Monday, October 6, 2014

ਜਿੱਥੇ ਹਰ ਘਰ 'ਚ ਸ਼ਹੀਦ ਹਨ
''ਜਿਉਂ ਹੀ ਕਰਫਿਊ ਖਤਮ ਹੋਇਆ ਅਸੀਂ ਫਰਾਂਸ, ਬੈਲਜੀਅਮ, ਜਪਾਨ ਅਤੇ ਅਮਰੀਕਾ ਆਦਿ ਥਾਵਾਂ ਤੋਂ ਆਏ ਡੈਲੀਗੇਟ ਹੋਰ ਥਾਵਾਂ ਵੱਲ ਚਲੇ ਗਏ। ਫੱਟੜਾਂ, ਮਰੀਜ਼ਾਂ, ਭੁੱਖਣ-ਭਾਣਿਆਂ, ਦਵਾਈ ਅਤੇ ਪਾਣੀ ਦੀ ਬੂੰਦ ਨੂੰ ਤਰਸਦੇ ਆਮ ਲੋਕਾਂ, ਖਾਸ ਕਰਕੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਦੀ ਹਾਲਤ ਤੁਹਾਨੂੰ ਝੰਜੋੜਕੇ ਰੱਖ ਦਿੰਦੀ ਹੈ। ਕੋਈ ਇੱਕ ਵੀ ਅਜਿਹਾ ਘਰ ਨਹੀਂ, ਜਿਸ ਘਰ ਦਾ ਘੱਟੋ ਘੱਟ ਇੱਕ ਜੀਅ ਫਲਸਤੀਨ ਦੇ ਹੱਕੀ ਘੋਲ ਵਿਚ ਸ਼ਹੀਦੀ ਜਾਮ ਨਾ ਪੀ ਗਿਆ ਹੋਵੇ। ਘਰ ਘਰ ਸ਼ਹੀਦਾਂ ਦੀਆਂ ਫੋਟੋਆਂ, ਲਹੂ ਰੰਗੇ ਕੱਪੜੇ, ਯਾਦਾਂ, ਨਿਸ਼ਾਨੀਆਂ, ਪਿੱਛੇ ਰਹਿ ਗਏ ਲੋਕਾਂ ਵੱਲੋਂ ਸੰਭਾਲੀਆਂ ਸਿਸਕੀਆਂ ਅਤੇ ਹੰਝੂਆਂ ਦੀਆਂ ਝੜੀਆਂ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਅਜਿਹੇ ਦਹਿਸ਼ਤਜ਼ਦਾ ਮਾਹੌਲ ਵਿਚ ਜ਼ਿੰਦਗੀ ਸੰਗਰਾਮ ਕਰਦੀ ਹੈ। ਹਰ ਤਣਿਆ ਮੁੱਕਾ ਹੱਥ ਵਿਚ ਚੁੱਕਿਆ ਇੱਟ-ਵੱਟਾ ਸੰਘਰਸ਼ ਦੇ ਮੈਦਾਨ ਵਿਚ ਜੂਝਦੀ ਜ਼ਿੰਦਗੀ ਦਾ ਪ੍ਰਤੀਕ ਹੈ। ਦੋ ਵਾਰ ਸਾਡੇ ਵੱਲੋਂ ਵੀ ਚੈਕ ਪੋਸਟਾਂ 'ਤੇ ਵਿਖਾਵਾ ਕੀਤਾ ਗਿਆ। ਸਾਨੂੰ ਬੰਦੂਕਾਂ ਦੀ ਨੋਕ 'ਤੇ ਰੋਕਿਆ ਗਿਆ। ਸ਼ਨਾਖਤੀ ਕਾਰਡ ਹੋਣ ਦੇ ਬਾਵਜੂਦ ਵੀ ਫਲਸਤੀਨੀਆਂ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਧੁੱਪ ਵਿਚ ਬਿਠਾਏ ਹੋਏ ਦੇਖਿਆ।''
''ਸਮੂਹ ਫਲਸਤੀਨੀ ਉਹ ਭਾਵੇਂ ਕਿਸੇ ਵੀ ਧਰਮ, ਵਰਗ ਦੇ ਕਿਉਂ ਨਾ ਹੋਣ, ਉਹ ਇਜ਼ਰਾਈਲੀ ਦਾਬੇ ਅਤੇ ਧੱਕੇ ਦਾ ਇੱਟਾਂ-ਰੋੜਿਆਂ ਨਾਲ ਹੀ ਟਾਕਰਾ ਕਰਦੇ ਹਨ। ਇੱਕ ਪਿੱਡ ਵਿਚ ਇੱਕ ਪਾਦਰੀ ਤੋਂ ਮੈਂ ਇਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਉਸਨੇ ਦੱਸਿਆ ਕਿ ਕ੍ਰਿਸੀਚੀਅਨ, ਮੁਸਲਮਾਨ ਸਭ ਰਲ ਕੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹਨ।''
''ਫਲਸਤੀਨ ਦੀ ਨਿੱਕੜੀ ਜਿਹੀ ਧਰਤੀ ਦੀ ਟੁਕੜੀ ਜੋ ਹਵਾਈ ਹਮਲਿਆਂ, ਮਿਜ਼ਾਈਲਾਂ, ਟੈਂਕਾਂ, ਬਾਰੂਦੀ ਅਤੇ ਮੌਤ ਦੀ ਵਰਖਾ ਦੇ ਸਾਏ ਹੇਠ ਹੈ, ਇਸ ਮਾਤ-ਭੂਮੀ ਦੀ ਆਬਰੂ ਲਈ ਅਮਰੀਕਾ, ਕੈਨੇਡਾ ਆਦਿ ਤੋਂ ਕੰਮ ਕਰਦੇ ਲੋਕ ਨੌਕਰੀਆਂ ਛੱਡ ਕੇ ਸੰਘਰਸ਼ ਦੇ ਮੈਦਾਨ ਵਿਚ ਨਿਤਰਨ ਲਈ ਆ ਰਹੇ ਹਨ। ਸੈਕੂਲਰਿਜ਼ਮ ਦੀ ਤਾਂ ਸਿਖਰ ਹੈ। ਕੱਟੜਤਾ, ਧਾਰਮਿਕ ਜਾਤੀ ਮੁਲਵਾਦ ਆਦਿ ਦਾ ਕੋਈ ਮਾਮਲਾ ਨਹੀਂ। ਉਹ ਰੂੜ੍ਹੀਵਾਦੀ ਮਿੱਥਾਂ, ਬੰਦਸ਼ਾਂ ਆਦਿ ਸਭ ਤੋਂ ਉਪਰ ਉੱਠ ਕੇ ਸੰਘਰਸ਼ ਕਰ ਰਹੇ ਹਨ। ਉਹ ਸਾਨੂੰ ਹਿੰਦੀ ਕਹਿ ਕੇ ਬੁਲਾਉਂਦੇ ਅਤੇ ਉਹਨਾਂ ਨੂੰ ਅਸੀਂ ਦੱਸਿਆ ਕਿ ਅਸੀਂ ਇੰਡੀਅਨ ਅਤੇ ਪੰਜਾਬ ਦੇ ਰਹਿਣ ਵਾਲੇ ਹਾਂ ਤਾਂ ਫਲਸਤੀਨੀ ਮਨ ਹੀ ਮਨ ਬਹੁਤ ਖੁਸ਼ ਹੁੰਦੇ। ਇਹਨਾਂ ਲੋਕਾਂ ਵਿਚ ਵੱਡੀ ਪੱਧਰ 'ਤੇ ਚੀ ਗੁਵੇਰਾ ਦੀਆਂ ਟੀ-ਸ਼ਰਟਾਂ, ਮਾਟੋ ਦੇਖੇ ਗਏ। ਬਹੁਤ ਹੀ ਲੰਮੇ ਅਰਸੇ ਤੋਂ ਸਿਦਕਦਿਲੀ ਨਾਲ ਜੂਝਦੇ ਫਲਸਤੀਨੀ ਲੋਕਾਂ ਨੂੰ ਸਿਰ ਝੁਕਾ ਕੇ ਸਲਾਮ!''

(ਅਵਤਾਰ  ਤਾਰੀ, ਯੂ.ਕੇ. ਵੱਲੋਂ ਸੁਰਖ਼ ਰੇਖਾ ਨੂੰ ਲਿਖੇ ਖ਼ਤ ਵਿਚੋਂ)
-੦-

No comments:

Post a Comment