Monday, March 18, 2024

ਖੇਤ ਮਜ਼ਦੂਰ ਆਗੂਆਂ ਵੱਲੋਂ ਮਜ਼ਦੂਰਾਂ ’ਤੇ ਲਾਠੀਚਾਰਜ ਕਰਨ ਦੀ ਨਿੰਦਾ

 

ਖੇਤ ਮਜ਼ਦੂਰ ਆਗੂਆਂ ਵੱਲੋਂ ਮਜ਼ਦੂਰਾਂ ਤੇ ਲਾਠੀਚਾਰਜ ਕਰਨ ਦੀ ਨਿੰਦਾ

ਭਗਵੰਤ ਮਾਨ ਤੇ ਲਾਏ ਮਜ਼ਦੂਰ ਵਰਗ ਨਾਲ ਵਿਤਕਰੇ ਦੇ ਦੋਸ਼

ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਲਾਲ਼ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ  ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਐਸ ਸੀ ਭਾਈਚਾਰੇ ਨੂੰ ਸਸਤੇ ਭਾਅ ਠੇਕੇ ਤੇ ਦੇਣ ਅਤੇ ਕਰਜ਼ ਮੁਆਫ਼ੀ ਵਰਗੀਆਂ ਹੱਕੀ ਮੰਗਾਂ ਨੂੰ ਲੈ ਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਚਾਰ ਘੰਟੇ ਰੇਲਾਂ ਰੋਕਣ ਦੇ ਸੱਦੇ ਨੂੰ ਸਾਬੋਤਾਜ ਕਰਨ ਲਈ ਪੰਜਾਬ ਪੁਲਿਸ ਵੱਲੋਂ ਵੱਖ - ਵੱਖ ਥਾਈਂ ਮਜ਼ਦੂਰ ਆਗੂਆਂ ਤੇ ਵਰਕਰਾਂ ਨੂੰ ਗਿਰਫ਼ਤਾਰ ਕਰਨ ਅਤੇ ਮਹਿਣਾ (ਮੋਗਾ) ਵਿਖੇ ਲਾਠੀਚਾਰਜ ਕਰਨ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਖ਼ਤ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਪੁਲਿਸ ਵੱਲੋਂ ਮਜ਼ਦੂਰਾਂ ਖਿਲਾਫ ਕੀਤੀ ਕਾਰਵਾਈ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੱਤਾ । ਉਹਨਾਂ ਆਖਿਆ ਕਿ ਪੁਲਿਸ ਵੱਲੋਂ ਮਜ਼ਦੂਰਾਂ ਖਿਲਾਫ ਕੀਤੀ ਕਾਰਵਾਈ ਤੋਂ ਭਗਵੰਤ ਮਾਨ ਸਰਕਾਰ ਦਾ ਮਜ਼ਦੂਰ ਵਰਗ ਪ੍ਰਤੀ ਜਾਤਪਾਤੀ ਤੇ ਜਮਾਤੀ ਵਿਤਕਰੇਬਾਜ਼ੀ ਵਾਲਾ ਰੱਵਈਆ ਇੱਕ ਵਾਰ ਫਿਰ ਜੱਗ ਜ਼ਾਹਰ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਗਿਰਫ਼ਤਾਰ ਕੀਤੇ ਆਗੂ ਵਰਕਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ। ਖੇਤ ਮਜ਼ਦੂਰ ਆਗੂਆਂ ਨੇ  ਮਜ਼ਦੂਰ ਵਰਗ ਨੂੰ  ਆਪ ਸਰਕਾਰ ਦੀਆਂ ਧੱਕੜ,ਜਾਬਰ ਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਜਥੇਬੰਦਕ ਤਾਕਤ ਨੂੰ ਵਿਸ਼ਾਲ ਤੇ ਮਜ਼ਬੂਤ ਕਰਦੇ ਹੋਏ ਸਾਂਝੇ ਤੇ ਸਿਰੜੀ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।

No comments:

Post a Comment