Thursday, July 21, 2011

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)


ਬੇਰੁਜ਼ਗਾਰ ਸੰਘਰਸ਼:

ਨੌਜਵਾਨ ਭਾਰਤ ਸਭਾ ਵੱਲੋਂ ਭਰਵੀਂ ਹਮਾਇਤ


ਨੌਜਵਾਨ ਭਾਰਤ ਸਭਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਭਰਵੀਂ ਹਮਾਇਤ ਕੀਤੀ ਗਈ ਹੈ। ਟੀ..ਟੀ. ਰੱਦ ਕਰਵਾਉਣ ਅਤੇ ਰੈਗੂਲਰ ਅਸਾਮੀਆਂ ਦੀ ਭਰਤੀ ਦੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਦੋ-ਢਾਈ ਮਹੀਨਿਆਂ ਤੋਂ ਜ਼ੋਰਦਾਰ ਸੰਘਰਸ਼ ਲੜਿਆ ਜਾ ਰਿਹਾ ਹੈ। ਰੈਲੀਆਂ, ਮੁਜਾਹਰਿਆਂ, ਝੰਡਾ ਮਾਰਚਾਂ ਤੇ ਰੇਲ ਜਾਮ ਦੇ ਐਕਸ਼ਨ ਹੋਏ ਹਨ। ਸਭਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਇਹਨਾਂ ਐਕਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਹੈ। ਵੱਖ ਵੱਖ ਤਿਆਰੀ ਮੁਹਿੰਮਾਂ ' ਬੇਰੁਜ਼ਗਾਰਾਂ ਨਾਲ ਲਾਮਬੰਦੀ ਕਰਨ ਵਿੱਚ ਹੱਥ ਵਟਾਇਆ ਹੈ ਤੇ ਵੱਖਰੇ ਤੌਰ 'ਤੇ ਇਸ ਸੰਘਰਸ਼ ਦੀ ਹਮਾਇਤ ਵਿੱਚ ਨੌਜਵਾਨਾਂ ਦੀ ਲਾਮਬੰਦੀ ਕੀਤੀ ਹੈ। 


5 ਜੂਨ ਨੂੰ ਗਿੱਦੜਬਾਹਾ ਤੇ ਲੰਬੀ ਖੇਤਰ ਦੇ ਪਿੰਡਾਂ ਵਿੱਚ ਕੀਤੇ ਗਏ ਵਿਸ਼ਾਲ ਬੇਰੁਜ਼ਗਾਰ ਮਾਰਚ ਦੀ ਤਿਆਰੀ ਦੌਰਾਨ ਸਭਾ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ, ਜਿਹਨਾਂ ਵਿੱਚ ਭਰਵੀਂ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ ਹਨ। ਇਹਨਾਂ ਮੀਟਿੰਗਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀ ਰੁਜ਼ਗਾਰ ਲਈ ਮੰਗ ਦੇ ਨਾਲ ਨਾਲ ਸਭਨਾਂ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਤੇ ਸੰਘਰਸ਼ ਕਰਨ ਦੀ ਲੋੜ ਉਭਾਰੀ ਗਈ ਹੈ। ਦੇਸ਼ ਭਰ ਵਿੱਚ ਰੁਜ਼ਗਾਰ ਦੀ ਵੱਡੀ ਸਮੱਸਿਆ ਦੇ ਕਾਰਨਾਂ 'ਤੇ ਚਾਨਣ ਪਾਇਆ ਗਿਆ ਹੈ। 5 ਜੂਨ ਨੂੰ ਹੋਏ ਮਾਰਚ ਵਿੱਚ ਸਭਾ ਦੀ ਅਗਵਾਈ ਵਿੱਚ ਨੌਜਵਾਨਾਂ ਦਾ ਜਥਾ ਬਠਿੰਡਾ ਜ਼ਿਲ੍ਹੇ 'ਚੋਂ ਸ਼ਾਮਲ ਹੋਇਆ ਹੈ। 


ਇਸ ਤੋਂ ਮਗਰੋਂ ਮੋਗਾ ਖੇਤਰ ਦੇ ਨਿਹਾਲਸਿੰਘਵਾਲਾ ਬਲਾਕ ਦੇ ਪਿੰਡਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਗਏ ਵਹੀਕਲ ਮਾਰਚ ਵਿੱਚ ਸਭਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਹੈ। ਦੋ ਪਿੰਡਾਂ ਵਿੱਚ ਰੈਲੀਆਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਕਾਫਲਾ ਮਾਰਚ ਕਰ ਰਹੇ ਨੌਜਵਾਨਾਂ ਨੂੰ ਰੋਟੀ ਤੇ ਚਾਹ ਦਾ ਇੰਤਜ਼ਾਮ ਕੀਤਾ ਗਿਆ। ਲੁਧਿਆਣਾ ਇਲਾਕੇ ਵਿੱਚ ਵੀ ਸਭਾ ਦੇ ਮੈਂਬਰਾਂ ਨੇ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਬਿਨਾ ਅਰਥੀਆਂ ਸਾੜਨ ਦੇ ਐਕਸ਼ਨਾਂ ਵਿੱਚ ਵੀ ਸਭਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਈ ਪਿੰਡਾਂ ਵਿੱਚ ਸ਼ਮੂਲੀਅਤ ਕੀਤੀ ਹੈ। 


ਏਸੇ ਦੌਰਾਨ ਹੀ ਸਭਾ ਦੀ ਸੂਬਾ ਕਮੇਟੀ ਨੇ ਸੰਘਰਸ਼ਸ਼ੀਲ ਬੇਰੁਜ਼ਗਾਰਾਂ ਦੇ ਨਾਂ ਇੱਕ ਹੱਥ ਪਰਚਾ ਛਾਪ ਕੇ ਵੰਡਿਆ ਹੈ, ਜੀਹਦੇ ਵਿੱਚ ਜੂਝ ਰਹੇ ਸਭਨਾਂ ਬੇਰੁਜ਼ਗਾਰਾਂ ਨੂੰ ਰਲ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ ਹੈ। ਪਰਚੇ ਵਿੱਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੀ ਮੰਗ ਅੱਜ ਮੁਲਕ ਦੇ ਸਭਨਾਂ ਨੌਜਵਾਨਾਂ ਦੀ ਮੰਗ ਹੈ, ਸਾਰੇ ਹੀ ਬੇਰੁਜ਼ਗਾਰੀ ਦੇ ਹੱਲੇ ਤੋਂ ਪੀੜਤ ਹਨ। ਮੁਲਕ ਵਿੱਚ ਰੁਜ਼ਗਾਰ ਪੈਦਾ ਨਾ ਕੀਤੇ ਜਾਣ ਦੀਆਂ ਜਿੰਮੇਵਾਰ ਨੀਤੀਆਂ ਦੀ ਚਰਚਾ ਕਰਦੇ ਹੋਏ ਕਿਹਾ ਗਿਆ ਹੈ ਕਿ ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ਾਂ ਨੂੰ ਬੇਰੁਜ਼ਗਾਰੀ ਦੇ ਹਮਲੇ ਖਿਲਾਫ ਵਿਸ਼ਾਲ ਨੌਜਵਾਨ ਲਹਿਰ ਵਿੱਚ ਬਦਲਣ ਦੇ ਰਾਹ ਪੈਣਾ ਚਾਹੀਦਾ ਹੈ। 6000 ਦੀ ਗਿਣਤੀ ਵਿੱਚ ਛਾਪਿਆ ਗਿਆ ਇਹ ਪਰਚਾ ਬੇਰੁਜ਼ਗਾਰਾਂ ਦੀਆਂ ਸਭਨਾਂ ਸੰਘਰਸ਼ਸ਼ੀਲ ਵੰਨਗੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। 

No comments:

Post a Comment