Monday, July 25, 2016

(5) ਨਵਾਂ ਦੌਰ ਅਤੇ ਜ਼ਰਦਾਰੀ



ਕਸ਼ਮੀਰ ਜੱਦੋਜਹਿਦ ਦਾ ਨਵਾਂ ਦੌਰ ਅਤੇ ਜ਼ਰਦਾਰੀ ਦਾ ਬਿਆਨ

     ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਲਹਿਰ ਹੁਣ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ, ਜਦੋਂ ਕਸ਼ਮੀਰੀ ਲੋਕਾਂ ਦੇ ਆਪਣੇ ਨਕਲੀ ਦੋਸਤਾਂ ਅਤੇ ਝੂਠੇ ਸ਼ੁਭਚਿੰਤਕਾਂ ਬਾਰੇ ਭੁਲੇਖੇ ਟੁੱਟ ਰਹੇ ਹਨ। ਹਾਲਤ ਉਹਨਾਂ ਸਮਿਆਂ ਦੇ ਮੁਕਾਬਲੇ ਕਾਫੀ ਬਦਲੀ ਹੋਈ ਹੈ, ਜਦੋਂ ਕਸ਼ਮੀਰੀ ਲੋਕ ਕੌਮਾਂਤਰੀ ਭਾਈਚਾਰੇ (ਯਾਨੀ ਅਮਰੀਕੀ ਸਾਮਰਾਜੀਆਂ) ਅਤੇ ਪਾਕਿਸਤਾਨੀ ਹਾਕਮਾਂ ਤੋਂ ਆਪਣੀ ਅਜ਼ਾਦੀ ਦੀ ਜੱਦੋਜਹਿਦ ਲਈ ਹਮਾਇਤ ਦੀ ਆਸ ਰੱਖਦੇ ਸਨ।
     ਅਮਰੀਕੀ ਸਾਮਰਾਜੀਆਂ ਬਾਰੇ ਭਰਮ-ਮੁਕਤੀ ਦੇ ਅਮਲ ਦਾ ਪ੍ਰਗਟਾਵਾ ਸੰਨ 2001 ਤੋਂ ਹੁੰਦਾ ਆ ਰਿਹਾ ਹੈ, ਜਦੋਂ ਕਸ਼ਮੀਰੀ ਲੋਕ ਅਫਗਾਨਿਸਤਾਨ ਤੇ ਅਮਰੀਕੀ ਹਮਲੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਨਿੱਤਰੇ। ਫੇਰ ਉਹਨਾਂ ਨੇ 2003 ਵਿਚ ਇਰਾਕ ਤੇ ਅਮਰੀਕੀ ਹਮਲੇ ਖਿਲਾਫ ਰੋਹ ਭਰੇ ਮੁਜਾਹਰੇ ਕੀਤੇ। ਫਰਵਰੀ 2006 ਵਿਚ ਜਦੋਂ ਜਾਰਜ ਬੁਸ਼ ਨੇ ਭਾਰਤ ਦਾ ਦੌਰਾ ਕੀਤਾ ਤਾਂ ਕਸ਼ਮੀਰ ਅੰਦਰ ਉਸਦੀਆਂ ਅਰਥੀਆਂ ਨੂੰ ਲਾਂਬੂ ਲਾਏ ਗਏ। ਫਰਵਰੀ 2007 ਵਿਚ ਕਸ਼ਮੀਰ ਦੇ ਨੌਜੁਆਨ ਅਲ ਅਕਸਾ ਮਸਜਿਦ ਨੇੜੇ ਇਜ਼ਰਾਈਲੀਆਂ ਵੱਲੋਂ ਪੁਰਾਤਤਵਾਂ ਦੀ ਖੁਦਾਈ ਖਿਲਾਫ ਮੁਜਾਹਰੇ ਕਰਨ ਲਈ ਸੜਕਾਂ ਤੇ ਆਏ। ਜਨਵਰੀ 2007 ਵਿਚ ਜਦੋਂ ਸੁਦਾਮ ਹੁਸੈਨ ਨੂੰ ਫਾਂਸੀ ਲਾਈ ਗਈ ਤਾਂ ਵੱਡੇ ਵੱਡੇ ਮੁਜਾਹਰੇ ਹੋਏ ਅਤੇ ਸਾਰੀ ਕਸ਼ਮੀਰ ਵਾਦੀ ਵਿਚ ਹੜਤਾਲ ਹੋਈ। ਇਹ ਹੜਤਾਲ ਇਸ ਗੱਲ ਦੇ ਬਾਵਜੂਦ ਹੋਈ ਕਿ ਇਸ ਖਾਤਰ ਕਿਸੇ ਪਾਰਟੀ ਜਾਂ ਜਥੇਬੰਦੀ ਵੱਲੋਂ ਸੱਦਾ ਨਹੀਂ ਸੀ ਦਿੱਤਾ ਗਿਆ। ਨੌਜੁਆਨਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਦਾਮ ਦੇ ਪੱਖ ਵਿਚ ਅਤੇ ਅਮਰੀਕਾ ਦੇ ਖਿਲਾਫ ਨਾਹਰੇ ਗੁੰਜਾਉਂਦਿਆਂ ਬੁਸ਼ ਦੀਆਂ ਅਰਥੀਆਂ ਸਾੜੀਆਂ। ਜੁਲਾਈ 2006 ਵਿਚ ਇਜ਼ਰਾਈਲ ਵੱਲੋਂ ਲਿਬਨਾਨ ਤੇ ਹਮਲੇ ਖਿਲਾਫ ਰੋਸ ਪ੍ਰਗਟ ਕਰਦੇ ਕਸ਼ਮੀਰੀਆਂ ਨੇ ਪੁਲਸ ਦੀਆਂ ਲਾਠੀਆਂ ਦਾ ਸਾਹਮਣਾ ਕੀਤਾ। 90ਵਿਆਂ ਚ ਕਸ਼ਮੀਰੀ ਲੋਕਾਂ ਵਿਚ ਇਹ ਭਰਮ ਕਾਫੀ ਵਿਆਪਕ ਸੀ ਕਿ ਅਮਰੀਕਾ ਉਹਨਾਂ ਦੇ ਕਾਜ ਦੀ ਹਮਾਇਤ ਕਰੇਗਾ। ਪਰ ਹੁਣ ਕਸ਼ਮੀਰੀ ਲੋਕਾਂ ਨੂੰ ਦੁਨੀਆਂ ਚ ਹੋਰਨੀਂ ਥਾਈਂ ਅਮਰੀਕੀ ਸਾਮਰਾਜੀਆਂ ਖਿਲਾਫ ਜੂਝ ਰਹੇ ਲੋਕਾਂ ਨਾਲ ਸਾਂਝ ਮਹਿਸੂਸ ਹੋਣ ਲੱਗ ਪਈ ਹੈ। ਇਹ ਇੱਕ ਵੱਡੀ ਹਾਂ-ਪੱਖੀ ਤਬਦੀਲੀ ਹੈ। ਅਮਰੀਕਾ ਅਤੇ ਇਜ਼ਰਾਈਲ ਖਿਲਾਫ ਹੋਏ ਸਭਨਾਂ ਮੁਜਾਹਰਿਆਂ ਵਿਚ ਕਸ਼ਮੀਰ ਦੀ ਅਜ਼ਾਦੀ ਦਾ ਨਾਅਰਾ ਪੂਰੇ ਜ਼ੋਰ ਨਾਲ ਗੂੰਜਦਾ ਰਿਹਾ ਹੈ। ਕਸ਼ਮੀਰ ਦੀ ਅਜ਼ਾਦੀ ਦੀ ਤਾਂਘ ਅਤੇ ਅਮਰੀਕੀ ਸਾਮਰਾਜੀਆਂ ਦਾ ਟਾਕਰਾ ਕਰ ਰਹੀਆਂ ਸ਼ਕਤੀਆਂ ਨਾਲ ਸਾਂਝ ਦੀ ਭਾਵਨਾ ਆਪਸ ਵਿਚ ਘੁਲ-ਮਿਲ ਰਹੀਆਂ ਦਿਖਾਈ ਦਿੱਤੀਆਂ ਹਨ।
     ਇਹ ਹਾਂ ਪੱਖੀ ਤਬਦੀਲੀ ਲੰਮੇ ਤਜਰਬੇ ਦੌਰਾਨ ਅਮਰੀਕੀ ਸਾਮਰਾਜੀਆਂ ਅਤੇ ਹੋਰਨਾਂ ਪੱਛਮੀ ਸਾਮਰਾਜੀਆਂ ਦੇ ਕਸ਼ਮੀਰੀ ਲੋਕਾਂ ਸਾਹਮਣੇ ਬੇਨਕਾਬ ਹੁੰਦੇ ਜਾਣ ਦਾ ਸਿੱਟਾ ਹੈ। ਦੂਜੀ ਸੰਸਾਰ ਜੰਗ ਮਗਰੋਂ ਅਮਰੀਕੀ ਸਾਮਰਾਜੀਏ ਆਪਣੀਆਂ ਵਿਸ਼ੇਸ਼ ਲੋੜਾਂ ਤਹਿਤ ਕਸ਼ਮੀਰ ਦੀ ਅਜ਼ਾਦੀ ਦੀ ਗੱਲ ਕਰਦੇ ਸਨ। ਉਹ ਕਸ਼ਮੀਰ ਮਸਲੇ ਨੂੰ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੇ ਮੁੱਦੇ ਵਜੋਂ ਭਖਦਾ ਰੱਖਣ ਅਤੇ ਸਮੇਂ ਸਮੇਂ ਲੋੜ ਅਨੁਸਾਰ ਇਸਦੀ ਵਰਤੋਂ ਕਰਨ ਵਿਚ ਦਿਲਚਸਪੀ ਰੱਖਦੇ ਸਨ। ਇਸ ਤੋਂ ਇਲਾਵਾ ਕਸ਼ਮੀਰ ਦੇ ਖੇਤਰ ਨੂੰ ਇਸਦੀ ਯੁੱਧਨੀਤਕ ਮਹੱਤਤਾ ਕਰਕੇ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਚੀਨ ਖਿਲਾਫ ਫੌਜੀ ਚੌਕੀ ਵਜੋਂ ਹੱਥ ਹੇਠ ਕਰਨਾ ਚਾਹੁੰਦੇ ਸਨ। ਵਿਸ਼ੇਸ਼ ਕਰਕੇ ਕਸ਼ਮੀਰ ਦੇ ਉੱਚੇ ਪਹਾੜਾਂ ਚ ਇਲੈਕਟਰੋਨਿਕ ਜਸੂਸੀ ਸਟੇਸ਼ਨ ਸਥਾਪਤ ਕਰਨਾ ਚਾਹੁੰਦੇ ਸਨ। ਇਸ ਕਰਕੇ ਕੁਝ ਅਰਸਾ ਉਹ ਅਜ਼ਾਦ ਕਸ਼ਮੀਰ ਦੇ ਵਿਚਾਰ ਨੂੰ ਹੱਲਾਸ਼ੇਰੀ ਦਿੰਦੇ ਰਹੇ ਸਨ ਅਤੇ ਕਸ਼ਮੀਰ ਬਾਰੇ ਯੂ.ਐਨ.ਓ. ਦੇ ਮਤਿਆਂ ਅਨੁਸਾਰ ਰਾਏਸ਼ੁਮਾਰੀ ਦੀ ਗੱਲ ਕਰਦੇ ਰਹੇ ਸਨ। ਪਰ ਬਦਲੀ ਹੋਈ ਕੌਮਾਂਤਰੀ ਹਾਲਤ ਅਤੇ ਫੌਜੀ ਤਕਨੀਕ ਵਿਚ ਆਈਆਂ ਤਬਦੀਲੀਆਂ ਦੀ ਵਜਾਹ ਕਰਕੇ ਉਹਨਾਂ ਦੀਆਂ ਪਹਿਲੀਆਂ ਲੋੜਾਂ ਖੁਰ ਗਈਆਂ ਅਤੇ ਕਸ਼ਮੀਰ ਮਸਲੇ ਦੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਿਮਲਾ ਸਮਝੌਤੇ ਦੇ ਅਧਾਰ ਤੇ ਦੁਵੱਲੇ ਹੱਲ ਦੀ ਵਕਾਲਤ ਕਰਨ ਲੱਗ ਪਏ। ਉਹਨਾਂ ਨੇ ਕਸ਼ਮੀਰੀ ਲੋਕਾਂ ਦਾ ਹਵਾਲਾ ਦੇਣਾ ਛੱਡ ਦਿੱਤਾ, ਜਿਹਨਾਂ ਦੀ ਹੋਣੀ ਨਾਲ ਕਸ਼ਮੀਰ ਮੁੱਦਾ ਅਸਲ ਚ ਸੰਬੰਧਤ ਹੈ।
     ਕਸ਼ਮੀਰ ਮਸਲੇ ਤੇ ਪਾਕਿਸਤਾਨੀ ਹਾਕਮਾ ਦੀ ਬਾਂਹ ਨੂੰ ਮਰੋੜਾ ਦੇਣ ਦਾ ਅਮਰੀਕੀ ਸਾਮਰਾਜੀਆਂ ਦਾ ਰੁਖ਼ ਤਾਂ 90ਵਿਆਂ ਦੇ ਸ਼ੁਰੂ ਵਿਚ ਹੀ ਪ੍ਰਤੱਖ ਹੋਣ ਲੱਗ ਪਿਆ ਸੀ, ਜਦੋਂ ਉਹਨਾਂ ਨੇ 1992 ਵਿਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਵੱਲੋਂ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚੋਂ ਅਸਲ ਕੰਟਰੋਲ ਰੇਖਾ ਪਾਰ ਕਰਨ ਦੇ ਪੁਰਅਮਨ ਸੱਦੇ ਨੂੰ ਖੂਨੀ ਤਾਕਤ ਦੀ ਵਰਤੋਂ ਨਾਲ ਫੇਲ੍ਹ ਕਰਨ ਲਈ ਪਾਕਿਸਤਾਨੀ ਹਾਕਮਾਂ ਤੇ ਦਬਾਅ ਪਾਇਆ ਸੀ। ਪਾਕਿਸਤਾਨੀ ਹਾਕਮਾਂ ਨੇ ਆਪਣੇ ਕਬਜ਼ੇ ਹੇਠਲੇ ਖੇਤਰ ਵਿਚ ਕਸ਼ਮੀਰੀਆਂ ਤੇ ਗੋਲੀਆਂ ਵਰ੍ਹਾ ਕੇ ਕਿੰਨੀਆਂ ਹੀ ਜਾਨਾਂ ਲਈਆਂ ਸਨ ਅਤੇ ਅਮਰੀਕੀ ਸਾਮਰਾਜੀਆਂ ਨੇ ਇਸ ਕਾਰਵਾਈ ਬਦਲੇ ਪਾਕਿਸਤਾਨੀ ਹਾਕਮਾਂ ਨੂੰ ਸ਼ਾਬਾਸ਼ੇ ਦਿੱਤੀ ਸੀ।
     ਪਰ 21ਵੀਂ ਸਦੀ ਦੇ ਸ਼ੁਰੂ ਤੋਂ ਤਾਂ ਅਮਰੀਕੀ ਸਾਮਰਾਜੀਆਂ ਨੇ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਜੱਦੋਜਹਿਦ ਨਾਲ ਆਪਣੀ ਦੁਸ਼ਮਣੀ ਦੀ ਨੰਗੀ-ਚਿੱਟੀ ਨੁਮਾਇਸ਼ ਲਾਉਂਦਿਆਂ ‘‘ਕਸ਼ਮੀਰ ਅੰਦਰਲੀ ਦਹਿਸ਼ਤਗਰਦੀ’’ ਨੂੰ ਕੁਚਲ ਦੇਣ ਦੇ ਟੀਚੇ ਨੂੰ ਸੰਸਾਰ ਅੰਦਰ ਦਹਿਸ਼ਤਗਰਦੀ ਖਿਲਾਫ ਆਪਣੀ ਅਖੌਤੀ ਲੜਾਈ ਦਾ ਅੰਗ ਬਣਾਇਆ ਹੋਇਆ ਹੈ। ਅਮਰੀਕੀ ਹਾਕਮ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਵਿਚਰਦੀਆਂ ਹਥਿਆਰਬੰਦ ਖਾੜਕੂ ਤਾਕਤਾਂ ਨੂੰ ਕੁਚਲ ਦੇਣ ਲਈ ਪਾਕਿਸਤਾਨੀ ਹਾਕਮਾਂ ਤੇ ਦਬਾਅ ਪਾਉਂਦੇ ਆਏ ਹਨ। ਮੁਸ਼ੱਰਫ ਸਰਕਾਰ ਨੇ ਇਸ ਦਬਾਅ ਹੇਠ ਕਾਫੀ ਕਦਮ ਲਏ ਸਨ। ਮਈ 2008 ਵਿਚ ਜਾਰਜ ਬੁਸ਼ ਨੇ ਇਸੇ ਗੱਲ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ-ਭਾਰਤ ਦੇ ਸੰਬੰਧਾਂ ਵਿਚ ਵੱਡਾ ਅਤੇ ਅਹਿਮ ਘਟਨਾ ਵਿਕਾਸ ਹੋ ਚੁੱਕਿਆ ਹੈ ਅਤੇ ਕਸ਼ਮੀਰ ਮਸਲੇ ਦੇ ਹੱਲ ਲਈ ਹਾਲਤ ਪੱਕ ਚੁੱਕੀ ਹੈ।
     ਪਾਕਿਸਤਾਨੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਅਸਲ ਵਿਚ ਕਦੇ ਵੀ ਮਾਨਤਾ ਨਹੀਂ ਦਿੱਤੀ। ਉਹ ਵਾਰ ਵਾਰ ਕਹਿੰਦੇ ਰਹੇ ਹਨ ਕਿ ਯੂ.ਐਨ.ਓ. ਦੇ ਮਤਿਆਂ ਅਨੁਸਾਰ ਰਾਏਸ਼ੁਮਾਰੀ ਦਾ ਮਤਲਬ ਭਾਰਤ ਜਾਂ ਪਾਕਿਸਤਾਨ ਚੋਂ ਕਿਸੇ ਨਾਲ ਰਲਣ ਦੀ ਚੋਣ ਕਰਨਾ ਹੈ। ਅਜ਼ਾਦੀ ਦੀ ਚੋਣ ਰਾਇਸ਼ੁਮਾਰੀ ਦਾ ਮੁੱਦਾ ਨਹੀਂ ਹੈ। ਇਸਦੇ ਬਾਵਜੂਦ, ਉਹ ਭਾਰਤੀ ਹਾਕਮਾਂ ਨਾਲ ਆਪਣੇ ਪਿਛਾਂਹਖਿੱਚੂ ਭੇੜ ਵਿਚ ਭਾਰਤੀ ਕਬਜ਼ੇ ਹੇਠਲੇ ਕਸ਼ਮੀਰੀਆਂ ਦੀ ਜੱਦੋਜਹਿਦ ਨੂੰ ਹੱਥਾ ਬਣਾਉਣ ਦੀ ਲਾਲਸਾ ਪਾਲਦੇ ਰਹੇ ਹਨ ਅਤੇ ਕੋਸ਼ਿਸ਼ ਕਰਦੇ ਰਹੇ ਹਨ। ਇਸੇ ਮਕਸਦ ਤਹਿਤ ਉਹ ਇਸ ਲਹਿਰ ਨੂੰ ਜਹਾਦ ਅਤੇ ਅਜ਼ਾਦੀ ਦੀ ਲੜਾਈ ਕਹਿੰਦੇ ਰਹੇ ਹਨ। ਪਰ ਜਿਉਂ ਜਿਉਂ ਅਮਰੀਕੀ ਸਾਮਰਾਜੀਆਂ ਵੱਲੋਂ ਉਹਨਾਂ ਦੀ ਮੌਜੂਦਾ ਸੰਸਾਰ ਯੁੱਧਨੀਤੀ ਦੀਆਂ ਲੋੜਾਂ ਨਾਲ ਇੱਕਸੁਰ ਹੋਣ ਖਾਤਰ ਪਾਕਿਸਤਾਨੀ ਹਾਕਮਾਂ ਤੇ ਦਬਾਅ ਵਧਦਾ ਗਿਆ ਹੈ, ਕਸ਼ਮੀਰੀ ਲੋਕਾਂ ਦੀ ਅਜ਼ਾਦੀ ਲਈ ਉਹਨਾਂ ਦਾ ਦੰਭੀ ਹੇਜ ਬੇਪਰਦ ਹੁੰਦਾ ਗਿਆ ਹੈ। ਇਹ ਗੱਲ ਪ੍ਰਤੱਖ ਹੁੰਦੀ ਗਈ ਹੈ ਕਿ ਪਾਕਿਸਤਾਨੀ ਹਾਕਮ ਅਮਰੀਕੀ ਸਾਮਰਾਜੀਆਂ ਦੀਆਂ ਇੱਛਾਵਾਂ ਅਨੁਸਾਰ ਭਾਰਤੀ ਹਾਕਮਾਂ ਨਾਲ ਗਿੱਟਮਿੱਟ ਕਰਕੇ ਕਸ਼ਮੀਰ ਮਸਲੇ ਤੇ ਸੌਦੇਬਾਜ਼ੀ ਕਰਨਾ ਚਾਹੁੰਦੇ ਹਨ ਅਤੇ ਅਜ਼ਾਦੀ ਦੀ ਜੱਦੋਜਹਿਦ ਨੂੰ ਠਿੱਬੀ ਲਾਉਣ ਅਤੇ ਕੁਚਲ ਦੇਣ ਦੇ ਮਨਸੂਬਿਆਂ ਵਿਚ ਭਾਈਵਾਲ ਹਨ। ਕਸ਼ਮੀਰੀ ਲੋਕਾਂ ਨੇ ਮੀਰ ਵਾਈਜ਼ ਦੀ ਅਗਵਾਈ ਹੇਠਲੇ ਗੱਠਜੋੜ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਸਰਕਾਰਾਂ ਨਾਲ ਵਾਰਤਾਲਾਪਾਂ ਨੂੰ ਪਸੰਦ ਨਹੀਂ ਕੀਤਾ। ਜਦੋਂ ਹੁਰੀਅਤ ਦੇ ਲੀਡਰ ਅਜਿਹੇ ਮਿਸ਼ਨ ਲਈ ਅਪ੍ਰੈਲ 2007 ਵਿਚ ਪਾਕਿਸਤਾਨ ਗਏ ਸਨ ਤਾਂ ਕਸ਼ਮੀਰ ਵਾਦੀ ਵਿਚ ਰੋਸ ਵਜੋਂ ਹੜਤਾਲ ਹੋਈ ਸੀ। ਸੱਈਅਦ ਅਲੀ ਸ਼ਾਹ ਜਿਲਾਨੀ ਵੱਲੋਂ ਹੁਰੀਅਤ ਲੀਡਰਾਂ ਦੀ ਤਿੱਖੀ ਅਲੋਚਨਾ ਸਦਕਾ ਉਸਦੀ ਮਕਬੂਲੀਅਤ ਵਧੀ ਸੀ। 22 ਅਪ੍ਰੈਲ 2007 ਨੂੰ ਉਸ ਵੱਲੋਂ ਸੱਦੀ ਰੈਲੀ ਵਿਚ ਭਾਰੀ ਸ਼ਮੂਲੀਅਤ ਹੋਈ ਸੀ। ਜਿਲਾਨੀ ਅਜੇ ਤੱਕ ਵੀ ਕਸ਼ਮੀਰ ਦੇ ਪਾਕਿਸਤਾਨ ਨਾਲ ਰਲੇਵੇਂ ਦਾ ਸਮਰੱਥਕ ਹੈ। ਪਰ ਇਹ ਉਸ ਵੱਲੋਂ ਪਾਕਿਸਤਾਨੀ ਹਾਕਮਾਂ ਦੀਆਂ ਇੱਛਾਵਾਂ ਅਤੇ ਹਦਾਇਤਾਂ ਤੇ ਹੂ-ਬ-ਹੂ ਫੁੱਲ ਚੜ੍ਹਾਉਣੋਂ ਇਨਕਾਰ ਹੀ ਸੀ ਜਿਸ ਨੇ ਕਸ਼ਮੀਰੀ ਲੋਕਾਂ ਵਿਚ ਉਸਦੀ ਮਕਬੂਲੀਅਤ ਵਧਾਈ ਹੈ। ਸਿੱਟੇ ਵਜੋਂ ਜਿਲਾਨੀ ਦੇ ਬਿਆਨਾਂ ਵਿਚ ਵੀ ਪਾਕਿਸਤਾਨ ਨਾਲ ਰਲੇਵੇਂ ਨਾਲੋਂ ਰਾਇਸ਼ੁਮਾਰੀ ਰਾਹੀਂ ਆਪਾ-ਨਿਰਣੇ ਦੇ ਅਧਿਕਾਰ ਦੇ ਫੈਸਲੇ ਤੇ ਜ਼ੋਰ ਆਉਣ ਲੱਗ ਪਿਆ।
ਪਾਕਿਸਤਾਨੀ ਹਾਕਮਾਂ ਦੀ ਉਪਰੋਕਤ ਆਮ ਦਿਸ਼ਾ ਦੇ ਬਾਵਜੂਦ ਮੌਜੂਦਾ ਚੋਣਾਂ ਤੋਂ ਪਹਿਲਾਂ ਕਸ਼ਮੀਰ ਜੱਦੋਜਹਿਦ ਦੇ ਜਨਤਕ ਮੁੜ-ਉਭਾਰ ਦੌਰਾਨ ਉਹਨਾਂ ਨੇ ਕਸ਼ਮੀਰ ਦੀ ਅਜ਼ਾਦੀ ਦੀਆਂ ਗੱਲਾਂ ਕੀਤੀਆਂ ਸਨ ਅਤੇ ਕਿਹਾ ਸੀ ਕਿ ਏਨੀ ਵੱਡੀ ਜਨਤਕ ਸ਼ਮੂਲੀਅਤ ਜ਼ਾਹਰ ਕਰਦੀ ਹੈ ਕਿ ਕਸ਼ਮੀਰ ਦੇ ਲੋਕ ਭਾਰਤ ਤੋਂ ਅਜ਼ਾਦੀ ਚਾਹੁੰਦੇ ਹਨ। ਪਰ ਇਸ ਬਿਆਨਬਾਜ਼ੀ ਦੇ ਬਾਵਜੂਦ ਹਾਲਤ ਪਾਕਿਸਤਾਨੀ ਹਾਕਮਾਂ ਨੂੰ ਤੇਜੀ ਨਾਲ ਆਪਣਾ ਅਸਲਾ ਬੇਨਕਾਬ ਕਰਨ ਲਈ ਤੁੰਨ੍ਹ ਰਹੀ ਸੀ। ਇਸ ਹਾਲਤ ਦਾ ਪਹਿਲਾ ਇਜ਼ਹਾਰ ਉਦੋਂ ਹੋਇਆ ਜਦੋਂ ਰਾਸ਼ਟਰਪਤੀ ਦੀ ਸਹੁੰ ਚੁੱਕਦਿਆਂ ਹੀ, ਆਸਿਫ ਅਲੀ ਜ਼ਰਦਾਰੀ ਨੇ ਇਹ ਬਿਆਨ ਦਿੱਤਾ ਕਿ ਭਾਰਤ ਅੰਦਰ ਪਾਰਲੀਮੈਂਟ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਪਹਿਲਾਂ ਭਾਰਤ-ਪਾਕਿਸਤਾਨ ਸੰਬੰਧਾਂ ਅਤੇ ਕਸ਼ਮੀਰ ਮੁੱਦੇ ਤੇ ਚੰਗੀ ਖਬਰ ਮਿਲੇਗੀ। ਉਸਨੇ ਕਿਹਾ ਕਿ ਉਹ ਦੋਹਾਂ ਮੁਲਕਾਂ ਦਰਮਿਆਨ ਪਿੱਠ-ਵਰਤੀ ਚੈਨਲਾਂ ਰਾਹੀਂ ਚੱਲਦੀ ਆ ਰਹੀ ਵਾਰਤਾਲਾਪ ਤੋਂ ਵਾਕਫ ਹੈ ਅਤੇ ਇਸ ਅਮਲ ਨੂੰ ਤੇਜ ਗਤੀ ਮੁਹੱਈਆ ਕੀਤੀ ਜਾਵੇਗੀ। ‘‘ਚੰਗੀ ਖਬਰ’’ ਬਾਰੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ। ਇਹ ਚੰਗੀ ਖਬਰ ਹੂ-ਬ-ਹੂ ਕੀ ਹੋਵੇਗੀ? ਇਸ ਬਾਰੇ ਜ਼ਰਦਾਰੀ ਨੇ ਖੁਲਾਸਾ ਕਰਨ ਤੋਂ ਪ੍ਰਹੇਜ ਹੀ ਕੀਤਾ ਸੀ। ਕਸ਼ਮੀਰੀ ਲੋਕਾਂ ਦੇ ਕਾਫੀ ਹਿੱਸਿਆਂ ਨੂੰ ਨਿਸਚਿਤ ਤੌਰ ਤੇ ਦਾਲ ਹੇਠ ਕਾਲਾ-ਕਾਲਾ ਹੀ ਅਨੁਭਵ ਹੋ ਰਿਹਾ ਸੀ, ਭਾਵੇਂ ਬਿਆਨ ਧੁੰਦਲਾ ਹੋਣ ਕਰਕੇ ਕੁਝ ਹਿੱਸਿਆਂ ਵਿਚ ਮੱਧਮ ਆਸਾਂ ਵੀ ਜਾਗੀਆਂ ਸਨ।
     ਪਰ 5 ਅਕਤੂਬਰ ਨੂੰ ਆਇਆ ਆਸਿਫ ਅਲੀ ਜ਼ਰਦਾਰੀ ਦਾ ਬਿਆਨ ਕਸ਼ਮੀਰੀ ਜੱਦੋਜਹਿਦ ਅੰਦਰਲੇ ਉਹਨਾਂ ਹਲਕਿਆਂ ਨੂੰ ਵਿਸ਼ੇਸ਼ ਕਰਕੇ ਚੌਂਕਾ ਦੇਣ ਵਾਲਾ ਸੀ, ਜਿਹਨਾਂ ਨੇ ਅਜੇ ਪਿਛਾਂਹਖਿੱਚੂ ਪਾਕਿਸਤਾਨੀ ਰਾਜ ਨਾਲੋਂ ਨਿਖੇੜੇ ਦੀ ਲਕੀਰ ਨਹੀਂ ਖਿੱਚੀ। ਇਹ ਪਹਿਲੀ ਵਾਰ  ਸੀ ਕਿ ਪਾਕਿਸਤਾਨ ਦੇ ਕਿਸੇ ਸਰਕਾਰੀ ਬਿਆਨ ਵਿਚ ਕਸ਼ਮੀਰ ਦੇ ਖਾੜਕੂਆਂ ਨੂੰ ਦਹਿਸ਼ਤਗਰਦ ਕਿਹਾ ਗਿਆ। ਦੂਜੇ ਪਾਸੇ ਉਸਨੇ ਅਮਰੀਕੀ ਸਾਮਰਾਜੀਆਂ ਦੀਆਂ ਇੱਛਾਵਾਂ ਤੇ ਫੁੱਲ ਚੜ੍ਹਾਉਂਦਿਆਂ ਆਖਿਆ ਕਿ ਭਾਰਤ ਪਾਕਿਸਤਾਨ ਲਈ ਕਦੇ ਵੀ ਖਤਰਾ ਨਹੀਂ ਰਿਹਾ। ਉਸਨੇ ਕਿਹਾ ਕਿ ‘‘ਸਾਡੀ ਜਮਹੂਰੀ ਸਰਕਾਰ ਨੂੰ ਭਾਰਤ ਦੇ ਵਿਦੇਸ਼ਾਂ ਅੰਦਰ ਪ੍ਰਭਾਵ ਤੋਂ ਕੋਈ ਡਰ ਨਹੀਂ ਹੈ।’’ ਭਾਰਤ-ਅਮਰੀਕੀ ਸੰਬੰਧਾਂ ਬਾਰੇ ਉਸਨੇ ਆਖਿਆ ਕਿ ‘‘ਅਸੀਂ ਭਲਾ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਜਮਹੂਰੀਅਤਾਂ ਚੋਂ ਇੱਕ ਨਾਲ ਦੋਸਤਾਨਾ ਸੰਬੰਧਾਂ ਤੇ ਈਰਖਾ ਕਿਉਂ ਕਰਾਂਗੇ।’’ ਉਸਨੇ ਕਿਹਾ ਕਿ ਉਸਨੂੰ ਭਾਰਤ-ਅਮਰੀਕਾ ਪ੍ਰਮਾਣੂ ਸੰਬੰਧਾਂ ਤੇ ਕੋਈ ਇਤਰਾਜ਼ ਨਹੀਂ ਹੈ, ਜੇਕਰ ਪਾਕਿਸਤਾਨ ਨਾਲ ਵੀ ਭਾਰਤ ਦੇ ਬਰਾਬਰ ਦਾ ਹੀ ਵਿਹਾਰ ਕੀਤਾ ਜਾਂਦਾ ਹੈ।
     ਅਮਰੀਕੀ ਸਾਮਰਾਜੀਆਂ ਅੱਗੇ ਬੀਬੇ-ਰਾਣੇ ਬਣ ਕੇ ਪੇਸ਼ ਹੋਣ ਦੀ ਇਹ ਕੋਸ਼ਿਸ਼ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਵਾਲ ਸਟਰੀਟ ਮੈਗਜ਼ੀਨ ਦੇ ਪੱਤਰਕਾਰ ਬਰੈਂਚ ਸਟੀਫਨ ਨਾਲ ਇੰਟਰਵਿਊ ਦੌਰਾਨ ਕੀਤੀ ਗਈ। ਇਸ ਬਿਆਨ ਦੇ ਨਾਲ ਹੀ ਉਸਨੇ ਪਾਕਿਸਤਾਨ ਖਾਤਰ 100 ਅਰਬ ਡਾਲਰ ਦੀ ਗਰਾਂਟ ਦੀ ਮੰਗ ਕੀਤੀ ਤਾਂ ਜੋ ਪਾਕਿਸਤਾਨ ਸੰਭਵ ਆਰਥਿਕ ਪਿਘਲਾਅ ਤੋਂ ਬਚ ਸਕੇ। ਉਸਨੇ ਮਿੰਨਤ ਕਰਦਿਆਂ ਆਖਿਆ, ‘‘ਮੈਨੂੰ ਤੁਹਾਡੀ ਮੱਦਦ ਦੀ ਲੋੜ ਹੈ ਜੇ ਅਸੀਂ ਡਿਗਦੇ ਹਾਂ, ਅਸੀਂ ਖੁਦ ਨਹੀਂ ਉੱਠ ਸਕਦੇ, ਤੁਸੀਂ ਸਾਨੂੰ ਉਠਾ ਸਕਦੇ ਹੋ।’’
     ਜ਼ਰਦਾਰੀ ਦੇ ਇਸ ਬਿਆਨ ਖਿਲਾਫ ਅਗਲੇ ਹੀ ਦਿਨ ਕਸ਼ਮੀਰ ਵਿਚ ਬਾਰਾਮੂਲਾ ਵਿਚ ਮੁਜਾਹਰਾ ਹੋਇਆ। ਜ਼ਰਦਾਰੀ ਮੁਰਦਾਬਾਦ ਦੇ ਨਾਅਰੇ ਲੱਗੇ ਅਤੇ ਉਸਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਕਈ ਦਹਾਕਿਆਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਕਿਸੇ ਪਾਕਿਸਤਾਨੀ ਹਾਕਮ ਦੀ ਅਰਥੀ ਜਲਾਈ ਗਈ ਹੋਵੇ।
     ਪਾਕਿਸਤਾਨ ਨਾਲ ਰਲੇਵੇਂ ਦੇ ਸਮਰਥਕ ਕਸ਼ਮੀਰੀ ਆਗੂ ਸੱਈਅਦ ਅਲੀ ਸ਼ਾਹ ਜਿਲਾਨੀ ਨੇ ਇਸ ਬਿਆਨ ਤੇ ਵੱਡਾ ਝਟਕਾ ਮਹਿਸੂਸ ਕੀਤਾ। ਉਸਨੇ ਕਿਹਾ ਕਿ ਇਹ ਬਿਆਨ ‘‘ਅਮਰੀਕਾ ਅਤੇ ਭਾਰਤ ਨੂੰ ਖੁਸ਼ ਰੱਖਣ ਖਾਤਰ ਦਿੱਤਾ ਗਿਆ ਹੈ।’’ ਜਿਲਾਨੀ ਨੇ ਆਪਣੇ ਗੁੱਸੇ ਭਰੇ ਬਿਆਨ ਅੰਦਰ ਉਹ ਸਭ ਗੱਲਾਂ ਦੁਹਰਾਈਆਂ ਜੋ ਪਾਕਿਸਤਾਨੀ ਹਾਕਮ ਭਾਰਤੀ ਹਾਕਮਾਂ ਨਾਲ ਆਪਣੇ ਤਿੱਖੇ ਸ਼ਰੀਕਾ ਭੇੜ ਦੇ ਦੌਰਾਂ ਵਿਚ ਕਹਿੰਦੇ ਰਹੇ ਸਨ ਅਤੇ ਜ਼ੋਰ ਦਿੱਤਾ ਕਿ ਭਾਰਤ ਤੋਂ ਪਾਕਿਸਤਾਨ ਨੂੰ ਸਦਾ ਹੀ ਖਤਰਾ ਰਿਹਾ ਹੈ। ਇਸ ਕਰਕੇ ਜ਼ਰਦਾਰੀ ਦਾ ਦਾਅਵਾ ਇਤਿਹਾਸਕ ਤੱਥਾਂ ਨਾਲ ਮੇਲ ਨਹੀਂ ਖਾਂਦਾ। ਉਸਨੇ ਕਿਹਾ ਕਿ ਕਸ਼ਮੀਰ ਦੇ ਲੋਕ ਪਿਛਲੇ 62 ਸਾਲਾਂ ਤੋਂ ਭਾਰਤੀ ਰਾਜ ਦੀ ਦਹਿਸ਼ਤਗਰਦੀ ਦਾ ਸਾਹਮਣਾ ਕਰ ਰਹੇ ਹਨ। ਸਾਰੇ ਪੁਰਅਮਨ ਤਰੀਕੇ ਫੇਲ੍ਹ ਹੋ ਚੁੱਕੇ ਹਨ। ਬੰਦੂਕ ਚੁੱਕਣ ਤੋਂ ਬਿਨਾ ਕੋਈ ਰਾਹ ਬਾਕੀ ਨਹੀਂ ਬਚਿਆ। ਉਸਨੇ ਕਿਹਾ ਕਿ ਕਿਸੇ ਨੂੰ ਵੀ ਦਹਿਸ਼ਤਗਰਦ ਕਹਿ ਦੇਣਾ ਸੌਖਾ ਹੈ ਪਰ ਕਸ਼ਮੀਰ ਅੰਦਰ ਆਪਾ-ਨਿਰਣੇ ਦੇ ਹੱਕ ਲਈ ਪੁਰਅਮਨ ਮੁਜਾਹਰੇ ਕਰਦੇ 63 ਲੋਕ ਤਿੰਨ ਮਹੀਨਿਆਂ ਵਿਚ ਮੌਤ ਦੇ ਘਾਟ ਉਤਾਰ ਦਿੱਤੇ ਗਏ।
     ਦੂਜੇ ਪਾਸੇ ਅਜ਼ਾਦੀ ਪੱਖੀ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਜ਼ਰਦਾਰੀ ਦੇ ਬਿਆਨ ਕਸ਼ਮੀਰੀ ਲੋਕਾਂ ਦੇ ਅਜ਼ਾਦੀ ਲਈ ਸੰਘਰਸ਼ ਨੂੰ ਦਬਾਅ ਨਹੀਂ ਸਕਦੇ।
     ਇੱਕ ਹੋਰ ਸੀਨੀਅਰ ਆਗੂ ਸ਼ਕੀਲ ਬਖਸ਼ੀ ਨੇ ਅਤੇ ਕੁੱਝ ਹੋਰ ਜਥੇਬੰਦੀਆਂ ਨੇ ਵੀ ਜ਼ਰਦਾਰੀ ਦੇ ਬਿਆਨ ਖਿਲਾਫ ਸਖਤ ਗੁੱਸਾ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਜ਼ਰਦਾਰੀ ਵੱਲੋਂ ਕਸ਼ਮੀਰ ਬਾਰੇ ‘‘ਚੰਗੀ ਖਬਰ’’ ਦੇਣ ਦੇ ਬਿਆਨ ਨਾਲ ਜੋ ਆਸਾਂ ਜਾਗੀਆਂ ਸਨ, ਉਹ ਚਕਨਾਚੂਰ ਹੋ ਗਈਆਂ ਹਨ।
     ਅਮਰੀਕੀ ਸਾਮਰਾਜੀਆਂ ਤੋਂ ਬਾਅਦ ਪਾਕਿਸਤਾਨੀ ਹਾਕਮਾਂ ਦਾ ਕਸ਼ਮੀਰੀ ਲੋਕਾਂ ਦੀਆਂ ਨਜ਼ਰਾਂ ਅੱਗੇ ਇਉਂ ਬੇਪਰਦ ਹੋਣਾ ਚੰਗਾ ਘਟਨਾ ਵਿਕਾਸ ਹੈ। ਇਹ ਹਾਲਤ ਕਸ਼ਮੀਰੀ ਲੋਕਾਂ ਨੂੰ ਆਪਣੀ ਜੱਦੋਜਹਿਦ ਦੇ ਅਸਲ ਅਤੇ ਖਰੇ ਹਮਾਇਤੀਆਂ ਦੀ ਪਛਾਣ ਲਈ ਪ੍ਰੇਰਤ ਕਰੇਗੀ। ਸਾਮਰਾਜੀਆਂ ਖਿਲਾਫ ਜੂਝਦੇ ਲੋਕਾਂ ਅਤੇ ਪਿਛਾਂਹਖਿੱਚੂ ਭਾਰਤੀ-ਪਾਕਿਸਤਾਨੀ ਰਾਜਾਂ ਖਿਲਾਫ ਜੂਝਦੇ ਇਹਨਾਂ ਦੋਹਾਂ ਮੁਲਕਾਂ ਦੇ ਲੋਕਾਂ ਨਾਲ ਸਾਂਝ ਦੀ ਭਾਵਨਾ ਨੂੰ ਅੱਗੇ ਲਿਆਵੇਗੀ। ਭਾਰਤੀ ਜਾਂ ਪਾਕਿਸਤਾਨੀ ਕਿਸੇ ਵੀ ਪਿਛਾਂਹਖਿੱਚੂ ਰਾਜ ਦੀ ਅਧੀਨਗੀ ਕਬੂਲਣ ਖਿਲਾਫ ਸੂਝ ਅਤੇ ਜਜ਼ਬੇ ਨੂੰ ਮਜਬੂਤ ਕਰੇਗੀ।
     ਪਾਕਿਸਤਾਨ ਨਾਲ ਰਲੇਵੇਂ ਦੇ ਸਮਰੱਥਕ ਜਿਲਾਨੀ ਵੱਲੋਂ ਪਾਕਿਸਤਾਨੀ ਹਾਕਮਾਂ ਨੂੰ ਜੋ ਕੁਝ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੁਣ ਪਾਕਿਸਤਾਨੀ ਹਾਕਮ ਉਸ ਨੂੰ ਸੁਣਨ ਲਈ ਤਿਆਰ ਨਹੀਂ ਹਨ। ਕਿਉਂਕਿ ਹੁਣ ਉਹਨਾਂ ਦੇ ਪਿਛਾਂਹਖਿੱਚੂ ਹਿੱਤਾਂ ਦੀਆਂ ਲੋੜਾਂ ਬਦਲ ਗਈਆਂ ਹਨ। ਇੱਕ ਪਾਸੇ ਕਸ਼ਮੀਰੀ ਲੋਕਾਂ ਦੇ ਆਪਾ-ਨਿਰਣੇ ਦੇ ਹੱਕ ਦਾ ਝੰਡਾ ਬੁਲੰਦ ਕਰਨ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਪਿਛਾਂਹਖਿੱਚੂ ਪਾਕਿਸਤਾਨੀ ਰਾਜ ਨਾਲ ਇੱਕਮਿੱਕ ਕਰਨ ਦੇ ਟਕਰਾਵੇਂ ਪੈਂਤੜੇ ਹੁਣ ਪ੍ਰਤੱਖ ਤੌਰ ਤੇ ਇੱਕ ਮਿਆਨ ਵਿਚ ਨਾ ਸਮੋ ਸਕਣ ਵਾਲੀਆਂ ਦੋ ਤਲਵਾਰਾਂ ਬਣਦੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਕਸ਼ਮੀਰੀ ਜੱਦੋਜਹਿਦ ਦੀ ਵੱਖ ਵੱਖ ਵੰਨਗੀਆਂ ਦੀ ਲੀਡਰਸ਼ਿੱਪ ਤੇ ਕਸ਼ਮੀਰੀ ਆਪਾ-ਨਿਰਣੇ ਦੀ ਲਹਿਰ ਦੇ ਸਭਨਾਂ ਦੁਸ਼ਮਣਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਣ ਲਈ ਦਬਾਅ ਵਧਣਾ ਹੈ। ਹਾਲਤਾਂ ਅਜਿਹੀ ਲੀਡਰਸ਼ਿੱਪ ਦੇ ਵਿਕਸਤ ਹੋਣ ਅਤੇ ਉੱਭਰਨ ਲਈ ਮੁਕਾਬਲਤਨ ਸਾਜਗਾਰ ਹੋ ਰਹੀਆਂ ਹਨ, ਜਿਹੜੀ ਕਸ਼ਮੀਰੀ ਲੋਕਾਂ ਦੀ ਹੱਕੀ ਜੱਦੋਜਹਿਦ ਦੀਆਂ ਲੋੜਾਂ ਤੇ ਪੂਰੀ ਉੱਤਰ ਸਕੇ।

No comments:

Post a Comment