Wednesday, November 20, 2019

ਘਰ ਘਰ ਪੁੱਜਿਆ ਮਨਜੀਤ ਧਨੇਰ ਦੀ ਰਿਹਾਈ ਦਾ ਸੰਘਰਸ਼

ਘਰ ਘਰ ਪੁੱਜਿਆ ਮਨਜੀਤ ਧਨੇਰ ਦੀ ਰਿਹਾਈ ਦਾ ਸੰਘਰਸ਼
ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ 3 ਸਤੰਬਰ ਦੇ ਫੈਸਲੇ ਨੂੰੇਲੋਕ ਕਚਹਿਰੀ ਦੀ ਵਿਸ਼ਾਲ ਜਨਤਕ ਜਮਹੂਰੀ ਤਾਕਤ ਨੇ ਠੁਕਰਾ ਕੇ ਡੇਢ ਮਹੀਨੇ ਤੋਂ ਇਹਦੇ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ।
ਕੋਰਟ ਦੇ ਫੈਸਲੇ 'ਤੇ ਤੁਰੰਤ ਰੋਸ ਪ੍ਰਗਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁੰਨਾਂ ਨੇ ਪਿੰਡ ਪਿੰਡ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦੀ ਝੜੀ ਲਾ ਦਿੱਤੀ। ਪਹਿਲੇ ਹੀ ਦਿਨ 100 ਤੋਂ ਵੱਧ ਪਿੰਡਾਂ ਸਮੇਤ ਅਗਲੇ 3-4 ਦਿਨ ਜਾਰੀ ਰਹੀ ਇਸ ਮੁਹਿੰਮ ਦੌਰਾਨ ਸੈਂਕੜੇ ਪਿੰਡਾਂ 'ਚ ਅਜਿਹੇ ਰੋਸ ਮੁਜਾਹਰੇ ਹੋਏ। ਪਿੰਡ ਪਿੰਡ ਇਹ ਨਾਹਰੇ ਗੂੰਜੇ, ''ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ,'' ''ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਾਕੇ ਰਹਾਂਗੇ।'' ਕਿਸਾਨ ਜਨਤਾ ਦੀਆਂ ਮਨੋ-ਭਾਵਨਾਵਾਂ ਦੀ ਰੋਹਲੀ ਹੂਕ ਬਣਕੇ ਉੱਭਰੇ ਇਹ ਮੁਜਾਹਰੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੋਂ ਕਿਸੇ ਅਗਲੇ ਸੱਦੇ ਲਈ ਤੀਬਰਤਾ ਨਾਲ ਉਡੀਕਵਾਨ ਸਨ।
ਸੰਘਰਸ਼ ਕਰਨ ਜੁਟੀਆਂ ਜਥੇਬੰਦੀਆਂ ਇਸ ਸਪਸ਼ਟਤਾ ਨਾਲ ਤੁਰੀਆਂ ਕਿ ਮਨਜੀਤ ਧਨੇਰ ਨੂੰ ਕੀਤੀ ਉਮਰ ਕੈਦ ਦੇ ਮਾਮਲੇ ਨੂੰ ਕਿਸੇ 'ਕੱਲੀ ਕਹਿਰੀ ਘਟਨਾ ਵਜੋਂ ਨਹੀਂ ਲੈਣਾ ਚਾਹੀਦਾ, ਇਸ ਨੂੰ ਲੋਕ ਲਹਿਰ 'ਤੇ ਹਮਲੇ ਵਜੋਂ ਲਿਆ ਜਾਣਾ ਚਾਹੀਦਾ ਹੈ, ਮੌਜੂਦਾ ਭਾਜਪਾ ਹਾਕਮਾਂ ਦੇ ਤੇਜੀ ਨਾਲ ਵਧ ਰਹੇ ਜਾਬਰ ਹਮਲੇ ਦੇ ਪ੍ਰਸੰਗ 'ਚ ਲਿਆ ਜਾਣਾ ਚਾਹੀਦਾ ਹੈ ਜਿਸਦੀ ਮਾਰ ਹੇਠ ਸਮੁੱਚੇ ਮਿਹਨਤਕਸ਼ ਲੋਕਾਂ ਤੋਂ ਇਲਾਵਾ ਲੋਕ ਲਹਿਰਾਂ ਦੇ ਹਮਾਇਤੀ ਵੀ ਆ ਰਹੇ ਹਨ। ਬੀ ਕੇ ਯੂ  ਉਗਰਾਹਾਂ ਦਾ ਕਹਿਣਾ ਸੀ ਕਿ ਸਿਰ ਆ ਪਏ ਇਸ ਮਹੱਤਵਪੂਰਨ ਮਸਲੇ ਦੇ ਪ੍ਰਸੰਗ 'ਚ ਉਹਨਾਂ ਨੇ ਝੋਨੇ ਦੀ ਕਟਾਈ  ਤੋਂ ਪਹਿਲੇ ਇਹਨਾਂ ਹੀ ਦਿਨਾਂ 'ਚ ਨਸ਼ਿਆਂ ਅਤੇ ਕਰਜੇ ਨਾਲ ਸਬੰਧਤ ਮੁੱਦਿਆਂ 'ਤੇ ਸ਼ੁਰੂ ਕੀਤੀ ਜਾਣ ਵਾਲੀ ਜਨਤਕ ਮੁਹਿੰਮ ਨੂੰ ਹਾਲ ਦੀ ਘੜੀ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ।
8
ਸਤੰਬਰ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਤੇ ਹੋਰ ਸਮਾਜਕ ਹਿੱਸਿਆਂ ਨੂੰ ਸ਼ਾਮਲ ਕਰਕੇ 42 ਜੱਥੇਬੰਦੀਆਂ 'ਤੇ ਅਧਾਰਤ 'ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਾਉਣ ਲਈ ਸੰਘਰਸ਼ ਕਮੇਟੀ' ਨੇ ਐਲਾਨ ਕੀਤਾ ਕਿ ਇੱਕ ਵਿਸ਼ਾਲ ਜਨਤਕ ਲਾਮਬੰਦੀ ਵਾਲੇ ਜਾਨ ਹੂਲਵੇਂ ਸੰਘਰਸ਼ ਦੀ ਤਾਕਤ ਦੇ ਸਿਰ 'ਤੇ ਹੀ ਅਸੀਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾ ਸਕਦੇ ਹਾਂ। ਸਭਨਾਂ ਨੇ ਅਜਿਹੇ ਸ਼ੰਘਰਸ਼ ਦਾ ਜੱਕ ਬੰਨ੍ਹਣ 'ਤੇ ਭਰੋਸੇ ਦਾ ਪ੍ਰਗਟਾਵਾ ਕੀਤਾ।
8
ਸਤੰਬਰ ਨੂੰ ਸੰਘਰਸ਼ ਕਮੇਟੀ ਦਾ ਗਠਨ ਕਰਨ ਤੋਂ ਬਾਅਦ 11 ਸਤੰਬਰ ਨੂੰ ਇੱਕ ਵੱਡਾ ਡੈਪੂਟੇਸ਼ਨ ਉਮਰ ਕੈਦ ਰੱਦ ਕਰਨ ਦੇ ਸੁਆਲ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਮਿਲਿਆ। ਮਗਰੋਂ ਇੱਕ ਪ੍ਰੈਸ ਕਾਨਫਰੰਸ ਕਰਕੇ 20 ਤਾਰੀਕ ਨੂੰ ਪਟਿਆਲੇ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ
ਪਟਿਆਲੇ ਧਰਨੇ ਦੀ ਗੂੰਜ ਰਾਜਧਾਨੀ ਤੱਕ
20
ਤਾਰੀਕ ਨੂੰ ਪਟਿਆਲੇ ਧਰਨੇ ਦਾ ਐਲਾਨ ਪਹਿਲਾਂ ਹੀ ਹੋ ਚੁਕਿਆ ਸੀ। ਪੋਸਟਰ ਜਾਰੀ ਹੋ ਚੁੱਕਿਆ ਸੀ, ਪਿੰ੍ਰਟ ਤੇ ਸੋਸ਼ਲ ਮੀਡੀਆ 'ਤੇ ਇਸ ਐਲਾਨ ਦਾ ਸੰਚਾਰ ਹੋ ਰਿਹਾ ਸੀ। ਪੁਲਸ ਪ੍ਰਸਾਸ਼ਨ ਨੇ ਕੰਨ ਚੱਕ ਲਏ ਸਨ। ਪ੍ਰਸਾਸ਼ਨ ਅਦਾਲਤੀ ਫੈਸਲੇ 'ਤੇ ਕਿਸਾਨ ਜਥੇਬੰਦੀਆਂ ਦੇ ਪ੍ਰਤੀਕਰਮ ਨੂੰ ਟੋਹਣਾ ਚਾਹੁੰਦਾ ਸੀ।  ਉਸ ਨੇ ਕੁੱਝ ਆਗੂ ਕਾਰਕੁੰਨਾ ਨੂੰ ਮਿਲਕੇ ਆਪਸੀ ਸਹਿਮਤੀ ਦੇ ਅਧਾਰ 'ਤੇ ਕੋਈ ਹੱਲ ਕੱਢਣ ਵਜੋਂ ਤਜਵੀਜ਼ 'ਤੇ ਸੋਚ-ਵਿਚਾਰ ਕਰਨ ਦੀ ਗੱਲ ਲਿਆਂਦੀ। ਕਿਸਾਨ ਆਗੂਆਂ ਨੇ ਇਸ ਤਜਵੀਜ਼ ਨੂੰ ਰੱਦ ਕਰਦੇ ਹੋਏੇ ਐਲਾਨ ਕੀਤਾ ਕਿ ਸ਼ਹਿਰ 'ਚ ਵੜਨਾ ਸਾਡਾ ਜਮਹੂਰੀ ਹੱਕ ਹੈ। ਅਸੀਂ ਆਵਾਂਗੇ ਤਾਂ ਆਪਣੀ ਜਨਤਕ ਜਥੇਬੰਦਕ ਤਾਕਤ ਦੇ ਜੋਰ 'ਤੇ ਆਵਾਂਗੇ।
20
ਤਾਰੀਕ ਨੂੰ ਵੱਖ ਵੱਖ ਜਿਲ੍ਹਿਆਂ ਤੋਂ4000 ਦੇ ਕਰੀਬ ਕਿਸਾਨਾਂ ਨੇ ਪਟਿਆਲੇ ਵੱਲ ਕੂਚ ਕੀਤਾ। ਭਾਰੀ ਪੁਲਸ ਨਫਰੀ ਵੱਲੋਂ ਮਹਿਮਦਪੁਰ ਨਾਕਾ ਲਾ ਕੇ ਕਿਸਾਨਾਂ ਨੂੰ ਰੋਕਿਆ ਗਿਆ। ਕਿਸਾਨਾਂ ਨੇ ਸ਼ਾਮ ਤੱਕ ਸੜਕ ਜਾਮ ਰੱਖੀ ਅਤੇ ਫਿਰ ਐਲਾਨ ਕਰਕੇ ਦਾਣਾ ਮੰਡੀ 'ਚ ਪੱਕਾ ਮੋਰਚਾ ਲਾ ਲਿਆ ਅਤੇ 22 ਤਾਰੀਕ ਨੂੰ ਵੱਡੀ ਗਿਣਤੀ 'ਚ ਇੱਕਠੇ ਹੋ ਕੇ ਸ਼ਹਿਰ ਮਾਰਚ ਕਰਨ ਦਾ ਐਲਾਨ ਕੀਤਾ। ਇਸ ਦਿਨ ਸੈਂਕੜੇ ਔਰਤਾਂ ਸਮੇਤ 6000 ਦੇ ਲਗਭਗ ਕਿਸਾਨ ਧਰਨੇ 'ਚ ਪਹੁੰਚੇ ਹੋਏ ਸਨ। ਪੁਲਸ ਨੇ ਵੱਡੇ ਟਿੱਪਰਾਂ ਰਾਹੀਂ ਅਗਾਊਂ ਹੀ ਪਟਿਆਲੇ ਨੂੰ ਜਾਂਦੀ ਸੜਕ ਜਾਮ ਕਰ ਰੱਖੀ ਸੀ। ਕਿਸਾਨ ਆਗੂਆਂ ਦੀ ਪੁਲਸ ਨਾਲ ਚੱਲੀ ਬਹਿਸ ਦਾ ਸਿੱਟਾ ਇਹ ਨਿਕਲਿਆ ਕਿ ਪ੍ਰਸਾਸ਼ਨ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ 26 ਤਾਰੀਕ ਦੀ ਮੀਟਿੰਗ ਰਖਵਾਉਣੀ ਪਈ।
ਪੁਲਸ ਤੇ ਸਿਵਲ ਪ੍ਰਸਾਸ਼ਨ ਕਿਸਾਨਾਂ ਦੇ ਦਮ-ਖਮ ਨੂੰ ਜੋਹ ਰਿਹਾ ਸੀ। ਅਗਲੇ 2-3 ਦਿਨ ਧਰਨੇ 'ਚ ਮੁਕਾਬਲਤਨ ਘਟੀ ਗਿਣਤੀ ਉਹਨਾਂ ਨੂੰ ਧਰਵਾਸ ਦੇ ਰਹੀ ਸੀ। ਪਰ ਸੰਘਰਸ਼ ਕਮੇਟੀ ਪੱਕੇ ਮੋਰਚੇ ਦੀ ਲੰਮੀਂ ਮਿਆਦ ਨੂੰ ਧਿਆਨ 'ਚ ਰਖਦਿਆਂ ਵੱਡੇ ਭਰਵੇਂ ਇਕਠਾਂ ਦੇ ਵਿੱਚ ਵਿੱਚ ਹਲਕੇ ਇੱਕਠਾਂ ਰਾਹੀਂ  ਕਿਸਾਨਾਂ ਨੂੰ ਦਮ ਦੁਆਉਣ ਦੇ ਪੈਂਤੜੇ ਅਨੁਸਾਰ ਚੱਲ ਰਹੀ ਸੀ।
26
ਤਾਰੀਕ ਨੂੰ ਜਦ ਸੰਘਰਸ਼ ਕਮੇਟੀ ਦੇ ਕੁੱਝ ਆਗੂ ਚੰਡੀਗੜ੍ਹ ਪ੍ਰਮੁੱਖ ਸਕੱਤਰ ਨਾਲ ਗੱਲਬਾਤ ਲਈ ਗਏ ਹੋਏ ਸਨ, 500 ਔਰਤਾਂ ਸਮੇਤ 10 ਹਜ਼ਾਰ ਦੇ ਕਰੀਬ ਕਿਸਾਨਾਂ ਦਾ ਇੱਕਠ ਧਰਨੇ 'ਚ ਜੁੜਿਆ ਹੋਇਆ ਸੀ। ਪ੍ਰਮੁੱਖ ਸਕੱਤਰ ਨਾਲ ਮੀਟਿੰਗ 'ਚ ਪਤਾ ਲੱਗਿਆ ਕਿ ਹਾਈਕੋਰਟ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਬਹਾਲ ਰੱਖਣ ਦੇ ਫੈਸਲੇ ਮਗਰੋਂ ਲੋਕ ਦਬਾਅ ਤਹਿਤ ਸਜ਼ਾ ਮੁਆਫ ਕਰਾਉਣ ਲਈ ਭੇਜੀ ਅਪੀਲ ਦਾ ਹਸ਼ਰ ਇਹ ਹੋਇਆ ਕਿ ਸਬੰਧਤ ਫਾਈਲ ਸਰਕਾਰ ਕੋਲ ਦੱਬੀ ਪਈ ਰਹੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਵਰਨਰ ਨੇ ਕੁੱਝ ਸਪਸ਼ਟੀਕਰਨ ਮੰਗੇ ਸਨ ਜੋ ਸਰਕਾਰ ਨੇ ਭੇਜੇ ਹੀ ਨਹੀਂ ਤੇ ਫਾਈਲ ਸਾਂਭੀ ਪਈ ਰਹੀ। ਸਰਕਾਰ ਨੇ ਧਨਾਢ-ਜਗੀਰਦਾਰ ਪੱਖੀ ਆਪਣੇ ਕਿਰਦਾਰ ਦਾ ਸਬੂਤ ਦੇ ਦਿੱਤਾ ਸੀ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਕੀਤੀ ਪੁੱਛ-ਪੜਤਾਲ ਦਾ ਜੁਆਬ ਨਾ ਮਿਲਣ 'ਤੇ ਉਸਨੇ ਹਾਈਕੋਰਟ ਦੇ ਫੈਸਲੇ ਨੂੰ ਹੀ ਬਹਾਲ ਰੱਖਕੇ ਆਪਣੇ ਢੰਗ ਨਾਲ ਸਰਕਾਰ ਦੀ ਹਾਮੀ ਭਰੀ।  ਕਿਸਾਨ ਆਗੂਆਂ ਨੇ ਇਸ ਨੂੰ ਸਧਾਰਨ ਅਣਗਹਿਲੀ ਦੀ ਬਜਾਏ ਸੋਚੀ ਸਮਝੀ ਸਕੀਮ ਸਮਝਦੇ ਹੋਏ ਰੋਸ ਜਾਹਰ ਕੀਤਾ ਅਤੇ ਇਤਰਾਜ ਦਰਜ ਕਰਾਇਆ।
ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਦਾ ਲੋਕ ਆਗੂਆਂ ਨੂੰ ਸਬਕ ਸਿਖਾਉਣ ਤੇ ਧਨਾਢ-ਜਗੀਰੂ ਜਮਾਤ ਨਾਲ ਲੁਕਵੀਂ ਵਫਾਦਾਰੀ ਪੁਗਾਉਣ ਦਾ ਮਾਮਲਾ ਸਪਸ਼ਟ ਰੂਪ 'ਚ ਸਾਹਮਣੇ ਆਇਆ ਹੈ। ਪ੍ਰਮੁੱਖ ਸਕੱਤਰ ਨੇ ਜਦ ਨਵੇਂ ਸਿਰੇ ਤੋਂ ਕਾਰਵਾਈ ਕਰਨ ਦਾ ਵਚਨ ਕਰਦਿਆਂ ਵਿਸ਼ਵਾਸ਼ ਬਨ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਕਾਰਕੁੰਨਾਂ ਨੇ ਸਖਤ ਰੁਖ਼ ਅਖਤਿਆਰ ਕਰਦਿਆਂ ਧਰਨੇ 'ਤੇ ਬੈਠੇ ਹਜ਼ਾਰਾਂ ਕਿਸਾਨਾਂ ਦਾ ਵੇਰਵਾ ਪਾਇਆ ਕਿ ਹਜ਼ਾਰਾਂ ਕਿਸਾਨਾਂ ਦੇ ਉਸ 'ਕਠ ਦੀ ਬਦੌਲਤ ਹੀ ਅੱਜ ਉਹ ਗੱਲਬਾਤ ਦੀ ਇਸ ਮੇਜ਼ 'ਤੇ ਬੈਠੇ ਹਨ ਅਤੇ ਆਵਦੀ ਤੱਸਲੀ ਅਨੁਸਾਰ ਗਵਰਨਰ ਨੂੰ ਫਾਈਲ ਭੇਜਣ ਦਾ ਪ੍ਰਬੰਧ ਕਰਵਾਇਆ।
ਬਰਨਾਲਾ ਜੇਲ ਮੂਹਰੇ ਲੱਗਿਆ ਮੋਰਚਾ
26
ਸ਼ਾਮ ਨੂੰ ਧਰਨਾ ਸਮਾਪਤ ਕਰਕੇ ਸੰਘਰਸ਼ ਕਮੇਟੀ ਦੇ ਆਗੂ 30 ਤਾਰੀਕ ਨੂੰ ਇੱਕ ਵੱਡਾ 'ਕਠ ਕਰਕੇ ਮਨਜੀਤ ਧਨੇਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਜੁਟ ਗਏ। 30 ਨੂੰ ਘੱਟੋ-ਘੱਟ 10 ਹਜ਼ਾਰ ਕਿਸਾਨ ਮਰਦ ਔਰਤਾਂ ਦੇ ਇੱਕਠ ਨੇ ਬਰਨਾਲਾ ਸ਼ਹਿਰ 'ਚ ਮਾਰਚ ਕਰਕੇ  ਦਾਣਾ ਮੰਡੀ 'ਚ ਰੈਲੀ ਕੀਤੀ। ਕਿਸਾਨ ਆਗੂਆਂ ਨੇ ਵੱਖੋ ਵੱਖਰੇ ਅੰਦਾਜ਼ 'ਚ ਮਨਜੀਤ ਧਨੇਰ ਦੀ ਸਜ਼ਾ ਨੂੰ ਭਾਜਪਾਈ ਹਾਕਮਾਂ ਦੇ  ਵਧ ਰਹੇ ਜਾਬਰ ਕਦਮਾਂ ਵਜੋਂ ਦੇਖਣ-ਸਮਝਣ ਦੇ ਐਲਾਨ ਕੀਤੇ ਅਤੇ ਇਹਨਾਂ ਨੂੰ ਰੋਕਣ ਲਈ ਵਿਸ਼ਾਲ ਸਾਂਝੀ ਲੋਕ ਲਹਿਰ ਉਸਾਰਨ ਦੀ ਅਣਸਰਦੀ ਲੋੜ ਨੂੰ ਉਭਾਰਿਆ। ਦਾਣਾ ਮੰਡੀ ਤੋਂ ਜਿਲ੍ਹਾ ਕਚਹਿਰੀਆਂ ਤੱਕ ਇਸ ਵਿਸ਼ਾਲ ਇੱਕਠ ਨੇ ਪੌਣੇ ਘੰਟੇ 'ਚ ਪੈਂਡਾ ਤਹਿ ਕੀਤਾ। ਆਪੋ ਆਪਣੇ ਵਹੀਕਲਾਂ 'ਤੇ ਕੀਤੇ ਇਸ ਮਾਰਚ ਦਾ ਅਗਲਾ ਹਿੱਸਾ ਜਦ ਕਚਹਿਰੀ ਪਹੁੰਚ ਚੁੱਕਾ ਸੀ,ਮਗਰਲੇ ਹਿੱਸੇ ਨੂੰ ਮੰਡੀ ਤੋਂ ਚੱਲਣ 'ਚ ਅਜੇ 15 ਮਿੰਟ ਲੱਗਣੇ ਸਨ। ਕਚਹਿਰੀ 'ਚ ਰੈਲੀ ਦੌਰਾਨ ਡੀ ਸੀ ਦਫਤਰ  ਪੂਰੀ ਤਰ੍ਹਾੰ ਕਿਸਾਨਾਂ ਨੇ ਘੇਰਿਆ ਹੋਇਆ ਸੀ। ਸਿਰੇ ਦੇ ਜੋਸ਼-ਖਰੋਸ਼ ਨਾਲ ਆਕਾਸ਼ ਗੁੰਜਾਊ ਨਾਹਰੇ ਮਾਰਦਾ ਇਹ ਵਿਸ਼ਾਲ ਇਕੱਠ ਕਚਹਿਰੀ ਪਹੁੰਚਿਆ ਸੀ। ਹਜ਼ਾਰਾਂ ਕਿਸਾਨਾਂ ਦੇ ਰੋਹ ਭਰੇ ਜੋਸ਼ੀਲੇ ਮਾਰਚ ਦਾ ਦ੍ਰਿਸ਼ ਅਦਾਲਤ ਦੇ ਵਿਹੜੇ 'ਚ ਆਪਣਾ ਖਾੜਕੂ ਪ੍ਰਭਾਵ ਛੱਡ ਰਿਹਾ ਸੀ ਅਤੇ ਅਦਾਲਤੀ ਅਮਲੇ ਫੈਲੇ ਦੇ ਮਨਾਂ 'ਤੇ ਆਪਣੀ ਸਫਲਤਾ 'ਤੇ ਭਰੋਸੇ ਦੀ ਮੋਹਰਛਾਪ ਲਾ ਰਿਹਾ ਸੀ। ਸਿਰੇ ਦੇ ਜਜ਼ਬਾਤੀ ਮਹੌਲ 'ਚ ਅਤੇ ''ਕੀ ਕਰਨਗੇ ਜੇਲ੍ਹਾੰ ਥਾਣੇ, ਲੋਕਾਂ ਦੇ ਹੜ੍ਹ ਵਧਦੇ ਜਾਣੇ,'' ''ਕੇਂਦਰ ਤੇ ਪੰਜਾਬ ਸਰਕਾਰ,ਮਰਦਾਬਾਦ'' ''ਲੋਕ ਏਕਤਾ-ਜਿੰਦਾਬਾਦ'' ਆਦਿ ਨਾਹਰਿਆਂ ਦੀ ਛਾਂ ਹੇਠ  ਮਨਜੀਤ ਧਨੇਰ ਨੂੰ ਪੇਸ਼ ਕੀਤਾ ਗਿਆ। ਇਸ ਉਪਰੰਤ ਇਹ ਵਿਸ਼ਾਲ ਇਕੱਠ ਮਾਰਚ ਕਰਦਾ ਹੋਇਆ ਜੇਲ੍ਹ ਗੇਟ 'ਤੇ ਪਹੁੰਚਿਆ ਅਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ।
ਔਰਤਾਂ ਮੱਲਿਆ ਪਿੜ
ਇੱਕ ਤਾਰੀਕ ਤੋਂ ਬਾਅਦ 7 ਨੂੰ ਵਿਸ਼ੇਸ਼ ਤੌਰ 'ਤੇ ਔਰਤਾਂ ਦਾ ਵੱਡਾ 'ਕੱਠ ਸੀ, ਜਿਸ ਦੀ ਕੁੱਲ 4500 ਤੋਂ ਉਪਰ ਗਿਣਤੀ ਵਿੱਚ 3000 ਦੇ ਕਰੀਬ ਔਰਤਾਂ ਸਨ। ਅੱਜ ਪੰਡਾਲ ਦਾ ਦ੍ਰਿਸ਼ ਅਜਿਹਾ ਸੀ ਕਿ ਪੂਰੇ ਦੇ ਪੂਰੇ ਪੰਡਾਲ 'ਤੇ ਔਰਤਾਂ ਦਾ ''ਕਬਜਾ'' ਸੀ , ਸਟੇਜ ਦਾ ਪੂਰਾ ਪ੍ਰਬੰਧ ਔਰਤਾਂ ਕੋਲ ਸੀ, ਸਟੇਜ ਸਕੱਤਰ ਤੇ ਬੁਲਾਰੇ ਔਰਤਾਂ 'ਚੋਂ ਹੀ ਸਨ। ਔਰਤਾਂ ਨੇ ਇਹਨਾਂ ਜੁੰਮੇਵਾਰੀਆਂ ਨੂੰ ਬਾਖੂਬ ਨਿਭਾਇਆ ਅਤੇ ਵਾਹਵਾ ਖੱਟੀ। ਪੂਰੇ ਦਿਨ ਦੀ ਆਪਣੀ ਇਸ ਕਾਰਵਾਈ ਰਾਹੀਂ ਅਤੇ ਘੰਟਾ ਭਰ ਜੇਲ੍ਹ ਦਾ ਘਿਰਾਉ ਕਰਨ ਰਾਹੀਂ ਉਹਨਾਂ ਨੇ ਨਾ ਸਿਰਫ ਸੰਘਰਸ਼ ਪ੍ਰਤੀ ਆਪਣੇ ਡੂੰਘੇ ਸਰੋਕਾਰ ਅਤੇ ਮਚਲਦੀਆਂ ਖਾੜਕੂ ਮਨੋ-ਬਿਰਤੀਆਂ ਦਾ ਪ੍ਰਗਟਾਵਾ ਕੀਤਾ,  ਸਗੋਂ ਲੀਡਰਸ਼ਿਪ ਦੀ ਆਪਣੀ ਸਮਰੱਥਾ ਦੀ ਵੀ ਚੰਗੀ ਮਿਸਾਲ ਪੇਸ਼ ਕੀਤੀ।
ਸਾਹਿਤਕਾਰਾਂ ਨੇ ਆ ਪਾਈ ਜੋਟੀ
14
ਤਾਰੀਕ ਨੂੰ 9-10 ਹਜ਼ਾਰ ਦੇ ਵੱਡੇ 'ਕਠ 'ਚ ਇੱਕ ਹਜ਼ਾਰ ਦੇ ਕਰੀਬ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਨੇ ਛਹਿਬਰ ਲਾਈ। ਇੱਕ ਘੰਟੇ ਤੋਂ ਉਪਰ ਸਮਾਂ ਜਦ ਸਟੇਜ ਉਹਨਾਂ ਦੇ ਹੱਥ 'ਚ ਸੀ, ਮੌਜੂਦਾ ਰਾਜ ਪ੍ਰਬੰਧ ਦੇ ਉਨ•ਾਂ ਦੱਬ ਕੇ ਬਖੀਏ ਉਧੇੜੇ। ਉਹਨਾਂ  ਨੇ ਹਾਕਮ ਜਮਾਤੀ ਵਿਕਾਸ ਮਾਡਲ ਦੇ ਨਾਂਅ 'ਤੇ ਚੁੱਕੇ ਜਾ ਰਹੇ ਵੱਖ ਵੱਖ ਕਦਮਾਂ ਰਾਹੀਂ ਸਮੁੱਚੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਦੇ ਕੀਤੇ ਜਾ ਰਹੇ ਘਾਣ ਨੂੰ ਖੋਲ੍ਹਕੇ ਬਿਆਨ ਕੀਤਾ ਜਿਸ ਰਾਹੀਂ ਲੱਖਾਂ ਕਾਰੋਬਾਰ ਤਬਾਹ ਹੋ ਰਹੇ ਹਨ, ਮਜ਼ਦੂਰ ਵਿਹਲੇ ਹੋ ਰਹੇ ਹਨ, ਨੌਜਵਾਨ ਬੇਰੁਜ਼ਗਾਰਾਂ ਦੀਆਂ ਭੀੜਾਂ ਜਮ੍ਹਾਂ ਹੋ ਰਹੀਆਂ ਹਨ, ਕਿਸਾਨ ਮਜ਼ਦੂਰ ਕਰਜਾਈ ਹੋ ਰਹੇ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜ਼ਬੂਰ ਹੋ ਰਹੇ ਹਨ। ਹਾਕਮਾਂ ਵੱਲੋਂ ਕਾਲੇ ਕਾਨੂੰਨਾਂ ਰਾਹੀਂ ਆਪਣੇ ਜਾਬਰ ਦੰਦ ਹੋਰ ਤਿੱਖੇ ਕੀਤੇ ਜਾ ਰਹੇ ਹਨ। ਕਲਾਕਾਰਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਲੋਕ ਲਹਿਰਾਂ ਦੇ ਹਮਾਇਤੀ ਹਿੱਸਿਆਂ ਨੂੰ ਇਹਨਾਂ ਜਾਬਰ ਕਦਮਾਂ ਦੀ ਮਾਰ ਹੇਠ ਘੜੀਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਖੁੱਲ੍ਹੀ ਛੁੱਟੀ ਦੇਣ ਦੇ ਨਾਲ ਨਾਲ ਸਿਆਸੀ ਛਤਰੀ ਮੁਹੱਈਆ ਕੀਤੀ ਜਾ ਰਹੀ ਹੈ। ਵੱਖ ਵੱਖ ਬੁਲਾਰਿਆਂ ਨੇ ਇਸ ਸੰਘਰਸ਼ ਨਾਲ ਆਪਣੀ ਯਕਯਹਿਤੀ  ਜਾਹਰ ਕਰਦੇ ਹੋਏ ਮਿਹਨਤਕਸ਼ ਲੋਕਾਂ ਨਾਲ ਆਪਣੇ ਨਜ਼ਦੀਕੀ ਰਿਸ਼ਤੇ ਦਾ ਪ੍ਰਗਟਾਵਾ ਕੀਤਾ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਪਣੇ ਵਾਰ ਵਾਰ ਕੀਤੇ ਭਾਸ਼ਣਾਂ ਰਾਹੀਂ ਜੋਰਦਾਰ ਢੰਗ ਨਾਲ ਉਭਾਰਿਆ ਕਿ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਦਾ ਮਸਲਾ ਸਾਡੇ ਲਈ ਅਤੇ ਸਮੂਹ ਮਿਹਨਤਕਸ਼ ਲੋਕਾਂ ਲਈ ਇੱਕ ਮਹੱਤਵਪੂਰਨ ਮਸਲਾ ਇਸ ਲਈ ਹੈ ਕਿ ਇਹ 'ਨਹੱਕੀ ਸਜ਼ਾ ਹੈ ਜੋ ਸਰਕਾਰ ਅਤੇ ਅਦਾਲਤੀ ਢਾਂਚੇ ਦੇ ਧਨਾਢ-ਜਗੀਰੂ ਕਿਰਦਾਰ ਕਰਕੇ ਅਤੇ ਮਿਹਨਤਕਸ਼ ਲੋਕਾਂ ਨਾ ਜਮਾਤੀ ਦੁਸ਼ਮਣੀ ਕਰਕੇ ਦਿੱਤੀ ਗਈ ਹੈ, ਜਦ ਕਿ ਸਰਕਾਰ ਅਤੇ ਵੱਖ ਵੱਖ ਹਾਕਮ ਜਮਾਤੀ ਪਾਰਟੀਆਂ ਵੱਲੋਂ ਆਪਣੀ ਜਮਾਤ ਅੰਦਰਲੇ ਅਤੇ ਹਮਾਇਤੀ ਹਿੱਸਿਆਂ ਦੇ ਸਪਸ਼ਟ ਸਾਬਤ ਹੋ ਚੁੱਕੇ ਸੰਗੀਨ ਦੋਸ਼ਾਂ ਦੇ ਅਪਰਾਧੀਆਂ ਦੀ ਪੁਸ਼ਟ-ਪਨਾਹੀ ਹੀ ਨਹੀਂ ਕੀਤੀ ਜਾਂਦੀ, ਸਗੋਂ ਪਿਛਲੇ ਸਮੇਂ ਦੌਰਾਨ ਅਨੇਕਾਂ ਸਜਾਵਾਂ ਰੱਦ ਵੀ ਕੀਤੀਆਂ ਗਈਆਂ ਹਨ। ਸੰਘਰਸ਼ ਕਮੇਟੀ ਦੀ ਸਟੇਜ ਤੋਂ ਅਜਿਹੇ ਅਪਰਾਧੀਆਂ ਦੇ ਨਾਵਾਂ ਅਤੇ ਹੋਈਆਂ ਸਜਾਵਾਂ ਸਮੇਤ ਵੇਰਵੇ ਐਲਾਨ ਕੀਤੇ ਗਏ ਅਤੇ ਸੰਘਰਸ਼ ਦੀ ਸਫਲਤਾ ਨੂੰ ਲੈ ਕੇ ਕੁੱਝ ਹਿਸਿਆਂ ਦੇ ਮਨਾਂ ਅੰਦਰ ਚੱਲ ਰਹੇ ਸ਼ੰਕੇ ਨਵਿਰਤ ਕੀਤੇ ਗਏ। ਵਿਸ਼ਾਲ ਜਨਤਕ ਲਾਮਬੰਦੀ ਤੇ ਕਿਸਾਨਾਂ ਦੇ ਜੁਝਾਰੂ ਰੌਂਅ ਨੂੰ ਦੇਖ ਕੇ ਕੁੱਝ ਹੋਰਨਾਂ ਹਿੱਸਿਆਂ ਦਾ ਸੰਘਰਸ਼ ਦੀ ਸਫਲਤਾ 'ਤੇ ਯਕੀਨ ਪੱਕਾ ਹੋਇਆ ਹੈ।
20
ਤਾਰੀਕ ਨੂੰ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ 21 ਤਾਰੀਕ ਨੂੰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਵੱਡੇ ਜੱਥੇ ਧਰਨੇ 'ਚ ਸ਼ਾਮਲ ਹੋਏ। ਮੈਡੀਕਲ ਪ੍ਰੈਕਟੀਸ਼ਨਰਾਂ ਦੇ ਵਲੰਟੀਅਰ ਲਗਾਤਾਰ ਮੈਡੀਕਲ ਕੈਂਪ ਲਗਾ ਰਹੇ ਹਨ।
ਫਿਰ ਆਇਆ ਨੌਜਵਾਨਾਂ ਦਾ ਹੜ੍ਹ
22
ਤਾਰੀਕ ਨੌਜਵਾਨਾਂ ਦਾ ਦਿਨ ਸੀ। ਸੰਘਰਸ਼ ਕਮੇਟੀ ਦੇ ਮੁੱਖ ਆਗੂ ਜਦ ਮੁੱਖ ਮੰਤਰੀ ਨਾਲ ਮੀਟਿੰਗ ਲਈ ਚੰਡੀਗੜ੍ਹ ਗਏ ਹੋਏ ਸਨ, ਧਰਨੇ 'ਚ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ। ਪੰਡਾਲ ਦੇ ਅੰਦਰ ਤੇ ਬਾਹਰ, ਜਿੱਧਰ ਦੇਖੋ ਨੌਜਵਾਨ ਹੀ ਨੌਜਵਾਨ ਨਜ਼ਰ ਆ ਰਹੇ ਸਨ ਜੋ ਆਪਣੇ ਬਜ਼ੁਰਗ ਬਾਪੂਆਂ ਵੱਲੋਂ ਵਿੱਢੇ ਹੱਕੀ ਸੰਘਰਸ਼ਾਂ ਦੀ ਲੱਗੀ ਜਾਗ ਦੇ ਪ੍ਰਤੀਕ ਬਣ ਰਹੇ ਸਨ। ਨੌਜਵਾਨਾਂ ਦੀ ਪਹੁੰਚੀ ਕੁੱਲ ਗਿਣਤੀ ਦਾ ਹਿਸਾਬ ਲਗਾ ਸਕਣਾ ਔਖਾ ਬਣਿਆ ਪਿਆ ਸੀ, ਪਰ ਤਾਂ ਵੀ  10 ਹਜ਼ਾਰ ਤੱਕ ਪਹੁੰਚੀ ਕੁੱਲ ਗਿਣਤੀ ਵਿਚ 60% ਤੋਂ 70%  ਤੱਕ  ਨੌਜਵਾਨ ਸਨ। ਅਨੇਕਾਂ ਪਿੰਡਾਂ ਵਿਚ ਨੌਜਵਾਨਾਂ ਅੰਦਰ ਧਰਨੇ 'ਤੇ ਜਾਣ ਲਈ ਮੇਲੇ 'ਤੇ ਜਾਣ ਵਰਗਾ ਉਤਸ਼ਾਹ ਸੀ ਅਤੇ ਮਿਥੇ ਹੋਏ ਟੀਚਿਆਂ ਤੇ ਅੰਦਾਜ਼ਿਆਂ ਤੋਂ ਗਿਣਤੀ ਟੱਪਦੀ  ਰਹੀ। ਇਹ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਪਿੰਡ ਦੀਆਂ ਕੁੱਲ ਵੋਟਾਂ ਪਿੱਛੇ ਕਿੰਨੇਂ ਨੌਜਵਾਨ ਤੇ ਹੋਰ ਲੋਕ ਧਰਨੇ 'ਚ ਸ਼ਿਰਕਤ ਕਰਦੇ ਹਨ। ਹਜ਼ਾਰਾਂ ਨੌਜਵਾਨਾਂ ਦਾ ਜੁੜਿਆ ਇਹ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਾ ਕੇ ਰੋਲ ਦੇਣ ਤੇ ਸਮਾਜੀ ਭੂਮਿਕਾ ਤੋਂ ਵਿਰਵੇ ਕਰ ਦੇਣ ਦੇ ਹਾਕਮ ਜਮਾਤੀ ਕਾਲੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਹਜ਼ਾਰਾਂ ਨੌਜਵਾਨਾਂ ਦੀ ਭਰਵੀਂ ਤੇ ਉਤਸ਼ਾਹੀ ਸ਼ਾਮੂਲੀਅਤ ਕਿਸਾਨ ਲਹਿਰ ਦੇ ਰੌਸ਼ਨ ਭਵਿੱਖ ਦੀ ਗਵਾਹੀ ਭਰਦੀ ਹੈ। ਇਸ ਸੰਘਰਸ਼ ਨੇ ਪਿੰਡਾਂ ਦੇ ਕਿਸਾਨਾਂ 'ਚ ਖਾਸ ਕਰਕੇ ਨੌਜਵਾਨ ਹਿੱਸਿਆਂ 'ਚ ਜੱਥੇਬੰਦ ਹੋਣ ਦੇ ਰੁਝਾਨ 'ਚ ਵਾਧਾ ਕੀਤਾ ਹੈ ਅਤੇ ਇਨਕਲਾਬੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕੀਤੀ ਹੈ।
ਪਿੰਡਾਂ ਦੀਆਂ ਸੱਥਾਂ ਤੱਕ ਸੰਚਾਰ
ਸੈਂਕੜੇ ਕਿਸਾਨਾਂ ਨੇ ਦੀਵਾਲੀ ਵਾਲੇ ਦਿਨ ਵੀ ਸੰਘਰਸ਼ ਮੋਰਚਾ ਭਖਾਈ ਰੱਖਿਆ ਹੈ। ਸਾਰਾ ਦਿਨ ਇਨਕਲਾਬੀ ਗੀਤ ਸੰਗੀਤ, ਨਾਟਕਾਂ ਤੇ ਭਾਸ਼ਣਾਂ 'ਚ ਲੰਘਿਆ ਰਾਤ ਨੂੰ ਆਤਸ਼ਬਾਜੀ ਰਾਹੀਂ ਆਪਣੇ ਬੁਲੰਦ ਹੌਂਸਲਿਆਂ ਦਾ ਪ੍ਰਗਟਾਵਾ ਕੀਤਾ। ਅਗਲੇ ਦਿਨਾਂ 'ਚ ਥਰਮਲ ਕਾਮੇ, ਬਿਜਲੀ ਕਾਮੇ, ਜਲ ਸਪਲਾਈ ਕਾਮੇ, ਆਂਗਣਵਾੜੀ ਵਰਕਰ, ਵਕੀਲ ਤੇ ਅਧਿਆਪਕ ਸੰਘਰਸ਼ ਮੋਰਚੇ 'ਚ ਸ਼ਿਰਕਤ ਕਰਦੇ ਰਹੇ। 3 ਤਾਰੀਕ ਨੂੰ ਹੋਏ ਵੱਡੇ 'ਕੱਠ 'ਚ ਬਸੰਤੀ ਚੁਨੀਆਂ 'ਚ ਸਜੀਆਂ ਸੈਂਕੜੇ ਔਰਤਾਂ ਨੇ ਆਪਣੇ ਨਾਹਰਿਆਂ ਦੀ ਗੂੰਜ ਅਤੇ ਜੋਸ਼ੀਲੇ ਭਾਸ਼ਣਾਂ ਰਾਹੀਂ ਸੰਘਰਸ਼ ਮੋਰਚੇ ਨੂੰ ਵਿਸ਼ੇਸ਼ ਰੰਗ 'ਚ ਰੰਗਕੇ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕੀਤਾ।  
ਸੰਘਰਸ਼ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਬਕਾਇਦਾ ਸ਼ੁਰੂ ਕੀਤੇ ਸੰਘਰਸ਼ ਤੋਂ ਲੈ ਕੇ ਡੇਢ ਮਹੀਨਾ ਬੀਤ ਚੁਕਿਆ ਹੈ। ਅੱਜ ਇਹ ਸੰਘਰਸ਼, ਸੰਘਰਸ਼ ਨਾ ਹੋ ਕੇ ਇੱਕ ਲਹਿਰ 'ਚ ਤਬਦੀਲ ਹੋ ਚੁੱਕਿਆ ਹੈ ਜਿਸ ਵਿਚ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਹਿੱਸੇ ਸ਼ਾਮਲ ਹੋ ਰਹੇ ਹਨ ਅਤੇ ਖੁੱਲ੍ਹੇ ਦਿਲ ਨਾਲ ਫੰਡ ਦੇਣ ਤੋਂ ਇਲਾਵਾ ਵੱਖ ਵੱਖ ਢੰਗਾਂ ਨਾਲ ਸਰਗਰਮ ਹਿੱਸਾ ਪਾ ਰਹੇ ਹਨ। ਧੀਆਂ ਦੀਆਂ ਇੱਜਤਾਂ ਖਾਤਰ ਲੜੇ ਜਾ ਰਹੇ ਇਸ ਸੰਘਰਸ਼ 'ਚ ਹਿੱਸਾ ਪਾਉਣਾ ਲੋਕ ਆਪਣਾ ਧਰਮ ਸਮਝ ਰਹੇ ਹਨ ਅਤੇ ਇਸਨੂੰ ਗੁਰਦੁਆਰੇ ਮੰਦਰ 'ਚ ਚੜ੍ਹਾਵਾ ਚੜ੍ਹਾਉਣ ਵਾਂਗ ਮਹੱਤਵ ਦੇ ਰਹੇ ਹਨ। ਕੋਈ ਰਾਹਗੀਰ ਆਪਣੀ ਕਾਰ ਰੋਕ ਕੇ ਫੰਡ ਦੇਣ ਲਈ ਅੱਗੇ ਵਧਦਾ ਹੈ ਤੇ ਆਪਣਾ ਪਰਸ ਢੇਰੀ ਕਰ ਜਾਂਦਾ ਹੈ। ਕੋਈ ਬਿਰਧ ਔਰਤ ਪਿੰਡ ਤੋਂ ਤੁਰ ਰਹੇ ਜੱਥੇ ਦੇ ਮਗਰ ਜਾਂਦੀ ਹੈ, ਆਪਣੀ ਚੁੰਨੀ ਦੇ ਲੜ ਬੱਧੇ ਨੋਟ ਨੂੰ ਫੜਾ ਕੇ ਅਸ਼ੀਰਵਾਦ ਦਿੰਦੀ ਹੈ। ਅਨੇਕਾਂ ਪਿੰਡਾਂ 'ਚ ਅਜਿਹੀਆਂ ਮਿਸਾਲਾਂ ਮਿਲ ਰਹੀਆਂ ਹਨ। ਇਸ ਸੰਘਰਸ਼ ਨੇ ਪਿੰਡਾਂ ਦੇ ਪਿੰਡ ਹਿਲਾ ਦਿੱਤੇ ਹਨ । ਅਨੇਕਾਂ ਪਿੰਡਾਂ 'ਚ ਇਹ ਸੰਘਰਸ਼ ਸੱਥਾਂ ਦੀ ਚਰਚਾ ਬਣਿਆ ਹੋਇਆ ਹੈ । ਪੰਜਾਬ ਦੇ ਦੂਰ ਦੁਰਾਡੇ ਦੇ ਪਿੰਡਾਂ ਤੱਕ ਹੀ ਨਹੀਂ ਦੇਸ਼ ਵਿਦੇਸ਼ ਤੱਕ ਇਸ ਦੀ ਗੱਲ ਗਈ ਹੈ। ਵਿਰੋਧੀ ਹਿੱਸਿਆਂ ਦੀਆਂ ਜੁਬਾਨਾਂ ਠਾਕੀਆਂ ਗਈਆਂ ਹਨ।  ਕਿਸਾਨ ਜਥੇਬੰਦਕ ਤਾਕਤ 'ਚ ਵਾਧਾ ਹੋਇਆ ਹੈ।
ਸੰਘਰਸ਼ ਕਮੇਟੀ ਦੇ ਆਗੂਆਂ ਅਨੁਸਾਰ 22 ਅਕਤੂਬਰ ਦੀ ਮੀਟਿੰਗ 'ਤੇ ਸਰਕਾਰ ਦਾ ਕੁੱਝ ਹਾਂ ਪੱਖੀ ਵਤੀਰਾ ਦਿਖਾਈ ਦਿੱਤਾ ਹੈ ਅਤੇ ਉਸਨੇ 15 ਦਿਨਾਂ ਦੀ ਮੋਹਲਤੀ ਸਮੇਂ ਦੀ ਮੰਗ ਕੀਤੀ ਹੈ। ਤਾਂ ਵੀ ਸੰਘਰਸ਼ ਕਮੇਟੀ ਨੇ ਧਰਨੇ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਐਡੇ ਜੋਰਦਾਰ ਜਨਤਕ ਉਭਾਰ ਨੂੰ ਉਲੰਘਕੇ ਜੇ ਸਰਕਾਰ ਅਜੇ ਵੀ ਇਸ ਹੱਕੀ ਮੰਗ 'ਤੇ ਕੰਨ ਨਹੀਂ ਧਰਦੀ ਤਾਂ ਇਸ ਨੂੰ ਕਿਤੇ ਵੱਡੇ ਸਿਆਸੀ ਹਰਜੇ ਦੀ ਕੀਮਤ ਚੁਕਾਉਣੀ ਪਵੇਗੀ।

No comments:

Post a Comment