Wednesday, January 11, 2023

ਡੂੰਘੀਆਂ ਦੁਸ਼ਵਾਰੀਆਂ ’ਚ ਜ਼ਿੰਦਗੀ ਗੁਜਾਰ ਰਹੇ ਠੇਕਾ ਕਾਮੇ

 ਡੂੰਘੀਆਂ ਦੁਸ਼ਵਾਰੀਆਂ ’ਚ ਜ਼ਿੰਦਗੀ ਗੁਜਾਰ ਰਹੇ ਠੇਕਾ ਕਾਮੇ

ਪੰਜਾਬ ਦੇ ਸਰਕਾਰੀ ਵਿਭਾਗਾਂ ਅੰਦਰ ਠੇਕਾਦਾਰੀ ਪ੍ਰਣਾਲੀ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮ ਕਾਮੇ, ਆਊਟਸੋਰਸਡ, ਇੰਨਲਿਸਟਮੈਂਟ ਤੇ ਹੋਰ ਵੰਨਗੀਆਂ ਦੇ ਮੁਲਾਜ਼ਮਾਂ ਦੀ ਬਹੁਤ ਵੱਡੀ ਪਰਤ ਹੈ। ਇਹ ਠੇਕਾ ਮੁਲਾਜ਼ਮ ਅਰਧ-ਬੇਰੁਜ਼ਗਾਰੀ ਵਾਲੀ ਹਾਲਤ ਹੰਢਾ ਰਹੇ ਹਨ। ਉਹਨਾਂ ਦੀਆਂ ਬਹੁਤ ਨੀਵੀਆਂ ਉਜ਼ਰਤਾਂ ਹੋਣ ਕਰਕੇ, ਉਹਨਾਂ ਦੇ ਜਿਉਣ ਦਾ ਆਰਥਿਕ ਪੱਧਰ ਵੀ ਬਹੁਤ ਨੀਵਾਂ ਹੈ। ਪੰਜਾਬ ਦੀ ਸੱਤਾ ’ਤੇ ਵੱਖ-ਵੱਖ ਰੰਗਾਂ ਤੇ ਵੰਨਗੀਆਂ ਦੀਆਂ ਸਰਕਾਰਾਂ ਕਾਬਜ਼ ਹੋਈਆਂ ਪਰ ਠੇਕਾ ਮੁਲਾਜ਼ਮਾਂ ਦੀ ਜ਼ਿੰਦਗੀ ਰੰਗ ਨਹੀਂ ਬਦਲੇ। ਹਰ ਨਵੀਂ ਸਰਕਾਰ ਆਉਣ ਨਾਲ ਦੁਸ਼ਵਾਰੀਆਂ ਡੂੰਘੀਆਂ ਹੀ ਹੁੰਦੀਆਂ ਗਈਆਂ ਹਨ। 

1990-91 ਦਾ ਉਹ ਦੌਰ ਜਦੋਂ ਭਾਰਤੀ ਹਾਕਮਾਂ ਨੇ ਨਵ-ਉਦਾਰਵਾਦੀ ਸਾਮਰਾਜੀ ਨੀਤੀਆਂ ਨੂੰ ਪੂਰੇ ਮੁਲਕ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਇਹਨਾਂ ਨਵ-ਸਾਮਰਾਜੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਮੁਲਕ ਦੇ ਕਿਰਤੀ ਲੋਕਾਂ ਦੀ ਮਿਹਨਤ ਤੇ ਉਸਰੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਅੱਗੇ ਪਰੋਸਣਾ ਸ਼ੁਰੂ ਕਰ ਦਿੱਤਾ। ਪਿਛਲੇ ਇੱਕ-ਦੋ ਦਹਾਕਿਆਂ ਤੋਂ ਇਹਨਾਂ ਨੀਤੀਆਂ ਦਾ ਜਿਉਂ-ਜਿਉਂ ਵਧਾਰਾ-ਪਸਾਰਾ ਹੋਰ ਤਿੱਖੇ ਰੂਪ ਵਿੱਚ ਹੋਇਆ ਹੈ ਤਾਂ ਸਰਕਾਰੀ ਵਿਭਾਗਾਂ ਅੰਦਰ ਰੈਗੂਲਰ ਭਰਤੀ ਦੀ ਥਾਂ ’ਤੇ ਠੇਕੇਦਾਰੀ ਪ੍ਰਬੰਧ ਰਾਹੀਂ ਭਰਤੀ ਦਾ ਅਮਲ ਵੀ ਤੇਜ਼ ਹੋਇਆ ਹੈ। ਸਾਮਰਾਜੀ ਨੀਤੀਆਂ ਤਹਿਤ ਵੱਡੀਆਂ ਸਾਮਰਾਜੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਆਦਿ ਨੂੰ ਸਿੱਧੇ-ਅਸਿੱਧੇ ਢੰਗ ਰਾਹੀਂ ਸਰਕਾਰੀ ਵਿਭਾਗਾਂ ਅੰਦਰ ਦਾਖ਼ਲ ਕਰਵਾਇਆ ਗਿਆ। ਇਹੀ ਕੰਪਨੀਆਂ ਮੁਲਾਜ਼ਮਾਂ ਨੂੰ ਆਪਣਾ ਵਿੱਤੀ ਬੋਝ ਘਟਾਉਣ ਦੇ ਨਾਂ ਹੇਠ ਬਹੁਤ ਘੱਟ ਤਨਖਾਹਾਂ ਤੇ ਨਿਸ਼ਚਿਤ ਕੰਮ ਦੇ ਘੰਟਿਆਂ ਤੋਂ ਜ਼ਿਆਦਾ ਕੰਮ ਲੈਂਦੀਆਂ ਹਨ। ਇਸ ਕਰਕੇ ਹੀ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਲੁੱਟ ਹੇਠ ਆਪਣੇ ਮੋਟੇ ਮੁਨਾਫ਼ੇ ਕਮਾਉਂਦੀਆਂ ਹਨ।

ਇਸ ਠੇਕੇਦਾਰੀ ਪ੍ਰਬੰਧ ਰਾਹੀਂ ਜਿੱਥੇ ਠੇਕਾ ਮੁਲਾਜ਼ਮ ਬਹੁਤ ਘੱਟ ਉਜ਼ਰਤਾਂ ’ਤੇ ਕੰਮ ਕਰਦੇ ਹਨ ਉੱਥੇ ਕੰਪਨੀ ਆਪਣੀ ਮਰਜ਼ੀ ਅਨੁਸਾਰ ਕਦੇ ਵੀ, ਕਿਸੇ ਵੀ ਮੁਲਾਜ਼ਮ ਨੂੰ ਕੰਮ ਤੋਂ ਕੱਢ ਸਕਦੀ ਹੈ। ਜਿਸਦੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਕਰਕੇ ਠੇਕਾ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਖੁੱਸ ਜਾਣ ਦਾ ਡਰ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ। ਬਹੁਤ ਸਾਰੇ ਠੇਕਾ ਮੁਲਾਜ਼ਮ ਜੋਖਮ ਵਾਲੀਆਂ ਥਾਵਾਂ ਤੇ ਕੰਮ ਕਰਦੇ ਹਨ ਪਰ ਉਹਨਾਂ ਨੂੰ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨਾਂ ਤੋਂ ਕੰਮ ਕਰਨਾ ਪੈਂਦਾ ਹੈ। ਉਹ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ ਜਾਂ ਫਿਰ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਪਿੱਛੋਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਲੰਬਾ ਸੰਘਰਸ਼ ਕਰਨਾ ਪੈਂਦਾ ਹੈ। 

ਇਹਨਾਂ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਆਰਥਿਕ, ਸਮਾਜਿਕ ਤੇ ਮਾਨਸਿਕ ਸੰਕਟ ’ਚੋਂ ਗੁਜ਼ਰ ਰਹੇ ਹਨ। ਪਾਵਰਕੌਮ ਅੰਦਰ ਪੈਸਕੋ ਕੰਪਨੀ ਵਿੱਚ ਕੰਮ ਕਰਦੇ ਹੋਏ ਠੇਕਾ ਮੁਲਾਜ਼ਮ ....ਸਿੰਘ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਉਹ 2014 ਤੋਂ ਲਹਿਰਾ ਮਹੁੱਬਤ ਵਿਖੇ ਥਰਮਲ ਵਿੱਚ ਕੰਮ ਕਰ ਰਿਹਾ ਹੈ। ਉਸ ਸਮੇਂ ਉਸਦੀ ਤਨਖਾਹ 6500 ਸੀ ਤੇ ਹੁਣ 8500 ਰੁਪਏ ਹੈ। ਉਹ ਸ਼ਹਿਰ ਵਿੱਚ ਇੱਕ ਕਮਰੇ ਦੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਘਰ ਦਾ ਕਿਰਾਇਆ, ਬਿਜਲੀ ਦਾ ਬਿੱਲ, ਦੁੱਧ ਤੇ ਹੋਰ ਰਾਸ਼ਨ ਤੇ ਬੱਚੇ ਦੀ ਪੜ੍ਹਾਈ ਆਦਿ ਦਾ ਖਰਚਾ ਲਗਭਗ 5000 ਹਜ਼ਾਰ ਹੈ। ਬਾਕੀ ਬਚਦੇ ਪੈਸੇ ਨਾਲ ਗੁਜ਼ਾਰਾ ਨਹੀਂ ਹੁੰਦਾ ਜਿਸ ਕਰਕੇ ਉਸਨੂੰ ਰਾਤ ਨੂੰ ਤੇ ਛੁੱਟੀ ਵਾਲੇ ਦਿਨ ਹੋਰ ਕੋਈ ਕਿਤੇ ਕੰਮ ਕਰਨਾ ਪੈਂਦਾ ਹੈ। ਘਰ ਵਿੱਚ ਕੋਈ ਜੀਅ ਬਿਮਾਰ ਹੋਣ ਤੇ ਇਲਾਜ ਕਰਵਾਉਣ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ ਇਸ ਲਈ ਉਸਨੂੰ ਕਰਜ਼ ਲੈਣਾ ਪੈਂਦਾ ਹੈ। ਉਸ ਦੇ ਅਨੁਸਾਰ ਬਹੁਤ ਵੱਡੀ ਗਿਣਤੀ ਠੇਕਾ ਮੁਲਾਜ਼ਮਾਂ ਮਾਈਕਰੋਫਾਈਨਾਂਸ ਕੰਪਨੀਆਂ ਦੀ ਜਕੜ ਵਿੱਚ ਹਨ। ਉਹ ਹੋਰ ਰਾਜ ਦਾ ਹੋਣ ਕਰਕੇ ਆਉਣ-ਜਾਣ ਦੇ ਖਰਚੇ ਦੇ ਡਰੋਂ ਜਲਦੀ ਕਿਤੇ ਆਪਣੇ ਘਰ ਵੀ ਨਹੀਂ ਜਾ ਸਕਦਾ। ਉਸਨੇ ਕਿਹਾ ਕਿ ਉਸਦੀ ਜ਼ਿੰਦਗੀ ਵਿੱਚ ਕੋਈ ਤਿਉਹਾਰ ਜਾਂ ਖੁਸ਼ੀ ਮਨਾਉਣੀ ਉਸਦੇ ਹਿੱਸੇ ਨਹੀਂ ਆਉਂਦੀ।

ਇਉਂ ਹੀ ਥਰਮਲ ਠੇਕਾ ਮੁਲਾਜ਼ਮਾਂ ਦੇ  ਇੱਕ ਆਗੂ ਨੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਸਨੇ 1998 ਵਿੱਚ ਥਰਮਲ ਲਹਿਰਾ ਮੁਹੱਬਤ ਵਿਖੇ ਆਪਣੀ ਨੌਕਰੀ ਦੀ ਸ਼ੁਰੂਆਤ 1000 ਰੁ. ਤਨਖਾਹ ਤੋਂ ਕੀਤੀ ਸੀ ਤੇ ਹੁਣ ਲਗਭਗ 24 ਸਾਲਾਂ ਬਾਅਦ 13000 ਰੁ. ਤਨਖਾਹ ਹੈ। 2011 ਤੱਕ ਉਸਨੂੰ ਕਿਰਾਏ ਦੇ ਮਕਾਨ ਵਿੱਚ ਰਹਿਣਾ ਪਿਆ। ਆਪਣਾ ਘਰ ਬਣਾਉਣ ਲਈ ਉਸਨੂੰ ਘਰ ਦੇ ਗਹਿਣੇ ਤੱਕ ਵੇਚਣੇ ਪਏ ਜਿਹੜੇ ਕਿ ਦੁਬਾਰਾ ਨਹੀਂ ਬਣੇ। ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਦਾ ਕਰਜ਼ ਲੈਣਾ ਪੈਂਦਾ ਹੈ। ਘਰ ਦਾ ਰਾਸ਼ਨ ਬਹੁਤ ਸੰਜਮ ਨਾਲ ਵਰਤਣਾ ਪੈਂਦਾ ਤਾਂ ਜੋ ਉਹ ਪੂਰਾ ਮਹੀਨਾ ਚੱਲ ਸਕੇ। ਉਹਨਾਂ ਦੇ ਖਾਣੇ ਵਿੱਚ ਪੌਸ਼ਟਿਕ ਅਹਾਰ ਜਿਵੇ ਕੋਈ ਫਲ, ਫਰੂਟ ਆਦਿ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਇਹ ਉਹਨਾਂ ਦੀ ਪਹੁੰਚ ’ਚ ਨਹੀਂ ਹੁੰਦਾ। ਅਕਸਰ ਘਰ ਵਿੱਚ ਮਜ਼ਬੂਰੀ ਵਿੱਚ ਤਰੀਦਾਰ ਦਾਲ ਜਾਂ ਸ਼ਬਜੀ ਬਣਾਈ ਜਾਂਦੀ ਹੈ ਤਾਂ ਜੋ ਵੱਧ ਡੰਗ ਵਰਤੀ ਜਾ ਸਕੇ। ਆਰਥਿਕ ਸੰਕਟ ਦੇ ਬੱਦਲ ਸਦਾ ਉਹਨਾਂ ਦੀ ਜ਼ਿੰਦਗੀ ’ਤੇ ਸਦਾ ਛਾਏ ਰਹਿੰਦੇ ਹਨ। ਉਸਦੇ ਅਨੁਸਾਰ ਬਹੁਤ ਸਾਰੇ ਠੇਕਾ ਮੁਲਾਜ਼ਮਾਂ ਅਜਿਹੀ ਗਿਣਤੀ ਵੀ ਹੈ ਜਿਹੜੇ ਇੱਕੋ ਕਮਰੇ ਦੀ ਛੱਤ ਹੇਠ ਤਿੰਨ-ਤਿੰਨ, ਚਾਰ-ਚਾਰ ਜੀਅ ਰਹਿ ਰਹੇ ਹਨ। ਭਾਵੇਂ ਠੇਕਾ ਮੁਲਾਜ਼ਮ ਸੰਘਰਸ਼ ਦੇ ਰਾਹ ’ਤੇ ਹਨ ਪਰ ਇਸ ਰਾਹ ’ਤੇ ਡਟੇ ਰਹਿਣ ਲਈ ਕਾਫ਼ੀ ਸਿਦਕ ਦਿਖਾਉਣਾ ਪੈਂਦਾ ਹੈ ਕਿਉਕਿ ਹੜਤਾਲਾਂ ਤੇ ਮੁਜਾਹਰਿਆਂ ਕਾਰਨ ਉਹਨਾਂ ਦੀ ਤਨਖਾਹ ਕੱਟੀ ਜਾਂਦੀ ਜਿਸ ਕਾਰਨ ਉਹਨਾਂ ਲਈ ਨਵੀਂ ਤਰ੍ਹਾਂ ਦਾ ਸੰਕਟ  ਬਣ ਜਾਂਦਾ ਹੈ। ਇੱਕ ਹਿੱਸਾ ਉਹ ਵੀ ਹੈ ਜਿਹੜਾ ਇਨਕਲਾਬੀ ਪ੍ਰੋਗਰਾਮ ਨਾਟਕ,ਮੇਲਾ ਆਦਿ ਤੇ ਜਾਣਾ ਚਾਹੁੰਦਾ ਹੈ ਪਰ ਆਉਣ-ਜਾਣ ਵਾਲੇ ਖ਼ਰਚੇ ਦੇ ਡਰੋਂ ਟਾਲਾ ਵੱਟਣਾ ਪੈਂਦਾ ਹੈ।

ਸਿੱਖਿਆ ਵਿਭਾਗ ਅੰਦਰ ਪ੍ਰਾਇਮਰੀ ਸਕਲੂ ਵਿੱਚ ਕੱਚੇ ਤੌਰ ’ਤੇ ਕੰਮ ਕਰ ਰਹੀਆਂ ਦੋ ਅਧਿਆਪਕਾਵਾਂ ਦੀ ਹਾਲਤ ਵੀ ਦੂਜੇ ਠੇਕਾ ਮੁਲਾਜ਼ਮਾਂ ਨਾਲੋਂ ਭਿੰਨ ਨਹੀਂ ਹੈ। ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ 2003 ਤੋਂ 1000 ਰੁ. ਨਾਲ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਤੇ ਹੁਣ ਉਸਨੂੰ 6000 ਰੁ. ਤਨਖਾਹ ਮਿਲ ਰਹੀ ਹੈ। ਪਤੀ ਅਤੇ ਪਤਨੀ ਦੀ ਦੋਨਾਂ ਤਨਖਾਹ ਮਿਲਾ ਕੇ 12000 ਰੁ. ਬਣਦੀ ਹੈ। ਘਰ ਦਾ ਕਿਰਾਇਆ, ਰਾਸ਼ਨ ਤੇ ਬੱਚੇ ਦੀ ਪੜ੍ਹਾਈ ਆਦਿ ਦਾ ਖਰਚਾ10000 ਰੁ. ਹੈ ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ, ਅਕਸਰ ਲੋਨ ਲੈਣ ਦੀ ਨੌਬਤ ਬਣੀ ਰਹਿੰਦੀ ਹੈ। ਕਈ ਵਾਰ ਰਾਸ਼ਨ ਲੈਣ ਲਈ ਵੀ ਰਿਸ਼ਤੇਦਾਰਾਂ, ਦੋਸਤਾਂ ਤੋਂ ਮੱਦਦ ਲੈਣੀ ਪੈਂਦੀ ਹੈ, ਢਿੱਡ ਨੂੰ ਝੁਲਕਾ ਦੇਣ ਲਈ ਕਈ-ਕਈ ਦਿਨ ਚੁੱਲੇ ਤੇ ਸਾਗ ਰਿੱਝਦਾ ਹੈ। ਦੂਜੀ ਅਧਿਆਪਕਾ ਜੋ ਕਿ ਛੋਟੀ ਕਿਸਾਨੀ ਨਾਲ ਸਬੰਧ ਰੱਖਦੀ ਹੈ ਉਸਨੇ ਨੇ ਵੀ ਆਪਣਾ ਹਾਲ ਬਿਆਨਦੇ ਹੋਏ ਕਿਹਾ ਕਿ ਭਾਵੇਂ ਉਸਦਾ ਅਹੁਦਾ ਅਧਿਆਪਕ ਦਾ ਹੈ ਪਰ ਉਸਦੀ ਤਨਖਾਹ ਬਹੁਤ ਘੱਟ ਹੈ ਜਿਸ ਕਰਕੇ ਉਸ ਕੋਲ ਰਹਿਣ ਲਈ ਘਰ ਵਿੱਚ ਢੁੱਕਵੀਂ ਥਾਂ ਨਹੀਂ ਜਿਸ ਕਾਰਨ ਰਿਸ਼ਤੇਦਾਰਾਂ ਨੂੰ ਘਰ ਤੋਂ ਆਉਣ ਲਈ ਵੀ ਮਨ੍ਹਾ ਕਰਨਾ ਪੈਂਦਾ ਹੈ। ਇਸ ਆਰਥਿਕ ਸੰਕਟ ਉਸਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਸੀ। 

ਉੱਪਰ ਬਿਆਨੇ ਹਾਲਤਾਂ ਤੋ ਪਤਾ ਲੱਗ ਸਕਦਾ ਹੈ ਕਿ ਇਹ ਠੇਕਾ ਮੁਲਾਜ਼ਮ ਕਿਸ ਪੱਧਰ ਦੀ ਜ਼ਿੰਦਗੀ ਜੀਅ ਰਹੇ ਹਨ। ਉਹ ਕਿਸ ਤਰ੍ਹਾਂ ਆਰਥਿਕ, ਸਮਾਜਿਕ ਤੇ ਮਾਨਸਿਕ ਸੰਕਟ ਵਿੱਚ ਗ੍ਰਸੇ ਹੋਏ ਹਨ। ਉਪਰੋਕਤ ਬਿਆਨੀਆਂ ਹਾਲਤਾਂ ਠੇਕਾ ਮੁਲਾਜ਼ਮਾਂ ਦੀ ਜ਼ਿੰਦਗੀ ਦੀਆਂ ਝਲਕਾਰਾਂ ਮਾਤਰਾ ਹਨ ਇਹਨਾਂ ਦੀ ਗਿਣਤੀ ਬਹੁਤ ਵੱਡੀ ਬਣਦੀ ਹੈ ਜੋ ਸਾਮਰਾਜੀ ਨੀਤੀਆਂ ਦੀ ਮਾਰ ਆਪਣੇ ਪਿੰਡੇ ’ਤੇ ਹੰਢਾ ਰਹੇ ਹਨ.......


 ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੇਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਜ਼ਰੂਰੀ ਰੁਝੇਂਵੇ ਦਾ ਬਹਾਨਾ ਦੇ ਕੇ ਲਗਾਤਾਰ ਸੱਤਵੀਂ ਵਾਰ ਮੀਟਿੰਗ ਕਰਨ ਤੋਂ ਟਾਲਾ ਵੱਟ ਗਿਆ ਹੈ। ਇਸ ਕਰਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਆਪਣਾ ਸੰਘਰਸ਼ ਹੋਰ ਤੇਜ ਕਰਦੇ ਹੋਏ ਕਿਹਾ ਕਿ ਸਮੂਹ ਠੇਕਾ ਕਾਮੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਘਰਾਂ/ਦਫ਼ਤਰਾਂ ਅੱਗੇ ਰਾਤ ਸਮੇਂ ਸ਼ਹਿਰ ’ਚ ਪਰਿਵਾਰਾਂ ਸਮੇਤ ਜਾਗੋ ਕੱਢ ਕੇ ਸਾਰੀ ਰਾਤ ਜਗਰਾਤੇ ਕਰਨਗੇ। ਸਵੇਰੇ ਦੇ ਸਮੇਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਠੇਕਾ ਮੁਲਾਜ਼ਮ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰਨਗੇ। ਉਹਨਾਂ ਨੇ ਕਿਹਾ ਕੇ ਏਨੀ ਕਹਿਰ ਦੀ ਠੰਡ ਦੌਰਾਨ ਰਾਤਾਂ ਜਾਗ ਕੇ ਪਰਿਵਾਰਾਂ ਸਮੇਤ ਸੰਘਰਸ਼ ਕਰਨਾ ਉਹਨਾਂ ਦਾ ਕੋਈ ਸ਼ੌਕ ਨਹੀਂ ਸਗੋਂ ਮਜ਼ਬੂਰੀ ਹੈ ਕਿਉਂਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਕਰਨ ਦੀ ਥਾਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਵੀ ਭੱਜ ਰਹੀ ਹੈ। ਉਹਨਾਂ ਨੇ ਮੰਗ ਕੀਤੀ ਕਿ ਬਾਹਰੋਂ ਸਿੱਧੀ ਭਰਤੀ ਕਰਨ ਦੀ ਬਜਾਇ ਠੇਕਾ ਮੁਲਾਜ਼ਮਾਂ ਨੂੰ ਉਹਨਾਂ ਦੇ ਵਿਭਾਗਾਂ ਅੰਦਰ ਪਹਿਲ ਦੇ ਅਧਾਰ ’ਤੇ ਰੈਗੂਲਰ ਕੀਤਾ ਜਾਵੇ, ਵਿਭਾਗਾਂ ਅੰਦਰ ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ ਤੇ ਹੋਰ ਬਾਕੀ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। 




   

No comments:

Post a Comment