Saturday, July 2, 2016

16) ਰਮਸਾ/ਐੱਸ. ਐੱਸ. ਏ. ਔਰਤ ਅਧਿਆਪਕ ਸਰਗਰਮੀ:



ਮੁਲਾਜ਼ਮ ਲਹਿਰ ਚ ਅਤਿ ਲੋੜੀਂਦੇ ਵਰਤਾਰੇ ਦਾ ਸੁਲੱਖਣਾ ਸ਼ੁਰੂਆਤੀ ਝਲਕਾਰਾ

-      ਵਿਸ਼ੇਸ਼ ਰਿਪੋਰਟਰ

ਲੋਕ ਘੋਲਾਂ ਵਿਚ ਔਰਤਾਂ ਦੀ ਚੇਤੰਨ ਤੇ ਸਰਗਰਮ ਸ਼ਮੂਲੀਅਤ ਇੱਕ ਅਣਸਰਦੀ ਲੋੜ ਹੈ। ਅੱਜ ਲੋਕਾਂ ਦੇ ਸਾਰੇ ਹਿੱਸੇ ਨਵੀਂਆਂ ਆਰਥਿਕ ਨੀਤੀਆਂ ਦੀ ਮਾਰ ਹੇਠ ਹਨ ਤੇ ਅਨੇਕਾਂ ਤਬਕੇ ਹੱਕੀ ਸੰਗਰਾਮਾਂ ਦੇ ਅਖਾੜੇ ਵਿੱਚ ਉੱਤਰੇ ਹੋਏੇ ਹਨ। ਇੱਕ ਵਰਗ ਵਜੋਂ ਔਰਤਾਂ ਤੇ ਇਹਨਾਂ ਨੀਤੀਆਂ ਦੀ ਮਾਰ ਹੋਰ ਵੀ ਵਧੇਰੇ ਹੈ। ਪਰ ਇਸ ਦੇ ਬਾਵਜੂਦ ਸੰਘਰਸ਼ ਦੇ ਪਿੜਾਂ ਅੰਦਰ ਔਰਤਾਂ ਦੀ ਹਾਜ਼ਰੀ ਦੀ ਘਾਟ ਕਾਫੀ ਰੜਕਵੀਂ ਹੈ। ਇਹ ਪੱਖ ਉਲਟੇ ਰੂਪ ਵਿੱਚ ਸੰਘਰਸ਼ ਨੂੰ ਕਿੰਨਾ ਪ੍ਰਭਾਵਤ ਕਰਦੀ ਹੈ, ਇਹ ਸਮਝ ਸਕਣਾ ਅਤੇ ਇਸ ਦੇ ਹੱਲ ਲਈ ਅਸਰਦਾਰ ਕੋਸ਼ਿਸ਼ਾਂ ਕਰਨੀਆਂ, ਇਸ ਪੱਖ ਨਾਲ ਜੁੜੇ ਹੋਏ ਹਨ ਕਿ ਸਬੰਧਤ ਜਥੇਬੰਦੀ ਜਾਂ ਸੰਘਰਸ਼ਸ਼ੀਲ ਲੋਕ ਹਿੱਸਿਆਂ ਦੀ ਚੇਤਨਾ ਦਾ ਪੱਧਰ ਕੀ ਹੈ। ਪਿਛਲੇ ਅਰਸੇ ਤੋਂ ਇਸ ਚੇਤਨਾ ਦੇ ਕੁੱਝ ਇਜ਼ਹਾਰ ਵੱਖ ਵੱਖ ਥਾਈਂ ਪ੍ਰਗਟ ਹੋਏ ਹਨ। ਇਸ ਪੱਖੋਂ 22 ਮਈ 2016 ਨੂੰ ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਵੱਲੋਂ ਮੋਗਾ ਵਿਖੇ ਕੀਤੀ ਗਈ ਔਰਤ ਅਧਿਆਪਕਾਂ ਦੀ ਰੈਲੀ ਤੇ ਮੁਜ਼ਾਹਰਾ ਇੱਕ ਗਿਣਨਯੋਗ ਸਰਗਰਮੀ ਹੈ।
ਪੰਜਾਬ ਵਿੱਚ ਤਕਰੀਬਨ 12000 ਐਸ.ਐਸ.ਏ./ ਰਮਸਾ ਅਧਿਆਪਕ ਹਨ, ਜੋ ਸਿੱਖਿਆ ਵਿਭਾਗ ਵਿਚ ਸ਼ਾਮਲ ਹੋਣ ਅਤੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਹਨਾਂ ਦਾ ਲਗਭਗ 70 ਫੀਸਦੀ ਹਿੱਸਾ ਔਰਤਾਂ ਦਾ ਹੈ। ਯੂਨੀਅਨ ਨੇ ਇਹ ਸਮਝਦੇ ਹੋਏ ਕਿ ਇਸ ਹਿੱਸੇ ਨੂੰ ਸਰਗਰਮ ਕੀਤੇ ਬਿਨਾਂ ਸੰਘਰਸ਼ ਨੂੰ ਅੱਗੇ ਲਿਜਾਣਾ ਅਸੰਭਵ ਹੈ, ਇਸ ਨੂੰ ਕਿਰਿਆਸ਼ੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਨਿਰੋਲ ਅਧਿਆਪਕਾਵਾਂ ਤੇ ਕੇਂਦਰਤ ਸਰਗਰਮੀ ਦੀ ਯੋਜਨਾ ਉਲੀਕੀ। ਲਗਭਗ 16 ਜਿਲ੍ਹਿਆਂ ਵਿੱਚ ਮੋਗਾ ਰੈਲੀ ਦੀ ਤਿਆਰੀ ਲਈ ਟੀਮਾਂ ਸਰਗਰਮ ਹੋਈਆਂ ਜਿਨ੍ਹਾਂ ਵੱਲੋਂ ਘਰ ਘਰ ਜਾ ਕੇ ਰੋਸ ਮੁਜਾਹਰੇ ਚ ਸ਼ਮੂਲੀਅਤ ਦੇ ਸੁਨੇਹੇ ਲਾਏ ਗਏ। 800 ਦੇ ਕਰੀਬ ਇਕੱਠ ਵਾਲੀ ਰੈਲੀ ਵਿਚ 650 ਦੇ ਕਰੀਬ ਅਧਿਆਪਕਾਵਾਂ ਸਨ। ਯੂਨੀਅਨ ਦੀਆਂ ਮੰਗਾਂ ਉਭਾਰਦੇ ਮਾਟੋ ਇਕੱਠ ਦੇ ਪ੍ਰਭਾਵ ਵਿੱਚ ਵਾਧਾ ਕਰ ਰਹੇ ਸਨ। ਰੈਲੀਨੂੰ ਮੁੱਖ ਤੌਰ ਤੇ ਔਰਤ ਬੁਲਾਰਿਆਂ ਨੇ ਹੀ ਸੰਬੋਧਨ ਕੀਤਾ। ਬਾਅਦ ਵਿਚ ਮੋਗਾ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਕੱਢਿਆ ਗਿਆ। ਇਸ ਸਰਗਰਮੀ ਨੇ ਜਿੱਥੇ ਸਮੁੱਚੀ ਜਥੇਬੰਦੀ ਅੰਦਰ ਉਤਸ਼ਾਹ ਦਾ ਸੰਚਾਰ ਕੀਤਾ, ਨਵੇਂ ਹਿੱਸਿਆਂ ਤੱਕ ਸੰਘਰਸ਼ ਚੇਤਨਾ ਦਾ ਪਸਾਰਾ ਕੀਤਾ ਉਥੇ ਅਧਿਆਪਕਾਵਾਂ ਅੰਦਰੋਂ ਨਵੀਆਂ ਟੀਮਾਂ ਉੱਭਰੀਆਂ ਅਤੇ ਕਈ ਔਰਤ ਬੁਲਾਰੇ ਵਿਕਸਤ ਹੋਏ। ਇਸ ਪੱਖੋਂ ਇਸ ਸਰਗਰਮੀ ਦੇ ਜਥੇਬੰਦੀ ਅਤੇ ਸੰਘਰਸ਼ ਲਈ ਦੂਰ ਰਸ ਮਹੱਤਵ ਹਨ।
ਇਹ ਸਰਗਰਮੀ ਇਸ ਪੱਖੋਂ ਵੀ ਮਹੱਤਵਪੂਰਨ ਹੈ ਕਿ ਪੱਕੇ ਰੁਜ਼ਗਾਰ ਦਾ ਮਸਲਾ ਔਰਤਾਂ ਲਈ ਮਰਦਾਂ ਨਾਲੋਂ ਵੀ ਵਧੇਰੇ ਮਹੱਤਵ ਰੱਖਦਾ ਹੈ। ਸਾਡੇ ਸਮਾਜ ਅੰਦਰ ਕਿਸੇ ਵਿਅਕਤੀ ਦਾ ਰੁਤਬਾ ਉਸ ਦੀ ਆਰਥਕ ਹੈਸੀਅਤ ਨਾਲ ਜੁੜਿਆ ਹੋਇਆ ਹੈ। ਜਿਸ ਸਮਾਜ ਅੰਦਰ ਪਹਿਲਾਂ ਹੀ ਔਰਤਾਂ ਦਾ ਸਮਾਜਕ ਦਰਜਾ ਮਰਦਾਂ ਤੋਂ ਨੀਵਾਂ ਹੈ ਉਥੇ ਆਰਥਕ ਪੱਖੋਂ ਮਰਦ ਤੇ ਮੁਥਾਜਗੀ ਉਸ ਦੀ ਸਮਾਜਕ ਹੈਸੀਅਤ ਨੂੰ ਹੋਰ ਵੀ ਨਿਤਾਣਾ ਬਣਾਦਿੰਦੀ ਹੈ। ਸਾਡੇ ਸਮਾਜ ਅੰਦਰ ਜਦ ਅਨੇਕਾਂ ਰੁਜ਼ਗਾਰ ਜਾਂ ਖੇਤਰ ਸਿਰਫ ਮਰਦਾਂ ਲਈ ਹੀ ਰਾਖਵੇਂ ਸਮਝੇ ਜਾਂਦੇ ਹਨ, ਉਦੋਂ ਸੀਮਤ ਰੁਜ਼ਗਾਰ ਦੇ ਮੌਕਿਆਂ ਤੇ ਵੀ ਅਨਿਸ਼ਚਿਤਤਾ ਦੀ ਤਲਵਾਰ ਲਟਕਣੀ ਤੇ ਇਹਨਾਂ ਮੌਕਿਆਂ ਤੇ ਕੱਟ ਲੱਗਣੇ ਔਰਤਾਂ ਲਈ ਸਮਾਜਕ ਦਾਬੇ ਤੇ ਜਲਾਲਤ ਦੀ ਹਾਲਤ ਚ ਵਾਧਾ ਕਰਨ ਦਾ ਸੰਦ ਬਣਦੇ ਹਨ। ਏਸੇ ਕਰਕੇ ਹੀ ਰੁਜਗਾਰ ਦੀ ਲੜਾਈ ਔਰਤਾਂ ਲਈ ਨਿਰੋਲ ਆਰਥਕ ਲੜਾਈ ਨਹੀਂ, ਸਗੋਂ ਸਮਾਜਕ ਰੁਤਬੇ ਦੀ ਲੜਾਈ ਵੀ ਹੈ।
ਦੂਜੇ ਪਾਸੇ ਨਵੀਆਂ ਆਰਥਕ ਨੀਤੀਆਂ ਨਾਲਟੱਕਰ ਲੈ ਰਹੇ ਲੋਕ ਹਿੱਸਿਆਂ ਲਈ ਔਰਤਾਂ ਦੀ ਸ਼ਮੂਲੀਅਤ ਦਾ ਲੜ ਨਿਰਣਾਕਾਰੀ ਹੈ। ਨਾ ਸਿਰਫ ਗਿਣਤੀ ਪੱਖੋਂ ਲੜ ਰਹੀ ਤਾਕਤ ਦਾ ਅੱਧ ਜਾਮ ਰੱਖ ਕੇ ਲੜਾਈ ਨਹੀਂ ਜਿੱਤੀ ਜਾ ਸਕਦੀ, ਸਗੋਂ ਚੇਤਨਾ ਪੱਖੋਂ, ਅਗਵਾਈ ਪੱਖੋਂ, ਸਮੂਹਕ ਸਿਆਣਪ ਸਾਕਾਰ ਕਰਨ ਪੱਖੋਂ ਵੀ ਇੱਕ ਬਰਾਬਰ ਦੇ ਹਿੱਸੇ ਦੇ ਯੋਗਦਾਨ ਤੋਂ ਵਾਂਝੇ ਹੋ ਕੇ ਅੱਗੇ ਨਹੀਂ ਵਧਿਆ ਜਾ ਸਕਦਾ। ਏਸੇ ਕਰਕੇ ਸੰਘਰਸ਼ਾਂ ਅੰਦਰ ਔਰਤਾਂ ਦੀ ਸਿਰਫ ਗਿਣਤੀ ਪੱਖੋਂ ਹੀ ਸ਼ਮੂਲੀਅਤ ਨਹੀਂ ਸਗੋਂ ਸਜਿੰਦ ਤੇ ਸਰਗਰਮ ਸ਼ਮੂਲੀਅਤ ਦੀ ਮਹੱਤਤਾ ਹੈ। ਇਸ ਸ਼ਮੂਲੀਅਤ ਨੂੰ ਸਾਕਾਰ ਕਰਨਾ ਸਾਰੇ ਉਹਨਾਂ ਹਿੱਸਿਆਂ ਦੀ ਜੁੰਮੇਵਾਰੀ ਹੈ, ਜਿਹੜੇ ਲੋਕ ਮਾਰੂ ਨੀਤੀਆਂ ਖਿਲਾਫ ਲੜਾਈ ਨੂੰ ਸੁਹਿਰਦਤਾ ਨਾਲ ਅੱਗੇ ਲਿਜਾਣਾ ਚਾਹੁੰਦੇ ਹਨ।
ਜਿਵੇਂ ਆਬਾਦੀ ਦੇ ਅੱਧ ਤੱਕ ਸੰਘਰਸ਼-ਚੇਤਨਾ ਦਾ ਪਸਾਰਾ ਕਰਨਾ ਸਮੂਹ ਲੋਕਾਂ ਦੀ ਲੋੜ ਹੈ, ਉਵੇਂ ਇਸ ਅੱਧ ਨੂੰ ਸਮਾਜੀ ਸਿਆਸੀ ਚੇਤਨਾ ਤੋਂਕੋਰੇ ਰੱਖਣਾ ਤੇ ਜਾਮ ਕਰਨਾ ਹਾਕਮ ਜਮਾਤਾਂ ਦੀ ਲੋੜ ਹੈ। ਇਸ ਅੱਧ ਨੂੰ ਜਾਮ ਕਰਦੀਆਂ ਅਨੇਕਾਂ ਰੋਕਾਂ ਇਸ ਦੇ ਆਲੇ ਦੁਆਲੇ ਖੜ੍ਹੀਆਂ ਕੀਤੀਆਂ ਤੇ ਸਲਾਮਤ ਰੱਖੀਆਂ ਜਾ ਰਹੀਆਂ ਹਨ। ਇਹ ਰੋਕਾਂ ਜਗੀਰੂ ਕਦਰਾਂ ਕੀਮਤਾਂ ਦੇ ਰੂਪ ਚ ਵੀ ਹਨ, ਜਿਨ੍ਹਾ ਅੰਦਰ ਔਰਤ ਦਾ ਰੁਤਬਾ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨਦਾ ਹੈ। ਜਿਸ ਦਾ ਸੰਸਾਰ ਸਿਰਫ ਘਰ ਹੀ ਹੋਣਾ ਚਾਹੀਦਾ ਹੈ। ਇਹ ਰੋਕਾਂ ਘਰੇਲੂ ਕੰਮਾਂ ਦੇ ਵੱਡੇ ਜੂਲੇ ਦੇ ਰੂਪ ਵਿਚ ਵੀ ਹਨ ਜੋ ਔਰਤਾਂ ਦੇ ਬਾਹਰੀ ਸਮਾਜ ਚ ਵਿਚਰਨ ਤੇ ਸਿੱਖਣ ਦੇ ਮੌਕਿਆਂ ਨੂੰ ਖੋਂਹਦਾ ਹੈ, ਇਹ ਰੋਕਾਂ ਸਾਮਰਾਜੀ ਖਪਤਵਾਦੀ ਕਦਰਾਂ ਕੀਮਤਾਂ ਦੇ ਰੂਪ ਵਿਚ ਵੀ ਹਨ, ਜੋ ਔਰਤਾਂ ਨੂੰ ਹੋਰਨਾਂ ਸਭਨਾਂ ਮਸਲਿਆਂ ਤੋਂ ਨਿਰਲੇਪ ਹੋ ਕੇ ਸਿਰਫ ਆਪਣੀ ਬਾਹਰੀ ਦਿੱਖ ਤੇ ਕੇਂਦਰਤ ਕਰਨ ਲਈ ਉਤਸ਼ਾਹਤ ਕਰਦੀਆਂ ਹਨ, ਤਾਂ ਜੋਂ ਇਸ ਸਮਾਜ ਅੰਦਰ ਇੱਕ ਸੋਹਣੀ ਵਸਤ ਵਜੋਂਉਹਨਾਂ ਦੀ ਕੀਮਤ ਪੈ ਸਕੇ, ਇਹ ਰੋਕਾਂ ਸਾਡੇ ਸਮਾਜ ਅੰਦਰ ਉਤਸ਼ਾਹਤ ਕੀਤੇ ਗਏ ਅਸ਼ਲੀਲ ਤੇ ਨਿੱਘਰੇ ਸਭਿਆਚਾਰਕ ਮਾਹੌਲ ਦੇ ਰੂਪ ਚ ਵੀ ਹਨ ਜੋ ਕੁੜੀਆਂ ਲਈ ਅਸੁਰੱਖਿਅਤ ਮਾਹੌਲ ਸਿਰਜਦਾ ਹੈ ਤੇ ਔਰਤਾਂ ਲਈ ਕਈ ਤਰ੍ਹਾਂ ਦੇ ਮਾਨਸਿਕ ਸਰੀਰਕ ਕਸ਼ਟਾਂ ਦਾ ਜ਼ਰੀਆ ਬਣਦਾ ਹੈ।
ਸੋ ਔਰਤਾਂ ਨੂੰ ਲੋਕ ਸੰਘਰਸ਼ਾਂ ਚ ਲਿਆਉਣ ਦਾ ਅਰਥ ਇਹਨਾਂ ਰੋਕਾਂ ਨੂੰ ਭੰਨੇ ਜਾਣ ਨਾਲ ਹੈ ਤੇ ਇਹ ਸਿਰਫ ਔਰਤਾਂ ਦਾ ਹੀ ਨਹੀਂ ਸਮੂਹ ਲੋਕ ਹਿੱਸਿਆਂ ਦਾ ਮਹੱਤਵਪੂਰਨ ਮਸਲਾ ਬਣਦਾ ਹੈ।
ਇਸ ਪੱਖੋਂ 22 ਮਈ ਦੀ ਸਰਗਰਮੀ ਅੰਦਰ ਅਧਿਆਪਕਾਵਾਂ ਦੀ ਆਗੂ ਅਤੇ ਲੜਾਕੂ ਯੋਗਤਾ ਨੂੰ ਸਾਕਾਰ ਕਰਨ ਦੇ ਯਤਨ ਉਤਸ਼ਾਹ ਵਧਾਊ ਹਨ ਅਤੇ ਅੱਗੇ ਲਈ ਜਾਰੀ ਰੱਖੇ ਜਾਣੇ ਚਾਹੀਦੇ ਹਨ।

No comments:

Post a Comment