Thursday, October 9, 2014

ਜ਼ਮੀਨੀ-ਸੁਧਾਰਾਂ ਤੋਂ ਬਿਨਾਂ ਗਰੀਬ ਕਿਸਾਨਾਂ ਲਈ ਹੋਰ ਕੋਈ ਰਾਹ ਨਹੀਂ
-ਜੋਰਾ ਸਿੰਘ ਨਸਰਾਲੀ
ਜ਼ਮੀਨ ਦੇ ਇਕ ਛੋਟੇ ਟੋਟੇ ਦਾ ਮਾਲਕ ਹੋਣ ਸਦਕਾ ਗਰੀਬ ਕਿਸਾਨ ਦੀ ਹਾਲਤ ਭਾਵੇਂ ਖੇਤ ਮਜ਼ਦੂਰਾਂ ਨਾਲੋਂ ਕੁਝ ਚੰਗੀ ਹੁੰਦੀ ਹੈ। ਪਰ ਕਈ ਪੱਖਾਂ ਤੋਂ ਉਹਨਾਂ ਦੀ ਹਾਲਤ ਖੇਤ ਮਜ਼ਦੂਰਾਂ ਵਰਗੀ ਹੀ ਹੁੰਦੀ ਹੈ। ਖੇਤੀ ਦਾ ਜੁਗਾੜ ਚਲਦਾ ਰੱਖਣ ਲਈ ਉਹਨਾਂ ਨੂੰ ਕੁਝ ਨਾ ਕੁਝ ਜ਼ਮੀਨ ਠੇਕੇ (ਮਾਮਲੇ) ਉਤੇ ਲੈਣੀ ਪੈਂਦੀ ਹੈ। ਪੰਜਾਬ ਵਰਗੇ ਨਕਲੀ ਹਰੇ ਇਨਕਲਾਬ ਦੇ ਖਿੱਤਿਆਂ ਅੰਦਰ ਖੇਤੀ ਇਕ ਮਹਿੰਗੇ ਜੂਏ ਵਰਗਾ ਕਾਰੋਬਾਰ ਬਣ ਗਿਆ ਹੈ। ਮਹਿੰਗੇ ਠੇਕੇ (ਮਾਮਲੇ) ਕਰਕੇ, ਖਾਦ, ਤੇਲ, ਕੀੜੇ-ਮਾਰ ਦਵਾਈਆਂ ਆਦਿਕ ਦੀ ਮਹਿੰਗਾਈ ਕਰਕੇ, ਬਿਮਾਰੀਆਂ, ਕੁਦਰਦੀ ਕਰੋਪੀ, ਨਹਿਰੀ ਪਾਣੀ ਦੀ ਬੰਦੀ ਜਾਂ ਬਿਜਲੀ ਦੀ ਥੁੜ੍ਹ ਆਦਿਕ ਕਾਰਨਾਂ ਕਰਕੇ, ਮਾਮਲੇ(ਠੇਕੇ) ਉਤੇ ਲਈ ਜ਼ਮੀਨ ਕਈ ਵਾਰੀ ਘਾਟੇ ਦਾ ਸੌਦਾ ਹੋ ਨਿਬੜਦੀ ਹੈ। ਇਸ ਕਰਕੇ ਮਾਮਲੇ (ਠੇਕੇ) ਉਤੇ ਲਈ ਜ਼ਮੀਨ ਵਿਚੋਂ ਬਚੱਤ ਰਹਿਣ ਦੀ ਥਾਂ ਇਹ ਖੇਤੀ ਕਰਜੇ ਦੀ ਪੰਡ ਨੂੰ ਹੋਰ ਬੋਝਲ ਕਰਨ ਦਾ ਕਾਰਨ ਬਣਦੀ ਹੈ। ਅਜਿਹੀਆਂ ਕਈ ਉਦਾਹਰਣਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਠੇਕੇ (ਮਾਮਲੇ) ਵਾਲੀ ਜ਼ਮੀਨ ਵਿਚੋਂ ਘਾਟਾ ਪੈਣ ਸਦਕਾ ਆਪਣੀ ਕੁਝ ਜ਼ਮੀਨ ਵੀ ਗਹਿਣੇ ਜਾਂ ਬੈਅ ਕਰਨੀ ਪੈ ਗਈ। ਤੇ ਆਮਦਨ ਹੋਰ ਘਟਣ ਸਦਕਾ, ਕਰਜਾ ਹੋਰ ਵਧਣ ਸਦਕਾ ਖੁਦਕਸ਼ੀ ਦੇ ਰਾਹ ਪੈਣਾ ਪਿਆ।
ਪੰਜਾਬ ਵਿਚ ਹੋਰਨਾਂ ਜਿਮੀਦਾਰਾਂ ਵਾਂਗ ਗਰੀਬ ਕਿਸਾਨਾਂ ਦੀ ਵੱਡੀ ਗਿਣਤੀ ਵੀ ਅਖੌਤੀ ਉਚੀਆਂ ਜਾਤਾਂ ਵਿਚੋਂ ਹੈ। ਇਸ ਤਰ੍ਹਾਂ ਜਾਤ ਬਰਾਦਰੀ ਪੱਖੋਂ ਇਹ ਗਰੀਬ ਕਿਸਾਨ ਵੀ ਆਪਣੇ ਆਪ ਨੂੰ ਧਨੀ ਕਿਸਾਨਾਂ ਅਤੇ ਜਗੀਰਦਾਰਾਂ ਦੇ ਬਰਾਬਰ ਦੇ ਸ਼ਰੀਕ ਸਮਝਦੇ ਹਨ। ਏਸ ਕਰਕੇ ਆਪਣੀ ਖੇਤੀ ਵਿਚੋਂ ਵਿਹਲ ਮਿਲਣ ਵੇਲੇ ਵੀ ਉਹ ਭੁੱਖ ਨੰਗ ਨਾਲ ਘੁਲ ਸਕਦੇ ਹਨ ਪਰ ਆਪਣੇ ''ਸ਼ਰੀਕਾਂ'' ਯਾਨੀ ਧਨੀ ਕਿਸਾਨਾਂ ਅਤੇ ਜਗੀਰਦਾਰਾਂ ਦੇ ਖੇਤਾਂ ਅਤੇ ਘਰਾਂ ਵਿਚ ਮਜ਼ਦੂਰੀ ਕਰਨ ਨੂੰ ਆਪਣੀ ਬੇਇਜਤੀ ਸਮਝਦੇ ਹਨ। ਭਾਵੇਂ ਗਰੀਬ ਕਿਸਾਨਾਂ  ਦਾ ਇਕ ਹਿੱਸਾ ਨੇੜਲੇ ਸ਼ਹਿਰਾਂ-ਕਸਬਿਆਂ ਵਿਚ ਦਿਹਾੜੀ ਕਰਨ ਜਾਣ ਲੱਗ ਪਿਆ ਹੈ ਪਰ ਓਥੇ ਵੀ ਉਹਨੂੰ ਕੰਮ ਦੀ 'ਭੀਖ' ਮਸਾਂ ਹੀ ਮਿਲਦੀ ਹੈ। ਦੂਜੀ  ਗੱਲ, ਓਥੇ ਉਹਨੂੰ ਜਦੋਂ ਦਲਿਤ ਮਜ਼ਦੂਰਾਂ ਦੇ ਬਰਾਬਰ ਦਿਹਾੜੀ ਕਰਨੀ ਪੈਂਦੀ ਹੈ ਇਹ ਨਹੀਂ ਹੋ ਸਕਦਾ ਕਿ ਉਸਦੇ ਜਾਤ-ਹੰਕਾਰ ਨੂੰ ਸੱਟ ਨਾ ਵਜਦੀ ਹੋਵੇ ਅਤੇ ਨਤੀਜੇ ਵਜੋਂ ਉਹ ਹੀਣ-ਭਾਵ ਦਾ ਸ਼ਿਕਾਰ ਨਾ ਹੁੰਦਾ ਹੋਵੇ।
ਉਹਨਾਂ ਦੀਆਂ ਰਿਸ਼ਤੇਦਾਰੀਆਂ ਮੁਕਾਬਲਤਨ ਬਿਹਤਰ ਹਾਲਤ ਵਾਲੇ ਜਿਮੀਦਾਰਾਂ ਨਾਲ ਹੋ ਸਕਦੀਆਂ ਹਨ। ਵਿਆਹਾਂ-ਸ਼ਾਦੀਆਂ ਵਰਗੇ ਸਮਾਜਕ ਵਿਹਾਰਾਂ ਦੌਰਾਨ ਉਹ ਅਜਿਹੇ ਰਿਸ਼ਤੇਦਾਰਾਂ ਦੇ ਬਰਾਬਰ ਪੁੱਗਣ ਲਈ, ਆਪਣਾ ਨੱਕ-ਨਮੂਜ ਰੱਖਣ ਲਈ ਵਿਤੋਂ-ਵਧਵੇਂ ਖਰਚੇ ਕਰਨ ਕਰਕੇ, ਕਰਜੇ ਹੇਠਾਂ ਦੱਬੇ ਜਾਂਦੇ ਹਨ।
ਜਿਆਦਾ ਤੰਗੀ ਦੀ ਹਾਲਤ ਵਿਚ ਦਲਿਤ ਖੇਤ-ਮਜ਼ਦੂਰ ਕਿਸੇ ਤੱਦੀ ਵਾਲੀ ਛੋਟੀ-ਮੋਟੀ ਲੋੜ ਨੂੰ ਪੂਰਾ ਕਰਨ ਲਈ, ਘਰ ਪਿਆ ਖਾਣ ਜੋਗਾ ਆਟਾ, ਹੱਟੀ ਉਤੇ ਵੇਚਕੇ ਵੀ ਤੁਰਤਪੈਰੀ ਲੋੜ ਪੂਰੀ ਕਰ ਸਕਦਾ ਹੈ। ਫੇਰ ਆਟਾ ਲਿਆਉਣ ਵਾਸਤੇ ਕੋਈ ਛੋਟੀ ਮੋਟੀ ਚੀਜ਼ ਗਹਿਣੇ ਧਰ ਸਕਦਾ ਹੈ। ਪਰ ਅਜਿਹੇ ਗਰੀਬ ਕਿਸਾਨਾਂ ਮਗਰ ਉੱਚੀ ਜਾਤ ਦਾ ਫੱਟਾ ਬੰਨਿਆ ਹੋਣ ਕਰਕੇ ਉਹ ਕਈ ਵਾਰੀ ਘੋਰ ਤੰਗੀ ਦੀ ਹਾਲਤ ਵਿਚ ਘਿਰਿਆ ਹੋਣ ਵੇਲੇ ਵੀ ਅਜਿਹੀਆਂ ਵਕਤੀ ਡੰਗ-ਟਪਾਊ ਮੋਰੀਆਂ ਵਿਚ ਦੀ ਨਹੀਂ ਲੰਘ ਸਕਦਾ।
ਗਰੀਬ ਕਿਸਾਨ ਨੂੰ, ਗਰੀਬੀ, ਬੇਰੁਜਗਾਰੀ ਅਤੇ ਕਰਜੇ ਆਦਿਕ ਦੇ ਸੰਕਟ ਵਿਚੋਂ ਕੱਢਣ ਦਾ ਇਕੋ-ਇਕ ਰਾਹ ਹੈ, ਇਨਕਲਾਬੀ ਜ਼ਮੀਨੀ ਸੁਧਾਰਾਂ ਰਾਹੀਂ ਜ਼ਮੀਨ ਦੀ ਮੁੜ ਵੰਡ ਵੇਲੇ ਉਸਦੀ ਮਾਲਕੀ ਹੇਠਲੀ ਜ਼ਮੀਨ ਵਿੱਚ ਕੁਝ ਵਾਧਾ ਹੋਵੇ। ਉਸਨੂੰ ਪੂੰਜੀ ਅਤੇ ਸੰਦਾਂ-ਸਾਧਨਾਂ ਦੀ ਸਹਾਇਤਾ ਮਿਲੇ। ਜ਼ਮੀਨੀ ਸੁਧਾਰਾਂ ਮਗਰੋਂ, ਸਹਿਕਾਰੀ ਅਤੇ ਸਮੂਹੀਕਰਨ ਦੀਆਂ ਲਹਿਰਾਂ ਚਲਾ ਕੇ ਉਸ ਨੂੰ ਵੱਡੇ ਆਕਾਰ ਦੀ ਖੇਤੀ ਵਾਲੇ ਫਾਇਦੇ ਮਿਲਣ। ਦੂਜੀ ਗੱਲ ਇਹ ਕਿ ਜੇ ਗਰੀਬ ਕਿਸਾਨ ਨੂੰ, ਧਨੀ ਕਿਸਾਨਾਂ ਅਤੇ ਜਗੀਰਦਾਰਾਂ ਨਾਲ ਉਸਦੀ ਜਾਤ-ਬਰਾਦਰੀ ਦੀ ਫੋਕੀ ਸਾਂਝ ਦਾ ਤਿੱਖਾ ਅਹਿਸਾਸ ਕਰਵਾਉਣਾ ਹੈ; ਜੇ ਉਸਨੂੰ ਉਸਦੀ ਫੋਕੀ ਜਾਤ-ਵਡਿਆਈ ਤੋਂ ਮੁਕਤ ਕਰਨਾ ਹੈ; ਜੇ ਉਸਨੂੰ, ਪੇਂਡੂ ਸਮਾਜ ਵਿਚ ਜਮਾਤੀ ਪਾਲਾਬੰਦੀ ਦੇ ਹਿਸਾਬ ਨਾਲ, ਖੇਤ ਮਜ਼ਦੂਰਾਂ ਨਾਲ ਬਣਦੇ ਜਮਾਤੀ ਭਾਈਚਾਰੇ ਬਾਰੇ ਚੇਤੰਨ ਕਰਨਾ ਹੈ ਤਾਂ ਇਸਦਾ ਆਧਾਰ ਇਨਕਲਾਬੀ ਜ਼ਮੀਨੀ ਸੁਧਾਰਾਂ ਦੇ ਨਿਸ਼ਾਨੇ ਨੂੰ ਪਰਨਾਈ ਇਨਕਲਾਬੀ ਕਿਸਾਨ ਲਹਿਰ ਹੀ ਬਣ ਸਕਦੀ ਹੈ। ਜਿਸਦੀ ਅਗਵਾਈ ਇਹਨਾਂ ਦੋ ਜੋਟੀਦਾਰਾਂ (ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ) ਦੇ ਹੱਥ ਹੋਵੇ।
-0-

No comments:

Post a Comment