Wednesday, September 5, 2018

ਨਕਸਲਬਾੜੀ ਲਹਿਰ ਦੇ ਸ਼ਹੀਦ ਤਰਸੇਮ ਬਾਵਾ ਦੀ ਮਾਂ ਦਾ ਵਿਛੋੜਾ



ਨਕਸਲਬਾੜੀ ਲਹਿਰ ਦੇ ਸ਼ਹੀਦ ਤਰਸੇਮ ਬਾਵਾ ਦੀ ਮਾਂ ਦਾ ਵਿਛੋੜਾ
ਨਕਸਲਬਾੜੀ ਲਹਿਰ ਦੇ ਸ਼ਹੀਦ ਤਰਸੇਮ ਬਾਵਾ ਦੀ ਮਾਂ ਆਗਿਆਵੰਤੀ, ਵਾਸੀ ਦੋਰਾਹਾ 27 ਜੁਲਾਈ ਨੂੰ ਅੰਤਮ ਵਿਛੋੜਾ ਦੇ ਗਏ ਸਨ। ਅਗਲੇ ਦਿਨ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਤੇ ਸਥਾਨਕ ਵਾਸੀਆਂ ਦੇ ਨਾਲ ਨਾਲ ਇਨਕਲਾਬੀ ਜਮਹੂਰੀ ਲਹਿਰ ਦੇ ਅਨੇਕਾਂ ਸਾਥੀਆਂ ਨੇ ਦੁੱਖ ਵਿਚ ਸ਼ਰੀਕ ਹੋ ਕੇ ਫੁੱਲਾਂ ਨਾਲ ਲੱਦੇ ਲਾਲ ਝੰਡੇ 'ਚ ਲਪੇਟ ਕੇ ਅੰਤਮ ਵਿਦਾਇਗੀ ਦਿੱਤੀ। 100 ਵਰਿਆਂ ਨੂੰ ਢੁੱਕੀ ਮਾਂ ਆਗਿਆਵੰਤੀ ਉਸ ਸੂਰਮੇ ਪੁੱਤਰ ਤਰਸੇਮ ਬਾਵਾ ਦੀ ਬਹਾਦਰ ਮਾਂ ਸੀ, ਜਿਸ ਨੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ 1967 'Àੁੱਠੀ ਕਮਿਊਨਿਸਟ ਇਨਕਲਾਬੀ (ਨਕਸਲਬਾੜੀ)  ਲਹਿਰ ਦਾ ਝੰਡਾ ਚੁੱਕਿਆ ਸੀ ਅਤੇ ਜਿਸ ਨੂੰ ਉਸ ਸਮੇਂ ਦੀ ਬਾਦਲ ਸਰਕਾਰ ਨੇ 25 ਮਈ 1971 ਨੂੰ ਦਿਨ ਦਿਹਾੜੇ ਚੁੱਕ ਕੇ, ਅੰਤਾਂ ਦਾ ਕਹਿਰ ਢਾਹ ਕੇ ਸ਼ਹੀਦ ਕਰ ਦਿੱਤਾ ਸੀ। ਅਤੇ ਇਸ ਤੋਂ 40 ਦਿਨ ਪਹਿਲਾਂ ਉਹਨਾਂ ਦੇ ਭਣੋਈਏ ਪ੍ਰੀਤਮ ਦਾਸ ਪਿੰਡ ਕਕਰਾਲਾ ਜਿਲਾ ਲੁਧਿਆਣਾ (ਹੁਣ ਜਿਲਾ ਫਤਿਹਗੜਸਾਹਿਬ) 'ਚੋਂ ਘਰੋਂ ਚੁੱਕ ਕੇ ਕਿਧਰੇ ਖਪਾ ਦਿੱਤਾ ਸੀ। 'ਬਾਵੇ' ਦੀ ਭੈਣ ਸੰਯੋਗਤਾ, ਪੇਕੇ ਤੇ ਸਹੁਰੇ ਪਰਿਵਾਰ 'ਤੇ ਹਕੂਮਤੀ ਵਹਿਸ਼ੀ ਜਬਰ ਨਾ ਸਹਾਰਦੀ ਹੋਈ ਸਦਮੇ ਨਾਲ ਹੀ ਗੋਦੜੀ ਦੇ ਨਿੱਕੇ ਲਾਲ ਨੂੰ ਛੱਡ ਕੇ ਅੱਖਾਂ ਮੀਟ ਗਈ ਸੀ। ਮਾਂ ਨੇ ਆਪਣੇ ਜੁਆਨ ਪੁੱਤ ਤੇ ਪੁੱਤਰ ਵਰਗੇ ਜਵਾਈ ਅਤੇ ਧੀ ਨੂੰ ਵਿਦਾ ਕਰਕੇ ਵੀ ਹੌਂਸਲਾ ਨਹੀਂ ਸੀ ਹਾਰਿਆ, ਸਗੋਂ ਹਕੂਮਤੀ ਜਬਰ ਅਤੇ ਪੁਲਸੀ ਧਾੜਾਂ ਅੱਗੇ ਡਟ ਕੇ ਖੜਦੀ ਰਹੀ ਅਤੇ ਅਗਲੇ ਵਰਿਆਂ ਦੌਰਾਨ ਲਗਾਤਾਰ ਇਲਾਕੇ ਦੀ ਜਮਹੂਰੀ ਇਨਕਲਾਬੀ ਲਹਿਰ ਨਾਲ ਜੁੜ ਕੇ ਰਹੀ। ਉਹਨਾਂ ਦੇ ਸਿਰੜ ਤੇ ਸਿਦਕ ਤੋਂ ਪ੍ਰੇਰਣਾ ਲੈ ਕੇ ਇਲਾਕੇ ਦੇ ਅਨੇਕਾਂ ਸਾਥੀ ਅੱਜ ਵੀ ਇਨਕਲਾਬੀ ਜਮਹੂਰੀ ਲਹਿਰ 'ਚ ਸਰਗਰਮੀ ਨਾਲ ਕੁੱਦੇ ਹੋਏ ਹਨ।
ਮਾਂ ਆਗਿਆਵੰਤੀ ਨੂੰ ਸਲਾਮ ਕਰਨ ਲਈ ਪਰਿਵਾਰ ਨਾਲ ਗਹਿਰੇ ਸਬੰਧ ਰਖਦੇ ਸਾਥੀਆਂ ਨੇ ਪਰਿਵਾਰ ਨਾਲ ਮਿਲ ਕੇ ਸ਼ਰਧਾਂਜਲੀ ਕਮੇਟੀ ਦਾ ਗਠਨ ਕੀਤਾ। 5 ਅਗਸਤ ਨੂੰ ਸ਼ਰਧਾਂਜਲੀ ਸਮਾਗਮ ਦੌਰਾਨ ਸੈਂਕੜੇ ਲੋਕਾਂ ਦੇ ਇਕੱਠ 'ਚ ਅਮੋਲਕ ਸਿੰਘ ਤੇ ਜੋਰਾ ਸਿੰਘ ਨਸਰਾਲੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਮਾਂ ਆਗਿਆਵੰਤੀ ਉਹਨਾਂ ਸੈਂਕੜੇ ਜਮਹੂਰੀ ਇਨਕਲਾਬੀ ਕਾਰਕੁੰਨਾਂ ਦੀ ਮਾਂ ਹੈ ਜਿਹੜੇ ਮਜ਼ਦੂਰਾਂ ਕਿਸਾਨਾਂ ਦੀ ਸਰਦਾਰੀ ਵਾਲਾ ਲੋਕ-ਪੱਖੀ ਸਮਾਜ ਸਿਰਜਣ ਲਈ ਜਾਨ ਹੂਲਵੇਂ ਸੰਘਰਸ਼ਾਂ 'ਚ ਕੁੱਦੇ ਹੋਏ ਹਨ। ਬੁਲਾਰਿਆਂ ਨੇ ਮਾਂ ਦੇ ਸਿਰੜ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ 'ਚ ਅਜਿਹੀਆਂ ਹੀ ਮਾਵਾਂ ਤੇ ਭੈਣਾਂ ਦੀ ਲੋੜ ਹੈ ਜੋ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਚੱਲ ਰਹੇ ਸੰਗਰਾਮ 'ਚ ਖੁਦ ਅੱਗੇ ਆਉਣ ਤੇ ਆਪਣੇ ਸਮੁੱਚੇ ਪਰਿਵਾਰਾਂ ਨੂੰ ਵੀ ਸ਼ਾਮਲ ਕਰਨ। ਇਸ ਮੌਕੇ ਪੰਜਾਬ ਦੀਆਂ ਕਈ ਇਨਕਲਾਬੀ ਜਮਹੂਰੀ ਜਥੇਬੰਦੀਆਂ ਵੱਲੋਂ ਅਤੇ ਵਿਦੇਸ਼ਾਂ 'ਚੋਂ ਵੀ ਸ਼ੋਕ ਸੰਦੇਸ਼ ਭੇਜੇ ਗਏ।
ਅੰਤ 'ਚ ਪਰਿਵਾਰ ਵੱਲੋਂ ਸਾਥੀ ਤਿਰਲੋਚਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਮਾਪਤੀ ਮੌਕੇ ਮਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਹੱਥ-ਪਰਚਾ ਅਤੇ ਨਵਾਂ ਜ਼ਮਾਨਾ ਦੇ ਐਤਵਾਰਤਾ ਐਡੀਸ਼ਨ 'ਚ ਛਪਿਆ ਅਮੋਲਕ ਸਿੰਘ ਦਾ ਲੇਖ ਵੱਡੀ ਗਿਣਤੀ ਵਿੱਚ ਵੰਡਿਆ ਗਿਆ।    

No comments:

Post a Comment