Thursday, October 2, 2014

ਪਿੰਡ ਸਿਹੌੜਾ (ਲੁਧਿਆਣਾ) ਦੇ ਨੌਜਵਾਨਾਂ  ਦਾ ਮਿਸਾਲੀ ਉਦੱਮ


ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਸਿਹੌੜਾ ਪਿੰਡ ਜ਼ਿਲ੍ਹਾ (ਲੁਧਿਆਣਾ) ਵਿੱਚ ਹੈਜ਼ੇ ਦੀ ਬਿਮਾਰੀ ਫੈਲ ਗਈ। ਬਿਮਾਰੀ ਫੈਲਣ ਦਾ ਕਾਰਨ ਵਾਟਰ ਵਰਕਸ ਤੋਂ ਆਉਂਦੇ ਪਾਣੀ ਦੀਆਂ ਪਾਈਪਾਂ ਵਿੱਚ ਘਰਾਂ ਦੀ ਨਿਕਾਸੀ ਦੇ ਪਾਣੀ ਦਾ ਰਲ਼ ਜਾਣਾ ਸੀ। ਹੈਜ਼ਾ ਏਨੀ ਤੇਜ਼ੀ ਨਾਲ ਫੈਲਿਆ ਕਿ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪਿੰਡ ਵਿੱਚ ਲੱਗਭੱਗ 500 ਵਿਅਕਤੀ ਬਿਮਾਰੀ ਦੀ ਲਪੇਟ ਵਿੱਚ ਆਏ ਹੋਏ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹਮੇਸ਼ਾਂ ਦੀ ਤਰ੍ਹਾਂ ਨੌਜਵਾਨਾਂ ਦੀ ਸੂਚਨਾਵਾਂ ਅਤੇ ਬੇਨਤੀਆਂ ਨੂੰ ਅਣਗੌਲ਼ਿਆ ਕੀਤਾ ਅਤੇ ਏਨੀ ਗਿਣਤੀ ਮਰੀਜ਼ਾਂ ਦੀ ਇਲਾਜ ਲਈ ਕੋਈ ਯਤਨ ਨਾ ਕੀਤਾ। ਨੌਜਵਾਨਾਂ ਨੇ ਆਪ ਹੀ ਪ੍ਰਾਈਵੇਟ ਡਾਕਟਰਾਂ ਦਾ ਇੰਤਜ਼ਾਮ ਵੀ ਕੀਤਾ, ਦਵਾਈਆਂ ਮੁਹੱਈਆ ਕਰਵਾਉਣ ਦੇ ਯਤਨ ਵੀ ਕੀਤੇ। ਪਰ ਏਡੀ ਭਾਰੀ ਗਿਣਤੀ ਮਰੀਜ਼ਾਂ, ਜਿਹਨਾਂ ਵਿੱਚ ਤੇਜ਼ੀ ਨਾਲ ਪਰਿਵਾਰਾਂ ਦੇ ਪਰਿਵਾਰ ਸ਼ਾਮਲ ਹੋ ਰਹੇ ਸਨ, ਦੀ ਸਾਂਭ-ਸੰਭਾਲ ਅਤੇ ਢੁਕਵੇਂ ਇਲਾਜ ਲਈ ਨੌਜਵਾਨਾਂ ਕੋਲ ਸਾਧਨਾਂ ਦੀ ਭਾਰੀ ਕਮੀ ਸੀ, ਪਿੰਡ ਵਿੱਚ ਸਹਿਮ ਦਾ ਮਾਹੌਲ ਸੀ।
ਪੀੜਤ ਲੋਕ ਜ਼ਿਆਦਾਤਰ ਮਜ਼ਦੂਰ ਬਸਤੀ 'ਚੋਂ ਸਨ। ਨੌਜਵਾਨਾਂ ਨੇ ਬਸਤੀ ਦੀ ਧਰਮਸ਼ਾਲਾ ਨੂੰ ਸਾਫ ਸਫਾਈ ਕਰਕੇ, ਕੂਲਰਾਂ, ਪੱਖਿਆ ਦਾ ਇੰਤਾਜ਼ਮ ਕਰਕੇ, ਧਰਮਸ਼ਾਲਾ ਨੂੰ ਇੱਕ ਆਰਜੀ ਹਸਪਤਾਲ ਵਿੱਚ ਬਦਲ ਦਿੱਤਾ। ਅਖਬਾਰਾਂ ਵਿੱਚ ਜ਼ੋਰਦਾਰ ਚਰਚਾ ਹੋਣ ਕਰਕੇ ਪਿੰਡ ਦੇ ਦੌਰੇ ਤੇ ਆਏ ਡੀ.ਸੀ. ਸਾਹਮਣੇ ਨੌਜਵਾਨਾਂ ਨੇ ਬਿਮਾਰੀ 'ਤੇ ਕਾਬੂ ਪਾਉਣ, ਪਾਣੀ ਸਪਲਾਈ ਤੇ ਸਾਫ਼-ਸਫ਼ਾਈ ਸਬੰਧੀ ਠੋਸ ਮੰਗਾਂ ਰੱਖੀਆਂ ਸਨ, ਪਰ ਕੋਈ ਬਹੁਤਾ ਅਸਰ ਨਾ ਪਿਆ। ਆਪਣੇ ਜਮਾਤੀ ਕਿਰਦਾਰ ਤੇ ਢਲਾਈ ਅਨੁਸਾਰ ਸਿੱਖਿਅਤ ਹੋਏ ਅਧਿਕਾਰੀਆਂ ਨੂੰ ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕ ਕੀੜਿਆਂ-ਮਕੌੜਿਆਂ ਬਰਾਬਰ ਹੀ ਲੱਗਦੇ ਹਨ ਤੇ ਉਹ ਸਿਰਫ ਆਪਣੀ ਰਸਮੀ ਕਾਰਵਾਈ ਪਾਉਣ ਤੱਕ ਹੀ ਸੀਮਤ ਰਹਿ ਰਹੇ ਸਨ। ਉਧਰ ਕਈ ਜਾਨਾਂ ਜਾਣ ਦਾ ਖਤਰਾ ਮੰਡਰਾ ਰਿਹਾ ਸੀ। ਸਿਹਤ ਅਧਿਕਾਰੀ ਜਾਂ ਤਾਂ ਓ.ਆਰ.ਐਸ. ਦਾ ਘੋਲ ਦੇਣ ਤੱਕ ਸੀਮਤ ਰਹਿ ਰਹੇ ਸਨ। ਨੇੜਲੇ ਕਸਬਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਸਾਂਭਣ ਦੇ ਇੰਤਜਾਮ ਨਹੀਂ ਸਨ। ਨੌਜਵਾਨ ਭਾਰਤ ਸਭਾਨੇ ਧਰਮਸ਼ਾਲਾਵਿੱਚ ਹੀ  ਦਾ ਮਰੀਜਾਂ ਦਾ ਇਲਾਜ ਕਾਰਨ ਤੇ ਸਿਰਫ ਗੰਭੀਰ ਮਰੀਜ਼ਾਂ ਨੂੰ ਹੀ ਰੈਫਰ ਕਰਨ ਤੇ ਦਵਾਈਆਂ ਦੀ ਮੰਗ ਕੀਤੀ।
ਕਾਫੀ ਬਹਿਸ ਭੇੜ ਤੇ ਜ਼ੋਰ ਅਜਮਾਈ ਤੋਂ ਬਾਅਦ ਹੀ ਇਹ ਇੰਤਜ਼ਾਮ ਪ੍ਰਵਾਨ ਕੀਤੇ ਗਏ ਤੇ ਡਾਕਟਰਾਂ ਦੀ ਇੱਕ ਟੀਮ ਸਮੇਤ ਨਰਸਾਂ ਭੇਜੀ ਗਈ। ਇਉਂ ਫਿਰ ਲੱਗਭੱਗ ਹਫਤਾ ਭਰ ਕੈਂਪ ਚੱਲਿਆ, ਜਿਥੇ 50-60 ਨੌਜਵਾਨਾਂ ਨੇ ਦਿਨ-ਰਾਤ ਇੱਕ ਕਰਕੇ ਮਰੀਜ਼ਾਂ ਦੀ ਸਾਂਭ ਸੰਭਾਲ ਕੀਤੀ। ਡਾਕਟਰਾਂ ਤੇ ਬਾਕੀ ਸਟਾਫ ਦੀ ਮੱਦਦ ਕੀਤੀ, ਉਹਨਾਂ ਲਈ ਲੰਗਰ ਆਪ ਤਿਆਰ ਕੀਤਾ। ਡਾਕਟਰ ਅਤੇ ਬਾਕੀ ਸਟਾਫ ਨੌਜਵਾਨਾਂ ਦੀ ਸੇਵਾ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਆਪਣੇ ਵੱਲੋਂ ਨੌਜਵਾਨਾਂ ਦੇ ਯਤਨਾਂ ਵਿੱਚ ਆਰਥਿਕ ਹਿੱਸਾਪਾਈ ਵੀ ਕੀਤੀ। ਐਸ.ਐਮ.ਓ. ਨੇ ਵੀ ਪ੍ਰਵਾਨ ਕੀਤਾ ਕਿ ਨੌਜਵਾਨਾਂ ਵੱਲੋਂ ਇਲਾਜ ਲਈ ਜ਼ੋਰਦਾਰ ਦਬਾਅ ਦਾ ਹੀ ਸਿੱਟਾ ਸੀ ਕਿ ਦਰਜ਼ਨਾਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਿਆ। ਅਕਾਲੀ ਵਿਧਾਇਕ ਤੇ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਜਦੋਂ ਪਿੰਡ ਦਾ ਦੌਰਾ ਕੀਤਾ ਤਾਂ ਨੌਜਵਾਨਾਂ ਨੇ ਉਹਦੇ ਹਲਕੇ ਦੇ 'ਵਿਕਾਸ' ਦੇ ਦਰਸ਼ਨ ਕਰਵਾਉਂਦਿਆਂ ਖਰੀਆਂ ਖਰੀਆਂ ਸੁਣਾਈਆਂ ਤੇ ਉਹ ਸੁਣ ਕੇ ਤੁਰ ਗਿਆ। ਨੌਜਵਾਨਾਂ ਦੇ ਉੱਦਮ ਦੀ ਪ੍ਰਸੰਸਾ ਜਾਂ ਇਹਦੀ ਕੋਈ ਆਰਥਿਕ ਸਹਾਇਤਾ ਜਾਂ ਕੋਈ ਸਹਿਯੋਗ ਦਾ ਭਰੋਸਾ ਵੀ ਉਹਤੋਂ ਨਾ ਸਰਿਆ।
ਇਲਾਕੇ ਭਰ ਦੇ ਲੋਕਾਂ ਤੋਂ ਲੈ ਕੇ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਤੱਕ ਸਿਹੌੜੇ ਪਿੰਡ ਦੇ ਨੌਜਵਾਨਾਂ ਦੇ ਇਸ ਹੰਭਲੇ ਦੀ ਭਰੂਪਰ ਚਰਚਾ ਹੋਈ। ਇਸ ਸਾਰੇ ਉੱਦਮ ਦੌਰਾਨ ਨਾ ਕੋਈ ਧਾਰਮਿਕ ਸੰਸਥਾ ਤੇ ਨਾ ਹੀ ਕੋਈ ਸਿਆਸੀ ਪਾਰਟੀ ਕਿਸੇ ਆਰਥਿਕ ਮੱਦਦ ਲਈ ਬਹੁੜੀ, ਆਮ ਲੋਕਾਂ ਨੇ ਆਪਣੇ ਆਪ ਨੌਜਵਾਨਾਂ ਨੂੰ ਫੰਡ ਦਿੱਤਾ ਅਤੇ ਸਾਰੇ ਖਰਚੇ ਨੌਜਵਾਨ ਉਸੇ ਫੰਡ 'ਚੋਂ ਕਰ ਸਕੇ।
ਉਪਰੋਕਤ ਘਟਨਾ ਕ੍ਰਮ ਜਿੱਥੇ ਇੱਕ ਪਾਸੇ ਸਰਕਾਰੀ ਸਿਹਤ ਸਹੂਲਤਾਂ ਅਤੇ ਬਿਪਤਾ ਮੌਕੇ ਵੀ ਸਿਹਤ ਅਧਿਕਾਰੀਆਂ ਦੇ ਰਵੱਈਏ ਨੂੰ ਉਜਾਗਰ ਕਰਦਾ ਹੈ, ਉੱਥੇ ਨੌਜਵਾਨਾਂ ਵਿੱਚ ਮੌਜੂਦ ਲੋਕ-ਪੱਖੀ ਸਿਹਤਮੰਦ ਕਦਰਾਂ-ਕੀਮਤਾਂ ਨੂੰ ਉਭਾਰ ਕੇ ਸਾਹਮਣੇ ਲਿਆਉਂਦਾ ਹੈ। ਵਿਹਲੜ, ਨਿਕੰਮੇ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣ ਝੱਲਦੇ ਨੌਜਵਾਨਾਂ ਵਿੱਚ ਸਮਾਜ ਲਈ, ਲੋਕਾਂ ਲਈ ਕਰ ਗੁਜ਼ਰਨ ਦੀ ਅਥਾਹ ਸਮਰੱਥਾ ਤੇ ਸੰਭਾਵਨਾ ਮੌਜੂਦ ਹੈ। ਯਤਨਾਂ ਤੇ ਢੁਕਵੇਂ ਮਾਹੌਲ ਦੀ ਸ਼ਰਤ ਪੂਰਤੀ ਨਾਲ ਹੀ ਇਹ ਸੰਭਾਵਨਾਵਾਂ ਹਕੀਕਤ ਵਿੱਚ ਬਦਲ ਜਾਂਦੀਆਂ ਹਨ ਅਤੇ ਕਿਆਸੋਂ ਬਾਹਰੇ ਕਾਰਨਾਮੇ ਸਿਰੇ ਲੱਗਦੇ ਹਨ। ਸਾਲਾਂ ਬੱਧੀ ਇਨਕਲਾਬੀ ਵਿਚਾਰਾਂ ਦਾ ਪਸਾਰ ਤੇ ਲੋਕ ਸੇਵਾ ਦੇ ਜਜ਼ਬੇ ਦੇ ਹੋਏ ਸੰਚਾਰ ਦਾ ਸਿੱਟਾ ਹੈ ਕਿ ਉਹ ਬੇਹੱਦ ਨਿਹਚਾ ਨਾਲ ਲੋਕਾਂ ਦੇ ਕੰਮ ਆ ਸਕੇ, ਹਾਲਾਂਕਿ ਇਸ ਦੌਰਾਨ ਕਈ ਆਪ ਬਿਮਾਰ ਹੋਏ ਹਨ। ਸੂਟਡ-ਬੂਟਡ ਨੌਜਵਾਨਾਂ ਨੇ ਟੱਟੀਆਂ-ਉਲਟੀਆਂ ਨਾਲ ਲਿੱਬੜੇ ਬਜ਼ੁਰਗਾਂ  ਨੂੰ ਸੰਭਾਲਣ 'ਚ ਰੱਤੀ ਭਰ ਝਿਜਕ ਨਹੀਂ ਦਿਖਾਈ। ਆਪੋ ਆਪਣੇ ਪ੍ਰਾਈਵੇਟ ਕੰਮਾਂ ਤੋਂ ਲੱਗਭੱਗ 10 ਦਿਨ ਤੱਕ ਛੁੱਟੀਆਂ ਕਰਕੇ, ਰੁਜ਼ਗਾਰ ਗੁਆਉਣ ਦਾ ਖਤਰਾ ਸਹੇੜਿਆ। ਪੈਰ ਪੈਰ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਲੋਕ ਵਿਰੋਧੀ ਰਵੱਈਏ ਤੇ ਮਾਨਸਿਕਤਾ ਨਾਲ ਦਸਤਪੰਜਾ ਲਿਆ ਪਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਵੱਡਾ ਕਾਰਜ ਹਰ ਪਲ ਸਾਹਮਣੇ ਰੱਖਿਆ। ਕਿਸੇ ਵੋਟ ਪਾਰਟੀ ਵੱਲ ਹੱਥ ਨਾ ਅੱਡਿਆ ਸਗੋਂ ਕਿਰਤੀ ਜਨਤਾ 'ਤੇ ਹੀ ਟੇਕ ਰੱਖੀ।
ਮੁਲਕ ਭਰ ਦੇ ਨੌਜਵਾਨਾਂ ਵਿੱਚ ਮੌਜੂਦ ਅਜਿਹੀਆਂ ਸਮਰੱਥਾਵਾਂ ਤੇ ਸੰਭਾਵਨਾਵਾਂ ਮੌਜੂਦਾ ਲੋਕ ਦੋਖੀ ਨਿਜ਼ਾਮ ਦੀ ਭੇਟ ਚੜ੍ਹ ਕੇ ਅਜਾਈਂ ਜਾ ਰਹੀਆਂ ਹਨ, ਕੌਮ ਮੁਲਕ ਦੇ ਲੇਖੇ ਲੱਗ ਕੇ ਇਹ ਅਥਾਹ ਧਨ-ਦੌਲਤਾਂ ਸਿਰਜ ਸਕਦੀਆਂ ਹਨ, ਮਨੁੱਖਤਾ ਦੀ ਸੇਵਾ ਦੇ ਮਹਾਨ ਕਾਜ਼ ਵਿੱਚ ਵੱਡਾ ਹਿੱਸਾ ਪਾ ਸਕਦੀਆਂ ਹਨ, ਪਰ ਇਹ ਮਧੋਲੀਆਂ ਜਾ ਰਹੀਆਂ ਹਨ, ਫੈਲਰਨ-ਪਸਰਨ ਤੋਂ ਪਹਿਲਾਂ ਹੀ ਮਰੁੰਡੀਆਂ ਜਾਂਦੀਆਂ ਹਨ।
ਹਾਂ, ਮਨੁੱਖਤਾ ਦੀ ਆਜ਼ਾਦੀ ਤੇ ਕਿਰਤ ਦੀ ਮੁਕੰਮਲ ਮੁਕਤੀ ਦੇ ਮਹਾਨ ਕਾਜ ਦੀ ਥਾਹ ਪਾ ਲੈਣ ਪਿੱਛੋਂ ਇਹ ਨੌਜਵਾਨ ਜੋ ਢਾਹ ਸਕਦੇ ਹਨ, ਜੋ ਸਿਰਜ ਸਕਦੇ ਹਨ, ਇਹਦੀ ਗਵਾਹੀ ਇਤਿਹਾਸ ਵੀ ਭਰਦਾ ਹੈ ਅਤੇ ਭਵਿੱਖ ਵੀ ਦਰਸਾਏਗਾ।
- ਇਕ ਨੌਜਵਾਨ ਪਾਠਕ
-੦-

No comments:

Post a Comment