Thursday, October 9, 2014

ਦਲਿਤ ਖੇਤ ਮਜ਼ਦੂਰਾਂ ਦੀ ਸੁਲੱਖਣੀ ਅੰਗੜਾਈ
ਦਲਿਤ ਖੇਤ ਮਜ਼ਦੂਰਾਂ ਦਾ ਪਲਾਟਾਂ ਖਾਤਰ ਘੋਲ
--ਹਰਮੇਸ਼ ਮਾਲੜੀ
ਪਿਛਲੇ ਅਰਸੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ, ਬੀ.ਕੇ.ਯੂ. ਏਕਤਾ (ਉਗਰਾਹਾਂ) ਨਾਲ ਸਾਂਝੇ ਤੌਰ 'ਤੇ ਪਲਾਟਾਂ ਖਾਤਰ ਇੱਕ ਲੰਮਾ ਘੋਲ ਚਲਾਇਆ ਹੈ। ਹੇਠਾਂ ਅਸੀਂ ਕਿਸਾਨ-ਖੇਤ-ਮਜ਼ਦੂਰ ਖ਼ਬਰਨਾਮਾ (26 ਮਈ 2014) ਵਿੱਚ ਛਪੀ ਇਸ ਘੋਲ ਦੀ ਰਿਪੋਰਟ ਦੇ ਰਹੇ ਹਾਂ।
ਬਠਿੰਡਾ ਮੋਰਚੇ ਦੀ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਬੇਘਰਿਆਂ ਨੂੰ ਪਲਾਟ ਅਲਾਟ ਕਰਨ ਅਤੇ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਦੇਣ ਦੀ ਮੰਗ 'ਤੇ ਸੀ। ਇਸ ਮੰਗ 'ਤੇ ਸਫਲ ਘੋਲ ਸਰਗਰਮੀ ਚਲਾ ਕੇ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਨ ਦੀ ਮੰਗ ਜ਼ੋਰ ਨਾਲ ਉਭਾਰ ਕੇ ਅਸੀਂ ਮੁੱਢਲਾ ਕਦਮ-ਵਧਾਰਾ ਕੀਤਾ ਹੈ। ਜਨਤਕ ਤਾਕਤ ਦੇ ਜ਼ੋਰ ਪਲਾਟਾਂ ਦੀ ਮੰਗ ਨੂੰ ਲਾਗੂ ਕਰਵਾ ਕੇ ਅਸੀਂ ਇਸ ਤੋਂ ਅਮਲੀ ਕਦਮ ਪੁੱਟਣਾ ਹੈ। ਪਲਾਟਾਂ ਦੀ ਮੰਗ ਦੀ ਇਸ ਦੂਰ-ਭਵਿੱਖੀ ਮਹੱਤਤਾ ਕਰਕੇ ਖੇਤ ਮਜ਼ਦੂਰ ਜਥੇਬੰਦੀ ਦੇ ਨਾਲ ਕਿਸਾਨ ਜਥੇਬੰਦੀ (ਬੀ.ਕੇ.ਯੂ. ਏਕਤਾ-ਉਗਰਾਹਾਂ) ਵੀ ਇਸ ਮੰਗ ਉੱਤੇ ਨਿੱਠ ਕੇ ਲੜੀ ਹੈ। ਪ੍ਰਚਾਰ ਦੌਰਾਨ ਪਲਾਟਾਂ ਦੀ ਮੰਗ ਦੇ ਨਾਲ ਜ਼ਮੀਨਾਂ ਦੀ ਮੁੜ ਵੰਡ ਦਾ ਮੁੱਦਾ ਵੀ ਪੂਰੇ ਜ਼ੋਰ ਨਾਲ ਉਭਾਰਿਆ ਗਿਆ ਹੈ। ਮੀਟਿੰਗਾਂ, ਭਾਸ਼ਣਾਂ ਅਤੇ ਪ੍ਰਚਾਰ ਦੌਰਾਨ ਦੋਵੇਂ ਮੰਗਾਂ ਦਾ ਇੱਕ ਦੂਜੀ ਨਾਲ ਕੜੀ ਜੋੜ ਕਰਕੇ ਵਿਖਾਇਆ ਹੈ। ਸਾਡੇ ਇਹਨਾਂ ਯਤਨਾਂ ਦਾ ਹੀ ਸਿੱਟਾ ਸੀ ਕਿ ਅਸੀਂ ਵੱਡੇ ਪੱਧਰ 'ਤੇ ਖੇਤ ਮਜ਼ਦੂਰ ਹਿੱਸਿਆਂ ਨੂੰ ਘੋਲ ਸਰਗਰਮੀ ਵਿੱਚ ਖਿੱਚਣ ਤੇ ਉਹਨਾਂ ਅੰਦਰ ਸੰਘਰਸ਼ ਚਿਣਗ ਪੈਦਾ ਕਰਨ ਵਿੱਚ ਸਫਲ ਹੋਏ ਹਾਂ। ਇਸੇ ਕਰਕੇ ਹੀ ਅਸੀਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਅੰਦਰਲੇ ਜਾਤ-ਪਾਤੀ ਤੁਅੱਸਬਾਂ ਅਤੇ ਵੰਡੀਆਂ ਨੂੰ ਫਿੱਕਾ ਪਾਉਣ ਤੇ ਖੋਰਾ ਲਾਉਣ ਅਤੇ ਦੋਹਾਂ ਤਬਕਿਆਂ ਦੀ ਜੁਝਾਰ ਸਾਂਝ ਉਸਾਰਨ ਵਿੱਚ ਇੱਕ ਹੱਦ ਤੱਕ ਸਫਲ ਨਿੱਬੜੇ ਹਾਂ। ਬਠਿੰਡੇ ਵਿੱਚ ਲੱਗੇ ਮੋਰਚੇ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਇਹ ਸਾਂਝ ਸਾਹਮਣੇ ਆਈ ਹੈ, ਸਾਡੇ ਮੋਰਚੇ ਲਈ ਤਾਕਤ ਅਤੇ ਦ੍ਰਿੜ੍ਹਤਾ ਦਾ ਸੋਮਾ ਬਣੀ ਹੈ।
ਸੋ ਪਲਾਟਾਂ ਦੀ ਮੰਗ ਮੰਨੇ ਜਾਣ ਨਾਲ ਤੇ ਅੱਗੋਂ ਲਾਗੂ ਹੋ ਜਾਣ ਨਾਲ ਸਾਡੇ ਵੱਲੋਂ ਪਹਿਲਾਂ ਹੀ ਉਭਾਰੀ ਜਾ ਰਹੀ ਜ਼ਮੀਨ ਮੁੜ-ਵੰਡ ਦੀ ਮੰਗ 'ਤੇ ਗੱਲ ਤੁਰਨੀ ਹੈ। ਨਾਲ ਹੀ ਕਿਸਾਨਾਂ ਮਜ਼ਦੂਰਾਂ ਦੀ ਉੱਸਰ ਰਹੀ ਸਾਂਝ ਨੇ ਹੋਰ ਪੀਡੀ ਹੋਣਾ ਹੈ, ਤੇ ਇਸ ਸਾਂਝੀ ਤਾਕਤ ਨੇ ਜਰਬ੍ਹਾਂ ਖਾਣੀਆਂ ਹਨ। ਕਿਸਾਨ-ਮਜ਼ਦੂਰਾਂ ਦੀ ਇਸ ਸਾਂਝ ਤੇ ਤਾਕਤ ਨੇ ਪਿੰਡਾਂ ਅੰਦਰ ਅਕਾਲੀ ਦਲ ਵਰਗੀਆਂ ਹਕੂਮਤੀ ਪਾਰਟੀਆਂ ਦਾ ਆਧਾਰ ਬਣਦੇ ਘੜੰਮ ਚੌਧਰੀਆਂ, ਸਥਾਨਿਕ ਲੀਡਰਾਂ ਤੇ ਵੱਡੇ ਜਾਗੀਰਦਾਰਾਂ ਲਈ ਸਿੱਧੀ ਚੁਣੌਤੀ ਬਣਨਾ ਹੈ। ਤੇ ਇਉਂ ਹਾਕਮ ਜਮਾਤਾਂ ਲਈ ਚੁਣੌਤੀ ਬਣਨਾ ਹੈ।
ਉਪਰੋਕਤ ਕਾਰਨਾਂ ਕਰਕੇ ਪਲਾਟਾਂ ਦੀ ਮੰਗ ਨੂੰ ਲਾਗੂ ਕਰਨ ਮੌਕੇ ਹਕੂਮਤ ਨੇ ਸਭ ਤੋਂ ਵੱਧ ਤਕਲੀਫ ਮਹਿਸੂਸ ਕੀਤੀ ਹੈ। ਇਸ ਨੂੰ ਲਾਗੂ ਕਰਨ ਤੋਂ ਘੇਸਲ ਮਾਰਨੀ ਚਾਹੀ ਹੈ। ਘੜੰਮ ਚੌਧਰੀਆਂ ਦਾ ਛੱਪਾ ਚੁੱਕ ਕੇ ਆਪਣੇ ਦਮ 'ਤੇ ਪਲਾਟਾਂ ਦੀ ਮੰਗ ਲਾਗੂ ਕਰਵਾ ਰਹੇ ਕਿਸਾਨਾਂ ਮਜ਼ਦੂਰਾਂ ਦੀ ਇੱਕਜੁੱਟ ਤਾਕਤ ਦੀ ਡੂੰਘੀ ਰੜਕ ਮੰਨੀ ਹੈ। ਖੁਦਕੁਸ਼ੀਆਂ ਦੇ ਮੁਆਵਜਿਆਂ ਲਈ ਚੱਲੇ ਸੰਘਰਸ਼ ਤੇ ਘੇਰ-ਘਿਰਾਈ ਤੋਂ ਬਾਅਦ ਵੀ ਹਕੂਮਤ ਪਲਾਟਾਂ ਦੀ ਮੰਗ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ।
ਸੋ, ਪਲਾਟਾਂ ਦੀ ਮੰਗ ਦੁਆਲੇ ਸੰਘਰਸ਼ ਦੇ ਅਗਲੇ ਦੌਰ ਦਾ ਪੈੜਾ ਬੱਝ ਚੁੱਕਾ ਸੀ। ਦੋਵਾਂ ਜਥੇਬੰਦੀਆਂ ਵੱਲੋਂ ਪਲਾਟਾਂ ਦੀ ਮੰਨੀ ਮੰਗ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੱਧਰੇ ਧਰਨੇ ਸ਼ੁਰੂ ਕਰਨ ਦਾ ਐਲਾਨ ਹੋ ਗਿਆ। ਇਸ ਗੱਲ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਪਲਾਟਾਂ ਦੀ ਮੰਗ ਪੂਰੀ ਨਾ ਕਰਕੇ ਹਕੂਮਤ ਉੱਸਰ ਰਹੀ ਕਿਸਾਨ-ਮਜ਼ਦੂਰ ਸਾਂਝ ਨੂੰ ਸੱਟ ਮਾਰਨਾ ਚਾਹੁੰਦੀ ਹੈ। ਇਸ ਕਰਕੇ ਖੇਤ ਮਜ਼ਦੂਰ ਹਿੱਸਿਆਂ ਦੀ ਦੱਬ ਕੇ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ। ਖੇਤ ਮਜ਼ਦੂਰ ਜਥੇਬੰਦੀ ਦੇ ਆਗੂਆਂ ਸਮੇਤ ਕਿਸਾਨ ਆਗੂ ਵੀ ਟੀਮਾਂ ਬਣਾ ਕੇ ਮੈਦਾਨ ਵਿੱਚ ਨਿੱਤਰੇ ਤੇ ਖੇਤ ਮਜ਼ਦੂਰ ਵਿਹੜਿਆਂ ਦੀ ਲਾਮਬੰਦੀ ਕਰਨ ਲਈ ਨਿਝੱਕ ਹੋ ਕੇ ਤੁਰੇ। ਕਈ ਜ਼ਿਲ੍ਹਿਆਂ ਵਿੱਚ ਇਕੱਲੇ ਕਿਸਾਨ ਆਗੂਆਂ ਨੇ ਹੀ ਖੇਤ ਮਜ਼ਦੂਰ ਹਿੱਸਿਆਂ ਦੀ ਲਾਮਬੰਦੀ ਕੀਤੀ।
3 ਮਾਰਚ ਤੋਂ ਜ਼ਿਲ੍ਹਾ ਪੱਧਰਾਂ 'ਤੇ ਭਾਰੀ ਸ਼ਮੂਲੀਅਤ ਨਾਲ ਧਰਨੇ ਲੱਗਣੇ ਸ਼ੁਰੂ ਹੋ ਗਏ। ਮਾਨਸਾ, ਸੰਗਰੂਰ, ਫਰੀਦਕੋਟ, ਬਰਨਾਲਾ, ਮੋਗਾ ਦੇ ਜ਼ਿਲ੍ਹਾ ਕੇਂਦਰਾਂ 'ਤੇ ਅਤੇ ਬਠਿੰਡੇ 'ਚ ਸ਼ਹਿਰ ਦੇ ਐਨ ਨੇੜਲੇ ਪਿੰਡ ਭੁੱਚੋ ਖੁਰਦ ਵਿਖੇ ਧਰਨੇ ਲੱਗ ਗਏ। ਮੁਕਤਸਰ ਵਿੱਚ ਪਲਾਟਾਂ ਦੀ ਮੰਗ ਨੂੰ ਲੈ ਕੇ 26 ਫਰਵਰੀ ਤੋਂ ਹੀ ਧਰਨਾ ਚੱਲ ਰਿਹਾ ਸੀ। ਇਹ ਧਰਨਾ ਪਹਿਲਾਂ ਡੀ.ਸੀ. ਮੁਕਤਰਸਰ ਦੇ ਦਫਤਰ ਅੱਗੇ ਲੱਗਿਆ ਤੇ ਬਾਅਦ ਵਿੱਚ 8 ਮਾਰਚ ਨੂੰ ਲੰਬੀ ਵਿਖੇ ਤਬਦੀਲ ਕਰ ਦਿੱਤਾ ਗਿਆ। ਇਹ ਧਰਨੇ 20 ਮਾਰਚ ਤੱਕ ਚੱਲੇ। ਧਰਨਿਆਂ ਵਿੱਚ ਸ਼ਮੂਲੀਅਤ 200-300 ਤੋਂ ਲੈ ਕੇ 1500-2000 ਤੱਕ ਰਹੀ। ਇਹਨਾਂ ਧਰਨਿਆਂ ਦੇ ਸਾਰੇ ਦਿਨਾਂ ਦੌਰਾਨ ਵੱਡੇ ਪੱਧਰ 'ਤੇ ਲਾਮਬੰਦੀ ਤੇ ਪ੍ਰਚਾਰ ਮੁਹਿੰਮ ਚੱਲੀ ਹੈ। ਪਿੰਡਾਂ ਅੰਦਰ ਸੈਂਕੜਿਆਂ ਦੀ ਗਿਣਤੀ ਵਾਲੇ ਝੰਡਾ ਮਾਰਚ ਹੋਏ ਹਨ। ਇਹਨਾਂ ਮੁਹਿੰਮਾਂ ਦੇ ਵੱਡੇ ਘੇਰੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਬਠਿੰਡਾ, ਬਰਨਾਲਾ, ਮੁਕਤਸਰ, ਫਰੀਦਕੋਟ ਤੇ ਮਾਨਸਾ ਦੇ ਪੰਜ ਜ਼ਿਲ੍ਹਿਆਂ ਵਿੱਚ ਇਸ ਲਾਮਬੰਦੀ ਦੌਰਾਨ ਕੁੱਲ 266 ਪਿੰਡਾਂ ਵਿੱਚ ਜਚਵੀਆਂ ਮੀਟਿੰਗਾਂ ਤੇ ਵਿਸਥਾਰੀ ਰੈਲੀਆਂ ਹੋਈਆਂ ਹਨ। ਕਈ ਪਿੰਡਾਂ ਵਿੱਚ 2-2, 3-3 ਮੀਟਿੰਗਾਂ ਵੀ ਹੋਈਆਂ ਹਨ। ਮੀਟਿੰਗਾਂ ਸਮੇਂ ਹੋਕਿਆਂ ਤੇ ਹੋਰ ਸਾਧਨਾਂ ਰਾਹੀਂ ਕੁੱਲ 414 ਪਿੰਡਾਂ ਵਿੱਚ ਅਸੀਂ ਪਹੁੰਚ ਕੀਤੀ ਹੈ। ਇਸ ਵਿਆਪਕ ਮੁਹਿੰਮ ਦੇ ਸਿੱਟੇ ਵਜੋਂ 35 ਨਵੇਂ ਔਰਤ ਬੁਲਾਰੇ (ਬਹੁਤੀਆਂ ਖੇਤ-ਮਜ਼ਦੂਰ) ਅਤੇ 56 ਨਵੇਂ ਮਰਦ ਬੁਲਾਰੇ ਘੋਲ ਦੇ ਮੈਦਾਨ ਵਿੱਚ ਨਿੱਤਰੇ ਹਨ। ਇਸ ਤੋਂ ਬਿਨਾਂ ਬਰਨਾਲਾ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਖੇਤ ਮਜ਼ਦੂਰ ਜਥੇਬੰਦੀ ਦੀ ਹੋਂਦ ਹੀ ਨਹੀਂ ਸੀ, ਉੱਥੇ ਆਰਜੀ ਜ਼ਿਲ੍ਹਾ ਕਮੇਟੀ ਬਣੀ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ ਬਿਨਾਂ ਖੇਤ ਮਜ਼ਦੂਰ ਜਥੇਬੰਦੀ ਦੇ ਜ਼ੋਰਦਾਰ ਲਾਮਬੰਦੀ ਹੋਈ, ਭਾਰੀ ਇਕੱਠ ਹੋਏ ਹਨ, ਖੇਤ ਮਜ਼ਦੂਰ ਔਰਤਾਂ ਦੀ ਇੱਕ ਬਲਾਕ ਕਮੇਟੀ ਬਣਨ ਦੀ ਸੰਭਾਵਨਾ ਬਣ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਔਰਤਾਂ ਦੀਆਂ ਦੋ ਬਲਾਕ ਕਮੇਟੀਆਂ ਬਣਨ ਦੀ ਸੰਭਾਵਨਾ ਬਣੀ ਹੈ। ਹਾਲੇ ਇਹਨਾਂ ਅੰਕੜਿਆਂ ਵਿੱਚ ਸੰਗਰੂਰ ਤੇ ਮੋਗਾ ਦੇ ਜ਼ਿਲ੍ਹਿਆਂ ਦੇ ਅੰਕੜੇ ਸ਼ਾਮਲ ਨਹੀਂ ਕੀਤੇ ਜਾ ਸਕੇ। ਧਰਨਿਆਂ ਦੇ ਸਾਰੇ ਦਿਨਾਂ ਦੌਰਾਨ ਔਰਤਾਂ ਦੀ ਗਿਣਤੀ ਅੱਧ ਤੋਂ ਕਾਫੀ ਵੱਧ ਰਹਿੰਦੀ ਰਹੀ ਹੈ। ਬਠਿੰਡਾ ਜ਼ਿਲ੍ਹੇ ਦੀ ਔਰਤ ਆਗੂਆਂ ਦੀ ਟੀਮ ਨੇ ਇਸ ਸਾਰੀ ਮੁਹਿੰਮ ਦੌਰਾਨ ਵੱਡੀ ਲਾਮਬੰਦੀ ਕੀਤੀ ਹੈ। ਇਸ ਟੀਮ ਵੱਲੋਂ ਇੱਕੋ ਦਿਨ ਵਿੱਚ 5 ਪਿੰਡਾਂ ਵਿੱਚ ਖੇਤ-ਮਜ਼ਦੂਰ ਦੀਆਂ 9 ਭਰਵੀਆਂ ਤੇ ਜਚਵੀਆਂ ਮੀਟਿੰਗਾਂ ਕਰਵਾਈਆਂ ਹਨ।
ਇਹਨਾਂ ਵੱਡੇ ਧਰਨਿਆਂ ਦੇ ਦਬਾਅ ਹੇਠ ਹਕੂਮਤ ਵੱਲੋਂ ਸ਼ੁਰੂਆਤੀ ਦਿਨਾਂ ਵਿੱਚ ਤਿੰਨ ਜ਼ਿਲ੍ਹਿਆਂ ਦੇ 7 ਪਿੰਡਾਂ ਵਿੱਚ 150 ਦੇ ਲੱਗਭੱਗ ਪਲਾਟਾਂ ਦਾ ਕਬਜ਼ਾ ਦਿਵਾਇਆ ਹੈ। ਆਗੂਆਂ ਨੂੰ ਅਗਲੇ ਦਿਨਾਂ ਵਿੱਚ ਦਿੱਤੇ ਜਾਣ ਵਾਲੇ ਪਲਾਟਾਂ ਦੀਆਂ ਲਿਸਟਾਂ ਦੇ ਕੇ ਭਰੋਸਾ ਬੰਨ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਗਰੂਰ ਜ਼ਿਲ੍ਹੇ ਦੇ ਮਾਂਡਵੀ ਪਿੰਡ ਵਿੱਚ ਖੇਤ ਮਜ਼ਦੂਰਾਂ ਨੇ ਆਪਣੀ ਜਥੇਬੰਦੀ ਦੀ ਅਗਵਾਈ ਵਿੱਚ 20 ਪਲਾਟਾਂ ਦਾ ਕਬਜ਼ਾ ਲਿਆ ਹੈ। ਪਹਿਲਾਂ ਬੈਠੇ ਕਬਜ਼ਾਧਾਰੀਆਂ ਨੂੰ ਉਠਾਉਣ ਲਈ ਪ੍ਰਸ਼ਾਸਨ ਮਜਬੂਰ ਹੋਇਆ ਹੈ। ਮੁਕਤਸਰ ਜ਼ਿਲ੍ਹੇ ਦੇ ਖੂਨਣ ਖੁਰਦ ਪਿੰਡ ਵਿੱਚ ਡੀ.ਸੀ. ਨੂੰ ਘੇਰ ਕੇ ਚਿਰਾਂ ਤੋਂ ਲਮਕੇ ਆ ਰਹੇ 10 ਪਲਾਟਾਂ ਦਾ ਕਬਜ਼ਾ ਲਿਆ ਹੈ। ਮੂਣਕ ਦੇ ਸਲੇਮਗੜ੍ਹ ਵਿੱਚ ਖੇਤ ਮਜ਼ਦੂਰ ਤੇ ਕਿਸਾਨ ਜਥੇਬੰਦੀ ਦੇ ਜੋਰ ਅਲਾਟ ਹੋਏ ਪਲਾਟਾਂ 'ਤੇ ਖੇਤ ਮਜ਼ਦੂਰ ਕਬਜ਼ਾ ਕਰ ਕੇ ਬੈਠੇ ਹਨ, ਪਲਾਟਾਂ ਵਿੱਚ ਝੁੱਗੀਆਂ ਪਾਈਆਂ ਹਨ। ਜ਼ੋਰਦਾਰ ਜੱਦੋਜਹਿਦ ਹੋਈ ਹੈ, ਮਜ਼ਦੂਰਾਂ ਦਾ ਕਈ ਦਿਨ ਪਲਾਟਾਂ 'ਤੇ ਕਬਜ਼ਾ ਕਾਇਮ ਰਿਹਾ ਹੈ। ਖੇਤ ਮਜ਼ਦੂਰਾਂ ਦੀ ਵਧਦੀ ਲਾਮਬੰਦੀ ਤੇ ਕਿਸਾਨੀ ਨਾਲ ਮਜਬੂਤ ਹੁੰਦੀ ਉਹਨਾਂ ਦੀ ਜੋਟੀ ਵੇਖ ਕੇ ਅਤੇ ਜਥੇਬੰਦੀਆਂ ਦੇ ਵਧ ਰਹੇ ਵਕਾਰ ਤੋਂ ਤ੍ਰਭਕ ਕੇ ਹਕੂਮਤ ਪਿੱਛੇ ਹਟੀ ਹੈ, ਚੋਣ ਜਾਬਤੇ ਦਾ ਬਹਾਨਾ ਲਾਇਆ ਹੈ, ਟਾਲਮਟੋਲ ਕੀਤੀ ਹੈ।
20 ਫਰਵਰੀ ਨੂੰ ਪਲਾਟਾਂ ਦੀ ਮੰਗ ਤੋਂ ਭੱਜ ਚੁੱਕੀ ਹਕੂਮਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਘੇਰਾਓ ਕਾਰਕੇ ਰੋਸ ਪ੍ਰਗਟਾਉਣ ਦਾ ਸੱਦਾ ਦਿੱਤਾ ਗਿਆ। ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਇਕੱਠ ਹੋਏ, ਬਠਿੰਡੇ ਵਿੱਚ 22-25 ਸੌ, ਬਰਨਾਲੇ ਵਿੱਚ 2100, ਮਾਨਸਾ ਵਿੱਚ 2000, ਮੋਗੇ ਵਿੱਚ 2200, ਸੰਗਰੂਰ ਜ਼ਿਲ੍ਹਾ ਹੈੱਡਕੁਆਟਰ ਅੱਗੇ ਸਾਢੇ ਤਿੰਨ ਹਜ਼ਾਰ ਕਿਸਾਨਾਂ ਮਜ਼ਦੂਰਾਂ ਦਾ ਭਾਰੀ ਇਕੱਠ ਹੋਇਆ। ਮੁਕਤਸਰ ਦੇ ਲੰਬੀ ਵਿੱਚ ਚੱਲ ਰਹੇ ਖੇਤ ਮਜ਼ਦੂਰਾਂ ਦੀ ਭਾਰੀ ਗਿਣਤੀ ਵਾਲੇ ਧਰਨੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਘੇਰਨ ਦੀ ਬਜਾਏ ਬਾਦਲ ਪਿੰਡ ਨੂੰ ਜਾਣ ਦਾ ਐਲਾਨ ਕੀਤਾ ਗਿਆ ਸੀ। 19 ਫਰਵਰੀ ਨੂੰ ਪ੍ਰਸਾਸ਼ਨ ਨੇ ਕੁੱਝ ਪਿੰਡਾਂ ਵਿੱਚ ਹੋਕਾ ਦੇ ਕੇ ਜਥੇਬੰਦੀ ਨੂੰ ਸਾਧਨ ਨਾ ਦੇਣ ਦੀ ਤਾੜਨਾ ਕਰਦਿਆਂ ਕਿਹਾ ਕਿ ਸਾਧਨ ਜਬਤ ਕੀਤੇ ਜਾਣਗੇ। ਲੰਬੀ ਵਿਖੇ ਭਾਰੀ ਪੁਲਸ ਨਫ਼ਰੀ ਤਾਇਨਾਤ ਕੀਤੀ ਗਈ, ਬਾਦਲ ਨੂੰ ਜਾਂਦੀ ਸੜਕ ਪੁਲਸ ਨੇ ਹੀ ਨਾਕੇ ਲਾ ਕੇ ਜਾਮ ਕਰ ਦਿੱਤੀ। ਇਸ ਦੇ ਬਾਵਜੂਦ ਬਾਦਲ ਜਾਣ ਲਈ ਲੰਬੀ ਧਰਨੇ ਵਿੱਚ ਪਹੁੰਚਣ ਵਾਲਿਆਂ ਦੀ ਗਿਣਤੀ 900 ਦੇ ਲੱਗਭੱਗ ਸੀ। ਇਹ ਗਿਣਤੀ ਪਿਛਲੇ ਸਾਰੇ ਦਿਨਾਂ ਨਾਲੋਂ ਵੱਧ ਸੀ। ਔਰਤਾਂ ਦੀ ਭਾਰੀ ਗਿਣਤੀ ਸੀ, ਨੌਜਵਾਨ ਵੀ ਵੱਡੀ ਗਿਣਤੀ ਵਿੱਚ ਆਏ ਸਨ। ਰੋਹ ਵਿੱਚ ਆਈ ਜਨਤਾ ਨੇ ਵੱਡੇ ਨਿੰਮ ਛਾਂਗ ਦਿੱਤੇ ਸਨ, ਔਰਤਾਂ ਦੇ ਹੱਥਾਂ ਵਿੱਚ ਤਲੈਂਬੜ ਸਨ। ਪ੍ਰਸਾਸ਼ਨ ਦੀ ਘਬਰਾਹਟ ਇਸ ਹੱਦ ਤੱਕ ਸੀ ਕਿ ਧਰਨੇ ਨੇੜੇ ਬਣ ਰਹੇ ਨਵੇਂ ਮਕਾਨ ਦਾ ਮਲਬਾ ਵੀ ਪੁਲਸ ਵੱਲੋਂ ਰਾਤੋ ਰਾਤ ਜੇ.ਸੀ.ਬੀ. ਮਸ਼ੀਨ ਨਾਲ ਮਿੱਟੀ ਹੇਠ ਦੱਬ ਦਿੱਤਾ ਗਿਆ ਸੀ। ਦੂਸਰੇ ਜ਼ਿਲ੍ਹਿਆਂ 'ਚੋਂ ਬੀਬਾ ਹਰਸਿਮਰਤ ਦੇ ਹਲਕੇ ਵਿੱਚ ਪੈਂਦੇ ਬਠਿੰਡੇ ਵਿੱਚ, ਕਿਸਾਨਾਂ ਮਜ਼ਦੂਰਾਂ ਦਾ ਕਾਫਲਾ ਭੁੱਚੋ ਪਿੰਡ ਕੋਲ ਰੋਕ ਲਿਆ ਗਿਆ;’ ਜ਼ੋਰਦਾਰ ਖਿੱਚਧੂਹ ਹੋਈ ਆਗੂਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਈ, ਲੋਕਾਂ ਨੇ ਆਗੂ ਪੁਲਸ ਤੋਂ ਵਾਪਸ ਖੋਹ ਲਏ, ਆਪਣੇ ਸੁਰੱਖਿਅਤ ਘੇਰੇ ਵਿੱਚ ਲੈ ਲਏ। ਜਨਤਾ ਦੇ ਰੋਹ ਨੂੰ ਦੇਖਦਿਆਂ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਲਿਜਾਈਆਂ ਜਾ ਰਹੀਆਂ ਔਰਤ ਆਗੂਆਂ ਨੂੰ ਰਾਹ 'ਚੋਂ ਹੀ ਵਾਪਸ ਲਿਆ ਕੇ 'ਕੱਠ ਨੂੰ ਸੌਂਪਣਾ ਪਿਆ। ਇਸ ਤੋਂ ਬਾਅਦ ਓਸੇ ਥਾਂ 'ਤੇ ਧਰਨਾ ਲੱਗਿਆ, ਜ਼ੋਰਦਾਰ ਨਾਅਰੇਬਾਜ਼ੀ ਹੋਈ, ਪੁਲਸ ਨੂੰ ਪਿੱਛੇ ਹਟਣਾ ਪਿਆ। ਇਸੇ ਜ਼ਿਲ੍ਹੇ ਦਾ ਦੂਜਾ ਜੱਥਾ (ਮੌੜ ਤੇ ਤਲਵੰਡੀ ਸਾਬੋ) ਸ਼ਹਿਰ ਦੇ ਦੂਜੇ ਪਾਸੇ ਤਲਵੰਡੀ ਮਾਨਸਾ ਰੋਡ 'ਤੇ ਜੱਸੀ ਚੌਕ ਵਿੱਚ ਪੁਲਸ ਦੇ ਰੋਕਣ 'ਤੇ ਧਰਨਾ ਮਾਰ ਕੇ ਬੈਠਾ ਸੀ। ਇਹਨਾਂ ਦੀ ਗਿਣਤੀ 5-6 ਸੌ ਸੀ। ਮਾਨਸਾ ਜ਼ਿਲ੍ਹੇ ਵਿੱਚ ਵੀ ਕਿਸਾਨਾਂ ਜ਼ੂਦਰਾਂ ਨਾਲ ਪੁਲਸ ਦੀ ਝੜੱਪ ਹੋਈ, ਝੂਠੇ ਪਰਚੇ ਦਰਜ ਕੀਤੇ ਗਏ। ਪੁਲਸ ਵੱਲੋਂ ਬੁਰੀ ਤਰ੍ਹਾਂ ਸੀਲ ਕੀਤੇ ਲੰਬੀ ਵਿੱਚ ਮਜ਼ਦੂਰਾਂ ਕਿਸਾਨਾਂ ਵੱਲੋਂ ਹਕੂਮਤੀ ਪਾਰਟੀਆਂ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਘੇਰਨ ਦੇ ਗਰਜਵੇਂ ਐਲਾਨ ਹੋਏ। ਬਾਕੀ ਦੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾਂ ਹੈੱਡਕੁਆਟਰ ਘੇਰੇ ਗਏ।
ਧਰਨਿਆਂ ਅਤੇ ਘੇਰਾਓ ਦੇ ਇਹਨਾਂ ਜ਼ੋਰਦਾਰ ਐਕਸ਼ਨਾਂ ਦੌਰਾਨ ਹੋਈਆਂ ਪ੍ਰਾਪਤੀਆਂ ਅਤੇ ਖੇਤ ਮਜ਼ਦੂਰ ਹਿੱਸਿਆਂ ਦੀ ਵੱਡੇ ਪੱਧਰ ਦੀ ਲਾਮਬੰਦੀ ਨੇ ਉਹਨਾਂ ਅੰਦਰ ਬਿਜਲੀ ਦੀ ਤਰੰਗ ਜਿਹਾ ਅਸਰ ਛੱਡਿਆ ਹੈ। ਆਮ ਖੇਤ ਮਜ਼ਦੂਰ ਹਿੱਸਿਆਂ ਨੇ ਕੰਨ ਚੁੱਕੇ ਹਨ, ਆਪਣੇ ਮੰਗਾਂ ਮਸਲਿਆਂ ਪ੍ਰਤੀ ਚੇਤਨ ਹੋਏ ਹਨ। ਉਹਨਾਂ ਅੰਦਰ ਆਸ ਜਾਗੀ ਹੈ ਕਿ ''ਜੇ ਪਲਾਟ ਲੈ ਸਕਦੇ ਹਾਂ, ਜ਼ਮੀਨਾਂ ਵੀ ਕਿਉਂ ਨਹੀਂ ਲੈ ਸਕਦੇ।'' ਉਹ ਲਾਮਬੰਦ ਹੋਣੇ ਸ਼ੁਰੂ ਹੋਏ ਹਨ, ਜਥੇਬੰਦੀ ਨਾਲ ਜੁੜਨ ਲੱਗੇ ਹਨ। ਜ਼ੋਰਦਾਰ ਪ੍ਰਚਾਰ ਤੇ ਲਾਮਬੰਦੀ ਨੇ ਉਹਨਾਂ ਅੰਦਰ ਚੇਤਨਾ ਦੀ ਜਾਗ ਲਾਈ ਹੈ ਅਤੇ ਚੇਤਨ ਹੋਏ ਮਜ਼ਦੂਰ ਹਿੱਸੇ ਕਹਿਣ ਲੱਗੇ ਕਿ ''ਅਸਲੀ ਹੱਕਾਂ ਦਾ ਪਤਾ ਤਾਂ ਸਾਨੂੰ ਹੁਣ ਲੱਗਾ ਹੈ।'' ਨਰੇਗਾ ਦੀ ਸਕੀਮ ਹੁਣ ਉਹਨਾਂ ਲਈ ''ਸੁੱਥਣਾਂ ਟੰਗ ਕੇ ਐਵੇਂ ਛੱਪੜਾਂ 'ਚ ਵੜੇ ਫਿਰਨਾ'' ਹੋ ਗਈ ਹੈ। ਉਹ ਕਹਿਣ ਲੱਗੇ ਹਨ ਕਿ ''ਪੰਜ ਮਰਲੇ ਦਾ ਪਲਾਟ ਤੇ ਤਿੰਨ ਕਿੱਲੇ ਜ਼ਮੀਨ ਲੈਣੀ ਹੈ।'' ਹੌਸਲੇ ਵਿੱਚ ਹੋਏ ਪਿੰਡ ਦੇ ਖੇਤ ਮਜ਼ਦੂਰ ਸਰਪੰਚਾਂ-ਚੌਧਰੀਆਂ ਦੀ ਝੇਪ ਚੁੱਕਣ ਲੱਗੇ ਹਨ। ਇਹਨਾਂ ਹਕੂਮਤੀ ਪਿੱਠੂਆਂ ਦੀਆਂ ਕੰਮ ਨਾ ਦੇਣ, ਮੋਹਰ ਨਾ ਲਾਉਣ ਦੀਆਂ ਗਿੱਦੜ ਭਬਕੀਆਂ ਨੂੰ ਠੋਕਰ ਮਾਰਨ ਲੱਗੇ ਹਨ। ਅਜਿਹੀਆਂ ਧਮਕੀਆਂ ਦੇਣ ਵਾਲੇ ਕੋਟੜੇ ਤੇ ਮੌੜ ਚੜ੍ਹਤ ਸਿੰਘ ਵਾਲਾ ਦੇ ਸਰਪੰਚਾਂ ਨੂੰ ਠੋਕਵੇਂ ਤੇ ਕਰਾਰੇ ਜਵਾਬ ਮਿਲੇ ਹਨ। ਮੌੜਾਂ ਦੀਆਂ ਮਜ਼ਦੂਰ ਔਰਤਾਂ ਰਾਸ਼ਨ ਡਿਪੂ ਵਾਲੇ ਤੋਂ ਹਿਸਾਬ ਮੰਗਣ ਲੱਗੀਆਂ ਹਨ, ਚਤੁਰਾਈਆਂ ਕਰਦੇ ਡਿਪੂ ਮਾਲਕ ਨੂੰ ਲਾਜਵਾਬ ਕਰਨ ਲੱਗੀਆਂ ਹਨ। ਇਹ ਮਜ਼ਦੂਰਾਂ ਵਿੱਚ ਫੈਲ ਰਹੀ ਚੇਤਨਾ ਦਾ ਸਬੂਤ ਹੈ, ਹੱਕੀ ਮੰਗਾਂ ਲਈ ਉੱਠ ਰਹੀ ਤਾਂਘ ਦਾ ਸਬੂਤ ਹੈ। ਇਹ ਉਹਨਾਂ ਅੰਦਰ ਜਗ ਚੁੱਕੀ ਸੰਘਰਸ਼ ਦੀ ਚਿਣਗ ਦਾ ਸਬੂਤ ਹੈ। ਇਸ ਚਿਣਗ ਨੂੰ ਹੋਰ ਮਘਾਉਣ ਦੀ, ਲਾਟ ਬਣਾਉਣ ਦੀ ਲੋੜ ਹੈ। ਫੇਰ ਹੀ ਕਿਸਾਨ ਲਹਿਰ ਨੇ ਛੜੱਪੀਂ ਵਿਕਾਸ ਕਰਨਾ ਹੈ।
ਪਿੰਡ ਸਲੇਮਗੜ੍ਹ ਵਿੱਚ ਜਾਰੀ
ਪਲਾਟਾਂ ਲਈ ਸਿਰੜੀ ਘੋਲ

ਜ਼ਿਲ੍ਹਾ ਸੰਗਰੂਰ ਦੇ ਬਲਾਕ ਮੂਣਕ ਵਿੱਚ ਪੈਂਦੇ ਪਿੰਡ ਸਲੇਮਗੜ੍ਹ ਦੇ ਖੇਤ ਮਜ਼ਦੂਰਾਂ ਵੱਲੋਂ ਜਥੇਬੰਦੀ ਦੀ ਅਗਵਾਈ ਵਿੱਚ ਪਲਾਟ ਲੈਣ ਲਈ ਲੰਮੇ ਸਮੇਂ ਤੋਂ ਬਹੁਤ ਸਿਰੜੀ ਘੋਲ ਲੜਿਆ ਗਿਆ ਹੈ। ਇਸ ਜ਼ੋਰਦਾਰ ਘੋਲ ਦੇ ਸਦਕਾ ਖੇਤ ਮਜ਼ਦੂਰਾਂ ਦੇ ਨਾਂ ਪਲਾਟਾਂ ਦੇ ਇੰਤਕਾਲ ਕਰਵਾਏ ਗਏ ਸਨ। ਸਿਰਫ ਕਬਜ਼ਾ ਲੈਣਾ ਬਾਕੀ ਸੀ, ਕਿਉਂਕਿ ਇਹਨਾਂ 'ਚੋਂ ਕੁੱਝ ਪਲਾਟਾਂ 'ਤੇ ਪਿੰਡ ਦੇ ਦੋ ਜਿੰਮੀਦਾਰ ਪਰਿਵਾਰ ਨਜਾਇਜ਼ ਤੌਰ 'ਤੇ ਕਾਬਜ਼ ਹਨ। ਬਠਿੰਡਾ ਮੋਰਚੇ ਵਿੱਚ ਪਲਾਟਾਂ ਦਾ ਕਬਜ਼ਾ ਦੇਣ ਦਾ ਐਲਾਨ ਹੋਇਆ ਹੈ। ਪਰ ਹਕੂਮਤ ਨਾ ਤਾਂ ਪਹਿਲਾਂ ਕਬਜ਼ਾ ਦੇਣ ਲਈ ਰਾਜੀ ਸੀ ਤੇ ਨਾ ਮੋਰਚੇ ਤੋਂ ਬਾਅਦ। ਕਿਉਂਕਿ ਜੇ ਪਲਾਟਾਂ ਦੇ ਮਸਲੇ 'ਤੇ ਗੱਲ ਤੁਰਦੀ ਹੈ ਤਾਂ ਇਹ ਬਹੁਤ ਵੱਡਾ ਮਸਲਾ ਹੈ। ਇਕੱਲੇ ਸੰਗਰੂਰ ਜ਼ਿਲ੍ਹੇ ਦੇ ਦੋ ਬਲਾਕਾਂ (ਮੂਣਕ ਅਤੇ ਲਹਿਰਗਾਗਾ) ਵਿੱਚ 82 ਪਿੰਡਾਂ ਦੇ 1889 ਪਲਾਟ ਵੰਡਣ ਖੁਣੋਂ ਪਏ ਹਨ। ਸੋ ਹਕੂਮਤ ਨੂੰ ਸਹੇ ਨਾਲੋਂ ਪਹੇ ਦਾ ਫਿਕਰ ਜ਼ਿਆਦਾ ਹੈ। ਖਾਸ ਕਰ ਜਦੋਂ ਇਹ ਪਹਾ ਖੇਤ ਮਜ਼ਦੂਰ ਜਨਤਾ ਵੱਲੋਂ ਆਪਣੀ ਜਥੇਬੰਦੀ ਦੇ ਜ਼ੋਰ 'ਤੇ ਪਾਇਆ ਜਾ ਰਿਹਾ ਹੈ। ਹਕੂਮਤ ਦੀ ਇਸ ਹੱਠ-ਧਰਮੀ ਨੂੰ ਚੁਣੌਤੀ ਦਿੰਦੇ ਹੋਏ ਸਲੇਮਗੜ੍ਹ ਦੇ ਖੇਤ ਮਜ਼ਦੂਰ ਆਪਣੀ ਜਥੇਬੰਦੀ ਦੀ ਅਗਵਾਈ ਵਿੱਚ 7-8 ਸੌ ਦਾ ਇਕੱਠ ਕਰਕੇ ਹੱਕੀ ਤੌਰ 'ਤੇ 9 ਪਲਾਟਾਂ ਵਿੱਚ ਜਾ ਕੇ ਬੈਠੇ ਸਨ ਤੇ ਕਈ ਦਿਨ ਕਬਜ਼ਾ ਕਰੀਂ ਰੱਖਿਆ ਸੀ। ਕਿਸਾਨ ਜਥੇਬੰਦੀ ਵੱਲੋਂ ਹਮਾਇਤੀ ਕੰਨ੍ਹਾ ਲਾਇਆ ਗਿਆ ਸੀ। ਜਥੇਬੰਦ ਖੇਤ ਮਜ਼ਦੂਰ ਹਿੱਸਿਆਂ ਦੀ ਇਸ ਜੁਰਅਤਮੰਦ ਕਾਰਵਾਈ ਨੇ ਹਕੂਮਤੀ ਲਾਰਿਆਂ ਦਾ ਹੀਜ ਪਿਆਜ ਨੰਗਾ ਕੀਤਾ ਹੈ, ਜਿਸਨੇ ਹਾਲੇ ਵੀ ਕਬਜ਼ੇ ਨਹੀਂ ਦਿੱਤੇ ਹਨ। ਖੇਤ ਮਜ਼ਦੂਰਾਂ ਵੱਲੋਂ ਹਕੂਮਤ ਦੀ ਖੋਟੀ ਨੀਅਤ ਨੂੰ ਤਾੜ ਕੇ ਇੱਕ ਵਾਰ ਕਬਜ਼ਾ ਛੱਡ ਕੇ ਅਗਲੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ।
(ਨੋਟ ਪਿਛਲੇ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਨੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਛੱਤੇਆਣਾ ਵਿੱਚ 52 ਪਲਾਟ ਹਾਸਲ ਕੀਤੇ ਹਨ। ਇਸੇ ਜ਼ਿਲ੍ਹੇ ਦੇ ਜੋ ਜੁੜਵੇਂ ਪਿੰਡਾਂ ਸਿੰਘੇਵਾਲਾ-ਫਤੂਹੀਵਾਲਾ ਵਿੱਚ ਲੱਗਭੱਗ 400 ਪਲਾਟ ਹਾਸਲ ਕੀਤੇ। ਸਿੰਘੇਵਾਲਾ ਵਿੱਚ 13 ਕਿੱਲੇ ਪੰਚਾਇਤੀ ਜ਼ਮੀਨ ਦੀ ਬੋਲੀ ਰੋਕੀ ਹੋਈ ਹੈ। ਪਿੰਡ ਦਾ ਦਲਿਤ ਭਾਈਚਾਰਾ ਪਿਛਲੇ 3 ਸਾਲਾਂ ਤੋਂ ਇਸ ਜ਼ਮੀਨ ਦੀ ਸਮੂਹਿਕ ਵਰਤੋਂ ਕਰ ਰਿਹਾ ਹੈ। ਫਤੂਹੀ ਵਾਲੇ ਵਿੱਚ 2 ਕਿਲਿਆਂ ਦੀ ਬੋਲੀ ਨਹੀਂ ਹੋਣ ਦਿੱਤੀ। ਦੋਹਾਂ ਪਿੰਡਾਂ ਵਿੱਚ ਕੁੱਲ ਮਿਲਾ ਕੇ 10 ਕਿਲਿਆਂ ਤੋਂ ਵੱਧ ਜ਼ਮੀਨ ਪਲਾਟਾਂ ਲਈ ਵੰਡਾਈ ਹੈ।)
-੦-

No comments:

Post a Comment