Wednesday, September 5, 2018

ਬੰਗਲੂਰੂ ਦੀਆਂ ਵਸਤਰ ਫੈਕਟਰੀਆਂ ਵਿਚ ਕੰਮ ਹਾਲਤਾਂ ਦੀ ਇੱਕ ਝਲਕ



ਬੰਗਲੂਰੂ ਦੀਆਂ ਵਸਤਰ ਫੈਕਟਰੀਆਂ ਵਿਚ ਕੰਮ ਹਾਲਤਾਂ ਦੀ ਇੱਕ ਝਲਕ
ਵਾਹੋ-ਦਾਹੀ ਜੁੱਟੇ ਹੋਏ ਅਤੇ ਮੁੜ-ਮੁੜ ਇਕੋ ਹੀ ਕੰਮ ਦੀ ਚਕਰੀ ਘੁਮਾ ਰਹੇ ਮਜ਼ਦੂਰਾਂ ਨੂੰ ਬੁਰੀ ਤਰਾਂ ਖਿੱਚ ਕੇ ਰੱਖਿਆ ਜਾਂਦਾ ਹੈ। ਥਕਾਵਟ ਕਰਕੇ ਜਾਂ ਮੁੜ-ਮੁੜ ਉਸੇ ਹੀ ਕੰਮ ਕਰਕੇ ਹਰੇਕ ਮਹੀਨੇ ਯੂਨਿਟ ਦੇ ਪੰਜ ਛੇ ਮਜ਼ਦੂਰ ਬੇਹੋਸ਼ ਹੋ ਜਾਂਦੇ ਹਨ। ਮਜ਼ਦੂਰਾਂ ਨੂੰ ਕਾਬੂ ' ਰੱਖਣ ਲਈ ਅਤੇ ਕੰਮ ਦੀ ਤੇਜ਼ ਰਫ਼ਤਾਰ ਕਾਇਮ ਰੱਖਣ ਦੇ ਬਕਾਇਦਾ ਅੰਗ ਵਜੋਂ ਮਜ਼ਦੂਰਾਂ ਨੂੰ ਸਰੀਰਕ ਦੰਡ ਅਤੇ ਜ਼ਲੀਲ ਕਰਨ ਸਮੇਤ ਮੈਨੇਜਮੈਂਟ ਵੱਖ ਵੱਖ ਢੰਗਾਂ ਦੀ ਵਰਤੋਂ ਕਰਦੀ ਹੈ। ਮਜ਼ਦੂਰਾਂ ਵਿਚਕਾਰ ਆਪਸੀ ਗੱਲਬਾਤ ਦੀ ਮਨਾਹੀ ਰਾਹੀਂ ਡਰ-ਖੌਫ ਦਾ ਮਹੌਲ ਸਿਰਜਿਆ ਜਾਂਦਾ ਹੈ, ਪੈਦਾਵਾਰ ਦੇ ਟੀਚਿਆਂ 'ਤੇ ਅੱਪੜਨ ਲਈ ਸਿਰੇ ਦਾ ਦਬਾਅ ਚਾੜਿਆ ਜਾਂਦਾ ਹੈ, ਹੋਰਨਾਂ ਸਾਥੀਆਂ ਵੱਲੋਂ ਕੀਤੀਆਂ ਗਲਤੀਆਂ ਬਦਲੇ ਬੋਨਸ ਕੱਟ ਲੈਣ ਜਾਂ ਕੰਮ ਤੋਂ ਛੁੱਟੀ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਹਰ ਰੋਜ਼ ਵਧੇਰੇ ਹੀ ਵਧੇਰੇ ਟੀਚੇ ਤਹਿ ਕੀਤੇ ਜਾਂਦੇ ਹਨ। ਜਿਹੜੇ ਮਜ਼ਦੂਰ ਅਜਿਹੇ ਦਾਅ-ਪੇਚਾਂ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਅੱਡ ਨਿਖੇੜ ਲਿਆ ਜਾਂਦਾ ਹੈ।
ਗੇਟ 'ਤੇ ਅਤੇ ਕਿਰਤ-ਗਾਹ 'ਤੇ ਸਕਿਉਰਟੀ ਸਟਾਫ ਅਤੇ ਕੈਮਰਿਆਂ ਰਾਹੀਂ ਨਿਗਰਾਨੀ ਹੁੰਦੀ ਹੈ। ਮਜ਼ਦੂਰਾਂ ਨੂੰ ਪ੍ਰਵਾਰ ਜਾਂ ਬਾਹਰ ਦੇ ਸਮਾਜ ਨਾਲੋਂ ਤੋੜ ਕੇ ਰੱਖਿਆ ਜਾਂਦਾ ਹੈ, ਆਮ ਤੌਰ 'ਤੇ ਮੋਬਾਈਲ ਫੋਨਾਂ ਦੀ ਮਨਾਹੀ ਹੁੰਦੀ ਹੈ। ਟੀਚਿਆਂ ਪਿੱਛੇ ਲੱਗੀ ਅੰਨੀਂ ਦੌੜ 'ਚ ਮਰਦ ਸੁਪਵਾਈਜ਼ਰ, ਇੰਚਾਰਜ ਅਤੇ ਮੈਨੇਜਰ ਔਰਤ ਮਜ਼ਦੂਰਾਂ ਨੂੰ ਕੁੱਤਾ, ਸੂਰ, ਬਾਂਦਰੀ, ਲੋਫਰ ਵਰਗੇ ਗਾਲੀ-ਗਲੋਚ ਭਰੇ ਲਫਜ਼ਾਂ ਨਾਲ ਬੁਲਾਉਂਦੇ ਹਨ ਅਤੇ ਉਹਨਾਂ ਦੇ ਆਚਰਨ 'ਤੇ ਊਜਾਂ ਲਾਉਂਦੇ ਹਨ। ਉਹ ਬੋਲਦੇ ਹਨ, ਰੋਟੀ ਖਾਧੀ ਸੀ ਕਿ ਗੰਦ ਫੱਕਿਆ ਸੀ, ਜਾਂ ਗਲੀਆਂ ਕੱਛਦੀ ਰਹਿੰਦੀ ਹੈਂ, ਲੇਟ ਕਿਉਂ ਆਈ ਐਂ! ਕਿਹੜੇ ਡੇਰੇ 'ਚਂੋ ਹੋ ਕੇ ਆਈ ਐਂ ਆਦਿ ਆਦਿ।
ਜਿਸਮਾਨੀ ਧਮਕੀਆਂ, ਡਰਾਵਿਆਂ ਦੀ ਵੀ ਕੋਈ ਕਸਰ ਬਾਕੀ ਨਹੀਂ ਰਹਿੰਦੀ। ਕਿਸੇ ਮਜ਼ਦੂਰ ਦੇ ਮੂੰਹ 'ਤੇ ਵਸਤਰ ਚਲਾ ਮਾਰਨਾ, ਔਰਤ ਦੀ ਪਿੱਠ 'ਚ ਠੁੱਡੇ ਮਾਰਨੇ ਅਤੇ ਉਸ ਨੂੰ ਕੰਮ-ਗਾਹ ਤੋਂ ਬਾਹਰ ਧੂਹ ਲਿਆਉਣਾ ਅਤੇ ਉਥੇ ਖੜੀ ਰੱਖਣਾ ਆਮ ਵਾਪਰਦਾ ਹੈ। ਜਬਰ ਤਸ਼ੱਦਦ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਰੀਰਕ ਤੇ ਜਿਨਸੀ ਪ੍ਰੇਸ਼ਾਨੀਆਂ ਵਿਆਪਕ ਹਨ। ਜਿਨਸੀ ਜਾਂ ਸੁਝਾਊ ਸ਼ਬਦਾਵਲੀ ਅਤੇ ਹਰਕਤਾਂ, ਸਰੀਰਕ ਛੇੜਖਾਨੀ, ਜਿਨਸੀ ਖੁੱੱਲਾਂ ਖਾਤਰ ਪ੍ਰੇਸ਼ਾਨ ਕਰਨਾ ਅਤੇ ਇਨਕਾਰ ਕਰਨ 'ਤੇ ਬਦਲਖੋਰ ਰਵੱਈਆ ਵਿਆਪਕ ਹੈ ।  ਘੋਰ ਗਰੀਬੀ  ਦੀ ਮਾਰ ਹੇਠ ਜਿੰਦਗੀ ਕੱਟ ਰਹੇ ਮਜ਼ਦੂਰ ਮਰਦ ਤੇ ਔਰਤਾਂ ਨੌਕਰੀ ਖੁੱਸ ਜਾਣ ਦੇ ਡਰੋਂ ਅਜਿਹੀਆਂ ਜਲਾਲਤ ਭਰੀਆਂ ਹਾਲਤਾਂ ਨੂੰ ਘੁੱਟ ਵੱਟ ਕੇ ਝੱਲਦੇ ਹਨ।

No comments:

Post a Comment