Saturday, January 26, 2019

ਜਲਿ੍ਆਂਵਾਲਾ ਬਾਗ ਦਾ ਸਾਕਾ ਤੇ ਸਾਮਰਾਜ ਖਿਲਾਫ ਲੋਕ ਉਭਾਰ ਦੀ ਸੇਧ


ਲਿ੍ਆਂਵਾਲਾ  ਬਾਗ ਦਾ ਸਾਕਾ ਤੇ ਸਾਮਰਾਜ ਖਿਲਾਫ ਲੋਕ ਉਭਾਰ ਦੀ ਸੇਧ


ਲਿ੍ਆਂਵਾਲਾ ਬਾਗ ਦੇ ਸਾਕੇ ਦਾ ਜੋ ਪਮੁੱਖ ਲੱਛਣ ਸਾਹਮਣੇ ਆਉਂਦਾ ਹੈ ਉਹ ਹੈ ਰੋਲਟ ਐਕਟ ਦੀ ਵਾਪਸੀ ਲਈ ਸ਼ੁਰੂ ਹੋਏ ਸੰਘਰਸ਼ ਵਿਚ ਆਮ ਲੋਕਾਂ ਦੀ ਵੱਡੇ ਪੱਧਰ 'ਤੇ ਆਪ ਮੁਹਾਰੀ ਸ਼ਮੂਲੀਅਤ। ਇਹ ਸ਼ਮੂਲੀਅਤ ਸਿੱਥਲ ਜਾਂ ਸੁਸਤ ਹਿੱਸੇਦਾਰੀ ਨਾ ਹੋ ਕੇ ਹਰ ਪਾਸਿਉਂ ਇੱਕ ਸਰਗਰਮ ਤੇ ਸਾਹਸੀ ਸ਼ਮੂਲੀਅਤ ਸੀ। ਇਸ ਦੀਆਂ ਕੁੱਝ ਕੁ ਮਿਸਾਲਾਂ ਅਸੀਂਲਿ੍ਆਂਵਾਲਾ ਬਾਗ 'ਚ ਹੀ 13 ਅਪ੍ਰੈਲ ਤੋਂ ਪਹਿਲਾਂ ਹੋਏ ਇਕੱਠਾਂ, ਰਾਮ ਨੌਮੀ ਦੇ ਤਿਉਹਾਰ ਵਿਚ ਸਭ ਧਰਮਾਂ ਦੇ ਲੋਕਾਂ  ਦੀ ਸਰਗਰਮ ਹਾਜ਼ਰੀ, 10 ਅਪ੍ਰੈਲ ਨੂੰ ਡਾ. ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਅੰਮ੍ਰਿਤਸਰ ਦੇ ਗਲੀਆਂ ਬਾਜ਼ਾਰਾਂ ਵਿਚ ਲੋਕਾਂ ਦਾ ਇਕੱਠੇ ਹੋਣਾ ਅਤੇ ਸਾਂਝੇ ਤੌਰ 'ਤੇ ਨਿੱਡਰ ਹੋ ਕੇ ਰੇਲਵੇ ਪੁਲ 'ਤੇ ਪੁਲਿਸ ਦਾ ਸਾਹਮਣਾ ਕਰਨਾ, ਸੁਲਤਾਨਵਿੰਡ ਗੇਟ ਦੇ ਕੋਲ ਜਨਰਲ ਡਾਇਰ ਵੱਲੋਂ ਕਰਵਾਈ ਮੁਨਾਦੀ ਤੋਂ ਤੁਰੰਤ ਬਾਅਦ ਦੋ ਅਣਜਾਣੇ ਆਦਮੀਆਂ ਵੱਲੋਂ ਲਿ੍ਆਂਵਾਲਾ ਬਾਗ ਵਿਚ ਉਸੇ ਸ਼ਾਮ ਨੂੰ ਹੋ ਰਹੇ ਇਕੱਠ ਬਾਰੇ ਇੱਕ ਸਮਾਨਅੰਤਰ ਮੁਨਾਦੀ ਕਰਨਾ, ਆਦਿ ਵਿਚ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਇਕੱਠਾਂ ਨੂੰ ਜਥੇਬੰਦ ਕਰਨ ਵਿਚ ਭਾਵੇਂ ਡਾ. ਕਿਚਲੂ, ਡਾ. ਸੱਤਿਆਪਾਲ, ਚੌਧਰੀ ਬੁੱਗਾ ਮੱਲ, ਰਤਨ ਚੰਦ ਰੱਤੋ, ਡਾ. ਬਸ਼ੀਰ ਅਹਿਮਦ ਵਰਗੇ ਕਈ ਹੋਰ ਮੁਕਾਮੀ ਲੀਡਰਾਂ ਦੀ ਅਹਿਮ ਭੂਮਿਕਾ ਰਹੀ ਸੀ, ਪਰ ਆਪਣੇ ਮੂਲ ਸੁਭਾਅ ਦੇ ਪੱਖੋਂ ਇਹ ਇਕੱਠ ਅਤੇ ਆਮ ਲੋਕਾਂ ਦੀਆਂ ਹੋਰ ਗਤੀਵਿਧੀਆਂ ਲੋਕਾਂ ਦੀ ਆਪ ਮੁਹਾਰੀ ਪਹਿਲਕਦਮੀ ਦਾ ਇਜ਼ਹਾਰ ਹੀ ਸਨ। ਕਿਸੇ ਵੀ ਤਰ੍ਹਾਂ ਦੇ ਜਥੇਬੰਦਕ ਤਾਣੇ-ਬਾਣੇ ਦੀ ਵਿਹਾਰਕ ਅਣਹੋਂਦ ਕਰਕੇ ਇਹ ਸਾਰੀਆਂ ਸਰਗਰਮੀਆਂ ਦੇ ਪਿੱਛੇ ਕਾਰਜਸ਼ੀਲ ਸ਼ਕਤੀ ਲੋਕਾਂ ਦੇ ਆਪਣੇ ਹੀ ਸਮੂਹ ਦੀ ਸ਼ਕਤੀ ਦਾ ਇਕ ਪਰਿਵਰਤਿਤ ਸਰੂਪ ਸੀ। ਕਿਉਂਕਿ ਇਹ ਸਰਗਰਮੀਆਂ ਅੰਗਰੇਜ ਹਕੂਮਤ ਵੱਲੋਂ ਉਸ ਵੇਲੇ ਚਲਾਏ ਜਾ ਰਹੇ ਦਮਨ-ਚੱਕਰ ਦੇ ਸਾਹਮਣੇ ਅੜ ਕੇ ਕੀਤੀਆਂ ਗਈਆਂ ਜਾਂ ਹੋਈਆਂ। ਇਸ ਕਰਕੇ ਇਹਨਾਂ ਵਿਚ ਮੌਜੂਦ ਅੰਗਰੇਜ਼ੀ ਸਾਮਰਾਜ ਵਿਰੋਧੀ ਗੁੱਸੇ ਅਤੇ ਰੋਸ ਦੀ ਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਨਜ਼ਰ ਨਾਲ ਦੇਖਿਆਂ ਇਹਨਾਂ ਦੇ ਪ੍ਰਵਚਨ ਦੀ ਮੁੱਖ ਸੇਧ ਸਾਮਰਾਜ ਵਿਰੋਧੀ ਸੀ ਅਤੇ ਇਸੇ ਲਈ ਇਹ ਲੋਕਾਂ ਅਤੇ ਸਾਮਰਾਜ ਵਿਚਲੀ ਮੁੱਖ ਵਿਰੋਧਤਾਈ ਨੂੰ ਆਪਣੇ ਵਿਚ ਸਮੋਈ ਬੈਠੀਆਂ ਸਰਗਰਮੀਆਂ ਸਨ। ਇਹਨਾਂ ਸਰਗਰਮੀਆਂ ਦੇ ਪ੍ਰਵਚਨ ਦੇ ਇਹ ਮੂਲ ਸੁਭਾਅ ਅਤੇ ਇਸਦਾ ਵੱਖ ਵੱਖ ਰੂਪਾਂ 'ਚ ਤੁਰੰਤ ਪੈਰਾ ਖਾੜਕੂ ਇਜ਼ਹਾਰ ਲੋਕਾਂ ਦੇ ਸਮੂਹ ਦੀ ਉਸ ਸ਼ਕਤੀ ਦੀ ਪੇਸ਼ਕਾਰੀ ਹੈ ਜੋ ਕਿ ਕਿਸੇ ਵੀ ਜਾਬਰ ਸ਼ਕਤੀ ਨਾਲ ਟਕਰਾਉਣ ਦੀ ਸਮਰੱਥਾ ਵੀ ਰਖਦੀ ਹੈ ਅਤੇ ਨਾਲ ਹੀ ਸੌੜੀ ਉਪਯੋਗਤਾਵਾਦੀ ( ਯੂਟੀਲਿਟੇਰੀਅਨ) ਵਲਗਣ ਤੋਂ ਪਰ੍ਹਾਂ ਦੀ ਸ਼ਕਤੀ ਹੈ।
ਮਾਈਕਲ ਉਡਵਾਇਰ ਦੀਆਂ ਪਹਿਲੀ ਸੰਸਾਰ ਜੰਗ ਦੇ ਅਰਸੇ ਦੌਰਾਨ ਅਤੇ ਉਸ ਤੋਂ ਬਾਅਦ ਦੀਆਂ ਨੀਤੀਆਂ ਅਤੇ ਕਾਰਨਾਮੇ ਅਤਿਅੰਤ ਜ਼ਾਲਮ ਅਤੇ ਬਰਬਰਤਾ ਨਾਲ ਭਰਪੂਰ ਸਨ। ਪਰ ਇਹਨਾਂ ਨੂੰ ਹੀ ਬਰਤਾਨਵੀ ਰਾਜ ਦੀ ਆਮ ਪਾਲਿਸੀ ਤੋਂ ਵੱਖਰਾ ਰੱਖ ਕੇ ਲਿ੍ਆਂਵਾਲਾ ਬਾਗ ਵਿਚ ਢਾਹੇ ਜੁਲਮਾਂ ਲਈ ਜੁੰੰਮੇਵਾਰ ਮੰਨਣਾ ਇਤਿਹਾਸ ਦੇ ਮਕੰਮਲ ਸੱਚ ਨੂੰ ਤਲਾਸ਼ਣ ਤੋਂ ਨਾਂਹ ਕਰਨ ਦੇ ਤੁਲ ਹੈ। ਅੰਗਰੇਜ਼ ਸਾਮਰਾਜ ਦੀ ਨਿਗਾਹ ਵਿਚ ਪੰਜਾਬ ਦੀ ਸਥਿਤੀ ਬਹੁਤ ਹੀ ਮਹੱਤਵਪੂਰਨ ਸੀ। ਇਸ ਦੀ ਮਹੱਤਤਾ ਸਾਮਰਾਜਵਾਦੀ ਆਰਥਕਤਾ ਲਈ ਅਤੇ ਇਸ ਦੀ ਚਹੁੰ-ਕੂਟੀਂ ਤਰੱਕੀ ਲਈ ਸਥਾਪਤ ਕੀਤੇ ਲੋਟੂ ਰਾਜ ਦੀ ਫੌਜੀ ਪੱਖੋਂ ਸੁਰੱਖਿਆ ਵਾਸਤੇ ਸੀ। ਬਰਤਾਨਵੀ ਸਾਮਰਾਜ ਦੇ ਮੂਲ ਮੁਲਕ (ਮਦਰ ਕੰਟਰੀ) ਵਿਚ ਸਥਾਪਤ ਉਦਯੋਗ ਲਈ ਲੋੜੀਂਦੇ ਆਨਾਜ ਅਤੇ ਕਪਾਹ ਦੇ ਰੂਪ 'ਚ ਪੰਜਾਬ 'ਚ ਪੈਦਾ ਹੁੰਦੇ ਕੱਚੇ ਮਾਲ ਦੀ ਪੂਰਤੀ ਇੱਥੋਂ ਹੀ ਹੁੰਦੀ ਸੀ। ਇਸ ਤਰ੍ਹਾਂ ਪੰਜਾਬ ਸਾਮਰਾਜੀ ਰਾਜ ਲਈ ਆਨਾਜ ਦਾ ਭੰਡਾਰ ਸੀ। ਇਸਦੇ ਨਾਲ ਹੀ ਕੇਂਦਰੀ ਏਸ਼ੀਆ ਆਦਿ ਦੇ ਨਾਲ ਲਗਵਾਂ ਹੋਣ ਕਰਕੇ ਪੰਜਾਬ ਦੀ ਫੌਜੀ ਪੱਖੋਂ ਇਕ ਖਾਸ ਸਥਿਤੀ ਸੀ। ਇਹਨਾਂ ਦੋਹਾਂ ਕਾਰਨਾਂ ਕਰਕੇ ਅੰਗਰੇਜ਼ ਹਕੂਮਤ ਲਈ ਪੰਜਾਬ ਦਾ ਸ਼ਾਂਤ ਰਹਿਣਾ ਜਰੂਰੀ ਸੀ। 1857 ਵਿਚ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਦੇ ਵੇਲੇ ਤੋਂ ਲੈ ਕੇ ਹੀ ਅੰਗਰੇਜ਼ ਹਕੂਮਤ ਇੱਥੇ ਸ਼ਾਂਤੀ ਬਣਾਈ ਰੱਖਣ ਲਈ ਹਮੇਸ਼ਾ ਹੀ ਪੱਬਾਂ ਭਾਰ ਰਹਿੰਦੀ ਸੀ। ਪੰਜਾਬ ਦੇ ਪਹਿਲੇ ਗਵਰਨਰ ਜੌਹਨ ਲਾਰੈਂਸ ਦੇ ਸ਼ਬਦਾਂ ਵਿਚ ਪੰਜਾਬ ਦੀ ਸ਼ਾਂਤੀ, ਫਟਣ ਤੋਂ ਪਹਿਲਾਂ ਬਾਰੂਦ ਦੀ ਸ਼ਾਂਤ ਅਵਸਥਾ ਵਰਗੀ ਸੀ। ਇਸ ਸ਼ਾਂਤੀ ਨੂੰ ਅੱਡ ਅੱਡ ਵੇਲੇ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ ਅਤੇ ਗਦਰ ਲਹਿਰ (ਇਹਨਾਂ ਦਾ ਵਿਸਥਾਰ ਵਿਚ ਜ਼ਿਕਰ ਲੇਖ ਦੇ ਅਗਲੇ ਹਿੱਸੇ ਵਿਚ ਕੀਤਾ ਜਾਵੇਗਾ) ਆਦਿ ਨੇ ਭੰਗ ਕੀਤਾ ਸੀ। ਇਸ ਕਰਕੇ ਸ਼ੁਰੂ ਤੋਂ ਹੀ ਪੰਜਾਬ ਦੀ ਸਥਿਤੀ ਨੂੰ ਸਾਮਰਾਜੀ ਹਕੂਮਤ ਨੇ ਕਰੜੇ ਹੱਥਾਂ ਨਾਲ ਹੀ ਨਜਿੱਠਣ ਦੀ ਕੋਸ਼ਿਸ਼ ਕੀਤੀ ਸੀ।
ਭਾਰਤ ਦੇ ਇਕ ਪਹਿਲੇ ਵਾਇਸਰਾਏ ਲਾਰਡ ਹਾਰਡਿੰਗ ਨੇ ਹਾਊਸ ਆਫ ਲਾਰਡਜ਼ ਵਿੱਚ ਪਹਿਲੀ ਸੰਸਾਰ ਜੰਗ ਬਾਰੇ ਬੋਲਦਿਆਂ ਕਿਹਾ ਸੀ ਕਿ ਸਾਮਰਾਜ ਦੇ ਹਿੱਤਾਂ ਲਈ ਭਾਰਤ ਨੇ ਧੱਕੋ-ਜੋਰੀ ਆਪਣਾ ਖੂਨ ਨਿਚੋੜਨ ਦਿੱਤਾ ਹੈ। ਜੰਗ ਦੀ ਇਸ ਲੁੱਟ ਦੇ ਇੱਕ ਮਹੱਤਵਪੂਰਨ ਫੌਜੀ ਭਰਤੀ ਦੇ ਪਹਿਲੂ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਜੰਗ ਦੇ ਦੌਰਾਨ ਪੈਦਾ ਹੋਏ ਆਰਥਕ ਅਤੇ ਮਨੁੱਖੀ ਸੰਕਟ ਦਾ ਖਮਿਆਜਾ ਪੰਜਾਬ  ਦੇ ਲੋਕਾਂ ਨੂੰ ਵੱਡੀ ਪੱਧਰ 'ਤੇ ਭੁਗਤਣਾ ਪਿਆ ਸੀ। ਜੰਗ ਤੋਂ ਪਿੱਛੋਂ ਦੇ ਸੰਕਟ ਭਰੇ ਹਾਲਾਤਾਂ ਦੇ 1857 ਵਰਗੇ ਹਾਲਾਤਾਂ ਜਾਂ ਇਕ ਹੋਰ ਗਦਰ ਲਹਿਰ ਵਿਚ ਵਟਣ ਤੋਂ ਰੋਕਣ ਲਈ ਹੀ ਅੰਗਰੇਜ਼ ਹਕੂਮਤ ਨੇ ਇਥੇ ਸਖਤੀ ਕਰਨ ਦੀ ਨੀਤੀ ਅਪਣਾਈ।
ਰੋਲਟ ਐਕਟ ਦੇ ਵਿਰੁੱਧ ਚੱਲੇ ਸੰਘਰਸ਼ ਦੌਰਾਨ 'ਗਾਂਧੀ ਮਹਾਤਮਾ ਕੀ ਜੈ' ਵਰਗੇ ਨਾਅਰਿਆਂ ਦੀ ਵਿਆਪਕਤਾ ਦਾ ਕਾਂਗਰਸ ਪਾਰਟੀ ਅਤੇ ਸਤਿਆਗ੍ਰਹਿ ਸਭਾ ਦੇ ਸੰਗਠਨਾਂ ਦੀ ਰਾਜਨੀਤਕ ਪ੍ਰਕਿਰਿਆ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਲੋਕਾਂ ਦੀ ਕਾਰਜਸ਼ੀਲਤਾ ਵਿਚ ਚੇਤੰਨ ਪੱਧਰ 'ਤੇ ਲਾਗੂ ਹੋਣ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਇਸਦੇ ਪ੍ਰਵਚਨ ਦਾ ਅਰਥ ਮਹਾਤਮਾ ਗਾਂਧੀ ਦੇ ਇਕ ਖਾਸ ਕਿਸਮ ਦੇ ਸ਼ਕਤੀਦਾਤਾ ਦੇ ਬਿੰਬ ਨਾਲ ਹੈ। ਇਹ ਬਿੰਬ ਵੀ 1919 ਵਿਚ ਇਸ ਕਰਕੇ ਜ਼ਿਆਦਾ ਕਾਰਗਰ ਅਤੇ ਕਿਸੇ ਸੰਗਠਿਤ ਅਤੇ ਚੇਤੰਨ ਵਿਚਾਰਧਾਰਕ ਵਿਰੋਧ ਤੋਂ ਬਗੈਰ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਉਸ ਵੇਲੇ ਮਹਾਤਮਾ ਗਾਂਧੀ ਦਾ ਭਾਰਤ ਦੀ ਰਾਜਸੀ ਅਵਸਥਾ ਵਿਚ ਆਗਮਨ ਨਵਾਂ-ਨਵਾਂ ਹੀ ਸੀ। ਬਾਅਦ ਵਿਚ ਅਤੇ ਖਾਸ ਤੌਰ 'ਤੇ ਨਾਮਿਲਵਰਤਣ ਲਹਿਰ ਤੋਂ ਬਾਅਦ ਇਸਦਾ ਵਿਚਾਰਧਾਰਕ ਅਤੇ ਬਹੁਤ ਵਾਰੀ ਜਥੇਬੰਦਕ ਵਿਰੋਧ ਭਾਰਤੀ ਵਿਵਸਥਾ ਵਿਚ ਕਈ ਵਾਰੀ ਮਜ਼ਬੂਤ ਤੇ ਕਈ ਵਾਰੀ ਕਮਜ਼ੋਰ ਮਿਲਦਾ ਹੀ ਰਿਹਾ ਹੈ। ਪਰ ਦੂਸਰੇ ਪਾਸੇ ਮਹਾਤਮਾ ਗਾਂਧੀ 1919 ਵਿਚ ਵੀ ਸਤਿਆਗ੍ਰਹਿ ਦੀ ਵਿਚਾਰਧਾਰਕ ਵਿਵਸਥਾ ਸਾਮਰਾਜ ਨਾਲ ਨਾ ਸਮਝ ਕੇ ਉਸ ਵੇਲੇ ਅਤੇ ਉਸ ਤੋਂ ਪਹਿਲਾਂ ਭਾਰਤ ਦੀ ਆਜ਼ਾਦੀ ਲਈ ਚੱਲੀ ਖਾੜਕੂ ਲਹਿਰ ਨਾਲ ਸਮਝਦਾ ਸੀ। ਮਹਾਤਮਾ ਗਾਂਧੀ ਨੇ ਇਸ ਵਿਚਾਰ ਦਾ ਇਜ਼ਹਾਰ ਆਪਣੇ ਇਕ ਨਰਮਦਲੀਏ ਨੇਤਾ ਦਿਨਸ਼ਾਅ ਵਾਚਾ ਨੂੰ 25 ਫਰਵਰੀ, 1919 ਨੂੰ ਲਿਖੇ ਇਕ ਖਤ ਵਿਚ ਇਸ ਤਰ੍ਹਾਂ ਕੀਤਾ ਹੈ ਕਿ,
''ਦਹਿਸ਼ਤਵਾਦ ਨੂੰ ਰੋਕਣ ਲਈ, ਮੈਨੂੰ ਲਗਦਾ ਹੈ ਕਿ ਸਤਿਆਗ੍ਰਹਿ ਹੀ ਇੱਕੋ ਰਾਹ ਹੈ।''
ਨਰਮਦਲੀਆਂ ਦੀਆਂ ਪੁਜ਼ੀਸ਼ਨਾਂ ਆਦਿ ਕਰਨ ਦੀ ਕਾਰਜਸ਼ੈਲੀ ਤੋਂ ਅਗਾਂਹ ਵਧ ਕੇ ਸਮੂਹ ਦੇ ਅਧਾਰ 'ਤੇ ਸਤਿਆਗ੍ਰਹਿ ਕਰਨ ਦੀ ਵਿਧੀ ਦੇ ਹਥਿਆਰ ਦੇ ਵਾਰ ਦੀ ਸੇਧ ਇਸ ਤਰ੍ਹਾਂ ਸਾਮਰਾਜ ਵਿਰੁੱਧ ਨਾ ਹੋ ਕੇ ਲੋਕਾਂ ਦੀਆਂ ਖਾੜਕੂ ਲਹਿਰਾਂ ਦੀ ਕਾਰਜਸ਼ੈਲੀ ਦੇ ਵਿਰੋਧ ਵਿਚ ਸੀ।
ਲਿ੍ਆਂਵਾਲਾ ਬਾਗ ਦੇ ਸਾਕੇ ਦੀ ਅਤੇ ਇਸ ਤੋਂ ਪਹਿਲੇ ਦਿਨਾਂ ਵਿਚ  ਵਾਪਰੀਆਂ ਘਟਨਾਵਾਂ ਦੀ ਗਾਥਾ ਵਿਚ ਕੁੱਝ ਨੁਕਤੇ ਜੋ ਉੱਭਰ ਕੇ ਸਾਹਮਣੇ ਆਏ ਹਨ ਉਹਨਾਂ ਵਿਚ ਲੋਕਾਂ ਦੁਆਰਾ ਵੱਡੀ ਗਿਣਤੀ ਵਿਚ ਰੋਸ ਮੁਜਾਹਰਿਆਂ, ਮੀਟਿੰਗਾਂ ਵਿਚ ਸ਼ਾਮਲ ਹੋਣਾ, ਕਿਸੇ ਠੋਸ ਅਤੇ ਯੋਜਨਾਬੱਧ ਤਾਣੇ-ਬਾਣੇ ਅਤੇ ਅਗਵਾਈ ਦੀ ਅਣਹੋਂਦ ਦੇ ਬਾਵਜੂਦ ਆਪਮੁਹਾਰੇ ਹੀ ਹਕੂਮਤ ਵੱਲੋਂ ਕਿਸੇ ਉਤੇਜਨਾ ਭਰਪੂਰ ਕਾਰਵਾਈ ਤੋਂ ਪਹਿਲਾਂ ਹੀ ਹਿੰਸਾ 'ਤੇ ਉਤਾਰੂ ਨਾ ਹੋਣਾ, ਸਰਕਾਰ ਦੀਆਂ ਉਕਸਾਊ ਅਤੇ ਜ਼ਾਲਮ ਕਾਰਵਾਈਆਂ ਤੋਂ ਬਾਅਦ ਦਹਿਸ਼ਤ ਵਿਚ ਨਾ ਆਉਣਾ, ਅਤੇ ਸੁਤੇ-ਸਿਧ ਹੀ ਉਸ ਵੇਲੇ ਤੱਕ ਉਸਾਰੀਆਂ ਜਾ ਰਹੀਆਂ ਅਤੇ ਮਜ਼ਬੂਤ ਕੀਤੀਆਂ ਧਾਰਮਿਕ ਅਤੇ ਬਿਰਾਦਰੀਆਂ ਦੀਆਂ ਵਲਗਣਾਂ ਤੋਂ ਪਰ੍ਹਾਂ ਆਪਣੇ ਹਕੀਕੀ ਏਕੇ ਦਾ ਸਬੂਤ ਦੇਣਾ, ਪ੍ਰਮੁੱਖ ਤੌਰ 'ਤੇ ਗਿਣੇ ਜਾ ਸਕਦੇ ਹਨ। ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਜਿਵੇਂ ਕਿ ਲਾਹੌਰ, ਕਸੂਰ, ਗੁੱਜਰਾਂਵਾਲਾ ਆਦਿ ਵਿਚ ਰੋਲਟ ਐਕਟ ਦੇ ਵਿਰੋਧ ਵਿਚ ਚੱਲੇ ਲੋਕਾਂ ਦੇ ਸੰਘਰਸ਼ ਦੇ ਪਿੱਛੇ ਭਾਵੇਂ ਅੰਗਰੇਜ਼ ਸਰਕਾਰ ਦੀਆਂ ਆਰਥਕ ਅਤੇ ਫੌਜੀ ਨੀਤੀਆਂ ਇਕ ਮੁੱਖ ਕਾਰਨ ਵਜੋਂ ਪਈਆਂ ਸਨ, ਪਰ ਸਿਰਫ ਇਹਨਾਂ ਨੀਤੀਆਂ ਦੇ ਆਧਾਰ 'ਤੇ ਹੀ ਇਸ ਸੰਘਰਸ਼ ਅਤੇ ਇਸਦੇ ਸਿਖਰ 'ਤੇ ਲਿ੍ਆਂਵਾਲਾ ਬਾਗ ਵਿਚ ਕੀਤੇ ਕਤਲੇਆਮ ਦੇ ਪ੍ਰਵਚਨ ਦੀ ਅਸਲ ਨੁਹਾਰ ਨਹੀਂ ਪਕੜੀ ਜਾ ਸਕਦੀ।
ਅੰਗਰੇਜਾਂ ਵੱਲੋਂ ਪੰਜਾਬ ਅਤੇ ਇਸ ਵਿਚੋਂ ਵੀ ਉਸ ਵੇਲੇ ਦੇ ਕੇਂਦਰੀ ਪੰਜਾਬ ਨੂੰ ਆਪਣੇ ਅੰਨ ਦੇ ਭੰਡਾਰ ਵਜੋਂ ਵਿਕਸਿਤ ਕਰਨ ਦੇ ਵਿਚ ਹੀ ਇਥੇ ਵਿਆਪਕ ਆਰਥਿਕ ਸੰਕਟ ਦੇ ਕਾਰਨ ਪਏ ਸਨ। ਜੇਕਰ ਇਕ ਪਾਸੇ ਖੇਤੀ ਅਤੇ ਰੇਲ ਆਦਿ ਦੇ ਵਿਕਾਸ ਦਾ ਮੁੱਖ ਕਾਰਨ ਇਥੇ ਪੈਦਾ ਹੋਈਆਂ ਫਸਲਾਂ ਨੂੰ ਆਪਣੇ ਉਦਯੋਗ ਲਈ ਬਾਹਰ ਲੈ ਕੇ ਜਾਣਾ ਸੀ ਉਥੇ ਸਿੱਟੇ ਵਜੋਂ ਕਿਸਾਨੀ ਦੀ ਆਰਥਿਕ ਦਸ਼ਾ ਵਿਚ ਨਿਘਾਰ ਆਉਣਾ ਵੀ ਲਾਜ਼ਮੀ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ ਹੀ ਜ਼ਿਆਦਾ ਮਾਲੀਆ 'ਤਾਰਨ ਅਤੇ ਕੁੱਝ ਹੋਰਨਾਂ ਕਾਰਨਾਂ ਕਰਕੇ ਇਕ ਪਾਸੇ ਤਾਂ ਕਿਸਾਨਾਂ ਸਿਰ ਮਣਾਂ-ਮੂੰਹੀਂ ਕਰਜਾ ਚੜ੍ਹਿਆ ਅਤੇ ਦੂਜੇ ਪਾਸੇ ਕਾਲ ਅਤੇ ਪਲੇਗ ਵਰਗੀਆਂ ਬਿਮਾਰੀਆਂ ਨੇ ਇਥੋਂ ਦੀ ਵਸੋਂ ਦਾ ਘਾਣ ਕੀਤਾ। ਇਸਦੇ ਸਿੱਟੇ ਵਜੋਂ ਇਹ ਕਿਸਾਨ ਫੌਜ ਵਿਚ ਭਰਤੀ ਹੋਏ। ਪਹਿਲੀ ਸੰਸਾਰ ਜੰਗ ਦੇ ਸਮੇਂ ਵੀ ਇਹਨਾਂ ਕਿਸਾਨਾਂ ਵਿਚੋਂ ਹੀ ਵੱਡੀ ਮੁਹਿੰਮ ਚਲਾ ਕੇ ਬੜੀ ਵੱਡੀ ਗਿਣਤੀ 'ਚ ਫੌਜੀ ਰੰਗਰੂਟ ਭਰਤੀ ਕੀਤੇ ਗਏ। ਇਹ ਭਰਤੀ ਪੂਰੇ ਮੁਲਕ ਵਿਚੋਂ ਕੀਤੀ ਕੁੱਲ ਭਰਤੀ ਦੇ ਅੱਧ ਤੋਂ ਵੀ ਜ਼ਿਆਦਾ ਸੀ। ਇਸ ਤਰ੍ਹਾਂ ਇਸ ਜੰਗ ਦਾ ਸਿੱਧਾ ਅਸਰ ਇਹ ਜੰਗ ਨਾ ਲੜੀ ਜਾਣ ਦੇ ਬਾਵਜੂਦ ਇਥੇ ਪਿਆ। ਜੰਗ ਦੇ ਦੌਰਾਨ ਆਮ ਜੀਵਨ ਨਿਰਭਾਅ ਲਈ ਲੋੜੀਂਦੀਆਂ ਚੀਜ਼ਾਂ ਦੇ ਵਧੇ ਭਾਅਵਾਂ ਨੇ ਵੀ ਲੋਕਾਂ ਦੇ ਮਨਾਂ 'ਚ ਅੰਗਰੇਜ਼ੀ ਰਾਜ ਲਈ ਨਰਾਜ਼ਗੀ ਦੀ ਭਾਵਨਾ ਪੈਦਾ ਕੀਤੀ। ਪਰ ਇਹਨਾਂ ਕਾਰਨਾਂ ਵਿਚੋਂ ਸਭ ਤੋਂ ਵੱਧ ਗੁੱਸਾ ਭਰਤੀ ਕਰਨ ਲਈ ਅਪਣਾਏ ਹੱਥਕੰਡਿਆਂ ਨੇ ਪੈਦਾ ਕੀਤਾ।
ਉਪਰ ਦੱਸੇ ਆਰਥਕ ਅਤੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਤੌਰ ਤਰੀਕਿਆਂ ਆਦਿ ਦੇ ਕਾਰਨ 1919 ਦੀਆਂ ਘਟਨਾਵਾਂ ਦੀ ਅੰਸ਼ਕ ਵਿਆਖਿਆ ਤਾਂ ਕਰਦੇ ਹਨ, ਪਰ ਇਹਨਾਂ ਦੇ ਪ੍ਰਵਚਨ ਦੇ ਅਰਥਾਂ ਦੀ ਥਾਹ ਲਾਉਣ ਤੋਂ ਅਸਮਰੱਥ ਹਨ। ਮਾਰਚ, ਅਪ੍ਰੈਲ 1919 ਦੀ ਗਾਥਾ ਦੀ ਜੁਗਤ ਦੇ ਅਹਿਮ ਪੱਖ, ਯਾਨੀ ਕਿ ਲੋਕਾਂ ਦਾ ਆਪਮੁਹਾਰੇ ਧਰਮਾਂ, ਜਾਤਾਂ ਅਤੇ ਬਿਰਾਦਰੀਆਂ ਦੀਆਂ ਵਲਗਣਾਂ ਤੋਂ ਪਾਰ ਆਪਣੇ ਇਕੱਠਾਂ ਵਿਚ ਅੰਗਰੇਜ਼ੀ ਸਾਮਰਾਜ ਦੀ ਖੈਅ ਕਰਨ ਦੀ ਵਿਆਖਿਆ ਸਿਰਫ ਇਹਨਾਂ ਕਾਰਨਾਂ ਵਿਚ ਹੀ ਨਹੀਂ ਲੱਭੀ ਜਾ ਸਕਦੀ। ਇਸ ਦੇ ਲਈ ਇਸ ਤੋਂ ਪਹਿਲਾਂ ਦੇ ਕੁੱਝ ਅਹਿਮ ਇਤਿਹਾਸਕ ਪੜਾਵਾਂ ਜਿਵੇਂ ਕਿ 1857 ਦੀ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ, 1907 ਦੀ 'ਪਗੜੀ ਸੰਭਾਲ ਜੱਟਾ ਲਹਿਰ' ਅਤੇ 1914-15 ਦੀ 'ਗਦਰ ਲਹਿਰ' ਦੇ ਪ੍ਰਵਚਨ ਦੀ ਮੁੱਖ ਧਾਰਾ ਨੂੰ ਸਮਝਣ ਦੀ ਜ਼ਰੂਰਤ ਹੈ। ਇਨ੍ਹਾਂ ਲਹਿਰਾਂ ਦਾ ਖਾੜਕੂ ਸੁਭਾਅ ਇਕ ਪੱਧਰ 'ਤੇ ਉਸ ਵੇਲੇ ਕਿਸਾਨਾਂ ਦੀਆਂ ਆਰਥਕ ਤੰਗੀਆਂ ਤੁਰਸ਼ੀਆਂ ਨਾਲ ਭਾਵੇਂ ਸਬੰਧਤ ਸੀ, ਪਰ ਇਕ ਹੋਰ ਪੱਧਰ 'ਤੇ ਇਹਨਾਂ ਦੇ ਵਿਕਸਿਤ ਹੋਣ ਦਾ ਰਾਹ ਅਤੇ ਸੇਧ ਬੁਨਿਆਦੀ ਤੌਰ 'ਤੇ ਰਾਜਸੀ ਸੀ। ਇਹਨਾਂ ਦਾ ਸਾਮਰਾਜ ਵਿਰੋਧੀ ਖਾਸਾ ਲੋਕਾਂ ਦੀਆਂ ਆਪਣੀਆਂ ਦੁੱਖ ਤਕਲੀਫਾਂ ਅਤੇ ਸ਼ਕਾਇਤਾਂ ਪ੍ਰਤੀ ਉਨ੍ਹਾਂ ਦਾ ਪ੍ਰਤੀਕਰਮ ਵੀ ਸੀ ਅਤੇ ਭਵਿੱਖ ਵਿਚ ਉਹਨਾਂ ਦਾ ਕੁੱਝ ਨਵਾਂ ਪ੍ਰਾਪਤ ਕਰਨ ਅਤੇ ਇਸ ਲਈ ਤਬਦੀਲੀ ਲਿਆਉਣ ਲਈ ਇਕ ਖਾੜਕੂ ਹੰਭਲਾ ਵੀ ਸੀ। ਇਹਨਾਂ ਲਹਿਰਾਂ ਦਾ ਇਕ ਹੋਰ ਪਹਿਲੂ, ਜਿਸ ਨੂੰ ਕਿ ਇਹਨਾਂ ਦੀ ਪਛਾਣ ਵੀ ਕਹੀ ਜਾ ਸਕਦੀ ਹੈ, ਇਹਨਾਂ ਵਿਚ ਆਪਣੇ ਆਪ ਹੀ ਬਿਨਾਂ ਕਿਸੇ ਬਾਹਰੀ ਕੋਸ਼ਿਸ਼ ਦੇ ਲੋਕਾਂ ਦੀ ਆਪਣੇ ਧਰਮਾਂ, ਜਾਤਾਂ, ਅਤੇ ਬਿਰਾਦਰੀਆਂ ਦੀਆਂ ਹੱਦਬੰਦੀਆਂ ਤੋਂ ਪਾਰ ਜਾ ਕੇ ਸ਼ਮੂਲੀਅਤ ਸੀ।
1857 ਦੇ ਗਦਰ ਵੇਲੇ ਦੇ ਅਨੁਸਾਰ ਹੀ 1907 ਦੀ 'ਪਗੜੀ ਸੰਭਾਲ ਜੱਟਾ' ਲਹਿਰ ਅਤੇ 1914-15 ਦੀ 'ਗਦਰ ਲਹਿਰ' ਦੇ ਸਮੇਂ ਵੀ ਇਹਨਾਂ ਵਿਚ ਸ਼ਾਮਲ ਹੋਣ ਵਾਲੇ ਹਿੱਸਿਆਂ ਵਿਚ ਮੁੱਖ ਤੌਰ 'ਤੇ ਕਿਸਾਨ-ਸਿਪਾਹੀ ਹੀ ਸਨ। ਇਹਨਾਂ ਤਿੰਨਾਂ ਸਮਿਆਂ ਵਿਚ ਹੀ ਲਹਿਰਾਂ ਦਾ ਮੁੱਖ ਮਕਸਦ ਅੰਗਰੇਜ਼ੀ ਰਾਜ ਦਾ ਖਾਤਮਾ ਸੀ। ਇਹ ਮਕਸਦ ਭਾਵੇਂ 1907 ਵਿਚ ਕਾਫੀ ਹੱਦ ਤੱਕ ਲੁਕਵਾਂ ਸੀ, ਪਰ ਇਸਦੇ ਹੋਣ ਦਾ ਪਤਾ ਇਕ ਪਾਸੇ ਤਾਂ 1909 ਵਿਚ ਤਿਲਕ ਪ੍ਰੈਸ ਹੁਸ਼ਿਆਰਪੁਰ ਦੀ ਤਲਾਸ਼ੀ ਸਮੇਂ ਲੱਭੇ ਗਏ ਪਰਚਿਆਂ ਤੋਂ ਲੱਗਿਆ ਜਿਨ੍ਹਾਂ ਵਿਚ ਕਿ ਹਕੂਮਤ ਦੇ ਖਿਲਾਫ ਹਥਿਆਰਬੰਦ ਬਗਾਵਤ ਜਥੇਬੰਦ ਕਰਨ ਦਾ ਖੁਲਾਸਾ ਕੀਤਾ ਗਿਆ ਸੀ। ਦੂਜੇ ਪਾਸੇ, ਇਸ ਸਮੇਂ ਦੌਰਾਨ ਲਿਖੇ ਗਏ ਅਤੇ ਵੰਡੇ ਗਏ ਸਾਹਿਤ ਵਿਚ ਵੀ ਅਜਿਹੇ ਵਿਚਾਰਾਂ ਦੀ ਹੀ ਭਰਮਾਰ ਸੀ। ਇਸ ਸਾਹਿਤ ਵਿਚ ਨੰਦ ਲਾਲ ਦੇ 'ਕੌਮੀ ਇਸਲਾਹ' ਸਵਰਨ ਸਿੰਘ ਦੇ 'ਗਦਰ' ਅਤੇ 'ਅਮਾਨਤ ਵਿਚ ਖਿਆਨਤ', ਅੰਬਾ ਪ੍ਰਸ਼ਾਦ ਦੇ 'ਬਾਗੀ ਮਸੀਹ' ਅਤੇ ਸਭ ਤੋਂ ਮਸ਼ਹੂਰ ਅਜੀਤ ਸਿੰਘ ਦੇ 'ਹਿੰਦੁਸਤਾਨ ਮੇਂ ਅੰਗਰੇਜ਼ੀ ਹਕੂਮਤ, ਉਂਗਲੀ ਪਕੜਤੇ ਪਹੁੰਚਾ ਪਕੜਾ' ਆਦਿ ਪੈਂਫਲਿਟਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੁੱਝ ਹੋਰ ਪੈਂਫਲਿਟਾਂ ਵਿਚ ਕੌਮੀ ਲਹਿਰ ਦੀਆਂ ਤਿਲਕ, ਟੀਪੂ ਸੁਲਤਾਨ ਵਰਗੀਆਂ ਸਖਸ਼ੀਅਤਾਂ ਅਤੇ ਉਸ ਵੇਲੇ ਦੀਆਂ ਮਹੱਤਵਪੂਰਨ ਅੰਤਰ-ਰਾਸ਼ਟਰੀ ਘਟਨਾਵਾਂ ਜਿਵੇਂ ਕਿ ਰੂਸ ਵਿਚ ਜ਼ਾਰਸ਼ਾਹੀ ਦਾ ਪਤਨ ਆਦਿ ਬਾਰੇ ਚਰਚਾ ਕੀਤੀ ਗਈ ਸੀ। ਇਹਨਾਂ ਪੈਂਫਲਿਟਾਂ ਦਾ ਰਾਜਸੀ ਮਨੋਰਥ ਅੰਗਰੇਜ਼ਾਂ ਦੀ ਉਤਮਤਾ ਨੂੰ ਚਿਤਾਵਨੀ ਵੀ ਦੇਣਾ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਦੁਆਰਾ ਆਪਣੇ ਬਾਰੇ ਪੈਦਾ ਕੀਤੇ ਗਏ ਭਰਮ ਕਿ ਦੁਨੀਆਂ ਦੀ ਕੋਈ ਸ਼ਕਤੀ ਉਨ੍ਹਾਂ ਨੂੰ ਹਰਾ ਨਹੀਂ ਸਕਦੀ ਸੀ, ਨੂੰ ਵੀ ਲੋਕਾਂ ਦੀਆਂ ਨਜ਼ਰਾਂ 'ਚ ਖਤਮ ਕਰਨਾ ਸੀ। ਇਹ ਪੈਂਫਲਿਟ ਅੰਗਰੇਜ਼ ਹਕੂਮਤ ਦੀ ਲੁੱਟ-ਖਸੁੱਟ ਵਾਲੀ ਨੀਤੀ ਦਾ ਪਰਦਾਫਾਸ਼ ਕਰਦੇ ਹੋਏ ਲੋਕਾਂ ਨੂੰ ਭਵਿੱਖ ਵਿਚ ਆਪਣਾ ਰਾਜ ਸਥਾਪਤ ਕਰਨ ਦਾ ਸੁਨੇਹਾ ਦਿੰਦੇ ਸਨ। 1907 ਵਿਚ 1857 ਦੇ ਗਦਰ ਦੀ ਪੰਜਾਹਵੀਂ ਵਰ੍ਹੇ ਗੰਢ ਹੋਣ ਕਰਕੇ ਅੰਗਰੇਜ਼ ਹਾਕਮਾਂ ਦੇ ਮਨਾਂ ਵਿਚ ਇਸ ਲਹਿਰ ਵੇਲੇ 1857 ਦੇ ਹਾਲਾਤ ਦੁਬਾਰਾ ਬਣਨ ਦਾ ਖਦਸ਼ਾ ਬਣਿਆ ਹੋਇਆ ਸੀ। ਉਹ ਇਹਨਾਂ ਦੋਹਾਂ ਵਿਚ ਵਿਚਾਰਧਾਰਕ ਅਤੇ ਵਿਹਾਰਕ ਸਾਂਝ ਵੇਖ ਰਹੇ ਸੀ।
1914-15 ਦੀ ਗਦਰ ਲਹਿਰ ਤਾਂ ਸ਼ੁਰੂ ਹੀ ਗਦਰੀ ਬਾਬਿਆਂ ਦੇ ਆਪਣੇ ਆਪ ਨੂੰ ਅੰਗਰੇਜ਼ ਹਕੂਮਤ ਦੇ ਨੰਬਰ ਇੱਕ ਦੁਸ਼ਮਣ ਐਲਾਨਣ ਦੇ ਚੇਤੰਨ ਫੈਸਲੇ ਤੋਂ ਹੋਈ ਸੀ। ਇਸ ਲਹਿਰ ਦੀ ਉਤਪਤੀ ਦੇ ਪਿਛੋਕੜ ਵਿਚ ਵੀ ਉਹਨਾਂ ਕਿਸਾਨਾਂ ਦੀ ਦੁਰਦਸ਼ਾ ਪਈ ਸੀ ਜੋ ਕਿਸੇ ਵੇਲੇ ਆਪਣੀ ਆਰਥਕ ਹਾਲਤ ਸੁਧਾਰਨ ਲਈ ਫੌਜ ਵਿਚ ਭਰਤੀ ਹੋਏ ਸਨ, ਅਤੇ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਨੀਤੀਆਂ ਕਰਕੇ ਆਪਣੇ ਪਿੰਡੇ 'ਤੇ ਕਾਲ ਅਤੇ ਪਲੇਗ ਆਦਿ ਦੀਆਂ ਮੁਸੀਬਤਾਂ ਨੂੰ ਹੰਢਾਇਆ ਸੀ। ਆਪਣੇ ਪਰਚੇ 'ਗਦਰ' ਵਿਚ ਐਲਾਨੇ ਗਏ ਪ੍ਰੋਗਰਾਮ ਦੇ ਅਨੁਸਾਰ ਇਸਦਾ ਟੀਚਾ ਹੀ ਭਾਰਤੀ ਫੌਜ ਵਿਚ ਬਗਾਵਤ ਫੈਲਾ ਕੇ ਅੰਗਰੇਜ਼ ਹਕੂਮਤ ਦਾ ਤਖਤਾ ਪਲਟਣਾ ਸੀ ਅਤੇ ਇਥੇ ਲੋਕਾਂ ਦਾ ਇਕ ਜਮਹੂਰੀ ਰਾਜ ਸਥਾਪਤ ਕਰਨਾ ਸੀ। ਉਨੀਵੀਂ ਸਦੀ ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਵਿਕਾਸ ਕਰਕੇ ਇਸ ਲਹਿਰ ਦੀ ਰਾਜਨੀਤਕ ਸੋਝੀ ਵਿਚ ਸਮਾਜਵਾਦੀ ਵਿਚਾਰ ਵੀ ਸ਼ਾਮਲ ਹੋ ਗਏ ਸਨ। ਫੌਜ ਵਿਚ ਬਗਾਵਤ ਦੇ ਪਿੱਛੇ ਵਿਚਾਰਧਾਰਕ ਸੋਚ ਕੇਵਲ ਹਥਿਆਰਬੰਦ ਲੜਾਈ ਦੀ ਹੀ ਨਹੀਂ ਸੀ ਸਗੋਂ ਫੌਜੀਆਂ ਦਾ ਮੁੱਖ ਤੌਰ 'ਤੇ ਕਿਸਾਨੀ ਪਿਛੋਕੜ ਕਰਕੇ ਉਹਨਾਂ ਦੀ ਲੋਕਾਂ ਨਾਲ ਬੁਨਿਆਦੀ ਸਾਂਝ ਦੀ ਸਮਝ ਵੀ ਸੀ।
ਇਨ੍ਹਾਂ ਲਹਿਰਾਂ ਦੇ ਸਾਮਰਾਜ ਵਿਰੋਧੀ ਝੁਕਾਅ ਦਾ ਇਕ ਅਹਿਮ ਪੱਖ ਇਨ੍ਹਾਂ ਦੌਰਾਨ ਰਾਜਸੀ ਪਿੜਾਂ ਵਿਚ ਪ੍ਰਤੱਖ ਹੋਇਆ ਲੋਕਾਂ ਦਾ ਉਹ ਏਕਾ ਸੀ ਜੋ ਕਿਸੇ ਵੀ ਧਾਰਮਕ ਅਤੇ ਜਾਤਾਂ ਆਦਿ ਦੇ ਬੰਧੇਜ ਤੋਂ ਮੁਕਤ ਸੀ। ਇਹ ਮੁਕਤੀ ਕਿਸੇ ਬਾਹਰਮੁਖੀ ਦਖਲ ਕਰਕੇ ਪਹਿਲਾਂ ਤੋਂ ਹੀ ਆਪਣੀਆਂ ਪੱਕੀਆਂ ਵਲਗਣਾਂ ਵਿਚ ਬੱਝੇ ਹੋਏ ਧਰਮਾਂ ਅਤੇ ਜਾਤਾਂ ਨੂੰ ਨਹੀਂ ਮਿਲੀ ਸੀ, ਸਗੋਂ ਇਹ ਤਾਂ ਇਹਨਾਂ ਜਾਤਾਂ, ਬਰਾਦਰੀਆਂ ਆਦਿ ਦੇ ਅੰਦਰ ਵਸਦੀ ਤਰਲਤਾ ਅਤੇ ਉਹਨਾਂ ਦੇ ਵਿਚਕਾਰ ਕਿਸੇ ਵੀ ਠੋਸ, ਅਬਦਲਵੀਂ ਹੱਦਬੰਦੀ ਕਰਕੇ ਹੀ ਆਪਸੀ ਵਿਰੋਧਤਾਈ ਦੇ ਸਦੀਵੀਪਣ ਦੀ ਅਣਹੋਂਦ ਵਿਚੋਂ ਹੋਈ ਸੀ। ਮਹਾਨ ਚਿੰਤਕ ਡੀ.ਡੀ. ਕੋਸਾਂਭੀ ਨੇ ਇਕ ਵਾਰੀ ਆਪਣੇ ਇਕ ਲੇਖ (ਕਾਸਟ ਐਂਡ ਕਲਾਸ ਇਨ ਇੰਡੀਆ) ਵਿਚ ਕਿਹਾ ਸੀ ਕਿ ਜਾਤਾਂ ਤੇ ਉਹਨਾਂ ਨਾਲ ਸਬੰਧਤ ਸਮਝੀਆਂ ਜਾਂਦੀਆਂ ਆਦਤਾਂ ਅਤੇ ਹੋਰ ਰੀਤੀ-ਰਿਵਾਜ਼ ਧੁਰੋਂ ਹੀ ਬੱਝੇ ਬਝਾਏ ਨਹੀਂ ਆਏ, ਸਗੋਂ ਸਮੇਂ ਦੇ ਬਦਲਣ ਨਾਲ ਇਹਨਾਂ ਵਿਚ ਵੀ ਆਪਸੀ ਰਲੇਵੇਂ ਅਤੇ ਹੋਰ ਤਬਦੀਲੀਆਂ ਵਾਪਰਦੀਆਂ ਰਹੀਆਂ ਹਨ। ਪਹਿਲਾਂ ਵਾਪਰਦੇ ਰਲੇਵੇਂ ਅਤੇ ਤਬਦੀਲੀਆਂ ਉਸ ਵੇਲੇ ਦੀ ਰਾਜਨੀਤਕ ਅਤੇ ਸਮਾਜਕ ਸਥਿਤੀ ਕਰਕੇ ਸਨ ਅਤੇ ਸਾਮਰਾਜਵਾਦ ਦੇ ਆਉਣ ਤੋਂ ਬਾਅਦ ਧਰਮਾਂ, ਜਾਤਾਂ ਆਦਿ ਦੀਆਂ ਠੋਸ ਅਤੇ ਪੱਕੀਆਂ ਵਲਗਣਾਂ ਦਾ ਪੈਣਾ ਵੀ ਇਸ ਵੇਲੇ ਦੀਆਂ ਰਾਜਨੀਤਕ ਸਥਿਤੀਆਂ ਕਰਕੇ ਸੀ। ਭਾਵੇਂ ਕਿ ਇਸ ਵੇਲੇ ਇਹ ਹੱਦਬੰਦੀਆਂ ਆਪਣੇ ਆਪ ਵਿਚ ਹੀ ਸਮਾਜਕ ਅਤੇ ਰਾਜਨੀਤਕ ਜੀਵਨ ਵਿਚ ਫਿਰਕਾਪ੍ਰਸਤੀ ਆਦਿ ਦੇ ਰੂਪ ਵਿਚ ਨਜ਼ਰ ਆਉਣ ਲੱਗ ਪਈਆਂ ਸਨ, ਪਰ ਲੋਕਾਈ ਦੇ ਪੱਧਰ 'ਤੇ ਇਹ ਵਲਗਣਾਂ ਇਸ ਤਰ੍ਹਾਂ ਦੇ ਠੋਸ ਰੂਪ ਵਿਚ ਕਦੇ ਵੀ ਨਹੀਂ ਰਹੀਆਂ। ਵੱਖ ਵੱਖ ਧਰਮਾਂ ਦੀਆਂ ਆਪਣੀਆਂ ਹੱਦਾਂ ਦੇ ਅਨੁਸਾਰ ਪ੍ਰੀਭਾਸ਼ਾ ਧਰਮਾਂ ਦੇ ਉਸ ਰੂਪ ਵਿਚ ਤਾਂ ਆਈ ਸੀ ਜਿਸ ਨੇ ਕਿ ਸਥਾਪਤੀ ਦੀ ਸ਼ਕਤੀ ਦੀ ਜੁਗਤ ਵਿਚ ਆਪਣਾ ਸਥਾਨ ਨਿਸ਼ਚਿਤ ਕਰਨਾ ਸੀ। ਪਰ ਸਧਾਰਨ ਲੋਕਾਈ ਵਿਚ ਅਜਿਹੀਆਂ ਠੋਸ ਵੰਡਾਂ ਕਦੇ ਵੀ ਨਹੀਂ ਪੈ ਸਕੀਆਂ। ਇਸੇ ਕਰਕੇ ਹੀ ਕਿਸੇ ਰਾਜਨੀਤਕ ਉਭਾਰ ਖਾਸ ਕਰਕੇ ਸਾਮਰਾਜ ਵਿਰੋਧੀ ਉਭਾਰ ਵੇਲੇ ਲੋਕਾਂ ਦਾ ਇਹਨਾਂ ਵਲਗਣਾਂ ਤੋਂ ਪਰ੍ਹਾਂ ਦਾ ਏਕਾ ਹੀ ਆਪਮੁਹਾਰੇ ਪ੍ਰਗਟ ਹੋਇਆ। ਅਧੁਨਿਕ ਯੁੱਗ ਵਿਚ ਇਹ ਏਕਾ ਆਪਣੇ ਮੂਲ ਰੂਪ 'ਚ ਸਾਮਰਾਜ ਵਿਰੋਧੀ ਸੀ। ਇਹ ਇਸ ਲਈ ਸੀ ਕਿਉਂਕਿ ਧਰਮਾਂ, ਜਾਤਾਂ ਆਦਿ ਦੀਆਂ ਠੋਸ ਹੱਦਬੰਦੀਆਂ ਇਤਿਹਾਸਕ ਤੌਰ 'ਤੇ ਸਾਮਰਾਜਵਾਦੀ ਰਾਜ ਦੀ ਸਥਾਪਤੀ ਤੋਂ ਬਾਅਦ ਦੀ ਪ੍ਰਕਿਰਿਆ ਹੈ। ਇਹ ਸਾਮਰਾਜਵਾਦ ਦੇ ਰਾਜਸੀ ਪ੍ਰੋਜੈਕਟ ਦਾ ਇਕ ਅਹਿਮ ਪੱਖ ਸੀ। ਇਸ ਲਈ ਸਾਮਰਾਜੀ ਹਾਕਮ ਹਮੇਸ਼ਾ ਹੀ ਲੋਕਾਂ ਦੇ ਇਸ ਏਕੇ ਤੋਂ ਤ੍ਰਹਿੰਦੇ ਰਹੇ ਅਤੇ ਇਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਅੱਜ ਕੱਲ੍ਹ ਵੀ ਫਿਰਕੂ ਦੰਗਿਆਂ ਬਾਰੇ ਛਪੇ ਅਨੇਕਾਂ ਅਧਿਅਨਾਂ ਵਿਚ ਇਹ ਗੱਲ ਨਿੱਤਰ ਕੇ ਸਾਹਮਣੇ ਆਈ ਹੈ ਕਿ ਕਿਨ੍ਹਾਂ ਫਿਰਕਿਆਂ ਵਿਚ ਕਦੋਂ ਅਤੇ ਕਿਸ ਹੱਦ ਤੱਕ ਦਾ ਫਸਾਦ ਕਰਾਉਣਾ ਹੈ,  ਇਸ ਨੂੰ ਤਹਿ ਬਹੁਤ ਵਾਰੀ ਹਾਕਮ ਧੜੇ ਹੀ ਕਰਦੇ ਹਨ। ਲੋਕਾਂ ਅੰਦਰ ਕਿਸੇ ਫਿਰਕੂ ਤਣਾਅ ਤੋਂ ਬਾਅਦ ਉਹਨਾਂ ਦੇ ਆਪਸੀ ਏਕੇ ਦੇ ਸਬੂਤ ਆਪਮੁਹਾਰੇ ਹੀ ਮਿਲ ਜਾਂਦੇ ਹਨ। ਇਸ ਸੰਦਰਭ ਵਿਚ ਦੇਖਿਆਂ ਗਦਰ ਲਹਿਰ ਆਦਿ ਦੇ ਪ੍ਰਵਚਨ ਵਿਚ ਕਿਸੇ ਫਿਰਕੂ ਜਾਂ ਧਰਮ ਅਤੇ ਜਾਤ ਦੇ ਅਧਾਰ 'ਤੇ ਨਿਰਧਾਰਤ ਦੇਸ਼ ਭਗਤੀ ਦੇ ਵਿਚਾਰ ਦੀ ਗੈਰਹਾਜ਼ਰੀ ਲੋਕਾਂ ਦੇ ਉਪਰ ਚਰਚਾ ਅਧੀਨ ਆਏ ਏਕੇ ਦੀ ਹੀ ਗਵਾਹੀ ਹੈ। ਆਪਣੇ ਆਪ ਵਿਚ ਇਹ ਇਹਨਾਂ ਲਹਿਰਾਂ ਦੇ ਸਾਮਰਾਜ ਵਿਰੋਧੀ ਹੋਣ ਦੀ ਸ਼ਾਹਦੀ ਵੀ ਹੈ।
ਜਾਹਰਾ ਪੱਧਰ ਤੇ ਵੀ, ਖਾਸ ਤੌਰ 'ਤੇ 1914-15 ਦੀ ਗਦਰ ਲਹਿਰ ਅਤੇ 1919 ਦੀਆਂ ਘਟਨਾਵਾਂ ਵਿਚ ਸਿੱਧਾ ਸਬੰਧ ਨਜ਼ਰ ਆਉਂਦਾ ਹੈ। ਇਸ ਸਬੰਧ ਨੂੰ ਦੋ ਪੱਧਰਾਂ 'ਤੇ ਦੇਖਿਆ ਜਾ ਸਕਦਾ ਹੈ। ਇੱਕ ਤਾਂ ਰੋਲਟ ਐਕਟ ਨੂੰ ਪਾਸ ਕਰਨ ਵੇਲੇ ਅੰਗਰੇਜ਼ ਹਕੂਮਤ ਦੀ ਨਿਗਾਹ ਵਿਚ ਉਹ ਕਿਹੜੀਆਂ 'ਅਰਾਜਕਤਾਵਾਦੀ ਅਤੇ ਕ੍ਰਾਂਤੀਕਾਰੀ' ਗਤੀਵਿਧੀਆਂ ਜਾਂ ਅਮਲ ਸਨ ਜਿਨ੍ਹਾਂ ਦੀ ਰੋਕਥਾਮ ਲਈ ਅਜਿਹਾ ਕਾਨੂੰਨ ਬਣਾਉਣ ਦੀ ਜ਼ਰੂਰਤ ਸਰਕਾਰ ਨੇ ਮਹਿਸੂਸ ਕੀਤੀ। ਇਸ ਸਮੇਂ ਦੇ ਸਭ ਤੋਂ ਨਿਕਟਵਰਤੀ ਭੂਤਕਾਲ ਵਿਚ ਲੋਕਾਂ ਦੀ ਖਾੜਕੂ ਅਤੇ ਇਨਕਲਾਬੀ ਲਹਿਰ ਨੂੰ ਗਦਰ ਪਾਰਟੀ ਨੇ ਜਥੇਬੰਦ ਕੀਤਾ ਸੀ। ਪਰ ਇਹ ਲਹਿਰ ਅੰਗਰੇਜ਼ ਹਕੂਮਤ ਲਈ ਅਰਾਜਕਤਾਵਾਦੀ ਸੀ, ਕਿਉਂਕਿ ਇਸ ਤੋਂ ਇਸ ਹਕੂਮਤ ਨੂੰ ਬੁਨਿਆਦੀ ਤੌਰ 'ਤੇ ਖਤਰਾ ਸੀ। ਇਸ ਲਹਿਰ ਦੇ ਵੇਲੇ ਵੀ ਹਕੂਮਤ ਨੇ ਇਨ੍ਹਾਂ ਦੇਸ਼ ਭਗਤਾਂ 'ਤੇ ਅੰਨ੍ਹਾਂ ਤਸ਼ੱਦਦ ਕੀਤਾ ਸੀ। ਪਹਿਲਾਂ 'ਲਾਹੌਰ ਸਾਜ਼ਿਸ਼ ਕੇਸ' ਚਲਾ ਕੇ ਵੱਡੀ ਗਿਣਤੀ 'ਚ ਗਦਰੀ ਬਾਬਿਆਂ ਨੂੰ ਫਾਂਸੀ ਚਾੜ੍ਹਿਆ ਸੀ ਅਤੇ ਕਾਲੇ ਪਾਣੀ ਭੇਜਿਆ ਸੀ। ਕਿ ਲੋਕ ਰੋਲਟ ਐਕਟ ਵਰਗੇ ਦਮਨਕਾਰੀ ਕਾਨੂੰਨ ਦੇ ਖਿਲਾਫ ਸੰਘਰਸ਼ ਵਿਚ ਆਪਮੁਹਾਰੇ ਕੁੱਦੇ ਇਸੇ ਗੱਲ ਦਾ ਇਜ਼ਹਾਰ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਇਸ ਐਕਟ ਦੇ ਪ੍ਰਤੀ ਗੁੱਸਾ ਵੀ ਸੀ ਅਤੇ ਦੂਜੇ ਪਾਸੇ ਜਿਨ੍ਹਾਂ ਸ਼ਕਤੀਆਂ ਦੇ ਖਿਲਾਫ ਇਹ ਕਾਨੂੰਨ ਘੜਿਆ ਗਿਆ ਸੀ, ਉਨ੍ਹਾਂ ਪ੍ਰਤੀ ਲਗਾਅ ਤੋਂ ਮੁਨਕਰ ਹੋਣਾ ਮੁਸ਼ਕਿਲ ਹੈ। ਇਸ ਸੰਘਰਸ਼ ਵਿਚ, ਖਾਸ ਕਰਕੇ ਅੰਮ੍ਰਿਤਸਰ ਵਿਖੇ, ਹਰ ਤਰ੍ਹਾਂ ਦੇ ਲੋਕਾਂ ਦੇ  ਹਿੱਸਿਆਂ ਨੇ ਹਿੱਸਾ ਲਿਆ। ਇਹ ਸ਼ਹਿਰਾਂ ਵਿਚੋਂ ਵੀ ਸਨ ਅਤੇ ਪਿੰਡਾਂ ਵਿਚੋਂ ਵੀ। ਇਹ ਰਾਮ ਨੌਮੀ ਦੇ ਜਲੂਸ ਵਿਚ ਵੀ ਸ਼ਾਮਲ ਹੋਏ ਅਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵੀ। ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦੀ ਸ਼ਮੂਲੀਅਤ ਰੋਕਣ ਲਈ ਹੀ ਆਸ ਪਾਸ ਦੇ ਰੇਲਵੇ ਸਟੇਸ਼ਨਾਂ ਤੋਂ ਥਰਡ ਕਲਾਸ ਦੀਆਂ ਟਿਕਟਾਂ ਦੀ ਵਿੱਕਰੀ ਰੋਕ ਦਿੱਤੀ ਗਈ ਸੀ।
ਦੂਸਰੇ ਪਾਸੇ, 1919 ਦੇ ਇਹਨਾਂ ਦਿਨਾਂ ਵਿਚ ਲੋਕਾਂ ਨੇ ਆਪਣੀ ਪਹਿਲਕਦਮੀ 'ਤੇ, ਭਾਵੇਂ ਬਹੁਤ ਸੀਮਤ ਸਮੇਂ ਲਈ ਹੀ ਸੀ, ਆਪਣਾ 'ਰਾਜ' ਸਥਾਪਤ ਕੀਤਾ। ਇਹ ਬਿਆਨ ਇਕ ਅਜਿਹੇ ਰਾਜ ਵੱਲ ਇਸ਼ਾਰਾ ਕਰਦਾ ਹੈ ਜੋ ਕਿ ਅਸਲੀਅਤ ਵਿਚ ਨਾ ਹੋ ਕੇ ਵੀ ਲੋਕਾਂ ਨੂੰ ਆਪਣੇ ਮਾਲਕ ਆਪ ਹੋਣ ਦਾ ਅਹਿਸਾਸ ਕਰਵਾਉਂਦਾ ਸੀ। ਅਜਿਹਾ 10 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਹੋਇਆ ਜਦੋਂ ਕਿ ਆਮ ਲੋਕਾਂ ਦੀ ਜ਼ੁਬਾਨ 'ਤੇ 'ਹਿੰਦੂ ਮੁਸਲਮਾਨ ਦੀ ਹਕੂਮਤ' ਦੀ ਗੱਲ ਸੀ ਅਤੇ ਲਾਹੌਰ ਵਿਚ ਡੰਡਾ ਫੌਜ ਅਤੇ ਬਾਦਸ਼ਾਹੀ ਮਸਜਿਦ 'ਤੇ ਆਮ ਲੋਕਾਂ ਦੀ ਹਾਜ਼ਰੀ ਵਿਚ ਬਣੀ ਕਮੇਟੀ ਨੂੰ ਲਾਹੌਰ ਦਾ ਪ੍ਰਬੰਧ ਸੌਂਪਣ ਦੇ ਰੂਪ ਵਿਚ ਵਾਪਰਿਆ। ਇਹ ਸਭ ਕੁੱਝ ਸੰਕੇਤਕ ਮਾਤਰ ਸੀ। ਪਰ ਲਹਿਰ ਦੀ ਵਿਚਾਰਧਾਰਕ ਸੇਧ ਦੇ ਸੰਦਰਭ ਵਿਚ ਬਹੁਤ ਮਹੱਤਵਪੂਰਨ ਸੀ। ਆਪਣੇ ਸੁਭਾਅ ਦੇ ਪੱਖੋਂ ਇਹ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਲਹਿਰ ਦਾ ਇਕ ਨਵਾਂ ਵਿਚਾਰਧਾਰਕ ਪ੍ਰਵਚਨ ਉਸਾਰਨ ਦੀ ਕੋਸ਼ਿਸ਼ ਸੀ।
(ਲੰਮੀ ਲਿਖ਼ਤ 'ਚੋਂ ਕੁੱਝ ਹਿੱਸੇ
ਸਿਰਲੇਖ ਸਾਡਾ)

No comments:

Post a Comment