Wednesday, November 20, 2019

ਮਨਜੀਤ ਧਨੇਰ ਦੀ ਰਿਹਾਈ ਲਈ ਸੰਘਰਸ਼ ਜਾਬਰ ਰਾਜ ਦੇ ਮਨਸੂਬਿਆਂ ਨੂੰ ਸਿਆਸੀ ਮਾਤ

ਮਨਜੀਤ ਧਨੇਰ ਦੀ ਰਿਹਾਈ ਲਈ ਸੰਘਰਸ਼
ਜਾਬਰ ਰਾਜ ਦੇ ਮਨਸੂਬਿਆਂ ਨੂੰ ਸਿਆਸੀ ਮਾਤ
ਮਨਜੀਤ ਦੀ ਅਦਾਲਤੀ ਸਜ਼ਾ ਰੱਦ ਕਰਵਾਉਣ ਲਈ ਚੱਲ ਰਿਹਾ ਸੰਘਰਸ਼ ਸੂਬੇ ਦੀ ਜਨਤਕ ਜਮਹੂਰੀ ਲਹਿਰ ਦੇ ਮੋਹਰੀ ਸੰਘਰਸ਼ ਵਜੋਂ ਉੱਭਰ ਆਇਆ ਹੈ। ਇਸ ਅਦਾਲਤੀ ਬੇ-ਇਨਸਾਫੀ ਨੂੰ ਸੂਬੇ ਦੀ ਜਨਤਕ ਲਹਿਰ ਦੀਆਂ ਆਗੂ ਸਫਾਂ ਨੇ ਹੀ ਨਹੀਂ  ਸਗੋਂ ਜਮਹੂਰੀ ਲਹਿਰ ਦੀਆਂ ਸਮੁੱਚੀਆਂ ਸਫਾਂ ਨੇ ਵੀ ਚਣੌਤੀ ਵਜੋਂ ਲਿਆ ਹੈ ਅਤੇ ਇਸ ਬੇ-ਇਨਸਾਫੀ ਖਿਲਾਫ ਡਟਣ ਦੀ ਜ਼ੋਰਦਾਰ ਇੱਛਾ-ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਕਲਾਵੇ ਵਿਚਲੀ ਸਮੁੱਚੀ ਲੋਕਾਈ ਵੱਲੋਂ ਭਰਿਆ ਗਿਆ ਜ਼ੋਰਦਾਰ ਹੁੰਗਾਰਾ ਹੀ ਹੈ ਜੋ ਡੇਢ ਮਹੀਨੇ ਤੋਂ ਉਸ ਸੰਘਰਸ਼ ਦੇ ਵੇਗ ਨੂੰ ਚੜ੍ਹਦਾ ਰੱਖ ਰਿਹਾ ਹੈ। ਇਸ ਸੰਘਰਸ਼ ਦੀ ਵਿਸ਼ਾਲਤਾ ਨੇ ਸੂਬੇ ਦੀ ਜਨਤਕ ਜਮਹੂਰੀ ਲਹਿਰ 'ਚ ਉੱਸਰ ਰਹੀਆਂ ਨਰੋਈਆਂ ਰਵਾਇਤਾਂ ਨੂੰ ਉਘਾੜ ਕੇ ਦਿਖਾਇਆ ਹੈ ਤੇ ਜਨਤਕ ਲਹਿਰ ਦੀ ਵਿਆਪਕ ਲਾਮਬੰਦੀ ਦੀ ਸਮਰੱਥਾ ਨੂੰ ਦਰਸਾਇਆ ਹੈ।
ਮਨਜੀਤ ਧਨੇਰ ਦੀ ਰਿਹਾਈ ਲਈ ਹੋ ਰਹੀ ਵਿਸ਼ਾਲ ਜਨਤਕ ਲਾਮਬੰਦੀ ਤੇ ਜੋਰਦਾਰ ਸੰਘਰਸ਼ ਦਾ ਮਹੱਤਵ ਇਹ ਹੈ ਕਿ ਲੋਕਾਂ ਨੇ ਅਦਾਲਤੀ ਫੈਸਲੇ ਨੂੰ ਠੁਕਰਾ ਕੇ, ਆਪਣੀ ਸਮੂਹਿਕ ਰਜ਼ਾ ਨੂੰ ਪੁਗਾਉਣ ਦਾ ਰਾਹ ਫੜ ਲਿਆ ਹੈ। ਇਨਸਾਫ ਲਈ ਕਾਨੂੰਨਾਂ, ਅਦਾਲਤਾਂ ਤੇ ਹਕੂਮਤਾਂ ਦੇ ਰਹਿਮੋ-ਕਰਮ ਦੇ ਮੁਥਾਜ ਬਣੇ ਰਹਿਣ ਦੀ ਧਾਰਨਾ ਨੂੰ ਚਣੌਤੀ ਦੇ ਕੇ ਇਨਸਾਫ ਦਾ ਹੱਕ ਲੈਣ ਲਈ ਜਥੇਬੰਦਕ ਲੋਕ ਤਾਕਤ 'ਤੇ ਟੇਕ ਰੱਖਣ ਦੀ ਧਾਰਨਾ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ।
ਦੋ ਦਹਾਕੇ ਪਹਿਲਾਂ ਮਹਿਲ ਕਲਾਂ 'ਚ ਕਿਰਨਜੀਤ ਕੌਰ ਦੇ ਕਤਲ ਤੇ ਬਲਾਤਕਾਰ ਖਿਲਾਫ ਜ਼ੋਰਦਾਰ ਜਨਤਕ ਸੰਘਰਸ਼ ਹੋਇਆ ਸੀ । ਉਦੋਂ ਵੀ ਲੋਕਾਂ ਨੇ ਆਪਣੀ ਏਕਤਾ ਤੇ ਸੰਘਰਸ਼ ਦੇ ਜ਼ਰੀਏ ਇਲਾਕੇ 'ਚ ਸਿਆਸੀ ਸਰਪ੍ਰਸਤੀ ਵਾਲੇ ਗੁੰਡਾ ਗਰੋਹ ਨਾਲ ਟੱਕਰ ਲਈ ਸੀ ਤੇ ਉਹਨਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਕਰਵਾ ਕੇ ਲੁਟੇਰੇ ਰਾਜ ਦੀਆਂ ਅਦਾਲਤਾਂ ਤੋਂ ਇਨਸਾਫ ਦਾ ਹੱਕ ਪੁਗਾਇਆ ਸੀ। ਇਹ ਸੰਘਰਸ਼ ਸੂਬੇ ਦੇ ਮਹੱਤਵਪੂਰਨ ਜਮਹੂਰੀ ਸੰਘਰਸ਼ਾਂ 'ਚੋਂ ਇੱਕ ਸੀ। ਇਹਨਾਂ ਸੰਘਰਸ਼ਾਂ ਦੌਰਾਨ ਅਦਾਲਤਾਂ ਤੋਂ ਇਨਸਾਫ ਹਾਸਲ ਕਰਨ ਲਈ ਸੰਘਰਸ਼ਾਂ 'ਤੇ ਟੇਕ ਰੱਖਣ ਦੀ ਸੋਝੀ ਵਿਕਾਸ ਕਰਦੀ ਗਈ ਹੈ। ਪਿਛਲੇ ਦਹਾਕਿਆਂ 'ਚ ਕਈ ਸੰਘਰਸ਼ਾਂ ਅੰਦਰ ਲੋਕਾਂ ਨੇ ਜਥੇਬੰਦਕ ਤਾਕਤ ਦੇ ਜੋਰ 'ਤੇ ਦੋਸ਼ੀਆਂ ਨੂੰ ਅਦਾਲਤਾਂ 'ਚ ਸਡÝਾਵਾਂ ਦਿਵਾਈਆਂ ਹਨ। ਕਿਰਨਜੀਤ ਕੌਰ ਕਤਲ ਕਾਂਡ ਖਿਲਾਫ ਸੰਘਰਸ਼ ਵੀ ਪੁਲਿਸ-ਸਿਆਸੀ ਤੇ ਗੁੰਡਾ ਗੱਠਜੋੜ ਮੂਹਰੇ ਲੋਕਾਂ ਵੱਲੋਂ ਖੜ੍ਹ ਸਕਣ ਤੇ ਸਿਆਸੀ ਜਾਬਰ ਤਾਕਤ ਨੂੰ ਚਿੱਤ ਕਰ ਸਕਣ ਦਾ ਚਿੰਨ੍ਹ ਬਣਿਆ ਸੀ। ਮਨਜੀਤ ਧਨੇਰ ਇਸ ਲੋਕ ਤਾਕਤ ਦਾ ਆਗੂ ਸੀ। ਇਸ ਲਈ ਹੀ ਇਹ ਹਕੀਕਤ  ਸਪਸ਼ਟ ਹੋਣ ਦੇ ਬਾਵਜੂਦ ਕਿ ਮਨਜੀਤ ਕਿਸੇ ਕਤਲ 'ਚ ਸ਼ਾਮਲ ਨਹੀਂ ਹੈ, ਉਸਨੂੰ ਹਰ ਪੱਧਰ ਦੀ ਅਦਾਲਤ 'ਚ ਬੇ-ਇਨਸਾਫੀ ਹੀ ਨਸੀਬ ਹੋਈ। ਉਸਨੂੰ ਦਿੱਤੀ ਗਈ ਸਜ਼ਾ ਮਹਿਲ ਕਲਾਂ ਕਤਲ ਕਾਂਡ ਖਿਲਾਫ ਹਰਕਤ 'ਚ ਆਈ ਲੋਕਾਈ ਨੂੰ ਦਿੱਤੀ ਗਈ ਸਜ਼ਾ ਹੈ ਅਤੇ ਅੱਗੇ ਤੋਂ ਇਉਂ ਆਪਣੀ ਰਜ਼ਾ ਪੁਗਾਉਣ ਲਈ  ਡਟਣ ਤੋਂ ਬਾਜ ਆਉਣ ਦੀ ਸੁਣਵਾਈ ਹੈ। ਪਰ ਮੌਜੂਦਾ ਸੰਘਰਸ਼ ਦਸਦਾ ਹੈ ਕਿ ਲੁਟੇਰੇ ਰਾਜ-ਭਾਗ ਦੀ ਅਜਿਹੀ ਸੁਣਵਾਈ ਨੂੰ ਜਥੇਬੰਦ ਲੋਕ ਤਾਕਤ ਨੇ ਸੁਣਕੇ, ਸਮਝ ਕੇ, ਰੱਦ ਕਰ ਦਿੱਤਾ ਹੈ। ਮਨਜੀਤ ਧਨੇਰ ਨੂੰ ਸਜ਼ਾ ਦੇ ਕੇ, ਜੇਲ੍ਹ 'ਚ ਡੱਕ ਕੇ ਜਾਬਰ ਰਾਜ ਜੋ ਸੁਨੇਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ, ਉਸ ਵਿਚ ਅਸਫਲ ਨਿਬੜਿਆ ਹੈ। ਸਗੋਂ ਲੋਕਾਂ ਨੇ ਇਨਸਾਫ ਦਾ ਹੱਕ ਲੈਣ ਲਈ, ਗ੍ਰਹਿਣ ਕੀਤੇ ਹੋਏ ਰਸਤੇ ਨੂੰ ਮੁੜ ਚਿਤਾਰਿਆ ਹੈ ਤੇ ਉਹੀ ਰਾਹ ਫੜਿਆ ਹੈ। ਲੋਕਾਂ ਅੰਦਰ ਦੜ ਵੱਟ ਲੈਣ ਦਾ ਡਰ ਪੈਦਾ ਨਹੀਂ  ਕੀਤਾ ਜਾ ਸਕਿਆ, ਸਗੋਂ ਧੀਆਂ ਦੀ ਰਾਖੀ ਲਈ ਡਟਣ ਵਾਲਿਆਂ ਪ੍ਰਤੀ ਨਫਰਤ ਭਰੀ  ਦੁਸ਼ਮਣੀ ਦਾ ਪ੍ਰਗਟਾਵਾ ਕਰਕੇ ਉੁਹ ਲੋਕਾਂ 'ਚ ਹੋਰ ਵਧੇਰੇ ਨਸ਼ਰ  ਹੋ ਗਿਆ ਹੈ। ਇਸ ਰਾਜ-ਭਾਗ ਤੋਂ ਇਨਸਾਫ ਹਾਸਲ ਕਰਨ ਲਈ ਜਥੇਬੰਦਕ ਤਾਕਤ ਦੀ ਉਸਾਰੀ ਤੇ ਸੰਘਰਸ਼ ਦਾ ਰਸਤਾ ਹੀ ਇੱਕੋ ਇੱਕ ਰਸਤੇ ਵਜੋਂ ਲੋਕ ਚੇਤਨਾ 'ਚ ਹੋਰ ਵਧੇਰੇ ਘਰ ਕਰ ਗਿਆ ਹੈ। ਲੋਕਾਂ ਦੇ ਤਜਰਬੇ 'ਚ ਇਹ ਵਿਚਾਰ ਜੁੜਦਾ ਜਾ ਰਿਹਾ ਹੈ ਕਿ ਇਸ ਰਾਜ ਦੇ ਅੰਗ ਵਜੋਂ ਅਦਾਲਤਾਂ ਲੋਕ ਦੁਸ਼ਮਣ ਕਿਰਦਾਰ ਦੀਆਂ ਮਾਲਕ ਹਨ ਜਦ ਕਿ ਲੁਟੇਰੀਆਂ ਜਮਾਤਾਂ ਦੀਆਂ ਸੇਵਾਦਾਰ ਹਨ ਤੇ ਕਿਵੇਂ ਇਹਨਾਂ ਜਮਾਤਾਂ ਦੇ ਵਿਅਕਤੀ ਅਦਾਲਤੀ ਰੱਖਿਆ ਦੀ ਛਤਰੀ ਮਾਣਦੇ ਹਨ। ਇਹ ਸੰਘਰਸ਼ ਸਿਖਾ ਰਿਹਾ ਹੈ, ਲੋਕ ਤਾਕਤ ਸਿਰਫ ਵੇਲੇ ਦੀ ਚੁਣੀ ਸਰਕਾਰ ਮੂਹਰੇ ਹੀ ਨਹੀਂ, ਸਗੋਂ ਰਾਜ ਭਾਗ ਦੇ ਸਥਾਈ ਅੰਗਾਂ, ਜਿਵੇਂ ਅਫਸਰਸ਼ਾਹੀ ਤੇ ਅਦਾਲਤੀ ਹੁਕਮਾਂ ਅੱਗੇ ਵੀ ਡਟ ਸਕਦੀ ਹੈ। ਇਹ ਸੰਘਰਸ਼ ਰਾਜ-ਭਾਗ ਦੇ ਇਹਨਾਂ ਸਭਨਾਂ ਅੰੰਗਾਂ ਦੀ ਆਪਸੀ ਸਾਂਝ ਨੂੰ ਲੋਕਾਂ ਮੂਹਰੇ ਨਸ਼ਰ ਕਰ ਰਿਹਾ ਹੈ।
ਮਨਜੀਤ ਧਨੇਰ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਸੂਬੇ ਦੀਆਂ ਸਭਨਾਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਹੱਕ 'ਤੇ ਹਮਲੇ ਵਜੋਂ ਲਿਆ ਹੈ ਤੇ ਇਸਦਾ ਇੱਕਜੁੱਟ ਤੇ ਸਾਂਝਾ ਜਵਾਬ ਦਿੱਤਾ ਜਾ ਰਿਹਾ ਹੈ । ਸੂਬੇ ਦੀ ਜਨਤਕ ਜਮਹੂਰੀ ਲਹਿਰ ਦੀ ਹਰ ਵੱਡੀ ਛੋਟੀ ਟੁਕੜੀ ਇਸ ਸੰਘਰਸ਼ ਨਾਲ ਸਰੋਕਾਰ ਪ੍ਰਗਟਾਉਂਦਿਆਂ ਇਸ ਵਿਚ ਹਿੱਸਾ ਪਾਉਣਾ ਆਪਣੇ ਫਰਜਾਂ ਦਾ ਹਿੱਸਾ ਸਮਝ ਰਹੀ ਹੈ। ਆਏ ਦਿਨ ਹਰ ਤਬਕਾ ਹੀ ਜੇਲ੍ਹ ਮੂਹਰੇ ਲੱਗੇ ਲਗਾਤਾਰ ਧਰਨੇ 'ਚ ਸ਼ਮੂਲੀਅਤ ਕਰ ਰਿਹਾ ਹੈ। ਜਥੇਬੰਦ ਹੋਈ ਤੇ ਸੰਘਰਸ਼ਾਂ ਦੇ ਲੰਮੇ ਅਮਲ 'ਚ ਰੜ੍ਹੀ-ਤਪੀ ਕਿਸਾਨ ਸ਼ਕਤੀ ਹੈ ਜੋ ਇਸ ਸੰਘਰਸ਼ ਦੀ ਕੰਗਰੋੜ ਦੀ ਭੂਮਿਕਾ 'ਚ ਹੈ ਤੇ ਇਸਦੀ ਅਜਿਹੀ ਧੁਰਾ-ਨੁਮਾ ਭੂਮਿਕਾ ਹੋਰਨਾਂ ਤਬਕਿਆਂ ਦੀਆਂ ਕਮਜ਼ੋਰ ਟੁਕੜੀਆਂ ਦੀ ਹਿੱਸਾਪਾਈ ਰਾਹੀਂ ਸੰਘਰਸ਼ ਨੂੰ ਜਰ੍ਹਬਾਂ ਦੇਣ ਦਾ ਹੀ ਸਾਧਨ ਬਣ ਰਹੀ ਹੈ। ਸੂਬੇ ਦੇ ਲੋਕ ਪੱਖੀ ਕਲਮਕਾਰਾਂ ਵੱਲੋਂ ਮਾਰਿਆ ਗਿਆ ਹਮਾਇਤੀ ਹੰਭਲਾ ਵੀ ਗਿਣਤੀ ਨਾਲੋਂ ਜ਼ਿਆਦਾ ਗੁਣਾਤਮਕ ਪੱਖੋਂ ਮਹੱਤਵਪੂਰਨ ਹੈ। ਇਉਂ ਇਹ ਸੰਘਰਸ਼ ਸੂਬੇ ਦੀ ਜਨਤਕ ਜਮਹੂਰੀ ਲਹਿਰ ਦੀ ਸਾਰੀ ਸ਼ਕਤੀ ਨੂੰ ਹਰਕਤ 'ਚ ਲਿਆ ਕੇ , ਉਸਦੀ ਆਪਸੀ ਸਾਂਝ ਦੀ ਤੰਦ ਨੂੰ ਹੋਰ ਪੀਡੀ ਕਰਨ ਦਾ ਸਾਧਨ ਬਣ ਰਿਹਾ ਹੈ। ਪੰਜਾਬ ਦੀ ਵਿਸ਼ੇਸ਼ ਹਾਲਤ ਅੰਦਰ ਇਸ ਸੰਘਰਸ਼ ਦਾ ਵਡੇਰਾ ਸਿਆਸੀ ਮਹੱਤਵ ਵੀ ਬਣ ਜਾਂਦਾ ਹੈ। ਅੱਜ ਸਾਰੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਲੋਕਾਂ 'ਚ ਬੁਰੀ ਤਰ੍ਹਾਂ ਨਸ਼ਰ ਹੋ ਚੁੱਕੀਆਂ ਹਨ ਤੇ ਲੋਕ ਇਹਨਾਂ ਦੇ ਕਿਰਦਾਰ ਬਾਰੇ ਸੁਚੇਤ ਹੋ ਰਹੇ ਹਨ। ਬਹੁਤ ਵੱਡੇ ਮੁੱਦੇ ਲੋਕਾਂ ਸਾਹਮਣੇ ਹਨ ਪਰ ਕੋਈ ਵੀ ਭਰੋਸੇਯੋਗ ਤੇ ਪਾਏਦਾਰ ਤਾਕਤ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ ਜੋ ਪੈਰ ਪੈਰ 'ਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਡਟ ਸਕੇ, ਹਰ ਬੇ-ਇਨਸਾਫੀ  ਮੂਹਰੇ ਕੰਧ ਬਣ ਸਕੇ। ਪੰਜਾਬ ਦੀ ਜਨਤਕ ਜਮਹੂਰੀ ਲਹਿਰ ਅਜਿਹੀ ਸ਼ਕਤੀ ਵਜੋਂ ਉੱਭਰ ਰਹੀ ਹੈ, ਚਾਹੇ  ਅਜੇ ਸਿਆਸੀ ਤੌਰ 'ਤੇ ਨਹੀਂ ਪਰ ਮੁੱਢਲੇ ਪੱਧਰ 'ਤੇ ਲੋਕਾਂ ਕੋਲ ਆਪਣੀ ਬਦਲਵੀਂ ਸ਼ਕਤੀ ਵਜੋਂ ਆਪਣੀਆਂ ਜੱਥੇਬੰਦੀਆਂ ਦੀ ਹੈਸੀਅਤ ਦਿਖਣੀ ਬਹੁਤ ਮਹੱਤਵਪੂਰਨ ਹੈ। ਜਨਤਕ ਜਮਹੂਰੀ ਲਹਿਰ ਦੇ ਕਲਾਵੇ ਤੋਂ ਬਾਹਰ ਬੈਠੀ ਲੋਕਾਈ ਦਾ ਧਿਆਨ ਇਸ ਸੰਘਰਸ਼ 'ਤੇ ਲੱਗ ਗਿਆ ਹੈ ਤੇ ਉਹਨਾਂ ਨੂੰ ਲੋਕ ਸ਼ਕਤੀ ਦਾ ਇੱਕ ਪੋਲ ਦਿਖ ਰਿਹਾ ਹੈ। ਇਹ ਪੋਲ ਦਿਖਣਾ ਸਭ ਤੋਂ ਡਿÝਆਦਾ ਮਹੱਤਵਪੂਰਨ ਹੈ। ਲੋਕਾਂ ਦਾ ਇਹ ਤਜਰਬਾ ਹੀ ਉਹਨਾਂ ਲਈ ਮੁੱਲਵਾਨ ਪੂੰਜੀ ਬਣਨੀ ਹੈ ਜੋ ਹਰ ਅਗਲੇਰੇ ਵਿਸ਼ਾਲ ਤੇ ਤਿੱਖੇ ਘੋਲਾਂ ਲਈ ਅਧਾਰ ਬਣਨੀ ਹੈ। ਮਨਜੀਤ ਧਨੇਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇ ਜਾਂ ਲੋਕ ਘੋਲਾਂ 'ਚ ਸਿੱਧੇ ਤੌਰ 'ਤੇ ਹਾਜ਼ਰ ਹੋਵੇ, ਪਰ ਉਸਦੀ ਰਿਹਾਈ ਲਈ ਉੱਠੀ ਆਵਾਜ਼ ਹਾਕਮਾਂ ਦਾ ਸਿਆਸੀ ਮਕਸਦ ਫੇਲ੍ਹ ਕਰ ਚੁੱਕੀ ਹੈ, ਸਗੋਂ ਉਲਟੀ ਪੈ ਗਈ ਹੈ। ਸੂਬੇ ਦੀ ਜਨਤਕ ਲਹਿਰ ਦੇ ਘੁਲਾਟੀਆਂ 'ਚ ਦਹਿਸ਼ਤ ਦਾ ਸੰਚਾਰ ਹੋਣ ਦੀ ਥਾਂ, ਰੋਹ ਦਾ ਸੰਚਾਰ ਹੋ ਗਿਆ ਹੈ। ਹੱਕ-ਸੱਚ ਲਈ ਡਟਣ ਦੀ ਤਾਂਘ ਪ੍ਰਚੰਡ ਹੋ ਉੱਠੀ ਹੈ ਤੇ ਇਉਂ ਜਾਬਰ ਰਾਜ ਦੇ ਜਾਬਰ ਮਨਸੂਬਿਆਂ ਨੂੰ ਮਾਤ ਦਿੱਤੀ ਜਾ ਚੁੱਕੀ ਹੈ ਤੇ ਹੁਣ ਮਨਜੀਤ ਧਨੇਰ ਦਾ ਜੇਲ੍ਹੋਂ ਬਾਹਰ ਆਉਣਾ ਹੀ ਬਾਕੀ ਹੈ।
ਮਨਜੀਤ ਧਨੇਰ ਨੂੰ ਅਦਾਲਤੀ ਸਜ਼ਾ ਸੂਬੇ ਦੀ ਲੋਕ ਲਹਿਰ 'ਤੇ ਹੋਣ ਵਾਲੇ ਅਗਲੇ ਵਾਰਾਂ ਦਾ ਟਰੇਲਰ ਵੀ ਹੈ। ਲੋਕ ਘੋਲਾਂ ਨੂੰ ਡੱਕਣ ਲਈ ਅਦਾਲਤਾਂ 'ਤੇ ਵਧ ਰਹੀ ਟੇਕ, ਹੁਣ ਹੋਰ ਵਧੇਰੇ ਜਾਹਰਾ ਰੂਪ 'ਚ ਪ੍ਰਗਟ ਹੋ ਰਹੀ ਹੈ। ਲੋਕ ਆਗੂਆਂ ਨੂੰ ਝੂਠੇ ਕੇਸਾਂ 'ਚ ਫਸਾ ਕੇ,ਜੇਲ੍ਹੀਂ ਡੱਕਣਾ ਇੱਕ ਆਮ ਹਥਿਆਰ ਬਣਿਆ ਆ ਰਿਹਾ  ਹੈ ਤੇ  ਹੁਣ ਅਦਾਲਤਾਂ ਵੱਲੋਂ ਸਜਾਵਾਂ ਦੇਣ ਦੀ ਨੀਤੀ ਨੇ ਹੋਰ ਅੱਗੇ ਵਧਣਾ  ਹੈ। ਅਜਿਹੀ ਹਾਲਤ 'ਚ ਜਿੱਥੇ ਇੱਕ ਪਾਸੇ ਇਸ ਨੀਤੀ ਦੇ ਟਾਕਰੇ ਲਈ ਲੋਕਾਂ ਦੀ ਲਹਿਰ ਨੂੰ ਹੋਰ ਵਧੇਰੇ ਤਿਆਰ ਹੋਣ ਦੀ ਜ਼ਰੂਰਤ ਹੈ ਤੇ ਇਹਨਾਂ ਕਦਮਾਂ ਖਿਲਾਫ ਜੂਝਣ ਨੂੰ ਵੀ ਸੰਘਰਸ਼ਾਂ ਦਾ ਹਿੱਸਾ ਬਨਾਉਣਾ ਪੈਣਾ ਹੈ। ਨਾਲ ਹੀ ਵਧ ਰਹੇ ਹਕੂਮਤੀ ਜਬਰ ਦੇ ਕਦਮ ਲੋਕ ਆਗੂਆਂ ਨੂੰ ਜੇਲ੍ਹਾਂ 'ਚ ਜਾਣ, ਨਜ਼ਰਬੰਦੀਆਂ ਕੱਟਣ ਲਈ ਮਾਨਸਿਕ ਤੌਰ 'ਤੇ ਹੋਰ ਵਧੇਰੇ ਤਿਆਰ ਹੋਣ ਦਾ ਸਵਾਲ ਵੀ ਪਾ ਰਹੇ ਹਨ।



No comments:

Post a Comment