Wednesday, July 20, 2011

Surkh Rekha (July-August) 2k11

ਲੋਕ ਕਦੇ ਧੋਖਾ ਨਹੀਂ ਦਿੰਦੇ......

ਵਿਦਿਆਰਥੀ ਲਹਿਰ ਦੇ ਹਰਮਨਪਿਆਰੇ ਆਗੂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੀ ਅੰਤਿਮ ਤਕਰੀਰ ਦਾ ਇੱਕ ਭਾਗ 

ਜਿਹੜੀ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ, ਉਹ ਇਹ ਕਿ ਮੁਢਲੇ ਸਮੇਂ 'ਚ ਤੁਸੀਂ ਇਸ ਗੱਲ 'ਤੇ ਝਾਤੀ ਮਾਰੋ ਕਿ ਇੱਕ ਸਾਧਾਰਨ ਵਿਦਿਆਰਥੀ ਕਾਲਜ ਵਿੱਚ ਪੜ੍ਹ ਰਿਹੈ ਅਤੇ ਉਸਨੂੰ ਦੁਨੀਆਂ ਦਾ, ਆਪਣੇ ਫਰਜ਼ਾਂ ਦੇ ਸਾਂਝੇ ਹਿੱਤਾਂ ਦਾ ਕੋਈ ਪਤਾ ਨਹੀਂ। ਕੁਝ ਸਮੇਂ ਵਿੱਚ ਉਹਨੂੰ ਮਹਿਸੂਸ ਹੁੰਦੈ— ਕੰਮ 'ਚ ਪੈਰ ਧਰਦਿਆਂ ਹੀ— ਇੱਕਦਮ ਘਟਨਾਵਾਂ ਐਸਾ ਗੇੜ ਖਾਂਦੀਆਂ ਨੇ ਕਿ ਉਸ ਨੂੰ ਚੁੱਕ ਕੇ ਉਸ ਤਬਕੇ ਵਿੱਚ ਮਾਣ ਵਾਲੀ ਪੁਜੀਸ਼ਨ ਦੇ ਦੇਂਦੀਆਂ ਨੇ ਤਾਂ ਇਹੋ ਜਿਹੇ ਵੇਲੇ, ਜਦੋਂ ਉਸਦੇ ਵਿਚਾਰਾਂ ਦੀ ਪੂਰੀ ਪਰਪੱਕਤਾ ਨਾ ਹੋਈ ਹੋਵੇ ਤੇ ਦੂਸਰੇ ਪਾਸੇ ਘੋਲਾਂ 'ਚੋਂ ਉਸਨੂੰ ਅਜਿਹਾ ਮਾਣ-ਤਾਣ ਮਿਲ ਜਾਵੇ ਤਾਂ ਇਥੇ ਕੁਦਰਤੀ ਤੌਰ 'ਤੇ ਇਹ ਰੁਝਾਨ ਪੈਦਾ ਹੋ ਸਕਦੈ ਕਿ ਉਸ ਵਿੱਚ ਗਲਤਫਹਿਮੀ ਪੈਦਾ ਹੋ ਜਾਵੇ ਕਿ ਸ਼ਾਇਦ ਇਹ ਜੋ ਕੁਝ ਵੀ ਹੈ, ਇਹ ਮੇਰਾ ਹੀ ਪੈਦਾ ਕੀਤਾ ਹੋਇਆ। ਪਰ ਦੋਸਤੋ! ਤਜਰਬੇ 'ਚੋਂ ਜਿਥੋਂ ਮੇਰਾ ਇਹ ਵਿਸ਼ਵਾਸ਼ ਪੱਕਾ ਹੋਇਆ ਕਿ ਮੈਂ ਜੋ ਕੁਝ ਵੀ ਹਾਂ ਆਪਣੇ ਸਾਥੀਆਂ ਦੇ ਸਦਕਾ ਹੀ ਹਾਂ, ਉਥੇ ਜਦੋਂ ਵੀ ਮੇਰੇ ਵਿੱਚ ਕੋਈ ਕਮਜ਼ੋਰੀ ਆਉਂਦੀ ਰਹੀ ਹੈ, ਉਦੋਂ ਹੀ ਮੈਨੂੰ ਇਹ ਯਾਦ ਆਇਆ ਕਿ ਜੋ ਕੁਝ ਵੀ ਮੇਰੇ ਰਾਹੀਂ ਆਮ ਲੋਕਾਂ ਤੱਕ ਜਾ ਰਿਹੈ ਇਹਦੇ 'ਚੋਂ ਜੋ ਵੀ ਲੋਕ ਮੇਰਾ ਪ੍ਰਭਾਵ ਲੈ ਰਹੇ- ਇਹਦੇ ਵਿੱਚ ਮੇਰੀਆਂ ਕੋਸ਼ਿਸ਼ਾਂ- ਜਥੇਬੰਦੀ ਦੀ ਟੀਮ, ਸਾਰੇ ਵਰਕਰਾਂ ਦੀਆਂ ਕੋਸ਼ਿਸ਼ਾਂ ਸਾਹਮਣੇ ਨਿਗੂਣੀ ਚੀਜ਼ ਹੈ ਅਤੇ ਜਦੋਂ ਵੀ ਮੈਂ ਪਿੱਛੇ ਮੁੜ ਕੇ ਝਾਤ ਮਾਰੀ ਕਿ ਮੈਂ ਕਿਹਨਾਂ ਸਦਕਾ ਹਾਂ ਤਾਂ ਮੈਨੂੰ ਸੈਂਕੜੇ ਉਹ ਨੌਜਵਾਨ ਜਿਹਨਾਂ ਜਿਹਨਾਂ ਨੂੰ ਚਾਹੇ ਮੈਂ ਜਾਣਦਾ ਵੀ ਨਾ ਹੋਵਾਂ, ਪਰ ਜਿਹਨਾਂ ਨੇ ਸਾਂਝੇ ਹਿੱਤਾਂ ਖਾਤਰ ਆਪਣੇ ਮੌਰਾਂ 'ਤੇ ਲਾਠੀਆਂ ਖਾਧੀਆਂ ਹਨ, ਤਸੀਹੇ ਝੱਲੇ ਹਨ, ਜੇਲ੍ਹਾਂ ਵਿੱਚ ਗਏ ਹਨ- ਉਹਨਾਂ ਸਾਰਿਆਂ ਦੇ ਸਰੀਰ 'ਤੇ ਪਈ ਇੱਕ ਇੱਕ ਲਾਠੀ, ਇੱਕ ਇੱਕ ਲਾਸ ਉਹਨਾਂ ਦੇ ਜੇਲ੍ਹਾਂ ਵਿੱਚ ਕੱਟੇ ਦਿਨ ਤੇ ਉਹਨਾਂ ਦਾ ਕੁਰਬਾਨ ਕੀਤਾ ਇੱਕ ਇੱਕ ਅਰਮਾਨ ਉਹ ਸਾਰਾ ਕੁਝ ਮੇਰੇ ਰਾਹੀਂ ਜਨਤਾ ਤੱਕ ਪਹੁੰਚਿਆ ਸੀ ਤੇ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਸੈਂਕੜੇ ਨੌਜਵਾਨਾਂ, ਉਹਨਾਂ ਵਿਦਿਆਰਥੀਆਂ ਦੀਆਂ ਕੁਰਬਾਨੀਆਂ ਦਾ ਜਿਹਨਾਂ ਦਾ ਮੈਨੂੰ ਪਤਾ ਵੀ ਹੈ, ਜਿਹਨਾਂ ਦਾ ਨਹੀਂ ਵੀ ਪਤਾ, ਜਿਹਨਾਂ ਨੇ ਕੁਰਬਾਨੀਆਂ ਚੇਤਨ ਰੂਪ ਵਿੱਚ ਦਿੱਤੀਆਂ ਅਚੇਤ ਰੂਪ ਵਿੱਚ ਵੀ ਦਿੱਤੀਆਂ— ਇਸ ਸਾਰੇ ਕੁਝ ਨਾਲ ਜੇ ਤੂੰ ਧੋਖਾ ਕਰਨੈ ਤਾਂ ਇਹ ਗੱੱਲ ਕਿਤੇ ਵੀ ਤੇਰੀ ਜ਼ਿੰਦਗੀ ਵਿੱਚ ਮੁਆਫ ਨਹੀਂ ਕੀਤੀ ਜਾਵੇਗੀ। ਉਹਨਾਂ ਨਾਲ ਧੋਖਾ ਕਰਨਾ ਜਿਹਨਾਂ ਨੇ ਆਪਣੀ ਖੁਦਗਰਜ਼ੀ ਨੂੰ ਤਿਆਗ ਕੇ ਹਰ ਕਿਸਮ ਦੀ ਕੁਰਬਾਨੀ ਦਿੱਤੀ ਐ, ਉਹਨਾਂ ਦੀਆਂ ਅਣਪਛਾਤੀਆਂ ਕੁਰਬਾਨੀਆਂ  ਜੋ  ਤੇਰੇ ਰਾਹੀਂ ਬਾਕੀ ਜਨਤਾ ਵਿੱਚ  ਜਾ  ਰਹੀਆਂ  ਨੇ ਤੇ  ਜੇ ਇਸ ਨਾਲ  ਤੂੰ ਹੰਕਾਰਿਆ ਜਾਨੈਂ ਤਾਂ ਇਹ ਇਤਿਹਾਸ ਵਿੱਚ ਨਾ ਮੁਆਫਯੋਗ ਤੇ ਕਰੜੀ ਸਜ਼ਾ ਦੀ ਮੰਗ ਕਰਨਵਾਲੀ ਗੱਲ ਹੋਵੇਗੀ ਤੇ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਗਲਤ ਸੋਚ ਅਧੀਨ ਉਹਨਾਂ ਸਾਰਿਆਂ ਦੀਆਂ ਕੁਰਬਾਨੀਆਂ ਦਾ ਗਲਤ ਸਿੱਟਾ ਕੱਢ ਕੇ ਉਹਨਾਂ ਨੂੰ ਆਪਣੇ ਕਿਸੇ ਸੁਆਰਥੀ ਹਿੱਤਾਂ ਖਾਤਰ ਵਰਤੇਂ।  ਤੇ ਦੋਸਤੋ ਇਹ ਕਿਹੜਾ ਬਲ ਸੀ। ਇਹ ਨੌਜਵਾਨਾਂ, ਮੇਰੇ ਸਾਥੀਆਂ ਦੀਆਂ ਚਾਹੇ ਉਹ ਸੂਬਾ ਲੀਡਰਸ਼ਿੱਪ ਵਿੱਚ ਨੇ, ਚਾਹੇ ਥੱਲੇ ਵਰਕਰ ਨੇ ਚਾਹੇ ਉਹ ਸਾਧਾਰਨ ਵਿਦਿਆਰਥੀ ਨੇ ਉਹਨਾਂ ਦੀਆਂ ਨਿਰਸੁਆਰਥ ਕੁਰਬਾਨੀਆਂ ਸਨ। ਤੇ ਜਦੋਂ ਇਹ ਸਾਰੀ ਗੱਲ ਦਿਮਾਗ ਵਿੱਚੋ ਗੁਜ਼ਰਦੀ ਸੀ ਤਾਂ ਚਾਹੇ ਕੋਈ ਫਿਰ ਜੇਲ੍ਹ ਦੀਆਂ ਕਾਲ-ਕੋਠੜੀਆਂ ਸੀ ਜਾਂ ਗਿਆਨੀ ਜ਼ੈਲ ਸਿੰਘ ਦੀ ਏਅਰ ਕੰਡੀਸ਼ਨਡ ਕੋਠੀ ਵਿੱਚ ਉਸਨੂੰ ਇਹ ਕੁਰਬਾਨੀਆਂ ਤੇ ਇਸ ਸਭ ਕੁਝ ਦਾ ਖਿਆਲ ਬਚਾ ਲੈਂਦਾ ਸੀ ਕਿ ਉਹ ਕਿਤੇ ਉਸ ਚਮਕ ਦਮਕ ਵਿੱਚ ਗੁਆਚ ਕੇ ਨਾ ਰਹਿ ਜਾਵੇ ਕਿਤੇ ਕਾਲ ਕੋਠੜੀ ਤੋਂ ਘਬਰਾ ਕੇ ਇਸ ਸਾਰੇ ਕੁਝ ਨੂੰ ਮਿੱਟੀ ਵਿੱਚ ਨਾ ਮਿਲ ਦਏ। ਸੋ ਦੋਸਤੋ! ਜਦੋਂ ਵੀ ਕਿਤੇ ਜ਼ਿੰਦਗੀ ਵਿੱਚ ਅਜਿਹੇ ਮੋੜ ਆਏ ਨੇ ਅਤੇ ਇਸ ਤਰ੍ਹਾਂ ਕੰਮ ਕਰਦਿਆਂ ਇਹੋ ਜਿਹੀਆਂ ਗੱਲਾਂ ਵਾਪਰੀਆਂ ਨੇ ਉਸ ਵਕਤ ਇਹ ਗੱਲ ਜੀਹਨੇ ਹੁਣ ਤੱਕ ਮੈਨੂੰ ਦਰੁਸਤ ਰਾਹ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੀਹਦੇ ਰਾਹੀਂ ਮੈਂ ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਹੀ ਰਾਹ 'ਤੇ ਚੱਲਦਾ ਰਹਾਂ ਅਤੇ ਸਮੁੱਚੇ ਰੂਪ ਵਿੱਚ ਦੇਖਿਆਂ ਜਦੋਂ 71 ਤੋਂ ਹੁਣ ਤੱਕ ਝਾਤੀ ਮਾਰਦਾ  ਹਾਂ ਤਾਂ ਇਹ ਮਹਿਸੂਸ ਹੁੰਦਾ ਕਿ ਐਨਾ ਸਮਾਂ ਜਥੇਬੰਦੀ ਵਿੱਚ ਵਿਦਿਆਰਥੀ ਹਿੱਤਾਂ ਲਈ ਕੰਮ ਕੀਤੈ ਤਾਂ ਇਹ ਵਿਸ਼ਵਾਸ਼ ਹੋਰ ਵੀ ਪੱਕਾ ਹੋ ਜਾਂਦਾ ਕਿ ਜੇ ਅਸੀਂ ਸਹੀ ਨਿਸ਼ਾਨੇ ਨੂੰ ਮਿਥ ਕੇ, ਸਹੀ ਰਾਹ ਨੂੰ ਪਛਾਣ ਕੇ ਤੇ ਲੋਕਾਂ 'ਤੇ ਵਿਸ਼ਵਾਸ਼ ਕਰਕੇ ਤੁਰ ਪਈਏ ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ। ਜੇ ਕਦੇ ਧੋਖਾ ਮਿਲੇਗਾ ਤਾਂ ਜਿਹੜੇ ਰੁਝਾਨਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ 'ਚੋਂ ਹੀ ਮਿਲੇਗਾ। ਮੇਰੇ ਹੁਣ ਤੱਕ ਦੇ ਤਜਰਬੇ ਵਿੱਚ ਕਦੇ ਵੀ ਐਂ ਨਹੀਂ ਹੋਇਆ ਕਿ ਵਿਦਿਆਰਥੀਆਂ ਨੇ ਧੋਖਾ ਦਿੱਤਾ ਹੋਵੇ, ਕਿਤੇ ਵੀ ਐਂ ਨਹੀਂ ਵਾਪਰਿਆ ਕਿ ਵਿਦਿਆਰਥੀਆਂ ਨੇ ਸਾਥ ਛੱਡਿਆ ਹੋਵੇ। ਕਿਤੇ ਵੀ ਐਂ ਨੀਂ ਹੋਇਆ ਕਿ ਵਿਦਿਆਰਥੀਆਂ ਨੇ ਬਲ ਨਾ ਬਖਸ਼ਿਆ ਹੋਵੇ, ਕਿਤੇ ਵੀ ਐਂ ਨੀਂ ਹੋਇਆ ਕਿ ਵਿਦਿਆਰਥੀਆਂ ਨੇ ਮੇਰੇ ਵਿਚਾਰ ਪਰਫੁੱਲਤ ਕਰਨ ਵਿੱਚ ਮੱਦਦ ਨਾ ਕੀਤੀ ਹੋਵੇ। ਇਹ ਸਾਰਾ ਕੁਝ ਜਿਹੜਾ ਏਥੇ ਤੱਕ ਪਹੁੰਚਣ, ਐਸ ਜੁੰਮੇਵਾਰੀ ਤੇ ਜਿਹਨਾਂ ਹਾਲਤਾਂ ਵਿੱਚ ਐਸ ਪੁਜੀਸ਼ਨ 'ਤੇ ਕੰਮ ਕਰਦਿਆਂ ਜੋ ਪਰਭਾਵ ਜੋ ਨਕਸ਼ਾ, ਆਮ ਜਨਤਾ ਤੱਕ- ਪੀ.ਐਸ.ਯੂ. ਕਰਕੇ- ਮੇਰਾ ਵਿਅਕਤੀਗਤ ਤੌਰ 'ਤੇ ਗਿਐ, ਉਹ ਸਾਰਾ ਕੁਝ ਇਹਨਾਂ ਕੋਸ਼ਿਸ਼ਾਂ ਦਾ, ਇਹਨਾਂ ਕੁਰਬਾਨੀਆਂ ਦਾ ਹੀ ਸਿੱਟਾ ਹੈ। ਤੇ ਜਿਹੜੀ ਸਮੂਹਿਕ ਅਗਵਾਈ ਮੈਨੂੰ ਮਿਲਦੀ ਰਹੀ ਹੈ, ਜਿਹੜੀਆਂ ਸਮੂਹਿਕ ਕੋਸ਼ਿਸ਼ਾਂ ਮੈਨੂੰ ਸਹੀ ਰਾਹ 'ਤੇ ਪਾਉਣ ਲਈ ਹੁੰਦੀਆਂ ਰਹੀਆਂ ਨੇ- ਉਹੀ ਨੇ ਜਿਹੜੀਆਂ ਹੁਣ ਤੱਕ ਮੈਨੂੰ ਤੁਹਾਡੇ ਵਿੱਚ ਰੱਖ ਸਕੀਆਂ ਨੇ ਤੇ ਮੈਨੂੰ ਇਸ ਗੱਲ ਦਾ ਮਾਣ ਬਖਸ਼ਿਐ ਕਿ ਮੈਨੂੰ ਤੁਸੀਂ ਆਪਣਾ ਸੂਹਾ ਪਰਚਮ ਭੇਟ ਕਰੋ।  ਇਹ ਕੁਝ ਉਹ ਗੱਲਾਂ ਸੀ, ਜੋ ਮੈਂ ਇੱਕ ਵਿਅਕਤੀ ਦੇ ਤੌਰ 'ਤੇ ਸਿੱਖੀਆਂ ਤੇ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ।  (ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਵੱਲੋਂ ਇਹ ਤਕਰੀਰ 8 ਜੁਲਾਈ 1979 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਐਸ.ਡੀ. ਕਾਲਜ ਬਰਨਾਲਾ ਵਿੱਚ ਹੋਈ ਜਨਰਲ ਕੌਂਸਲ ਦੀ ਮੀਟਿੰਗ 'ਚ ਕੀਤੀ ਗਈ। ਇਸ ਮੀਟਿੰਗ 'ਚ ਉਹਨਾਂ ਨੂੰ ਪੀ.ਐਸ.ਯੂ. ਦੇ ਸੂਹੇ ਝੰਡੇ ਦੀ ਭੇਟ ਨਾਲ ਵਿਦਾਇਗੀ ਦਿੱਤੀ ਗਈ ਸੀ। ਲੱਗਭੱਗ ਇੱਕ ਦਹਾਕਾ ਵਿਦਿਆਰਥੀ ਲਹਿਰ ਦੀ ਅਗਵਾਈ ਕਰਨ ਪਿੱਛੋਂ ਉਹਨਾਂ ਨੇ ਪੀ.ਐਸ.ਯੂ. ਦੀਆਂ ਜੁੰਮੇਵਾਰੀਆਂ ਤੋਂ ਰੁਖਸਤ ਹੋ ਕੇ ਜਮਹੂਰੀ ਹੱਕਾਂ ਦੀ ਲਹਿਰ 'ਚ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਪਰ 10 ਦਿਨ ਬਾਅਦ ਹੀ ਅਕਾਲੀ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠਲੇ ਗੁੰਡਾ ਗਰੋਹ ਨੇ ਉਹਨਾਂ ਨੂੰ 18 ਜੁਲਾਈ 1979 ਨੂੰ  ਸ਼ਹੀਦ ਕਰ ਦਿੱਤਾ। ਇਸ ਹਮਲੇ ਦਾ ਜੁਆਬ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੇ ਵੱਡੇ ਇਤਿਹਾਸਕ ਯਾਦਗਾਰੀ ਸੰਘਰਸ਼ ਰਾਹੀਂ ਦਿੱਤਾ।)

No comments:

Post a Comment