Wednesday, November 20, 2019

ਲਾਤੀਨੀ ਅਮਰੀਕਾ ਅੰਦਰ ਹੁਣ ਚਿੱਲੀ 'ਚ ਲੋਕ-ਉਭਾਰ

ਲਾਤੀਨੀ ਅਮਰੀਕਾ ਅੰਦਰ ਹੁਣ ਚਿੱਲੀ 'ਚ ਲੋਕ-ਉਭਾਰ
ਲਾਤੀਨੀ ਅਮਰੀਕਾ ਦਾ ਮੁਲਕ ਚਿੱਲੀ ਹੁਣ ਲੋਕ ਉਭਾਰ ਦੀ ਲਪੇਟ 'ਚ ਹੈ। ਪਿਛਲੇ ਅਰਸੇ 'ਚ ਲਾਤੀਨੀ ਅਮਰੀਕਾ ਆਮ ਕਰਕੇ ਹੀ ਲੋਕ ਉਭਾਰਾਂ ਦਾ ਕੇਂਦਰ ਰਿਹਾ ਹੈ ਪਰ ਚਿੱਲੀ ਇਸ ਅਰਸੇ ਦੌਰਾਨ ਮੁਕਾਬਲਤਨ ਸਿਆਸੀ ਸਥਿਰਤਾ 'ਚ ਸੀ ਤੇ 'ਖੁਸ਼ਹਾਲੀ' ਲਈ ਪ੍ਰਚਾਰਿਆ ਜਾ ਰਿਹਾ ਸੀ ਪਰ ਹੁਣ ਹਕੀਕਤ ਸਾਹਮਣੇ ਆ ਗਈ ਹੈ ਤੇ ਲਾਤੀਨੀ ਅਮਰੀਕਾ ਦੇ 'ਗਲੀਆਂ ਦੇ ਆਦਮੀ' ਹੁਣ ਚਿੱਲੀ 'ਚ ਵੀ ਦਿਖਾਈ ਦੇ ਰਹੇ ਹਨ। ਅਕਤੂਬਰ ਮਹੀਨੇ ਦੇ ਸ਼ੁਰੂ ਤੋਂ ਹੀ ਚਿੱਲੀ 'ਚ ਲੋਕਾਂ ਦੇ ਰੋਸ ਮੁਜਾਹਰਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਸਰਕਾਰੀ ਜਾਇਦਾਦਾਂ ਲੋਕ ਰੋਹ ਦਾ ਨਿਸ਼ਾਨਾ ਬਣ ਰਹੀਆਂ ਹਨ। ਲੋਕ ਰੋਹ ਦਾ ਹੜ੍ਹ ਏਨਾ ਜ਼ੋਰਦਾਰ ਹੈ ਕਿ ਰਾਜ ਮਸ਼ੀਨਰੀ ਲਈ ਕਾਬੂ ਪਾਉਣਾ ਔਖਾ ਹੋ ਰਿਹਾ ਹੈ ਤੇ ਸਰਕਾਰ ਨੂੰ ਚਿੱਲੀ 'ਚ ਹੋਣ ਵਾਲੀ ਜਲਵਾਯੂ ਤਬਦੀਲੀ ਸੰਬੰਧੀ ਕੌਮਾਂਤਰੀ ਕਾਨਫਰੰਸ ਕਰਵਾਉਣ ਤੋਂ ਹੱਥ ਖੜ੍ਹੇ ਕਰਨੇ ਪੈ ਗਏ ਹਨ। ਦਸੰਬਰ ਦੇ ਪਹਿਲੇ ਹਫਤੇ ਹੋਣ ਵਾਲੀ ਇਹ ਕਾਨਫਰੰਸ ਹੁਣ ਸਪੇਨ 'ਚ ਹੋਵੇਗੀ।
ਚਾਹੇ ਲੋਕ ਰੋਹ ਦੇ ਫੁਟਾਰੇ ਦਾ ਨੁਕਤਾ 1 ਅਕਤੂਬਰ ਨੂੰ ਟਰਾਂਸਪੋਰਟ '4% ਕਿਰਾਏ ਦਾ ਵਾਧਾ ਬਣਿਆ ਹੈ ਪਰ ਇਹਦੇ ਪਿੱਛੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਖਿਲਾਫ ਲੋਕਾਂ 'ਚ ਜਮ੍ਹਾਂ ਹੋਇਆ ਰੋਹ ਹੈ ਜੋ ਹੁਣ ਬਾਰੂਦ ਵਾਂਗ ਉੱਠਿਆ ਹੈ ਤੇ ਚਿੱਲੀ 'ਚ ਨਾਅਰਾ ਗੂੰਜ ਰਿਹਾ ਹੈ ਚਿੱਲੀ ਜਾਗ ਪਿਆ ਹੈ।ਖੁੱਲ੍ਹੀ ਮੰਡੀ ਦੇ ਪ੍ਰਚਾਰਕ-ਧੂਤੂਆਂ ਵੱਲੋਂ ਚਿੱਲੀ ਨੂੰ ਉਦਾਹਰਨ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ, ਹੁਣ ਉਸਦੀ ਫੂਕ ਵੀ ਨਿਕਲ ਗਈ ਹੈ। ਮੁਲਕ ਦੀ ਰਾਜਧਾਨੀ ਸੈਨਟਿਆਗੋ 'ਚ ਇੱਕ ਦਿਨ '10 ਲੱਖ ਲੋਕ ਸੜਕਾਂ 'ਤੇ ਨਿਕਲੇ ਹਨ। ਥਾਂ-ਥਾਂ ਪੁਲਿਸ ਨਾਲ ਟੱਕਰਾਂ ਲਈਆਂ ਜਾ ਰਹੀਆਂ ਹਨ। ਸਰਕਾਰ ਨੇ ਮੈਟਰੋ ਸੇਵਾ ਰੱਦ ਕੀਤੀ ਤੇ ਕਰਫਿਊ ਲਗਾ ਦਿੱਤਾ ਪਰ ਖਾੜਕੂ ਮੁਜਾਹਰੇ ਕੌਮੀ ਰਾਜਧਾਨੀ ਤੋਂ ਅਗਲੇ ਸ਼ਹਿਰਾਂ 'ਚ ਵੀ ਫੈਲ ਗਏ। ਲੋਕਾਂ ਨੇ ਨਾ-ਫੁਰਮਾਨੀ ਲਹਿਰ ਸ਼ੁਰੂ ਕਰ ਦਿੱਤੀ ਤੇ ਕਈ ਮੈਟਰੋ ਸਟੇਸ਼ਨਾਂ ਨੂੰ ਤੋੜ ਸੁੱਟਿਆ ਚਾਹੇ ਸਰਕਾਰ ਨੇ ਘਬਰਾ ਕੇ 19 ਅਕਤੂਬਰ ਨੂੰ ਕਿਰਾਇਆਂ 'ਚ ਵਾਧਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਪਰ ਇਹ ਮੁਜਾਹਰੇ ਜਾਰੀ ਰਹੇ ਹਨ। 26 ਅਕਤੂਬਰ ਨੂੰ ਕੌਮੀ ਰਾਜਧਾਨੀ 'ਚ ਦਸ ਲੱਖ ਤੋਂ ਉੱਪਰ ਲੋਕਾਂ ਦਾ ਮਾਰਚ ਹੋਇਆ। ਇਸ ਦੌਰਾਨ ਪੁਲਿਸ ਨਾਲ ਝੜਪਾਂ '23 ਲੋਕ ਮਾਰੇ ਗਏ ਹਨ। ਜਦ ਕਿ 1600 ਤੋਂ ਉੱਪਰ ਜਖਮੀ ਹੋਏ ਹਨ ਜਿੰਨ੍ਹਾਂ 'ਚੋਂ ਬਹੁਤੇ ਪੈਲੇਟ ਗੰਨਾਂ ਦੀ ਮਾਰ 'ਚ ਆਏ ਹਨ। 4000 ਤੋਂ ਵੱਧ ਨਜ਼ਰਬੰਦ ਕੀਤੇ ਗਏ ਹਨ। ਮੈਟਰੋ ਸਟੇਸ਼ਨਾਂ ਤੋਂ ਇਲਾਵਾ ਕਈ ਸੁਪਰ ਬਾਜ਼ਾਰ ਅਗਨ-ਭੇਂਟ ਕੀਤੇ ਗਏ ਹਨ ਤੇ ਕਈ ਸਟੋਰ ਲੁੱਟ ਲਏ ਗਏ ਹਨ। ਹਾਕਮ ਪਾਰਟੀ ਹੈਰਾਨ ਹੈ ਕਿ ਇਹ ਕੀ ਵਾਪਰ ਗਿਆ ਹੈ ਤੇ ਏਨਾ ਗੁੱਸਾ ਤੇ ਰੋਹ ਕਿੱਥੋਂ ਫੁੱਟ ਪਿਆ ਹੈ। ਮੁਲਕ ਦਾ ਰਾਸ਼ਟਰਪਤੀ ਟੀ. ਵੀ. 'ਤੇ ਜਾ ਕੇ ਕਿਰਾਏ ਵਧਾਉਣ ਦੀ ਗਲਤੀ ਲਈ ਲੋਕਾਂ ਤੋਂ ਮੁਆਫੀ ਮੰਗ ਰਿਹਾ ਹੈ ਤੇ ਪੈਨਸ਼ਨਾਂ ਵਧਾਉਣ, ਸਿਹਤ ਸੇਵਾਵਾਂ ਬੇਹਤਰ ਕਰਨ, ਅਮੀਰਾਂ 'ਤੇ ਟੈਕਸ ਲਾਉਣ ਤੇ ਸਿਆਸਤਦਾਨਾਂ ਦੀਆਂ ਤਨਖਾਹਾਂ 'ਤੇ ਕੱਟ ਲਾਉਣ ਦੇ ਵਾਅਦੇ ਕਰ ਰਿਹਾ ਹੈ। ਆਖਰ ਉਸਨੂੰ ਆਪਣੀ ਕੈਬਨਿਟ ਨੂੰ ਅਸਤੀਫਾ ਦੇਣ ਲਈ ਕਹਿਣਾ  ਪਿਆ ਹੈ। ਪਰ ਇਹ ਸਾਰਾ ਕੁੱਝ ਲੋਕ ਰੋਹ ਨੂੰ ਸ਼ਾਂਤ ਨਹੀਂ ਕਰ ਸਕਿਆ।
ਇਹ ਸਾਰਾ ਰੋਹ ਵਰ੍ਹਿਆਂ ਦੇ ਸੋਸ਼ਣ ਦਾ ਸਿੱਟਾ ਹੈ। 1990 ਤੋਂ ਮਗਰੋਂ ਜਦੋਂ ਮੁਲਕ 'ਚ ਜਮਹੂਰੀਅਤ ਦੀ ਸਥਾਪਨਾ ਦੇ ਐਲਾਨ ਕੀਤੇ ਗਏ ਸਨ ਤਾਂ ਲੋਕਾਂ ਨੂੰ ਆਸਾਂ ਜਾਗੀਆਂ ਸਨ ਕਿ 'ਵਿਕਾਸ' ਉਹਨਾਂ ਤੱਕ ਪੁੱਜੇਗਾ। ਪਰ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਜਦ ਕਿ 'ਵਿਕਾਸ' ਲੋਕਾਂ ਤੋਂ ਰੁੱਸਿਆ ਹੀ ਰਿਹਾ ਤਾਂ ਆਖਰ ਹੁਣ ਲੋਕ ਰੁੱਸ ਗਏ ਹਨ। ਇਹਨਾਂ ਦਹਾਕਿਆਂ 'ਚ ਲੋਕਾਂ ਨੇ ਅੱਤ ਦੀ ਮਹਿੰਗਾਈ 'ਚ ਬਹੁਤ ਨੀਵੀਆਂ ਉਜ਼ਰਤਾਂ ਨਾਲ ਲੋਕ ਗੁਜ਼ਾਰਾ ਕਰਦੇ ਆ ਰਹੇ ਹਨ ਇਥੇ ਪ੍ਰਾਈਵੇਟ ਪੈਨਸ਼ਨ ਪ੍ਰਣਾਲੀ ਲਾਗੂ ਕੀਤੀ ਗਈ ਹੈ ਜਿਹੜੀ ਆਮ ਲੋਕਾਂ ਦੀ ਪਹੁੰਚੋਂੋ ਬਾਹਰ ਹੈ। ਅਸਲ 'ਚ ਪੈਨਸ਼ਨ ਪ੍ਰਣਾਲੀ 'ਚ ਸੁਧਾਰਾਂ ਦੇ ਨਾਂ 'ਤੇ ਲੋਕਾਂ ਦੀ ਸਮਾਜਿਕ ਸਰੁੱਖਿਆ ਖੋਹ ਲਈ ਗਈ ਹੈ ਪੜ੍ਹਾਈ ਅੰਤਾਂ ਦੀ ਮਹਿੰਗੀ ਹੋ ਗਈ ਹੈ। ਜਦਕਿ ਦੂਜੇ ਹੱਥ ਮੁਲਕ ਦੀ ਕਾਰਪੋਰੇਟ ਤੇ ਸਿਆਸੀ ਜਮਾਤ ਦਾ ਗੱਠਜੋੜ ਟੈਕਸ-ਛੋਟਾਂ ਮਾਣ ਰਿਹਾ ਹੈ ਤੇ ਭ੍ਰਿਸ਼ਟਾਚਾਰ ਰਾਹੀਂ ਦੌਲਤਾਂ ਇਕੱਠੀਆਂ ਕਰ ਰਿਹਾ ਹੈ। ਲੋਕਾਂ ਦਾ ਨਾਅਰਾ ਹੈ ਇਹ 30 ਪੀਔਸਿਨ (ਕਿਰਾਇਆ 'ਚ ਵਾਧਾ) ਨਹੀਂ ਹਨ, ਇਹ 30 ਸਾਲ ਹਨ।ਭਾਵ ਹੈ ਕਿ ਸਿਰਫ ਕਿਰਾਇਆਂ ਦੇ ਵਾਧੇ ਦੀ ਗੱਲ ਨਹੀਂ ਏਨੇ ਸਾਲਾਂ 'ਚ ਲੁਟੇਰੀਆਂ ਨੀਤੀਆਂ ਦਾ ਮਸਲਾ ਹੈ। ਇੱਕ ਹੋਰ ਨਾਅਰਾ ਮਕਬੂਲ ਹੋ ਰਿਹਾ ਹੈ ਜੋ ਕਦੇ ਫੌਜੀ ਰਾਜ ਖਿਲਾਫ ਚੱਲੀ ਮੁਹਿੰਮ ਵੇਲੇ ਮਸ਼ਹੂਰ ਸੀ। ਖੁਸ਼ੀ ਆ ਰਹੀ ਹੈਇਕ ਹਿੱਸੇ ਵੱਲੋਂ ਸੰਵਿਧਾਨ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਜੋ 1975 ਦੀ ਫੌਜੀ ਤਾਨਾਸ਼ਾਹੀ ਵੇਲੇ ਬਣਾਇਆ ਗਿਆ ਸੀ। ਇਹ ਮੰਗ ਹੌਲੀ ਹੌਲੀ ਜ਼ੋਰ ਫੜ ਰਹੀ ਹੈ। ਨੌਜਵਾਨ ਤੇ ਵਿਦਿਆਰਥੀ ਇਸ ਲਹਿਰ ਦੀਆਂ ਮੋਹਰਲੀਆਂ ਕਤਾਰਾਂ 'ਚ ਹਨ ਚਿੱਲੀ ਦੀਆਂ ਸਮਾਜਿਕ ਲਹਿਰਾਂ 'ਚ ਪਹਿਲਾਂ ਵੀ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਚਿੱਲੀ ਦੀ ਇਸ ਲਹਿਰ 'ਚ ਵੀ ਫਰਾਂਸ ਦੀਆਂ ਪੀਲੀਆਂ ਜਾਕਟਾਂ ਦੀ ਲਹਿਰ ਵਾਂਗ ਕੋਈ ਸਪਸ਼ਟ ਤੇ ਸਥਾਪਿਤ ਲੀਡਰਸ਼ਿਪ ਨਹੀਂ ਹੈ। ਇਸ ਵਿੱਚ ਵੱਖ-ਵੱਖ ਸਿਆਸੀ ਵਿਚਾਰਾਂ ਵਾਲੇ ਲੋਕ ਸ਼ਾਮਲ ਹਨ ਤੇ ਸੱਜੇ ਪੱਖੀ ਸ਼ਕਤੀਆਂ ਵੀ ਹਨ ਜਦ ਕਿ ਖੱਬੇ ਪੱਖੀ ਵਿਚਾਰਾਂ ਵਾਲੇ ਵੀ ਮੋਹਰੀ ਸਫਾਂ 'ਚ ਸ਼ੁਮਾਰ ਹਨ। ਹਰ ਕੋਈ ਇਸ ਵੇਲੇ ਪੈਦਾ ਹੋ ਰਹੇ ਸਿਆਸੀ ਖਿਲਾਅ 'ਚ ਜਗ੍ਹਾ ਬਣਾਉਣ ਲਈ ਜੂਝ ਰਿਹਾ ਹੈ।
ਚਿੱਲੀ ਦੀ ਇਸ ਰੋਸ ਲਹਿਰ 'ਚ ਵੀ ਲਾਤੀਨੀ ਅਮਰੀਕੀ ਮੁਲਕਾਂ ਦੇ ਉਭਾਰਾਂ ਵਾਲੇ ਸਾਰੇ ਲੱਛਣ ਮੌਜੂਦ ਹਨ। ਏਥੇ ਵੀ ਨਵੀਆਂ ਆਰਥਿਕ ਨੀਤੀਆਂ ਨਿਸ਼ਾਨੇ 'ਤੇ ਹਨ ਤੇ ਰੋਹ ਦਾ ਪ੍ਰਸੰਗ ਵਧ ਰਹੇ ਆਰਥਿਕ ਪਾੜੇ ਦਾ ਹੈ ਤੇ ਕਾਰਪੋਰੇਟਾਂ ਨੂੰ ਦਿੱਤੇ ਜਾ ਰਹੇ ਗੱਫਿਆਂ ਦਾ ਹੈ। ਇਸ ਰੋਹ ਦੀ ਵੀ ਇਹੀ ਖਾਸੀਅਤ ਹੈ ਕਿ ਇਸਨੂੰ ਰਾਜ ਭਾਗ ਦੀਆਂ ਸਥਾਪਿਤ ਸੰਸਥਾਵਾਂ ਦੁਆਰਾ ਡੱਕਣਾ ਔਖਾ ਹੋ ਰਿਹਾ ਹੈ ਤੇ ਅਖੌਤੀ ਲੋਕਤੰਤਰ ਦੀਆਂ ਸੰਸਥਾਵਾਂ ਦਾ ਪਰਦਾਚਾਕ ਹੋ ਰਿਹਾ ਹੈ। ਇਹ ਸੰਸਥਾਵਾਂ ਨਵ-ਬਸਤੀਵਾਦ ਦੇ ਸੰਦ ਵਜੋਂ ਨਸ਼ਰ ਹੋ ਰਹੀਆਂ ਹਨ ਤੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇਹਨਾਂ ਸੰਸਥਾਵਾਂ ਤੋਂ ਬਾਹਰ ਜਾ ਕੇ ਸੋਚਣ ਦਾ ਵਿਚਾਰ ਉਮੜ ਰਿਹਾ ਹੈ ਜੋ ਅਤਿ ਮਹੱਤਵਪੂਰਨ ਪਹਿਲੂ ਹੈ। ਏਹ ਤਲਾਸ਼ ਆਖਰ ਨੂੰ ਲੋਕ ਜਮਹੂਰੀਅਤ ਦੀ ਸਿਰਜਣਾ ਵੱਲ ਲੈ ਕੇ ਜਾਣ ਦਾ ਅਧਾਰ ਤਿਆਰ ਕਰੇਗੀ।
ਪਰ ਅਜੇ ਇਹ ਲਹਿਰ ਆਪਣੇ ਨਿਸ਼ਾਨੇ ਪੱਖੋਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਤੇ ਇਉਂ ਹੀ ਲੋਕ ਮੁਕਤੀ ਦੇ ਨਿਸ਼ਾਨੇ ਨੂੰ ਪ੍ਰਣਾਈ ਖਰੀ ਲੀਡਰਸ਼ਿਪ ਤੋਂ ਸੱਖਣੀ ਹੈ। ਪਹਿਲਾਂ ਲਾਤੀਨੀ ਅਮਰੀਕਾ ਦੇ ਅਜਿਹੇ ਲੋਕ ਉਭਾਰਾਂ ਨੂੰ ਅਮਰੀਕੀ ਸਾਮਰਾਜੀਏ ਆਪਣੇ ਕਹਿਣੇ ਤੋਂ ਬਾਹਰ ਚੱਲਦੀਆਂ ਹਕੂਮਤਾਂ ਨੂੰ ਉਲਟਾਉਣ ਲਈ ਵਰਤਣ 'ਚ ਕਾਮਯਾਬ ਹੋ  ਜਾਂਦੇ ਰਹੇ ਹਨ ਤੇ ਅਜਿਹੇ ਰੋਸ ਦੀ ਵਰਤੋਂ ਆਪਣੀਆਂ ਹੋਰ ਵਧੇਰੇ ਪਿੱਠੂ ਹਕੂਮਤਾਂ ਲਿਆਉਣ ਲਈ ਕਰਦੇ ਆ ਰਹੇ ਹਨ। ਹੁਣ ਵੀ ਇਹ ਲਹਿਰ ਅਜਿਹੇ ਮੰਤਵਾਂ ਲਈ ਵਰਤੀ ਜਾ ਸਕਦੀ ਹੈ। ਜਿਵੇਂ ਪਹਿਲਾਂ ਪੈਰਾਗੂਏ, ਬਰਾਜ਼ੀਲ ਤੇ ਅਰਜਨਟਾਈਨਾ 'ਚ ਕੀਤੀ ਗਈ ਹੈ। ਇਸ ਲਈ ਇਹ ਉਥਲ ਪੁਥਲ ਵਾਲੀ ਹਾਲਤ ਖਤਰੇ ਤੇ ਸੰਭਾਵਨਾਵਾਂ, ਦੋਹਾਂ ਕੁੱਝ ਨੂੰ ਹੀ ਪੇਸ਼ ਕਰ ਰਹੀ ਹੈ। ਪੂੰਜੀਵਾਦੀ ਮੁਲਕਾਂ 'ਚ ਵਧ ਰਿਹਾ ਸੱਜੇ ਪੱਖੀ ਤਾਕਤਾਂ ਦਾ ਬੋਲ ਬਾਲਾ ਇਹਨਾਂ ਲਹਿਰਾਂ ਦੇ ਫਾਸ਼ੀਵਾਦੀ ਸਰਮਾਏਦਾਰਾਂ ਵੱਲੋਂ ਸੱਤਾ ਹਥਿਆਉਣ ਲਈ ਵਰਤੇ ਜਾਣ ਦਾ ਖਤਰਾ ਵੀ ਦਰਸਾ ਰਿਹਾ ਹੈ। ਇਹਨਾਂ ਸੰਕਟਾਂ ਦਾ ਲਾਹਾ ਲੈ ਕੇ ਸੱਜੇ ਪੱਖੀ ਤਾਕਤਾਂ ਮੁਲਕ ਦੀ ਸੱਤਾ ਹਥਿਆਉਣ 'ਚ ਕਾਮਯਾਬ ਹੁੰਦੀਆਂ ਹਨ। ਪਰ ਨਾਲ ਹੀ ਦੂਸਰਾ ਪਹਿਲੂ ਵੀ ਹੈ ਕਿ ਮੁਕਤ-ਵਪਾਰ ਦੀਆਂ ਨੀਤੀਆਂ ਖਿਲਾਫ ਰੋਸ ਏਨਾ ਜ਼ੋਰਦਾਰ ਹੈ ਕਿ ਹਰ ਹਕੂਮਤ ਬਹੁਤ ਤੇਜ਼ੀ ਨਾਲ ਇਹਨਾਂ ਨੀਤੀਆਂ ਦੀ ਹੀ ਪੈਰੋਕਾਰ ਵਜੋਂ ਨਸ਼ਰ ਹੋ ਜਾਂਦੀ ਹੈ ਤੇ ਮੁੜ ਲੋਕ ਰੋਹ ਦਾ ਨਿਸ਼ਾਨਾ ਬਣ ਜਾਂਦੀ ਹੈ। ਇਹ ਹਾਲਤ ਇਹਨਾਂ ਮੁਲਕਾਂ 'ਚ ਵੀ ਕਮਿ: ਇਨਕਲਾਬੀਆਂ ਨੂੰ ਤੇਜ਼ੀ ਨਾਲ ਇੱਕ ਕਮਿਊਨਿਸਟ ਇਨਕਲਾਬੀ ਪਾਰਟੀ 'ਚ ਇੱਕਜੁਟ ਹੋਣ ਦੀ ਜ਼ਰੂਰਤ ਪੇਸ਼ ਕਰਦੀ ਹੈ। ਸਹੀ ਲੀਹ 'ਤੇ ਜਥੇਬੰਦ ਹੋਈ ਕਮਿਊਨਿਸਟ ਇਨਕਲਾਬੀ ਪਾਰਟੀ ਹੀ ਇਸ ਰੋਹ ਨੂੰ ਲੋਕ-ਮੁਕਤੀ ਦੇ ਨਿਸ਼ਾਨੇ ਤੱਕ ਲਿਜਾ ਸਕਦੀ ਹੈ।



No comments:

Post a Comment