Wednesday, November 20, 2019

ਅਸੀਂ ਬੈਨਰਜੀ ਦੇ ਨੋਬਲ ਇਨਾਮ ਦਾ ਜਸ਼ਨ ਕਿਉਂ ਮਨਾਈਏ

ਅਸੀਂ ਬੈਨਰਜੀ ਦੇ ਨੋਬਲ ਇਨਾਮ ਦਾ ਜਸ਼ਨ ਕਿਉਂ ਮਨਾਈਏ
ਇਹੋ ਜਿਹੇ ਮਾਹਰ ਤਾਂ ਆਪ ਸਮੱਸਿਆ ਦਾ ਹਿੱਸਾ ਹਨ
ਭਾਰਤ 'ਚ ਜਨਮੇ ਅਭਿਜੀਤ ਬੈਨਰਜੀ ਨੂੰ ਨੋਬਲ ਪੁਰਸਕਾਰ ਮਿਲਣ ਦੀ ਖਬਰ ਨੂੰ ਭਾਰਤੀ ਮੀਡੀਆ ਬਹੁਤ ਵੱਡੇ ਮਾਅਰਕੇ ਵਜੋਂ ਮੁਖਾਤਬ ਹੋਇਆ ਹੈ। ਉਸਦੀ ਆਉਣ ਵਾਲੀ ਕਿਤਾਬ ਵਿਚਲੇ ਹਿੱਸਿਆਂ ਨੂੰ ਵੰਡਿਆ ਜਾ ਰਿਹਾ ਹੈ।ਉਸ ਨਲ ਕੀਤੀਆਂ ਬਹੁਤ ਸਾਰੀਆਂ ਇੰਟਰਵਿਊਆਂ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਸਦੀ ਮਾਤਾ ਨੂੰ ਖਬਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਸਿਰਫ ਇਸ ਕਰਕੇ ਨਹੀਂ ਕਿ ਉਹ ਆਪਣਾ ਮਾਣ ਪ੍ਰਗਟ ਕਰ ਸਕੇ, ਸਗੋਂ ਇਸ ਕਰਕੇ ਕਿ ਪੱਛਮੀ ਬੰਗਾਲ ਦੀ ਮੁੱਖ-ਮੰਤਰੀ ਮਮਤਾ ਬੈਨਰਜੀ ਨੇ ਉਸਨੂੰ ਗਰੀਬੀ ਹਟਾਉਣ ਸਬੰਧੀ ਨੀਤੀ 'ਤੇ ਚਰਚਾ ਕਰਨ ਲਈ ਚਾਹ 'ਤੇ ਸੱਦਿਆ ਹੈ।
ਇਹ ਉਸ ਦੇਸ਼ ਦੇ ਵਿਹਾਰ ਨਾਲ ਬਿਲਕੁਲ ਮੇਲ ਖਾਂਦਾ ਹੈ ਜਿੱਥੇ ਮੀਡੀਆ ਦਾ ਕੰਮ ਸਿਰਫ ਅੰਨ੍ਹੀਂ ਜੈ-ਜੈ ਕਾਰ ਕਰਨਾ ਹੀ ਹੈ। ਇਸਤੋਂ ਵੀ ਵੱਧ ਜੋ ਹੈਰਾਨਕੁੰਨ ਹੈ ਕਿ ਕਿਸ ਤਰ੍ਹਾਂ ਮੀਡੀਆ ਨੇ ਉਸਦੇ ਨੋਬਲ ਪੁਰਸਕਾਰ ਨੂੰ  (ਜੋ ਕਿ ਇਸ਼ਥਰ ਡਫਲੋ ਤੇ ਮਾਈਕਲ ਕਰੈਮਰ ਨਾਲ ਸਾਂਝਾ ਹੈ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹ 'ਤੇ ਚਪੇੜ ਵਜੋਂ ਪੇਸ਼ ਕੀਤਾ ਹੈ, ਜਿਸਦੀਆਂ ਨੀਤੀਆਂ ਦੀ ਬੈਨਰਜੀ ਨੇ ਪਿਛਲੇ ਸਮੇਂ 'ਚ ਆਲੋਚਨਾ ਕੀਤੀ ਸੀ। ਜਿਵੇਂ ਜਿਵੇਂ ਭਾਰਤ ਦਾ ਆਰਥਿਕ ਸੰਕਟ ਵਧ ਰਿਹਾ ਹੈ, ਮੋਦੀ ਦੇ ਵਿਰੋਧੀਆਂ ਨੇ ਉਸਦੇ ਨੋਬਲ ਪੁਰਸਕਾਰ ਜਿੱਤਣ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਨ ਆਈ ਮੰਦੀ ਲਈ ਦੋਸ਼ ਦੇਣ ਲਈ ਵਰਤਿਆ ਹੈ।
ਖਤਰਨਾਕ ਗੱਲ ਇਹ ਹੈ ਕਿ,ਬੀਜੇਪੀ ਦੀ ਆਲੋਚਨਾ ਕਿਸੇ ਜਮਹੂਰੀ ਬਹਿਸ ਦੇ ਅਧਾਰ 'ਤੇ ਨਹੀਂ ਹੋਈ ਸਗੋਂ ਇਸਨੂੰ ਇੱਕ ਤਰ੍ਹਾਂ ਦੀ ਸ਼ਖਸ਼ੀ ਉੱਤਮਤਾ ਨੂੰ ਦੂਜੀ ਨਾਲ ਬਦਲਣ ਰਾਹੀਂ,ਭਾਵ ਮੋਦੀ ਦੀ ਸ਼ਖਸ਼ੀ ਕਾਬਲੀਅਤ ਦੇ ਮੁਕਾਬਲੇ ਉਦਾਰਵਾਦੀ ਅਰਥ-ਸ਼ਾਸ਼ਤਰੀਆਂ ਜਿਵੇਂ ਮਨਮੋਹਣ ਸਿੰਘ,ਰਘੂਰਾਮ ਰਾਜਨ ਤੇ ਹੁਣ ਅਭਿਜੀਤ ਬੈਨਰਜੀ  ਨਾਲ ਬਦਲਣ ਰਾਹੀਂ ਸਾਕਾਰ ਕੀਤਾ ਗਿਆ ਹੈ।  
ਮੋਦੀ ਵਿਰੋਧੀ ਪ੍ਰਤੀਕ ਵਜੋਂ?
ਉਦਾਹਰਨ ਵਜੋਂ ਪੱਤਰਕਾਰ ਵਿਨੋਦ ਦੂਆ ਦਾ ਇੱਕ ਹਾਲੀਆ ਸ਼ੋਅ ਬੈਨਰਜੀ ਬਾਰੇ ਅਣਕਿਆਸੇ ਪ੍ਰਸੰਸ਼ਾਤਮਕ ਲਹਿਜੇ 'ਚ ਗੱਲ ਕਰਦਿਆਂ ਐਮ.ਆਈ.ਟੀ. ਦੇ ਇਸ ਪ੍ਰੋਫੈਸਰ ਨੂੰ ਇੱਕ ਇਨਕਲਾਬੀ ਤੇ ਆਜ਼ਾਦੀ ਘੁਲਾਟੀਏ ਵਜੋਂ ਪੇਸ਼ ਕਰਦਾ ਹੈ। ਦੂਆ ਦਾ ਪ੍ਰੋਗਰਾਮ, ਹੋਰਨਾਂ ਖਬਰ ਪ੍ਰੋਗਰਾਮਾਂ ਵਾਂਗ ਹੀ ਬੈਨਰਜੀ ਨੂੰ ਹਰ ਤਰ੍ਹਾਂ ਨਾਲ ਮੋਦੀ ਵਿਰੋਧੀ ਪ੍ਰਤੀਕ ਵਿੱਚ ਬਦਲ ਦਿੰਦਾ ਹੈ: ਕਿਉਂਕਿ ਬੈਨਰਜੀ ਜੇ.ਐਨ.ਯੂ. ਦਾ ਸਾਬਕਾ ਵਿਦਿਆਰਥੀ ਹੈ ਤੇ ਉਸਨੇ ਨੋਬਲ ਜਿੱਤਿਆ ਹੈ ਇਸ ਲਈ ਦੂਆ ਉਸਨੂੰ ਜਮਹੂਰੀਅਤ, ਵਧੀਆ ਆਰਥਿਕ ਨੀਤੀ ਤੇ ਭਾਰਤ ਦੇ ਗਰੀਬਾਂ ਦਾ ਮਸੀਹਾ ਕਰਾਰ ਦੇ ਦਿੰਦਾ ਹੈ। ਮੋਦੀ ਤੇ ਬੈਨਰਜੀ ਵੱਲੋਂ ਮੰਗਲਵਾਰ ਨੂੰ ਕੀਤੇ ਦੋਸਤਾਨੇ ਦੇ ਪ੍ਰਦਰਸ਼ਨ ਤੋਂ ਮਗਰੋਂ, ਦੂਆ 'ਤੇ ਕੀ ਬੀਤੀ ਹੋਵੇਗੀ,ਕੋਈ ਵੀ ਇਸਦਾ ਅੰਦਾਜ਼ਾ ਲਗਾ ਸਕਦਾ ਹੈ।
ਵਿਰੋਧਾਭਾਸੀ ਗੱਲ ਇਹ ਹੈ ਕਿ, ਦੂਆ ਦਾ ਮੁੱਖ ਨੁਕਤਾ ਇਹ ਹੈ ਕਿ ਇਹ ਨੋਬਲ ਪੁਰਸਕਾਰ ਆਜ਼ਾਦ ਤੇ ਆਲੋਚਨਾਤਮਕ ਸੋਚ ਦੀ ਮਹਤੱਤਾ ਤੇ ਮੋਹਰ ਲਾਉਂਦਾ ਹੈ। ਪਰ ਦੂਆ ਇੱਕ ਵਾਰ ਵੀ ਆਪਣੀ ਆਜ਼ਾਦ ਤੇ ਆਲੋਚਨਾਤਮਕ ਸੋਚ ਦੀ ਵਰਤੋਂ  ਸਾਨੂੰ ਇਹ ਦੱਸਣ ਲਈ ਨਹੀਂ ਕਰਦਾ ਕਿ ਬੈਨਰਜੀ ਦੀ ਖੋਜ ਨੇ ਅਜਿਹਾ ਕੀ ਹਾਸਲ ਕੀਤਾ ਹੈ ਜੋ ਏਨਾ ਮਹਤੱਵਪੂਰਨ ਹੈ। ਬਾਕੀ ਸਾਰੀ ਦੁਨੀਆਂ ਵਾਂਗ ਹੀ ਦੂਆ ਵੀ ਆਪਣੀ ਸੋਚਣ ਸ਼ਕਤੀ ਨੂੰ ਉੱਚ ਪਦਵੀਆਂ 'ਤੇ ਬਿਰਾਜਮਾਨ ਮਾਹਰਾਂ ਤੋਂ ਉਧਾਰੀ ਲੈਂਦਾ ਹੈ, ਜਿਵੇਂ ਇਸ ਮਾਮਲੇ 'ਚ ਇਹ ਮਾਹਰ ਨੋਬਲ ਕਮੇਟੀ ਹੈ। ਪਰ ਜੇ ਅਸੀਂ ਸੱਚਮੁੱਚ ਆਪਣੀ ਆਜ਼ਾਦ ਤੇ ਆਲੋਚਨਾਤਮਕ ਸੋਚ ਦੀ ਵਰਤੋਂ ਕਰੀਏ ਤਾਂ ਇਹ ਸਵਾਲ ਉੱਠਦੇ ਹਨ: ਅਸੀਂ ਬੈਨਰਜੀ ਦੇ ਨੋਬਲ ਪੁਰਸਕਾਰ ਦੇ ਜਸ਼ਨ ਆਖਰ ਕਿਉਂ ਮਨਾਈਏ? ਕੀ ਅਸੀਂ ਸੱਚਮੁੱਚ ਸਮਝਦੇ ਹਾਂ ਕਿ ਉਹ ਕੀ ਸੋਚਦਾ ਹੈ? ਕੀ ਅਸੀਂ ਉਸਦੀ ਸਿਆਸਤ ਨੂੰ ਜਾਣਦੇ ਹਾਂ ਤੇ ਉਸ ਨਾਲ ਸਹਿਮਤ ਹਾਂ ?
ਬੈਨਰਜੀ ਨੂੰ ਇਹ ਪੁਰਸਕਾਰ ਵਿਕਾਸਵਾਦੀ ਅਰਥ-ਸ਼ਾਸ਼ਤਰ ਦੇ ਵਿੱਚ ਇੱਕ ਤਜਰਬਾਕਾਰੀ ਤਰੀਕਾ ਸ਼ਾਮਿਲ ਕਰਨ ਲਈ ਦਿੱਤਾ ਗਿਆ ਹੈ ਜਿਸਨੂੰ ਕਿ ਬਿਨਾ ਕਿਸੇ ਠੋਸ ਪਲੈਨ ਦੇ ਪਰ ਕੰਟਰੋਲ ਹੇਠ ਤਜਰਬੇ ਕਰਨਾ ਕਿਹਾ ਗਿਆ ਹੈ। ਜਿਵੇਂ ਕੁਛ ਹਾਲੀਆ ਲੇਖਾਂ 'ਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਬੇਤਰਤੀਬਾ ਪਰ ਕੰਟਰੋਲ ਹੇਠ ਤਜਰਬਾ ਢੰਗ ਗਰੀਬੀ ਦੀ ਸਮੱਸਿਆ ਨੂੰ ਬਹੁਤ ਵੱਡੇ ਪੱਧਰ 'ਤੇ ਛੋਟੇ-ਛੋਟੇ ਬੇਜੋੜ ਟੋਟਿਆਂ 'ਚ ਵੰਡ ਦਿੰਦਾ ਹੈ। ਜਿਵੇਂ ਕਿ ਉਦਹਾਰਨ ਵਜੋਂ ਸਿਹਤ ਦੀ ਮਾੜੀ ਹਾਲਤ ਨੂੰ ਛੋਟੇ ਕਾਰਕਾਂ ਵਿੱਚ ਤੋੜ ਦਿੱਤਾ ਜਾਂ ਦਾ ਹੈ ਮਸਲਨ ਸਟਾਫ ਦਾ ਕੰਮ 'ਤੇ ਨਾ ਆਉਣਾ, ਦਵਾਈਆਂ ਦੀ ਘਟੀਆ ਕਵਾਲਿਟੀ, ਰੋਗ-ਨਾਸ਼ਕ ਵੈਕਸੀਨਾਂ ਦੀ ਘਾਟ ਤੇ ਹੋਰ ਬਹੁਤ ਕੁਛ। ਫੇਰ ਇਹਨਾਂ ਸਾਰੇ ਕਾਰਕਾਂ ਤੇ ਵੱਖ-ਵੱਖ ਤਜਰਬੇ ਕੀਤੇ ਜਾਂਦੇ ਹਨ।ਉਦਹਾਰਨ ਵਜੋਂ ਖੋਜਾਰਥੀ ਗੈਰ ਹਾਜਰ ਰਹਿਣ ਵਾਲੀਆਂ ਨਰਸਾਂ ਦੇ ਸਮੂਹ ਦੀ ਤਨਖਾਹ ਰੋਕ ਦਿੰਦੇ ਹਨ ਤੇ ਫੇਰ ਏਸ ਗਰੁੱਪ ਦੀ ਉਸ ਗਰੁੱਪ ਨਾਲ ਤੁਲਨਾ ਕਰਦੇ ਹਨ ਜਿਸ ਨਾਲ ਇਸ ਤਰ੍ਹਾਂ ਨਹੀਂ ਕੀਤਾ ਗਿਆ। ਇਹ ਖੋਜਾਰਥੀਆਂ ਨੂੰ ਇਹ ਸਮਝਣ 'ਚ  ਮਦਦ  ਕਰਦਾ ਹੈ ਕਿ ਕੀ ਨਰਸਾਂ ਨੂੰ ਸਜ਼ਾ ਦੇਣ ਰਾਹੀਂ ਹਾਜ਼ਰੀ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਦੂਸਰੇ ਕਾਰਕਾਂ ਨਾਲ ਵੀ ਇਸੇ ਤਰ੍ਹਾੰ ਦੇ ਤਜਰਬੇ ਕੀਤੇ ਜਾਂਦੇ ਹਨ। ਅੰਤ ਵਿੱਚ ਛੋਟੀਆਂ - ਛੋਟੀਆਂ ਨੀਤੀ ਸਲਾਹਾਂ ਦਾ ਇੱਕ ਖਰੜਾ ਹੋਂਦ ਵਿੱਚ ਆ ਜਾਂਦਾ ਹੈ
ਇਸ ਤਰੀਕਾਕਾਰ ਦੀਆਂ ਸਮੱਸਿਆਵਾਂ ਬਹੁਤ ਸਾਰੇ ਪ੍ਰਭਾਵਸ਼ਾਲੀ ਅਰਥ-ਸ਼ਾਸ਼ਤਰੀਆਂ ਨੇ ਇਸ ਤਰੀਕਾਕਾਰ ਦੀ ਬਹੁਤ ਸਾਰੇ ਪੱਖਾਂ ਤੋਂ ਆਲੋਚਨਾ ਕੀਤੀ ਹੈ।ਪਹਿਲੇ,ਇਸ ਪ੍ਰਕਾਰ ਦੇ ਤਜਰਬਿਆਂ ਦਾ ਨਤੀਜੇ ਹਾਸਲ ਕਰਨ ਪੱਖੋਂ ਦਾਇਰਾ ਬਹੁਤ ਸੀਮਤ ਹੈ। ਪ੍ਰਾਪਤ ਕੀਤੇ ਗਏ ਸਿੱਟਿਆਂ ਨੂੰ ਸੂਤਰਬੱਧ ਕਰਨ ਵਿੱਚ ਵੀ ਬਹੁਤ ਸਮੱਸਿਆਵਾਂ ਹਨ: ਕੀ ਜਿਹੜਾ ਤਰੀਕਾ ਰਾਜਸਥਾਨ ਦੇ ਪੇਂਡੂ ਇਲਾਕੇ 'ਚ ਕੰਮ ਕਰਦਾ ਹੈ ਉਹ ਮਹਾਂਨਗਰ ਦਿੱਲੀ 'ਚ ਵੀ ਲਾਗੂ ਹੋ ਸਕੇਗਾ? ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜੇ ਸਿੱਟੇ ਕਿੱਥੇ ਲਾਗੂ ਹੋਣ ਯੋਗ ਹਨ?
ਦੂਸਰੇ, ਇਹ ਤਜਰਬੇ ਕਿਸੇ ਅਸਲ ਆਰਥਿਕ ਹਾਲਤ ਜਾਂ ਇੱਥੋਂ ਤੱਕ ਅਸਲ ਸੰਸਾਰਿਕ ਹਾਲਤਾਂ ਦੇ ਅਧਾਰ 'ਤੇ ਨਹੀਂ ਕੀਤੇ ਜਾਂਦੇ। ਉਹ ਜਿਹੜੀ ਹਾਲਤ ਪੈਦਾ ਕਰਦੇ ਹਨ ਉਹ ਸਾਇੰਸ ਲੈਬਾਰਟਰੀ ਵਾਂਗ ਹੈ ਜਿਸਦਾ ਅਸਲ ਦੁਨੀਆਂ ਨਾਲ ਕੋਈ ਵਾਸਤਾ ਨਹੀਂ।
ਤੀਜਾ, ਇਹ ਤਜਰਬੇ ਬਹੁਤ ਹੀ ਸੀਮਤ ਸਵਾਲਾਂ 'ਤੇ ਕੇਂਦਰਿਤ ਹੁੰਦੇ ਹਨ ਜਿਹਨਾਂ ਦਾ ਸਬੰਧ ਸਿਰਫ ਵਿਅਕਤੀਗਤ ਚੋਣ ਨਾਲ ਹੁੰਦਾ ਹੈ ਜਿਵੇਂ ਕਿ ਨਰਸਾਂ ਕੰਮ 'ਤੇ ਕਿਉਂ ਨਹੀਂ ਆਉਣਾ ਚਾਹੁੰਦੀਆਂ ? ਆਮ ਤੌਰ 'ਤੇ ਜਿਹੜੇ ਸਵਾਲ ਉਠਾਏ ਜਾਂਦੇ ਹਨ ਉਹ ਗਰੀਬ ਲੋਕਾਂ ਦੀਆਂ ਆਪਣੇ ਮਨ 'ਚ ਧਾਰੀਆਂ ਕਮੀਆਂ ਬਾਰੇ ਹੁੰਦੇ ਹਨ: ਉਹ ਪੈਸੇ ਕਿਉਂ ਨਹੀਂ ਬਚਾਉਂਦੇ? ਉਹ ਚਾਹ ਦੇ ਕੱਪਾਂ 'ਤੇ ਪੈਸੇ ਖਰਚਣ ਦੀ ਬਜਾਏ ਚੌਲ ਕਿਉਂ ਨਹੀਂ ਖਾਂਦੇ? ਉਹ ਖੇਤੀ ਲਈ ਮਹਿੰਗੇ ਸੰਦ ਕਿਉਂ ਨਹੀਂ ਖਰੀਦਦੇ? ਉਹ ਏਨੇ ਗੈਰ-ਤਰਕਸ਼ੀਲ ਕਿਉਂ ਨੇ?
ਇਹ ਉਹ ਥਾਂ ਹੈ ਜਿੱਥੇ ਸਭ ਤੋਂ ਤਿੱਖੀ ਆਲੋਚਨਾ ਸਾਹਮਣੇ ਆਉਂਦੀ ਹੈ: ਬੈਨਰਜੀ ਦੇ ਬੇ-ਤਰਤੀਬੇ ਕੰਟਰੋਲ ਤਜਰਬੇ ਦੀ ਪਹੁੰਚ ਗਰੀਬੀ ਦੇ ਉਹਨਾਂ ਅਸਲ ਕਾਰਨਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦੀ ਹੈ ਜਿਹਨਾਂ ਬਾਰੇ ਭਾਰੀ ਤੱਥ ਮੌਜੂਦ ਹਨ।ਇਸਦੀ ਬਜਾਏ ਬੈਨਰਜੀ ਦਾ ਕੰਮ ਗਰੀਬੀ ਦੇ ਵਿਅਕਤੀਗਤ ਕਾਰਨਾਂ 'ਤੇ ਕੇਂਦਰਿਤ ਹੈ ਤੇ ਇਹੋ ਜਿਹੇ ਹੱਲ ਸੁਝਾਉਂਦਾ ਹੈ ਜਿਹਨਾਂ ਨੂੰ  2015 ਦੇ ਨੋਬਲ ਪੁਰਸਕਾਰ ਜੇਤੂ ਅੰਗੁਸ ਡੈਟਨ ਨੇ ਪਰੀ ਕਹਾਣੀਆਂ ਦਾ ਨਾਮ ਦਿੱਤਾ ਹੈ।
ਢਾਂਚਾਗਤ ਕਾਰਕਾਂ ਨੂੰ ਅੱਖੋਂ-ਪਰੋਖੇ ਕਰਨਾ।
ਅਮਰੀਕਾ ਜਿੱਥੇ ਕਿ ਅਭੀਜੀਤ ਬੈਨਰਜੀ ਰਹਿੰਦਾ ਹੈ, ਆਪਣੇ ਮੁਲਕ ਦੇ ਨਾਗਰਿਕਾਂ ਦੀ ਸਿਹਤ ਉੱਪਰ ਕੁੱਲ ਘਰੇਲੂ ਉਤਪਾਦ ਦਾ ਦਾਅਵਾ 18 ਫੀਸਦੀ ਖਰਚ ਕਰਦਾ ਹੈ (ਤੇ ਉੱਥੋਂ ਦੇ ਨਾਗਰਿਕ ਅਜੇ ਹੋਰ ਮੰਗ ਰਹੇ ਹਨ)।
ਇਸਦੇ ਮੁਕਾਬਲੇ, ਭਾਰਤ  ਆਪਣੇ ਹਰੇਕ ਨਾਗਰਿਕ ਦੇ ਹਿਸਾਬ ਨਾਲ ਕੁੱਲ ਘਰੇਲੂ ਉਤਪਾਦ ਦਾ ਕੇਵਲ 0.8% ਖਰਚ ਕਰਦਾ ਹੈ। ਬੈਨਰਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸਲ ਵਿਕਾਸ ਕਿਹੋ ਜਿਹਾ ਹੁੰਦਾ ਹੈ ਤੇ ਅਮਰੀਕਾ ਵਿੱਚ ਇਸਦੀ ਕੀ ਅਸਰਕਾਰੀ ਹੈ। ਪਰ ਭਾਰਤ ਤੇ ਇਸ ਵਰਗੇ ਹੋਰ ਗਰੀਬ ਮੁਲਕਾਂ ਵਿੱਚ ਉਸਦੀ ਖੋਜ ਵੱਡੇ ਢਾਂਚਾਗਤ ਕਾਰਕਾਂ ਨੂੰ ਅੱਖੋਂ-ਪਰੋਖੇ ਕਰਕੇ ਬਹੁਤ ਛੋਟੇ ਤੇ ਗੈਰ ਮਹਤੱਵਪੂਰਨ ਪੱਖਾਂ ਨਾਲ ਟੱਕਰਾਂ ਮਾਰਦੀ ਹੈ। ਇਹ ਸਾਫ ਹੈ ਕਿ ਇਸ ਪਹੁੰਚ ਨਾਲ ਗਰੀਬੀ ਖਤਮ ਨਹੀਂ ਹੋ ਸਕਦੀ ਤੇ ਇਹ ਸਿਰਫ ਦਾਨ-ਸ਼ੁਕਰਾਨੇ ਦਾ ਹੱਥਕੰਡਾ ਹੈ ਨਾ ਕਿ ਵਿਗਿਆਨਕ ਪੈਮਾਨਾ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਬਹੁਤ ਥੋੜ੍ਹਾ ਨਿਵੇਸ਼ ਹੋਣ ਕਾਰਨ ਭਾਰਤ ਵਿੱਚ ਲੋਕ ਭੰਗ ਦੇ ਭਾਣੇ ਜਾ ਰਹੇ ਹਨ ਅਤੇ ਇਲਾਜ-ਯੋਗ ਬੀਮਾਰੀਆਂ ਨਾਲ ਮਰ ਰਹੇ ਹਨ। ਲੋਕ ਅਨਪੜ੍ਹ ਰਹਿ ਰਹੇ ਹਨ ਕਿਉਂਕਿ ਸਰਕਾਰੀ ਸਕੂਲ ਪ੍ਰਬੰਧਨ ਦਾ ਭੱਠਾ ਬਿਠਾ ਦਿੱਤਾ ਗਿਆ ਹੈ। ਲੋਕਾਂ ਦੀਆਂ ਉਜ਼ਰਤਾਂ ਘੱਟ ਹਨ ਕਿਉਂਕਿ ਨਾ ਤਾਂ  ਕਿਰਤ ਕਾਨੂੰਨ ਹੀ ਲਾਗੂ ਹਨ ਤੇ ਨਾ ਹੀ ਚੰਗੀ ਉਜ਼ਰਤ ਵਾਲਾ ਰੁਜ਼ਗਾਰ। ਜੇ ਅਸੀਂ ਗਰੀਬੀ ਦੀ ਸਮੱਸਿਆ ਨੂੰ ਇਸ ਤਰ੍ਹਾਂ ਦੇਖਦੇ ਹਾਂ ਤਾਂ ਇਸਦਾ ਹੱਲ ਲੱਭਣਾ ਬਹੁਤ ਆਸਾਨ ਹੈ ਹਾਲਾਂਕਿ ਇਸ ਲਈ ਲੜਨਾ ਉਨਾ ਹੀ ਮੁਸ਼ਕਿਲ ਵੀ। ਇੱਕ ਵਾਰ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਅਸਲ ਕੰਮ ਲੋਕ-ਪੱਖੀ ਆਰਥਿਕ ਨੀਤੀਆਂ ਵਾਲਾ ਰਾਜ ਉਸਾਰਨਾ ਹੈ ਤਾਂ ਇਹ ਵੀ ਸਾਫ ਹੋ ਜਾਂਦਾ ਹੈ ਕਿ ਬੈਨਰਜੀ ਵਰਗੇ ਆਰਥਿਕ ਮਾਹਰ ਵੀ ਅਸਲ ਵਿੱਚ ਸਮੱਸਿਆ ਦਾ ਹਿੱਸਾ ਹਨ।
ਅਜਿਹੇ ਮਾਹਰ ਜਿਹੜੇ ਕਿ ਬਜਾਰੂ-ਕੱਟੜਪੁਣੇ ਦੇ ਸਿਧਾਂਤ ਨਾਲ ਕੀਲੇ ਨਹੀਂ ਗਏ,ਉਹ ਸਾਨੂੰ ਦੱਸਦੇ ਹਨ ਕਿ ਗਰੀਬੀ ਤੋਂ ਸਭ ਤੋਂ  ਤਕੜਾ ਬਚਾਅ  ਜਨਤਕ ਸੇਵਾਵਾਂ ਤੇ ਪੈਦਾਵਾਰ ਵਿੱਚ ਨਿਵੇਸ਼ ਕਰਨਾ ਹੈ। ਇਸਦੇ ਉਲਟ ਬੈਨਰਜੀ ਸਾਨੂੰ ਸਲਾਹ ਦਿੰਦੇ ਹਨ ਕਿ ਪਹਿਲਾਂ ਕੀਤਾ ਗਿਆ ਨਿਵੇਸ਼ ਵੀ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਉਸਨੂੰ ਗਰੀਬ- ਪੱਖੀ ਮਸੀਹਾ ਕਰਾਰ ਦੇਣ ਤੋਂ ਪਹਿਲਾਂ ਸਾਨੂੰ ਜਾਨਣ ਦੀ ਲੋੜ ਹੈ ਕਿ ਉਸਦਾ ਸੰਸਾਰ  ਪੱਧਰੀ ਘੱਟੋ-ਘੱਟ ਉਜ਼ਰਤ ਦਾ ਸਿਧਾਂਤ ਨਾਲ ਦੀ ਨਾਲ ਰਾਜ ਵੱਲੋਂ ਸੇਵਾਵਾਂ 'ਚ ਕੀਤੇ ਜਾਂਦੇ ਖਰਚੇ 'ਤੇ ਕੱਟ ਲਾਉਣ ਜਾਂ ਇਹਨਾਂ ਨੂੰ ਵੇਚਣ ਦੀ ਸਿਫਾਰਸ਼ ਕਰਦਾ ਹੈ। ਬੈਨਰਜੀ ਦਾ ਮਨਰੇਗਾ ਅਧੀਨ ਉਜ਼ਰਤਾਂ ਦੇਣ ਦੀ ਸਿਫਾਰਸ਼ ਕਰਨਾ ਜਿਸਦੇ ਅਧੀਨ ਪੇਂਡੂ ਪਰਿਵਾਰਾਂ ਨੂੰ ਘੱਟੋ-ਘੱਟ ਸੌ ਦਿਨ ਦਾ ਰੁਜ਼ਗਾਰ ਦੇਣ ਦੀ ਵਿਵਸਥਾ ਕੀਤੀ ਗਈ ਸੀ, ਨਾਲ ਦੀ ਨਾਲ ਇਸ ਸਮਝ ਤੋਂ ਪ੍ਰੇਰਿਤ ਹੈ ਕਿ ਆਉਣ ਵਾਲੇ  ਸਮੇਂ 'ਚ ਇਹਨੂੰ ਕੂੜੇ 'ਤੇ ਸੁੱਟ ਹੀ ਦਿੱਤਾ ਜਾਣਾ ਚਾਹੀਦਾ  ਹੈ।
ਬਹੁਤ ਤਿੱਖੀ ਗੈਰ-ਬਰਾਬਰੀ ਦੀ ਮੁੜ-ਪੈਦਾਵਾਰ।
ਇਹ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ ਕਿ ਬੈਨਰਜੀ ਦੇ ਸੱਭਿਅਕ ਉਦਾਰਤਾਵਾਦ ਦਾ ਇੱਕ  ਰੂੜੀਵਾਦੀ ਪਾਸਾ ਵੀ ਹੈ। ਆਖਰ, ਉਦਾਰਤਾਵਾਦੀ ਅਰਥ-ਸ਼ਾਸ਼ਤਰੀ ਮਨਮੋਹਨ ਸਿੰਘ ਜਿਸਨੂੰ ਕਿ ਮੌਜੂਦਾ ਆਰਥਿਕ ਸੰਕਟ ਵਿੱਚ ਇੱਕ ਤਰਕਸ਼ੀਲ ਆਵਾਜ਼ ਵਜੋਂ ਤਸਲੀਮ ਕੀਤਾ ਜਾਂਦਾ ਹੈ ਅਸਲ ਵਿੱਚ 1991 ਵਿੱਚ ਲਾਗੂ ਕੀਤੀਆਂ ਅਮੀਰ-ਪੱਖੀ ਉਦਾਰਤਾਵਾਦੀ ਨੀਤੀਆਂ ਦਾ ਸਭ ਤੋਂ ਉੱਘੜਵਾਂ ਘੁਲਾਟੀਆ ਹੈ।ਉਸ ਤਬਾਹਕੁੰਨ ਢਾਂਚਾਗਤ ਤਬਦੀਲੀ ਨੇ ਹੀ ਮੌਜੂਦਾ ਬੇਰੁਜ਼ਗਾਰੀ ਦੀ ਮਹਾਂਮਾਰੀ ਦਾ ਮੁੱਢ ਬੰਨ੍ਹਿਆ (ਜਿਸਨੂੰ ਕਿ ਖਪਤ ਦੀ ਸਮੱਸਿਆ ਦੇ ਲਕਬ ਹੇਠ ਪੇਸ਼ ਕੀਤਾ ਜਾਂਦਾ ਹੈ) ਤੇ ਕਾਨੂੰਨ ਰਹਿਤ ਪਰਛਾਵਾਂ ਬੈਂਕਿੰਗ ਤੇ ਟੈਕਸ ਛੋਟਾਂ ਦਾ ਵੀ ਜੀਹਦੇ ਤਹਿਤ ਸਰਕਾਰਾਂ ਦਾ ਕੰਮ ਬਹੁਤ ਛੋਟੀਆਂ ਤਬਦੀਲੀਆਂ ਲਈ ਸਿਰਫ ਤੇ ਸਿਰਫ ਆਪਣੀ ਮਾਲਕੀ ਹੇਠਲੀਆਂ ਪੈਦਾਵਾਰੀ ਇਕਾਈਆਂ ਨੂੰ ਪ੍ਰਾਈਵੇਟ ਕੰਪਨੀਆਂ ਕੋਲ ਇੱਕ-ਇੱਕ ਕਰਕੇ ਵੇਚਣਾ ਬਣ ਕੇ ਰਹਿ ਜਾਂਦਾ ਹੈ।
ਭਾਰਤ ਦਾ ਮੌਜੂਦਾ ਸੰਕਟ ਇਸ ਕਰਕੇ ਨਹੀਂ ਹੈ ਕਿ ਨੋਟਬੰਦੀ ਤੇ ਜੀ.ਐਸ.ਟੀ. ਕਾਰਨ ਜੀ.ਡੀ.ਪੀ. ਦੀ ਦਰ ਡਿੱਗ ਰਹੀ ਹੈ। ਜੀ.ਡੀ.ਪੀ. ਦੀ ਉੱਚੀ ਦਰ ਵਾਲਾ ਸਮਾਂ ਵੀ ਭਾਰਤੀ ਜਨਤਾ ਦੇ ਵਿਸ਼ਾਲ ਹਿੱਸਿਆਂ ਲਈ ਸੰਕਟ ਦਾ ਹੀ ਸਮਾਂ ਸੀ। ਆਰਥਿਕਤਾ ਅਧਾਰਿਤ ਵਿਕਾਸ ਦੇ ਦਹਾਕੇ ਬੀਤਣ ਬਾਅਦ  ਸਿੱਟਾ ਇਹ ਹੈ ਕਿ ਭਾਰਤ ਦੇ ਉਪਰਲੇ  1 ਫੀਸਦੀ ਲੋਕਾਂ ਕੋਲ ਦੇਸ਼ ਦੇ ਕੁੱਲ ਧਨ ਦਾ ਅੱਧੇ ਤੋਂ ਵੀ ਵੱਧ ਹੈ ਤੇ ਹੇਠਲੇ  60 ਫੀਸਦੀ ਲੋਕਾਂ ਕੋਲ 5 ਫੀਸਦੀ ਤੋਂ ਵੀ ਘੱਟ ਹੈ। ਚਾਹੇ ਜਿੰਨੀਂ ਵੀ ਅਯੋਗ ਮੋਦੀ ਦੀ ਭਾਜਪਾ ਸਰਕਾਰ ਹੈ ਪਰ ਉਸਨੇ ਇਹ ਹਾਲਤ ਪੈਦਾ ਨਹੀਂ ਕੀਤੀ। ਇਹ ਮੋਦੀ ਨੂੰ ਉਸਦੀ ਅਸਫਲ ਆਰਥਿਕ ਨੀਤੀ ਤੋਂ ਬਰੀ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਉਸਦੀ ਅਸਫਲਤਾ ਵਿੱਚ ਉਸਦੇ ਮੰਨੇਂ ਜਾਂਦੇ ਉਦਾਰਤਾਵਾਦੀ ਵਿਰੋਧੀਆਂ ਦੀ ਭੂਮਿਕਾ ਨੂੰ ਦਰਸਾਉਣ ਲਈ ਕਿਹਾ ਗਿਆ ਹੈ। ਇਹ ਸੋਚਣਾ ਮੂਰਖਤਾ ਹੋਵੇਗੀ ਕਿ ਉਹ ਲੋਕ ਜਿਹਨਾਂ ਨੇ ਇਹ ਸੰਕਟ ਪੈਦਾ ਕੀਤਾ ਹੈ ਉਹ ਹੀ ਸਾਨੂੰ ਇਸ ਵਿੱਚੋਂ ਬਾਹਰ ਕੱਢਣਗੇ।
ਅਭਿਜੀਤ ਬੈਨਰਜੀ ਦੀ ਨੋਬਲ ਜਿੱਤਣ ਦੀ ਕਾਬਲੀਅਤ ਮਨਰੇਗਾ ਤਹਿਤ ਉਜ਼ਰਤਾਂ ਦੇ ਭੁਗਤਾਨ ਕਰਨ ਦੀ ਗੱਲ ਕਰਕੇ ਨਹੀਂ, ਸਗੋਂ ਗਰੀਬੀ ਦੇ ਖਾਤਮੇ ਦੇ ਅਜੰਡੇ ਵਿੱਚੋਂ ਗੈਰ-ਬਰਾਬਰੀ ਤੇ ਜਨਤਕ ਨਿਵੇਸ਼ ਦੀਆਂ ਮੱਦਾਂ ਗਾਇਬ ਕਰਨ ਕਰਕੇ ਹੈ। ਅਸਲ ਵਿੱਚ ਮਨਰੇਗਾ ਅਧੀਨ ਉਜ਼ਰਤਾਂ ਦੇ ਭੁਗਤਾਨ ਦੀ ਗੱਲ ਖੁਦ ਮਨਰੇਗਾ ਮਜ਼ਦੂਰਾਂ ਸਮੇਤ ਹੋਰ ਬਹੁਤ ਲੋਕ ਲੰਮੇ ਸਮੇਂ ਤੋਂ ਕਰਦੇ ਹੀ ਆ ਰਹੇ ਹਨ। ਅਰਥ-ਸ਼ਾਸ਼ਤਰੀ ਜੀਨ ਦਰੇਜ ਜੋ ਕਿ ਦੋ ਨੋਬਲ ਜੇਤੂ ਵਿਦਵਾਨਾਂ ਨਾਲ  ਕੰਮ ਕਰ ਚੁੱਕਿਆ ਹੈ, ਲੰਮੇ ਸਮੇਂ ਤੋਂ ਮਨਰੇਗਾ ਅਧੀਨ ਉਜ਼ਰਤਾਂ ਦੇ ਭੁਗਤਾਨ ਦੀ ਮੰਗ ਕਰਦਾ ਆ ਰਿਹਾ ਹੈ ਤੇ ਉਸੇ ਸਮੇਂ ਅਧਾਰ ਕਾਰਡ (ਬਾਇਓਮੀਟਰਿਕ ਡਾਟਾ ਅਧਾਰਿਤ ਪਛਾਣ ਪ੍ਰਾਜੈਕਟ ਜਿਹੜਾ ਕਿ ਵਿਅਕਤੀਗਤ ਆਜ਼ਾਦੀ ਲਈ ਗੰਭੀਰ ਖਤਰੇ ਖੜ੍ਹੇ ਕਰਦਾ ਹੈ) ਦਾ ਜਬਰਦਸਤ ਵਿਰੋਧ ਕਰਦਾ ਆ ਰਿਹਾ ਹੈ ਤੇ ਨਾਲ ਹੀ ਸੰਸਾਰ- ਪੱਧਰੀ ਘੱਟੋ-ਘੱਟ ਉਜਰਤ ਦੀ ਵਿਵਸਥਾ ਦਾ ਵੀ ਵਿਰੋਧ ਕਰਦਾ ਆ ਰਿਹਾ ਹੈ (ਜੋ ਕਿ  ਜਨਤਕ ਨਿਵੇਸ਼ ਨੂੰ ਬੰਦ ਕਰਕੇ ਗਰੀਬਾਂ ਨੂੰ ਅਰਸਾਵਾਰ ਛੋਟੀ ਜਿਹੀ ਰਕਮ ਦੇਣ ਦੀ ਪੇਸ਼ਕਸ਼  ਹੈ)। ਦਰੇਜ ਮੋਦੀ ਸਰਕਾਰ ਦਾ ਸਖਤ ਵਿਰੋਧੀ ਹੈ ਤੇ ਉਸੇ ਸਮੇਂ ਉਹਨਾਂ ਜਨਤਕ ਸਹੂਲਤਾਂ ਨੂੰ ਲਾਗੂ ਕਰਵਾਉਣ ਦਾ ਸੱਦਾ ਦਿੰਦਾ ਹੈ ਜੋ ਕਿ ਗਰੀਬੀ ਘੱਟ ਕਰਦੀਆਂ ਹਨ। ਭਲਾ ਦਰੇਜ ਨੂੰ ਅਜਿਹੇ ਵਿਅਕਤੀ ਵਜੋਂ ਕਿਉਂ ਨਹੀਂ ਚੁਣਿਆ ਗਿਆ ਜਿਸ 'ਤੇ ਮਾਣ ਕੀਤਾ ਜਾ ਸਕੇ? ਇਹ ਬੈਨਰਜੀ ਦੀ ਹੀ ਚੋਣ ਕਿਉਂ ਕੀਤੀ ਗਈ?
ਮਾਹਰ ਵਿੱਚ ਅੰਨ੍ਹਾਂ-ਵਿਸ਼ਵਾਸ਼ ਤੇ ਆਜ਼ਾਦ ਤੇ ਆਲੋਚਨਾਤਮਕ ਸੋਚ ਨੂੰ ਜੁਬਾਨੀ-ਕਲਾਮੀ ਪ੍ਰਵਾਨਗੀ ਦੇਣਾ ਕਾਫੀ ਨਹੀਂ।
ਜਮਹੂਰੀ ਜਾਂਚ-ਪੜਤਾਲ
ਭਾਜਪਾ ਦੇ ਪ੍ਰਮਾਣਿਕਤਾ ਨੂੰ ਆਰਥਿਕ ਮਾਹਰਾਂ ਦੀ ਪ੍ਰਮਾਣਿਕਤਾ ਨਾਲ ਤਬਦੀਲ ਕਰਨ ਅਤੇ ਹਿੰਦੂਤਵਾ ਦੇ ਅਜੰਡੇ ਨੂੰ ਜੀ.ਡੀ.ਪੀ. ਵਾਧੇ ਦੇ ਅਜੰਡੇ ਨਾਲ ਬਦਲਣ ਦੀ ਬਜਾਏ, ਅਸਲ ਤਬਦੀਲੀ ਲਿਆਉਣ ਲਈ ਲੋੜ ਹੈ ਕਿ ਪ੍ਰਮਾਣਿਕਤਾ ਦੀ ਪਦਵੀ ਨੂੰ ਜਮਹੂਰੀ ਜਾਂਚ ਪੜਤਾਲ ਅਤੇ ਬਹਿਸ- ਵਿਚਾਰ ਦੀ ਮਾਰ ਹੇਠ ਲਿਆਂਦਾ ਜਾਵੇ।
ਨੋਬਲ ਪੁਰਸਕਾਰ ਵੰਡ ਸਮਾਰੋਹ ਦੀ ਰਵੀਸ਼ ਕੁਮਾਰ ਦੇ ਸ਼ੋਅ ਵਿੱਚ ਕੀਤੀ ਮਿਸਾਲੀ ਕਵਰੇਜ ਇਸ ਗੱਲ ਦਾ ਸਬੂਤ ਹੈ ਕਿ ਅਜਿਹਾ ਕੀਤਾ ਜਾ ਸਕਦਾ ਹੈ। ਆਪਣੀ ਮੋਦੀ ਵਿਰੋਧੀ ਰਾਜਨੀਤੀ ਵਿੱਚ ਬੈਨਰਜੀ ਨੂੰ ਪ੍ਰਤੀਕ ਬਣਾਕੇ ਵਰਤਣ ਦੇ ਮੌਕੇ ਦਾ ਫਾਇਦਾ ਉਠਾਉਣ ਦੀ ਬਜਾਏ ਰਵੀਸ਼ ਨੇ ਇਸ ਮੌਕੇ ਨੂੰ ਗਰੀਬੀ ਹਟਾਉਣ ਦੇ ਮੁੱਦੇ 'ਤੇ ਚੱਲ ਰਹੀ ਸਿਆਸੀ ਤੇ ਬੁੱਧੀਜੀਵੀ ਬਹਿਸ 'ਤੇ ਝਾਤੀ ਮਾਰਨ ਲਈ ਵਰਤਿਆ ਅਤੇ ਬੈਨਰਜੀ ਨਾਲ ਇਤਫ਼ਾਕ ਨਾ ਰੱਖਣ ਵਾਲੇ ਇੱਕ ਆਰਥਿਕ ਮਾਹਰ ਨੂੰ ਬੈਨਰਜੀ ਦੇ ਕੰਮ ਉਪਰ ਟਿੱਪਣੀ ਕਰਨ ਤੇ ਉਸਨੂੰ ਰੱਦ ਕਰਨ ਦਾ ਸੱਦਾ ਦਿੱਤਾ ।
ਉਸਨੇ ਚੇਤਾਵਨੀ ਦਿੱਤੀ ਕਿ ਸਾਨੂੰ ਇਸ ਕਰਕੇ ਛਾਲਾਂ ਮਾਰਨ ਦੀ ਲੋੜ ਨਹੀਂ ਕਿ ਕਿਸੇ ਨੇ ਨੋਬਲ ਪੁਰਸਕਾਰ ਜਿੱਤ ਲਿਆ ਹੈ ਨਹੀਂ ਤਾਂ ਅਸੀਂ ਫੇਰ ਤੋਂ ਸਿਆਸੀ ਨੇਤਾਵਾਂ ਦੀਆਂ ਮਿੱਠੀਆਂ ਗੱਲਾਂ ਤੇ ਹੱਥਾਂ ਵਿੱਚ ਇੱਕ ਲੱਡੂ ਫੜਣ ਜੋਗੇ ਰਹਿ ਜਾਵਾਂਗੇ। ਅਸੀਂ ਉਸ ਚੇਤਾਵਨੀ ਵੱਲ ਧਿਆਨ ਦੇਣ ਲਈ ਯਤਨ ਕਰਾਂਗੇ।
(
ਅਪਰਨਾ ਗੋਪਾਲਨ, ਅੰਗਰੇਜੀ ਤੋਂ ਅਨੁਵਾਦ )
(
ਲੇਖਿਕਾ ਇੱਕ ਸਿੱਖਅਿਕ ਹੈ  ਤੇ ਹਾਰਵਰਡ ਯੂਨੀਵਰਸਿਟੀ ਤੋੰ ਪੀ ਐਚ ਡੀ ਕਰ ਰਹੀ ਹੈ ਉਸਦੀ ਖੋਜ ਪੇੰਡੂ ਭਾਰਤ ਵਿਚ ਨਾ-ਬਰਾਬਰੀ ਅਤੇ ਗਰੀਬੀ ਦੀ ਮੁੜ-ਪੈਦਾਵਾਰ 'ਤੇ ਅਧਾਰਤ ਹੈ।)

No comments:

Post a Comment