Saturday, July 2, 2016

08) ਜੰਗਲ ਤੇ ਕਹਿਰ ਜਾਰੀ



ਜੰਗਲ ਦੇ ਬਾਸ਼ਿੰਦਿਆਂ ਤੇ ਹਕੂਮਤੀ ਹੱਲੇ ਦਾ ਕਹਿਰ ਜਾਰੀ

- ਡਾ. ਜਗਮੋਹਣ ਸਿੰਘ
ਸਦੀਆਂ ਤੋਂ ਆਦਿਵਾਸੀ ਲੋਕਾਂ ਦਾ ਰੈਣ-ਬਸੇਰਾ, ਛੱਤੀਸਗੜ੍ਹ ਭਾਰਤ ਦਾ ਸਭ ਤੋਂ ਸ਼ਾਂਤਮਈ ਸੂਬਾ ਹੋ ਕੇ ਵੀ ਵਿਸ਼ਾਲ ਜਨਤਾ ਲੰਮੇ ਸਮੇਂ ਤੋਂ ਗਰੀਬੀ, ਕੰਗਾਲੀ ਤੇ ਗੁਲਾਮੀ ਦੀਆਂ ਹਾਲਤਾਂ ਹੇਠ ਕਰਾਹ ਰਹੀ ਹੈ। ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ , ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਤਹਿਤ ਇੱਥੇ ਕਾਰਪੋਰੇਟ ਕੰਪਨੀਆਂ ਦੇ ਉਤਾਰੇ ਨਾਲ ਢੇਰ ਸਾਰਾ ਵਾਧਾ ਹੋਇਆ ਹੈ। ਹਰ ਨੀਵੇਂ ਤੋਂ ਨੀਵਾਂ ਅਤੇ ਘਟੀਆ ਕਿਸਮ ਦਾ ਮਿਹਨਤ-ਮੁਸ਼ੱਕਤ ਵਾਲਾ ਕੰਮ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਇਹ ਲੋਕ, ਬਾਹਰੋਂ ਆ ਕੇ ਵਸੇ ਅਤੇ ਸਾਧਨਾਂ ਵਸੀਲਿਆਂ ਦੇ ਮਾਲਕ ਬਣੇ ਪੜ੍ਹੇ ਲਿਖੇ ਅਤੇ ਕਾਰੋਬਾਰੀ ਲੋਕਾਂ ਦੀਆਂ ਠੱਗੀਆਂ, ਧੋਖੇਬਾਜ਼ੀਆਂ ਅਤੇ ਮਨੁੱਖੀ ਵਪਾਰ ਜਿਹੇ ਮੱਧਯੁਗੀ ਜ਼ੁਲਮਾਂ ਹੇਠ ਜ਼ਿੰਦਗੀ ਕੱਟ ਰਹੇ ਹਨ।
ਛੱਤੀਸਗੜ੍ਹ, ਇੱਕ ਵੱਖਰਾ ਸੂਬਾ ਬਣਨ ਤੋਂ ਬਾਅਦ ਆਦਿਵਾਸੀ ਸਿਆਸਤਦਾਨਾਂ ਨੇ ਕਾਰਪੋਰੇਟ ਠੱਗਾਂ ਨਾਲ ਜੱਫੀਆਂ ਪਾ ਲਈਆਂ ਹਨ। ਕ੍ਰਿਕਟ ਸਟੇਡੀਅਮ ਦੀ ਉਸਾਰੀ ਲਈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਚੋਂ ਬੇਦਖਲ ਕੀਤਾ ਗਿਆ। ਸ਼ਰਾਬ ਦੇ ਧੜਵੈਲ ਕਾਰੋਬਾਰੀ ਸਕੂਲ ਤੇ ਹਸਪਤਾਲ ਚਲਾ ਰਹੇ ਹਨ। ਆਦਿਵਾਸੀ ਲੋਕਾਂ ਦੀ ਇਸ ਮਾਤ-ਭੂਮੀ ਤੇ ਬਾਹਰਲਿਆਂ ਦੇ ਵਸੇਬੇ ਦੀ ਤੇਜ਼-ਤਰਾਰ ਮੁਹਿੰਮ ਨੂੰ ਅੰਜਾਮ ਦੇਣ ਲਈ ਪੁਲਸ, ਸੀ. ਆਰ. ਪੀ. ਐਫ. ਅਤੇ ਹੋਰ ਹਥਿਆਰਬੰਦ ਬਲਾਂ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ। ਜਨਤਕ ਕੁਟਾਪੇ, ਧੜਾਧੜ ਗ੍ਰਿਫਤਾਰੀਆਂ, ਕਤਲ, ਝੂਠੇ ਮੁਕਾਬਲੇ, ਲੋਕਾਂ ਚ ਵੰਡੀਆਂ ਪਾੜੇ-ਖੜ੍ਹੇ ਕਰਨ ਦੀਆਂ ਸਾਜਸ਼ੀ ਮੁਹਿੰਮਾਂ ਅਤੇ ਔਰਤਾਂ ਦੇ ਬਲਾਤਕਾਰ ਲਗਾਤਾਰ ਵਾਪਰ ਦੀਆਂ ਘਟਨਾਵਾਂ ਹਨ। ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ।
ਲੰਘੀ 13 ਜੂਨ ਨੂੰ ਮੇਡਕਮ ਹਿਡਮੇ ਨਾਂਅ ਦੀ ਇੱਕ ਆਦਿਵਾਸੀ ਕੁੜੀ ਨੂੰ ਵਰਦੀਧਾਰੀ ਗੁੰਡਿਆਂ ਵੱਲੋਂ ਘਰੋਂ ਚੁੱਕ ਕੇ ਸਮੂਹਕ ਬਲਾਤਕਾਰ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ। ਮਗਰੋਂ ਇਸ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈਸ ਇੱਕ ਮਾਓਵਾਦੀ ਨਾਲ ਹੋਏ ਪੁਲਸ ਮੁਕਾਬਲੇ ਦੇ ਖਾਤੇ ਪਾ ਦਿੱਤਾ ਗਿਆ। ਜਦ ਉਸ ਲੜਕੀ ਨੂੰ ਘਰੋਂ ਚੁੱਕਿਆ ਸੀ, ਉਸਨੇ ਸਾੜ੍ਹੀ ਪਹਿਲੀ ਹੋਈ ਸੀ, ਪਰ ਉਸਦੀ ਮ੍ਰਿਤਕ ਦੇਹ ਨੂੰ ਮਾਓਵਾਦੀਆਂ ਵਾਲੀ ਵਰਦੀ ਪਹਿਨਾਈ ਹੋਈ ਸੀ। ਉਸਦੇ ਸਰੀਰ ਦੇ ਬਦਲੇ ਹੋਏ ਇਹ ਕੱਪੜੇ ਪੁਲਸ ਵੱਲੋਂ ਘੜੀ ਮੁਕਾਬਲੇ ਦੀ ਕਹਾਣੀ ਦਾ ਝੂਠ ਜੱਗ ਜ਼ਾਹਰ ਕਰਨ ਦਾ ਠੋਸ ਸਬੂਤ ਬਣ ਗਏ ਹਨ। ਇਸ ਹੌਲਨਾਕ ਘਟਨਾ ਦੀ ਪੜਤਾਲ ਲਈ ਸੋਨੀ ਸੋਰੀ ਦੀ ਅਗਵਾਈ ਹੇਠ ਇੱਕ ਪੜਤਾਲੀਆ ਟੀਮ ਨੂੰ ਵੱਖ ਵੱਖ ਪੁਲਸੀ ਕੈਂਪਾਂ ਤੇ ਰੋਕ ਕੇ ਘੰਟਿਆਂ ਬੱਧੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਅੱਗੇ ਜਾਣ ਦੀ ਮਨਾਹੀ ਕੀਤੀ ਗਈ। ਵਾਪਸ ਪਰਤ ਕੇ ਟੀਮ ਦੇ ਮੈਂਬਰ ਡੀ. ਸੀ. ਅਤੇ ਐੱਸ. ਐੱਸ. ਪੀ. ਦੀ ਗੈਰ-ਮੌਜੂਦਗੀ ਚ ਏ. ਐੱਸ .ਪੀ. ਨੂੰ ਮਿਲੇ। ਜਦ ਪਿੰਡ ਦੇ ਲੋਕ ਟੀਮ ਅਤੇ ਪੱਤਰਕਾਰਾਂ ਨੂੰ ਮਿਲਣ ਲਈ ਉਤਾਵਲੇ ਹੋ ਰਹੇ ਸਨ, ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅੰਤ ਸੋਨੀ ਸੋਰੀ ਅਤੇ ਹੋਰਾਂ ਨੇ ਡੀ. ਸੀ. ਦਫ਼ਤਰ ਅੱਗੇ ਧਰਨਾ ਮਾਰ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਸੋਨੀ ਸੋਰੀ, ਜਿਹੜੀ ਖੁਦ ਹਾਕਮ ਜਮਾਤੀ ਹਿੰਸਕ ਹਮਲਿਆਂ ਤੋਂ ਪੀੜਤ ਹੈ, ਸੁਕਮਾ ਅਤੇ ਬੀਜਾਪੁਰ ਵਿੱਚ ਔਰਤਾਂ ਦੇ ਸਮੂਹਕ ਬਲਾਤਕਾਰ ਅਤੇ ਆਮ ਲੋਕਾਂ ਤੇ ਹਿੰਸਕ ਹਮਲਿਆਂ ਦੇ ਖਿਲਾਫ਼ ਆਵਾਜ਼ ਉਠਾਉਣ ਚ ਸਰਗਰਮ ਭੂਮਿਕਾ ਨਿਭਾਅ ਰਹੀ ਹੈ; ਅਜੇ ਪਿੱਛੇ ਜਿਹੇ ਹੀ ਉਹ ਚਿਹਰੇ ਤੇ ਸੁੱਟੇ ਗਏ ਕਿਸੇ ਤੇਜ਼ਾਬੀ ਰਸਾਇਣ ਨਾਲ ਹੋਏ ਜਾਨਲੇਵਾ ਹਮਲੇ ਦਾ ਸਾਹਮਣਾ ਕਰਕੇ ਹਟੀ ਹੈ।
ਆਦਿਵਾਸੀ ਲੋਕਾਂ ਤੇ ਢਾਹੇ ਜਾ ਰਹੇ ਜ਼ੁਲਮ ਸਥਾਨਕ ਸਿਆਸਤਦਾਨਾਂ ਜਾਂ ਕਿਸੇ ਇੱਕ ਅੱਧ ਸਨਅਤੀ ਘਰਾਣੇ ਦੀ ਖੇਡ ਨਹੀਂ ਹੈ। ਇਹ ਉਸ ਸਮੁੱਚੀ ਸਾਜਸ਼ ਦਾ ਅੰਗ ਹੈ, ਜਿਸ ਤਹਿਤ ਆਦਿਵਾਸੀਆਂ ਨੂੰ, ਜੰਗਲਾਂ ਚ ਉਨ੍ਹਾਂ ਦੇ ਜੱਦੀ-ਪੁਸ਼ਤੀ ਵਾਸੇ ਚੋਂ, ਉਨ੍ਹਾਂ ਨੂੰ ਬਾਹਰ ਕੱਢਣਾ ਹੈ, ਪਹਾੜੀਆਂ ਨੂੰ ਪੱਧਰ ਕਰਨਾ ਹੈ, ਜੰਗਲਾਂ ਦੇ ਧਰਾਤਲ ਨੂੰ ਖੋਦ ਕੇ ਉਥੋਂ ਬਾਕਸਾਈਟ, ਲੋਹਾ, ਮੈਂਗਨੀਜ਼, ਅਤੇ ਹੀਰਿਆਂ ਜਿਹੇ ਕੀਮਤੀ ਖਣਿਜ ਅਤੇ ਕੀਮਤੀ ਲੱਕੜ ਆਦਿ ਦੀ ਸਮਗਲਿੰਗ ਕਰਨੀ ਹੈ। ਇਹਨਾਂ ਕੀਮਤੀ-ਖਣਿਜਾਂ ਨੂੰ ਮੁੱਠੀ ਭਰ ਕਾਰਪੋਰੇਟਾਂ ਦੀ ਝੋਲੀ ਪਾਉਣਾ ਹੈ। ਛੱਤੀਸਗੜ੍ਹ ਦੀ ਧਰਤੀ ਅਤੇ ਲੋਕਾਂ ਤੇ ਇਸ ਦਿਉ-ਕੱਦ ਸਾਜਸ਼ੀ ਹੱਲੇ ਹੇਠ ਹਿਡਮੇ, ਕਵਾਸੀ, ਲਖਮਾ, ਕੈਡੋਪੀ ਅਤੇ ਸੋਨੀ ਸੋਰੀ ਆਦਿ ਉੱਪਰ ਢਾਹੇ ਜ਼ੁਲਮ ਦੋਸ਼ੀਆਂ ਨੂੰ ਸਜ਼ਾ ਦੇਣ ਪੱਖੋਂ ਕਾਰਪੋਰੇਟ ਪੱਖੀ ਸਰਕਾਰ ਲਈ ਕਿਸੇ ਅਹਿਮੀਅਤ ਵਾਲੇ ਮਾਮਲੇ ਨਾ ਹੋ ਕੇ ਪਾਸੇ ਹਟਵੇਂ, ਛੋਟੇ ਤੇ ਗੈਰ-ਪ੍ਰਸੰਗਕ ਮਾਮਲੇ ਬਣੇ ਰਹਿੰਦੇ ਹਨ।
ਦੂਜੇ ਪਾਸੇ ਛੱਤੀਸਗੜ੍ਹ ਦੇ ਆਦਿਵਾਸੀ ਹਕੂਮਤੀ ਜ਼ੁਲਮਾਂ ਖਿਲਾਫ਼ ਜੂਝ ਰਹੇ ਹਨ। ਉਹ ਜਿਉਣ ਦੇ ਹੱਕ ਖਾਤਰ, ਗੌਰਵਮਈ ਜੀਵਨ ਜਿਉਣ ਖਾਤਰ ਜੂਝ ਰਹੇ ਹਨ। ਜਿਸ ਧਰਤੀ ਤੇ ਉਹਨਾਂ ਦਾ ਕਾਰਪੋਰੇਟਾਂ ਤੇ ਹਿੰਦੂਤਵੀ ਠੱਗਾਂ ਦੇ ਆ ਉੱਤਰਨ ਤੋਂ ਯੁੱਗਾਂ ਪਹਿਲਾਂ ਦਾ ਵਸੇਬਾ ਹੈ, ਉਹ ਉਸ ਧਰਤੀ ਨੂੰ ਬਚਾਉਣ ਲਈ ਜੂਝ ਰਹੇ ਹਨ। ਉਹ ਜੂਝਣਹਾਰ ਮਿੱਟੀ ਦੇ ਜਾਏ ਹਨ। ਉਹਨਾਂ ਧਰਤੀ ਦੀ ਹੂਕ ਸੁਣ ਲਈ ਹੈ। ਇਸ ਹੂਕ ਦਾ ਐਲਾਨ ਹੈ ਕਿ ਉਹ ਹਰ ਜਬਰ-ਜ਼ੁਲਮ ਸਹਿ ਕੇ ਵੀ ਜੂਝਣਗੇ। ਉਹ ਹਰ ਤਰ੍ਹਾਂ ਦੇ ਭੰਡੀ ਪ੍ਰਚਾਰ ਤੇ ਫਰੇਬੀ ਚਾਲਾਂ ਨੂੰ ਪਛਾੜ ਦੇਣਗੇ ਤੇ ਜੰਗਲ ਦੇ ਪੱਤੇ ਪੱਤੇ ਚ ਬਗਾਵਤ ਦੀਆਂ ਚਿਣਗਾਂ ਜਗਾ ਦੇਣਗੇ। ਇਹ ਜੰਗਲ ਦੇ ਧੜਕਦੇ ਦਿਲਾਂ ਦਾ ਧੁਰ ਅੰਦਰ ਦਾ ਐਲਾਨ ਹੈ।
ਆਦਿਵਾਸੀ ਲੋਕਾਂ ਦੀ ਹਾਲਤ ਜਾਨਣ ਗਈ ਟੀਮ ਤੇ ਵੀ ਝੂਠਾ ਕੇਸ ਦਰਜ
ਛੱਤੀਸਗੜ੍ਹਚ 12 ਤੋਂ 15 ਮਈ ਵਿਚਕਾਰ ਬਸਤਰ, ਦਾਂਤੇਵਾੜਾ ਤੇ ਸੁਕਮਾ ਜ਼ਿਲ੍ਹਿਆਂ ਦਾ ਦੌਰਾ ਕਰਕੇ ਸਧਾਰਣ ਆਦਿਵਾਸੀਆਂ ਦੀਆਂ ਜ਼ਿੰਦਗੀਆਂ ਬਾਰੇ ਪੜਤਾਲ ਕਰਨ ਗਈ ਇੱਕ ਟੀਮ ਤੇ ਵੀ ਪੁਲਸ ਕੇਸ ਮੜ੍ਹਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਟੀਮ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਹੋਈ ਹੈ।
ਪੜਤਾਲੀਆ ਟੀਮ ਵਿੱਚ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਨੰਦਿਨੀ ਸੁੰਦਰ,ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਅਰਚਨਾ ਪ੍ਰਸ਼ਾਦ ਅਤੇ ਜੋਸ਼ੀ ਅਧਿਕਾਰੀ ਸੰਸਥਾ ਦੋ ਸ਼੍ਰੀ ਵਿਨੋਦ ਤਿਵਾੜੀ,ਸ਼੍ਰੀ ਸੰਜੇ ਪਾਰੇਟ ਸੀ ਪੀ ਆਈ ਦੇ ਸੁਬਾਈ ਸਕੱਤਰ ਸ਼ਾਮਲ ਸਨ।
ਪੜਤਾਲੀਆ ਟੀਮ ਨੇ ਦੁਵੱਲੀ ਗੋਲੀਬਾਰੀ ਚ ਫਸੇ ਪੇਂਡੂ ਲੋਕਾਂ ਦੀ ਆਖਰਾਂ ਦੀ ਬਿਪਤਾ ਨੂੰ ਦਰਸਾਇਆ, ਜਿਹੜੀ ਸਲਵਾ ਜੁਡਮਦੇ ਦਿਨਾਂ ਨੂੰ ਯਾਦ ਕਰਾਉਂਦੀ ਹੈ ਜਿਸਨੇ ਵਿਆਪਕ ਉਜਾੜਾ, ਆਦਿਵਾਸੀ ਸਮਾਜ ਅੰਦਰ ਪਾੜੇ ਅਤੇ ਉਨ੍ਹਾਂ ਦੀਆਂ ਜਾਨਾਂ ਤੇ ਰੁਜਗਾਰ ਵਸੀਲਿਆਂ ਦੀ ਤਬਾਹੀ ਮਚਾਈ ਸੀ।
ਪੜਤਾਲੀਆ ਟੀਮ ਨੂੰ ਪੁਲਸ ਵੱਲੋਂ ਥਾਂ ਥਾਂ ਰੋਕਿਆ ਗਿਆ, ਪਿੱਛਾ ਕੀਤਾ ਗਿਆ ਅਤੇ ਪੁੱਛ-ਗਿਛ ਕੀਤੀ ਗਈ ਅਤੇ ਟੀਮ ਦੇ ਵਾਪਸ ਮੁੜਨ ਸਾਰ ਕਰਨਾਕੋਲੈਂਗ ਅਤੇ ਨਾਮਾ ਪਿੰਡਾਂ ਦੇ ਲੋਕਾਂ ਦੀ ਤਰਫੋਂ ਇੱਕ ਮਨਘੜਤ ਝੂਠਾ ਕੇਸ ਮੜ੍ਹ ਦਿੱਤਾ ਗਿਆ। ਅਫਸੋਸਨਾਕ ਅਤੇ ਹੌਲਨਾਕ ਗੱਲ ਇਹ ਹੈ ਕਿ ਸੂਬਾਈ ਪੁਲੀਸ ਨੇ ਪੜਤਾਲੀਆ ਟੀਮ ਦੇ ਨਿਰਣਿਆਂ ਨੂੰ ਸਾਰਥਕ ਹੁੰਗਾਰਾ ਦੇਣ ਦੀ ਬਜਾਏ, ਟੀਮ ਤੇ ਸਿਆਸਤ ਤੋਂ ਪ੍ਰ੍ਰੇਰਤ, ਹਾਸੋਹੀਣੇ ਦੋਸ਼ ਮੜ੍ਹਨ ਨੂੰ ਤਰਜੀਹ ਦਿੱਤੀ ਕਿ ਜੇ. ਐਨ. ਯੂ., ਜਿਸਨੂੰ ਉਹ ਕੌਮ ਵਿਰੋਧੀ ਅਤੇ ਮਾਓਵਾਦੀ ਹੋਣ ਦਾ ਦਾਅਵਾ ਕਰਦੇ ਹਨ, ਦੇ ਇਹ ਪ੍ਰੋਫੈਸਰ ਪੇਂਡੂ ਲੋਕਾਂ ਨੂੰ ਧਮਕੀਆਂ ਦਿੰਦੇ ਸਨ ਕਿ ਉਹ ਮਾਓਵਾਦੀਆਂ ਦਾ ਪੱਖ ਲੈਣ। ਜਿਲ੍ਹਾ ਕੁਲੈਕਟਰ ਅਮਿਤ ਕਟਾਰੀਆ ਨੇ ਇੱਕ ਅਨੋਖਾ ਕਾਰਨਾਮਾ ਕਰਦਿਆਂ ਆਪਣੀ ਫੇਸ ਬੁੱਕ ਤੇ ਸਥਾਨਕ ਪੇਂਡੂ ਲੋਕਾਂ ਦੇ ਨਾਂਅ ਤੇ ਪੜਤਾਲੀਆ ਟੀਮ ਦੇ ਖਿਲਾਫ ਇੱਕ ਮਨਘੜਤ ਸ਼ਕਾਇਤ ਪਾ ਕੇ, ਇਸਦੇ ਮੈਂਬਰਾਂ ਤੇ ਪੁਲਸ ਕੇਸ ਪਾਏ ਜਾਣ ਦੀ ਸਿਰੇ ਦੀ ਗੈਰ-ਜ਼ਿੰਮੇਵਾਰਾਨਾ ਮੰਗ ਕੀਤੀ। ਕਮਾਲ ਦੀ ਗੱਲ ਇਹ ਕਿ ਇਹ ਹਰਕਤ ਉਸਨੇ ਜਾਂਚ-ਪੜਤਾਲ ਦਾ ਕੰਮ ਸ਼ੁਰੂ ਹੋਣ ਤੋ ਪਹਿਲਾਂ ਹੀ ਕਰ ਮਾਰੀ।
ਪੇਂਡੂ ਲੋਕਾਂ ਵੱਲੋਂ ਕੀਤੀ ਇਸ ਅਖੌਤੀ ਸ਼ਿਕਾਇਤ ਤੇ ਸਰਸਰੀ ਝਾਤ ਵੀ ਇਸਦੀ ਪ੍ਰਮਾਣਿਕਤਾ ਤੇ ਉਂਗਲ ਉਠਾਉਂਦੀ ਹੈ ਅਤੇ ਇਸਦੇ ਮਨਘੜਤ ਹੋਣ ਦੀ ਗਵਾਹੀ ਭਰਦੀ ਹੈ। ਇੰਡੀਅਨ ਐਕਸਪ੍ਰੈਸਅਤੇ ਨਈ ਦੁਨੀਆਂਵਿੱਚ ਪੇਂਡੂ ਲੋਕਾਂ ਨਾਲ ਇੰਟਰਵਿਊ ਦੀਆਂ ਛਪੀਆਂ ਤਾਜ਼ਾ ਰਿਪੋਰਟਾਂ ਵੀ ਇਹਨਾਂ ਸ਼ਿਕਾਇਤਾਂ ਦੇ ਝੂਠੀਆਂ ਹੋਣ ਨੂੰ ਦਰਸਾਉਂਦੀਆਂ ਹਨ। ਇੰਡੀਅਨ ਐਕਸਪ੍ਰੈਸ’ (29 ਮਈ) ਦੇ ਰਿਪੋਰਟਰ ਨੇ ਨਾਮਾ ਪਿੰਡ ਦੇ ਲੋਕਾਂ ਨੂੰ ਸ਼ਿਕਾਇਤ ਦੀ ਕਾਪੀ ਦਿਖਾਈ ਤਾਂ ਉਹਨਾਂ ਨੇ ਸਾਫ਼ ਸਾਫ਼ ਕਿਹਾ ਕਿ ਇਹਨਾਂ ਨਾਵਾਂ ਦਾ ਪਿੰਡ ਚ ਕੋਈ ਵਿਅਕਤੀ ਨਹੀਂ ਹੈ, ਇਹ ਵਿਅਕਤੀ ਕਰਨਾਕੋਲੈਂਗ ਪਿੰਡ ਦੇ ਹਨ, ਜਿਹਨਾਂ ਨੂੰ ਪਲਸ ਨੇ ਆਤਮ-ਸਮਰਪਣ ਕਰਵਾ ਕੇ ਐਸ. ਪੀ. ਓ. ਭਰਤੀ ਕੀਤਾ ਹੋਇਆ ਹੈ ਅਤੇ ਉਹ ਪੁਲਸ ਦੇ ਕੰਟਰੋਲ ਚ ਹਨ। ਦੋਹਾਂ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਹ ਇਹਨਾਂ ਸ਼ਕਾਇਤਾਂ ਬਾਰੇ ਕੁੱਝ ਨਹੀਂ ਜਣਦੇ।
17 ਮਈ ਨੂੰ ਟੀਮ ਦੇ ਵਾਪਸ ਚਲੇ ਜਾਣ ਤੋਂ ਬਾਅਦ ਟੀਮ ਮੈਂਬਰਾਂ ਨੂੰ ਪੁਲਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਥਾਨਕ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਨਾਮਾ ਪਿੰਡ ਨਾਲ ਸੰਪਰਕ ਟੱਟਿਆ ਹੋਇਆ ਹੈ। ਟੀਮ ਵੱਲੋ ਰਾਇਪੁਰ ਤੋਂ ਕਿਰਾਏ ਤੇ ਲਈ ਟੈਕਸੀ ਦੇ ਡਰਾਈਵਰ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਉਸਨੂੰ ਜਗਦਲਪੁਰ ਥਾਣੇ ਬੁਲਾਇਆ ਗਿਆ। ਮੰਜੂ ਗਵਾਸੀ ਨਾਂਅ ਦੀ ਔਰਤ, ਜਿਹੜੀ ਸੀ. ਪੀ. ਆਈ. ਦੀ ਔਰਤ ਵਿੰਗ ਦੀ ਮੈਂਬਰ ਹੈ ਅਤੇ ਜਿਸਨੇ ਟੀਮ ਦਾ ਸਾਥ ਦਿੱਤਾ ਸੀ, ਅੱਧੀ ਰਾਤ ਗਏ ਸੁਕਮਾ ਦੀ ਪੁਲਸ ਉਸਦੇ ਘਰ ਪਹੁੰਚੀ ਅਤੇ ਉਸਨੂੰ ਪੱਛਗਿੱਛ ਲਈ ਜਗਦਲਪੁਰ ਥਾਣੇ ਜਾਣ ਲਈ ਕਿਹਾ। ਉਸਦੇ ਨਾਂਅ ਤੇ ਪੁਲਸ ਰਿਪੋਰਟ ਦਰਜ ਕਰਨ ਦੀ ਧਮਕੀ ਵੀ ਦਿੱਤੀ ਗਈ। ਮੰਗਲਾ ਨਾਂਅ ਦਾ ਇੱਕ ਕਾਰੀਗਰ ਜਿਸਨੇ ਟੀਮ ਦਾ ਸਾਥ ਦਿੱਤਾ, ਉਸਨੂੰ ਪੁੱਛਗਿੱਛ ਲਈ ਵਾਰ ਵਾਰ ਥਾਣੇ ਬੁਲਾਇਆ ਗਿਆ। 23 ਮਈ ਨੂੰ ਬੰਦੂਕ ਦੀ ਨੋਕ ਤੇ ਕੁਝ ਲੋਕਾਂ ਨੂੰ ਇਕੱਠੇ ਕਰਕੇ ਪੁਲਸ ਨੇ ਟੀਮ ਖਿਲਾਫ ਦਰਭਾ ਥਾਣੇ ਅੱਗੇ ਮੁਜਾਹਰਾ ਕਰਵਾਇਆ। ਤਾਜਾ ਰਿਪੋਰਟ ਅਨੁਸਾਰ ਬਸਤਰ ਦੇ ਐੱਸ. ਪੀ. ਨੇ ਜੇ. ਐਨ. ਯੂ. ਅਤੇ ਦਿੱਲੀ ਯੂਨੀਵਰਸਿਟੀ ਦੇ ਉਪ ਕਲਪਤੀਆਂ ਨੂੰ ਟੀਮ ਚ ਸ਼ਾਮਲ ਪ੍ਰੋਫੈਸਰਾਂ ਦੀ ਸ਼ਿਕਾਇਤ ਭੇਜ ਕੇ ਅਗਲੀ ਕਾਰਵਾਈ ਲਈ ਲਿਖਿਆ ਹੈ। ਸੂਬਾ ਸਰਕਾਰ, ਪੁਲਸ ਅਤੇ ਪ੍ਰਸਾਸ਼ਨ ਵੱਲੋਂ ਆਪਣੇ ਰੋਲ ਬਾਰੇ ਕਿਸੇ ਪੜਚੋਲੀਆ ਜਾਇਜ਼ੇ ਪ੍ਰਤੀ ਦੁਸ਼ਮਣੀ ਭਰਿਆ ਵਿਹਾਰ ਸਾਧਾਰਨ ਪੇਂਡੂ ਲੋਕਾਂ ਅੰਦਰ ਡਰ, ਭੈਅ ਅਤੇ ਦਹਿਸ਼ਤ ਭਰੇ ਮਾਹੌਲ ਨੂੰ ਵਧਾਉਣ ਦਾ ਕਾਰਣ ਬਣਦਾ ਹੈ।
ਪ੍ਰੋਫੈਸਰ ਨੰਦਿਨੀ ਸੁੰਦਰ ਜਿਹੜੀ ਸਰਕਾਰ ਦੀ ਸਰਪ੍ਰਸਤੀ ਹੇਠਲੀ ਸਲਵਾ ਜੁਡਮ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਚਲਦੇ ਇੱਕ ਕੇਸ ਵਿੱਚ ਪਟੀਸ਼ਨਰ ਹੈ, ਛੱਤੀਸਗੜ੍ਹ ਪੁਲੀਸ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਸਹਮਣਾ ਕਰ ਰਹੀ ਹੈ। ਉਸ ਉੱਪਰ ਰੋਕਾਂ ਮੜ੍ਹੀਆਂ ਜਾਂਦੀਆਂ ਹਨ, ਹਿਰਾਸਤ ਚ ਰੱਖਿਆ ਜਾਂਦਾ ਹੈ, ਸ਼ਿਕਾਰ ਪਿੱਛਾ ਕੀਤਾ ਜਾਂਦਾ ਹੈ, ਭੱਦਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ ਅਤੇ ਉਸਦੇ ਫੋਨ ਟੈਪ ਕੀਤੇ ਜਾਂਦੇ ਹਨ। ਅਜਿਹੇ ਦਸ਼ਮਣੀ ਭਰੇ ਵਿਹਾਰ ਤੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਵੀ ਕੋਈ ਅਸਰ ਨਹੀਂ ਹੋਇਆ।
ਇਸ ਟੀਮ ਨਾਲ ਜੋ ਵਾਪਰਿਆ ਇਹ ਨਿਰਾਲਾ ਨਹੀਂ ਹੈ। ਛੱਤੀਸਗੜ੍ਹ ਵਿੱਚ ਵਕੀਲਾਂ ਅਤੇ ਪਤਰਕਾਰਾਂ ਨੂੰ ਇਸ ਬਿਨਾ ਤੇ ਕਿ ਉਹ ਮਾਓਵਾਦੀਆਂ ਦੇ ਹਮਦਰਦ ਅਤੇ ਹਮਾਇਤੀ ਹਨ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 4 ਪੱਤਰਕਾਰ ਅਜਿਹੇ ਦੋਸ਼ਾਂ ਹੇਠ ਜੇਲ੍ਹ ਕੱਟ ਰਹੇ ਹਨ। ਇਹ ਦਿਨੋ ਦਿਨ ਵਧੇਰੇ ਸਪੱਸ਼ਟ ਹੋ ਰਿਹਾ ਹੈ ਕਿ ਬਸਤਰ ਵਿੱਚ ਆਦਿਵਾਸੀਆਂ ਦੀ ਹਾਲਤ ਬਹੁਤ ਭੈੜੀ ਹੈ ਅਤੇ ਸਰਕਾਰ ਤੇ ਮਾਓਵਾਦੀਆਂ ਵਿਚਲੀ ਲੜਾਈ ਉਹਨਾਂ ਦੀ ਰੋਜਮਰ੍ਹਾ ਦੀ ਜਿੰਦਗੀ ਚ ਉਖੇੜਾ ਲਿਆ ਰਹੀ ਹੈ। ਉਹਨਾਂ ਦੀ ਲਗਾਤਾਰ ਦੀ ਪ੍ਰੇਸ਼ਾਨੀ ਅਤੇ ਦਾਬਾ ਇੱਕ ਵਿਸ਼ੇਸ਼ ਸਰੋਕਾਰ ਦਾ ਮੁੱਦਾ ਬਣਦਾ ਹੈ ਪਰ ਜਿਸ ਕਿਸੇ ਨੇ ਵੀ ਇਸ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਸਰਕਾਰ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਹ ਗੱਲ ਵੱਧ ਤੋਂ ਵੱਧ ਸਪੱਸ਼ਟ ਹੋ ਰਹੀ ਹੈ ਕਿ ਛੱਤੀਸਗੜ੍ਹ ਇੱਕ ਅਸਹਿਣਸ਼ੀਲ ਪੁਲਸੀ ਰਾਜ ਹੇਠ ਆਇਆ ਹੋਇਆ ਹੈ ਅਤੇ ਪੜਤਾਲੀਆ ਟੀਮ ਤੇ ਮੌਜੂਦਾ ਹਮਲਿਆਂ ਦਾ ਅਰਥ ਇਹ ਹੈ ਕਿ ਕੋਈ ਆਜ਼ਾਦ ਤੇ ਨਿਰਪੱਖ ਪੜਤਾਲੀਆ ਟੀਮ ਇਲਾਕੇ ਚ ਦਾਖਲ ਨਹੀਂ ਹੋ ਸਕਦੀ ਅਤੇ ਸੂਬੇ ਦੇ ਅਦਿਵਾਸੀ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਆਵਾਜ਼ ਨਹੀਂ ਉਠਾ ਸਕਦੀ।
(ਪੀਪਲਜ਼ ਡੈਮੋਕਰੇਸੀ’ ’ਚੋਂ ਸੰਖੇਪ)

No comments:

Post a Comment