (ਪੈਦਾਵਾਰ ਦੀਆਂ ਵਿਕਸਿਤ ਤਕਨੀਕੀ ਹਾਲਤਾਂ ਦੁਆਰਾ ਏਕਤਾ-ਬੱਧ ਕੀਤੀ ਸਮੂਹਕ ਕਿਰਤ 'ਚੋਂ ਉਪਜਿਆ ਅਨੁਸਾਸ਼ਨ) ਫਰਕ ਕਰਕੇ ਦੇਖਣ ਲਈ ਸਿੱਖਿਅਤ ਕਰਦਾ ਹੈ। ਅਨੁਸਾਸ਼ਨ ਤੇ ਜਥੇਬੰਦੀ ਜੋ ਬੁਰਜੂਆ ਬੁੱਧੀਜੀਵੀ ਲਈ ਇੰਨਾ ਔਖਿਆਈ ਭਰਿਆ ਹੈ, ਇਸ ਫੈਕਟਰੀ ਸਕੂਲ ਦੀ ਬਦੌਲਤ ਪ੍ਰੋਲੇਤਾਰੀ ਦੁਆਰਾ ਆਸਾਨੀ ਨਾਲ ਅਪਣਾ ਲਿਆ ਜਾਂਦਾ ਹੈ। (ਲੈਨਿਨ ਸਮੁੱਚੀਆਂ ਲਿਖਤਾਂ ਸੈਂਚੀ 7, ਸਫਾ 391)
ਇਹ ਉਹ ਥਾਂ ਹੈ ਜਿੱਥੇ ਫੈਕਟਰੀ ਨਾਂ ਦੇ ਇਸ ਸਕੂਲ 'ਚੋਂ ਲੰਘਿਆ ਪ੍ਰੋਲੇਤਾਰੀ ਅਰਾਜਕ ਵਿਅਕਤੀਵਾਦ ਨੂੰ ਪਾਠ ਪੜ੍ਹਾ ਸਕਦਾ ਹੈ ਅਤੇ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਜਮਾਤੀ ਚੇਤੰਨ ਮਜ਼ਦੂਰ ਆਪਣੇ ਬਚਪਨੇ ਦੇ ਪੜਾਅ ਨੂੰ ਲੰਘ ਆਇਆ ਹੈ, ਜਦੋਂ ਉਹ ਬੁੱਧੀਜੀਵੀ ਖਿਲਾਫ ਸੰਘਰਸ਼ ਕਰਨ ਤੋਂ ਝਿਜਕਦਾ ਸੀ। ਜਮਾਤੀ ਚੇਤੰਨ ਮਜ਼ਦੂਰ ਸਮਾਜਕ-ਜਮਹੂਰੀ ਬੁੱਧੀਜੀਵੀਆਂ ਦੇ ਗਿਆਨ ਦੇ ਅਮੀਰ ਭੰਡਾਰ ਤੇ ਵਿਸ਼ਾਲ ਸਿਆਸੀ ਨਜ਼ਰੀਏ ਦੀ ਪ੍ਰਸ਼ੰਸ਼ਾ ਕਰਦਾ ਹੈ। ਪਰੰਤੂ, ਜਿਵੇਂ ਹੀ ਅਸੀਂ ਖਰੀ ਪਾਰਟੀ ਦੀ ਉਸਾਰੀ 'ਚ ਅੱਗੇ ਵਧਦੇ ਹਾਂ ਤਾਂ ਜਮਾਤੀ ਚੇਤੰਨ ਮਜ਼ਦੂਰ ਨੂੰ ਪ੍ਰੋਲੇਤਾਰੀ ਫੌਜ ਦੇ ਸਿਪਾਹੀ ਦੀ ਮਾਨਸਿਕਤਾ ਤੋਂ ਬੁਰਜੂਆ ਬੁੱਧੀਜੀਵੀ ਜਿਹੜਾ ਅਰਾਜਕਤਾਵਾਦੀ ਨਾਹਰੇ ਮਾਰਦਾ ਰਹਿੰਦਾ ਹੈ, ਦੀ ਮਾਨਸਿਕਤਾ ਨੂੰ ਵਖਰਿਆਉਣਾ ਆਉਣਾ ਚਾਹੀਦਾ ਹੈ; ਉਸ ਨੂੰ ਇਸ ਗੱਲ ਤੇ ਜੋਰ ਦੇਣਾ ਸਿੱਖਣਾ ਚਾਹੀਦਾ ਹੈ ਕਿ ਪਾਰਟੀ ਮੈਂਬਰ ਦੇ ਫਰਜ਼ ਨਾ ਸਿਰਫ ਸਫਾਂ ਵੱਲੋਂ ਹੀ ਅਦਾ ਕੀਤੇ ਜਾਣੇ ਚਾਹੀਦੇ ਹਨ ਸਗੋਂ ਉੱਪਰ ਬੈਠੇ ਲੋਕਾਂ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 7, ਸਫਾ 394)
ਚੀਨੀ ਪਾਰਟੀ ਦੀ ਉਸਾਰੀ ਦੀਆਂ ਹਾਲਤਾਂ ਵੱਖਰੀਆਂ ਸਨ ਤੇ ਮੁਕਾਬਲਤਨ ਘੱਟ ਔਖਿਆਈ ਭਰੀਆਂ ਸਨ ਕਿਉਂਕਿ ਬਾਲਸ਼ਵਿਕਾਂ ਨੇ ਰਸਤਾ ਵਿਖਾ ਦਿੱਤਾ ਸੀ, ਪਰ ਵਿਚਾਰ ਅਧੀਨ ਸਿਧਾਂਤ ਉਹੀ ਸਨ:
ਜੇ ਅਸੀਂ ਪਾਰਟੀ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਸਾਰੇ ਮੈਂਬਰਾਂ ਦੀ ਪਹਿਲਕਦਮੀ ਨੂੰ ਜਗਾਉਣ ਲਈ ਸਾਨੂੰ ਲਾਜ਼ਮੀ ਹੀ ਜਮਹੂਰੀ ਕੇਂਦਰਵਾਦ ਨੂੰ ਲਾਗੂ ਕਰਨਾ ਹੋਵੇਗਾ। ਪਿਛਾਖੜ ਅਤੇ ਘਰੇਲੂ ਜੰਗ ਦੇ ਸਮੇਂ ਕੇਂਦਰਵਾਦ ਵੱਧ ਭਾਰੂ ਸੀ। ਨਵੇਂ ਦੌਰ ', ਕੇਂਦਰਵਾਦ ਨੂੰ ਜਮਹੂਰੀਅਤ ਨਾਲ ਜੋੜਨਾ ਜਰੂਰੀ ਹੈ। ਆਓ ਅਸੀਂ ਜਮਹੂਰੀਅਤ ਲਾਗੂ ਕਰੀਏ ਅਤੇ ਪੂਰੀ ਪਾਰਟੀ ਅੰਦਰ ਪਹਿਲਕਦਮੀ ਲਈ ਜਗ੍ਹਾ ਬਣਾਈਏ, ਅਤੇ ਵੱਡੀ ਗਿਣਤੀ 'ਚ ਨਵੇਂ ਕਾਡਰ ਸਿੱਖਿਅਤ ਕਰੀਏ, ਵੱਖਵਾਦੀ ਰੁਚੀਆਂ ਦੀ ਰਹਿੰਦ-ਖੂੰਹਦ ਦਾ ਸਫਾਇਆ ਕਰੀਏ ਅਤੇ ਪੂਰੀ ਪਾਰਟੀ ਨੂੰ ਸਟੀਲ ਵਾਂਗ ਇਕਮੁੱਠ ਕਰੀਏ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1 ਸਫਾ 292)
ਇਹਨਾਂ ਕਾਰਨਾਂ ਕਰਕੇ, ਪਾਰਟੀ ਵਿਚ ਮੈਂਬਰਾਂ ਦੀ ਜਮਹੂਰੀਅਤ ਸਬੰਧੀ ਸਿੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਪਾਰਟੀ ਮੈਂਬਰ ਜਮਹੂਰੀ ਜੀਵਨ ਢੰਗ ਦਾ ਮਤਲਬ ਸਮਝ ਸਕਣ, ਜਮਹੂਰੀਅਤ ਦੇ ਕੇਂਦਰਵਾਦ ਦੇ ਰਿਸ਼ਤੇ ਦਾ ਮਤਲਬ, ਅਤੇ ਜਮਹੂਰੀ ਕੇਂਦਰਵਾਦ ਨੂੰ ਅਭਿਆਸ 'ਚ ਉਤਾਰਨ ਦਾ ਤਰੀਕਾ ਸਮਝ ਸਕਣ। ਸਿਰਫ ਇਸੇ ਢੰਗ ਨਾਲ ਹੀ ਅਸੀਂ ਪਾਰਟੀ ਅੰਦਰ ਜਮਹੂਰੀਅਤ ਨੂੰ ਉਤਸ਼ਾਹਤ ਕਰ  ਸਕਦੇ ਹਾਂ ਅਤੇ ਨਾਲ ਹੀ ਅਤਿ-ਜਮਹੂਰੀਅਤ ਤੇ ਖੁੱਲ੍ਹੀ ਖੇਡ ਜੋ ਅਨੁਸਾਸ਼ਨ ਨੂੰ ਤਬਾਹ ਕਰ ਦਿੰਦੀ ਹੈ, ਤੋਂ ਬਚ ਸਕਦੇ ਹਾਂ। (ਮਾਓ ਜ਼ੇ-ਤੁੰਗ- ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 205)
ਚੀਨੀ ਪਾਰਟੀ ਨੇ ਨਾ ਸਿਰਫ ਕਿਸਾਨੀ ਵਿੱਚੋਂ ਹੀ ਸਗੋਂ ਸ਼ਹਿਰੀ ਨਿੱਕ-ਬੁਰਜੂਆ ਤੇ ਖਾਸ ਕਰਕੇ ਬੁੱਧੀਜੀਵੀਆਂ 'ਚੋਂ ਵੱਡੀ ਗਿਣਤੀ 'ਚ ਰੰਗਰੂਟ ਭਰਤੀ ਕੀਤੇ ; ਪਰੰਤੂ ਇਹ ਲੈਨਿਨ ਦੁਆਰਾ ਸਥਾਪਤ ਸਿਧਾਂਤਾਂ ਤੇ ਅਧਾਰਤ ਵਿਚਾਰਧਾਰਕ ਮੁੜ-ਢਲਾਈ ਦੀ ਪ੍ਰਕਿਰਿਆ 'ਚੋਂ ਲੰਘ ਕੇ ਹੀ ਚੰਗੇ ਪਾਰਟੀ ਮੈਂਬਰ ਬਣੇ।
ਪਰ ਨਿੱਕ-ਬੁਰਜੂਆ ਚੋਂ ਆਉਣ ਵਾਲੇ ਲੋਕਾਂ ਦਾ ਮਾਮਲਾ ਇਕਦਮ ਵੱਖਰਾ ਹੈ ਜਿਨ੍ਹਾਂ ਨੇ ਆਪਣੀ ਇੱਛਾ ਨਾਲ ਪਹਿਲਾਂ ਵਾਲੀ ਜਮਾਤੀ ਪੁਜ਼ੀਸ਼ਨ ਛੱਡ ਦਿੱਤੀ ਅਤੇ ਪ੍ਰੋਲੇਤਾਰੀ ਦੀ ਪਾਰਟੀ 'ਚ ਸ਼ਾਮਲ ਹੋ ਗਏ। ਪਾਰਟੀ ਨੂੰ ਇਹਨਾਂ ਪ੍ਰਤੀ ਜਿਹੜੀ ਨੀਤੀ ਅਪਨਾਉਣੀ ਚਾਹੀਦੀ ਹੈ ਉਹ ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕ-ਸਮੂਹਾਂ ਪ੍ਰਤੀ ਪਾਰਟੀ ਨੀਤੀ ਤੋਂ ਸਿਧਾਂਤਕ ਰੂਪ 'ਚ ਭਿੰਨ ਹੈ। ਕਿਉਂਕਿ ਇਹ ਲੋਕ ਆਰੰਭ ਤੋਂ ਹੀ ਪ੍ਰੋਲੇਤਾਰੀ ਦੇ ਨੇੜੇ ਸਨ ਤੇ ਉਸ ਦੀ ਪਾਰਟੀ 'ਚ ਆਪਣੀ ਇੱਛਾ ਨਾਲ ਰਲੇ ਸਨ, ਉਹ ਪਾਰਟੀ ਅੰਦਰ ਮਾਰਕਸਵਾਦੀ-ਲੈਨਿਨਵਾਦੀ ਸਿੱਖਿਆ ਅਤੇ ਇਨਕਲਾਬੀ ਲੋਕ-ਘੋਲਾਂ 'ਚ ਤਪ ਕੇ ਹੌਲੀ-ਹੌਲੀ ਆਪਣੀ ਵਿਚਾਰਧਾਰਾ 'ਚ ਪ੍ਰੋਲੇਤਾਰੀ ਬਣ ਸਕਦੇ ਹਨ ਅਤੇ ਪ੍ਰੋਲੇਤਾਰੀ ਤਾਕਤਾਂ ਦੀ ਵੱਡੀ ਸੇਵਾ ਕਰ ਸਕਦੇ ਹਨ.. ..। ਪਰੰਤੂ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਿਹੜੇ ਨਿੱਕ-ਬੁਰਜੂਆ ਦਾ ਅਜੇ ਪ੍ਰੋਲੇਤਾਰੀਕਰਨ ਨਹੀਂ ਹੋਇਆ ਉਸ ਦਾ ਇਨਕਲਾਬੀ ਖਾਸਾ ਪ੍ਰੋਲੇਤਾਰੀ ਦੇ ਇਨਕਲਾਬੀ ਖਾਸੇ ਤੋਂ ਤੱਤ ਰੂਪ 'ਚ ਵੱਖਰਾ ਹੁੰਦਾ ਹੈ ਅਤੇ ਇਹ ਵਖਰੇਵਾਂ ਵਿਰੋਧ ' ਵਿਕਸਤ ਹੋ ਸਕਦਾ ਹੈ .. .. ਜੇ ਪ੍ਰੋਲੇਤਾਰੀ ਦੇ ਵਿਕਸਿਤ ਤੱਤ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਅਤੇ ਨਿੱਕ-ਬੁਰਜੂਆਜ਼ੀ 'ਚੋਂ ਆਉਣ ਵਾਲੇ ਇਹਨਾਂ ਮੈਂਬਰਾਂ ਦੀ ਅਰੰਭਕ ਵਿਚਾਰਧਾਰਾ 'ਚ ਦ੍ਰਿੜ ਤੇ ਸਪਸ਼ਟ ਨਿਖੇੜਾ ਨਹੀਂ ਕਰਦੇ, ਅਤੇ ਗੰਭੀਰ ਪਰ ਸਹੀ ਤੇ ਧੀਰਜਵਾਨ ਢੰਗ ਨਾਲ ਉਨ੍ਹਾਂ ਨੂੰ ਸਿੱਖਿਅਤ ਤੇ ਉਹਨਾਂ ਨਾਲ ਸੰਘਰਸ਼ ਨਹੀਂ ਕਰਦੇ ਤਾਂ ਉਹਨਾਂ ਦੀ ਨਿੱਕ-ਬੁਰਜੂਆ ਵਿਚਾਰਧਾਰਾ ਨੂੰ ਬਦਲ ਸਕਣਾ ਅਸੰਭਵ ਹੋ ਜਾਵੇਗਾ, ਅਤੇ ਇਸ ਤੋਂ ਵੱਧ, ਇਹ ਮੈਂਬਰ ਅੱਗੇ ਚੱਲ ਕੇ ਪ੍ਰੋਲੇਤਾਰੀ ਦੇ ਹਿਰਾਵਲ ਨੂੰ ਆਪਣੇ ਨਜ਼ਰੀਏ ਅਨੁਸਾਰ ਢਾਲਣ ਦੀ ਅਤੇ ਪਾਰਟੀ ਅਗਵਾਈ ਹਥਿਆਉਣ  ਦੀ ਕੋਸ਼ਿਸ਼ ਕਰਨਗੇ, ਇਸ ਤਰ੍ਹਾਂ ਪਾਰਟੀ ਤੇ ਲੋਕਾਂ ਦੇ ਉਦੇਸ਼ ਨੂੰ ਹਾਨੀ ਪਹੁੰਚਾਉਣਗੇ। (ਮਾਓ ਜ਼ੇ-ਤੁੰਗ- ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 238)
ਚੀਨੀ ਜਮਹੂਰੀ ਇਨਕਲਾਬੀ ਲਹਿਰ ਵਿਚ ਇਹ ਬੁੱਧੀਜੀਵੀ ਸਨ ਜੋ ਸਭ ਤੋਂ ਪਹਿਲਾਂ ਜਾਗਰਤ ਹੋਏ .. .. ਪਰ ਬੁੱਧੀਜੀਵੀ ਕੁੱਝ ਨਹੀਂ ਕਰ ਸਕਣਗੇ ਜੇ ਉਹ ਆਪਣੇ ਆਪ ਨੂੰ ਮਜ਼ਦੂਰਾਂ ਤੇ ਕਿਸਾਨਾਂ ਨਾਲ ਨਹੀਂ ਜੋੜਦੇ। ਨਿਚੋੜ ਦੇ ਤੌਰ 'ਤੇ ਇਨਕਲਾਬੀ ਬੁੱਧੀਜੀਵੀ ਅਤੇ ਗੈਰ-ਇਨਕਲਾਬੀ ਬੁੱਧੀਜੀਵੀ ਜਾਂ ਉਲਟ-ਇਨਕਲਾਬੀ ਬੁੱਧੀਜੀਵੀ 'ਚ ਨਿਖੇੜੇ ਦੀ ਲੀਹ ਇਸ ਤੋਂ ਤਹਿ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਮਜਦੂਰਾਂ-ਕਿਸਾਨਾਂ 'ਚ ਰਲਾ ਲੈਣ ਦਾ ਇੱਛਕ ਹੈ ਜਾਂ ਨਹੀਂ ਅਤੇ ਕੀ ਉਹ ਅਸਲ ਵਿਚ ਅਜਿਹਾ ਕਰਦਾ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ ਸੈਂਚੀ 2 , ਸਫਾ 238)
ਅੰਤ ਵਿਚ, ਜਮਹੂਰੀ ਕੇਂਦਰਵਾਦ ਨਾ ਸਿਰਫ ਪ੍ਰੋਲੇਤਾਰੀ ਪਾਰਟੀ ਦਾ ਸਗੋਂ ਨਵੇਂ ਪ੍ਰੋਲਤਾਰੀ ਰਾਜ ਦਾ ਵੀ ਜਥੇਬੰਦਕ ਸਿਧਾਂਤ ਹੈ ਜਿਹੜਾ ਰੂਸ 'ਚ ਸੋਵੀਅਤਾਂ ਦੀ ਬੁਨਿਆਦ 'ਤੇ ਅਤੇ ਚੀਨ ਵਿੱਚ ਲੋਕ-ਕਾਂਗਰਸਾਂ ਦੀ ਬੁਨਿਆਦ 'ਤੇ ਟਿਕਿਆ ਹੋਇਆ ਹੈ:
ਜੇ ਪ੍ਰੋਲੇਤਾਰੀ ਤੇ ਗਰੀਬ ਕਿਸਾਨ ਰਾਜ ਸੱਤਾ ਨੂੰ ਆਪਣੇ ਹੱਥਾਂ ' ਲੈ ਲੈਂਦੇ ਹਨ, ਖੁਦ ਨੂੰ ਆਜ਼ਾਦੀ ਨਾਲ ਕਮਿਊਨਾਂ 'ਚ ਜਥੇਬੰਦ ਕਰ ਲੈਂਦੇ ਹਨ, ਅਤੇ ਸਾਰੇ ਕਮਿਊਨਾਂ ਦੀ ਕਾਰਵਾਈ ਨੂੰ ਸਰਮਾਏ 'ਤੇ ਹਮਲਾ ਬੋਲਣ, ਸਰਮਾਏਦਾਰਾਂ ਦੇ ਵਿਰੋਧ ਨੂੰ ਕੁਚਲਣ ਅਤੇ ਰੇਲਵੇ, ਫੈਕਟਰੀਆਂ, ਜ਼ਮੀਨ ਤੇ ਹੋਰ ਸਭ ਕੁੱਝ ਨੂੰ ਸਾਰੇ ਦੇਸ਼ ਤੇ ਸਾਰੇ ਸਮਾਜ ਨੂੰ ਸਪੁਰਦ ਕਰਨ ਲਈ ਏਕਤਾ  ਬੱਧ ਕਰ ਲੈਂਦੇ ਹਨ, ਤਾਂ ਕੀ ਇਹ ਕੇਂਦਰਵਾਦ ਨਹੀਂ ਹੋਵੇਗਾ? ਕੀ ਇਹ ਸਭ ਤੋਂ ਵਧੀਆ ਜਮਹੂਰੀ ਕੇਂਦਰਵਾਦ ਅਤੇ ਹੋਰ ਜ਼ਿਆਦਾ ਪ੍ਰੋਲੇਤਾਰੀ ਕੇਂਦਰਵਾਦ ਨਹੀਂ ਹੋਵੇਗਾ? (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 25 ਸਫਾ 429)
ਨਵੇਂ ਜਮਹੂਰੀ ਰਾਜ ਦਾ ਜਥੇਬੰਦਕ ਸਿਧਾਂਤ ਜਮਹੂਰੀ ਕੇਂਦਰਵਾਦ ਹੋਣਾ ਚਾਹੀਦਾ ਹੈ ਜਿਸ ਵਿਚ ਲੋਕਾਂ ਦੀਆਂ ਕਾਂਗਰਸਾਂ ਮੁੱਖ ਨੀਤੀਆਂ ਤੈਅ ਕਰਨਗੀਆਂ ਅਤੇ ਵੱਖ ਵੱਖ ਸਤਰਾਂ 'ਤੇ ਸਰਕਾਰਾਂ ਦੀ ਚੋਣ ਕਰਨਗੀਆਂ। ਇਹ ਇੱਕੋ ਸਮੇਂ ਜਮਹੂਰੀ ਤੇ ਕੇਂਦਰੀਕ੍ਰਿਤ ਹੈ ਭਾਵ ਕਿ ਜਮਹੂਰੀਅਤ 'ਤੇ ਅਧਾਰਤ ਕੇਂਦਰੀਕਰਨ ਅਤੇ ਕੇਂਦਰੀਕ੍ਰਿਤ ਅਗਵਾਈ ਥੱਲੇ ਜਮਹੂਰੀਅਤ। ਇਹ ਇੱਕੋ-ਇਕ ਢਾਂਚਾ ਹੈ ਜਿਹੜਾ ਲੋਕਾਂ ਦੀਆਂ ਕਾਂਗਰਸਾਂ ਨੂੰ ਸਾਰੀ ਤਾਕਤ ਸੌਂਪ ਕੇ ਜਮਹੂਰੀਅਤ ਨੂੰ ਪੂਰਨ ਪ੍ਰਗਟਾਵਾ ਦਿੰਦਾ ਹੈ ਅਤੇ ਨਾਲ ਹੀ ਕੇਂਦਰੀਕ੍ਰਿਤ ਸੰਚਾਲਨ ਦੀ ਗਰੰਟੀ ਦਿੰਦਾ ਹੈ ਜਿਸ ਨਾਲ ਸਰਕਾਰ ਦੇ ਹਰ ਸਤਰ 'ਤੇ ਲੋਕਾਂ ਦੀਆਂ ਕਾਗਰਸਾਂ ਦੁਆਰਾ ਸਬੰਧਤ ਸਤਰ ਨੂੰ ਸੌਂਪੇ ਗਏ ਕੰਮਾਂ ਦੀ ਕੇਂਦਰੀਕ੍ਰਿਤ ਦੇਖ-ਰੇਖ ਹੁੰਦੀ ਹੈ ਅਤੇ ਲੋਕਾਂ ਦੇ ਜਮਹੂਰੀ ਜੀਵਨ ਢੰਗ ਲਈ ਜੋ ਵੀ ਜਰੂਰੀ ਹੈ, ਦੀ ਰੱਖਿਆ ਹੁੰਦੀ ਹੈ।
(ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ ਸੈਂਚੀ 3, ਸਫਾ 280, ਹੋਰ ਦੇਖੋ -ਸੈਂਚੀ 2 ਸਫਾ 57, ਸਫਾ 352, ਮਾਓ ਜ਼ੇ ਤੁੰਗ ਦੇ ਚਾਰ ਫਲਸਫਾਨਾ ਲੇਖ, ਸਫਾ 86)
(ਜਾਰਜ ਥਾਮਸਨ ਦੀ ਪੁਸਤਕ 'ਚੋਂ ਕੁਝ ਅੰਸ਼)

No comments:

Post a Comment