Wednesday, October 8, 2014

ਹਮਸ ਦੇ ਡਿਪਟੀ ਚੇਅਰਮੈਨ ਮੂਸਾ ਅਬੂ ਮਾਰਜ਼ੂਕ ਨਾਲ ਮੁਲਾਕਾਤ
ਸ਼ਬਦ ਹਮਸ ਅਰਬੀ ਦੇ ਸ਼ਬਦਾਂ ਹਰਕਤ ਅਲ ਮੁਕਬਾਮਾ ਅਲ ਇਸਲਾਮੀਆ ਦੇ ਪਹਿਲੇ ਸ਼ਬਦਾਂ ਨੂੰ ਲੈ ਕੇ ਬਣੀ ਮੁੱਢ-ਅੱਖਰੀ ਹੈ। ਇਸ ਦਾ ਅਰਥ ਇਸਲਾਮੀ ਟਾਕਰਾ ਲਹਿਰ ਹੈ। ਸ਼ਬਦ ਹਮਸ ਦੇ ਅਰਥ ਉਤਸ਼ਾਹ, ਚਿਣਗ ਅਤੇ ਗਰਮਜੋਸ਼ੀ ਵੀ ਹਨ। ਇਹ ਜਥੇਬੰਦੀ 1987 ਵਿਚ ਪਹਿਲੀ ਇੰਤੀਫਾਦਾ ਬਗਾਵਤ ਦੇ ਆਗਾਜ਼ ਮੌਕੇ ਹੋਂਦ ਵਿਚ ਆਈ।
ਹਮਸ ਦੇ ਹੋਂਦ ਵਿਚ ਆਉਣ ਵਿਚ ਮਿਸਰ ਦੀ ਜਥੇਬੰਦੀ ''ਮੁਸਲਮ ਬਰਦਰਹੁੱਡ'' ਦੇ ਪ੍ਰਭਾਵ ਨੇ ਰੋਲ ਅਦਾ ਕੀਤਾ। ਮਿਸਰ ਦੀ ਇਹ ਪਾਰਟੀ ਪੱਛਮੀ ਏਸ਼ੀਆ ਅੰਦਰ ਹੋਂਦ  ਵਿਚ ਆਈ ਪਹਿਲੀ ਇਸਲਾਮੀ ਪਾਰਟੀ ਸੀ। ਇਸ ਪਾਰਟੀ ਨੇ 60ਵਿਆਂ ਦੇ ਅਖੀਰ ਵਿਚ ਗਾਜ਼ਾ ਪੱਟੀ ਵਿਚ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ, ਜਿਹੜੀਆਂ ਛੇਤੀ ਹੀ ਪੱਛਮੀ ਕਿਨਾਰੇ ਵਿਚ ਫੈਲ ਗਈਆਂ। ਹੌਲੀ ਹੌਲੀ ਇਸਲਾਮ ਧਰਮ ਤੋਂ ਪ੍ਰਭਾਵਿਤ ਡਾਕਟਰ ਅਤੇ ਇੰਜਨੀਅਰ ਇਸਦੀਆਂ ਸਫਾਂ ਵਿਚ ਆਉਂਦੇ ਰਹੇ। ਮੁਸਲਮ ਬਰਦਰਹੁੱਡ ਨਾਲ ਹਮਦਰਦੀ ਰੱਖਦੇ ਫਲਸਤੀਨੀ ਕਰਿੰਦਿਆਂ ਨੇ 80ਵਿਆਂ ਦੇ ਸ਼ੁਰੂ ਵਿਚ ਇਜ਼ਰਾਈਲ ਖਿਲਾਫ ਲੰਮੇ, ਸਿਆਸੀ ਅਤੇ ਫੌਜੀ ਸੰਘਰਸ਼ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ। ਇਹਨਾਂ ਤਿਆਰੀਆਂ ਵਿਚ 1979 ਦੇ ਈਰਾਨੀ ਇਨਕਲਾਬ ਅਤੇ ਲਿਬਨਾਨ ਵਿਚ ਮੁਸਲਮ ਪਾਰਟੀਆਂ ਦੇ ਉਭਾਰ ਨੇ ਵੀ ਰੋਲ ਅਦਾ ਕੀਤਾ।
ਮੁਸਲਮ ਬਰਦਰਹੁੱਡ ਦੇ ਪ੍ਰਭਾਵ ਅਧੀਨ ਹੋਂਦ ਵਿਚ ਆਈ ਹੋਣ ਕਰਕੇ ਫਲਸਤੀਨੀ ਜਨਤਾ ਵੱਲੋਂ ਸ਼ੁਰੂ ਸ਼ੁਰੂ ਵਿਚ ਹਮਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ। ਕਿਉਂਕਿ ਮੁਸਲਮ ਬਰਦਰਹੁੱਡ ਨੇ ਲੱਗਭੱਗ ਚਾਰ ਦਹਾਕੇ ਪਹਿਲਾਂ ਜਾਰਡਨ ਵਿਚ ਰਾਜੇ ਹੁਸੈਨ ਵੱਲੋਂ ਫਲਸਤੀਨੀਆਂ ਦੇ ਕਤਲੇਆਮ ਦਾ ਸਮਰਥਨ ਕੀਤਾ ਸੀ ਅਤੇ ਇਹ ਧਰਮ-ਰਿਪੱਖਤਾ ਦੀ ਵਿਰੋਧੀ ਸੀ। ਇਸੇ ਵਜਾਹ ਕਰਕੇ ਇਜ਼ਰਾਈਲ ਵੱਲੋਂ ਸ਼ੁਰੂ ਸ਼ੁਰੂ ਵਿਚ ਇਸ ਜਥੇਬੰਦੀ (ਹਮਸ) ਨੂੰ ਫਲਸਤੀਨੀ ਮੁਕਤੀ ਜਥੇਬੰਦੀ ਦੇ ਟਾਕਰੇ 'ਤੇ ਉਭਾਰ ਕੇ ਫਲਸਤੀਨੀ ਮੁਕਤੀ ਲਹਿਰ ਨੂੰ ਭਰਾਮਾਰ ਟੱਕਰਾਂ ਦੇ ਮੂੰਹ ਧੱਕਣ ਦਾ ਮਨਸੂਬਾ ਪਾਲਿਆ ਗਿਆ। ਪਰ ਘਟਨਾਵਿਕਾਸ ਦਾ ਅਗਲਾ ਗੇੜ ਅਮਰੀਕੀ ਇਜ਼ਰਾਈਲੀ ਗੱਠਜੋੜ ਦੇ ਮਨਸੂਬਿਆਂ ਅਨੁਸਾਰ ਨਾ ਵਾਪਰਿਆ। ਫਲਸਤੀਨੀ ਕੌਮ ਦੀ ਸ਼ਾਨਦਾਰ ਟਾਕਰਾ ਲਹਿਰ ਦੇ ਮਾਹੌਲ ਅੰਦਰ ਹਮਸ ਨੇ ਕਾਬਜ਼ ਇਜ਼ਰਾਈਲੀਆਂ ਨਾਲ ਟਕਰਾਉਣ ਦਾ ਪੈਂਤੜਾ ਲੈ ਲਿਆ। 1988 ਵਿਚ ਪੀ.ਐਲ.ਓ. ਦੇ ਮੁਖੀ ਯਾਸਰ ਅਰਾਫਾਤ ਨੇ ਯੂ.ਐਨ.ਓ. ਦੇ ਮਤਾ ਨੰ. 181 ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਦਾ ਅਰਥ ਇਜ਼ਰਾਈਲ ਨੂੰ ਮਾਨਤਾ ਦੇਣਾ ਬਣਦਾ ਸੀ। ਅਰਾਫਾਤ ਇੱਕ ਵਾਰੀ ਪੱਛਮੀ ਸਾਮਰਾਜੀਆਂ ਦੀ ਪ੍ਰਸੰਸਾ ਦਾ ਪਾਤਰ ਬਣ ਗਿਆ ਅਤੇ ਫਲਸਤੀਨੀ ਕੌਮ ਵਿਚੋਂ ਨਿੱਖੜਦਾ ਗਿਆ। ਦੂਜੇ ਪਾਸੇ ਇਜ਼ਰਾਈਲ ਦੀ ਹੋਂਦ ਨੂੰ ਰੱਦ ਕਰਨ ਦਾ ਪੈਂਤੜਾ ਲੈਣ ਕਰਕੇ ਹਮਸ ਦੇ ਵਕਾਰ ਵਿਚ ਵਾਧਾ ਹੁੰਦਾ ਗਿਆ। 1989 ਵਿਚ ਇਜ਼ਰਾਈਲ ਨੇ ਹਮਸ ਨੂੰ ਗੈਰ ਕਾਨੂੰਨੀ ਜਥੇਬੰਦੀ ਕਰਾਰ ਦੇ ਦਿੱਤਾ ਅਤੇ ਓਸਲੋ ਸਮਝੌਤੇ ਰਾਹੀਂ ਹੋਂਦ ਵਿਚ ਆਈ ਯਾਸਰ ਅਰਾਫਾਤ ਦੀ ਅਗਵਾਈ ਹੇਠਲੀ ਫਲਸਤੀਨੀ ਅਥਾਰਟੀ 'ਤੇ ਇਸ ਖਿਲਾਫ ਕਾਰਵਾਈ ਲਈ ਦਬਾਅ ਪਾਇਆ।
ਸੰਨ 2000 ਵਿਚ ਦੂਜੀ ਇੰਤੀਫਾਦਾ ਦੌਰਾਨ ਯਾਸਰ ਅਰਾਫਾਤ ਦੀ ਫਲਸਤੀਨੀ ਮੁਕਤੀ ਜਥੇਬੰਦੀ ਅੰਦਰ ਹਮਸ ਨਾਲ ਰਲ ਕੇ ਜੁਝਣ ਦੀ ਤਾਂਘ ਜ਼ੋਰ ਫੜਨ ਲੱਗੀ। ਅੰਦਰਲੇ ਦਬਾਅ ਸਦਕਾ ਯਾਸਰ ਅਰਾਫਾਤ ਨੂੰ ਹਮਸ ਦੇ ਕਾਰਕੁੰਨਾਂ ਦੀ ਵੱਡੀ ਗਿਣਤੀ ਰਿਹਾਅ ਕਰਨੀ ਪਈ। ਯਾਸਰ ਅਰਾਫਾਤ ਦੀ ਫਾਤਾਹ ਜਥੇਬੰਦੀ ਦਾ ਫੌਜੀ ਵਿੰਗ ਅਲ-ਅਕਸਾ ਮਾਰਟਾਇਰਜ਼ ਬ੍ਰਿਗੇਡ ਹਮਸ ਨਾਲ ਰਲ ਕੇ ਫੌਜੀ ਕਾਰਵਾਈਆਂ ਕਰਨ ਲੱਗ ਪਿਆ।
ਦੂਜੇ ਪਾਸੇ ਹਮਸ ਅਤੇ ਫਲਸਤੀਨ ਦੇ ਮਾਰਕਸਵਾਦੀ-ਲੈਨਿਨਵਾਦੀ ਅਤੇ ਖਾੜਕੂ ਖੱਬੇ-ਪੱਖੀ ਗਰੁੱਪਾਂ ਦਰਮਿਆਨ ਪਾੜਾ ਘਟਦਾ ਗਿਆ। ਓਸਲੋ ਸਮਝੌਤੇ ਨੂੰ ਰੱਦ ਕਰਨ ਦੇ ਪੈਂਤੜੇ ਦੇ ਅਧਾਰ 'ਤੇ, ਪੀ.ਐਲ.ਓ. ਲੀਡਰਸ਼ਿੱਪ ਦੇ ਬਦਲ ਵਜੋਂ ਸਾਂਝੀ ਲੀਡਰਸ਼ਿੱਪ ਉਭਾਰਨ ਖਾਤਰ ''ਰੱਦ ਕਰੋ ਫਰੰਟ'' (ਰਿਜੈਕਸ਼ਨ ਫਰੰਟ) ਹੋਂਦ ਵਿਚ ਆਇਆ। ਹਮਸ ਤੋਂ ਇਲਾਵਾ ਇਸ ਫਰੰਟ ਵਿਚ ਹਰਮਨਪਿਆਰੇ ਮਰਹੂਮ ਮਾਰਕਸਵਾਦੀ-ਲੈਨਿਨਵਾਦੀ ਆਗੂ ਜਾਰਜ ਹੱਬਾਸ਼ ਦੀ ਅਗਵਾਈ ਹੇਠਲੇ ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਫਲਸਤੀਨ (ਪੀ.ਐਫ.ਐਲ.ਪੀ.), ਡੈਮੋਕਰੇਟਿਕ ਫਰੰਟ ਫਾਰ ਦਾ ਲਿਬਰੇਸ਼ਨ ਆਫ ਫਲਸਤੀਨ (ਡੀ.ਐਫ.ਐਲ.ਪੀ.) ਅਤੇ ਫਲਸਤੀਨੀ ਇਸਲਾਮਿਕ ਜਿਹਾਦ (ਪੀ.ਆਈ.ਜੇ.) ਸ਼ਾਮਲ ਹੋਏ। 1992 ਵਿਚ ਹਮਸ ਦਾ ਫੌਜੀ ਵਿੰਗ ਇਜ਼ੇਦੀਨ ਅਲ ਕਸਮ ਬ੍ਰਿਗੇਡ ਹੋਂਦ ਵਿਚ ਆਇਆ। 1994 ਵਿਚ ਇਸ ਜਥੇਬੰਦੀ ਨੇ ਫੌਜੀ ਅਪ੍ਰੇਸ਼ਨ ਸ਼ੁਰੂ ਕੀਤੇ ਅਤੇ ਇਜ਼ਰਾਈਲ ਦੇ ਸ਼ਹਿਰ ਵਿਚ ਪਹਿਲਾ ਆਤਮਘਾਤੀ ਬੰਬ ਹਮਲਾ ਕੀਤਾ। ਇਜ਼ਰਾਈਲੀ ਹਾਕਮਾਂ ਵੱਲੋਂ ਹਮਸ ਦੇ ਆਗੂਆਂ ਦੀਆਂ ਮਿਜ਼ਾਈਲ ਹਮਲਿਆਂ ਰਾਹੀਂ ਚੁਣ ਚੁਣ ਕੇ ਹੱਤਿਆਵਾਂ ਕੀਤੀਆਂ ਗਈਆਂ, ਜਿਹੜੀਆਂ ਅਜੇ ਤੱਕ ਜਾਰੀ ਹਨ। 2006 ਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਹਮਸ ਨੂੰ ਭਾਰੀ ਜਿੱਤ ਹਾਸਲ ਹੋਈ। ਮਗਰੋਂ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਮਸ  ਸਰਕਾਰ ਗੈਰ ਕਾਨੂੰਨੀ ਢੰਗ ਨਾਲ ਭੰਗ ਕਰ ਦਿੱਤੀ। ਹਮਸ ਨੇ ਗਾਜ਼ਾ ਪੱਟੀ 'ਤੇ ਕਬਜ਼ਾ ਕਰ ਲਿਆ।
ਜੁਲਾਈ 2014 ਦੇ ਹਮਲੇ ਤੋ ਕੁੱਝ ਦੇਰ ਪਹਿਲਾਂ ਪੱਛਮੀ ਕੰਢੇ ਵਿੱਚ ਅਲ ਫਤਿਹ (ਮਹਿਮੂਦ ਅੱਬਾਸ) ਅਤੇ ਹਮਸ ਵਿਚਕਾਰ ਸਮਝੌਤਾ ਹੋਣ ਤੋਂ  ਬਾਅਦ ਹੁਣ ਫਲਸਤੀਨੀ ਵਿੱਚ ਸਾਂਝੀ ਸਰਕਾਰ ਹੈ।
ਅਗਲੇ ਸਫੇ 'ਤੇ ਅਸੀਂ ਹਮਸ ਦੇ ਡਿਪਟੀ ਚੇਅਰਮੈਨ ਮੂਸਾ ਅਬੂ ਮਾਰਜ਼ੂਕ ਨਾਲ ਇੰਟਰਵਿਊ ਛਾਪ ਰਹੇ ਹਾਂ। ਇਹ ਇੰਟਰਵੀਊ 2008-09 ਦੇ ਹਮਲੇ ਵੇਲੇ ਦੀ ਹੈ ਪਾਠਕਾਂ ਨੂੰ ਹਮਸ ਦੇ ਮੌਜੂਦਾ ਪੈਂਤੜਿਆਂ ਅਤੇ ਰੁਖ ਬਾਰੇ ਜਾਣਕਾਰੀ ਦੇਣ ਲਈ ਇਹ ਇੰਟਰਵਿਊ ਬਿਨਾ ਕਿਸੇ ਟਿੱਪਣੀ ਤੋਂ ਛਾਪੀ ਜਾ ਰਹੀ ਹੈ। ¸ਸੰਪਾਦਕ
? ਇਹ ਦੋਸ਼ ਲੱਗੇ ਹਨ ਕਿ ਹਮਸ ਇੱਕ ਦਹਿਸ਼ਤਗਰਦ ਜਥੇਬੰਦੀ ਹੈ, ਜਿਹੜੀ ਸਾਰੇ ਯਹੂਦੀ ਲੋਕਾਂ ਨੂੰ ਸਮੁੰਦਰ ਵਿਚ ਸੁੱਟਣਾ ਚਾਹੁੰਦੀ ਹੈ?
¸ ਇਹ ਸੱਚ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਇਤਿਹਾਸ ਵਿਚ ਯਹੂਦੀਆਂ ਨੇ ਕਈ ਕਤਲੇਆਮਾਂ ਦਾ ਸਾਹਮਣਾ ਕੀਤਾ ਹੈ। ਜਰਮਨੀ ਵਿਚ ਕਤਲੇਆਮ ਹੋਇਆ, ਦੂਜੀ ਸੰਸਾਰ ਜੰਗ ਦੌਰਾਨ ਪੋਲੈਂਡ ਵਿਚ ਕਤਲੇਆਮ ਹੋਇਆ ਅਤੇ ਸਪੇਨ ਵਿਚ ਕਤਲੇਆਮ ਹੋਇਆ। ਇਹ ਤਿੰਨ ਮੁੱਖ ਕਤਲੇਆਮ ਹਨ, ਜਿਹੜੇ ਯਹੂਦੀ ਲੋਕਾਂ ਨੇ ਹੰਢਾਏ। ਇਹਨਾਂ ਕਤਲੇਆਮਾਂ ਤੋਂ ਬਾਅਦ ਯਹੂਦੀ ਇਸਲਾਮੀ ਮੁਲਕਾਂ ਨੂੰ ਪ੍ਰਵਾਸ ਕਰ ਗਏ। ਵਿਸ਼ੇਸ਼ ਕਰਕੇ ਤੁਰਕੀ, ਫਲਸਤੀਨ, ਮਰਾਕੋ ਨੂੰ। ਅਸਲ ਵਿਚ ਇਸਲਾਮਿਕ ਸੰਸਾਰ ਦੀਆਂ ਕਿੰਨੀਆਂ ਹੀ ਥਾਵਾਂ ਨੂੰ।
ਹੁਣ ਸਾਨੂੰ ਕਿਸੇ ਵੀ ਧਰਮ ਨਾਲ ਕੋਈ ਸਮੱਸਿਆ ਨਹੀਂ ਹੈ। ਜੇ ਤੁਸੀਂ ਇਸਲਾਮਿਕ ਮੁਲਕਾਂ ਵੱਲ ਝਾਤ ਮਾਰੋਂ ਤਾਂ ਅਸੀਂ ਇੱਕ ਮਿਲੇਜੁਲੇ ਖਿੱਤੇ ਵਿਚ ਰਹਿ ਰਹੇ ਹਾਂ। ਮੈਂ ਮੁਸਲਮਾਨ ਨਹੀਂ ਹੋ ਸਕਦਾ ਜੇ ਮੈਂ ਈਸਾ ਵਿਚ ਵਿਸ਼ਵਾਸ਼ ਨਹੀਂ ਕਰਦਾ। ਮੈਂ ਮੁਸਲਮਾਨ ਨਹੀਂ ਹੋ ਸਕਦਾ ਜੇ ਮੈਂ ਮੋਸਿਸ (ਯਹੂਦੀਆਂ ਦੇ ਪੈਗੰਬਰ ਅਨੁ.) ਵਿਚ ਵਿਸ਼ਵਾਸ਼ ਨਹੀਂ ਰੱਖਦਾ। ਮੈਨੂੰ ਉਹਨਾਂ ਦੇ ਪੈਗੰਬਰਾਂ ਵਿਚ ਵੀ ਵਿਸ਼ਵਾਸ਼ ਰੱਖਣਾ ਪੈਂਦਾ ਹੈ। ਮੇਰਾ ਧਰਮ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਰੱਦ ਕਰਦਾ ਹੈ। ਇਸ ਕਰਕੇ ਇਹ ਕਹਿਣਾ ਕਿ ਅਸੀਂ ਯਹੂਦੀ ਲੋਕਾਂ ਨੂੰ ਸਮੁੰਦਰ ਵਿਚ ਸੁੱਟਾਂਗੇ ਨਿਰਾ ਪ੍ਰਚਾਰ ਹੈ।
ਦੂਜੇ ਪਾਸੇ ਫਲਸਤੀਨੀ ਲੋਕਾਂ ਦੇ ਕਤਲੇਆਮ ਦੀ ਅਸਲੀਅਤ ਨੂੰ ਤਸਲੀਮ ਕਰਨਾ ਜ਼ਰੂਰੀ ਹੈ। ਗਾਜ਼ਾ ਵਿਚ ਤਾਜ਼ਾ ਕਤਲੇਆਮ ਦੌਰਾਨ 1500 ਲੋਕ ਮਾਰੇ ਜਾ ਚੁੱਕੇ ਹਨ। ਜਿਹਨਾਂ ਵਿਚ 400 ਬੱਚੇ ਅਤੇ 200 ਔਰਤਾਂ ਹਨ।
? ਫਲਸਤੀਨੀ ਟਾਕਰਾ ਲਹਿਰ ਨੂੰ ਇੱਕਮੁੱਠ ਕਰਦੇ ਅਸੂਲ ਕਿਹੜੇ ਹਨ। ਤੁਹਾਡੇ ਨਾਲ ਪਾਪੂਲਰ ਫਰੰਟ ਫਾਰ ਫਲਸਤੀਨ ਵਰਗਾ ਗਰੁੱਪ ਤੁਹਾਡਾ ਸੰਗੀ ਹੈ। ਵੈਨਜ਼ੁਏਲਾ ਵਰਗਾ ਮੁਲਕ ਤੁਹਾਡੀ ਹਮਾਇਤ ਕਰ ਰਿਹਾ ਹੈ। ਕੀ ਤੁਹਾਨੂੰ ਖੱਬੇ ਪੱਖੀ ਜਾਂ ਮਾਰਕਸਵਾਦੀ ਅਸੂਲਾਂ ਅਤੇ ਇਸਲਾਮਿਕ ਅਸੂਲਾਂ ਵਿਚ ਕੋਈ ਵਿਰੋਧ ਨਜ਼ਰ ਆਉਂਦਾ ਹੈ? ਜਾਂ ਤੁਸੀਂ ਕਿਸੇ ਤਰ੍ਹਾਂ ਇਹਨਾਂ ਦੇ ਇਕੱਠੇ ਹੋਣ ਦੀ ਗੁੰਜਾਇਸ਼ ਵੇਖਦੇ ਹੋ?
¸ਮੁਸਲਮਾਨਾਂ ਵਜੋਂ ਸਾਡੀ ਜੁੰਮੇਵਾਰੀ, ਬੇਇਨਸਾਫੀ ਝੱਲ ਰਹੇ ਲੋਕਾਂ ਦਾ ਸਾਥ ਦੇਣਾ ਹੈ। ਵਿਚਾਰਧਾਰਕ ਟਰਮਾਂ ਵਿਚ ਸਾਡੀਆਂ ਇਹ ਮਨੁੱਖੀ ਕਦਰਾਂ-ਕੀਮਤਾਂ ਹੋਰਨਾਂ ਨਾਲ ਸਾਂਝੀਆਂ ਹਨ। ਅਸੀਂ ਦੁੱਖ ਝੱਲ ਰਹੇ ਲੋਕਾਂ ਨਾਲ ਖੜ੍ਹਨਾ ਹੈ। ਭੁੱਖ ਦੀ ਮਾਰ ਝੱਲ ਰਹੇ ਅਤੇ (ਇਜ਼ਰਾਈਲੀ) ਕਬਜ਼ੇ ਦਾ ਦੁੱਖ ਭੋਗ ਰਹੇ ਲੋਕਾਂ ਨਾਲ।
? ਹਮਸ ਨੂੰ ਦਹਿਸ਼ਤਗਰਦੀ ਅਤੇ ਅਲਕਾਇਦਾ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਕੀ ਤੁਸੀਂ ਅਲਕਾਇਦਾ ਨੂੰ ਰੱਦ ਕਰਦੇ ਹੋ?
¸ਅਸੀਂ ਪੂਰੀ ਤਰ੍ਹਾਂ ਵੱਖਰੇ ਹਾਂ। ਅਸੀਂ ਕਬਜ਼ੇ ਹੇਠ ਹਾਂ। ਬਿਨਾ ਸ਼ੱਕ ਅਸੀਂ ਅਲਕਾਇਦਾ ਨੂੰ ਰੱਦ ਕਰਦੇ ਹਾਂ।
? ਕੀ ਮੌਜੂਦਾ ਟਕਰਾਅ ਦੌਰਾਨ ਗਾਜ਼ਾ ਵਿਚ ਤੁਹਾਡਾ ਟਾਕਰਾ ਖਿੱਤੇ ਦੇ ਵਡੇਰੇ ਸੰਘਰਸ਼ ਦਾ ਹਿੱਸਾ ਹੈ? ਜਿਸ ਵਿਚ ਲਿਬਨਾਨ ਦਾ ਹਿਜ਼ਬੋਲਾ ਸ਼ਾਮਲ ਹੈ ਅਤੇ ਜਿਸ ਦੀ ਸੀਰੀਆ ਅਤੇ ਈਰਾਨ ਮੱਦਦ ਕਰਦੇ ਹਨ?
¸ਸਾਡੀ ਸਫਲਤਾ ਸਭਨਾਂ ਫਲਸਤੀਨੀਆਂ ਦੀ ਜਿੱਤ ਹੈ। ਸਿਰਫ ਗਾਜ਼ਾ ਦੇ ਲੋਕਾਂ ਦੀ ਜਿੱਤ ਨਹੀਂ। ਬਿਨਾ ਸ਼ੱਕ ਇਜ਼ਰਾਈਲੀ ਹਾਰ ਨਾਲ ਅਸੀਂ ਖਿੱਤੇ ਵਿਚਲੀਆਂ ਕਈ ਹੋਰਨਾਂ ਤਾਕਤਾਂ ਨੂੰ ਵੀ ਹਾਰ ਦਿੱਤੀ ਹੈ, ਜਿਹੜੀ ਵੱਖਰੇ ਵੱਖਰੇ ਕਾਰਨਾਂ ਕਰਕੇ ਗਾਜ਼ਾ ਪੱਟੀ 'ਤੇ ਇਜ਼ਰਾਈਲ ਦਾ ਮੁੜ ਕਬਜ਼ਾ ਚਾਹੁੰਦੀਆਂ ਹਨ। ਇਸ ਕਰਕੇ ਇਹ ਜਿੱਤ ਉਹਨਾਂ ਸਭ ਮੁਲਕਾਂ ਅਤੇ ਲੋਕਾਂ ਲਈ ਮੱਦਦਗਾਰ ਸਾਬਤ ਹੋਵੇਗੀ ਜਿਹੜੇ ਵੱਖ ਵੱਖ ਢੰਗਾਂ ਨਾਲ ਹਮਸ ਨਾਲ ਖੜ੍ਹਦੇ ਅਤੇ ਇਸਦੀ ਮੱਦਦ ਕਰਦੇ ਹਨ। ਇਸ ਪੜਾਅ 'ਤੇ ਸਾਡੇ ਮੱਦਦਗਾਰਾਂ ਦਾ ਘੇਰਾ ਹਿਜ਼ਬੋਲਾ ਸੀਰੀਆ ਜਾਂ ਈਰਾਨ ਤੋਂ ਅੱਗੇ ਜਾਂਦਾ ਹੈ। ਜੇ ਤੁਸੀਂ ਜੰਗ ਦੇ ਮਸਲੇ ਵੱਲ ਝਾਤ ਪਾਓ ਤਾਂ ਮੁਸਲਿਮ ਸੰਸਾਰ ਦੇ ਲੋਕਾਂ ਦੀ ਬਹੁਗਿਣਤੀ ਅਤੇ ਬਾਕੀ ਦੇ ਸੰਸਾਰ ਦੀ ਬਹੁਗਿਣਤੀ ਹਮਸ ਨਾਲ ਖੜ੍ਹੀ ਹੈ। ਉਹ ਹਮਸ ਦੇ ਝੰਡੇ ਚੁੱਕਦੇ ਰਹੇ ਹਨ ਅਤੇ ਇਜ਼ਰਾਈਲ ਦੇ ਝੰਡੇ ਸਾੜਦੇ ਰਹੇ ਹਨ। ਇਸਦਾ ਮਤਲਬ ਹੈ ਕਿ ਸਾਨੂੰ ਸੰਸਾਰ ਦੇ ਕਰੋੜਾਂ ਲੋਕਾਂ ਦੀ ਹਮਾਇਤ ਹਾਸਲ ਹੈ।
—0—

No comments:

Post a Comment