Wednesday, January 11, 2023

ਫ਼ਿਰਕਾਪ੍ਰਸਤੀ ਤੇ ਧਾਰਮਕ ਸਨਾਤਨਵਾਦ ਖਿਲਾਫ ਜੱਦੋਜਹਿਦ ਜਮਾਤੀ ਜੱਦੋਜਹਿਦ ਹੈ

 ਫ਼ਿਰਕਾਪ੍ਰਸਤੀ ਤੇ ਧਾਰਮਕ ਸਨਾਤਨਵਾਦ ਖਿਲਾਫ ਜੱਦੋਜਹਿਦ ਜਮਾਤੀ ਜੱਦੋਜਹਿਦ ਹੈ

  

ਸਾਡੇ ਮੁਲਕ ਦੀਆਂ ਸਮਾਜੀ-ਸਿਆਸੀ ਹਾਲਤਾਂ ਵਿਚ ਪਿਛਲੀ ਇਕ ਸਦੀ ਅੰਦਰ ਪੈਦਾ ਹੋਈ ਤੇ ਵਧੀ ਫੁੱਲੀ ਫ਼ਿਰਕਾਪ੍ਰਸਤੀ ਜਮਹੂਰੀ-ਕੌਮਵਾਦ ਤੇ ਜਮਾਤੀ ਲਹਿਰ (ਸਮਾਜੀ ਮੁਕਤੀ ਦੀ ਲਹਿਰ) ਵਿਰੁੱਧ ਦੇਸੀ ਵਿਦੇਸ਼ੀ ਹਾਕਮਾਂ ਦੇ ਹੱਥ ਇਕ ਅਸਰਦਾਰ ਸੰਦ ਬਣੀ ਰਹੀ ਹੈ। ਜਮਹੂਰੀ ਕੌਮੀ ਚੇਤਨਾ ਅਤੇ ਜਮਾਤੀ ਚੇਤਨਾ ਦੀ ‘ਸੌਕਣ’ ਵਜੋਂ ਪੇਸ਼ ਹੰੁਦੀ ਰਹੀ ਇਹ ਫਿਰਕੂ ਚੇਤਨਾ ਬੇ-ਬੁਨਿਆਦੀ ਮਨੌਤ ’ਤੇ ਟਿਕੀ ਹੋਈ ਹੈ: ਕਿ ਇਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਦੀ ਸਾਂਝ ਹੀ ਉਨ੍ਹਾਂ ਦੇ ਆਰਥਿਕ, ਸਮਾਜੀ ਤੇ ਸਿਆਸੀ ਹਿਤਾਂ ਦੀ ਸਾਂਝ ਦਾ ਆਧਾਰ ਬਣਦਾ ਹੈ। ਇਸ ਗਲਤ ਮਨੌਤ ਆਸਰੇ ਹੀ ਫ਼ਿਰਕੂ ਅਨਸਰ, ਲੋਕਾਂ ਨੂੰ ਆਪਣੇ ਸਮਾਜੀ-ਆਰਥਿਕ ਤੇ ਸਿਆਸੀ ਹਿੱਤਾਂ ਲਈ ਧਾਰਮਿਕ ਫ਼ਿਰਕਿਆਂ ਦੇ ਆਧਾਰ ਤੇ ਜਥੇਬੰਦ ਹੋਣ ਤੇ ਘੋਲ ਕਰਨ ਦਾ ਨਾਅਰਾ ਦਿੰਦੇ ਹਨ। ਕੌਮੀ ਤੇ ਜਮਾਤੀ ਲਹਿਰ ਵਿਚ ਪਾੜ ਪਾ ਕੇ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਆਪਸ  ਵਿਚ ਭੇੜ ਕੇ ਕੌਮੀ ਤੇ ਜਮਾਤੀ ਦੁਸ਼ਮਣਾਂ (ਦੇਸੀ-ਬਦੇਸ਼ੀ ਹਾਕਮ ਲੁਟੇਰਿਆਂ) ਦੀ ਸੇਵਾ ਕਮਾਉਂਦੇ ਫ਼ਿਰਕੂ ਲੀਡਰ ਆਪਣੀ ਇਸ ਝੂਠੀ ਮਨੌਤ ਨੂੰ ਕਬੂਲ ਕਰਾਉਣ ਲਈ ਇਤਿਹਾਸਕ ਤੱਥਾਂ ਨੂੰ ਤੋੜਦੇ-ਮਰੋੜਦੇ ਹਨ। ਉਹ ਆਪਣੀ ਫ਼ਿਰਕਾਪ੍ਰਸਤੀ ਨੂੰ ਪੱਠੇ ਪਾਉਣ ਲਈ ਦੂਸਰੇ ਧਰਮਾਂ ਨਾਲੋਂ ਵਖਰੇਵਿਆਂ ਦੇ ਨੁਕਤੇ ਉਭਾਰਦੇ ਹਨ ਤੇ ਖਾਸ ਕਰਕੇ ਧਾਰਮਿਕ ਪਛਾਣ ਤੇ ‘ਸਰੂਪ’ ਨੂੰ ਆਪਣੀ ਫ਼ਿਰਕੂ ਸਿਆਸਤ ਦਾ ਆਧਾਰ ਬਣਾਉਂਦੇ ਹਨ। ਭਾਵ, ਹਰ ਵਨੰਗੀ ਦੇ ਫਿਰਕਾਪ੍ਰਸਤ ਸਿਆਸਤਦਾਨਾਂ ਦੀਆਂ ਸਰਗਰਮੀਆਂ ਸਿਰਫ ਆਪਣੇ ਆਪਣੇ ਧਰਮਾਂ ਦਾ ਪ੍ਰਚਾਰ ਨਾ ਰਹਿ ਕੇ ਧਾਰਮਿਕ ਚਿੰਨ੍ਹਾਂ ਤੇ ਰੂਪਾਂ ਅਤੇ ਖਾਸ ਕਰਕੇ ਦੂਸਰੇ ਧਰਮਾਂ ਨਾਲੋਂ ਵਖਰੇਵੇਂ ਵਾਲੇ ਚਿਨ੍ਹਾਂ ਤੇ ਰੂਪਾਂ ’ਤੇ ਕੇਂਦਰਤ ਰਹਿੰਦੀਆਂ ਰਹੀਆਂ ਹਨ। ਉਹ ਇਹਨਾਂ ਵਖਰੇਵਿਆਂ ਨੂੰ ਉਭਾਰ-ਉਛਾਲ ਕੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਤੇ ਵਿਸ਼ਵਾਸਾਂ ਨੂੰ ਵਰਤਕੇ, ਇਕ ਅਜੇਹੀ ਸਿਆਸੀ ਲਹਿਰ ਖੜ੍ਹੀ ਕਰਨ ਦੇ ਕੁਕਰਮ ਵਿਚ ਰੁੱਝੇ ਰਹਿੰਦੇ ਰਹੇ ਹਨ ਜਿਹੜੀ ਵੱਖ ਵੱਖ ਧਰਮਾਂ ਨਾਲ ਸਬੰਧਤ ਪਛੜੇ ਲੋਕ ਹਿਸਿਆਂ ਨੂੰ ਆਪਣੇ ‘ਧਰਮ-ਭਰਾਵਾਂ’ ਦੇ ਅਖੌਤੀ ਸਾਂਝੇ ਹਿਤਾਂ (ਆਰਥਿਕ-ਸਿਆਸੀ ਆਦਿ) ਲਈ ਘੋਲ ਦੀ ਭਰਮਾਊ ਸਰਗਰਮੀ ਵਿਚ ਧੂੰਹਦੀ ਹੈ ਅਤੇ ਦੂਜੇ ਧਾਰਮਿਕ ਫ਼ਿਰਕਿਆਂ ਨਾਲ ਟਕਰਾਉਂਦੀ ਹੈ। ਸੋ ਧਰਮ-ਪ੍ਰਚਾਰਕਾਂ ਦੇ ਚੋਲੇ ਹੇਠ ਇਹ ਫ਼ਿਰਕੂ-ਸਿਆਸਤਦਾਨਾਂ “ਪੰਥ, ਹਿੰਦੂ-ਧਰਮ ਤੇ ਇਸਲਾਮ ਨੂੰ ਖਤਰਾ”, “ਸਿੱਖ-ਹਿੰਦੂਆਂ ਤੇ ਮੁਸਲਮਾਨਾਂ ਨੂੰ ਖਤਰਾ” ਆਦਿ ਦੀ ਪਾਖੰਡੀ ਬੂ-ਦੁਹਾਈ ਪਾ ਕੇ ਮੇਹਨਤਕਸ਼ ਲੋਕਾਂ ਦੇ ਜਮਾਤੀ ਏਕੇ ਨੂੰ ਖੰਡਤ ਕਰਦੇ ਅਤੇ ਜਮਾਤੀ ਭਾਈਬੰਦਾਂ ਨੂੰ ਆਪੋ ਵਿਚ ਭੇੜਦੇ ਹਨ। ਫ਼ਿਰਕੂ ਲਹਿਰਾਂ ਨੂੰ, ਮੁੱਠੀਭਰ ਸਹੂਲਤ ਪ੍ਰਾਪਤ ਹਿੱਸਿਆਂ ਦੇ ਲਾਭ ਲਈ ਤੇ ਚੰਦ ਵਿਅਕਤੀਆਂ ਦੇ ਹੁਕਮਰਾਨ ਚੰਡਾਲ-ਚੌਕੜੀ ਦੇ ਮੈਂਬਰ ਬਣਨ ਲਈ ਵਰਤਦੇ ਹਨ। ਹਿੰਦੂ, ਸਿੱਖ ਤੇ ਮੁਸਲਮਾਨ ਫ਼ਿਰਕੂ ਸਿਆਸਤਦਾਨਾਂ ਬਾਰੇ, ਲੋਕਾਂ ਦੇ ਏਕੇ ਨੂੰ ਪਾੜਨ, ਉਨ੍ਹਾਂ ਦੇ ਜੋਰ ਨੂੰ ਫ਼ਿਰਕੂ ਲਹਿਰ ਵਿਚ ਢਾਲ ਕੇ ਵਰਤਣ, ਹਾਕਮ ਜਮਾਤਾਂ ਦੀ ਸੇਵਾ ਕਮਾਉਣ ਅਤੇ ਸਮੇਂ ਦੇ ਹਾਕਮਾਂ ਦੇ ਭਾਈਵਾਲ ਬਣਨ ਦੀ ਇਹ ਗੱਲ, ਬਰਤਾਨਵੀ ਰਾਜ ਸਮੇਂ ਵੀ ਸੱਚ ਸੀ ਅਤੇ ਅੱਜ ਵੀ ਸੱਚ ਹੈ, ਮੌਜੂਦਾ ਹਾਲਤ ਵਿਚ ਪੰਜਾਬ ਅੰਦਰਲੇ ਸਿੱਖ-ਫ਼ਿਰਕਾਪ੍ਰਸਤ ਵੀ ਆਪਦੇ ਹਮਸਫਰ-ਸ਼ਰੀਕਾਂਆਰ. ਐਸ. ਐਸ. ਤੇ ਜਨਸੰਘੀਆਂ ਵਾਂਗ ਹੀ ਆਪਣੇ ਫ਼ਿਰਕੂ ਵਡੇਰਿਆਂ ਦੇ ਪੈਰ ਚਿਨ੍ਹਾਂ ’ਤੇ ਚੱਲ ਰਹੇ ਹਨ। ਸੋ ਫ਼ਿਰਕੂ ਲਹਿਰ ਧਾਰਮਿਕ ਲਹਿਰ ਨਹੀਂ ਸਗੋਂ ਵਿਸ਼ੇਸ਼ ਸਿਆਸੀ ਹਿੱਤਾਂ ਲਈ ਖੜ੍ਹੀ ਕੀਤੀ ਜਾ ਰਹੀ ਪਿਛਾਖੜੀ ਸਿਆਸੀ ਲਹਿਰ ਹੈ।

ਧਾਰਮਿਕ ਪਛਾਣ ਅਤੇ ‘ਸਰੂਪ’ ਦੀ ਚੇਤਨਾ ’ਤੇ ਟੇਕ ਰੱਖਦੇ ਫ਼ਿਰਕਾਪ੍ਰਸਤ ਧਾਰਮਿਕ ਕਟੱੜਤਾ ਫੈਲਾਉਂਦੇ ਹਨ। ਅੰਨ੍ਹਾਂ ਧਾਰਮਿਕ ਜਨੂੰਨ (ਧਾਰਮਿਕ ਜਨੂੰਨ, ਜਿਹੜਾ ਦਲੀਲ ਅਤੇ ਤਰਕ ਪੱਖੋਂ ਕੋਰਾ ਹੈ ਅਤੇ ਕਿਸੇ ਵੀ ਕਿਸਮ ਦੇ ਵਖਰੇਵੇਂ ਨੂੰ, ਵਿਰੋਧੀ ਵਿਚਾਰਾਂ ਤੇ ਰੀਤੀ-ਰਿਵਾਜਾਂ ਨੂੰ ਬਰਦਾਸ਼ਤ ਕਰਨੋਂ ੳੱੁਕਾ ਹੀ ਅਸਮਰਥ ਹੈ) ਫੈਲਾਉਂਦੇ ਹਨ ਤੇ ਇਸਦੇ ਧੱਕੜਪੁਣੇ ਤੇ ਅੰਨ੍ਹੇਪਣ ਦੀ ਧੁੱਸ ਨੂੰ ਵਰਤਦੇ ਹਨ। 

ਉਹ ਫ਼ਿਰਕੂ ਜ਼ਹਿਰ ਫੈਲਾਉਣ ਦੇ ਮਕਸਦ ਨਾਲ ਲੋਕਾਂ ਦੇ ਮਨਾਂ ’ਤੇ ਧਾਰਮਿਕ ਰੂਪਾਂ ਅਤੇ ਇਹਨਾਂ ਦੀ ਛਾਪ ਗੂਹੜੀ ਕਰਨ ਲਈ ਧਾਰਮਿਕ ਸਨਾਤਨਤਾ ਨੂੰ ਬਹਾਲ ਕਰਦੇ ਅਤੇ ਲੋਕਾਂ ’ਤੇ ਠੋਸਦੇ ਹਨ। ਧਾਰਮਿਕ ਸਨਾਤਨਤਾ ਦੀ ਮੁੜ-ਸੁਰਜੀਤੀ, ਵਿਸ਼ੇਸ਼ ਧਰਮ ਦੇ ਪੁਰਾਤਨ ਰੂਪ (ਅਤੇ ਇਸਦੇ ਨਾਂ ਹੇਠ ਪੁਰਾਣੇ ਤੇ ਪਿਛਾਖੜੀ-ਸਾਮਰਾਜੀ-ਸਿਆਸੀ ਪ੍ਰਬੰਧ) ਦੀ ਬਹਾਲੀ ਹੈ ਜਿਸਨੂੰ ਸਮਾਜੀ ਵਿਕਾਸ ਤੇ ਤਬਦੀਲੀਆਂ ਨਾਲ ਬੇਮੇਲ ਤੇ ਟਕਰਾਵਾਂ ਸਮਝਦਿਆਂ ਸਮੇਂ ਦੇ ਜੋੜ ਨਾਲ ਖੁਦ ਉਸ ਧਰਮ ਨੂੰ ਮੰਨਣ ਵਾਲਿਆਂ ਵਲੋਂ ਸੋਧਿਆ-ਬਦਲਿਆ ਜਾ ਚੁੱਕਾ ਹੈ। ਕਿਉਂਕਿ ਪੁਰਾਣੇ ਸਮਿਆਂ ਵਿਚ ਧਰਮ ਦੀ ਸਮਾਜੀ ਜ਼ਿੰਦਗੀ ’ਤੇ ਕਿਤੇ ਜ਼ਿਆਦਾ ਗੂਹੜੀ ਛਾਪ ਸੀ, ਇਸ ਲਈ ਧਾਰਮਿਕ-ਸਨਾਤਨਤਾ ਦੀ ਮੁੜ-ਸੁਰਜੀਤੀ ਦੀ ਕੋਸ਼ਿਸ਼ ਵੇਲਾ ਵਿਹਾ ਚੁੱਕੀਆਂ ਪੁਰਾਤਨ ਸਮਾਜੀ ਸਭਿਆਚਾਰਕ ਰਸਮਾਂ-ਰੀਤਾਂ ਨੂੰ ਲੋਕਾਂ ’ਤੇ ਠੋਸਣ ਦੀ ਕੋਸ਼ਿਸ਼ ਹੈ। ਸਮਾਜੀ ਵਿਕਾਸ ਦੀਆਂ ਪ੍ਰਾਪਤੀਆਂ ’ਤੇ ਲੀਕ ਮਾਰਨ ਤੇ ਵਿਕਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਹੈ ਅਤੇ ਸਿੱਟੇ ਵਜੋਂ ਅਤਿ ਪਿਛਾਖੜੀ ਕਰਤੂਤ ਹੈ। ਇਹ ਅਨੇਕਾਂ ਧਰਮਾਂ ਨਾਲ ਸਬੰਧਤ ਲੋਕਾਂ ਦੇ ਸਾਂਝੇ ਸਭਿਆਚਾਰ ਦੀ ਉਸਾਰੀ ਦੇ ਅਮਲ ਨੂੰ ਖਿੰਡਾ ਕੇ ਵੱਖੋ ਵੱਖਰੇ  ਤੇ ਇਕ ਦੂਜੇ ਨਾਲ ਟਕਰਾਵੇਂ ਸਭਿਆਚਾਰਾਂ ਵੱਲ ਮੋੜਨ ਦੀ ਕੋਸ਼ਿਸ਼ ਹੈ।      ---0---     

No comments:

Post a Comment