Wednesday, October 8, 2014

ਗਾਜ਼ਾ ਪੱਟੀ ਦੀ ਘੇਰਾਬੰਦੀ ਤੁਰੰਤ ਅਤੇ ਬਿਨਾਂ ਸ਼ਰਤ ਹਟਾਉਣ ਦੀ ਮੰਗ ਕਰੋ
-ਇਜ਼ਰਾਈਲੀ ਬਸਤੀਵਾਦੀ ਅੱਤਵਾਦੀਆਂ ਵਿਰੁੱਧ ਫਲਸਤੀਨੀ ਲੋਕਾਂ ਦੇ ਸ਼ਾਨਾਂਮੱਤੇ ਕੌਮੀ ਮੁਕਤੀ ਘੋਲ ਦੀ ਹਮਾਇਤ ਕਰੋ!
-ਜ਼ਿਓਨਵਾਦੀ ਬੁੱਚੜਾਂ ਦੀ ਢੋਈ ਬਣੇ ਮੁੱਖ ਦੋਸ਼ੀ ਅਮਰੀਕਨ ਸਾਮਰਾਜ ਦਾ ਚਿਹਰਾ ਨੰਗਾ ਕਰੋ!
-ਮੋਦੀ ਸਰਕਾਰ ਵੱਲੋਂ ਇਜ਼ਰਾਈਲ ਨਾਲ ਸਾਂਝ ਭਿਆਲੀ ਦੀ ਅਤੇ ਅਮਰੀਕੀ ਸਾਮਰਾਜੀ ਹਿੱਤਾਂ ਦੀ ਸੇਵਾ ਕਰਨ ਦੀ ਨਿਖੇਧੀ ਕਰੋ!
-ਜ਼ਿਓਨਵਾਦੀ ਸਰਕਾਰ ਨਾਲ ਸਾਰੇ ਰਿਸ਼ਤੇ ਤੋੜਨ ਦੀ ਮੰਗ ਕਰੋ!
-ਜ਼ਿਓਨਵਾਦੀ ਬਸਤੀਵਾਦ ਵਿਰੁੱਧ ਸੰਸਾਰ-ਵਿਆਪੀ ਘੋਲ ਵਿੱਚ ਹਿੱਸਾ ਲਵੋ!
ਇਜ਼ਰਾਈਲ ਦੀਆਂ ਜ਼ਮੀਨੀ ਫੌਜਾਂ ਵੱਲੋਂ 5 ਅਗਸਤ ਨੂੰ ਗਾਜ਼ਾ ਪੱਟੀ ਵਿੱਚੋਂ ਬਾਹਰ ਨਿਕਲਣਾ ਇਸ ਮੁਹਿੰਮ ਅੰਦਰ ਸੂਰਬੀਰ ਫਲਸਤੀਨੀ ਤਾਕਤਾਂ ਦੀ ਜਿੱਤ ਹੈ। ਸਭ ਤੋਂ ਲੰਬੀ ਅਤੇ ਘਿਨਾਉਣੀ ਦਹਿਸ਼ਤਗਰਦੀ ਦੀ ਮੁਹਿੰਮ ਦੇ ਬਾਵਜੂਦ,ਇਜ਼ਰਾਈਲ ਹੁਣ ਤੱਕ ਆਪਣੇ ਐਲਾਨੇ ਜੰਗੀ ਮਨਸੂਬਿਆਂ (ਹਮਾਸ ਨੂੰ ਮਸਲ ਕੇ ਰੱਖ ਦੇਣ, ਹਮਾਸ ਦੀ ਦਾਗਣ ਦੀ ਤਾਕਤ (ਫਾਇਰ-ਪਾਵਰ) ਨੂੰ ਖਤਮ ਕਰਨ ਅਤੇ ਸੁਰੰਗਾਂ ਨੂੰ ਤਬਾਹ ਕਰਨ) 'ਚੋਂ ਕੋਈ ਵੀ ਪੂਰੇ ਨਹੀਂ ਕਰ ਸਕਿਆ। ਫਲਸਤੀਨੀ ਲੋਕਾਂ ਨੇ ਅਣਕਿਆਸੇ ਦੁੱਖ ਝੱਲੇ, ਪਰ ਉਹਨਾਂ ਨੇ ਨਾ ਤਾਂ ਆਤਮ-ਸਮਰਪਣ ਕੀਤਾ ਅਤੇ ਨਾ ਹੀ ਆਪਣੀਆਂ ਕੌਮੀ ਟਾਕਰਾ ਤਾਕਤਾਂ ਨੂੰ ਤਬਾਹ ਹੋਣ ਦਿੱਤਾ।
ਤਾਂ ਵੀ, ਇਸ ਵਕਤ ਇਜ਼ਰਾਈਲੀ ਫੌਜਾਂ ਦੀ ਵਾਪਸੀ ਦਾ ਮਤਲਬ ਜੰਗ ਦਾ ਖਾਤਮਾ ਨਹੀਂ, ਇਹ ਸਿਰਫ ਜੰਗ ਦਾ  ਬਦਲਵਾਂ ਰੂਪ ਹੀ ਹੈ। ਇਜ਼ਰਾਈਲ ਨਾ ਸਿਰਫ ਗਾਜ਼ਾ ਦੀ ਅਸਹਿਣਯੋਗ ਘੇਰਾਬੰਦੀ (ਜਿਹੜਾ ਆਪਣੇ ਆਪ ਵਿੱਚ  ਇੱਕ ਜੰਗੀ ਕਾਰਾ ਹੈ) ਨੂੰ ਜਾਰੀ ਰੱਖ ਰਿਹਾ ਹੈ, ਸਗੋਂ ਜਿਵੇਂ ਇਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ, ਹੁਣ ਵੀ ਆਪਣੀ ਮਰਜੀ ਨਾਲ ਗਾਜ਼ਾ 'ਤੇ ਹਵਾਈ ਮਿਜ਼ਾਈਲੀ ਹਮਲੇ ਜਾਰੀ ਰੱਖੇਗਾ। ਇਸ ਲਈ, ਸੰਸਾਰ ਭਰ ਦੇ ਲੋਕਾਂ ਨੂੰ ਸੂਰਬੀਰ ਫਲਸਤੀਨੀ ਕੌਮ ਨਾਲ ਆਪਣੀ ਯੱਕਜਹਿਤੀ ਦੀ ਲਹਿਰ ਨੂੰ ਰੋਕਣਾ ਨਹੀਂ ਚਾਹੀਦਾ।
ਪਿਛਲੇ ਮਹੀਨੇ ਤੋਂ ਜ਼ਿਓਨਵਾਦੀ ਬਸਤੀਵਾਦੀ ਹਮਲਾਵਰਾਂ ਨੇ, ਫਲਸਤੀਨੀ ਲੋਕਾਂ 'ਤੇ ਇੱਕ ਦਹਿਸ਼ਤਗਰਦ ਹਮਲਾ ਕੀਤਾ ਹੋਇਆ ਹੈ, ਜਿਸ ਵਿੱਚ 1800 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 7000 ਦੇ ਕਰੀਬ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਹੈ, ਜਿਹਨਾਂ ਵਿੱਚ ਭਾਰੀ ਬਹੁਗਿਣਤੀ ਆਮ ਨਾਗਰਿਕ ਹਨ। ਇਹ 2008 ਤੋਂ ਬਾਅਦ ਤੀਜਾ ਅਜਿਹਾ ਅਤੇ ਹੁਣ ਤੱਕ ਦਾ ਸਭ ਤੋਂ ਲੰਬਾ ਤੇ ਵੱਡਾ ਕਾਤਲਾਨਾ ਹਮਲਾ ਹੈ। ਇਹਨਾਂ ਹਮਲਿਆਂ ਦਾ ਨਿਸ਼ਾਨਾ ਸਭ ਤੋਂ ਸੰਘਣੀਆਂ ਆਬਾਦੀਆਂ ਵਿਚਲੇ ਘਰ, ਸਕੂਲ, ਹਸਪਤਾਲ, ਹੋਰ ਸਿਹਤ-ਕੇਂਦਰ, ਸ਼ਰਨਾਰਥੀ ਟਿਕਾਣੇ, ਸੰਯੁਕਤ ਰਾਸ਼ਟਰ ਦੇ ਟਿਕਾਣੇ ਅਤੇ ਇਲਾਕੇ ਦਾ ਇੱਕੋ ਇੱਕ ਪਾਵਰ ਪਲਾਂਟ ਹਨ। ਪੂਰੇ ਸੂਰੇ ਟੱਬਰ ਕਤਲ ਕਰ ਦਿੱਤੇ ਗਏ। ਹਜ਼ਾਰਾਂ ਨੂੰ ਜ਼ਿੰਦਗੀ ਭਰ ਲਈ ਨਕਾਰਾ ਕਰ ਦਿੱਤਾ ਗਿਆ। ਕੁੱਲ 18 ਲੱਖ ਲੋਕਾਂ ਵਿੱਚੋਂ 5 ਲੱਖ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣਾ ਦਿੱਤਾ ਗਿਆ ਹੈ। ਗਾਜ਼ਾ ਪੱਟੀ ਵਿੱਚ ਔਸਤ ਉਮਰ 17 ਸਾਲ ਹੈ। ਪਾਣੀ ਦੇ ਪੰਪ ਅਤੇ ਸੀਵਰੇਜ਼ ਪ੍ਰਬੰਧ ਕੰਮ ਕਰਨਾ ਬੰਦ ਕਰ ਚੁੱਕੇ ਹਨ। ਸਿੱਟੇ ਵਜੋਂ ਸਮਾਜਿਕ ਸਿਹਤ ਭਿਆਨਕ ਤਬਾਹੀ ਦੇ ਮੂੰਹ ਸੁੱਟ ਦਿੱਤੀ ਗਈ ਹੈ।
ਇਜ਼ਰਾਈਲੀ ਜ਼ਿਓਨਵਾਦੀ ਪ੍ਰਚਾਰ ਨੇ, ਪੱਛਮੀ ਸਾਮਰਾਜੀ ਮੀਡੀਏ ਦੇ ਜ਼ੋਰ ਇਸ ਨਸਲਕੁਸ਼ੀ ਨੂੰ ਸਹੀ ਦੱਸਣ ਲਈ ਇੱਕ ਵੱਡੀ ਝੂਠ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਹ ਇਸ ਬੁਨਿਆਦੀ ਤੱਥ ਨੂੰ ਛੁਪਾ ਰਹੇ ਹਨ ਕਿ ਇਜ਼ਰਾਈਲੀ ਫੌਜਾਂ ਨੇ 2006 ਤੋਂ ਗਾਜ਼ਾ ਦੀ ਹਵਾਈ, ਜ਼ਮੀਨੀ ਅਤੇ ਸਮੁੰਦਰੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਤਾਜਾ-ਤਰੀਨ ਘਟਨਾਵਾਂ ਦੀ ਲੜੀ ਤੋਂ ਪਹਿਲਾਂ ਵੀ, ਅਕਸਰ ਹੀ ਇਸ ਦੇ ਬਸ਼ਿੰਦਿਆਂ ਨੂੰ ਮਿਜ਼ਾਈਲੀ ਹਮਲਿਆਂ ਨਾਲ ਕਤਲ ਕੀਤਾ ਜਾਂਦਾ ਰਿਹਾ ਹੈ। ਇਹਨਾਂ ਤਾਜਾ-ਤਰੀਨ ਘਟਨਾਵਾਂ ਦੀ ਲੜੀ ਬਾਰੇ ਵੀ ਇਹ ਜ਼ਿਓਨਵਾਦੀ ਬੜੇ ਧੋਖੇ ਭਰਿਆ ਪ੍ਰਚਾਰ ਚਲਾ ਰਹੇ ਹਨ ਕਿ ਤਿੰਨ ਇਜ਼ਰਾਈਲੀ ਮੁੰਡਿਆਂ ਦੇ ਪੱਛਮੀ ਕੰਢੇ 'ਤੇ ਅਗਵਾ ਅਤੇ ਕਤਲ (ਜੀਹਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ) ਕਰਨ ਤੋਂ ਬਾਅਦ ਹੀ ਉਸਨੇ ਇਹ ਹਮਲਾ ਸ਼ੁਰੂ ਕੀਤਾ। ਇਸ ਲਈ ਉਹ ਫਲਸਤੀਨੀ ਲੋਕਾਂ ਦੀ ਜੱਥੇਬੰਦੀ ਹਮਾਸ ਨੂੰ ਦੋਸ਼ੀ ਠਹਿਰਾਉਂਦੇ ਹਨ, ਉਹ ਵੀ ਬਿਨਾ ਕਿਸੇ ਭੋਰਾ-ਭਰ ਵੀ ਸਬੂਤ ਦੇ। ਉਹ ਇਜ਼ਰਾਈਲੀ ਬੰਬਾਰੀ ਅਤੇ ਫਲਸਤੀਨੀ ਸ਼ਹਿਰਾਂ 'ਤੇ ਹਮਲੇ ਨੂੰ, ਹਮਾਸ ਦੇ ਰਾਕਟਾਂ ਦੇ ਜਵਾਬ ਵਿੱਚ ਹੋਣ ਵਜੋਂ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ (ਜਦ ਕਿ ਹਮਾਸ ਦੇ ਰਾਕਟ ਹਮਲੇ ਨਾਲ ਹੁਣ ਤੱਕ ਸਿਰਫ ਤਿੰਨ ਇਜ਼ਰਾਈਲੀ ਸ਼ਹਿਰੀ ਹਲਾਕ ਹੋਏ ਹਨ।) ਸਾਰੇ ਫਾਸ਼ੀਵਾਦੀਆਂ ਵਾਂਗ, ਇਹ ਜ਼ਿਓਨਵਾਦੀ ਵੀ ਇਜ਼ਰਾਈਲੀ ਸ਼ਹਿਰੀਆਂ 'ਤੇ ਹਮਲੇ ਦੇ ਡਰ ਦਾ ਲੋਕਾਂ ਦੇ ਦਿਮਾਗਾਂ ਵਿੱਚ ਭਰਮ ਫੈਲਾਉਣਾ ਚਾਹੁੰਦੇ ਹਨ, ਜਿਸ ਨਾਲ ਇਹ ਆਪਣੇ ਹਮਲੇ ਦੀ ਹਮਾਇਤ ਵਿੱਚ ਸਥਾਨਕ ਲੋਕਾਂ ਨੂੰ ਜੁਟਾ ਸਕਣ। ਜਰਮਨੀ ਨਾਜ਼ੀ ਅਤੇ ਦੱਖਣੀ ਅਫਰੀਕਾ ਦੇ  ਨਸਲੀ ਵਿਤਕਰੇ ਦੀ ਨੀਤੀ ਦੇ ਕਦਮਾਂ 'ਤੇ ਚੱਲਦੇ ਹੋਏ ਉਹ  ਯਹੂਦੀ ਲੋਕਾਂ ਦੇ ਵੱਡੇ ਹਿੱਸੇ ਅੰਦਰ ਇਹ ਵਿਸ਼ਵਾਸ਼ ਭਰ ਰਹੇ ਹਨ ਕਿ ਉਹ ਇੱਕ 'ਉੱਚ ਨਸਲ' ਦੇ ਹਨ ਅਤੇ ਅਰਬ ਦੇ ਲੋਕ 'ਨੀਚ ਨਸਲ' ਦੇ ਹਨ।
ਇਜ਼ਰਾਈਲ ਦੀ ''ਆਤਮ-ਰੱਖਿਆ'' ਵਾਲੀ ਦਲੀਲ ਬਿਲਕੁੱਲ ਹੀ ਖੋਖਲੀ ਹੈ। ਇੱਥੋਂ ਤੱਕ ਕਿ ਸੰਸਾਰ ਪੱਧਰ 'ਤੇ ਪ੍ਰਵਾਨਤ ਤੇ ਨਜਾਇਜ਼ ਕਬਜ਼ੇ ਦੀ ਤੰਗ-ਪ੍ਰੀਭਾਸ਼ਾ ਮੁਤਾਬਕ ਵੀ ਇਜ਼ਰਾਈਲ ਨੇ 1967 ਤੋਂ ਗਾਜ਼ਾ ਦੇ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ (ਸਣੇ ਪੱਛਮੀ ਕਿਨਾਰੇ ਦੇ)। ਇਸ ਲਈ ਇਜ਼ਰਾਈਲ ਨੂੰ ਕੋਈ ਕਾਨੂੰਨੀ ਅਤੇ ਇਖਲਾਕੀ ਹੱਕ ਨਹੀਂ ਬਣਦਾ ਕਿ ਉਹ ਆਪਣੀਆਂ ਹਥਿਆਰਬੰਦ ਸ਼ਕਤੀਆਂ ਰਾਹੀਂ ਗਾਜ਼ਾ 'ਤੇ ਆਪਣੇ ਕਬਜ਼ੇ ਨੂੰ ਜਾਇਜ਼ ਠਹਿਰਾਏ। ਇਸਦੇ ਮੁਕਾਬਲੇ ਇਹ ਫਲਸਤੀਨੀ ਲੋਕਾਂ ਦਾ ਪੂਰਾ ਪੂਰਾ ਹੱਕ ਬਣਦਾ ਹੈ ਕਿ ਉਹ ਇਜ਼ਰਾਈਲੀ ਫਾਸ਼ੀਵਾਦੀਆਂ ਦੇ ਨਜਾਇਜ਼ ਕਬਜ਼ੇ ਅਤੇ ਜ਼ਿਓਨਵਾਦੀ ਫਾਸ਼ੀਵਾਦੀਆਂ ਦੇ ਦਹਿਸ਼ਤਗਰਦ ਹਮਲਿਆਂ ਦੇ ਵਿਰੁੱਧ ਆਪਣੀ  ਹਥਿਆਰਬੰਦ ਸਵੈ-ਰਾਖੀ ਕਰਨ। ਇੱਥੋਂ ਤੱਕ ਕਿ ਸਵੈ-ਰਾਖੀ ਦੀਆਂ ਅਜਿਹੀਆਂ ਕਾਰਵਾਈਆਂ ਮੁੱਖ ਤੌਰ 'ਤੇ ਸੰਕੇਤਕ ਹੀ ਹਨ, (ਜਿਵੇੱੰ ਕਿ ਹਮਾਸ ਵੱਲੋਂ ਇਜ਼ਰਾਈਲ 'ਤੇ ਦਾਗੇ ਰਾਕਟ) ਤਾਂ ਵੀ ਇਹ ਪੂਰੀ ਤਰ੍ਹਾਂ ਜਾਇਜ਼ ਹਨ, ਇਸ ਦੇ ਉਲਟ ਸਾਮਰਾਜੀ ਮੀਡੀਏ ਵੱਲੋਂ ਇਸ ਨੂੰ ਇਜ਼ਰਾਈਲੀ ਜੰਗੀ ਮਸ਼ੀਨ ਵੱਲੋਂ ਫੈਲਾਏ ਜਾਂਦੇ ਬਸਤੀਵਾਦੀ ਆਤੰਕ ਦੇ ਬਰਾਬਰ ਦਿਖਾਉਣ ਲਈ ਸਾਰਾ ਟਿੱਲ ਲਾਇਆ ਜਾਂਦਾ ਹੈ।
ਇਜ਼ਰਾਈਲ ਦੇ ਅਸਲ ਜੰਗੀ ਮਕਸਦ
ਇਜ਼ਰਾਈਲੀ ਜੰਗ ਦੇ ਅਸਲ ਮਕਸਦ ਹਮਾਸ ਦੀ ''ਦਹਿਸ਼ਤਗਰਦੀ'', ਸੁਰੰਗਾਂ ਅਤੇ ਰਾਕਟ ਭੰਡਾਰਾਂ ਜਾਂ ਅਜਿਹੇ ਕਿਸੇ ਹੋਰ ਲਾਲ ਹਊਏ ਨੂੰ ਖਤਮ ਕਰਨ ਤੱਕ ਸੀਮਤ ਨਹੀਂ ਹਨ; ਉਹ ਹਮਾਸ ਅਤੇ ਫਲਸਤੀਨੀ ਲੋਕਾਂ ਦੇ ਟਾਕਰੇ ਦੀਆਂ ਨੁਮਾਇੰਦਾ ਜਥੇਬੰਦੀਆਂ ਨੂੰ ਖਤਮ ਕਰਨ ਤੱਕ ਵੀ ਸੀਮਤ ਨਹੀਂ ਹਨ; ਸਗੋਂ ਇਹ ਬਸਤੀਵਾਦੀ ਪਸਾਰਵਾਦ ਨੂੰ ਵਧਾਉਣ ਦੀਆਂ 1948 ਦੀਆਂ ਨੀਤੀਆਂ ਦੀ ਲਗਤਾਰਤਾ ਹੀ ਹੈ, ਜਦੋਂ ਇਜ਼ਰਾਈਲ ਨੇ ਪਹਿਲੀ ਵਾਰ ਫਲਸਤੀਨੀ ਲੋਕਾਂ ਨੂੰ ਹਥਿਆਰਬੰਦ ਫੌਜਾਂ ਦੇ ਜ਼ੋਰ ਆਪਣੇ ਹੀ ਦੇਸ਼ ਤੋਂ ਬਾਹਰ ਧੱਕ ਕੇ ਇੱਕ ਸ਼ਰਨਾਰਥੀਆਂ ਦੀ ਕੌਮ ਬਣਾ ਦਿੱਤਾ। ਇਜ਼ਰਾਈਲ ਦਾ ਫੌਰੀ ਅਸਲ ਮਕਸਦ ਗਾਜ਼ਾ ਪੱਟੀ ਨੂੰ ਤੇ ਅੰਤਿਮ ਰੂਪ ਵਿੱਚ ਇਸ ਇਲਾਕੇ ਨੂੰ ਖਾਲੀ ਜਾਂ ''ਸਫਾਚੱਟ'' ਕਰਵਾਉਣਾ ਹੈ ਤਾਂ ਕਿ ਇਸ ਉੱਪਰ (ਹੁਣੇ ਹੁਣੇ ਇਸਦੇ ਕਿਨਾਰੇ ਤੇਲ ਅਤੇ ਗੈਸ ਦੇ ਸਰੋਤਾਂ ਦੀਆਂ ਲੱਭਤਾਂ ਸਮੇਤ) ਕਬਜ਼ਾ ਕੀਤਾ ਜਾ ਸਕੇ।  ਸੰਸਾਰ ਸਿਹਤ ਸੰਸਥਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਜ਼ਰਾਈਲ ਅਤੇ ਮਿਸਰ ਵੱਲੋਂ ਸਾਂਝੀ ਨਾਕਾਬੰਦੀ ਨਾਲ ਗਾਜ਼ਾ, 2020 ਤੱਕ ਨਾ-ਵਸਣਯੋਗ  ਹੋ ਜਾਵੇਗਾ। ਇਸ ਹਮਲੇ ਨਾਲ ਇਹ ਤਰੀਕ ਹੋਰ ਵੀ ਨੇੜੇ ਆ ਜਾਵੇਗੀ। ਸੋ ਇਹ ਕਹਿਣਾ ਠੀਕ ਨਹੀਂ ਕਿ ਇਜ਼ਰਾਈਲ ਵੱਲੋਂ ਹਮਾਸ ਦੀਆਂ ਹਥਿਆਰਬੰਦ ਤਾਕਤਾਂ ਨੂੰ ਮਾਰਨ ਦੌਰਾਨ ਸ਼ਹਿਰੀ ਆਬਾਦੀ ਨੂੰ ਅੰਨ੍ਹੇਵਾਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ; ਸਗੋਂ ਸੱਚ ਇਹ ਹੈ ਕਿ ਇਸਦਾ ਨਿਸ਼ਾਨਾ  ਹੀ ਇਹ ਸ਼ਹਿਰੀ ਆਬਾਦੀ ਹੈ।
ਇਸੇ ਰਾਹ ਚੱਲਦੇ, ਇਜ਼ਰਾਈਲ ਪੱਛਮੀ ਕਿਨਾਰੇ ਦੇ ਇਲਾਕੇ ਨੂੰ ਵੀ ਖਾਲੀ ਕਰਵਾਉਣ ਦਾ ਦਰਮਿਆਨੇ-ਅਰਸੇ ਦਾ ਨਿਸ਼ਾਨਾ ਰੱਖ ਕੇ, ਇਸਦੀ ਜ਼ਮੀਨ ਅਤੇ ਜਲ ਸਰੋਤਾਂ ਨੂੰ ਹਥਿਆਉਂਦਾ ਜਾ ਰਿਹਾ ਹੈ। ਭਾਵੇਂ ਵਕਤੀ ਤੌਰ 'ਤੇ ਮਹਿਮੂਦ ਅੱਬਾਸ ਅਤੇ ਫਤਹਿ ਲੀਡਰਸ਼ਿੱਪ ਵਰਗੇ ਜੀ-ਹਜੂਰੀਆਂ ਦੀ ਵਰਤੋਂ ਕਰ ਰਿਹਾ ਹੈ, ਜਿਹਨਾਂ ਦੀ ਮੱਦਦ ਨਾਲ ਇਹ ਪੱਛਮੀ ਕਿਨਾਰੇ 'ਤੇ ਕੰਟਰੋਲ ਕਰ ਰਿਹਾ ਹੈ ਅਤੇ ਇਸਦੀ ਬਹਾਦਰ ਜਵਾਨੀ ਨੂੰ ਜੇਲ੍ਹੀਂ ਸੁੱਟ ਰਿਹਾ ਹੈ, ਪਰ ਸਮਾਂ ਆਉਣ 'ਤੇ ਇਹ ਅੱਬਾਸ ਨੂੰ ਵੀ ਲੱਤ ਮਾਰ ਸਕਦਾ ਹੈ, ਜਿਵੇਂ ਕਿ ਇਸਨੇ ਅਰਾਫਾਤ ਨਾਲ ਕੀਤਾ ਸੀ।
ਅਮਰੀਕੀ ਸਾਮਰਾਜਵਾਦ ਜਿੰਮੇਵਾਰ ਹੈ
ਜ਼ਿਓਨਵਾਦੀ ਫਾਸ਼ਿਸਟਾਂ ਦੀ ਮੁੱਖ ਤੌਰ 'ਤੇ ਪਿੱਠ ਥਾਪੜਨ ਵਾਲੇ ਅਮਰੀਕੀ ਸਾਮਰਾਜਵਾਦੀਆਂ ਨੇ ਵੱਡੀ ਪੱਧਰ 'ਤੇ ਮਾਰੇ ਜਾ ਰਹੇ ਸ਼ਹਿਰੀਆਂ ਦੇ ਸਰੋਕਾਰ ਵਜੋਂ ਬਹੁਤ ਹੀ ਚਲੰਤ ਸੰਕੇਤਕ ਜਿਹੀ ਗੱਲ ਕੀਤੀ ਹੈ। ਪਰ ਉਬਾਮਾ ਨੇ ਇਜ਼ਰਾਈਲ ਦੇ ਇਸ ''ਸਵੈ-ਰੱਖਿਅਕ'' ਹੱਕ ਦੀ ਨਿਸ਼ੰਗ ਤਰਫਦਾਰੀ ਕੀਤੀ ਅਤੇ ਹਮਾਸ ਦੀ ''ਬਿਨਾ ਕਿਸੇ ਰੱਖ-ਰਖਾਅ ਦੇ ਨਿੰਦਾ'' ਕੀਤੀ ਹੈ। ਖੁਦ ਅਮਰੀਕਾ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਜੰਗੀ ਅਪਰਾਧਾਂ ਦੀ ਸੰਯੁਕਤ ਰਾਸ਼ਟਰ ਵੱਲੋਂ ਪੜਤਾਲ ਦਾ ਰਾਹ ਰੋਕਿਆ ਹੈ। ਹੋਰ ਇਹ ਕਰ ਵੀ ਕੀ ਸਕਦਾ ਸੀ, ਕਿਉਂਕਿ ਖੁਦ ਇਹ ਹੀ ਤਾਂ ਫਲਸਤੀਨੀਆਂ ਨੂੰ ਮਾਰਨ ਵਾਸਤੇ ਇਜ਼ਰਾਈਲ ਨੂੰ ਹੈਲੀਕਾਪਟਰ, ਜੈੱਟ ਤੇ ਅਸਲਾ ਸਪਲਾਈ ਕਰਦਾ ਹੈ ਅਤੇ  ਇਹ 3 ਅਰਬ ਡਾਲਰ ਹਰ ਸਾਲ ਇਜ਼ਰਾਈਲ ਨੂੰ ਮੱਦਦ ਦੀ ਰਾਸ਼ੀ ਵੀ ਦਿੰਦਾ ਹੈ, ਤਾਂ ਕਿ ਪੱਛਮੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਜੰਗੀ ਮਸ਼ੀਨਾਂ 'ਚੋਂ ਇੱਕ ਇਸ ਜੰਗੀ ਮਸ਼ੀਨ ਨੂੰ ਚੱਲਦਾ ਰੱਖਿਆ ਜਾ ਸਕੇ। ਸਨੋਡਨ ਦੇ ਦਸਤਾਵੇਜ਼ ਦੱਸਦੇ ਹਨ ਕਿ ਅਮਰੀਕਾ  ਸਿੱਧੇ ਤੌਰ 'ਤੇ ਇਜ਼ਰਾਈਲ ਨੂੰ ਫਲਸਤੀਨ ਅਤੇ ਹੋਰਨਾਂ ਗੁਆਂਢੀ ਇਲਾਕਿਆਂ 'ਤੇ ਹਮਲੇ ਲਈ ਥਾਵਾਂ ਅਤੇ ਲੋਕਾਂ ਬਾਰੇ ਜਾਸੂਸੀ ਜਾਣਕਾਰੀਆਂ ਮੁਹੱਈਆ ਕਰਦਾ ਹੈ। ਇਸ ਮੌਜੂਦਾ ਹਮਲੇ ਵਿੱਚ ਇਜ਼ਰਾਈਲੀ ਜੰਗੀ ਸਮਾਨ ਦੀ ਭਰਪਾਈ ਕਰਦਾ ਹੈ। ਇਸ ਤਰ੍ਹਾਂ ਨਾਲ ਇਹ ਅਮੀਰ ਤੇਲ-ਖਜ਼ਾਨੇ ਵਾਲੇ ਖਿਤੇ ਦੇ ਪੁਲਸੀਏ ਵਜੋਂ ਇਜ਼ਰਾਈਲ ਨੂੰ ਕਾਇਮ ਰੱਖ ਰਿਹਾ ਹੈ।
ਆਪਣੇ ਪਸਾਰਵਾਦ ਨੂੰ ਬੇਰੋਕ ਅੱਗੇ ਵਧਾਉਂਦਿਆਂ ਇਜ਼ਰਾਈਲ ਅਮਰੀਕੀ ਸਾਮਰਾਜਵਾਦ ਦੀ ਸ਼ਹਿ 'ਤੇ ਵਾਰ ਵਾਰ ਦਿਖਾ ਰਿਹਾ ਹੈ ਕਿ ਉਸ ਨੂੰ ਦੰਦ-ਰਹਿਤ ਸੰਸਾਰ ਤਾਕਤਾਂ ਅਤੇ ਕੌਮਾਂਤਰੀ ਸੰਸਥਾਵਾਂ ਜਿਵੇਂ ਕਿ ਯੂ.ਐਨ.ਓ., ਅਰਬ ਲੀਗ ਆਦਿ ਦੇ ਸਰੋਕਾਰਾਂ ਦੀ ਭੋਰਾ ਭਰ ਪ੍ਰਵਾਹ ਨਹੀਂ। ਰੂਸ ਅਤੇ ਚੀਨ, ਬਾਕੀ ਹੋਰ ਮੌਕਿਆਂ ਵਾਂਗ, ਜਦੋਂ ਉਹਨਾਂ ਦੇ ਆਪਣੇ ਸੌੜੇ ਹਿੱਤਾਂ ਨੂੰ ਬਹੁਤਾ ਫਰਕ ਨਾ ਪੈਂਦਾ ਹੋਵੇ, ਮੋਟੇ ਤੌਰ 'ਤੇ ਚੁੱਪ ਹਨ। ਅਮਰੀਕਾ ਦੀਆਂ ਪਿੱਠੂ ਵੱਖ ਵੱਖ ਅਰਬ ਤਾਕਤਾਂ, ਜਿਹਨਾਂ ਨੇ ਸੀਰੀਆ ਵਿਰੋਧੀ ਇਸਲਾਮਿਕ ਮੂਲਵਾਦੀ ਤਾਕਤਾਂ ਦੀ ਭਰਵੀਂ ਮੱਦਦ ਕੀਤੀ, ਉਹਨਾਂ ਨੇ ਫਲਸਤੀਨੀ ਕੌਮ ਦੀ ਮੱਦਦ ਲਈ ਉੱਕਾ ਹੀ ਕੁੱਝ ਨਹੀਂ ਕੀਤਾ। ਮਿਸਰ ਦੀ ਸਿਸੀ (Sisi) ਫੌਜੀ ਹਕੂਮਤ, ਜਿਸ ਨੂੰ ਅਮਰੀਕੀ ਸਾਮਰਾਜਵਾਦੀਆਂ ਦੇ ਫੰਡ ਤੇ ਥਾਪੜਾ ਮਿਲਦੇ ਹਨ, ਨੇ ਇਜ਼ਰਾਈਲ ਵੱਲੋਂ ਇਸ ਕਬਜ਼ੇ ਅਤੇ ਹਮਲੇ ਵਿੱਚ ਫੈਸਲਾਕੁੰਨ ਸਹਾਈ ਰੋਲ ਅਦਾ ਕੀਤਾ ਹੈ। ਇਸ ਨੇ ਗਾਜ਼ਾ ਦੀ ਦੱਖਣੀ ਸੀਮਾ ਦੀ ਨਾਕਾਬੰਦੀ ਕਰਕੇ ਫਲਤੀਨੀਆਂ ਨੂੰ ਇੱਥੇ ਪਨਾਹ ਲੈਣ ਤੋਂ ਰੋਕਿਆ ਅਤੇ ਉੱਥੋਂ ਸਾਰੀਆਂ ਰਾਹਤ ਵਸਤਾਂ ਨੂੰ ਗਾਜ਼ਾ ਵਿੱਚ ਪਹੁੰਚਣ ਤੋਂ ਰੋਕਿਆ। ਸਿਸੀ ਨੇ ਕੋਸ਼ਿਸ਼ ਕੀਤੀ (ਭਾਵੇਂ ਉਹ ਕਾਯਮਾਬ ਨਹੀਂ ਹੋਏ) ਕਿ ਹਮਾਸ ਨੂੰ ਡਰਾ ਕੇ ਗੋਲੀਬੰਦੀ ਅਤੇ ਆਤਮ-ਸਮਰਪਣ ਲਈ ਮਜਬੂਰ ਕਰ ਸਕੇ। ਇਹ ਸਭ ਸਾਬਤ ਕਰਦਾ ਹੈ ਕਿ ਅਮਰੀਕਨ ਸਾਮਰਾਜ, ਆਪਣੀਆਂ ਇਹਨਾਂ ਅਨੇਕਾਂ ਨਹੁੰਦਰਾਂ ਨਾਲ, ਇਜ਼ਰਾਈਲੀ ਜੰਗੀ ਜੁਰਮਾਂ ਲਈ ਜਿੰਮੇਵਾਰ ਹੈ।
ਜ਼ਿਓਨਵਾਦੀ ਪਸਾਰਵਾਦ ਦੇ ਰਾਹ ਦੇ ਅੜਿੱਕੇ
ਜ਼ਿਓਨਵਾਦੀ ਪਸਾਰਵਾਦ ਦੇ ਰਾਹ ਵਿੱਚ ਦੋ ਹਕੀਕੀ ਰੁਕਾਵਟਾਂ ਹਨ।
ਪਹਿਲੀ ਹੈ, ਫਲਸਤੀਨੀ ਲੋਕਾਂ ਅਤੇ ਉਹਨਾਂ ਦੀਆਂ ਕੌਮੀ ਲੜਾਕੂ ਜਥੇਬੰਦੀਆਂ ਦੀ ਨਾਬਰੀ।   ਦੋਵਾਂ ਨੂੰ ਇੱਕ ਦੂਜੇ ਤੋਂ ਵੱਖ ਕਰਕੇ ਟਕਰਾਵੇਂ ਦਿਖਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਫ ਹੈ ਕਿ ਲੋਕ ਇਹਨਾਂ ਜਥੇਬੰਦੀਆਂ ਦੀ ਹਮਾਇਤ ਕਰਦੇ ਹਨ। ਹਮਾਸ, ਪੀ.ਐਫ.ਐਲ.ਪੀ. ਅਤੇ ਹੋਰ ਜਥੱਬੰਦੀਆਂ ਦੇ ਲੜਾਕੇ ਇਹਨਾਂ ਫਲਸਤੀਨੀ ਟੱਬਰਾਂ ਦੇ ਪੁੱਤ ਹੀ ਹਨ, ਜਿਹਨਾਂ ਉੱਤੇ ਬੇਕਿਰਕ ਬੰਬਾਰੀ ਹੁੰਦੀ ਹੈ। ਉਹ ਬੜੀ ਬਹਾਦਰੀ ਨਾਲ 2006 ਤੋਂ ਬਾਅਦ ਹੋਏ ਤਿੰਨ ਵੱਡੇ ਹਮਲਿਆਂ ਦੌਰਾਨ ਡਟ ਕੇ ਖੜ੍ਹੇ ਹਨ। ਇੱਥੋਂ ਤੱਕ ਕਿ ਸੰਸਾਰ ਦੀ ਸਭ ਤੋਂ ਤਾਕਤਵਰ ਅਤੇ ਸਭ ਤੋਂ ਉੱਚ ਪੱਧਰੀ ਤਨਕੀਨਾਂ ਨਾਲ ਲੈਸ ਫੌਜ ਵੱਲੋਂ ਕੀਤੀ ਭਿਆਨਕ ਬੰਬਾਰੀ ਅਤੇ ਹਮਲੇ ਦਾ ਉਹ ਪੁਰਾਣੀ ਤਕਨੀਕ ਅਤੇ ਮਾੜੇ ਹਥਿਆਰਾਂ ਨਾਲ ਆਪਣੀ ਕਮਾਂਡ ਨੂੰ ਬਚਾਉਣ ਵਿੱਚ ਸਫਲ ਰਹੇ ਅਤੇ ਤਿੱਖਾ ਟਾਕਰਾ ਕੀਤਾ। ਉਹਨਾਂ ਨੇ ਇਜ਼ਰਾਈਲ ਦੀਆਂ ਮਾਹਰ ਤਾਕਤਾਂ ਵਿੱਚੋਂ 64 ਨੂੰ ਢੇਰ ਕਰ ਦਿੱਤਾ, ਜਦੋਂ ਕਿ ਉਹਨਾਂ ਨੂੰ ਆਪਣੇ 200 ਜਵਾਨਾਂ ਨੂੰ ਗਵਾਉਣਾ ਪਿਆ। ਇਜ਼ਰਾਈਲੀਆਂ ਲਈ ਟਾਕਰਾ ਲਹਿਰ ਦਾ ਕਾਇਮ ਖੜ੍ਹੇ ਰਹਿਣਾ ਹੀ ਇੱਕ ਤਰ੍ਹਾਂ ਦੀ ਹਾਰ ਹੈ।  ਇਸ ਤਰ੍ਹਾਂ ਇਜ਼ਰਾਈਲੀ ਦੋ ਵਾਰ ਪਹਿਲਾਂ ਹੀ ਗਾਜ਼ਾ ਵਿੱਚ ਹਾਰ ਚੁੱਕੇ ਹਨ ਅਤੇ ਹੁਣ ਵੀ ਇੱਕ ਵਾਰ ਫੇਰ ਹਰਾਏ ਜਾਣਗੇ।
ਇਸ ਤੋਂ ਵੀ ਵਧ ਕੇ, ਗਾਜ਼ਾ ਵਿੱਚ ਕਤਲੇਆਮ ਨੇ ਪੱਛਮੀ ਤੱਟ ਦੇ ਵਾਸੀਆਂ ਵਿੱਚ ਵੀ ਤਾਜ਼ਾ ਉਭਾਰ ਲੈ ਆਂਦਾ, ਜਿਹੜੇ ਰੋਜ਼ ਇਜ਼ਰਾਈਲੀ ਗੋਲੀਆਂ ਦਾ ਸਾਹਮਣਾ ਹੱਥਾਂ ਵਿੱਚ ਰੋੜੇ ਫੜ ਕੇ ਕਰਦੇ ਹਨ। ਉਹਨਾਂ ਦਾ ਫਤਿਹ ਵਰਗੀ ਜਥੇਬੰਦੀ, ਜਿਹੜੀ ਕਿ ਸਾਮਰਾਜੀਆਂ ਦੀ ਝੋਲੀਚੁੱਕ ਹੈ, ਜਿਸ ਦਾ ਆਗੂ ਮਹਿਮੂਦ ਅੱਬਾਸ ਆਪਣੇ ਪਰਿਵਾਰ ਸਮੇਤ ਜਾਰਡਨ ਭੱਜ ਗਿਆ, ਨਾਲ ਵੀ ਲੱਗਭੱਗ ਮੁਕੰਮਲ ਰੂਪ ਵਿੱਚ ਮੋਹ ਭੰਗ ਹੋ ਗਿਆ ਹੈ ਅਤੇ ਉਹਨਾਂ ਅੰਦਰ ਟਾਕਰਾ ਜਥੇਬੰਦੀਆਂ ਦਾ ਸਨਮਾਨ ਰੋਜ਼ ਰੋਜ਼ ਵਧ ਰਿਹਾ ਹੈ। ਉਹ ਹੁਣ ਤੀਜੀ ਇੰਤਫਾਦਾ  ਜਾਂ ਬਗਾਵਤ ਨੂੰ ਪੈਦਾ ਕਰਨ ਦੀ ਹਾਲਤ ਵਿੱਚ ਹੋ ਗਏ ਹਨ।
ਅਜਿਹੇ ਜਬਰਦਸਤ ਦਬਾਅ ਦੇ ਬਾਵਜੂਦ ਹਮਾਸ ਕਾਇਮ ਰਹੀ ਅਤੇ ਉਸਨੇ ਕਿਸੇ ਅਜਿਹੇ ਸਮਝੌਤੇ ਨੂੰ ਕਬੂਲ ਕਰਨ ਲਈ ਪੈਂਦੇ ਦਬਾਅ ਦੀਆਂ ਕੋਸ਼ਿਸ਼ਾਂ ਨੂੰ ਰੱਦ ਕੀਤਾ, ਜਿਹੜਾ ਸਮਝੌਤਾ ਉਸਦੀ ਪ੍ਰਮੁੱਖ ਫੌਰੀ ਮੰਗ, ਯਾਨੀ ਕਿ ਗਾਜ਼ਾ ਉੱਤੇ ਨਾ-ਕਾਬਲੇ ਬਰਦਾਸ਼ਤ ਹਵਾਈ, ਜ਼ਮੀਨੀ ਅਤੇ ਸਮੁੰਦਰੀ ਘੇਰਾਬੰਦੀ ਨੂੰ ਚੁਕਾਉਣ ਦੇ ਵਿਰੁੱਧ ਭੁਗਤਦਾ ਸੀ। ਇਸ ਵਾਸਤੇ ਫਲਸਤੀਨੀ ਲੋਕਾਂ ਦੀ ਹਮਾਸ ਨੂੰ ਹਮਾਇਤ ਹਾਸਲ ਹੈ, ਜਿਹੜੇ ਕਿ ਘੇਰਾਬੰਦੀ ਨੂੰ ਹੌਲੀ ਹੌਲੀ ਆ ਰਹੀ ਮੌਤ ਦਾ ਰੂਪ ਹੀ ਸਮਝਦੇ ਹਨ। ਇਜ਼ਰਾਈਲ ਅਜਿਹਾ ਸਮਝੌਤਾ ਚਾਹੁੰਦਾ ਹੈ ਜਿਸ ਰਾਹੀਂ ਉਹ ਆਪਣੇ ਫੌਜੀ ਹਰਜਿਆਂ ਨੂੰ ਘਟਾ ਸਕੇ, ਜਿੱਤ ਦਾ ਦਾਅਵਾ ਕਰ ਸਕੇ ਅਤੇ ਇਲਾਕੇ ਦਾ ਹੌਲੀ ਹੌਲੀ ਗਲ਼ ਘੁੱਟਣਾ ਜਾਰੀ ਰੱਖ ਸਕੇ।
ਦੂਜੀ ਵੱਡੀ ਰੁਕਾਵਟ ਜ਼ਿਓਨਵਾਦੀ ਪਸਾਰਵਾਦੀਆਂ ਅੱਗੇ ਸੰਸਾਰ ਭਰ ਦੇ ਲੋਕਾਂ ਦੀ ਰੋਹਲੀ ਆਵਾਜ਼ ਅਤੇ ਵਿਰੋਧ ਹੈ। ਸਾਮਰਾਜੀ ਮੀਡੀਏ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਲੋਕਾਂ ਨੇ ਜ਼ਿਓਨਵਾਦੀ ਕਾਤਲਾਂ ਦੀ ਨਿਖੇਧੀ ਅਤੇ ਫਲਸਤੀਨੀ ਲੋਕਾਂ ਨਾਲ ਖੜ੍ਹਨ ਦਾ ਐਲਾਨ ਕੀਤਾ। ਮੀਡੀਏ ਦੇ ਝੂਠ ਨੂੰ ਛੰਡਦੇ ਹੋਏ, ਉਹਨਾਂ ਹੋਰ ਤੌਰ-ਤਰੀਕਿਆਂ, ਇੰਟਰਨੈੱਟ ਆਦਿ ਰਾਹੀਂ ਜਾਣਕਾਰੀ ਇਕੱਠੀ ਕੀਤੀ, ਇਜ਼ਰਾਈਲੀ ਵਜ਼ਾਰਤਖਾਨਿਆਂ ਅੱਗੇ ਮੁਜਾਹਰੇ ਕੀਤੇ, ਇਜ਼ਰਾਈਲੀ ਅਤੇ ਅਮਰੀਕੀ ਕੰਪਨੀਆਂ ਦਾ ਬਾਈਕਾਟ ਕੀਤਾ। ਬਹੁਤ ਸਾਰੇ ਕਲਾਕਾਰਾਂ, ਅਕਾਦਮਿਕ ਅਤੇ ਜਨਤਕ ਸਖਸ਼ੀਅਤਾਂ ਨੇ ਆਪਣੀ ਅਵਾਜ਼ ਉਠਾਈ। ਇਹ ਸੰਸਾਰ ਭਰ ਦੀ ਰੋਸ ਆਵਾਜ਼ ਹੀ ਸੀ, ਜਿਸਨੇ ਸਾਮਰਾਜੀ ਮੀਡੀਏ ਨੂੰ ਵੀ ਇਸ ਕਤਲੇਆਮ ਬਾਰੇ ਕੁੱਝ ਪੜਚੋਲੀਆ ਟਿੱਪਣੀਆਂ ਕਰਨ ਲਈ ਮਜਬੂਰ ਕੀਤਾ।
ਨਿਸ਼ੰਗ ਜੀ-ਹਜੂਰੀਆ— ਮੋਦੀ ਸਰਕਾਰ
ਸਾਡੇ ਆਪਣੇ ਮੁਲਕ ਵਿੱਚ ਮੋਦੀ ਸਰਕਾਰ ਨੇ ਗਾਜ਼ਾ ਨਸਲਕੁਸ਼ੀ ਹਮਲੇ ਦੀ ਨਿਖੇਧੀ ਨਾ ਕਰਕੇ, ਬੇਸ਼ਰਮੀ ਨਾਲ ਇਜ਼ਰਾਈਲੀ ਅਤੇ ਅਮਰੀਕੀ ਸਾਂਝ-ਭਿਆਲੀ ਦਾ ਵਿਖਾਵਾ ਕੀਤਾ ਹੈ। ਬਿਲਕੁੱਲ ਸਾਫ ਹੈ ਕਿ ਇਹ ਇੱਕ ਸੋਚੀ ਸਮਝੀ ਨੀਤੀ ਸੀ ਜਿਹੜੀ ਪਹਿਲਾਂ ਵਿਦੇਸ਼ੀ ਸਬੰਧਾਂ ਦੇ ਮੰਤਰਾਲੇ ਦੇ ਬਿਆਨ ਵਿੱਚੋਂ ਵੀ ਪ੍ਰਗਟ ਹੋਈ ਅਤੇ ਫਿਰ ਇਸ ਦੀ ਵਜ਼ੀਰ ਸੁਸ਼ਮਾ ਸਵਰਾਜ ਨੇ ਪਾਰਲੀਮੈਂਟ ਵਿੱਚ ਇਸ 'ਤੇ ਵਿਚਾਰ ਚਰਚਾ ਨਾ ਹੋਣ ਦਿੱਤੀ- ਅਖੇ, ਕਿਸੇ ''ਮਿੱਤਰ ਦੇਸ਼'' ਬਾਰੇ ''ਅਪ-ਸ਼ਬਦ'' ਨਾ ਕਿਹਾ ਜਾਵੇ, ਜਿਸ ਨਾਲ ਸਾਡੇ ''ਰਿਸ਼ਤੇ'' 'ਤੇ ਪ੍ਰਭਾਵ ਪਏ। ਉਸਨੇ ਅੱਗੇ ਹਮਾਸ 'ਤੇ ਜੰਗ ਦਾ ਦੋਸ਼ ਲਾਉਂਦਿਆਂ ਕਿਹਾ ਕਿ ''ਜੇਕਰ ਹਮਾਸ ਮਿਸਰ ਦੀ ਗੋਲੀਬੰਦੀ ਮੰਨ ਲੈਂਦਾ ਤਾਂ ਹੁਣ ਤੱਕ ਸ਼ਾਂਤੀ ਹੋ ਜਾਣੀ ਸੀ।'' ਭਾਜਪਾ ਦੀ ਵਿਦੇਸ਼ ਨੀਤੀ ਨੂੰ ਇਸ ਦੀ ਫਿਰਕੂ ਫਾਸ਼ੀਵਾਦੀ ਰਾਜਨੀਤੀ ਨਾਲ ਮੇਲਦਿਆਂ, ਪਾਰਲੀਮੈਂਟ ਮਾਮਲਿਆਂ ਦਾ ਮੰਤਰੀ ਕਹਿੰਦਾ ਹੈ ਕਿ ਇਹ ਇੱਕ ''ਵੱਡਾ ਸੰਗੀਨ ਮੁੱਦਾ'' ਹੈ ਅਤੇ ਸਾਡੀ ਘਰੇਲੂ ਰਾਜਨੀਤੀ ਨੂੰ ਸਾਡੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ। ਬਿਨਾ ਸ਼ੱਕ, ਇਹ ਸਭ ਦੋਵਾਂ ਧਿਰਾਂ- ਜੰਗੀ ਮੁਜਰਮਾਂ ਅਤੇ ਮਜ਼ਲੂਮਾਂ- ਨਾਲ ਦੋਸਤੀ ਬਣਾਈ ਰੱਖਣ ਦੇ ਫਰੇਬ ਦਾ ਪਰਦਾ ਪਾ ਕੇ ਕੀਤਾ ਗਿਆ। ਇਹ ਉਵੇਂ ਹੈ, ਜਿਵੇਂ ਕਿ ਹਿਲਟਰ ਅਤੇ ਯਹੂਦੀਆਂ ਨੂੰ ਇੱਕ-ਬਰਾਬਰ ਰੱਖਣਾ ਹੋਵੇ।
ਮੋਦੀ ਸਰਕਾਰ ਦਾ ਇਹ ਰੁਖ਼ ਭਾਰਤ ਅਤੇ ਇਜ਼ਰਾਈਲ ਦੀ ਨੇੜਲੀ ਜੋਟੀਦਾਰੀ ਦੇ ਚੱਲ ਰਹੇ ਅਮਲ ਦੌਰਾਨ ਸਬੰਧਾਂ ਨੂੰ ਸਿਖਰ 'ਤੇ ਲਿਜਾਣ ਦਾ ਇੱਕ ਕਦਮ ਹੈ। ਇਸ ਅਮਲ ਨੂੰ ਪਹਿਲੀ ਐਨ.ਡੀ.ਏ. ਸਰਕਾਰ, ਫਿਰ ਯੂ.ਪੀ.ਏ ਅਤੇ ਹੁਣ ਵਾਲੀ ਐਨ.ਡੀ.ਏ. ਸਰਕਾਰ ਲਗਾਤਾਰਤਾ ਨਾਲ ਕਾਇਮ ਰੱਖਦੀ ਆਈ ਹੈ। ਭਾਰਤ ਸੰਸਾਰ ਵਿੱਚੋਂ ਇਜ਼ਰਾਈਲ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਖਰੀਦਦਾਰ ਰਿਹਾ ਹੈ। ਭਾਰਤ ਦੇ ਘਰੇਲੂ ਜਾਸੂਸੀ ਤਾਣੇ-ਬਾਣੇ ਦੇ ਇਜ਼ਰਾਈਲ ਦੇ ਖੁਫੀਆ ਤੰਤਰ ਨਾਲ ਬਹੁਤ ਡੂੰਘੇ ਸਬੰਧ ਹਨ। ਇਜ਼ਰਾਈਲੀ ਦੇ ਜਾਸੂਸੀ ਤਾਣੇਬਾਣੇ ਦੀ ਕਸ਼ਮੀਰ ਅਤੇ ਹੋਰ ਥਾਵਾਂ 'ਤੇ ਸਿੱਧੀ ਮੌਜੂਦਗੀ ਹੈ। ਖਬਰਾਂ ਮੁਤਾਬਕ ਇਜ਼ਰਾਈਲ ਨੇ ਭਾਰਤ ਨੂੰ ਅੰਦਰੂਨੀ ਜਨਤਕ ਬਗਾਵਤੀ ਲਹਿਰਾਂ ਨੂੰ ਕੁਚਲਣ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਮੁਤਾਬਕ ਭਾਰਤ  ਨੇ 100 ਦੇ ਕਰੀਬ ਹੋਰ ਡਰੋਨਾਂ ਦਾ ਆਰਡਰ ਇਜ਼ਰਾਈਲ ਨੂੰ ਦਿੱਤਾ ਹੈ, ''ਜਿਹੜੇ ਕਿ ਕਸ਼ਮੀਰ, ਉੱਤਰ-ਪੂਰਬੀ ਰਾਜਾਂ ਅਤੇ ਮਾਓਵਾਦ ਪ੍ਰਭਾਵਿਤ ਇਲਾਕਿਆਂ ਅਤੇ ਤੱਟੀ ਖੇਤਰਾਂ ਵਿੱਚ ਵਰਤੇ ਜਾਣੇ ਹਨ।'' ਬਿਨਾ ਸ਼ੱਕ, ਭਾਰਤ ਅਤੇ ਇਜ਼ਰਾਈਲੀ ਸਬੰਧਾਂ ਨੂੰ ਗਹਿਰੇ ਕਰਨ ਦਾ ਕੰਮ ਸਾਮਰਾਜ ਦੀ ਹਮਾਇਤ ਅਤੇ ਸਲਾਹ ਅਨੁਸਾਰ ਹੀ ਹੋ ਰਿਹਾ ਹੈ।
ਫਲਸਤੀਨੀ ਲੋਕਾਂ ਦੇ ਦੁਸ਼ਮਣ ਸਾਡੇ ਦੁਸ਼ਮਣ ਹਨ। ਫਲਸਤੀਨੀ ਲੋਕਾਂ ਦੇ ਜ਼ਿਓਨਵਾਦੀ ਬਸਤੀਵਾਦ ਅਤੇ ਅਮਰੀਕੀ ਸਾਮਰਾਜਵਾਦ ਵਿਰੁੱਧ ਸੰਘਰਸ਼ ਦੀ ਹਮਾਇਤ, ਸਾਡੇ ਆਪਣੇ ਜਮਾਤੀ ਘੋਲ ਦਾ ਜ਼ਰੂਰੀ ਹਿੱਸਾ ਹੈ। ਇਸ ਗੱਲ ਦੇ ਬਾਵਜੂਦ ਕਿ ਆਉਣ ਵਾਲੇ ਦਿਨਾਂ ਵਿੱਚ, ਇਜ਼ਰਾਈਲ ਬੰਬ ਸੁੱਟਣ ਦੀ ਮੁਹਿੰਮ ਜਾਰੀ ਰੱਖਦਾ ਹੈ ਜਾਂ ਨਹੀਂ; ਫਲਸਤੀਨੀਆਂ ਦੇ ਖਿਲਾਫ ਇਸਦੀ ਜੰਗ ਜਾਰੀ ਰਹੇਗੀ। ਇਸੇ ਤਰ੍ਹਾਂ ਹੀ, ਸਾਡੀ ਸਾਮਰਾਜ ਵਿਰੋਧੀ ਜਿੰਮੇਵਾਰੀ ਵੀ ਜਾਰੀ ਰਹੇਗੀ। ਅਸੀਂ ਭਾਰਤੀ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਭਾਰਤੀ ਹਾਕਮਾਂ ਦੇ ਵਿਰੁੱਧ, ਇਜ਼ਰਾਈਲ ਨਾਲ ਸਫਾਰਤੀ ਸਬੰਧ ਤੋੜਨ, ਇਜ਼ਰਾਈਲ ਨਾਲ ਸਾਰੀ ਫੌਜੀ ਖਰੀਦੋ-ਫਰੋਖਤ ਬੰਦ ਕਰਨ ਤੇ ਉਸ ਨਾਲ ਵਪਾਰਕ, ਵਿਦਿਅਕ ਤੇ ਸਭਿਆਚਾਰਕ ਸਬੰਧ ਤੋੜਨ ਅਤੇ ਇਜ਼ਰਾਈਲੀ ਆਗੂਆਂ ਅਤੇ ਇਸਦੇ ਫੌਜੀ ਜਰਨੈਲਾਂ ਨੂੰ ਯੁੱਧ ਅਪਰਾਧਾਂ ਕਰਕੇ ਸਜ਼ਾ ਦੁਆਉਣ  ਲਈ ਕੌਮਾਂਤਰੀ ਮੰਚਾਂ ਤੱਕ ਪਹੁੰਚ ਕਰਨ ਖਾਤਰ ਦਬਾਅ ਬਣਾਉਣ ਲਈ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰਨ।

-ਜ਼ਿਓਨਵਾਦੀ ਫਾਸ਼ੀਵਾਦ-ਮੁਰਦਾਬਾਦ!
-ਫਲਸਤੀਨੀ ਲੋਕਾਂ ਦਾ ਕੌਮੀ ਮੁਕਤੀ ਸੰਘਰਸ਼ ਜ਼ਿੰਦਾਬਾਦ!
ਵੱਲੋਂ:
ਭਾਰਤੀ ਕਮਿਊਨਿਸਟ ਪਾਰਟੀ
ਮੁੜ-ਜੱਥੇਬੰਦ ਕੇਂਦਰ
(ਮਾਰਕਸਵਾਦੀ-ਲੈਨਨਵਾਦੀ)
(6 ਅਗਸਤ, 2014)
(ਡਾਕ ਰਾਹੀਂ ਪ੍ਰਪਤ ਹੋਇਆਪ੍ਰੈਸ ਬਿਆਨ)
-੦-

No comments:

Post a Comment