Wednesday, September 5, 2018

ਖੇਤ-ਮਜ਼ਦੂਰ ਤੇ ਕਿਸਾਨ ਜਥੇਬੰਦੀ ਦੀ “ਨਸ਼ਾ-ਨਹੀਂ ਰੁਜ਼ਗਾਰ” ਮੁਹਿੰਮ



ਖੇਤ-ਮਜ਼ਦੂਰ ਤੇ ਕਿਸਾਨ ਜਥੇਬੰਦੀ ਦੀ ਨਸ਼ਾ-ਨਹੀਂ ਰੁਜ਼ਗਾਰਮੁਹਿੰਮ
ਚਿੱਟੇ ਕਾਰਨ ਪੰਜਾਬ 'ਚ ਹੋ ਰਹੀਆਂ ਮੌਤਾਂ  ਸਦਕਾ ਨਸ਼ੇ ਦੇ ਵਿਰੋਧ 'ਚ ਭਖੇ ਮਾਹੌਲ ਦਰਮਿਆਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਕੀਤੀ ਸਰਗਰਮ ਦਖਲ ਅੰਦਾਜ਼ੀ ਮਹੱਤਵਪੂਰਨ ਸਰਗਰਮੀ ਹੋ ਨਿੱਬੜੀ। ਇਹਨਾਂ ਦੋਹਾਂ ਜਥੇਬੰਦੀਆਂ ਵਲੋਂ ਖੇਤੀਂ ਕੰਮਾਂ ਦੇ ਜ਼ੋਰਦਾਰ ਕਸਾਅ ਤੇ ਹੋਰਨਾਂ ਜਥੇਬੰਦਕ ਰੁਝੇਵਿਆਂ ਦੇ ਬਾਵਜੂਦ ਮੁੱਦੇ ਦੀ ਮਹੱਤਤਾ ਅਤੇ ਲੋਕਾਂ ਦੇ ਜਾਗੇ ਸਰੋਕਾਰ ਦੌਰਾਨ ਸਹੀ ਸਮਝ ਗ੍ਰਹਿਣ ਕਰਨ ਦੀ ਵਧੀ ਹੋਈ ਗੁੰਜਾਇਸ਼ ਨੂੰ ਮੁੱਖ ਰੱਖਦਿਆਂ ਨਸ਼ਾ ਨਹੀਂ ਰੁਜ਼ਗਾਰਮੁਹਿੰਮ ਚਲਾਈ ਗਈ। ਜੁਲਾਈ ਦੇ ਸ਼ੁਰੂ 'ਚ ਪਹਿਲਾਂ ਦੋਹਾਂ ਜਥੇਬੰਦੀਆਂ ਵਲੋਂ ਵੱਖੋ-ਵੱਖਰੇ ਤੌਰ 'ਤੇ ਪਿੰਡਾਂ 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਫਿਰ 13 ਜੁਲਾਈ ਨੂੰ 2018 ਨੂੰ ਸਾਂਝੇ ਤੌਰ 'ਤੇ ਬਰਨਾਲਾ ਵਿਖੇ ਸੂਬਾ ਪੱਧਰੀ ਨਸ਼ਾ-ਨਹੀਂ ਰੁਜ਼ਗਾਰਵਿਸ਼ੇ 'ਤੇ ਕਨਵੈਨਸ਼ਨ ਜਥੇਬੰਦ ਕੀਤੀ ਗਈ। ਕਨਵੈਨਸ਼ਨ ਵਿੱਚ 2000 ਤੋਂ Àੁੱਪਰ ਕਿਸਾਨ ਤੇ ਖੇਤ ਮਜ਼ਦੂਰ ਮਰਦ ਔਰਤ ਆਗੂਆਂ ਤੇ ਕਾਰਕੁੰਨਾਂ ਵਲੋਂ ਸ਼ਮੂਲੀਅਤ ਕੀਤੀ ਗਈ। ਕਨਵੈਨਸ਼ਨ ਦੌਰਾਨ ਮੁੱਖ ਤੌਰ 'ਤੇ ਚਾਰ ਬੁਲਾਰਿਆਂ ਵਲੋਂ ਨਸ਼ੇ ਨਾਲ ਸਬੰਧਤ ਵੱਖ-ਵੱਖ ਪੱਖਾਂ ਬਾਰੇ ਨੁਕਤੇ ਉਭਾਰਦੇ ਹੋਏ 20 ਤੋਂ 30 ਜੁਲਾਈ 2018 ਤੱਕ ਐਸ.ਡੀ.ਐਮ. ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦੇਣ ਦਾ ਐਲਾਨ ਕੀਤਾ ਗਿਆ।
ਇਹ ਕਨਵੈਨਸ਼ਨ ਸ਼ਮੂਲੀਅਤ ਦੇ ਪੱਖੋਂ, ਟਿਕ-ਟਿਕੀ ਲਾ ਕੇ ਸੁਣਨ ਤੇ ਸਮਝਣ ਦੇ ਪੱਖੋਂ ਅਤੇ ਬੁਲਾਰਿਆਂ ਵੱਲੋਂ ਉਭਾਰੇ ਤੱਤ ਦੇ ਪੱਖੋਂ ਪੂਰੀ ਤਰਾਂ ਸਫਲ ਹੋ ਨਿੱਬੜੀ। ਬੁਲਾਰਿਆਂ ਵਲੋਂ ਨਸ਼ੇ ਦੀ ਸਮੱਸਿਆ, ਨਸ਼ੇ ਦੇ ਅਸਲ ਦੋਸ਼ੀਆਂ, ਨਸ਼ੇ ਦੇ ਕਾਰਨਾਂ ਤੇ ਨਸ਼ਾ ਮੁਕਤੀ ਦੇ ਹੱਲ ਆਦਿ ਮੁੱਦਿਆਂ ਨਾਲ ਜੋੜ ਕੇ ਪੇਸ਼ ਕੀਤੇ ਵਿਚਾਰਾਂ ਦਾ ਬੇਹੱਦ ਮਹੱਤਵ ਹੈ। ਇਹਨਾਂ ਵਿਚਾਰਾਂ ਦਾ ਸਾਰ ਤੱਤ ਇਹ ਬਣਦਾ ਹੈ -
ਨਸ਼ਿਆਂ ਦਾ ਹੱਲਾ ਲੁਟੇਰੀਆਂ ਜਮਾਤਾਂ ਤੇ ਉਹਨਾਂ ਦੀਆਂ ਨੁਮਾਇੰਦਾ ਹਕੂਮਤਾਂ ਵਲੋਂ ਲੋਕਾਂ ਖਿਲਾਫ਼ ਵਿੱਢੇ ਤੇ ਤੇਜ਼ ਕੀਤੇ ਜਾ ਰਹੇ ਚੌਤਰਫੇ ਹੱਲੇ ਦਾ ਹੀ ਇੱਕ ਅਹਿਮ ਅੰਗ ਹੈ, ਜੋ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਲੋਕਾਂ ਨੂੰ ਆਰਥਿਕ ਪੱਖੋਂ ਕੰਗਾਲ ਬਣਾਉਂਦਾ ਹੈ, ਜ਼ਮੀਨਾਂ ਤੇ ਜਾਨਾਂ ਦਾ ਖੌਅ ਬਣਦਾ ਹੈ, ਘਰੇਲੂ ਝਗੜਿਆਂ ਨੂੰ ਵਧਾਉਣ ਤੇ ਹੱਕੀ ਘੋਲਾਂ ਦੇ ਰਾਹ ਪੈਣ ਤੋਂ ਰੋਕਣ ਦਾ ਵੀ ਸਾਧਨ ਬਣਦਾ ਹੈ। ਨਸ਼ਿਆਂ ਦਾ ਇਹ ਧੰਦਾ ਥੋਕ ਨਸ਼ਾ ਉਤਪਾਦਕਾਂ ਤੇ ਥੋਕ ਵਪਾਰੀਆਂ, ਸਿਆਸਤਦਾਨਾਂ ਤੇ ਉੱਚ ਪੁਲਸ ਅਫ਼ਸਰਾਂ ਦੀ ਮਿਲੀ ਭੁਗਤ ਦਾ ਸਿੱਟਾ ਹੈ - ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਿਆਂ ਖਾਸ ਕਰਕੇ ਹੈਰੋਇਨ -ਚਿੱਟੇ ਵਰਗੇ ਸਿੰਥੈਟਕ ਨਸ਼ਿਆਂ ਦਾ ਧੰਦਾ ਸ਼ਰੇਆਮ ਚਲਦਾ ਰਿਹਾ ਤੇ ਮਜੀਠੀਏ ਅਤੇ ਕਈ ਅਕਾਲੀ ਮੰਤਰੀਆਂ ਦੇ ਨਾਂਅ ਇਸ ਧੰਦੇ ਨਾਲ ਜੁੜਨ ਦੇ ਜਾਹਰਾ ਸਬੂਤ ਵੀ ਮਿਲਦੇ ਰਹੇ ਹਨ ਅਤੇ ਹੁਣ ਕਾਂਗਰਸ ਦੇ ਰਾਜ 'ਚ ਨਾ ਸਿਰਫ ਇਹ ਧੰਦਾ ਤੇਜ਼ ਹੋ ਗਿਆ ਸਗੋਂ ਧੜਾ-ਧੜ ਮੌਤਾਂ ਦਾ ਸਬੱਬ ਬਣ ਗਿਆ ਹੈ। ਇਉਂ ਠੋਸ ਤੱਥਾਂ ਤੇ ਸਬੂਤਾਂ ਸਮੇਤ ਨਸ਼ਿਆਂ ਦੀ ਮਹਾਂਮਾਰੀ ਦੇ ਅਸਲ ਦੋਸ਼ੀਆਂ 'ਤੇ ਉਂਗਲ ਧਰੀ ਗਈ ਅਤੇ ਇਹਨਾਂ ਨੂੰ ਲੋਕ-ਰੋਹ ਦਾ ਚੋਟ ਨਿਸ਼ਾਨਾ ਬਨਾਉਣ ਦਾ ਤੇ ਬੇਵੁੱਕਤੀ ਆਦਿ ਦੀਆਂ ਹਾਲਤਾਂ 'ਚੋਂ ਪੈਦਾ ਹੁੰਦੀ ਨਿਰਾਸਤਾ ਤੇ ਉਪਰਾਮਤਾ ਨੌਜਵਾਨਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਆਮ ਲੋਕਾਂ ਨੂੰ ਨਸ਼ੇ ਦੀ ਲੱਤ ਲੱਗਣ ਤੇ ਦਲ-ਦਲ 'ਚ ਧੱਕਣ ਲਈ ਜਰਖੇਜ਼ ਭੋਂਇੰ ਕਿਵੇਂ ਬਣਦੀ ਹੈ ਤੇ ਇਹਨਾਂ ਲਈ ਹਕੂਮਤੀ ਨੀਤੀਆਂ ਕਿਵੇਂ ਜਿੰਮੇਵਾਰ ਬਣਦੀਆਂ ਹਨ ਨੂੰ ਉਭਾਰ ਕੇ ਪੇਸ਼ ਕੀਤਾ ਗਿਆ। ਨਸ਼ੇ ਦੇ ਔਰਤਾਂ 'ਤੇ ਪੈਂਦੇ ਪ੍ਰਤੱਖ ਤੇ ਅਦਿੱਖ ਮਾਰੂ ਅਸਰਾਂ ਨੂੰ ਬਿਆਨ ਕਰਦਿਆਂ ਨਸ਼ੇ ਵਿਰੋਧੀ ਮੁਹਿੰਮ 'ਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਉਭਾਰਦਿਆਂ ਇਸ ਵਰਗ ਨੂੰ ਇਸ ਘੋਲਾਂ 'ਚ ਲਿਆਉਣ ਦਾ ਮਹੱਤਵ ਦਰਸਾਇਆ ਗਿਆ। ਤੀਸਰੀ ਗੱਲ ਨਸ਼ੇ ਤੋਂ ਮੁਕਤੀ ਲਈ ਫੌਰੀ, ਅਹਿਮ ਤੇ ਬੁਨਿਆਦੀ ਕਦਮਾਂ ਦੀ ਚਰਚਾ ਕਰਦਿਆਂ ਨਸ਼ੇ ਦੇ ਆਦੀ ਲੋਕਾਂ ਨੂੰ ਸੰਕਟ ਮੂੰਹ ਆਏ ਪੀੜਤ ਹਿੱਸੇ ਮੰਨ ਕੇ ਉਹਨਾਂ ਦਾ ਮੁਫ਼ਤ ਇਲਾਜ, ਗੁਜ਼ਾਰਾ ਭੱਤਾ ਦੇਣ, ਸਰਕਾਰੀ ਹਸਪਤਾਲਾਂ 'ਚ ਬੁਨਿਆਦੀ ਢਾਂਚਾ ਉਸਾਰਨ, ਨਸ਼ੇ ਦੇ ਪ੍ਰਚੂਨ ਵਿਕਰੇਤਾਵਾਂ ਨੂੰ ਮੋੜਨ ਸੁਧਾਰਨ, ਰੁਜ਼ਗਾਰ ਆਦਿ ਦਾ ਪ੍ਰਬੰਧ ਕਰਨ, ਨਸ਼ੇ ਦੇ ਥੋਕ ਉਤਪਾਦਕਾਂ, ਥੋਕ ਵਪਾਰੀਆਂ ਅਤੇ ਦੋਸ਼ੀ ਸਿਆਸਤਦਾਨਾਂ ਤੇ Àੁੱਚ ਪੁਲਸ ਅਫਸਰਾਂ ਨੂੰ ਗ੍ਰਿਫਤਾਰ ਕਰਕੇ ਉਮਰ ਕੈਦ ਤੇ ਜ਼ਮੀਨਾਂ-ਜਾਇਦਾਦਾਂ ਕੁਰਕ ਕਰਨ ਦਾ ਪ੍ਰਬੰਧ ਕਾਇਮ ਤੇ ਲਾਗੂ ਕਰਨ ਤੋਂ ਇਲਾਵਾ ਨਸ਼ੇ ਤੋਂ ਮੁਕਤੀ ਦਾ ਜ਼ਮੀਨੀ ਮੁੱਦੇ ਨਾਲ ਕੜੀ ਜੋੜ ਕਰਦਿਆਂ ਜ਼ਮੀਨਾਂ ਦੀ ਵੰਡ, ਜ਼ਮੀਨਾਂ ਦੀ ਰਾਖੀ ਅਤੇ ਸਾਮਰਾਜੀ ਹੱਲੇ ਖਿਲਾਫ਼ ਘੋਲ ਤੇਜ਼ ਕਰਨ ਦਾ ਮਹੱਤਵ ਉਘਾੜਿਆ ਗਿਆ। ਚੌਥੀ ਗੱਲ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਥੇਬੰਦੀਆਂ ਦੇ ਅੰਦਰ ਇਸ ਬਿਮਾਰੀ ਤੋਂ ਛੁਟਕਾਰੇ ਲਈ ਜੋਰ ਲਾਉਣ ਦਾ ਮਹੱਤਵ ਉਭਾਰਦਿਆਂ ਇਸ ਲਾਗ ਦਾ ਸ਼ਿਕਾਰ ਆਗੂਆਂ ਤੇ ਕਾਰਕੁੰਨਾਂ ਨੂੰ ਇਸ ਬਿਮਾਰੀ ਤੋ ਖਹਿੜਾ ਛੁਡਾਉਣ ਲਈ ਖੁਦ ਆਪਣੀ ਮਿਸਾਲ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ।
ਉਪਰੋਕਤ ਸਾਰ ਤੱਤ  ਨੂੰ ਧੁਰ ਹੇਠਾਂ ਤੱਕ ਪਹੁੰਚਾਉਣ ਦਾ ਯਕੀਨੀ ਕਰਨ ਲਈ ਪੌਣੇ ਤਿੰਨ ਲੱਖ ਦੀ ਗਿਣਤੀ 'ਚ ਹੱਥ ਪਰਚਾ ਵੀ ਛਾਪਕੇ ਵੰਡਿਆ ਗਿਆ। ਕਨਵੈਨਸ਼ਨ ਵਲੋਂ 20 ਤੋਂ 30 ਜੁਲਾਈ ਤੱਕ ਨਸ਼ਾ ਨਹੀਂ ਰੁਜ਼ਗਾਰਮੁਹਿੰਮ ਤਹਿਤ ਇੱਕ ਰੋਜ਼ਾ ਧਰਨਿਆਂ ਦੇ ਸੱਦੇ ਤਹਿਤ 13 ਜਿਲਿਆਂ '41 ਐਸ.ਡੀ. ਐਮ. ਜਾਂ ਤਹਿਸੀਲਦਾਰ ਦਫ਼ਤਰਾਂ ਅੱਗੇ ਰੋਹ ਭਰਪੂਰ ਧਰਨੇ ਦਿੱਤੇ ਗਏ। ਜਿਹਨਾਂ 'ਚ ਹਜ਼ਾਰਾਂ ਮਰਦ ਔਰਤਾਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਉਪਰੋਕਤ ਸਾਰ ਤੱਤ ਤਹਿਤ ਤਿਆਰ ਕੀਤੇ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂਅ ਦਿੱਤੇ ਗਏ। ਇਕ ਦੋ ਥਾਵਾਂ 'ਤੇ ਮੰਗ ਪੱਤਰ ਲੈਣ ਤੋਂ ਆਨਾਕਾਨੀ ਕਰਦੇ ਅਧਿਕਾਰੀਆਂ ਦੇ ਰਵੱਈਏ ਵਿਰੁੱਧ ਸੜਕ ਵੀ ਜਾਮ ਕੀਤੀ ਗਈ।
ਜਿਲਾ ਬਠਿੰਡਾ ਦੇ ਪਿੰਡ ਭੁੱਚੋ ਖੁਰਦ ਵਿਖੇ ਖੇਤ ਮਜ਼ਦੂਰ ਘਰਾਂ 'ਚ ਹੀ ਚਲਦੇ ਸ਼ਰਾਬ ਦੇ ਠੇਕੇ ਵਿਰੁੱਧ ਬੀ.ਕੇ.ਯੂ. (ਏਕਤਾ ਉਗਰਾਹਾਂ) ਦੀ ਅਗਵਾਈ 'ਚ ਪਿੰਡ 'ਚ ਬਣਾਈ ਨਸ਼ਾ ਵਿਰੋਧੀ ਕਮੇਟੀ ਵਲੋਂ ਠੇਕੇ ਦੇ ਬਾਰ ਅੱਗੇ ਲਗਾਤਾਰ ਦਿਨ ਰਾਤ ਦਾ ਚਾਰ ਰੋਜ਼ਾ ਮੋਰਚਾ ਲਾ ਕੇ ਠੇਕਾ ਚੁਕਵਾਇਆ ਗਿਆ। ਇਸ ਮੋਰਚੇ ਨੂੰ ਕਿਸਾਨ-ਮਜ਼ਦੂਰ ਔਰਤਾਂ ਤੇ ਨੌਜਵਾਨਾਂ ਵਲੋਂ ਭਾਰੀ ਸਮਰਥਨ ਦਿੱਤਾ ਗਿਆ। ਜਿੱਥੇ ਠੇਕੇ ਅੱਗੇ ਚਲਦੇ ਧਰਨੇ 'ਚ ਰੋਜ਼ਾਨਾ ਭਾਰੀ ਗਿਣਤੀ ਮਰਦ ਔਰਤਾਂ ਜੁੜਦੇ ਰਹੇ ਉਥੇ ਠੇਕਾ ਚੁਕਾਉਣ ਤੋਂ ਬਾਅਦ ਪਿੰਡ '28 ਜੁਲਾਈ ਦੀ ਰਾਤ ਨੂੰ ਕੀਤੀ ''ਨਸ਼ਾ ਨਹੀਂ ਰੁਜ਼ਗਾਰ'' ਕਾਨਫਰੰਸ ਤੇ ਨਾਟਕ ਦੇ ਪ੍ਰੋਗਰਾਮ 'ਚ ਪਿੰਡ ਦੀਆਂ 600 ਤੋਂ ਵੱਧ ਔਰਤਾਂ ਸਮੇਤ 1100 ਦੇ ਕਰੀਬ ਕਿਸਾਨਾਂ, ਖੇਤ ਮਜ਼ਦੂਰਾਂ ਤੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ।

No comments:

Post a Comment