Saturday, January 26, 2019

ਕਸ਼ਮੀਰੀ ਲੋਕ ਟਾਕਰਾ ਨਵੀਆਂ ਸਿਖਰਾਂ ਵੱਲ



ਕਸ਼ਮੀਰੀ ਲੋਕ ਟਾਕਰਾ ਨਵੀਆਂ ਸਿਖਰਾਂ ਵੱਲ

ਕਸ਼ਮੀਰੀ ਲੋਕ ਟਾਕਰਾ ਨਵੀਆਂ ਸਿਖਰਾਂ ਵੱਲ
ਭਾਰਤੀ ਰਾਜ ਦੇ ਦਾਬੇ ਤੇ ਜਬਰ ਖਿਲਾਫ ਕਸ਼ਮੀਰੀ ਕੌਮੀ ਮੁਕਤੀ ਜਦੋਜਹਿਦ ਜਾਰੀ ਹੈ ਤੇ ਆਏ ਦਿਨ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਕਸ਼ਮੀਰੀ ਲੋਕਾਂ ਵੱਲੋਂ ਆਪਣੇ ਲਹੂ ਨਾਲ ਸਿਦਕੀ ਟਾਕਰੇ ਦੀ ਸ਼ਾਨਾਮੱਤੀ ਗਾਥਾ ਰਚੀ ਜਾ ਰਹੀ ਹੈ। ਲੰਘਿਆ ਵਰਾ ਕਸ਼ਮੀਰੀ ਜਦੋਜਹਿਦ 'ਚ ਤਿੱਖੇ ਘਟਨਾਕ੍ਰਮ ਤੇ ਲੋਕ ਉਭਾਰ ਦਾ ਵਰਾ ਰਿਹਾ ਹੈ। ਸਭ ਤੋਂ ਉੱਭਰਵਾਂ ਵਰਤਾਰਾ ਕਸ਼ਮੀਰੀ ਨੌਜਵਾਨਾਂ ਦਾ ਹਥਿਆਰਬੰਦ ਖਾੜਕੂ ਗਰੁੱਪਾਂ 'ਚ ਸ਼ਾਮਲ ਹੋਣਾ ਬਣਿਆ ਹੋਇਆ ਹੈ ਤੇ ਇਹ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਸਾਰੇ ਸਾਲ ਦੌਰਾਨ 200 ਦੇ ਲਗਭਗ ਨੌਜਵਾਨ ਹਥਿਆਰਬੰਦ ਖਾੜਕੂ ਗਰੁੱਪਾਂ 'ਚ ਸ਼ਾਮਲ ਹੋਏ ਹਨ ਜਦਕਿ 2017 ਦੇ ਸਾਲ ਦੀ ਗਿਣਤੀ 126 ਸੀ। ਇਹ ਗਿਣਤੀ ਹੁਣ ਕੁੱਲ 300 ਤੱਕ ਜਾ ਪਹੁੰਚੀ ਹੈ। ਭਾਰਤੀ ਖੁਫੀਆ ਏਜੰਸੀਆਂ ਦੇ ਅੰਦਾਜ਼ਿਆਂ ਅਨੁਸਾਰ ਏਸ ਵੇਲੇ ਕਸ਼ਮੀਰ '300 ਦੇ ਆਸ ਪਾਸ ਹਥਿਆਰਬੰਦ ਖਾੜਕੂ ਨੌਜਵਾਨ ਹਨ ਜੋ ਭਾਰਤੀ ਫੌਜ ਨਾਲ ਟੱਕਰ ਲੈ ਰਹੇ ਹਨ ਤੇ ਕਸ਼ਮੀਰੀ ਹਨ। ਮੋਦੀ ਵੱਲੋਂ ਗੱਦੀ ਸੰਭਾਲਣ ਵੇਲੇ ਇਹ ਕੁੱਲ ਗਿਣਤੀ 78 ਦੱਸੀ ਗਈ ਸੀ। ਮੋਦੀ ਹਕੂਮਤ ਵੱਲੋਂ ਭਾਰਤ ਰਾਜ ਦੀ ਧੱਕੜ ਤੇ ਜਾਬਰ ਨੀਤੀ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕਰਨ ਦਾ ਸਿੱਟਾ ਹੀ ਹੈ ਕਿ ਕਸ਼ਮੀਰੀ ਨੌਜਵਾਨ ਵੱਡੀ ਗਿਣਤੀ 'ਚ ਭਾਰਤੀ ਫੌਜ ਦੇ ਟਾਕਰੇ ਲਈ ਹਥਿਆਰਬੰਦ ਟਾਕਰੇ ਦਾ ਰਾਹ ਫੜ ਰਹੇ ਹਨ। ਏਸੇ ਜਾਬਰ ਵਿਹਾਰ ਕਾਰਨ ਹੀ ਸਾਰੇ ਅਰਸੇ 'ਚ ਲੋਕਾਂ ਦੇ ਰੋਹ ਪ੍ਰਗਟਾਵਿਆਂ ਦੀ ਲੜੀ ਟੁੱਟੀ ਨਹੀਂ ਹੈ।
ਕਸ਼ਮੀਰੀ ਨਾਬਰੀ ਤੇ ਟਾਕਰੇ ਦੇ ਹੋਰ ਅੱਗੇ ਵਧਣ ਦੇ ਕਈ ਝਲਕਾਰੇ ਹਨ। ਇੱਕ ਪਾਸੇ ਏਡੀ ਵੱਡੀ ਗਿਣਤੀ ਨੌਜਵਾਨਾਂ ਦਾ ਹਥਿਆਰਬੰਦ ਟਾਕਰੇ ਦੇ ਰਾਹ ਪੈਣਾ ਹੈ ਪਰ ਉਸਤੋਂ ਅਹਿਮ ਇਹਨਾਂ ਨੌਜਵਾਨਾਂ ਦੇ ਟਾਕਰੇ ਨੂੰ ਸਥਾਨਕ ਲੋਕਾਂ ਦੀ ਡਟਵੀਂ ਹਮਾਇਤ ਦਾ ਹੋਣਾ ਹੈ। ਫੌਜ ਨਾਲ ਹੋ ਰਹੇ ਹਥਿਆਰਬੰਦ ਮੁਕਾਬਲੇ ਵੇਲੇ ਲੋਕਾਂ ਦਾ ਮੁਕਾਬਲੇ ਵਾਲੀ ਥਾਂ ਇਕੱਠੇ ਹੋ ਕੇ, ਖਾੜਕੂ ਨੌਜਵਾਨਾਂ ਲਈ ਢਾਲ ਬਣ ਜਾਣਾ ਫੌਜ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਜਨਤਕ ਨਾਬਰੀ ਤੇ ਹਥਿਆਰਬੰਦ ਟਾਕਰੇ ਨੂੰ ਗੁੰਦਣ ਦਾ ਇਹ ਕਸ਼ਮੀਰੀ ਅੰਦਾਜ਼ ਦੁਨੀਆਂ ਭਰ ਦੇ ਜਮਹੂਰੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਉਂ ਵਰਦੀਆਂ ਗੋਲੀਆਂ 'ਚ ਨੰਗੇ ਧੜ ਨਿੱਤਰਨ ਦਾ ਸਿੱਟਾ ਮੌਤ ਨੂੰ ਮਾਸੀ ਆਖਣਾ ਹੁੰਦਾ ਹੈ ਤੇ  ਕਸ਼ਮੀਰੀ ਲੋਕ ਇਉਂ ਹੀ ਆਖਦੇ ਹਨ । ਭਾਰਤੀ ਫੌਜ ਆਪਣੇ ਖੂੰਖਾਰਪੁਣੇ ਦੇ ਸਿਖਰ 'ਤੇ ਜਾ ਕੇ, ਮੁਕਾਬਲੇ ਵਾਲੀ ਥਾਂ 'ਤੇ ਆ ਕੇ ਡਟੇ ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਪਰ ਇਹ ਘਟਨਾਵਾਂ ਰੁਕ ਨਹੀਂ ਰਹੀਆਂ ਸਗੋਂ ਵਧ ਰਹੀਆਂ ਹਨ। ਪਹਿਲਾਂ ਸ੍ਰੀਨਗਰ ਨੂੰ ਖਾੜਕੂ ਹਥਿਆਰਬੰਦ ਕਰਵਾਈਆਂ ਤੋਂ ਮੁਕਤ ਕਰਾਰ ਦਿੱਤਾ ਗਿਆ ਸੀ ਪਰ ਲੰਘੇ ਵਰੇ ਏਥੇ ਵੀ ਘਟਨਾਵਾਂ ਘਟੀਆਂ ਹਨ। ਇਹ ਪੱਖ ਖਾੜਕੂ ਨੌਜਵਾਨਾਂ ਦੀ ਵਧ ਰਹੀ ਚੋਟ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਭਾਜਪਾ ਵੱਲੋਂ ਭਾਰਤੀ ਹਾਕਮ ਜਮਾਤਾਂ ਕੋਲ ਕਸ਼ਮੀਰ ਨੂੰ ਨੂੜ ਕੇ ਰੱਖਣ ਦੀ ਕਾਮਯਾਬੀ ਦੇ ਦਮਗਜੇ ਮਾਰ ਰਹੇ ਸਨ। ਲੋਕ ਨਾਬਰੀ ਨਵੀਆਂ ਉਦਾਹਰਨਾਂ ਸਥਾਪਤ ਕਰ ਰਹੀ ਹੈ। ਤੇ ਫੌਜ ਦੇ ਜੁਲਮਾਂ ਦੇ ਵੀ ਨਵੇਂ ਕਿੱਸੇ ਰਚੇ ਜਾ ਰਹੇ ਹਨ। ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਸੰਗਲਾਂ 'ਚ ਪਾ ਕੇ ਘਸੀਟਣ ਤੇ ਉਸਨੂੰ ਸੋਸ਼ਲ ਮੀਡੀਆ 'ਤੇ ਫੈਲਾ ਕੇ ਲੋਕਾਂ ਨੂੰ ਖੌਫਜ਼ਦਾ ਕਰਨ ਦੇ ਹਥਿਆਰ ਬੇ-ਅਸਰ ਹੋ ਜਾਂਦੇ ਹਨ ਤੇ ਰੋਹ ਨੂੰ ਹੋਰ ਪਲੀਤਾ ਲਾਉਂਦੇ ਹਨ। ਇਸ ਸਾਲ '250 ਲੋਕ ਮਾਰੇ ਗਏ ਹਨ। ਪਰ ਇਹ ਭਾਰਤੀ 'ਰਾਸ਼ਟਰਵਾਦੀ' ਮੀਡੀਆ ਲਈ ਖਬਰਾਂ ਨਹੀਂ ਹਨ। ਇਸ ਸਾਰੇ ਟਾਕਰੇ 'ਚ ਸਥਾਨਕ ਕਸ਼ਮੀਰੀ ਨੌਜਵਾਨਾਂ ਤੇ ਕਸ਼ਮੀਰੀ ਲੋਕਾਂ ਦੀ ਸ਼ਮੂਲੀਅਤ ਏਨੀ ਉੱਭਰਵੀਂ ਹੈ ਕਿ ਕਸ਼ਮੀਰੀ ਲਹਿਰ ਦੇ ਪਾਕਿਸਤਾਨੀ ਸ਼ਹਿ 'ਤੇ ਚੱਲਣ ਦੀਆਂ ਊਂਜਾਂ ਨਿਰਾਰਥਕ ਕਰ ਦਿੱਤੀਆਂ ਹਨ। ਕਸ਼ਮੀਰੀ ਲੋਕਾਂ ' ਵਿਆਪਕ ਹਲਚਲ ਦਾ ਹੀ ਪ੍ਰਛਾਵਾਂ ਸੂਬੇ ਦੀ ਹਾਕਮ ਜਮਾਤੀ ਸਿਆਸਤ 'ਤੇ ਵੀ ਹੈ। ਕਸ਼ਮੀਰ ਦੀਆਂ ਸਥਾਨਕ ਮੌਕਾਪ੍ਰਸਤ ਪਾਰਟੀਆਂ ਕਾਂਗਰਸ ਤੇ ਭਾਜਪਾ ਸਮੇਤ ਹੋਰ ਵਧੇਰੇ ਕਸ਼ਮੀਰੀ ਕੌਮ ਗਦਾਰਾਂ ਵਜੋਂ ਬੇ ਪਰਦ ਹੋ ਰਹੀਆਂ ਹਨ ਤੇ ਲੋਕਾਂ 'ਚੋਂ ਬੁਰੀ ਤਰਾਂ ਨਿਖੜੀਆਂ ਹੋਈਆਂ ਹਨ। ਕੇਂਦਰ ਵੱਲੋਂ ਗਵਰਨਰੀ ਰਾਜ ਲਾਗੂ ਕਰਨ ਤੇ ਨੈਸ਼ਨਲ ਕਾਨਫਰੰਸ, ਪੀ.ਡੀ.ਪੀ. ਅਤੇ ਕਾਂਗਰਸ ਦੇ ਰਲਕੇ ਸਰਕਾਰ ਬਣਾਉਣ ਦੇ ਯਤਨਾਂ ਦੇ ਘਟਨਾਕ੍ਰਮ ਨੇ ਇਹਨਾਂ ਸਭਨਾਂ ਦਾ ਜਲੂਸ ਫਿਰ ਕੱਢ ਦਿੱਤਾ ਹੈ।  ਗਵਰਨਰ ਰਾਹੀਂ ਸਿੱਧੀ ਕੇਂਦਰੀ ਧੱਕੇਸ਼ਾਹੀ ਨੇ ਭਾਰਤੀ ਹਾਕਮਾਂ ਦਾ ਅਸਲ ਇਰਾਦਾ ਫਿਰ ਨੰਗਾ ਕਰ ਦਿੱਤਾ ਹੈ। ਪਰ ਕਸ਼ਮੀਰ ਅੰਦਰਲੇ ਇਹ ਹਾਲਤ ਬਾਕੀ ਮੁਲਕ ਦੇ ਲੋਕਾਂ ਲਈ ਤਾਂ ਜਾਣਕਾਰੀ ਦਾ ਮਸਲਾ ਵੀ ਨਹੀਂ ਹਨ। ਇੱਕ ਹਾਕਮ ਜਮਾਤੀ ਮੀਡੀਆ ਹੀ ਇਹਨਾਂ ਨੂੰ ਸੁੰਗੇੜ ਕੇ ਪੇਸ਼ ਕਰਦਾ ਹੈ ਤੇ ਦੂਜਾ ਹਾਕਮ ਜਮਾਤਾਂ ਦੇ ਫਿਰਕੂ ਰਾਸ਼ਟਰਵਾਦੀ ਜ਼ਹਿਰ ਦੇ ਹੋਏ ਸੰਚਾਰ ਕਾਰਨ ਲੋਕ ਇਹਨਾਂ ਨੂੰ ਦੇਖਣੋਂ ਵੀ ਅਸਮਰਥ ਰਹਿੰਦੇ ਹਨ।
ਸਿਆਸੀ ਨਿਸ਼ਾਨੇ ਤੋਂ ਲੈ ਕੇ ਕਈ ਤਰਾਂ ਦੀਆਂ ਕਮਜ਼ੋਰੀਆਂ ਨਾਲ ਗ੍ਰਸੀ ਕਸ਼ਮੀਰੀ ਕੌਮੀ ਲਹਿਰ ਆਪਣੇ ਸਿਦਕੀ ਟਾਕਰੇ ਦੇ ਜ਼ੋਰ ਸੰਸਾਰ ਦੇ ਜਮਹੂਰੀ ਹਲਕਿਆਂ ਦਾ ਹੋਰ ਵਧੇਰੇ ਧਿਆਨ ਖਿੱਚ ਰਹੀ ਹੈ। ਇਹੀ ਸਿਦਕ ਤੇ ਨਾਬਰੀ ਕਸ਼ਮੀਰੀ ਜਦੋਜਹਿਦ ਦਾ ਸਭ ਤੋਂ ਮੁੱਲਵਾਨ ਸਰਮਾਇਆ ਹੈ ਜਿਸਦੇ ਜ਼ੋਰ 'ਤੇ ਹੀ ਉਸਨੇ ਆਪਣੀ ਜਦੋਜਹਿਦ ਦੇ ਨਿਸ਼ਾਨੇ ਬਾਰੇ ਸਪਸ਼ਟਤਾ ਹਾਸਲ ਕਰਨੀ ਹੈ, ਧਾਰਮਿਕ ਰੰਗਤ ਦੇ ਅਸਰਾਂ ਤੋਂ ਮੁਕਤੀ ਪਾਉਣੀ ਹੈ, ਦੋਸਤਾਂ ਦੀ ਕਤਾਰ ਹੋਰ ਲੰਮੀ ਕਰਨੀ ਹੈ ਤੇ ਅੰਤ ਕੌਮੀ ਮੁਕਤੀ ਦੀ ਮੰਜ਼ਲ ਹਾਸਲ ਕਰਨੀ ਹੈ। ਇਹ ਸਫਰ ਅਜੇ ਲੰਮਾ ਹੈ। ਕਸ਼ਮੀਰੀ ਕੌਮ ਦੀ ਨਾਬਰੀ ਆਏ ਦਿਨ ਵਧ ਰਹੀ ਹੈ। ਫੋਰਸ ਮੈਗਜ਼ੀਨ ਦੀ ਸੰਪਾਦਕ ਗਜ਼ਾਲਾ ਵਾਰਬ ਨੇ ਟਿੱਪਣੀ ਕੀਤੀ ਹੈ ਕਿ ਕਸ਼ਮੀਰ 'ਚ ਵਰਦੀ ਦਾ ਡਰ ਖਤਮ ਹੋ ਚੁੱਕਿਆ ਹੈ ਤੇ ਹੁਣ ਡਰ ਵਰਦੀ 'ਚ ਦਿਖਾਈ ਦਿੰਦਾ ਹੈ।
ਅਜਿਹੀਆਂ ਨਿਰਖਾਂ ਦੀ ਹੁੰਦੀ ਚਰਚਾ ਭਾਰਤੀ ਹਾਕਮਾਂ ਦੇ ਕਾਲਜੇ ਹੌਲ ਪਾਉਂਦੀ  ਹੈ ਤੇ ਉਹ ਆਏ ਦਿਨ ਹੋਰ ਫੌਜਾਂ ਝੋਕ ਰਹੇ ਹਨ। ਉਹ ਲੋਕ ਉਭਾਰ ਨੂੰ ਇੱਕ ਵਾਰ ਤਾਂ ਕੁਚਲ ਸਕਦੇ ਹਨ ਪਰ ਨਾਬਰੀ ਦੀ ਲੋਕ ਭਾਵਨਾ ਨੂੰ ਕੁਚਲਣ ਤੋਂ ਅਸਮਰੱਥ ਹਨ।
ਅਗਲੇ ਪੰਨਿਆਂ 'ਤੇ ਅਸੀਂ 2 ਵਰੇ ਪੁਰਾਣੀ ਇੱਕ ਲਿਖਤ ਦੇ ਰਹੇ ਹਾਂ। ਇੱਕ ਕਸ਼ਮੀਰੀ ਸਾਹਿਤਕਾਰ ਦੀਆਂ ਨਜ਼ਰਾਂ 'ਚ ਕਸ਼ਮੀਰ ਦੇ ਹਾਲਤ ਇਉਂ ਹਨ।

No comments:

Post a Comment