Wednesday, November 20, 2019

ਸਿਆਸੀ ਕੈਦੀਆਂ ਦੇ ਅਧਿਕਾਰਾਂ ਦਾ ਝੰਡਾਬਰਦਾਰ ਸੀ ਪ੍ਰੋ. ਐਸ. ਏ. ਆਰ. ਗਿਲਾਨੀ

ਸਿਆਸੀ ਕੈਦੀਆਂ ਦੇ ਅਧਿਕਾਰਾਂ ਦਾ ਝੰਡਾਬਰਦਾਰ ਸੀ
ਪ੍ਰੋ. ਐਸ. ਏ. ਆਰ. ਗਿਲਾਨੀ
ਲੰਘੀ 24 ਅਕਤੂਬਰ ਨੂੰ ਉੱਘੇ ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋ. ਐਸ ਏ ਆਰ ਗਿਲਾਨੀ ਦੀ ਮੌਤ ਹੋ ਗਈ ਹੈ। 55 ਵਰ੍ਹਿਆਂ ਦਾ ਗਿਲਾਨੀ ਦਿੱਲੀ ਯੂਨੀਵਰਸਿਟੀ ਦੇ ਜ਼ਾਕਿਰ ਹੁਸੈਨ ਕਾਲਜ 'ਚ ਪ੍ਰੋਫੈਸਰ ਸੀ। ਉਹ ਸਿਆਸੀ ਕੈਦੀਆਂ ਦੇ ਅਧਿਕਾਰਾਂ ਦਾ ਉੱਘਾ ਝੰਡਾਬਰਦਾਰ ਸੀ ਅਤੇ ਪ੍ਰੋ. ਸਾਈਂ ਬਾਬਾ, ਰੋਨਾ ਵਿਲਸਨ ਵਰਗੇ ਲੋਕ ਪੱਖੀ ਬੁੱਧੀਜੀਵੀਆਂ ਦਾ ਨੇੜਲਾ ਸਾਥੀ ਸੀ।
ਕਸ਼ਮੀਰ  ਦੇ ਬਾਰਾਮੁੱਲਾ  ਜਿਲ੍ਹਾ ਵਿਚ ਜਨਮੇ ਗਿਲਾਨੀ ਨੇ ਉਚੇਰੀ ਪੜ੍ਹਾਈ ਲਖਨਊ ਅਤੇ ਦਿੱਲੀ ਵਿਚ ਕੀਤੀ ਅਤੇ ਇਸ ਦੌਰਾਨ ਉਸ ਨੇ ਕਸ਼ਮੀਰ ਦੀ ਵਿੱਥਿਆ ਬਾਰੇ ਲੋਕਾਂ ਨੂੰ ਦੱਸਣ ਲਈ ਕਸ਼ਮੀਰੀ ਆਗੂਆਂ ਤੇ ਸਾਥੀ ਵਿਦਿਆਰਥੀਆਂ ਨੂੰ ਕਈ ਸੈਮੀਨਾਰਾਂ ਵਿਚ ਬੋਲਣ ਦਾ ਸੱਦਾ  ਦਿੱਤਾ। ਉਸ ਤੋਂ ਬਾਅਦ ਉਸ ਨੇ  ਜ਼ਾਕਿਰ ਹੁਸੈਨ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕੀਤਾ। ਉਹ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਵਿਚ ਖੁੱਲ੍ਹਕੇ ਅਤੇ ਦ੍ਰਿੜਤਾ ਨਾਲ ਬੋਲਦਾ ਸੀ। ਕਸ਼ਮੀਰ ਅੰਦਰ ਮੜ੍ਹੇ ਕਰਫਿਊ ਵਰਗੇ ਹਾਲਾਤਾਂ ਵੱਲ ਧਿਆਨ ਦਿਵਾਉਂਦਾ ਸੀ। 2001 ਦੇ ਸੰਸਦ ਹਮਲੇ ਤੋਂ ਬਾਅਦ ਸ਼ੌਕਤ ਹੁਸੈਨ ਅਤੇ ਨਵਜੋਤ ਸੰਧੂ ਪ੍ਰੋ. ਗਿਲਾਨੀ ਅਤੇ ਅਫਜ਼ਲਗੁਰੂ ਨੂੰ ਇਸ ਹਮਲੇ ਦੇ ਦੋਸ਼ੀ ਕਰਾਰ ਦੇ ਕੇ  ਹਿਰਾਸਤ ਵਿਚ ਲੈ ਲਿਆ ਗਿਆ।  ਗਿਲਾਨੀ ਨੂੰ ਮੁੱਖ ਸਾਜਿਸ਼-ਕਰਤਾ ਐਲਾਨ ਕੇ ਉਸ ਉੱਪਰ ਅੰਨ੍ਹਾਂ ਤਸ਼ੱਦਦ ਕੀਤਾ ਗਿਆ। ਉਸ ਨੂੰ ਫਰਜ਼ੀ ਦੋਸ਼ ਮੰਨਣ ਲਈ ਜ਼ੋਰ ਪਾਇਆ ਗਿਆ ਤੇ  ਅਜਿਹਾ ਨਾ ਕਰਨ ਦੀ ਸੂਰਤ  ਵਿਚ ਉਸ ਦੀ ਪਤਨੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ। ਹੱਥਕੜੀ ਅਤੇ ਪੈਰਾਂ ਦੀ ਜ਼ੰਜੀਰ ਵਿਚ ਜਕੜੇ ਅਤੇ ਪੁਲਸ ਥਾਣੇ ਅੰਦਰ ਮੇਜ਼ ਨਾਲ ਬੰਨ੍ਹੇਂ ਪ੍ਰੋ. ਗਿਲਾਨੀ ਦੀ ਇਹ ਹਾਲਤ ਉਸ ਦੇ ਬੱਚਿਆਂ ਨੂੰ ਦਿਖਾਈ ਗਈ। ਪਰ ਉਹ ਅਡੋਲ ਰਿਹਾ ਤੇ ਫਰਜੀ ਇਕਬਾਲਨਾਮੇ 'ਤੇ ਦਸਤਖਤ ਕਰਨ ਤੋਂ ਦੋ ਟੁੱਕ ਜਵਾਬ ਦਿੱਤਾ। ਉਸ ਸਾਲ ਦੋ ਮਹੀਨੇ ਬਾਅਦ ਜਾਬਰ ਕਾਨੂੰਨ ਪੋਟਾ ਪਾਸ ਕੀਤਾ ਗਿਆ ਤੇ ਪ੍ਰੋ.ਗਿਲਾਨੀ 'ਤੇ ਮੜ੍ਹਿਆ ਗਿਆ। ਸ਼ੌਕਤ ਹੁਸੈਨ, ਅਫਜਲ ਗੁਰੂ ਤੇ ਗਿਲਾਨੀ ਨੂੰ ਇਸ ਮੁਕੱਦਮੇ ਅੰਦਰ ਮੌਤ ਦੀ ਸਜ਼ਾ ਸੁਣਾਈ ਗਈ। ਹਾਕਮ ਜਮਾਤੀ ਮੀਡੀਆ ਨੇ ਵੀ ਉਸ ਖਿਲਾਫ ਜੋਰਦਾਰ ਪ੍ਰਚਾਰ ਕੀਤਾ। ਦੂਜੇ ਪਾਸੇ ਪ੍ਰੋ. ਗਿਲਾਨੀ ਦੀ ਬਿਨਾਂ ਸਬੂਤੋਂ ਗ੍ਰਿਫਤਾਰੀ ਖਿਲਾਫ ਅਰੁੰਧਤੀ ਰਾਏ, ਸੰਜੇ ਕਾਕ, ਪ੍ਰਭਾਸ਼ ਜੋਸ਼ੀ ਵਰਗੇ ਅਨੇਕਾਂ ਬੁੱਧੀਜੀਵੀਆਂ ਵੱਲੋਂ 12 ਮੈਂਬਰੀ ਬਚਾਓ ਕਮੇਟੀ ਬਣਾ ਕੇ ਜੋਰਦਾਰ ਮੁਹਿੰਮ ਚਲਾਈ ਗਈ। ਇਹ ਮੁਹਿੰਮ ਇਸ ਝੂਠੇ ਕੇਸ ਦੇ ਨਾਲ ਨਾਲ ਪੋਟਾ ਖਿਲਾਫ ਵੀ ਸੇਧਤ ਸੀ। ਇਸ ਮੁਹਿੰਮ ਦੌਰਾਨ ਇਸ ਕੇਸ ਦੇ ਉੱਘੜਵੇਂ ਝੂਠੇ ਤੱਥ ਨਸ਼ਰ ਕੀਤੇ ਗਏ। ਇਸ ਕੇਸ ਖਿਲਾਫ ਉੱਘੇ ਬੁੱਧੀਜੀਵੀਆਂ ਵੱਲੋਂ ਜੋਰਦਾਰ ਮੁਹਿੰਮ, ਦ੍ਰਿੜ ਕਾਨੂੰਨੀ ਪੈਰਵਾਈ ਅਤੇ ਇਸ ਕੇਸ  ਦੇ ਬਿਲਕੁਲ ਥੋਥੇ ਅਧਾਰ ਸਦਕਾ ਪ੍ਰੋ. ਗਿਲਾਨੀ ਨੂੰ ਬਰੀ ਕੀਤਾ ਗਿਆ। ਜਦੋਂ ਕਿ ਅਫਜਲ ਗੁਰੂ ਦੇ ਮਾਮਲੇ ਵਿਚ ਸਮਾਜ  ਦੀ ਸਮੂਹਕ ਜ਼ਮੀਰ ਦੀ ਤਸੱਲੀ ਦੀ ਥੋਥੀ ਤੇ ਅਨੋਖੀ ਦਲੀਲ ਦਾ ਬਹਾਨਾ ਬਣਾ ਕੇ ਸਜ਼ਾ ਬਰਕਰਾਰ ਰੱਖੀ  ਗਈ। ਦੋ ਸਾਲਾਂ ਦੀ ਸਖਤ ਕੈਦ ਉਪਰੰਤ ਆਪਣੀ ਰਿਹਾਈ ਤੋਂ ਬਾਅਦ ਪ੍ਰੋ. ਗਿਲਾਨੀ ਨੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਆਵਾਜ਼ ਉਠਾਉਣਾ ਜਾਰੀ ਰੱਖਿਆ। 2005 ਵਿਚ ਇਕ ਅਣਪਛਾਤੇ  ਬੰਦੂਕਧਾਰੀ ਨੇ ਉਸ ਉੱਪਰ ਪੰਜ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। 2008 ਵਿਚ ਦਿੱਲੀ ਯੂਨੀਵਰਸਿਟੀ ਵਿਚ ਫਿਰਕਾਪ੍ਰਸਤੀ ਤੇ ਸ਼ਾਵਨਵਾਦ ਮਸਲੇ ਉੱਪਰ ਇਕ ਸੈਮੀਨਾਰ ਦੌਰਾਨ ਇਹ ਏ ਬੀ ਵੀ ਪੀ ਦੇ ਕਾਰਕੁੰਨਾਂ ਨੇ ਪ੍ਰੋ. ਗਿਲਾਨੀ ਉੱਪਰ  ਥੁੱਕਿਆ, ਭੰਨਤੋੜ ਕੀਤੀ ਅਤੇ ਉਸ ਸਮੇਤ ਬੋਲਣ ਵਾਲਿਆਂ 'ਤੇ ਹਮਲਾ ਕੀਤਾ ਅਤੇ ਗਾਲ੍ਹਾਂ ਕੱਢੀਆਂ। ਪਰ ਉਸ ਨੇ ਇਸ ਸਭ ਦੇ ਬਾਵਜੂਦ ਅਤੇ ਆਪਣੇ ਪਿਛੋਕੜ ਅਤੇ ਇਸ ਦੇ ਨਾਲ ਜੁੜੇ ਖਤਰਿਆਂ ਦੇ ਬਾਵਜੂਦ ਜਮਹੂਰੀ ਮਸਲਿਆਂ ਉੱਪਰ ਆਪਣਾ ਦ੍ਰਿੜ ਸਟੈਂਡ ਕਾਇਮ ਰੱਖਿਆ। 2016 ਵਿਚ ਅਫਜਲ ਗੁਰੂ ਦੀ ਤੀਜੀ ਬਰਸੀ ਮੌਕੇ ਉਸ ਦੇ ਅਦਾਲਤੀ ਕਤਲ ਖਿਲਾਫ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਕਰਕੇ ਉਸ ਉੱਪਰ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਇਆ ਤੇ ਉਸ ਨੂੰ ਮੁੜ ਇਕ ਮਹੀਨਾ ਜੇਲ੍ਹ ਵਿਚ ਰਹਿਣਾ ਪਿਆ। ਅਰੁੰਧਤੀ ਰਾਏ ਦੇ ਸ਼ਬਦਾਂ ਵਿਚ ''ਮੇਰੇ ਲਈ ਉਹ ਹਮੇਸ਼ਾ ਸਭ ਤੋਂ ਵੱਧ ਬਹਾਦਰ ਅਤੇ ਅਣਖੀ ਲੋਕਾਂ 'ਚੋਂ ਇੱਕ ਰਿਹਾ ਹੈ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ।''
ਪ੍ਰੋ. ਗਿਲਾਨੀ ਦਾ ਨਾਂ ਲੋਕ ਪੱਖੀ ਹਲਕਿਆਂ ਅੰਦਰ ਹਮੇਸ਼ਾ ਸਨਮਾਨ ਨਾਲ ਲਿਆ ਜਾਂਦਾ ਰਹੇਗਾ। ਅਦਾਰਾ ਸੁਰਖ ਲੀਹ ਪ੍ਰੋ. ਗਿਲਾਨੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।

No comments:

Post a Comment